ਅੰਮ੍ਰਿਤਸਰ: ਮਰਹੂਮ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਯਾਦ ਵਿਚ ਬਣਾਈ ਗਈ ‘ਜਗਜੀਤ ਸਿੰਘ ਫਾਊਂਡੇਸ਼ਨ’ ਨੂੰ ਫਿਲਹਾਲ ਛੱਤ ਪ੍ਰਾਪਤ ਕਰਨ ਲਈ ਲੰਮੀ ਜੱਦੋ ਜਹਿਦ ਕਰਨੀ ਪੈ ਰਹੀ ਹੈ। ਇਹ ਫਾਊਂਡੇਸ਼ਨ ਦੇਸ਼ ਭਰ ਵਿਚੋਂ ਸੰਗੀਤ ਸਿੱਖਣ ਦੇ ਇਛੁੱਕ ਬੱਚਿਆਂ ਨੂੰ ਮੁਫ਼ਤ ਸਿਖਲਾਈ ਦੇ ਕੇ ਸੰਗੀਤ ਦੇ ਮਾਹਰ ਬਣਾਉਣਾ ਚਾਹੁੰਦੀ ਹੈ। ਇਹ ਖ਼ੁਲਾਸਾ ਜਗਜੀਤ ਸਿੰਘ ਦੀ ਪਤਨੀ ਚਿੱਤਰਾ ਸਿੰਘ ਨੇ ਕੀਤਾ ਜੋ ਆਪਣੇ ਪਤੀ ਦੀ ਦੂਜੀ ਬਰਸੀ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਲਈ ਆਏ ਸਨ।
ਗ਼ਜ਼ਲ ਗਾਇਕਾ ਚਿਤਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦਾ ਸੁਪਨਾ ਸੀ ਕਿ ਉਹ ਸੰਗੀਤ ਸਿੱਖਣ ਦੇ ਇਛੁੱਕ ਬੱਚਿਆਂ ਨੂੰ ਸਿਖਲਾਈ ਦੇ ਕੇ ਸੰਗੀਤ ਦੇ ਖੇਤਰ ਵਿਚ ਉਭਰਦੇ ਤਾਰੇ ਬਣਾਉਣ ਪਰ ਉੁਹ ਦੋ ਸਾਲ ਪਹਿਲਾਂ ਅਚਨਚੇਤੀ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਹੁਣ ‘ਜਗਜੀਤ ਸਿੰਘ ਫਾਊਂਡੇਸ਼ਨ’ ਬਣਾਈ ਗਈ ਹੈ ਪਰ ਇਸ ਫਾਊਂਡੇਸ਼ਨ ਨੂੰ ਇਮਾਰਤ ਦੀ ਲੋੜ ਹੈ ਜਿਥੇ ਬੱਚਿਆਂ ਨੂੰ ਸੰਗੀਤ ਦੀ ਸਿਖਲਾਈ ਦਿੱਤੀ ਜਾ ਸਕੇ। ਫਾਊਂਡੇਸ਼ਨ ਲਈ ਇਮਾਰਤ ਸਥਾਪਤ ਕਰਨ ਵਾਸਤੇ ਲੋੜੀਂਦੀ ਜਗ੍ਹਾ ਪ੍ਰਾਪਤ ਕਰਨ ਲਈ ਚਿਤਰਾ ਸਿੰਘ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ ਤੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਭੇਜਿਆ ਸੀ ਕਿ ਉਹ ਪਦਮ ਭੂਸ਼ਣ ਪ੍ਰਾਪਤ ਜਗਜੀਤ ਸਿੰਘ ਦੀ ਯਾਦ ਵਿਚ ਸਥਾਪਤ ਕੀਤੀ ਜਾਣ ਵਾਲੀ ਅਕੈਡਮੀ ਲਈ ਲੋੜੀਂਦੀ ਜਗ੍ਹਾ ਮੁਹੱਈਆ ਕਰਵਾਉਣ ਜਿਥੇ ਬੱਚਿਆਂ ਨੂੰ ਸੰਗੀਤ ਦੀ ਮੁਫ਼ਤ ਸਿੱਖਿਆ ਦਿੱਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਇਨ੍ਹਾਂ ਪੱਤਰਾਂ ਬਾਰੇ ਕਿਸੇ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਹੈ ਜਿਸ ਕਾਰਨ ਫਾਊਂਡੇਸ਼ਨ ਦਾ ਮੁੱਖ ਮੰਤਵ ਵਿਚਾਲੇ ਹੀ ਲਟਕਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਦਾ ਦੂਜਾ ਮੰਤਵ ਲੋੜਵੰਦ ਲੋਕਾਂ ਨੂੰ ਡਾਕਟਰੀ ਮਦਦ ਮੁਹਈਆ ਕਰਨਾ ਹੈ ਪਰ ਇਸ ਮੰਤਵ ਦੀ ਪੂਰਤੀ ਲਈ ਵੀ ਫੰਡਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਮੰਤਵਾਂ ਦੀ ਪੂਰਤੀ ਲਈ ਜਿਥੇ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੈ, ਉਥੇ ਸਰਕਾਰ ਦੇ ਵੀ ਸਹਿਯੋਗ ਦੀ ਲੋੜ ਹੈ।
ਆਪਣੇ ਪਤੀ ਨੂੰ ਯਾਦ ਕਰਦਿਆਂ ਚਿਤਰਾ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਨੂੰ ਲੋੜਵੰਦਾਂ ਨੂੰ ਮਦਦ ਦੇਣ ਦੀ ਆਦਤ ਸੀ ਪਰ ਉਨ੍ਹਾਂ ਆਪਣੇ ਲਈ ਕਦੇ ਕੋਈ ਮਦਦ ਪ੍ਰਾਪਤ ਨਹੀਂ ਕੀਤੀ। ਉਨ੍ਹਾਂ ਦੀ ਯਾਦ ਵਿਚ ਸਥਾਪਤ ਫਾਊਂਡੇਸ਼ਨ ਨੂੰ ਜਦੋਂ ਮਦਦ ਦੀ ਲੋੜ ਹੈ ਤਾਂ ਲੋਕ ਕੰਨੀਂ ਕਤਰਾ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਆਪਣੇ ਸਾਧਨਾਂ ਰਾਹੀਂ ਇਨ੍ਹਾਂ ਮੰਤਵਾਂ ਦੀ ਪੂਰਤੀ ਲਈ ਯਤਨ ਜਾਰੀ ਰੱਖਣਗੇ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਵੀ ਜਗਜੀਤ ਸਿੰਘ ਦੇ ਗਾਏ ਹੋਏ ਗੀਤ ਹਨ ਤਾਂ ਉਹ ਇਨ੍ਹਾਂ ਨੂੰ ਐਲਬਮ ਦੇ ਰੂਪ ਵਿਚ ਸੰਭਾਲ ਕੇ ਰੱਖਣ ਲਈ ਫਾਊਂਡੇਸ਼ਨ ਨੂੰ ਸੌਂਪਣ ਤਾਂ ਜੋ ਇਹ ਸਦੀਵੀ ਯਾਦ ਦਾ ਹਿੱਸਾ ਬਣ ਸਕਣ। ਖੁਦ ਗਾਉਣਾ ਸ਼ੁਰੂ ਕਰਨ ਬਾਰੇ ਉਨ੍ਹਾਂ ਆਖਿਆ ਕਿ ਹੁਣ ਗਾਉਣ ਦੀ ਕੋਈ ਇੱਛਾ ਹੀ ਨਹੀਂ ਰਹਿ ਗਈ ਹੈ। ਉਨ੍ਹਾਂ ਨੇ ਤਕਰੀਬਨ 23 ਸਾਲ ਪਹਿਲਾਂ ਗਜ਼ਲ ਗਾਉਣਾ ਬੰਦ ਕਰ ਦਿੱਤਾ ਸੀ। ਪਤੀ ਦੀ ਮੌਤ ਮਗਰੋਂ ਤਾਂ ਇਹ ਸ਼ੌਕ ਵੀ ਮਰ ਗਿਆ ਹੈ। ਉਨ੍ਹਾਂ ਭਾਵੁਕ ਹੁੰਦਿਆਂ ਆਖਿਆ ਕਿ ਜਗਜੀਤ ਸਿੰਘ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ ਹੈ। ਉਨ੍ਹਾਂ ਦਾ ਇੱਕਲੌਤਾ ਮੰਤਵ ਆਪਣੇ ਪਤੀ ਦੇ ਮਿਸ਼ਨ ਨੂੰ ਪੂਰਾ ਕਰਨਾ ਹੀ ਹੈ ਪਰ ਅਜੋਕੇ ਹਾਲਾਤ ਵਿਚ ਇਹ ਮੰਤਵ ਦੀ ਪੂਰਤੀ ਵੀ ਦੂਰ ਦਿਖਾਈ ਦਿੰਦੀ ਹੈ।
Leave a Reply