ਅਮਰ ਸਿੰਘ ਚਮਕੀਲਾ: ਦੂਸਰਾ ਕਤਲ

ਚਮਕੀਲਾ ਇੱਕ ਗਾਇਕ ਸੀ ਤੇ ਉਹਦੀ ਅਵਾਜ਼ ਵਿਚ ਏਨੀ ਮਰਦਾਨਗੀ ਸੀ, ਜਿਹਦਾ ਅੱਜ ਤਕ ਕੋਈ ਮੁਕਾਬਲਾ ਨਹੀਂ। ਸ਼ਾਇਦ ਉਹ ਸਿਰਫ ਏਨਾ ਹੀ ਸਿਆਣਾ ਸੀ ਕਿ ਉਹਨੂੰ ਜਲਦੀ ਪਤਾ ਲੱਗ ਗਿਆ ਕਿ ਉਹਦੀ ਅਵਾਜ਼ ਨੂੰ ਕਿਹੋ ਜਿਹੀ ਗਾਇਕੀ, ਸ਼ਬਦਾਵਲੀ ਤੇ ਸ਼ੈਲੀ ਫਿੱਟ ਬੈਠਦੀ ਹੈ। ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਪੰਜਾਬ ਦੇ ਆਵਾਮ ਦਾ ਮਾਨਸਿਕ ਤੰਤਰ ਕਿਹੋ ਜਿਹਾ ਹੈ ਤੇ ਉਨ੍ਹਾਂ ਨੂੰ ਕਿਹੋ ਜਹੀ ਸ਼ੈਲੀ, ਸ਼ਬਦਾਵਲੀ ਤੇ ਗਾਇਕੀ ਨਾਲ ਮੁਗਧ ਕੀਤਾ ਜਾ ਸਕਦਾ ਹੈ।

ਉਹਨੂੰ ਪਤਾ ਸੀ ਕਿ ਜਾਹਲ ਲੋਕਾਂ ਦੀ ਵਾਸ਼ਨਾ ਆਪਣੇ ਕਰੀਬੀ ਰਿਸ਼ਤਿਆਂ ਵਿਚ ਹੀ ਜਾਗ ਪੈਂਦੀ ਹੈ ਤੇ ਉਨ੍ਹਾਂ ਲਈ ਪਿਆਰ ਅਤੇ ਵਿਭਚਾਰ ਵਿਚ ਬਹੁਤਾ ਫਰਕ ਨਹੀਂ ਹੁੰਦਾ। ਅਜਿਹੇ ਲੋਕ ਚਮਕੀਲੇ ਨੂੰ ਸੁਣਦੇ, ਬੁਲਾਉਂਦੇ ਤੇ ਪੈਸੇ ਲੁਟਾਉਂਦੇ ਸਨ। ਇਸੇ ਕਰਕੇ ਚਮਕੀਲਾ ਸਾਲ ਦੇ ਤਿੰਨ ਸੌ ਪੈਂਹਟ ਦਿਨਾਂ ਵਿਚ ਤਿੰਨ ਸੌ ਛਿਆਹਠ ਦਿਨ ਬੁੱਕ ਰਹਿੰਦਾ ਸੀ।
ਚਮਕੀਲਾ ਬੜਾ ਹਾਜ਼ਰ ਜਵਾਬ ਸੀ। ਪਰ ਉਹ ਗੁਰਬਤ ਦਾ ਸ਼ਿਕਾਰ ਸੀ, ਜਿਸ ਕਰਕੇ ਉਹ ਅਜਿਹਾ ਕੰਮ ਕਰ ਰਿਹਾ ਸੀ, ਜਿਹਦੇ ਵਿਚ ਉਹਦਾ ਮਨ ਨਹੀਂ ਸੀ। ਜਿਸ ਕੰਮ ਵਿਚ ਉਹਦਾ ਮਨ ਸੀ, ਉਹਦਾ ਉਹਨੂੰ ਮੌਕਾ ਨਹੀਂ ਸੀ ਮਿਲ ਰਿਹਾ। ਅਖੀਰ ਉਹਦੇ ਉਸਤਾਦ ਦੀ ਲਾਪ੍ਰਵਾਹੀ ਨੇ ਉਹਨੂੰ ਸਟੇਜ ‘ਤੇ ਚੜ੍ਹਨ ਦਾ ਮੌਕਾ ਬਖਸ਼ ਦਿਤਾ ਤੇ ਫਿਰ ਉਸਤਾਦ ਹੁਣੀ ਉਹਦੀ ਮਰਦਾਨਾ ਗਾਇਕੀ ਦੇ ਸਾਹਮਣੇ ਫਿੱਕੇ ਪੈ ਗਏ। ਦੇਖਦੇ ਹੀ ਦੇਖਦੇ ਉਹਦੇ ਉਸਤਾਦਾਂ ਦੇ ਉਸਤਾਦ ਵੀ ਸੋਚਾਂ ਵਿਚ ਪੈ ਗਏ ਤੇ ਉਨ੍ਹਾਂ ਦੇ ਸਜਿੰਦੇ ਸਦਮਿਆਂ ਦੇ ਸ਼ਿਕਾਰ ਹੋਣ ਲੱਗੇ।
ਉਨ੍ਹਾਂ ਦਿਨਾਂ ਵਿਚ ਪਿੰਡਾ ਦੇ ਮੁੱਛ-ਫੁੱਟ ਗੱਭਰੂ ਟੇਪ ਦੀ ਉਚੀ ਅਵਾਜ਼ ਵਿਚ ਚਮਕੀਲਾ ਛੱਡ ਕੇ ਇਸ ਤਰ੍ਹਾਂ ਸੁਣਦੇ ਸਨ, ਜਿਵੇਂ ਰੂਹਾਨੀ ਸਕੂਨ ਮਿਲ ਰਿਹਾ ਹੋਵੇ ਜਾਂ ਜਿਵੇਂ ਸੱਪ ਦੇ ਮੋਹਰੇ ਬੀਨ ਵੱਜਦੀ ਹੋਵੇ। ਇਹ ਚਮਕੀਲੇ ਦੀ ਕਰਾਮਾਤ ਸੀ ਕਿ ਨਿੱਕੇ ਨਿੱਕੇ ਨਿਆਣੇ ਵੀ ਪਿੰਡ ਦੀਆਂ ਤੰਗ ਗਲੀਆਂ ਵਿਚ ਸਾਈਕਲ ਦਾ ਟਾਇਰ ਚਲਾਉਂਦੇ ਹੋਏ ‘ਪੱਟਣੀ, ਪੱਟਣੀ’ ਕਰਦੇ ਹੋਏ ਦੇਖੇ ਜਾ ਸਕਦੇ ਸਨ।
ਚਮਕੀਲੇ ਦੀ ਮਾੜੀ ਕਿਸਮਤ ਕਿ ਉਹਦਾ ਪਿਛੋਕੜ ਅਜਿਹਾ ਸੀ, ਜਿਥੇ ਸਿਰਫ ਕੰਮ ਹੀ ਕੰਮ ਹੁੰਦਾ ਹੈ ਤੇ ਕੰਮ ਵੀ ਅਜਿਹਾ ਜਿਹਦੇ ਵਿਚ ਦੰਮ ਘੁਟਦਾ ਹੈ। ਜਿਥੇ ਨਾ ਵਿਹਲ ਹੁੰਦੀ ਹੈ, ਨਾ ਦੌਲਤ ਤੇ ਨਾ ਹੀ ਸ਼ੁਹਰਤ। ਪਰ ਚਮਕੀਲੇ ਨੂੰ ਦੌਲਤ ਵੀ ਮਿਲਣ ਲੱਗ ਪਈ ਤੇ ਸ਼ੁਹਰਤ ਵੀ। ਸ਼ੁਹਰਤ ਏਨੀ ਮਿਲੀ, ਸੁਣਿਆ ਹੈ, ਕਿ ਉਨ੍ਹਾਂ ਦਿਨਾਂ ਵਿਚ ਨੌਜਵਾਨ ਦਿਲਾਂ ਦੀ ਧੜਕਣ ਸ਼੍ਰੀਦੇਵੀ ਨੇ ਉਹਦੇ ਨਾਲ ਫਿਲਮ ਬਣਾਉਣ ਦੀ ਪੇਸ਼ਕਸ਼ ਕੀਤੀ। ਚਮਕੀਲੇ ਦੀ ਸਾਦਗੀ ਦੇਖੋ ਕਿ ਇਹ ਕਹਿ ਕੇ ਸ਼੍ਰੀਦੇਵੀ ਨੂੰ ਜਵਾਬ ਦੇ ਦਿਤਾ ਕਿ ਉਹਨੂੰ ਹਿੰਦੀ ਨਹੀਂ ਆਉਂਦੀ।
ਸਾਡੇ ਸਮਾਜ ਵਿਚ ਦੌਲਤ ਦੁਸ਼ਮਣਾਂ ਨੂੰ ਸੱਦਾ ਦੇਣ ਦਾ ਸਬੱਬ ਬਣਦੀ ਹੈ ਤੇ ਜੇ ਕਿਤੇ ਦੌਲਤ ਨਾਲ ਸ਼ੁਹਰਤ ਜੁੜ ਜਾਵੇ ਤਾਂ ਦੁਸ਼ਮਣ ਜੱਲਾਦ ਬਣ ਜਾਂਦੇ ਹਨ। ਚਮਕੀਲਾ ਸ਼ਾਇਦ ਏਨਾ ਚੁਸਤ ਚਲਾਕ ਨਹੀਂ ਸੀ, ਜਿੰਨਾ ਉਹਨੂੰ ਹੋਣਾ ਚਾਹੀਦਾ ਸੀ। ਉਹਨੂੰ ਦੁਸ਼ਮਣਾਂ ਦੀ ਖ਼ਬਰ ਸੀ, ਪਰ ਜੱਲਾਦਾਂ ਦਾ ਪਤਾ ਨਹੀਂ ਸੀ। ਦੌਲਤ ਦੇ ਦੁਸ਼ਮਣ ਤਾਂ ਈਰਖਾ ਕਰਦੇ ਹਨ, ਪਰ ਸ਼ੁਹਰਤ ਦੇ ਦੁਸ਼ਮਣ ਈਰਖਾ ਦੀ ਅੱਗ ਵਿਚ ਸੜਦੇ ਹਨ। ਫਿਰ ਉਹ ਕਿਸੇ ਦੀ ਸ਼ੁਹਰਤ ਦਾ ਦੀਵਾ ਗੁੱਲ ਕਰਨ ਲਈ ਕਤਲ ਤਕ ਕਰ ਦਿੰਦੇ ਹਨ। ਚਮਕੀਲੇ ਨਾਲ ਇਹੀ ਕੁਝ ਵਾਪਰਿਆ। ਉਹ ਆਪ ਤਾਂ ਨਾ ਰਿਹਾ, ਪਰ ਉਹਦੀ ਸ਼ੁਹਰਤ ਗੁੱਲ ਨਾ ਹੋ ਸਕੀ; ਬਲਕਿ ਹੋਰ ਮਚ ਗਈ। ਫਿਰ ਸਾਰੇ ਗਾਇਕ ਚਮਕੀਲੇ ਦੀਆਂ ਸੁਰਾਂ ‘ਤੇ ਪਲਣ ਲੱਗ ਪਏ ਤੇ ਚੁੱਪ-ਚੁਪੀਤੇ, ਅਨਾਮ ਜਾਂ ਬੇਨਾਮ ਚਮਕੀਲੇ ਦਾ ਬੋਲਬਾਲਾ ਹੋ ਗਿਆ। ਚਮਕੀਲੇ ਦੀ ਸਮਾਧ ਬਣ ਗਈ, ਮੇਲੇ ਲੱਗਣ ਲੱਗ ਪਏ ਤੇ ਚਮਕੀਲੇ ਦੀਆਂ ਫਿਲਮਾਂ ਬਣਨ ਲਗ ਪਈਆਂ; ਲੜੀ ਹੀ ਸ਼ੁਰੂ ਹੋ ਗਈ; ਇੱਕ, ਦੋ, ਤਿੰਨ …
ਕਈ ਲੋਕ ਦੱਬਵੀਂ ਜ਼ੁਬਾਨ ਵਿਚ ਦੱਸਦੇ ਹਨ ਕਿ ਅਮਰਜੋਤ ਤੇ ਚਮਕੀਲੇ ਦਾ ਕਤਲ ਸਿਖ ਖਾੜਕੂਆਂ ਨੇ ਕੀਤਾ ਸੀ। ਪਰ ਜਿਨ੍ਹਾਂ ਨੂੰ ਦਸਮੇ ਪਾਤਸ਼ਾਹ ਦੇ ਆਦੇਸ਼ ਦਾ ਪਤਾ ਹੈ, ਉਹ ਕਦੇ ਵੀ ਇਹ ਗੱਲ ਨਹੀਂ ਮੰਨ ਸਕਦੇ। ਕੋਈ ਸਿਖ ਜਿੱਡਾ ਵੱਡਾ ਮਰਜ਼ੀ ਖਾੜਕੂ ਹੋਵੇ, ਉਹ ਕਦੇ ਦਸਮੇਸ਼ ਦੇ ਆਦੇਸ਼ ਨਹੀਂ ਭੁੱਲ ਸਕਦਾ। ਪਾਤਸ਼ਾਹ ਦਾ ਆਦੇਸ਼ ਸੀ ਕਿ ਸਿਖ ਕਦੇ ਔਰਤ ‘ਤੇ ਵਾਰ ਨਾ ਕਰੇ, ਨਿਹੱਥੇ ‘ਤੇ ਵਾਰ ਨਾ ਕਰੇ ਤੇ ਡਿੱਗੇ ਹੋਏ ‘ਤੇ ਵਾਰ ਨਾ ਕਰੇ। ਅਮਰਜੋਤ ਤੇ ਚਮਕੀਲੇ ‘ਤੇ ਇਹ ਸਭ ਕੁਝ ਹੋਇਆ। ਔਰਤ ‘ਤੇ ਵਾਰ ਵੀ ਹੋਇਆ, ਉਹ ਨਿਹੱਥੇ ਵੀ ਸਨ ਤੇ ਡਿਗਿਆਂ ਹੋਇਆਂ ‘ਤੇ ਵੀ ਗੋਲੀਆਂ ਚਲਾਈਆਂ ਗਈਆਂ। ਇਥੋਂ ਤਕ ਕਿ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ‘ਤੇ ਨਾਚ ਵੀ ਕੀਤਾ ਗਿਆ। ਇਸ ਕਰਤੂਤ ਨੂੰ ਸਹੀ ਦੱਸਣ ਵਾਲਾ, ਹੋਰ ਜੋ ਮਰਜ਼ੀ ਹੋਵੇ, ਸਿਖ ਨਹੀਂ ਹੋ ਸਕਦਾ।
ਚਮਕੀਲਾ ਜੋਬਨ ਰੁੱਤੇ ਮਾਰਿਆ ਗਿਆ ਤੇ ਜੋਬਨ ਰੁੱਤ ਬਾਰੇ ਸ਼ਿਵ ਕੁਮਾਰ ਨੇ ਲਿਖਿਆ ਹੈ: ਜੋਬਨ ਰੁਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ। ਚਮਕੀਲੇ ਦੀ ਸ਼ੁਹਰਤ ਬੇਸ਼ਕ ਚਮਕ ਪਈ। ਪਰ ਉਹਦਾ ਨਿੱਜ ਨਾ ਫੁੱਲ ਬਣ ਸਕਿਆ, ਨਾ ਤਾਰਾ। ਬਣਿਆਂ ਤਾਂ ਉਹ ਪੰਜਾਬ ਦਾ ਨਾਸੂਰ ਬਣ ਗਿਆ, ਜਿਹਨੂੰ ਛੇੜਨਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ। ਅੱਜ ਵੀ ਚਮਕੀਲੇ ਬਾਰੇ ਬੋਲਣ ਲੱਗੇ ਲੋਕ ਆਲੇ ਦੁਆਲੇ ਦੇਖਣ ਲੱਗ ਪੈਂਦੇ ਹਨ।
ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਨੇ ਖ਼ਤਰੇ ਦੀ ਪ੍ਰਵਾਹ ਕੀਤੇ ਬਿਨਾ ਇਹ ਨਾਸੂਰ ਛੇੜ ਲਿਆ ਤੇ ਜਿਵੇਂ ਇਮਤਿਆਜ਼ ਨੂੰ ਪਤਾ ਹੋਵੇ ਕਿ ਇਸ ਨਾਸੂਰ ਦੀ ਫਿਲਮ ਕਿਸੇ ਨੇ ਸਿਨਮਿਆਂ ਵਿਚ ਨਹੀਂ ਚੱਲਣ ਦੇਣੀ, ਇਸ ਲਈ ਉਹਨੇ ਇਹ ਫਿਲਮ ਅਜਿਹੀ ਬਣਾਈ ਕਿ ਸਿਰਫ ਟੀ ਵੀ ‘ਤੇ ਹੀ ਦੇਖੀ ਜਾ ਸਕੇ। ਫਿਲਮ ਰਿਲੀਜ਼ ਹੋਈ ਤਾਂ ਸਭ ਨੇ ਦੇਖੀ ਤੇ ਹਰ ਕੋਈ ਇਹਦੇ ਬਾਰੇ ਲਿਖਣ ਲੱਗਾ।
ਕੋਈ ਕਹਿੰਦਾ ਹੈ ਇਮਤਿਆਜ਼ ਨੇ ਪੰਜਾਬ ਦੇ ਵਾਤਾਵਰਣ ਵਿਚ ਜ਼ਹਿਰ ਘੋਲੀ ਹੈ। ਕੋਈ ਕਹਿੰਦਾ ਹੈ ਕਿ ਉਹਨੇ ਪੰਜਾਬ ਵਿਚ ਗੰਦ ਘੋਲਿਆ ਹੈ। ਕਈ ਅਜਿਹੇ ਵੀ ਹਨ, ਜਿਹੜੇ ਕਹਿੰਦੇ ਹਨ ਕਿ ਇਮਤਿਆਜ਼ ਨੇ ਅਮਰ ਸਿੰਘ ਚਮਕੀਲੇ ਨੂੰ ਅਮਰ ਕਰ ਦਿਤਾ ਹੈ। ਹਰ ਕੋਈ ਆਪੋ ਆਪਣੇ ਹਿਸਾਬ ਨਾਲ ਦਲੀਲਾਂ ਦੇ ਰਿਹਾ ਹੈ। ਮੈਨੂੰ ਲਗਦਾ ਹੈ ਜਿਵੇਂ ਸਾਰੇ ਹੀ ਕੁਝ ਨਾ ਕੁਝ ਠੀਕ ਹੋਣ ਤੇ ਕਿਤੋਂ ਨਾ ਕਿਤੋਂ ਗਲਤ ਵੀ।
ਮੈਂ ਵੀ ਇਹ ਫਿਲਮ ਦੇਖੀ ਹੈ ਤੇ ਇਹਨੂੰ ਦੇਖਦੇ ਹੋਏ ਮੇਰੇ ਅੰਦਰ ‘ਭਾਗ ਮਿਲਖਾ ਭਾਗ’ ਅਤੇ ‘ਲਾਲ ਸਿੰਘ ਚੱਢਾ’ ਜਹੀਆਂ ਫ਼ਿਲਮਾਂ ਵੀ ਚੱਲਦੀਆਂ ਰਹੀਆਂ ਤੇ ਨਾ ਚਾਹੁੰਦੇ ਹੋਏ ਵੀ ਮੇਰੇ ਮਨ ਵਿਚ, ਇਸ ਫਿਲਮ ਦੀ ਉਕਤ ਫਿਲਮਾਂ ਨਾਲ ਤੁਲਨਾ ਹੋਣ ਲੱਗ ਪਈ। ਇਸ ਤੁਲਨਾ ਨੂੰ ਰੋਕਣ ਲਈ ਮੈਂ ਕੋਸ਼ਿਸ਼ ਕੀਤੀ, ਪਰ ਮੈਂ ਕਾਮਯਾਬ ਨਾ ਹੋ ਸਕਿਆ। ਇਹ ਤੁਲਨਾ ਰੁਕਣ ਦੀ ਬਜਾਏ ਵਧਣ ਲੱਗ ਪਈ ਤੇ ‘ਦੇਵਦਾਸ’ ਤਕ ਪੁੱਜ ਗਈ। ਇਹਦਾ ਕਾਰਣ ਚਮਕੀਲਾ ਨਹੀਂ ਸੀ, ਬਲਕਿ ਇਮਤਿਆਜ਼ ਅਲੀ ਸੀ, ਜਿਸ ਤੋਂ ਅਸੀਂ ਏਨੀ ਉਮੀਦ ਕਰ ਸਕਦੇ ਹਾਂ ਕਿ ਉਹ ਆਪਣੇ ਕਿਰਦਾਰ ਨੂੰ ਇਸ ਕਦਰ ਤਰਾਸ਼ ਦੇਵੇ ਕਿ ਅਸਲ ਵੀ ਪਿੱਛੇ ਰਹਿ ਜਾਵੇ। ਪਰ ਇਮਤਿਆਜ਼ ਪਤਾ ਨਹੀਂ ਕਿਹੜੇ ਸ਼ਸ਼ੋਪੰਜ ਵਿਚ ਪੈ ਗਿਆ ਕਿ ਉਹ ਚਮਕੀਲੇ ਨੂੰ ਸਮਝਣੋਂ ਅਸਲੋਂ ਹੀ ਅਸਮਰਥ ਰਿਹਾ। ਮੇਰੇ ਹਿਸਾਬ ਨਾਲ ਚਮਕੀਲਾ ਅਮਰ ਨਹੀਂ ਹੋਇਆ, ਬਲਕਿ ਉਹਦਾ ਫਿਰ ਕਤਲ ਹੋ ਗਿਆ ਹੈ। ਪਹਿਲਾਂ ਚਮਕੀਲੇ ਦੀ ਦੇਹ ਦਾ ਕਤਲ ਹੋਇਆ ਸੀ ਤੇ ਹੁਣ ਉਹਦੀ ਆਤਮਾ ਦਾ ਕਤਲ ਹੋਇਆ ਹੈ।
ਅਸੀਂ ਇਸ ਫਿਲਮ ਵਿਚ ਚਮਕੀਲੇ ਦੀ ਦੇਹ ਦੀ ਬਜਾਏ, ਉਹਦੀ ਆਤਮਾ ਦੇਖਣੀ ਚਾਹੁੰਦੇ ਸਾਂ। ਉਹਦੀ ਆਤਮਾ ਤਾਂ ਕਿਤੇ ਰਹੀ, ਪਰ ਇਹ ਫਿਲਮ ਉਹਦੀ ਦੇਹ ਦੇ ਨੇੜੇ ਵੀ ਨਾ ਪੁੱਜ ਸਕੀ। ਅਸਲੀ ਚਮਕੀਲਾ ਏਨਾ ਸੁਨੱਖਾ ਸੀ ਕਿ ਉਹਦੇ ਚਿਹਰੇ ‘ਤੇ ਜੁਆਨੀ ਦੀ ਚਮਕ ਨੱਚਦੀ ਸੀ। ਇਸੇ ਤਰਾਂ ਉਹਦੀ ਅਵਾਜ਼ ਵਿਚ ਮਰਦਾਨਗੀ ਠਾਠਾਂ ਮਾਰਦੀ ਸੀ। ਪਰ ਇਮਤਿਆਜ ਨੇ ਚਮਕੀਲੇ ਲਈ ਜਿਸ ਅਦਾਕਾਰ ਦੀ ਚੋਣ ਕੀਤੀ, ਉਹਦੇ ਚਿਹਰੇ ‘ਤੇ ਚਮਕੀਲੇ ਦੀ ਚਮਕ ਨਾ ਲਿਆਂਦੀ ਜਾਂ ਸਕੀ ਤੇ ਨਾ ਹੀ ਉਹਦੀ ਅਵਾਜ਼ ਵਿਚ ਕੋਈ ਠਾਠ ਸੁਣਾਈ ਦੇ ਸਕੀ। ਬੇਸ਼ੱਕ ਲੱਤਾਂ ਬਾਹਾਂ ਮਾਰਨ ਤੇ ਉਲਾਰਨ ਵਿਚ ਉਹਨੇ ਕੋਈ ਕਸਰ ਨਾ ਛੱਡੀ, ਪਰ ਉਹਨੂੰ ਇਹ ਪਤਾ ਨਹੀਂ ਸੀ ਕਿ ਕਿੱਥੇ ਅਤੇ ਕਿੰਨੀ ਕੁ ਲੱਤ ਮਾਰਨੀ ਹੈ ਤੇ ਕਿੰਨੀ ਕੁ ਬਾਂਹ ਉਲਾਰਨੀ ਹੈ। ਉਹਨੂੰ ਦੇਖ ਕੇ ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਆਤਮਾ ਰਹਿਤ ਰੋਬੋਟ ਸਟੇਜ ‘ਤੇ ਛੱਡਿਆ ਹੋਵੇ ਤੇ ਜਿਹਨੂੰ ਪਤਾ ਹੀ ਨਾ ਹੋਵੇ ਕਿ ਗਾਣੇ ਦੇ ਬੋਲ ਕਿਹੜੀਆਂ ਹਰਕਤਾਂ ਦੀ ਮੰਗ ਕਰਦੇ ਹਨ ਤੇ ਉਹ ਕਰ ਕਿਹੜੀਆਂ ਰਿਹਾ ਹੈ।
ਕਹਿੰਦੇ ਹਨ ਕਿ ਇੱਕ ਵਾਰੀ ਦਲੀਪ ਕੁਮਾਰ ਨੇ ਟਾਂਗੇ ਵਾਲੇ ਦਾ ਕਿਰਦਾਰ ਨਿਭਾਉਣਾ ਸੀ ਤਾਂ ਉਹ ਕਈ ਦਿਨ ਟਾਂਗੇ ਵਾਲੇ ਅੱਡੇ ‘ਤੇ ਰਿਹਾ ਕਿ ਉਹ ਟਾਂਗੇ ਵਾਲੇ ਦੀ ਆਤਮਾ ਵਿਚ ਉੱਤਰ ਸਕੇ। ‘ਦੇਵਦਾਸ’ ਦੀ ਸ਼ੂਟਿੰਗ ਕੁਝ ਦਿਨਾਂ ਲਈ ਮੁਲਤਵੀ ਹੋ ਗਈ ਤਾਂ ਦਲੀਪ ਕੁਮਾਰ ਕਹਿਣ ਲੱਗਾ ਕਿ ਉਹ ਹੁਣ ਓਨੇ ਦਿਨ ਉੱਥੇ ਹੀ ਰਹੇਗਾ। ਕਿਉਂਕਿ ਉਹਦੇ ਅੰਦਰ ਦੇਵਦਾਸ ਦੀ ਆਤਮਾ ਉੱਤਰੀ ਹੋਈ ਹੈ। ਮੁੜ ਕੇ ਸ਼ਾਇਦ ਉਹ ਦੇਵਦਾਸ ਨਾ ਬਣ ਸਕੇ। ਕਹਿੰਦੇ ਹਨ ਪੱਛਮੀ ਅਦਾਕਾਰ ਫਿਲਮ ਪੂਰੀ ਹੋਣ ਬਾਦ ਦੁਆਈਆਂ ਖਾਂਦੇ ਹਨ ਕਿ ਉਹ ਆਪਣੇ ਅੰਦਰੋਂ ਕਿਰਦਾਰ ਦੀ ਆਤਮਾ ਕੱਢ ਸਕਣ। ਪਰ ਇਹ ਅਦਾਕਾਰ ਚਮਕੀਲੇ ਦੀ ਆਤਮਾ ਵਿਚ ਉਤਰ ਨਾ ਸਕਿਆ ਤੇ ਉਹਨੇ ਆਪਣੀ ਆਤਮਾ ਹੀ ਚਮਕੀਲੇ ਵਿਚ ਵਾੜ ਦਿਤੀ। ਇਸ ਤਰ੍ਹਾਂ ਚਮਕੀਲੇ ਦੀ ਆਤਮਾ ਹੀ ਮਾਰ ਦਿਤੀ ਗਈ।
ਜੇ ਇਸ ਵਿਚ ਦੋਸ਼ ਲੱਭਣਾ ਹੋਵੇ ਤਾਂ ਮੈਂ ਸਮਝਦਾ ਹਾਂ ਕਿ ਚੋਣਕਾਰ ਦਾ ਹੀ ਅਸਲ ਦੋਸ਼ ਹੈ। ਕਿਉਂਕਿ ਉਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਅਦਾਕਾਰ ਤੇ ਕਲਾਕਾਰ ਵਿਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਕਲਾਕਾਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਹੁੰਦਾ ਹੈ ਤੇ ਅਦਾਕਾਰ ਨੇ ਕਿਸੇ ਹੋਰ ਦੀ ਕਲਾ ਦਾ ਪ੍ਰਦਰਸ਼ਨ ਕਰਨਾ ਹੁੰਦਾ ਹੈ। ਆਪਣੀ ਕਲਾ ਦੇ ਪ੍ਰਦਰਸ਼ਨ ਲਈ ਅਦਾਕਾਰੀ ਦੀ ਜ਼ਰੂਰਤ ਨਹੀਂ ਹੁੰਦੀ। ਜਦਕਿ ਕਿਸੇ ਦੀ ਕਲਾ ਦੇ ਪ੍ਰਦਰਸ਼ਨ ਲਈ ਅਦਾਕਾਰੀ ਦੀ ਜ਼ਰੂਰਤ ਹੁੰਦੀ ਹੈ। ਸਾਡੇ ਸਾਰੇ ਕਲਾਕਾਰ ਅਦਾਕਾਰ ਬਣਨ ਦੀ ਹੋੜ ਵਿਚ ਰਹਿੰਦੇ ਹਨ ਤੇ ਇਸ ਕੋਸ਼ਿਸ਼ ਵਿਚ ਉਹ ਆਪਣੀ ਕਲਾਕਾਰੀ ਵੀ ਗੁਆ ਬਹਿੰਦੇ ਹਨ। ਚਮਕੀਲਾ ਫਿਲਮ ਵਿਚ, ਚਮਕੀਲਾ ਬਣੇ ਕਿਰਦਾਰ ਦੀ, ਨਾ ਕਿਤੇ ਅਦਾਕਾਰੀ ਨਜ਼ਰ ਆਈ ਤੇ ਨਾ ਹੀ ਕਲਾਕਾਰੀ ਦੇ ਦਰਸ਼ਣ ਹੋਏ। ਬਸ ਉਹੀ ਸਟੇਜ ‘ਤੇ ਛੱਡੇ ਰੋਬੋਟ ਦੇ ਸਟੰਟ ਜ਼ਰੂਰ ਦੇਖਣ ਨੂੰ ਮਿਲੇ। ਕੌਣ ਦੱਸੇ ਕਿ ਭਾਈ, ਚਮਕੀਲੇ ਦੀ ਫਿਲਮ ਵਿਚ ਕਲਾਕਾਰੀ ਦੇ ਸਟੰਟ ਦੀ ਬਜਾਏ ਅਦਾਕਾਰੀ ਦੀ ਕਲਾ ਚਾਹੀਦੀ ਸੀ।
ਜਦ ਚਮਕੀਲਾ ਜਥੇਦਾਰਾਂ ਸਾਹਮਣੇ ਪੇਸ਼ ਹੋਇਆ ਹੋਵੇਗਾ ਉਦੋਂ ਉਹਦੇ ਮਨ ਵਿਚ ਕੀ ਬੀਤ ਰਹੀ ਹੋਵੇਗੀ, ਉਹਨੂੰ ਪੇਸ਼ ਕਰਨ ਵਿਚ ਦਲਜੀਤ ਬਿਲਕੁਲ ਨਾਕਾਮ ਰਿਹਾ। ਫਿਲਮ ਵਿਚ ਉਹ ਜਥੇਦਾਰਾਂ ਸਾਹਮਣੇ ਇਸ ਤਰ੍ਹਾਂ ਬੈਠਾ ਸੀ, ਜਿਵੇਂ ਮਾਸਟਰਾਂ ਮੋਹਰੇ ਨਲਾਇਕ ਮੁੰਡਾ ਬੈਠਾ ਹੋਵੇ। ਜਥੇਦਾਰਾਂ ਦੇ ਦੰਮ ਖੰਮ ਦਾ ਨਾ ਇਮਤਿਆਜ਼ ਨੂੰ ਇਲਮ ਸੀ ਨਾ ਦਲਜੀਤ ਨੂੰ। ਉਹ ਤਾਂ ਚਮਕੀਲਾ ਹੀ ਜਾਣਦਾ ਹੋਵੇਗਾ, ਜਿਹਨੂੰ ਇਹ ਸਮਝ ਹੀ ਨਾ ਸਕੇ ਤੇ ਨਾ ਹੀ ਪੇਸ਼ ਕਰ ਸਕੇ।
ਜਦ ਪੁਲਿਸ ਵਾਲੇ ਨੇ ਚਮਕੀਲੇ ਨੂੰ ਧਾਰਮਿਕ ਗਾਣੇ ਨਾ ਗਾਉਣ ਲਈ ਕਿਹਾ ਹੋਵੇਗਾ, ਉਦੋਂ ਉਹਦੇ ਮਨ ਵਿਚ ਕਿਸ ਤਰ੍ਹਾਂ ਦੀ ਘੋਲ਼ਮਸੋਲ ਹੋਈ ਹੋਵੇਗੀ, ਕਿਸ ਤਰ੍ਹਾਂ ਜਰਿਆ ਹੋਵੇਗਾ, ਉਹਨੂੰ ਵੀ ਦਲਜੀਤ ਸਮਝ ਨਾ ਸਕਿਆ ਤੇ ਨਾ ਹੀ ਪੇਸ਼ ਕਰ ਸਕਿਆ। ਉੱਥੇ ਵੀ ਉਹ ਉਸੇ ਤਰ੍ਹਾਂ ਪੇਸ਼ ਆਇਆ, ਜਿਵੇਂ ਜਥੇਦਾਰਾਂ ਮੋਹਰੇ ਆਇਆ ਸੀ।
ਸੰਗੀਤ ਨਿਰਦੇਸ਼ਕ ਦਾ ਭੁੱਖਾ ਮਰਨ ਵਾਲਾ ਤਾਹਨਾ ਸੁਣ ਕੇ ਜਦ ਚਮਕੀਲੇ ਨੇ ਕਿਹਾ ਹੋਵੇਗਾ ‘ਚਮਾਰ ਹੂੰ, ਪਰ ਭੁੱਖਾ ਨਹੀਂ ਮਰੂੰਗਾ ਮੈਂ’ ਤਾਂ ਚਮਕੀਲੇ ਦੇ ਅੰਦਰ ਪਹਾੜ ਜਿੱਡਾ ਆਤਮ ਵਿਸ਼ਵਾਸ ਜਾਗਿਆ ਹੋਵੇਗਾ। ਅਜਿਹਾ ਵਿਸ਼ਵਾਸ, ਜੋ ਮਰਦੇ ਦਮ ਤਕ ਉਹਦੇ ਨਾਲ ਰਿਹਾ। ਪਰ ਇਸ ਫਿਲਮ ਵਿਚ ਦਲਜੀਤ ਨੇ ਇਹ ਵਾਕ ਬੋਲਿਆ ਤਾਂ ਇਵੇਂ ਲੱਗਿਆ, ਜਿਵੇਂ ਉਹਨੇ ਕਿਸੇ ਅਖਬਾਰ ਦੀ ਸੁਰਖ਼ੀ ਪੜ੍ਹੀ ਹੋਵੇ। ਦੱਸਦੇ ਹਨ ਕਿ ਚਮਕੀਲਾ ਆਪਣਾ ਖਾਣਾ ਹਮੇਸ਼ਾ ਨਾਲ ਲੈ ਕੇ ਆਉਂਦਾ ਸੀ ਤੇ ਮਰਨ ਤੋਂ ਪਹਿਲਾਂ ਉਹਨੇ ਖਾਣਾ ਹੀ ਖਾਧਾ ਸੀ। ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਦਲਜੀਤ ਆਪਣੀ ਅਵਾਜ਼ ਵਿਚ ਭੁੱਖਾ ਨਾ ਮਰਨ ਦਾ ਵਿਸ਼ਵਾਸ ਨਾ ਲਿਆ ਸਕਿਆ।
ਮੈਂ ਆਪਣੇ ਮਨ ਹੀ ਮਨ ਵਿਚ ਇਹ ਵਾਕ ਪਹਿਲਾਂ ਨਸੀਰੂਦੀਨ ਦੇ ਮੂੰਹੋਂ ਸੁਣਿਆ, ਫਿਰ ਦਲੀਪ ਕੁਮਾਰ ਦੇ ਮੂੰਹੋਂ ਸੁਣਿਆ, ਫਿਰ ਨਵਾਜ਼ੁਦੀਨ ਤੇ ਅਰਫਾਨ ਦੇ ਮੂੰਹੋਂ ਵੀ ਸੁਣਿਆ। ਮੇਰੀ ਕਲਪਨਾ ਵਿਚ ਸਭ ਨੇ, ਆਪੋ ਆਪਣੇ ਅੰਦਾਜ਼ ਵਿਚ, ਕਮਾਲ ਕਰ ਦਿਤੀ। ਇਸ ਵਾਕ ਵਿਚ ਸਭ ਨੇ ਆਪੋ ਆਪਣੀ ਆਤਮਾ ਉਤਾਰ ਦਿਤੀ, ਜਿਵੇਂ ਚਮਕੀਲਾ ਜੀ ਪਿਆ ਹੋਵੇ ਤੇ ਉਹਨੇ ਆਪਣਾ ਸੀਨਾ ਚੀਰ ਕੇ ਭੁੱਖਾ ਨਾ ਮਰਨ ਦਾ ਆਤਮ-ਵਿਸ਼ਵਾਸ ਦਿਖਾ ਦਿਤਾ ਹੋਵੇ।
ਮੈਨੂੰ ਯਾਦ ਆਇਆ ਕਿ ‘ਦੇਵਦਾਸ’ ਵਿਚ ਰਾਤ ਨੂੰ ਉਸਲਵੱਟੇ ਲੈਂਦੇ ਹੋਏ ਦਲੀਪ ਕੁਮਾਰ ਨੂੰ ਚੁੰਨੀ ਲਾਲ ਏਨਾ ਹੀ ਪੁੱਛਦਾ ਹੈ, “ਦੇਵ ਦਾਸ, ਨੀਂਦ ਨਹੀਂ ਆਉਂਦੀ?” ਜੇ ਦਲਜੀਤ ਹੁੰਦਾ ਤਾਂ ਕਹਿ ਦਿੰਦਾ “ਹਾਂ”। ਪਰ ਉਹ ਦਲੀਪ ਕੁਮਾਰ ਸੀ ਤੇ ਉਹ ਵਾਕ ਰਾਜਿੰਦਰ ਸਿੰਘ ਬੇਦੀ ਦਾ ਲਿਖਿਆ ਹੋਇਆ ਸੀ। ਦੇਵਦਾਸ ਬਣੇ ਦਲੀਪ ਕੁਮਾਰ ਨੇ ਜਵਾਬ ਦਿਤਾ, “ਚੁੰਨੀ ਲਾਲ, ਨੀਂਦ ਰੋਜ਼ ਰੋਜ਼ ਥੋੜਾ ਆਤੀ ਹੈ”। ਦਲੀਪ ਕੁਮਾਰ ਨੇ ਬੇਦੀ ਸਾਹਿਬ ਦੇ ਲਿਖੇ ਵਾਕ ਵਿਚ ਦੇਵਦਾਸ ਦੀ ਮੁਹੱਬਤ ਦਾ ਸਾਰਾ ਦੁਖਾਂਤ ਉਤਾਰ ਦਿਤਾ। ਇਹ ਹੁੰਦਾ ਹੈ ਵਾਕ ਤੇ ਵਾਕ ਦਾ ਉਚਾਰਣ। ‘ਭਾਗ ਮਿਲਖਾ ਭਾਗ’ ਵਿਚ ਫਰਹਾਨ ਅਖ਼ਤਰ ਨੇ ਇਕ ਸ਼ਬਦ ਸਿਰਫ “ਆਹੋ” ਬੋਲ ਕੇ ਮਿਲਖਾ ਸਿੰਘ ਦੇ ਸਮੇਤ, ਸਾਰੇ ਪੰਜਾਬ ਦੀ ਆਤਮਾ ਸਾਕਾਰ ਕਰ ਦਿਤੀ ਸੀ। ਇਹ ਹੁੰਦੀ ਹੈ ਅਦਾਕਾਰੀ, ਜਿਸ ਵਿਚ ਕਿਸੇ ਹੋਰ ਕਿਰਦਾਰ ਦੀ ਆਤਮਾ ਜਗਾਉਣੀ ਹੁੰਦੀ ਹੈ ਤੇ ਉਹਨੂੰ ਅਮਰ ਕਰ ਦੇਣਾ ਹੁੰਦਾ ਹੈ।
ਪਤਾ ਨਹੀਂ ਮੈਨੂੰ ਕਿਉਂ ਲਗਦਾ ਹੈ ਪਈ ਕਲਾਕਾਰ ਅਦਾਕਾਰ ਨਹੀਂ ਹੋ ਸਕਦਾ। ਭਾਰਤ ਦੇ ਕਈ ਮਹਾਨ ਕਲਾਕਾਰਾਂ ਨੇ ਅਦਾਕਾਰ ਬਣਨ ਦੀ ਕੋਸ਼ਿਸ਼ ਕੀਤੀ। ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਨੂੰ ਇਕ ਅੱਧੀ ਫਿਲਮ ਵਿਚ ਕੰਮ ਕਰਕੇ ਹੀ ਪਤਾ ਲੱਗ ਗਿਆ ਸੀ ਕਿ ਉਹ ਕਲਾਕਾਰ ਹਨ, ਅਦਾਕਾਰ ਨਹੀਂ। ਇੱਧਰ ਸਾਡੇ ਕਲਾਕਾਰ ਦੇਖੋ, ਜਿਨ੍ਹਾਂ ਨੂੰ ਬਾਰਾਂ ਬਾਰਾਂ ਫ਼ਿਲਮਾਂ ਦਾ ਸੱਤਿਆਨਾਸ ਮਾਰ ਕੇ ਵੀ ਪਤਾ ਨਹੀਂ ਲਗਦਾ ਕਿ ਉਹ ਅਦਾਕਾਰ ਨਹੀਂ, ਕਲਾਕਾਰ ਹਨ। ਕਲਾਕਾਰ ਤਾਂ ਕਿਤੇ ਰਹੇ ਸਾਡੇ ਤਾਂ ਅਦਾਕਾਰਾਂ ਨੂੰ ਹਾਲੇ ਅਦਾਕਾਰੀ ਨਹੀਂ ਆਈ।
ਇਸ ਫਿਲਮ ਦੀ ਜੇ ਤਾਰੀਫ ਕਰਨੀ ਹੋਵੇ ਤਾਂ ਉਹ ਇੱਕ ਐਕਸ਼ਨ ਹੈ ਚਮਕੀਲੇ ਦੇ ਬਾਪ ਬਣੇ ਅਦਾਕਾਰ ਦਾ। ਉਹਨੇ ਚਰਮ ਸੀਮਾ ਤਕ ਦਿਖਾ ਦਿਤਾ ਕਿ ਜਦ ਕਿਸੇ ਗਰੀਬ ਬਾਪ ਦਾ ਬੇਟਾ ਕਾਮਯਾਬ ਹੁੰਦਾ ਹੈ ਤਾਂ ਉਹ ਆਪਣੀ ਖੁਸ਼ੀ ਕਿਸ ਤਰ੍ਹਾਂ ਤੇ ਕਿੱਥੇ ਜਾ ਕੇ ਪ੍ਰਗਟ ਕਰਦਾ ਹੈ। ਉਹਨੂੰ ਪਤਾ ਹੈ ਕਿ ਉਹਦੀ ਗੁਰਬਤ ਦੇ ਕਾਰਣ ਕਿੱਥੇ ਹਨ। ਬਸ ਉਹਨੂੰ ਏਨਾ ਨਹੀਂ ਪਤਾ ਕਿ ਉਹ ਅੱਗਿਓਂ ਕਿਸ ਹੱਦ ਤਕ ਜਾ ਸਕਦੇ ਹਨ। ਏਨਾ ਗਿਆਨ ਤੇ ਅਗਿਆਨ ਚਮਕੀਲੇ ਦੇ ਬਾਪ ਬਣੇ ਅਦਾਕਾਰ ਨੇ ਆਪਣੇ ਇਕ ਐਕਸ਼ਨ ਵਿਚ ਪੇਸ਼ ਕਰ ਦਿਤਾ। ਇਹ ਹੁੰਦੀ ਹੈ ਅਦਾਕਾਰੀ। ਬੇਸ਼ਕ ਇਸ ਫਿਲਮ ਵਿਚ ਕਈ ਹੋਰ ਦ੍ਰਿਸ਼ ਅਤੇ ਵਾਰਤਾਲਾਪ ਵੀ ਤਰੀਫ ਦੇ ਕਾਬਲ ਹਨ। ਪਰ ਇਸ ਫਿਲਮ ਦਾ ਨਾਂ ਚਮਕੀਲਾ ਹੈ ਤੇ ਚਮਕੀਲੇ ਦੀ ਚੁੱਪ ਨੇ ਫਿਲਮ ਦੀ ਚਮਕ ਮਾਰ ਕੇ ਰੱਖ ਦਿਤੀ। ਫਿਲਮ ਦੇਖ ਕੇ ਤਾਂ ਇਸ ਤਰ੍ਹਾਂ ਲਗਦਾ ਹੈ, ਜਿਵੇਂ ਚਮਕੀਲੇ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਉਹਦਾ ਕਤਲ ਹੋ ਜਾਣਾ ਹੈ, ਜਿਸ ਕਰਕੇ ਉਹ ਏਨਾ ਸਹਿਮ ਗਿਆ ਹੋਵੇ ਕਿ ਉਹਨੇ ਕਿਸੇ ਵੀ ਗੱਲ ‘ਤੇ ਰਿਐੱਕਟ ਕਰਨਾ ਛੱਡ ਦਿਤਾ ਹੋਵੇ; ਜਿਵੇਂ ਹਰ ਸਮੇਂ ਉਹਨੂੰ ਆਪਣੀ ਚਿਤਾ ਬਲਦੀ ਦਿਖਦੀ ਹੋਵੇ। ਜੇ ਇਸਤਰ੍ਹਾਂ ਹੁੰਦਾ ਤਾਂ ਇਹ ਕਮਾਲ ਦੀ ਅਦਾਕਾਰੀ ਹੋਣੀ ਸੀ। ਪਰ ਇਹ ਇਸ ਤਰ੍ਹਾਂ ਨਹੀਂ ਸੀ। ਜੇ ਚਮਕੀਲਾ ਏਨਾ ਹੀ ਡੱਲ ਸੀ, ਜਿੰਨਾ ਦਿਖਾਇਆ ਗਿਆ ਹੈ ਤਾਂ ਵੀ ਇਹ ਅਦਾਕਾਰੀ ਸਿਰਾ ਹੀ ਹੋਣੀ ਸੀ। ਪਰ ਇਹ ਇਸ ਤਰ੍ਹਾਂ ਵੀ ਨਹੀਂ ਸੀ।
ਚਮਕੀਲੇ ਦੀ ਗਾਇਕੀ ਮੈਨੂੰ ਰੱਤੀ ਭਰ ਪਸੰਦ ਨਹੀਂ ਸੀ ਤੇ ਨਾ ਹੀ ਮੂਸੇਵਾਲੇ ਨੂੰ ਸੁਣਨਾ ਕਦੇ ਚੰਗਾ ਲੱਗਿਆ। ਫਿਰ ਵੀ ਮੇਰਾ ਮੰਨਣਾ ਹੈ ਕਿ ਨਾਪਸੰਦ ਬੰਦੇ ਦੀ ਜਾਨ ਲੈਣ ਦਾ ਕਿਸੇ ਨੂੰ ਕੋਈ ਹੱਕ ਨਹੀਂ। ਕਤਲ ਕਿਸੇ ਦਾ ਵੀ ਹੋਵੇ, ਨਿੰਦਣਯੋਗ ਹੈ। ਕਤਲ ਅਣਮਨੁਖੀ ਹੈ। ਅੱਜ ਗਿਆਨ ਦਾ ਯੁੱਗ ਹੈ ਤੇ ਗਿਆਨ ਦੇ ਯੁੱਗ ਵਿਚ ਹਰ ਸਮੱਸਿਆ ਦਾ ਹੱਲ ਗਿਆਨ ਨਾਲ ਹੋਣਾ ਚਾਹੀਦਾ ਹੈ। ਅੱਜ ਦੇ ਯੁੱਗ ਵਿਚ ਕਤਲ ਨਿਰਦਈ ਅਗਿਆਨ ਅਤੇ ਸਿਰੇ ਦੀ ਜਹਾਲਤ ਹੈ। ਦਇਆ ਗਿਆਨ ਦੀ ਧੀ ਹੈ। ਜਿਥੇ ਦਇਆ ਨਹੀਂ, ਉੱਥੇ ਗਿਆਨ ਨਹੀਂ ਤੇ ਜਿਥੇ ਗਿਆਨ ਨਹੀਂ, ਉੱਥੇ ਕੁਝ ਵੀ ਨਹੀਂ। ਕਬੀਰ ਨੇ ਕਿਹਾ ਸੀ: ਚੂਕੀਅਲੇ ਮੋਹ ਮਇਆਸਾ॥ ਸਸਿ ਕੀਨੋ ਸੂਰ ਗਿਰਾਸਾ॥ ਕਿ ਹੁਣ ਮੈਂ ਮੋਹ ਮਾਇਆ ਦੇ ਜੰਜਾਲ ਤੋਂ ਮੁਕਤ ਹੋ ਗਿਆ ਹਾਂ। ਮੇਰੇ ਚੰਦ ਰੂਪ ਮਨ ਨੇ ਸੂਰਜ ਰੂਪ ਸਾਰਾ ਗਿਆਨ ਖਾ ਲਿਆ ਹੈ।
ਮੇਰਾ ਮੰਨਣਾ ਹੈ ਕਿ ਮੂਸੇਵਾਲੇ ਤੇ ਚਮਕੀਲੇ ਵਿਚ ਕੁਝ ਸਾਂਝਾਂ ਸਨ ਤੇ ਕੁਝ ਵਖਰੇਵੇਂ ਵੀ ਸਨ। ਚਮਕੀਲਾ ਬੇਜ਼ਮੀਨਾ ਸੀ ਤੇ ਮੂਸੇਵਾਲਾ ਜ਼ਿਮੀਂਦਾਰ ਸੀ। ਚਮਕੀਲਾ ਲੱਚਰਤਾ ਗਾਉਂਦਾ ਸੀ ਤੇ ਮੂਸੇਵਾਲਾ ਹਿੰਸਾ ਦੇ ਤੜਕੇ ਲਾਉਂਦਾ ਸੀ। ਚਮਕੀਲੇ ਕੋਲ ਗੁਜ਼ਾਰੇ ਜੋਗੀ ਰਾਗ ਵਿੱਦਿਆ ਵੀ ਸੀ ਤੇ ਮੂਸੇਵਾਲਾ ਰਾਗ ਵਿੱਦਿਆ ਖੁਣੋ ਕੋਰਾ ਸੀ। ਜਿਹੋ ਜਹੇ ਲੋਕ ਲੱਚਰਤਾ ਪਸੰਦ ਕਰਦੇ ਹਨ, ਉਹੋ ਜਹੇ ਲੋਕ ਹੀ ਹਿੰਸਾ ਉੱਤੇ ਹਿੜ ਹਿੜ ਕਰਦੇ ਹਨ। ਚਮਕੀਲੇ ਤੇ ਮੂਸੇਵਾਲੇ ਨੂੰ ਸੱਦਣ ਵਾਲੇ, ਸੁਣਨ ਵਾਲੇ ਤੇ ਨੋਟ ਵਾਰਨ ਵਾਲੇ ਲੋਕ ਇਹੀ ਸਨ। ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਲੋਕ ਕੌਣ ਹੋਣਗੇ, ਜਿਹੜੇ ਮੂਸੇਵਾਲੇ ਦੇ ਕਤਲ ‘ਤੇ ਹਾਲਪਾਰਿ੍ਹਆ ਮਚਾ ਰਹੇ ਹਨ ਤੇ ਚਮਕੀਲੇ ਦੇ ਕਤਲ ਦੇ ਅੱਜ ਵੀ ਹੱਕ ਵਿਚ ਹਨ। ਅਸਲ ਵਿਚ ਇਸ ਸਵਾਲ ਤੇ ਇਸਦੇ ਜਵਾਬ ਵਿਚ ਹੀ ਪੰਜਾਬ ਦੀ ਅਧੋਗਤੀ ਤੇ ਗਿਰਾਵਟ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਇਹ ਸਵਾਲ ਜਵਾਬ ਮੰਗਦੇ ਹਨ।

ਅਵਤਾਰ ਸਿੰਘ
ਫੋਨ: 94175-18384