ਸਥਾਨਕਤਾ ਤੇ ਅੰਤਰਰਾਸ਼ਟਰੀਅਤਾ ਦਾ ਸੁਮੇਲ

ਗਦਰੀ ਬਾਬੇ ਕੌਣ ਸਨ?-4
ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਸੰਘਰਸ਼ ‘ਗਦਰ ਲਹਿਰ’ ਦਾ ਸ਼ਤਾਬਦੀ ਵਰ੍ਹਾ ਚੱਲ ਰਿਹਾ ਹੈ। ਵੀਹਵੀਂ ਸਦੀ ਦੇ ਅਰੰਭ ਵਿਚ ਇਨ੍ਹਾਂ ਗਦਰੀਆਂ ਨੇ ਇਕ ਵਾਰ ਤਾਂ ਅੰਗਰੇਜ਼ਾਂ ਦੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਇਨ੍ਹਾਂ ਗਦਰੀਆਂ ਦੀ ਚਰਚਾ ਗਾਹੇ-ਬਗਾਹੇ ਹੁੰਦੀ ਰਹੀ ਹੈ ਅਤੇ ਸੰਜੀਦਾ ਜੁਝਾਰੂ ਲੋਕ ਉਨ੍ਹਾਂ ਦੀ ਵਿਰਾਸਤ ਨੂੰ ਅਗਾਂਹ ਤੋਰਨ ਦੇ ਆਹਰ ਵਿਚ ਲੱਗੇ ਰਹੇ ਹਨ। ਹੁਣ ਸ਼ਤਾਬਦੀ ਦੇ ਬਹਾਨੇ ਗਦਰੀਆਂ ਵੱਲੋਂ ਕੌਮੀ ਕਾਜ ਵਿਚ ਪਾਏ ਯੋਗਦਾਨ ਬਾਰੇ ਇਕ ਵਾਰ ਫਿਰ ਭਰਪੂਰ ਚਰਚਾ ਛਿੜੀ ਹੈ ਪਰ ਕੁਝ ਵਿਦਵਾਨ ਗਦਰੀਆਂ ਨੂੰ ਮਹਿਜ਼ ਸਿੱਖਾਂ ਤੱਕ ਸੀਮਤ ਕਰ ਰਹੇ ਹਨ। ਮਸ਼ਹੂਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਇਸ ਬਾਰੇ ਸਾਨੂੰ ਲੰਮਾ ਲੇਖ ਭੇਜਿਆ ਹੈ ਜੋ ਅਸੀਂ ਲੜੀਵਾਰ ਛਾਪ ਰਹੇ ਹਾਂ। ਇਨ੍ਹਾਂ ਲੇਖਾਂ ਦੇ ਵਿਚਾਰਾਂ ਬਾਰੇ ਆਈ ਹਰ ਰਾਏ ਨੂੰ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ
ਵਰਿਆਮ ਸਿੰਘ ਸੰਧੂ
ਅਸਲ ਵਿਚ ਬਾਬਿਆਂ ਦੀ ਸਿੱਖੀ ਤੇ ਦੀਨ ਵਿਚ ਤੇ ਹੁਣ ਜਿਸ ਸਿੱਖੀ ਜਾਂ ਦੀਨ ਦੇ ਹੱਕ ਵਿਚ ਉਨ੍ਹਾਂ ਨੂੰ ਭੁਗਤਾਇਆ ਜਾ ਰਿਹਾ ਹੈ, ਰੂਪਕੀ ਭਾਸ਼ਾ ਵਿਚ ਗੱਲ ਕਰਨੀ ਹੋਵੇ ਤਾਂ ਇੱਕ ‘ਸਮੁੰਦਰ’ ਹੈ ਤਾਂ ਦੂਜੀ ‘ਕੁੱਜਾ’। ਗੁਰੂਆਂ ਤੇ ਉਨ੍ਹਾਂ ਦੀ ਸਿੱਖਿਆ ਅਨੁਸਾਰ ਚੱਲਣ ਵਾਲੇ ਗਦਰੀ ਬਾਬਿਆਂ ਦੀ ਸਿੱਖੀ ਦੇ ਸਮੁੰਦਰ ਨੂੰ ਕੁੱਜੇ ਵਿਚ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅਜਿਹੇ ਮੌਕੇ ਸਾਨੂੰ ਬੜੇ ਸੁਚੇਤ ਹੋ ਕੇ ਬਾਬਿਆਂ ਦੇ ‘ਧਰਮ’ ਦੀ ਵਿਆਖਿਆ ਕਰਨੀ ਹੋਵੇਗੀ। ਇਨ੍ਹਾਂ ਲੋਕਾਂ ਨੇ ‘ਸਰਬੱਤ ਦੇ ਭਲੇ’ ਨੂੰ ਵੀ ਕਿੰਨਾ ਸੁੰਗੇੜ ਲਿਆ ਹੈ। ਇਹ ਅੱਜ ਮੁੜ ਤੋਂ ਝੂਠੇ ਮਜ਼ਹਬ ਲਈ ਲੋਕਾਂ ਨੂੰ ਲੜਾ ਲੜਾ ਕੇ ਮਰਵਾਉਣਾ ਚਾਹੁੰਦੇ ਹਨ ਜਿਨ੍ਹਾਂ ਬਾਰੇ ਗਦਰੀਆਂ ਨੇ ਕਿਹਾ ਸੀ,
ਝੂਠੇ ਮਜ਼ਹਬਾਂ ਤੋਂ ਮਰਨ ਦਿਨ ਰਾਤ ਲੜ ਲੜ,
ਸੱਚੇ ਦੀਨ ਦੀ ਕਿਸੇ ਨੂੰ ਸੂਹ ਕੋਈ ਨਾ।
‘ਸੱਚੇ ਦੀਨ’ ਦੀ ਸੂਹ ਤਾਂ ਸੀ ਗ਼ਦਰੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਵਰਗਿਆਂ ਨੂੰ ਜਿਸ ਨੇ ਫ਼ਾਂਸੀ ਦੀ ਕੋਠੜੀ ਵਿਚੋਂ ਗ੍ਰੰਥੀ ਭਾਈ ਮਿਤ ਸਿੰਘ ਨੂੰ ਹਿੰਦੀਆਂ ਦੇ ਨਾਂ ਸੁਨੇਹਾ ਭੇਜਿਆ ਸੀ। ਇਸ ਸੁਨੇਹੇ ਵਿਚ ਏਕੇ ਦਾ ਸਿਧਾਂਤ ਇਸ ਪ੍ਰਕਾਰ ਦ੍ਰਿੜਾਇਆ ਗਿਆ ਸੀ,
“ਇਸ ਗੁਲਾਮੀ ਦੇ ਸਰਾਪ ਤੋਂ ਬਚ ਕੇ ਨਿਕਲਣ ਲਈ ਪੂਰੇ ਜ਼ੋਰ ਨਾਲ ਯਤਨ ਕਰੋ। ਇਹ ਕੰਮ ਤਾਂ ਹੀ ਹੋ ਸਕੇਗਾ, ਜੇ ਇਸ ਵਿਚ ਇਲਾਕੇਬੰਦੀ ਤੇ ਮਜ਼ਹਬੀ ਅਸਹਿਣਸ਼ੀਲਤਾ ਬਿਲਕੁਲ ਨਾ ਰਹੇ। ਨਾ ਮਾਝੇ, ਮਾਲਵੇ ਤੇ ਦੁਆਬੇ ਦੇ ਸਵਾਲ ਉਠਣ, ਨਾ ਹੀ ਹਿੰਦੂ, ਮੁਸਲਿਮ ਤੇ ਸਿੱਖ ਮਜ਼ਹਬਾਂ ਦੇ ਸਵਾਲ ਉਠਣ।”
ਦੋ ਨਜ਼ਮਾਂ ਦਾ ਹਵਾਲਾ ਦਿੰਦਿਆਂ ਇਤਿਹਾਸਕਾਰ ਵੇਦ ਵਟੁਕ ਨੇ ਦੱਸਿਆ ਹੈ ਕਿ ਇਹ ਕਰਤਾਰ ਸਿੰਘ ਸਰਾਭੇ ਦੀਆਂ ਲਿਖੀਆਂ ਹੋਈਆਂ ਹਨ। ਇਨ੍ਹਾਂ ਨਜ਼ਮਾਂ ਵਿਚ ਸਰਾਭਾ ‘ਆਪਣੇ ਧਰਮ’ ਨੂੰ ਪਰਿਭਾਸ਼ਿਤ ਕਰਦਾ ਨਜ਼ਰ ਆਉਂਦਾ ਹੈ। ਜਿਹੜੀ ਕਵਿਤਾ ਉਸ ਨੇ ਫ਼ਾਂਸੀ ‘ਤੇ ਚੜ੍ਹਦਿਆਂ ਗਾਈ ਸੀ, ਉਸ ਦਾ ਉਤਾਰਾ ਹੇਠਾਂ ਦਿੱਤਾ ਜਾ ਰਿਹਾ ਹੈ,
ਯਹੀ ਪਾਓਗੇ ਮਹਿਸ਼ਰ ਮੇਂ ਜ਼ੁਬਾਂ ਮੇਰੀ,
ਬਿਆਂ ਮੇਰਾ।
ਮੈਂ ਬੰਦਾ ਹਿੰਦ ਵਾਲੋਂ ਕਾ ਹੂੰ,
ਹੈ ਹਿੰਦੁਸਤਾਂ ਮੇਰਾ।
ਮੈਂ ਹਿੰਦੀ, ਠੇਠ ਹਿੰਦੀ, ਖ਼ੂਨ ਹਿੰਦੀ,
ਜ਼ਾਤ ਹਿੰਦੀ ਹੂੰ,
ਯਹੀ ਮਜ਼ਹਬ, ਯਹੀ ਫ਼ਿਰਕਾ,
ਯਹੀ ਹੈ ਖ਼ਾਨਦਾਂ ਮੇਰਾ।
ਮੈਂ ਇਸ ਉਜੜੇ ਹੂਏ ਭਾਰਤ ਕੇ
ਖੰਡਰ ਕਾ ਏਕ ਜ਼ੱਰਾ ਹੂੰ,
ਯਹੀ ਬੱਸ ਏਕ ਪਤਾ,
ਯਹੀ ਨਾਮੋ-ਨਿਸ਼ਾਂ ਮੇਰਾ।
ਕਦਮ ਚੂਮ ਲੂੰ ਮਾਦਰੇ-ਭਾਰਤ ਤੇਰੇ,
ਮੈਂ ਉਠਤੇ ਔਰ ਬੈਠਤੇ,
ਕਹਾਂ ਕਿਸਮਤ ਮੇਰੀ ਐਸੀ,
ਨਸੀਬਾ ਯਹ ਕਹਾਂ ਮੇਰਾ।
ਤੇਰੀ ਖ਼ਿਦਮਤ ਮੇਂ ਐ ਭਾਰਤ,
ਯਹ ਸਰ ਜਾਏ, ਯਹ ਜਾਂ ਜਾਏ,
ਤੋ ਸਮਝੂੰਗਾ,
ਯਹ ਮਰਨਾ ਹਯਾਤੇ ਜਾਦਵਾ ਮੇਰਾ।
ਇਸ ਨਜ਼ਮ ਤੋਂ ਇਲਾਵਾ ਵੇਦ ਵਟੁਕ ਜਿਸ ਦੂਜੀ ਨਜ਼ਮ ਦਾ ਹਵਾਲਾ ਦਿੰਦੇ ਹਨ, ਉਹ ਗ਼ਦਰੀਆਂ ਵਿਚ ਬਹੁਤ ਚਰਚਿਤ ਰਹੀ ਹੈ ਤੇ ਉਹ ਇਸ ਨੂੰ ਅਕਸਰ ਗਾਇਆ ਕਰਦੇ ਸਨ। ਨਜ਼ਮ ਹੈ,
ਜੇ ਕੋਈ ਪੂਛੇ ਕਿ ਕੌਨ ਹੋ ਤੁਮ,
ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ।
ਜ਼ੁਲਮ ਮਿਟਾਨਾ ਹਮਾਰਾ ਪੇਸ਼ਾ,
ਗ਼ਦਰ ਕਰਨਾ ਹੈ ਕਾਮ ਅਪਨਾ।
ਨਮਾਜ਼ ਸੰਧਿਆ ਯਹੀ ਹਮਾਰੀ,
ਔਰ ਪਾਠ ਪੂਜਾ ਸਭੀ ਯਹੀ ਹੈ,
ਧਰਮ ਕਰਮ ਸਭ ਯਹੀ ਹੈ ਹਮਾਰਾ,
ਯਹੀ ਖ਼ੁਦਾ ਔਰ ਰਾਮ ਅਪਨਾ।
ਇਹ ਨਜ਼ਮਾਂ ਗ਼ਦਰੀਆਂ ਦੇ ‘ਧਰਮ-ਕਰਮ’ ਬਾਰੇ ਮੱਤ ਨੂੰ ਨਿਰਣਾਜਨਕ ਢੰਗ ਨਾਲ ਪੇਸ਼ ਕਰਦੀਆਂ ਹਨ। ਗ਼ਦਰੀਆਂ ਨੇ ਦੇਸ਼ ਲਈ ਲੜੀ ਜਾਣ ਵਾਲੀ ਲੜਾਈ ਵਿਚ ਨਿੱਜੀ ਵਿਸ਼ਵਾਸ ਜਾਂ ਧਰਮ ਨੂੰ ਕਦੇ ਵੀ ਪਹਿਲ ਦੇ ਕੇ ਤੇ ਕਿਸੇ ਹੋਰ ਧਰਮ ਨੂੰ ਨਕਾਰ ਕੇ, ਦੇਸ਼ ਜਾਂ ਉਸ ਲਈ ਲੜੇ ਜਾ ਰਹੇ ਸੰਘਰਸ਼ ਨੂੰ ਹੇਠਾਂ ਨਹੀਂ ਰੱਖਿਆ। ਬਾਬਾ ਸੋਹਣ ਸਿੰਘ ਭਕਨਾ ਧਰਮ ਦੇ ਅਰਥ ਇਸ ਪ੍ਰਕਾਰ ਕਰਦੇ ਹਨ,
“ਮੈਨੂੰ ਕਿਸੇ ਖ਼ਾਸ ਫਿਰਕੇ ਤੇ ਮਜ਼ਹਬ ਨਾਲ ਕੋਈ ਲਿਹਾਜ਼ ਨਹੀਂ ਹੈ। ਮੈਂ ਖ਼ਾਲਸ ਹਿੰਦੁਸਤਾਨੀ ਤੇ ਹਿੰਦੀ ਕੌਮ ਦਾ ਸੇਵਕ ਹਾਂ ਅਤੇ ਸਾਰੀਆਂ ਮਜ਼ਹਬੀ ਧੜੇਬੰਦੀਆਂ ਤੋਂ ਨਿਰਲੇਪ ਹਾਂ। ਮੇਰੇ ਕਥਨ ਦਾ ਇਹ ਭਾਵ ਨਹੀਂ ਹੈ ਕਿ ਮੈਨੂੰ ਧਰਮ ਨਾਲ ਕੋਈ ਪਿਆਰ ਨਹੀਂ। ਮੈਂ ਸੱਚੇ ਧਰਮ ਨੂੰ ਮੰਨਦਾ ਹਾਂ ਜੋ ਦੁਨੀਆਂ ਦੇ ਹਰ ਇਕ ਮਨੁੱਖ (ਇਸਤਰੀ ਮਰਦ) ਲਈ ਜ਼ਰੂਰੀ ਹੈ। ਮੈਂ ਧਰਮ ਦੇ ਅਰਥ ਸਦਾਚਾਰ ਲੈਂਦਾ ਹਾਂ ਜੋ ਮਨੁੱਖ ਨੂੰ ਆਜ਼ਾਦੀ ਤੇ ਬਰਾਬਰੀ ਸਿਖਾਉਂਦਾ ਏ। ਧਰਮੀ ਜਾਂ ਸਦਾਚਾਰੀ ਮਨੁੱਖ ਦੀ ਇਹੋ ਪਛਾਣ ਹੈ ਕਿ ਉਹ ਸਾਰੀ ਮਨੁੱਖ ਜਾਤੀ ਨੂੰ ਆਜ਼ਾਦ ਤੇ ਸਮਾਨ ਦੇਖਣਾ ਚਾਹੁੰਦਾ ਏ, ਅਤੇ ਸਾਰੀ ਖ਼ਲਕਤ ਨਾਲ ਸੱਚਾ ਪ੍ਰੇਮ ਕਰਦਾ ਏ। ਉਸ ਨੂੰ ਜੋ ਪਿਆਰ ਆਪਣੇ ਆਪ ਨਾਲ ਹੈ, ਉਹੋ ਪਿਆਰ ਹੋਰਨਾਂ ਨਾਲ ਏ। ਜੇ ਉਸ ਨੂੰ ਸੰਸਾਰ ਦੀ ਕਿਸੇ ਸ਼ੈਅ ਤੋਂ ਘਿਰਣਾ ਹੈ ਤਾਂ ਉਹ ਗੁਲਾਮੀ ਹੈ।”
ਭਾਈ ਮੇਵਾ ਸਿੰਘ, ਕਰਤਾਰ ਸਿੰਘ ਸਰਾਭਾ ਤੇ ਬਾਬਾ ਸੋਹਣ ਸਿੰਘ ਭਕਨਾ ਦੇ ਵਿਚਾਰ ਸਾਰੀ ਗ਼ਦਰ ਲਹਿਰ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਵੱਲੋਂ ਉਪਰੋਕਤ ਸ਼ਬਦਾਂ ਵਿਚ ਗ਼ਦਰੀਆਂ ਦੀ ਜਿਹੜੀ ਪਛਾਣ ਸਥਾਪਤ ਕਰ ਦਿੱਤੀ ਹੈ, ਉਹੋ ਹੀ ਗ਼ਦਰੀਆਂ ਦੀ ਪ੍ਰਮਾਣਿਕ ਪਛਾਣ ਹੈ। ਉਨ੍ਹਾਂ ਦੀ ਇਸ ਪਛਾਣ ਨੂੰ ਕਿਸੇ ਹੋਰ ‘ਪਛਾਣ’ ਤੱਕ ਘਟਾਉਣ ਦੀ ਕੋਸ਼ਿਸ਼ ਗ਼ਦਰੀਆਂ ਦੀ ਸੋਚ ਨਾਲ ਅਨਿਆਂ ਕਰਨ ਦੀ ਤੁਲ ਹੈ।
ਸਾਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਕੁਝ ਵਿਦਵਾਨ ਅੱਜ ਪੁਰਾਣੇ ਇਤਿਹਾਸ ਨੂੰ ਆਪਣੇ ਸੌੜੇ ਮਕਸਦਾਂ ਲਈ ਕਿਉਂ ਭੰਨ ਤੋੜ ਰਹੇ ਹਨ।
ਗ਼ਦਰ ਲਹਿਰ ਵਿਚ ਗਿਣਤੀ ਪੱਖੋਂ ਸ਼ਮੂਲੀਅਤ ਭਾਵੇਂ ਪੰਜਾਬੀਆਂ ਦੀ ਵਧੇਰੇ ਸੀ ਪਰ ਪਾਰਟੀ ਦੇ ਸਿਰਕੱਢ ਆਗੂਆਂ ਤੇ ਵਰਕਰਾਂ ਵਿਚ ਸਾਰੇ ਹਿੰਦੁਸਤਾਨ ਦੀ ਪ੍ਰਤੀਨਿਧਤਾ ਸੀ। ਪੂਰਬੀ ਭਾਰਤ ਵਿਚੋਂ ਤਾਰਕਨਾਥ ਦਾਸ, ਜਤਿੰਦਰ ਲਹਿਰੀ, ਰਾਸ ਬਿਹਾਰੀ ਬੋਸ, ਸਚਿੰਦਰ ਨਾਥ ਸਾਨਿਆਲ ਤੇ ਤ੍ਰਿਲੋਕੀ ਨਾਥ ਚੱਕਰਵਰਤੀ ਆਦਿ; ਮੱਧ ਭਾਰਤ ਵਿਚੋਂ ਪਰਮਾਨੰਦ ਝਾਂਸੀ ਤੇ ਮੌਲਵੀ ਬਰਕਤ-ਉਲਾ, ਉਤਰ-ਪੱਛਮੀ ਭਾਰਤ ਵਿਚੋਂ ਪਾਡੂੰਰੰਗ ਖ਼ਾਨਖੋਜੇ ਤੇ ਵਿਸ਼ਨੂੰ ਗਣੇਸ਼ ਪਿੰਗਲੇ; ਦੱਖਣ ਭਾਰਤ ਵਿਚੋਂ ਚੈਂਚਈਆ, ਹੈਨਰੀ ਐਡਵਰਡ ਪਾਂਦਿਆਨ, ਕੇਦਾਰ ਨਾਥ, ਬੀæਐਨæ ਸ਼ਰਮਾ ਤੇ ਪਿਲਈ ਆਦਿ ਆਗੂਆਂ ਤੇ ਵਰਕਰਾਂ ਦੀ ਲਹਿਰ ਵਿਚ ਸ਼ਮੂਲੀਅਤ ਇਸ ਲਹਿਰ ਦੇ ਵੱਡੇ ਤੇ ਵਿਆਪਕ ਘੇਰੇ ਦੀ ਤਸਦੀਕ ਕਰਦੀ ਹੈ। ਇਸ ਲਈ ਗ਼ਦਰ ਲਹਿਰ ਨੂੰ ਨਾ ਕਿਸੇ ਧਰਮ, ਜਾਤ ਜਾਂ ਵਿਸ਼ੇਸ਼ ਖਿੱਤੇ ਦੀ ਲੜਾਈ ਨਾਲ ਜੋੜਨਾ ਬਹੁਤ ਵੱਡਾ ਇਤਿਹਾਸਕ ਛਲ ਅਤੇ ਅਨਿਆਂ ਕਰਨਾ ਹੈ।
ਗ਼ਦਰੀ ਸੂਰਬੀਰ ਧਰਮ ਤੇ ਜਾਤ ਦੀਆਂ ਦੀਵਾਰਾਂ ਤੋੜ ਕੇ ਸਾਂਝੇ ਮਕਸਦ ਲਈ ਕਿਵੇਂ ਇਕ-ਦੂਜੇ ਨਾਲ ਖੰਡ-ਖੀਰ ਸਨ, ਇਸ ਦੀਆਂ ਉਸ ਵੇਲੇ ਦੇ ਇਤਿਹਾਸ ਵਿਚੋਂ ਕਈ ਦਿਲ ਨੂੰ ਛੂਹ ਲੈਣ ਵਾਲੀਆਂ ਉਦਾਹਰਣਾਂ ਮਿਲਦੀਆਂ ਹਨ। ‘ਦਫੇਦਾਰ ਲਛਮਣ ਸਿੰਘ ਨਾਲ ਤੇਈਵੇਂ ਰਸਾਲੇ ਦੇ ਇਕ ਮੁਸਲਮਾਨ ਸ੍ਰੀ ਅਬਦੁੱਲਾ ਨੂੰ ਵੀ ਫਾਂਸੀ ਦਾ ਹੁਕਮ ਹੋਇਆ ਸੀ। ਜਦ ਸ੍ਰੀ ਅਬਦੁੱਲਾ ਨੂੰ ਜਾਨ ਬਖਸ਼ ਦੇਣ ਦਾ ਲਾਲਚ ਦੇ ਕੇ ਕੁਝ ਗੁਪਤ ਗੱਲਾਂ ਦੀ ਟੋਹ ਲੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਹਾ ਗਿਆ ਕਿ ਤੂੰ ਕਾਫ਼ਰ ਨਾਲ ਫਾਂਸੀ ਚੜ੍ਹਨਾ ਕਿਸ ਤਰ੍ਹਾਂ ਪਸੰਦ ਕਰਂੇਗਾ, ਤਦ ਸ੍ਰੀ ਅਬਦੁੱਲਾ ਨੇ ਉਤਰ ਦਿੱਤਾ, “ਜੇਕਰ ਮੈਂ ਲਛਮਣ ਸਿੰਘ ਦੇ ਨਾਲ ਹੀ ਫਾਂਸੀ ਪਰ ਲਟਾਇਆ ਜਾਵਾਂ ਤਾਂ ਮੈਨੂੰ ਜ਼ਰੂਰ ਹੀ ਬਹਿਸ਼ਤ ਮਿਲੇ।” ਸ੍ਰੀ ਅਬਦੁੱਲਾ ਨੇ ਆਪਣੀ ਜਾਨ ਬਚਾਉਣ ਦੀ ਪ੍ਰਵਾਹ ਨਾ ਕੀਤੀ ਅਤੇ ਫਾਂਸੀ ਲੱਗ ਕੇ ਸ਼ਹੀਦ ਹੋ ਗਏ। ਇਸੇ ਤਰ੍ਹਾਂ ਸ੍ਰੀ ਸੋਹਨ ਲਾਲ ਪਾਠਕ ਨੂੰ ਬਰਮਾ ਦੇ ਗਵਰਨਰ ਨੇ ਭੇਤ ਲੈਣ ਖਾਤਰ ਆਪ ਆ ਕੇ ਸਮਝਾਇਆ ਕਿ ਜੇ ਉਹ ਇਕ ਵੇਰ ਮੁਆਫ਼ੀ ਮੰਗ ਲੈਣ ਤਾਂ ਉਨ੍ਹਾਂ ਦੀ ਜਾਨ ਬਖ਼ਸ਼ੀ ਕੀਤੀ ਜਾਵੇਗੀ ਪਰ ਸ੍ਰੀ ਸੋਹਨ ਲਾਲ ਪਾਠਕ ਨੇ ਉਤਰ ਦਿੱਤਾ ਕਿ ਖਿਮਾਂ ਤਾਂ ਸਗੋਂ ਅੰਗਰੇਜ਼ਾਂ ਨੂੰ ਮੰਗਣੀ ਚਾਹੀਦੀ ਹੈ, ਕਿਉਂਕਿ ਉਹ ਹਿੰਦੀਆਂ ਉਪਰ ਜ਼ੁਲਮ ਕਰਦੇ ਰਹੇ ਹਨ। ਫਾਂਸੀ ਦੇ ਤਖ਼ਤੇ ਉਤੇ ਖੜ੍ਹੇ ਹੋਣ ਵੇਲੇ ਵੀ ਅੰਗਰੇਜ਼ ਮੈਜਿਸਟਰੇਟ ਨੇ ਸ੍ਰੀ ਸੋਹਨ ਲਾਲ ਪਾਠਕ ਨੂੰ ਫਿਰ ਅਖ਼ੀਰੀ ਵਾਰ ਪ੍ਰੇਰਨ ਦੀ ਕੋਸ਼ਿਸ਼ ਕੀਤੀ ਕਿ ਉਹ ਮੁਆਫ਼ੀ ਮੰਗ ਲੈਣ, ਪਰ ਉਨ੍ਹਾਂ ਮੁਆਫ਼ੀ ਨਾ ਮੰਗੀ ਅਤੇ ਸ਼ਹੀਦ ਹੋ ਗਏ।
ਬਰਮਾ ਕੇਸ ਦਾ ਫੈਸਲਾ ਸੁਣਾਉਣ ਸਮੇਂ ਸ੍ਰੀ ਚਾਲੀਆ ਰਾਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਪਰ ਉਨ੍ਹਾਂ ਉਤੇ ਰਹਿਮ ਕਰਨ ਦੀ ਸਿਫਾਰਸ਼ ਕੀਤੀ ਗਈ। ਸ੍ਰੀ ਚਾਲੀਆ ਰਾਮ ਨੇ ਇਹ ਕਹਿ ਕੇ ਅਪੀਲ ਕਰਨੋਂ ਨਾਂਹ ਕਰ ਦਿੱਤੀ, ਕਿ ਉਹ ਸ੍ਰੀ ਹਰਨਾਮ ਸਿੰਘ ਕਾਹਰੀ ਸਾਹਰੀ ਵਰਗੇ ਮਹਾਤਮਾ ਦਾ ਸੰਗ ਨਹੀਂ ਸੀ ਛੱਡਣਾ ਚਾਹੁੰਦੇ। ਸ੍ਰੀ ਚਾਲੀਆ ਰਾਮ ਫਾਂਸੀ ਉਪਰ ਲਟਕ ਗਏ ਪਰ ਮੌਤ ਵਿਚ ਵੀ ਸ੍ਰੀ ਹਰਨਾਮ ਸਿੰਘ ਦਾ ਸਾਥ ਨਾ ਛਡਿਆ। ਅਮਰੀਕਾ ਵਿਰੁਧ ਕਾਰਵਾਈਆਂ ਦੀ ਰਿਪੋਰਟ ਵਿਚ ਇਹ ਮੰਨਿਆ ਗਿਆ ਕਿ ਗ਼ਦਰ ਪਾਰਟੀ ਦੇ ਇਨਕਲਾਬੀਆਂ ਵਿਚ ਇਕ-ਦੂਜੇ ਲਈ ਵਫ਼ਾਦਾਰੀ ਕੁੱਟ ਕੇ ਭਰੀ ਹੋਈ ਸੀ।’ (ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਸਫਾ 406)
ਜਦੋਂ ਬੜੌਦਾ ਜੇਲ੍ਹ ਵਿਚ ਪੱਗ ਬੰਨ੍ਹਣ ਦੇ ਸਵਾਲ ਉਤੇ ਗ਼ਦਰੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਤਾਂ ਭਾਈ ਪਰਮਾਨੰਦ ਝਾਂਸੀ ਤੇ ਹਿਰਦੇ ਰਾਮ ਨੇ ਵੀ ਨਾਲ ਹੀ ਭੁੱਖ-ਹੜਤਾਲ ਕਰ ਦਿੱਤੀ। (ਸੋਹਨ ਸਿੰਘ ਭਕਨਾ, ਗ਼ਦਰ ਲਹਿਰ ਦੀ ਕਹਾਣੀ- ਗ਼ਦਰੀ ਬਾਬਿਆਂ ਦੀ ਜ਼ਬਾਨੀ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, 2002, ਸਫਾ 46) ਬਾਬਾ ਸੋਹਣ ਸਿੰਘ ਭਕਨਾ ਨੇ ਉਨ੍ਹਾਂ ਨੂੰ ਕਿਹਾ ਕਿ ਜਦੋਂ ਉਹ ਪੱਗ ਬੰਨ੍ਹਦੇ ਹੀ ਨਹੀਂ ਤਾਂ ਭੁੱਖ ਹੜਤਾਲ ਵਿਚ ਹਿੱਸਾ ਕਿਉਂ ਲੈ ਰਹੇ ਹਨ; ਤਾਂ ਭਾਈ ਪਰਮਾਨੰਦ ਨੇ ਜਵਾਬ ਦਿੱਤਾ ਕਿ ਇਥੇ ਸਵਾਲ ਇਕੱਲੇ ਸਿੱਖਾਂ ਦੀ ਪੱਗ ਦਾ ਨਹੀਂ ਸਗੋਂ ਹਿੰਦੁਸਤਾਨ ਦੀ ਪੱਗ ਦਾ ਹੈ। ਸਾਡੀ ਇਹ ਲੜਾਈ ਹਿੰਦੋਸਤਾਨ ਦੀ ਪੱਗ ਨੂੰ ਸਲਾਮਤ ਰੱਖਣ ਦੀ ਲੜਾਈ ਹੈ। ਅਸੀਂ ਇਸ ਲੜਾਈ ਤੋਂ ਅਲੱਗ ਕਿਵੇਂ ਰਹਿ ਸਕਦੇ ਹਾਂ।
ਇਹ ਜ਼ਾਹਿਰਾ ਹਕੀਕਤ ਹੈ ਕਿ ‘ਹਿੰਦ ਦਾ ਵਾਯੂਮੰਡਲ ਫਿਰਕੇਦਾਰੀ ਨਾਲ ਭਰਪੂਰ ਰਿਹਾ ਹੈ ਅਤੇ ਪੰਜਾਬ ਇਸ ਦਾ ਗੜ੍ਹ ਸੀ। ਗ਼ਦਰ ਪਾਰਟੀ ਲਹਿਰ ਦੀ ਗੈਰ-ਫਿਰਕੂ ਸਪਿਰਟ ਦੀ ਇਹ ਵੱਡੀ ਸ਼ਾਹਦੀ ਹੈ ਕਿ ਇਸ ਦੇ ਫੇਲ੍ਹ ਹੋ ਜਾਣ ਪਿਛੋਂ ਅਮਰੀਕਾ ਤੋਂ ਆਏ ਪਹਿਲੇ ਕੇਸ ਵਿਚ ਸਜ਼ਾ ਪਾਉਣ ਵਾਲੇ ਉਘੇ ਗ਼ਦਰੀਆਂ ਵਿਚੋਂ ਇਕ ਨੇ ਵੀ ਰਿਹਾ ਹੋ ਕੇ ਕਿਸੇ ਫਿਰਕੂ ਲਹਿਰ ਵਿਚ ਹਿੱਸਾ ਨਹੀਂ ਲਿਆ, ਹਾਲਾਂਕਿ ਉਹ ਕੌਮੀ ਅਤੇ ਜਨਤਕ ਲਹਿਰਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ; ਬਲਕਿ ਉਨ੍ਹਾਂ ਵਿਚੋਂ ਬਹੁ-ਗਿਣਤੀ ਰਿਹਾਈ ਪਿਛੋਂ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋ ਗਈ, ਅਤੇ ਗ਼ਦਰ ਪਾਰਟੀ ਲਹਿਰ ਫੇਲ੍ਹ ਹੋਣ ਪਿਛੋਂ ਗ਼ਦਰ ਪਾਰਟੀ ਦਾ ਰੁਖ ਕਮਿਊਨਿਜ਼ਮ ਵੱਲ ਹੋ ਗਿਆ। ਕਮਿਊਨਿਸਟ ਪਾਰਟੀ ਦੇ ਕੱਟੜ ਦੁਸ਼ਮਣ ਵੀ ਉਸ ਉਤੇ ਫਿਰਕੇਦਾਰੀ ਦਾ ਦੋਸ਼ ਨਹੀਂ ਲਾ ਸਕਦੇ।’ (ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਸਫਾ 147)
ਇਥੇ ਇੱਕ ਗੱਲ ਭਾਰਤ ਦੀ ਕਮਿਊਨਿਸਟ ਲਹਿਰ ਅਤੇ ਗ਼ਦਰੀਆਂ ਦੀ ਸੋਚ ਦੇ ਹਵਾਲੇ ਨਾਲ ਵੀ ਕਰਨੀ ਬਣਦੀ ਹੈ। ਸਾਡੀ ਕਮਿਊਨਿਸਟ ਪਾਰਟੀ ਨੇ ਜਨਮ ਲੈਂਦਿਆਂ ਹੀ ਅੰਤਰਰਾਸ਼ਟਰੀ ਕਮਿਊਨਿਸਟ ਲਹਿਰ ਨਾਲ ਤਾਂ ਆਪਾ ਜੋੜ ਲਿਆ ਪਰ ਆਪਣੇ ਸਥਾਨਕ ਇਨਕਲਾਬੀ ਇਤਿਹਾਸ ਨਾਲੋਂ ਆਪਣਾ ਨਾਤਾ ਤੋੜ ਲਿਆ। ਅਸੀਂ ਰੂਸ ਅਤੇ ਚੀਨ ਦੇ ਆਗੂਆਂ ਤੇ ਇਨਕਲਾਬਾਂ ਤੋਂ ਦਿਸ਼ਾ ਤੇ ਅਗਵਾਈ ਲੈਂਦੇ ਰਹੇ ਪਰ ਆਪਣੇ ਇਤਿਹਾਸ ਵਿਚ ਪਏ ਇਨਕਲਾਬੀ ਤੱਤ ਵਿਸਾਰ ਛੱਡੇ। ਅਸੀਂ ਅੱਕੀਂ-ਪਲਾਹੀਂ ਹੱਥ ਮਾਰਦੇ ‘ਚੀਨ ਦਾ ਪ੍ਰਧਾਨ ਸਾਡਾ ਪ੍ਰਧਾਨ’ ਵੀ ਆਖਦੇ ਰਹੇ ਪਰ ਆਪਣੇ ਨਾਇਕਾਂ ਨੂੰ ਮਨ ਚਿੱਤ ਤੋਂ ਵਿਸਾਰ ਛੱਡਿਆ। ਅਸਲ ਵਿਚ ਸਾਡੀ ਖੱਬੀ ਧਿਰ ਦਾ ਬਹੁਤ ਵੱਡਾ ਹਿੱਸਾ ਸਾਡੇ ਮੱਧਕਾਲੀਨ ਇਨਕਲਾਬੀ ਇਤਿਹਾਸ ਨੂੰ ਆਪਣੇ ਵਿਰਸੇ ਵਜੋਂ ਸਵੀਕਾਰਨ ਦੀ ਥਾਂ ਉਸ ਤੋਂ ਵਿੱਥ ਥਾਪ ਕੇ ਚੱਲਣ ਦਾ ਵਿਸ਼ਵਾਸੀ ਰਿਹਾ ਹੈ ਅਤੇ ਆਪਣੇ ਇਤਿਹਾਸ ਨੂੰ ਰੂਸ ਜਾਂ ਚੀਨ ਵਰਗੇ ਇਨਕਲਾਬਾਂ ਦੇ ਇਤਿਹਾਸ ਨਾਲ ਜੋੜ ਕੇ ਕੇਵਲ ਤੇ ਕੇਵਲ ਉਨ੍ਹਾਂ ਦੇ ਇਤਿਹਾਸ ਨੂੰ ਹੀ ਆਪਣਾ ਪ੍ਰੇਰਨਾ ਸ੍ਰੋਤ ਸਮਝਦਾ/ਸਮਝਾਉਂਦਾ ਰਿਹਾ ਹੈ। ਅਸੀਂ ਇਹ ਭੁੱਲ ਜਾਂਦੇ ਰਹੇ ਕਿ ਉਨ੍ਹਾਂ ਦੇਸ਼ਾਂ ਦੀਆਂ ਇਨਕਲਾਬੀ ਲਹਿਰਾਂ ਨੂੰ ਉਸਾਰਨ ਵਿਚ ਵੀ ਉਨ੍ਹਾਂ ਦੇ ਆਪਣੇ ਇਤਿਹਾਸ ਦੇ ਸ਼ਹੀਦ ਤੇ ਲੋਕ-ਨਾਇਕ ਹੀ ਉਨ੍ਹਾਂ ਦੀ ਪ੍ਰੇਰਨਾ ਦਾ ਸੋਮਾ ਬਣਦੇ ਰਹੇ ਸਨ। ਉਨ੍ਹਾਂ ਮੁਲਕਾਂ ਦੇ ਪੁਰਾਣੇ ਸਮਿਆਂ ਦੇ ਲੋਕ-ਨਾਇਕ ਜਿਹੜੇ ਨਿਸਚੈ ਹੀ ਮਾਰਕਸਵਾਦੀ ਭਾਵੇਂ ਨਹੀਂ ਸਨ (ਕਿਉਂਕਿ ਮਾਰਕਸ ਤਾਂ ਉਦੋਂ ਜੰਮਿਆ ਵੀ ਨਹੀਂ ਸੀ) ਪਰ ਲੋਕ-ਹਿਤੈਸ਼ੀ ਜ਼ਰੂਰ ਸਨ; ਜੇ ਉਨ੍ਹਾਂ ਮੁਲਕਾਂ ਦੀ ਲੋਕ-ਲਹਿਰ ਦੀ ਤਾਕਤ ਬਣ ਸਕਦੇ ਸਨ ਤਾਂ ਸਾਡੇ ਮੱਧ-ਕਾਲੀ ਨਾਇਕ ਸਾਡੇ ਲਈ ਇੰਨੇ ਅਛੂਤ ਤੇ ਓਪਰੇ ਕਿਉਂ ਹੋਣ!
‘ਅਸਲ ਵਿਚ ਸਾਡਾ ਮੱਧ-ਕਾਲੀਨ ਇਤਿਹਾਸ ‘ਭਾਗੋਆਂ’ ਦੇ ਖ਼ਿਲਾਫ਼ ‘ਲਾਲੋਆਂ’ ਦੀ ਨਿਰੰਤਰ ਲੜਾਈ ਦਾ ਗਵਾਹ ਹੈ ਜਿਸ ਦੀ ਨੀਂਹ ਗੁਰੂ ਨਾਨਕ ਦੇਵ ਨੇ ਆਪਣੇ ਆਪ ਨੂੰ ਪ੍ਰੋਲੇਤਾਰੀ ਵਰਗ ਨਾਲ ਜੋੜ ਕੇ ਤੇ ਖ਼ੁਦ ਨੂੰ ‘ਨੀਚਾਂ ਅੰਦਰ ਨੀਚ ਜਾਤ’ ਹੋਣ ਦਾ ਐਲਾਨ ਕਰ ਕੇ ਕੀਤੀ ਸੀ। ਗੁਰੂ ਗੋਬਿੰਦ ਸਿੰਘ ਦਾ ‘ਖ਼ਾਲਸਾ’ ਵੀ ਦਲਿਆਂ-ਮਲਿਆਂ ਦੀ ਅਜਿਹੀ ਫੌਜੀ ਜਥੇਬੰਦੀ ਸੀ ਜਿਹੜੀ ਸਥਾਪਤ ਤਾਕਤਾਂ ਲਈ ਵੰਗਾਰ ਬਣ ਖੜੋਤੀ। ਗੁਰੂ ਸਹਿਬਾਨ ਦੀ ਸਿਧਾਂਤਕ ਸੇਧ ਅਤੇ ਕੁਰਬਾਨੀਆਂ ਦਾ ਸਿਲਸਿਲਾ ਹੀ ਅੱਗੇ ਜਾ ਕੇ ਬੰਦਾ ਬਹਾਦਰ ਦੀ ਅਗਵਾਈ ਵਿਚ ਪੰਜਾਬ ਵਿਚ ਪਹਿਲੀ ਵਾਰ ਜਾਗੀਰਦਾਰੀ ਪ੍ਰਬੰਧ ਦੇ ਖ਼ਿਲਾਫ਼ ਇਨਕਲਾਬੀ ਬਦਲ ਵਜੋਂ ‘ਜ਼ਮੀਨ ਹਲ-ਵਾਹਕ ਦੀ’ ਦੇ ਨਾਅਰੇ ਨੂੰ ਅਰਥਵਾਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਅਸੀਂ ਭਾਵੇਂ ਇਸ ਇਨਕਲਾਬੀ ਇਤਿਹਾਸ ਤੋਂ ਬੇਮੁੱਖ ਹੋਏ ਰਹੇ ਪਰ ਸਾਡੇ ਗ਼ਦਰੀ ਸੂਰਬੀਰ ਤੇ ਕਿਰਤੀ-ਕਿਸਾਨ ਲਹਿਰ ਦੇ ਆਗੂ ਆਪਣੇ ਸਜਿੰਦ ਇਤਿਹਾਸ ਨਾਲ ਨਾਤਾ ਜੋੜ ਕੇ, ਉਸ ਤੋਂ ਸਦਾ ਪ੍ਰੇਰਨਾ ਤੇ ਉਤਸ਼ਾਹ ਲੈ ਕੇ ਚੱਲਦੇ ਤੇ ਲੜਦੇ ਰਹੇ। ਉਹ ਜਾਣਦੇ ਸਨ ਕਿ ਸਾਡਾ ਆਪਣਾ ਜਾਨਦਾਰ ਇਤਿਹਾਸ ਹੀ ਸਾਡੇ ਪੈਰਾਂ ਹੇਠਲੀ ਜ਼ਮੀਨ ਬਣਦਾ ਹੈ ਜਿਸ ਉਤੇ ਖਲੋ ਕੇ ਅਸੀਂ ਆਪਣੇ ਸੁਪਨਿਆਂ ਦੇ ਆਕਾਸ਼ ‘ਚੋਂ ਮਨ-ਚਾਹੇ ਤਾਰੇ ਤੋੜਨ ਦਾ ਉਦਮ ਕਰ ਸਕਦੇ ਹਾਂ। ਜਿਹੜੇ ਲੋਕ ਆਪਣੇ ਇਤਿਹਾਸ ਨਾਲ ਸਜਿੰਦ ਰਿਸ਼ਤਾ ਸਥਾਪਤ ਕਰਨ ਤੋਂ ਉਕ ਜਾਂਦੇ ਹਨ, ਉਹ ਆਪਣੇ ਪੈਰਾਂ ਹੇਠਲੀ ਜ਼ਮੀਨ ਗਵਾ ਬੈਠਦੇ ਹਨ। ਪੈਰਾਂ ਥੱਲਿਉਂ ਜ਼ਮੀਨ ਖਿਸਕਣ ਨਾਲ ਬੰਦੇ, ਧਿਰਾਂ ‘ਤੇ ਲਹਿਰਾਂ ਪਤਾਲ ਵਿਚ ਗ਼ਰਕ ਹੋ ਜਾਂਦੇ ਹਨ। ਆਪਣੇ ਇਤਿਹਾਸ ਦੇ ਮਹੱਤਵ ਨੂੰ ਸਮਝਣ ਦੀ ਬਦੌਲਤ ਹੀ ਗ਼ਦਰ ਪਾਰਟੀ ਵਲੋਂ ਸ਼ੁਰੂ ਕੀਤੇ ਗਏ ਹਫ਼ਤਾਵਾਰੀ ਅਖ਼ਬਾਰ ‘ਗ਼ਦਰ’ ਉਤੇ ਲਿਖੀ ਹੋਈ ਗੁਰਬਾਣੀ ਦੀ ਸਤਰ ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’ ਵਿਚੋਂ ਕਿਸੇ ਨੂੰ ‘ਪਿਛਾਂਹ-ਖਿੱਚੂ ਧਾਰਮਿਕ ਤੰਗ-ਦ੍ਰਿਸ਼ਟੀ’ ਦੀ ‘ਹੁਮਕ’ ਨਹੀਂ ਸੀ ਆਈ; ਸਗੋਂ ਇਹ ਸਤਰ ਆਜ਼ਾਦੀ ਦੀ ਜੰਗ ਲਈ ਜੂਝਣ ਤੇ ਨਿੱਤਰਨ ਲਈ ਵੰਗਾਰ ਬਣ ਕੇ ਉਨ੍ਹਾਂ ਲੋਕਾਂ ਲਈ ਉਤਸ਼ਾਹ ਤੇ ਪ੍ਰੇਰਨਾ ਦਾ ਸੋਮਾ ਹੋ ਨਿੱਬੜੀ ਸੀ।
ਸੱਚੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਕੌਮ ਦਾ ਇਤਿਹਾਸ ਤੇ ਮਿਥਿਹਾਸ ਉਨ੍ਹਾਂ ਦੇ ਸੰਸਕਾਰਾਂ ਦਾ ਹਿੱਸਾ ਬਣ ਕੇ ਉਨ੍ਹਾਂ ਦੇ ਧੁਰ ਅਵਚੇਤਨ ਵਿਚ ਰਚਿਆ ਵੱਸਿਆ ਹੁੰਦਾ ਹੈ। ਜਦੋਂ ਕੋਈ ਉਨ੍ਹਾਂ ਦੇ ਇਸ ਅਵਚੇਤਨ ਨੂੰ ਛੂੰਹਦਾ, ਟੁੰਬਦਾ ਜਾਂ ਵੰਗਾਰਦਾ ਹੈ ਤਾਂ ਕੌਮਾਂ ਅਤੇ ਬੰਦਿਆਂ ਅੰਦਰ ਸੁੱਤੀਆਂ ਸੱਤੇ ਸੁਰਾਂ ਜਾਗ ਉਠਦੀਆਂ ਹਨ। ਉਨ੍ਹਾਂ ਦਾ ਆਪਾ ਇਕ ਸੁਰ ਹੋ ਕੇ ਪੂਰੇ ਜੋਸ਼ ਅਤੇ ਉਮਾਹ ਨਾਲ ਨਵੀਆਂ ਵੰਗਾਰਾਂ ਦੇ ਰੂਬਰੂ ਡਟ ਖਲੋਂਦਾ ਹੈ। ਸੁਚੇਤ ਕੌਮਾਂ ਜਾਂ ਲੋਕ ਇਤਿਹਾਸ ਦਾ ਅੰਨ੍ਹੇਵਾਹ ਅਨੁਕਰਨ ਨਹੀਂ ਕਰਦੇ ਸਗੋਂ ਉਸ ਨੂੰ ਨਵੇਂ ਹਾਲਾਤ ਦੀਆਂ ਲੋੜਾਂ ਦੇ ਸਨਮੁੱਖ ਨਵੀਂ ਪਿਉਂਦ ਕਰ ਕੇ ਸਮੇਂ ਦੇ ਹਾਣ ਦਾ ਬਣਾ ਕੇ ਵਰਤਦੇ ਹਨ। (ਵਰਿਆਮ ਸਿੰਘ ਸੰਧੂ, ਭਗਵਾਨ ਸਿੰਘ ਦੋਸਾਂਝ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਸਫਾ 16-17)
ਇਤਿਹਾਸ-ਮਿਥਿਹਾਸ ਦੇ ਜਮ੍ਹਾਂ ਪਹਿਲੂ ਕਿਵੇਂ ਵਰਤਮਾਨ ਵਿਚ ਗਤੀਸ਼ੀਲ ਹੋਣ ਲਈ ਸਾਡੀ ਧਿਰ ਤੇ ਧੁਰਾ ਬਣਦੇ ਹਨ ਇਸ ਦੀ ਇੱਕ ਉਦਾਹਰਣ ਭਾਈ ਸੰਤੋਖ ਸਿੰਘ ਵੱਲੋਂ ‘ਕਿਰਤੀ’ ਪਰਚਾ ਕੱਢਣਾ ਅਤੇ ਆਪਣੇ ਸਾਥੀਆਂ ਨਾਲ ਰਲ ਕੇ ‘ਕਿਰਤੀ ਪਾਰਟੀ’ ਦੀ ਸਥਾਪਨਾ ਕਰਨਾ ਸੀ। ਉਨ੍ਹਾਂ ਨੇ ਰੂਸ ਤੋਂ ਮਾਰਕਸਵਾਦ ਦੀ ਸਿੱਖਿਆ ਵੀ ਹਾਸਲ ਕੀਤੀ ਪਰ ਵੇਲੇ ਦੇ ਅੰਤਰਰਾਸ਼ਟਰੀ ਗਿਆਨ ਨੂੰ ਆਪਣੀ ਸਜਿੰਦ ਸਥਾਨਕ ਵਿਰਾਸਤ ਨਾਲ ਵੀ ਜੋੜਿਆ। ਉਹ ਜਾਣਦੇ ਸਨ ਕਿ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਸਮਝਾਇਆਂ ਹੀ ਵੇਲੇ ਦਾ ਲੋੜੀਂਦਾ ਫ਼ਲਸਫ਼ਾ ਤੇ ਗਿਆਨ ਲੋਕ-ਚੇਤਨਾ ਦਾ ਹਿੱਸਾ ਬਣ ਸਕਦਾ ਹੈ। ਉਨ੍ਹਾਂ ਨੇ ਜਦੋਂ ‘ਕਿਰਤੀ’ ਪਰਚੇ ਦੀ ਸੰਪਾਦਨਾ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਉਸੇ ਤਰ੍ਹਾਂ ਹੀ ਵਾਕ ਲਿਆ ਜਿਸ ਤਰ੍ਹਾਂ ਸਟਾਕਟਨ ਦਾ ਗੁਰਦੁਆਰਾ ਸਥਾਪਤ ਕਰਨ ਲਈ ਵਾਕ ਲੈ ਕੇ ਭਾਰਤ-ਵਰਸ਼ ਦੀ ਆਜ਼ਾਦੀ ਦਾ ਬਿਗਲ ਵਜਾਇਆ ਗਿਆ ਸੀ। ਉਨ੍ਹਾਂ ਨੇ ਉਹ ਵਾਕ ‘ਆਪਣ ਹੱਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ‘ਕਿਰਤੀ’ ਦੇ ਪਹਿਲੇ ਪੰਨੇ ਉਤੇ ਛਾਪਣਾ ਸ਼ੁਰੂ ਕਰ ਦਿੱਤਾ। ਅਪਰੈਲ 1927 ਤੱਕ ‘ਕਿਰਤੀ’ ਦੇ ਪਹਿਲੇ ਪੰਨੇ ਉਤੇ ਇਹ ਤੁਕ ਦਰਜ ਹੁੰਦੀ ਸੀ ਪਰ ਜਦੋਂ ਭਾਈ ਸੰਤੋਖ ਸਿੰਘ ਦੀ ਮੌਤ ਹੋਣ ਪਿੱਛੋਂ ਸੋਹਣ ਸਿੰਘ ਜੋਸ਼ ਨੇ ‘ਕਿਰਤੀ’ ਦੇ ਸੰਪਾਦਨ ਦਾ ਕਾਰਜ-ਭਾਰ ਸੰਭਾਲਿਆ ਤਾਂ ਉਸ ਨੇ ਤੱਤੇ ਤੇ ਤਾਜ਼ੇ ਕਮਿਊਨਿਸਟ ਪ੍ਰਭਾਵ ਅਧੀਨ ਮਈ ਅੰਕ ਵਿਚ ਪਹਿਲੇ ਸਫ਼ੇ ਤੋਂ ਗੁਰਬਾਣੀ ਦੀ ਤੁਕ ਹਟਾ ਕੇ ਲਿਖਣਾ ਸ਼ੁਰੂ ਕਰ ਦਿੱਤਾ, ‘ਉਠੋ, ਜਾਗੋ ਅਤੇ ਸੰਸਾਰ ਦੇ ਕਿਰਤੀਉ ਇਕੱਠੇ ਹੋ ਜਾਉ।”
ਇਹ ਇਕ ਤਰ੍ਹਾਂ ਨਾਲ ਸੰਕੇਤਕ ਤੌਰ ‘ਤੇ ਕਮਿਊਨਿਸਟਾਂ ਵੱਲੋਂ ਸਥਾਨਕਤਾ ਨਾਲੋਂ ਨਾਤਾ ਤੋੜਨ ਦਾ ਐਲਾਨਨਾਮਾ ਸੀ ਜਿਸ ਦੇ ਫ਼ਲਸਰੂਪ ਕਮਿਊਨਿਸਟ ਲਹਿਰ ਸਾਰੇ ਯਤਨਾਂ ਦੇ ਬਾਵਜੂਦ ਲੋਕ ਮਨਾਂ ਵਿਚ ਜੜ੍ਹਾਂ ਨਹੀਂ ਲਾ ਸਕੀ। ਇਹ ਗ਼ਦਰੀ ਹੀ ਸਨ ਜਿਨ੍ਹਾਂ ਦੇ ਪੈਰ ਸਥਾਨਕ ਸਜਿੰਦ ਇਨਕਲਾਬੀ ਇਤਿਹਾਸ ਦੀ ਜ਼ਮੀਨ ਉਤੇ ਸਨ ਪਰ ਸਿਰ ਅੰਤਰਰਾਸ਼ਟਰੀ ਗਿਆਨ ਅਤੇ ਫ਼ਲਸਫ਼ੇ ਨਾਲ ਜੁੜਿਆ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਹਾਲਾਤ ਦੇ ਵੇਗ ਅੱਗੇ ਉਨ੍ਹਾਂ ਦਾ ਸਥਾਨਕਤਾ ਤੇ ਅੰਤਰਰਾਸ਼ਟਰੀਅਤਾ ਦੇ ਸੁਮੇਲ ਵਾਲਾ ਰਾਜਨੀਤਕ ਮੱਤ ਕਮਿਊਨਿਸਟ ਲਹਿਰ ਵਿਚ ਜ਼ੋਰ ਨਾ ਪਕੜ ਸਕਿਆ ਕਿਉਂਕਿ ਕਮਿਊਨਿਸਟਾਂ ਨੂੰ ਇਹ ਨਜ਼ਰੀਆ ਪ੍ਰਵਾਨ ਨਹੀਂ ਸੀ। ਸੱਚੀ ਗੱਲ ਤਾਂ ਇਹ ਹੈ ਕਿ ਜਿਹੜੇ ਗ਼ਦਰੀ ਪਿੱਛੋਂ ਕਿਰਤੀ ਪਾਰਟੀ ਦੀ ਸ਼ਕਲ ਵਿਚ ਕਮਿਊਨਿਸਟ ਲਹਿਰ ਵਿਚ ਸ਼ਾਮਲ ਵੀ ਹੋਏ, ਉਨ੍ਹਾਂ ਨਾਲ ਪਾਰਟੀ ਕਦੀ ਵੀ ਖੰਡ-ਖੀਰ ਵਾਲਾ ਰਿਸ਼ਤਾ ਨਾ ਬਣਾ ਸਕੀ।
ਕਮਿਊਨਿਸਟ ਲਹਿਰ ਦੇ ‘ਏਕੀਕਰਨ’ ਤੋਂ ਬਾਅਦ ਵੀ ਕਿਰਤੀਆਂ (ਗ਼ਦਰੀਆਂ) ਤੇ ਕਮਿਊਨਿਸਟਾਂ ਵਿਚ ਵਿਰੋਧਾਭਾਸ ਕਾਇਮ ਰਿਹਾ ਜਿਸ ਦਾ ਤਿੱਖਾ ਪ੍ਰਗਟਾਵਾ ਕਮਿਊਨਿਸਟਾਂ ਵੱਲੋਂ ਦੂਜੀ ਵੱਡੀ ਜੰਗ ਨੂੰ ‘ਪੀਪਲਜ਼ ਵਾਰ’ ਦੇ ਸਿਧਾਂਤ ਨੂੰ ਲੈ ਕੇ ਵੀ ਸਾਹਮਣੇ ਆਇਆ। ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਉਮਰਾਂ ਲਾ ਦੇਣ ਵਾਲੇ ਮਰਜੀਵੜਿਆਂ ਦੇ ਸੰਘੋਂ ‘ਪੀਪਲਜ ਵਾਰ’ ਦੀ ਇਹ ਗੱਲ ਹੇਠਾਂ ਨਹੀਂ ਸੀ ਉਤਰਦੀ। ਇੰਜ ਗ਼ਦਰੀ ਜਾਂ ਕਿਰਤੀ, ਕਮਿਊਨਿਸਟ ਪਾਰਟੀ ਵਿਚ ਰਹਿੰਦਿਆਂ ਹੋਇਆਂ ਵੀ ਸਦਾ ਓਪਰੇ ਤੇ ਅਣਗੌਲੇ ਮਹਿਸੂਸ ਕਰਦੇ ਰਹੇ। ਗ਼ਦਰੀਆਂ ਦੀ ਅਜਿਹੀ ਜ਼ਖਮੀ ਮਾਨਸਿਕਤਾ ਬਾਰੇ ਦੂਜੇ ਦੌਰ ਦੇ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਆਖਦੇ ਹਨ, “ਅੰਗਰੇਜ਼ ਤਾਂ ਗਦਰ ਪਾਰਟੀ ਵਾਲਿਆਂ ਬਾਰੇ ਸਾਰੇ ਸੰਸਾਰ ਨੂੰ ਸੁਚੇਤ ਕਰ ਰਿਹਾ ਸੀ ਪਰ ਸਾਡੀਆਂ ਇਨਕਲਾਬੀ ਧਿਰਾਂ ਇਥੇ ਗਦਰ ਪਾਰਟੀ ਦੇ ਮਹੱਤਵ ਨੂੰ ਸਵੀਕਾਰਦੀਆਂ ਨਹੀਂ। ਇਹੋ ਗਿਲਾ ਮੈਨੂੰ ਕਮਿਊਨਿਸਟ ਪਾਰਟੀਆਂ ‘ਤੇ ਵੀ ਹੈ। ਉਹ ਸਾਡਾ ਜ਼ਿਕਰ ਕਰਦਿਆਂ ਸ਼ਰਮਾਉਂਦੇ ਨੇ। ਮੰਨਿਆ, ਅਸੀਂ ‘ਗਦਰਾਈਟ ਕਮਿਊਨਿਸਟ’ ਹੀ ਸਹੀ, ਵੱਖਰਾ ਹੀ ਕਰ ਲਵੋ ਪਰ ਸਾਡੀ ਦੇਣ ਹੈ ਫ਼ਿਰ ਵੀ। ਸਾਨੂੰ ਤਾਂ ਇਹ ਕਿਹਾ ਕਰਦੇ ਸਨ ਕਿ ਬਾਬੇ ਤਾਂ ਕਦੇ ਕਮਿਊਨਿਸਟ ਹੋ ਹੀ ਨਹੀਂ ਸਕਦੇ।” (ਵਰਿਆਮ ਸਿੰਘ ਸੰਧੂ, ਭਗਵਾਨ ਸਿੰਘ ਦੋਸਾਂਝ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਸਫਾ 16-17)
ਸੋ ਇਸ ਦੌਰ ਵਿਚ ‘ਕਿੰਨੇ ਮਾਰ-ਖੋਰੇ, ਆਪਾ-ਵਾਰੂ ਤੇ ਅਥੱਕ ਕਮਿਊਨਿਸਟ ਵਰਕਰ ਗੁੱਠੇ ਲੱਗੇ ਰਹੇ, ਨਿਸਹੋਂਦ ਹੋਏ, ਇਸ ਦਾ ਅਨੁਮਾਨ ਉਹੋ ਪਾਰਟੀ ਵਰਕਰ, ਮੈਂਬਰ ਤੇ ਹਮਦਰਦ ਲਾ ਸਕਦੇ ਹਨ ਜੋ ਇਸ ਪ੍ਰਕਿਰਿਆ ਦੀ ਕੁਠਾਲੀ ਵਿਚੋਂ ਉਦੋਂ ਲੰਘ ਰਹੇ ਸਨ।’ (ਵਰਿਆਮ ਸਿੰਘ ਸੰਧੂ, ਇਤਿਹਾਸ ਦਾ ਸਿਰਜਕ ਤੇ ਲੇਖਕ: ਬਾਬਾ ਭਗਤ ਸਿੰਘ ਬਿਲਗਾ, ਸਫਾ 13)
ਬਾਬਾ ਭਗਤ ਸਿੰਘ ਬਿਲਗਾ ਨੇ ਇਨ੍ਹਾਂ ਸਤਰਾਂ ਦੇ ਲੇਖਕ ਨਾਲ ਗੱਲਬਾਤ ਕਰਦਿਆਂ ‘ਸਥਾਨਕਤਾ’ ਤੇ ‘ਅੰਤਰਰਾਸ਼ਟਰੀਅਤਾ’ ਵਿਚਲੇ ਫ਼ਰਕ ਨੂੰ ਕੁਝ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤਾ ਸੀ, “ਜਿੰਨਾ ਚਿਰ ਤੁਸੀਂ ਕਿਸੇ ਮੂਵਮੈਂਟ ਨੂੰ ਇੱਥੋਂ ਦੀ ਵਿਰਾਸਤ ਅਨੁਸਾਰ ਨਹੀਂ ਢਾਲ ਲੈਂਦੇ, ਜਾਂ ਮੈਂ ਇਹ ਕਹਾਂ ਕਿ ਅਸੀਂ ਬਾਹਰਲੀਆਂ ਮਿਸਾਲਾਂ ਦੇ ਕੇ ਫ਼ਿਲਾਸਫ਼ੀ ਨੂੰ ਪੜ੍ਹਾਵਾਂਗੇ, ਤਾਂ ਕਾਮਯਾਬ ਨਹੀਂ ਹੋ ਸਕਦੇ। ਅਸੀਂ ਇਹੋ ਹੀ ਗ਼ਲਤੀ ਕੀਤੀ। ਸਾਡੇ ਕਾਮਰੇਡ ਭਾਰਤ ਦੀ ਹਿੰਦੂ, ਸਿੱਖ ਜਾਂ ਮੁਸਲਿਮ ਫ਼ਿਲਾਸਫ਼ੀ ਅਤੇ ਇਤਿਹਾਸ ਤੋਂ ਜਾਣੂ ਨਹੀਂ ਸਨ। ਇਸੇ ਕਰ ਕੇ ਲੋਕਾਂ ਨੂੰ ਨਾਲ ਨਾ ਜੋੜ ਸਕੇ। ਬਾਬਾ ਬੂਝਾ ਸਿੰਘ ਭਾਵੇਂ ਬਹੁਤਾ ਪੜ੍ਹਿਆ-ਲਿਖਿਆ ਨਹੀਂ ਸੀ, ਪਰ ਉਹਦੇ ਸਟੱਡੀ ਸਰਕਲ ਤਕੜੇ ਤੋਂ ਤਕੜੇ ਬੰਦੇ ਸੁਣਦੇ ਅਤੇ ਅਸਰ ਕਬੂਲਦੇ ਸਨ, ਕਿਉਂਕਿ ਉਹ ਸਾਡੀ ਅਮੀਰ ਵਿਰਾਸਤ ਵਿਚੋਂ ਮਿਸਾਲਾਂ ਦਿਆ ਕਰਦਾ ਸੀ। ਜਵਾਨੀ ਦੇ ਦਿਨਾਂ ਵਿਚ ਉਹਦੇ ਘਰ ਸਾਧ-ਸੰਤ ਆਉਂਦੇ ਰਹਿੰਦੇ ਅਤੇ ਉਹ ਕਥਾ-ਵਾਰਤਾ ਸੁਣਿਆ ਕਰਦਾ ਸੀ। ਸੋ, ਆਪਣੇ ਇਸ ਪਿਛੋਕੜ ਨਾਲੋਂ ਟੁੱਟ ਜਾਣਾ ਗ਼ਲਤ ਬੈਠਾ। (ਕਿਰਪਾਲ ਸਿੰਘ ਆਜ਼ਾਦ, ਦੇਸ਼ ਭਗਤ ਰਾਮ ਸਿੰਘ ਘਾਲਾ-ਮਾਲਾ, ਪ੍ਰਕਾਸ਼ਕ ਅਨੂਪ ਸਿੰਘ, ਸਫਾ 12)
ਨਜ਼ਰੀਏ ਦੇ ਇਸ ਦਵੰਦ ਵਿਚਲੀ ਵਿਡੰਬਨਾ ਦਾ ਅਨੁਮਾਨ ਅਸੀਂ ਪ੍ਰਸਿੱਧ ਅਧਿਆਤਮਕ ਹਸਤੀ ਸੰਤ ਵਿਸਾਖਾ ਸਿੰਘ ਦੇ ਸ਼ਬਦਾਂ ਤੋਂ ਵੀ ਲਾ ਸਕਦੇ ਹਾਂ। ਉਹ ਅਕਸਰ ਮਜ਼ਾਕ ਨਾਲ ਆਖਿਆ ਕਰਦੇ ਸਨ, “ਸਿੱਖ ਮਹਿਸੂਸ ਕਰਦੇ ਸਨ ਕਿ ਮੈਂ ਚੰਗਾ ਸਿੱਖ ਨਹੀਂ ਕਿਉਂਕਿ ਮੇਰੇ ਸੰਗੀ-ਸਾਥੀ ਕਮਿਊਨਿਸਟ ਹਨ ਜਿਨ੍ਹਾਂ ਦਾ ਰੱਬ ਵਿਚ ਕੋਈ ਵਿਸ਼ਵਾਸ ਨਹੀਂ। ਦੂਜੇ ਪਾਸੇ ਕਮਿਊਨਿਸਟ ਆਖਦੇ ਸਨ ਕਿ ਮੈਂ ਕਦੀ ਵੀ ਚੰਗਾ ਕਮਿਊਨਿਸਟ ਨਹੀਂ ਬਣ ਸਕਦਾ ਕਿਉਂਕਿ ਮੇਰੀ ਪਹਿਲੀ ਵਫ਼ਾਦਾਰੀ ਪਰਮਾਤਮਾ ਪ੍ਰਤੀ ਹੈ।”
ਜਦੋਂ ਸੰਤ ਵਿਸਾਖਾ ਸਿੰਘ ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਦਾ ਸਮਾਚਾਰ ਸੁਣਾਇਆ ਗਿਆ ਤਾਂ ਉਨ੍ਹਾਂ ਨੇ ਸ਼ਹੀਦਾਂ ਨੂੰ ‘ਮੁਕਤਿਆਂ’ ਦੇ ਵਿਸ਼ੇਸ਼ਣ ਨਾਲ ਸਨਮਾਨ ਦਿੱਤਾ ਸੀ।
ਸੰਤ ਵਿਸਾਖਾ ਸਿੰਘ ਸਥਾਨਕਤਾ ਤੇ ਅੰਤਰਰਾਸ਼ਟਰੀਅਤਾ ਦੇ ਸੁੰਦਰ ਸੰਜੋਗ ਤੇ ਸੁਮੇਲ ਦੀ ਉਦਾਹਰਣ ਆਖੇ ਜਾ ਸਕਦੇ ਹਨ। ਰਾਜਿੰਦਰ ਸਿੰਘ ਚੀਮਾ ਆਪਣੀ ਉਸ ਵੇਲੇ ਦੀ ਯਾਦ ਵੀ ਸਾਂਝੀ ਕਰਦੇ ਹਨ ਜਦੋਂ 1968 ਵਿਚ ਬਾਬਾ ਬਾਬਾ ਸੋਹਣ ਸਿੰਘ ਭਕਨਾ ਦੀ ਮੌਤ ਸਮੇਂ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਨੇ ਕਿਹਾ ਸੀ, “ਕੇਡੀ ਮਹਾਨ ਸ਼ਖਸੀਅਤ ਸਨ ਬਾਬਾ ਜੀ! ਜੋ ਇਕੋ ਵੇਲੇ ਮਹਾਨ ਕਮਿਊਨਿਸਟ ਵੀ ਸਨ ਅਤੇ ਓਨੇ ਵੱਡੇ ਹੀ ਰਹੱਸਵਾਦੀ (ਮਿਸਟਿਕ) ਵੀ ਸਨ।”
ਅੰਡੇਮਾਨ ਟਾਪੂਆਂ ਵਿਚ ਜਨੇਊ ਪਹਿਨਣ ਦੀ ਇਜਾਜ਼ਤ ਲੈਣ ਲਈ ਭੁੱਖ ਹੜਤਾਲ ਕਰਨ ਵਾਲਾ ਰਾਮ ਰੱਖਾ ਦੂਜੇ ਗ਼ਦਰੀ ਸਾਥੀਆਂ ਵੱਲੋਂ ਕੀਤੀ ਭੁੱਖ ਹੜਤਾਲ ਵਿਚ ਵੀ ਨਾਲ ਹੀ ਸ਼ਾਮਲ ਹੋ ਕੇ ਸ਼ਹੀਦ ਹੋ ਗਿਆ।
ਇਹ ਗ਼ਦਰੀਆਂ ਦਾ ਹੀ ਪ੍ਰਭਾਵ ਸੀ ਕਿ ਪਿਛਲੀਆਂ ਇਨਕਲਾਬੀ ਲਹਿਰਾਂ ਵਿਚ ਵੀ ਧਰਮ ਨੂੰ ਮੰਨਦਿਆਂ ਹੋਇਆਂ ਵੀ, ਧਰਮ ਤੋਂ ਉਪਰ ਉਠ ਕੇ ਦੇਸ਼ ਦੀ ਆਜ਼ਾਦੀ ਲਈ ਇਕ ਜਾਨ ਹੋ ਕੇ ਕੰਮ ਕਰਨ ਤੇ ਕੁਰਬਾਨ ਹੋਣ ਦੀਆਂ ਅਨੇਕਾਂ ਮਿਸਾਲਾਂ ਵਿਚੋਂ ਕਾਕੋਰੀ ਕੇਸ ਨਾਲ ਸਬੰਧਤ ਦੋ ਸ਼ਹੀਦਾਂ-ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫ਼ਾਕ-ਉਲਾ ਦੇ ਆਪਸੀ ਪੀਚਵੇਂ ਪਿਆਰ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਦੋਵੇਂ ਹੀ ਆਪਣੇ-ਆਪਣੇ ਧਰਮ ਵਿਚ ਪਰਪੱਕ ਪਰ ਦੇਸ਼ ਪਿਆਰ ਤੇ ਕੁਰਬਾਨੀ ਦੇ ਜਜ਼ਬੇ ਨਾਲ ਵੀ ਭਰਪੂਰ ਸਨ। ਇੱਕ ਕੱਟੜ ਆਰੀਆ ਸਮਾਜੀ ਤੇ ਦੂਜਾ ਪੱਕਾ ਮੁਸਲਮਾਨ। ਤੇ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਹਿੰਦੂ ਮੁਸਲਮਾਨਾਂ ਵਿਚ ਬੜੀ ਵਿੱਥ ਪੈਂਦੀ ਜਾ ਰਹੀ ਸੀ। ਰਾਮ ਪ੍ਰਸਾਦ ਬਿਸਮਿਲ ਆਪਣੀ ਸਵੈਜੀਵਨੀ ਵਿਚ ਅਸ਼ਫ਼ਾਕ-ਉਲਾ ਨੂੰ ‘ਸੱਚਾ ਮੁਸਲਮਾਨ ਤੇ ਸੱਚਾ ਦੇਸ਼ ਭਗਤ’ ਆਖਦਾ ਹੈ ਤੇ ਇਹ ਵੀ ਮੰਨਦਾ ਹੈ, “ਤੇਰੇ ਮੇਰੇ ਵਿਚ ਕੋਈ ਫ਼ਰਕ ਹੀ ਨਹੀਂ ਸੀ। ਕਈ ਵਾਰ ਤੂੰ ਤੇ ਮੈਂ ਇਕੋ ਥਾਲੀ ਵਿਚ ਰੋਟੀ ਖਾਧੀ।”
ਮੰਨ ਲਿਆ ਕਿ ਧਰਮ ਦਾ ਰੋਲ ਬਹੁਤ ਹੱਦ ਤੱਕ ਨਾਂਹਵਾਚਕ ਵੀ ਹੈ; ਧਰਮ ਦੇ ਨਾਂ ‘ਤੇ ਹੋਈਆਂ ਲੜਾਈਆਂ ਵਿਚ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ; ਇਸ ਦੇ ਬਾਵਜੂਦ ਮੈਂ ਪਾਠਕਾਂ ਅੱਗੇ ਇਹ ਸਵਾਲ ਰੱਖਦਾ ਹਾਂ ਕਿ ਕੋਈ ‘ਸੱਚਾ ਤੇ ਸ਼ੁਧ ਕਮਿਊਨਿਸਟ’ ਭਾਵੇਂ ਜੰਮ ਜੰਮ ਹੋਵੇ ਪਰ ਕੀ ‘ਸੱਚਾ ਮੁਸਲਮਾਨ’, ‘ਸੱਚਾ ਸਿੱਖ’ ਜਾਂ ‘ਸੱਚਾ ਬ੍ਰਾਹਮਣ’ ਹੋ ਕੇ ਵੀ ਕੋਈ ‘ਸੱਚਾ ਕਮਿਊਨਿਸਟ’ ਬਣ ਸਕਦਾ ਹੈ ਕਿ ਨਹੀਂ? ਕੀ ਬਾਬੇ ਵਿਸਾਖਾ ਸਿੰਘ ਵਾਂਗ ਇਕੋ ਵੇਲੇ ਕਮਿਊਨਿਸਟ ਤੇ ਸਿੱਖ ਹੋਣ ਜਾਂ ਬਾਬੇ ਭਕਨੇ ਵਾਂਗ ਇਕੋ ਸਮੇਂ ਕਮਿਊਨਿਸਟ ਤੇ ਮਿਸਟਿਕ ਹੋਣ ਦੀ ਕੋਈ ਵਾਜਬੀਅਤ ਬਣਦੀ ਹੈ ਕਿ ਨਹੀਂ? ਕੀ ਇਸ ਤਰ੍ਹਾਂ ਦੀ ਸੰਜੋਗੀ ਸੋਚ ਨੂੰ ਅੱਜ ਵੀ ਹੁੰਗਾਰਾ ਦਿੱਤਾ ਜਾ ਸਕਦਾ ਹੈ ਕਿ ਨਹੀਂ?
ਅਣਮੁੱਕੀ ਬਾਤ ਸ਼ਾਇਦ ਇਸੇ ਹੁੰਗਾਰੇ ਨੂੰ ਉਡੀਕ ਰਹੀ ਹੈ।
ਸ਼ਾਇਦ ਇੰਜ ਹੀ ਸਥਾਨਕਤਾ ਤੇ ਅੰਤਰਰਾਸ਼ਟਰੀਅਤਾ ਦਾ ਕੋਈ ਆਪਸੀ ਨਾਤਾ ਜੁੜ ਸਕੇ।
ਕੀ ਇਹ ਨਾਤਾ ਜੁੜਨਾ ਚਾਹੀਦਾ ਹੈ ਕਿ ਨਹੀਂ?
(ਸਮਾਪਤ)

Be the first to comment

Leave a Reply

Your email address will not be published.