ਜੀਅ ਬਧਹੁ ਸੁ ਧਰਮੁ ਕਰਿ ਥਾਪਹੁ

ਅਮਰਦੀਪ ਸਿੰਘ ਹਾਂਸ
ਫਿਲਮ ‘ਅਮਰ ਸਿੰਘ ਚਮਕੀਲਾ’ ਰਿਲੀਜ਼ ਹੋਣ ਨਾਲ ਪੰਜਾਬ ਵਿਚ ਉਸ ਦੌਰ ਵਿਚ ਹੋਏ ਕਤਲਾਂ ਅਤੇ ਘਟਨਾਵਾਂ ਬਾਰੇ ਵੱਖਰੀ ਤਰ੍ਹਾਂ ਦੀ ਬਹਿਸ ਛਿੜ ਗਈ ਹੈ। ਹਰ ਕੋਈ ਆਪੋ-ਆਪਣੀ ਧਿਰ ਦਾ ਪੱਖ ਰੱਖ ਰਿਹਾ ਹੈ ਜਦਕਿ ਹਕੀਕਤਾਂ ਕੁਝ ਹੋਰ ਵੀ ਹਨ ਜਿਨ੍ਹਾਂ ਬਾਰੇ ਅਕਸਰ ਚਰਚਾ ਨਹੀਂ ਹੁੰਦੀ। ਅਮਰਦੀਪ ਸਿੰਘ ਹਾਂਸ ਨੇ ਆਪਣੇ ਇਸ ਲੇਖ ਵਿਚ ਕੁਝ ਅਜਿਹੇ ਸਵਾਲ ਉਠਾਏ ਹਨ ਜਿਨ੍ਹਾਂ ਦੇ ਜਵਾਬ ਦੇਣ ਤੋਂ ਕੁਝ ਧਿਰਾਂ ਹਰ ਵਾਰ ਪਿਛਾਂਹ ਹਟ ਜਾਂਦੀਆਂ ਰਹੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਾਰੂ ਵਿਚ ਬਾਬਾ ਕਬੀਰ ਦਾ ਫਰਮਾਨ ਹੈ:

ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ॥ (ਪੰਨਾ 1103)
ਭਾਵ, ਹੇ ਭਾਈ! ਤੂੰ ਜੀਵਾਂ ਨੂੰ ਮਾਰਦਾ ਹੈਂ ਤੇ ਇਸ ਨੂੰ ਧਰਮ ਕਹਿੰਦਾ ਹੈ ਤਾਂ ਫਿਰ ਅਧਰਮ ਕੀ ਹੋਇਆ? ਲੋਕਾਂ ਦੀ ਜਾਨ ਲੈਂਦਾ ਹੈਂ ਤੇ ਆਪਣੇ ਆਪ ਨੂੰ ਮੁਨੀਵਰ (ਸਾਧੂ ਸੰਤ) ਸਦਵਾਉਂਦਾ ਹੈਂ ਤਾਂ ਫਿਰ ਕਸਾਈ ਕੌਣ ਹੋਵੇਗਾ?
ਕਈ ਲੋਕ ਉਪਰੋਕਤ ਤੁਕਾਂ ਨੂੰ ਮਾਸ ਖਾਣ ਨਾਲ ਜੋੜ ਕੇ ਅਰਥ ਕਰਦੇ ਹਨ ਪਰ ਮੇਰੀ ਤੁਛ ਬੁੱਧੀ ਮੁਤਾਬਕ, ਇਸ ਦੇ ਅਰਥ ਧਰਮ ਕਰਮ ਦਾ ਦਿਖਾਵਾ ਕਰ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣਾ ਹਲਵਾ-ਮੰਡਾ ਚਲਾਉਣ ਤੋਂ ਹੈ ਕਿਉਂਕਿ ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਵਾਂਗ ਹੈ। ਬ੍ਰਾਹਮਣ ਅਤੇ ਮੁਨੀ ਲੋਕ ਜੋ ਭਗਤ ਕਬੀਰ ਸਮੇਂ ਧਰਮ ਦੇ ਪ੍ਰਤੀਨਿਧ ਅਖਵਾਉਂਦੇ ਸਨ, ਉਹ ਮਾਸ ਨਹੀਂ ਖਾਂਦੇ ਸਨ।
ਚਲੋ ਖੈਰ! ਇਸ ਲੇਖ ਦਾ ਵਿਸ਼ਾ ਖਾਣਾ-ਪੀਣਾ ਨਹੀਂ। ਪਿਛਲੇ ਕਈ ਦਿਨਾਂ ਤੋਂ ਜਦੋਂ ਦੀ ਇਮਤਿਆਜ਼ ਅਲੀ ਅਤੇ ਦਿਲਜੀਤ ਦੁਸਾਂਝ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਆਈ ਹੈ, ਇਹ ਬਹਿਸ ਪੰਜਾਬੀ ਅਤੇ ਪੰਥਕ ਸਫਾਂ ਵਿਚ ਸ਼ੁਰੂ ਹੋ ਗਈ ਹੈ ਕਿ ਚਮਕੀਲੇ ਦਾ ਕਤਲ ਠੀਕ ਸੀ ਕਿ ਗਲਤ? ਇਸ ਬਹਿਸ ਵਿਚ ਹਰ ਕੋਈ ਆਪੋ-ਆਪਣੀ ਧਿਰ ਨੂੰ ਸਹੀ ਸਿੱਧ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਇਕ ਧਿਰ ਚਮਕੀਲੇ ਦੇ ਕਤਲ ਨੂੰ ਨਾਜਾਇਜ਼ ਕਰਾਰ ਦਿੰਦਿਆਂ ਕਹਿ ਰਹੀ ਹੈ ਕਿ ਖਾੜਕੂਆਂ ਨੇ ਗਰੀਬ ਮਾਰ ਕੀਤੀ; ਦੂਜੀ ਧਿਰ ਖਾੜਕੂਆਂ ਨੂੰ ਬਰੀ ਕਰਦਿਆਂ ਦਲੀਲ ਦੇ ਰਹੀ ਹੈ ਕਿ ਚਮਕੀਲਾ ਅਸ਼ਲੀਲ ਗੀਤ ਗਾਉਣ ਕਰ ਕੇ ਸਜ਼ਾ ਦਾ ਹੱਕਦਾਰ ਸੀ। ਸਾਡੇ ਲੇਖ ਦਾ ਵਿਸ਼ਾ ਚਮਕੀਲੇ ਦਾ ਕਤਲ ਜਾਇਜ਼ ਸੀ ਜਾਂ ਨਜਾਇਜ਼, ਇਹ ਵੀ ਨਹੀਂ ਹੈ।
ਉਂਝ, ਜੇ ਇਸ ਬਹਿਸ ਵਿਚ ਸਿਰਫ ਆਮ ਲੋਕ ਸ਼ਾਮਲ ਹੁੰਦੇ ਤਾਂ ਸ਼ਾਇਦ ਬਹੁਤੀ ਹੈਰਾਨੀ ਨਾ ਹੁੰਦੀ ਪਰ ਮੇਰੀ ਹੈਰਾਨੀ ਦਾ ਵਾਇਸ ਇਹ ਗੱਲ ਬਣੀ ਹੈ ਕਿ ਇਸ ਬਹਿਸ ਵਿਚ ਸੰਘਰਸ਼ਸ਼ੀਲ ਅਖਵਾਉਂਦੇ ਸਿੱਖ ਵਿਦਵਾਨ ਵੀ ਪੂਰੇ ਜੋਸ਼-ਓ-ਖਰੋਸ਼ ਨਾਲ ਹਿੱਸਾ ਪਾਉਂਦੇ ਹੋਏ ਕੁਫਰ ਤੋਲ ਰਹੇ ਹਨ। ਖਾਲਿਸਤਾਨੀ ਧਿਰਾਂ ਦੇ ਵਿਦਵਾਨ ਇਸ ਬਹਿਸ-ਮੁਬਾਹਿਸੇ ਵਿਚ ਇਕ ਗੱਲ ਜਾਣੇ-ਅਣਜਾਣੇ ਕਬੂਲ ਕਰ ਗਏ ਕਿ ਖਾੜਕੂਆਂ ਨੇ ਚਮਕੀਲੇ ਦੇ ਕਤਲ ਵਰਗੇ ਕਤਲ ਕੀਤੇ ਹਨ; ਪਹਿਲਾਂ ਇਹੋ ਵਿਦਵਾਨ ਪੰਜਾਬ ਵਿਚ ਹੋਏ ਇਨ੍ਹਾਂ ਕਤਲਾਂ ਲਈ ਖਾੜਕੂ ਧਿਰਾਂ ਨੂੰ ਕਸੂਰਵਾਰ ਠਹਿਰਾਉਣ ਦੀ ਬਜਾਇ ਅਜਿਹੇ ਕਾਰਨਾਮਿਆਂ ਦਾ ਦੋਸ਼ ਸਰਕਾਰੀ ਏਜੰਸੀਆਂ ਜਾਂ ਲੁਟੇਰੇ ਗਰੁੱਪਾਂ ਉੱਤੇ ਆਇਦ ਕਰ ਦਿੰਦੇ ਸਨ, ਹਾਲਾਂਕਿ ਸਾਰੀਆਂ ਸਬੰਧਿਤ ਧਿਰਾਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਖਾਲਿਸਤਾਨੀ ਖਾੜਕੂ ਸਿੰਘਾਂ ਨੇ ਅੰਨ੍ਹੇ ਜੋਸ਼ ਵਿਚ ਅਜਿਹੇ ਕਾਰਨਾਮੇ ਅੰਜਾਮ ਕੀਤੇ ਸਨ।
ਨਕਸਲੀ ਧਿਰਾਂ ਵਿਚੋਂ ਨਿੱਕਲ ਕੇ ਸਿੱਖ ਵਿਦਵਾਨ ਬਣੇ ਇਕ ਸੱਜਣ ਨੇ ਆਪਣੀ ਵੀਡੀਓ ਵਿਚ ਫਤਵਾ ਦਿੱਤਾ: ਚਮਕੀਲੇ ਨੂੰ ਸੁਣ ਕੇ ਮਨੋਰੰਜਨ ਕਰਨ ਵਾਲੇ ਲੋਕ ਮਨੋਰੋਗੀ ਹਨ। ਮੇਰੀ ਮੱਤ ਮੁਤਾਬਕ, ਅਜਿਹੇ ਸਿਆਣਿਆਂ ਨਾਲੋਂ ਮਨੋਰੋਗੀ ਵਾਹ ਭਲੇ, ਜੋ ਕਿਸੇ ਨਿਰਦੋਸ਼ ਦੀ ਜਾਨ ਨਾ ਲੈਂਦੇ ਹੋਣ! ਅਸ਼ਲੀਲ ਗੀਤ ਗਾਉਣ ਕਰਕੇ ਚਮਕੀਲੇ ਨੂੰ ਮੌਤ ਦੀ ਸਜ਼ਾ ਦੇਣ ਵਾਲੇ ਇਸ ਗੱਲੋਂ ਅਣਜਾਣ ਹੀ ਹੋਣਗੇ ਕਿ ਦੁਨੀਆ ਭਰ ਦੇ ਲੋਕ ਗੀਤਾਂ ਵਿਚੋਂ ਬਹੁਤੇ ਗੀਤ ਸੁਸ਼ੀਲਤਾ ਦੇ ਪੈਮਾਨੇ `ਤੇ ਫਿੱਟ ਨਹੀਂ ਬੈਠਦੇ। ਉਦਾਹਰਨ ਲਈ ਪੰਜਾਬੀ ਫੋਕ (ਲੋਕ ਧਾਰਾ) ਵਿਚ ਪਸ਼ੂਆਂ ਦੇ ਪਾਲੀਆਂ ਦੇ ਗੀਤਾਂ ਅਤੇ ਪੁਰਾਣੇ ਸਮੇਂ ਵਿਚ ਗਿੱਧੇ ਵਿਚ ਪਾਈਆਂ ਜਾਣ ਵਾਲੀਆਂ ਬੋਲੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਹੋਰ ਭਾਸ਼ਾਵਾਂ ਦੇ ਲੋਕ ਗੀਤਾਂ ਜਿਵੇਂ ਭੋਜਪੁਰੀ, ਅਵਧੀ, ਗੁਜਰਾਤੀ ਅਤੇ ਯੂਰਪ ਤੇ ਰੂਸ ਦੇ ਜਿਪਸੀਆਂ ਦੇ ਗੀਤਾਂ ਅਤੇ ਲੋਕ ਨਾਚਾਂ ਦਾ ਹਵਾਲਾ ਵੀ ਦਿੱਤਾ ਜਾ ਸਕਦਾ ਹੈ।
ਮੈਂ ਕਿਸੇ ਅਸ਼ਲੀਲਤਾ ਜਾਂ ਲੱਚਰਤਾ ਦੀ ਹਮਾਇਤ ਨਹੀਂ ਕਰ ਰਿਹਾ ਸਗੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਦਿ ਕਾਲ ਤੋਂ ਹੀ ਸਾਰੀਆਂ ਸੱਭਿਆਤਾਵਾਂ ਵਿਚ ਅਜਿਹੇ ਵਰਤਾਰੇ ਪੜ੍ਹਨ-ਸੁਣਨ ਤੇ ਦੇਖਣ ਨੂੰ ਮਿਲਦੇ ਰਹੇ ਹਨ ਪਰ ਜੇ ਇਸ ਦੀ ਸਜ਼ਾ ਮੌਤ ਹੀ ਤੈਅ ਕਰਨੀ ਪਵੇ ਤਾਂ ਦੁਨੀਆ ਦੀ ਅੱਧੀ ਆਬਾਦੀ ਖਤਮ ਹੋ ਜਾਵੇਗੀ। ਇਹ ਵਿਦਵਾਨ ਸੱਜਣ ਵੀ ਇਸ ਸਭ ਕਾਲੇ ਨੂੰ ਭਲੀ-ਭਾਂਤ ਜਾਣਦੇ ਹਨ, ਫਿਰ ਵੀ ਜਾਣ-ਬੁੱਝ ਕੇ ਖਾੜਕੂਆਂ ਦੇ ਮੂਰਖਾਨਾ ਫੈਸਲਿਆਂ ਨੂੰ ਸਹੀ ਠਹਿਰਾਅ ਰਹੇ ਹਨ। ਯਾਦ ਰਹੇ ਕਿ ਅਜਿਹੇ ਮੂੜ੍ਹ-ਮੱਤ ਵਾਲੇ ਕਾਰਨਾਮਿਆਂ ਕਰ ਕੇ ਹੀ ਸਿੱਖ ਖਾੜਕੂ ਲਹਿਰ ਪੰਜਾਬ ਦੇ ਲੋਕਾਂ ਵਿਚੋਂ ਆਪਣਾ ਆਧਾਰ ਗੁਆ ਬੈਠੀ ਸੀ। ਸਿੱਖ ਸੰਘਰਸ਼ ਨੂੰ ਇਸ ਦਾ ਨੁਕਸਾਨ ਹੀ ਝੱਲਣਾ ਪਿਆ।
ਦੁਨੀਆ ਭਰ ਦੀਆਂ ਗੁਰੀਲਾ ਲਹਿਰਾਂ ਨਾਲ ਮਾੜਾ-ਮੋਟਾ ਵਾਹ-ਵਾਸਤਾ ਰੱਖਣ ਵਾਲੇ ਸੱਜਣ ਵੀ ਇਹ ਗੱਲ ਸਮਝਦੇ ਹਨ ਕਿ ਕਿਸੇ ਵੀ ਗੁਰੀਲਾ ਲਹਿਰ ਦੇ ਕਾਮਯਾਬ ਹੋਣ ਲਈ ਉਸ ਨੂੰ ਉਸ ਖਿੱਤੇ ਦੇ ਲੋਕਾਂ ਦੀ ਹਮਦਰਦੀ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਉਹ ਲੜ ਰਹੇ ਹੁੰਦੇ ਹਨ। ਆਪਣੀ ਚੜ੍ਹਾਈ ਦੇ ਦਿਨਾਂ ਵਿਚ ਸਿੱਖ ਖਾੜਕੂ ਲਹਿਰ ਨੇ ਇਸ ਤੱਥ ਨੂੰ ਜਾਣੇ-ਅਣਜਾਣੇ ਅਣਗੌਲਿਆਂ ਕਰ ਛੱਡਿਆ ਅਤੇ ਅੱਜ ਜਦੋਂ ਲਹਿਰ ਦੇ ਪੁਨਰ-ਮੁਲੰਕਣ ਦੀ ਲੋੜ ਹੈ ਤਾਂ ਇਹ ਆਪੂੰ ਬਣੇ ਵਿਦਵਾਨ ਸੱਜਣ ਫੋਕੀ ਵਾਹ-ਵਾਹ ਅਤੇ ਸ਼ੋਹਰਤ ਖਾਤਰ ਸੱਚ ’ਤੇ ਪਰਦਾ ਪਾ ਰਹੇ ਹਨ।
ਚਮਕੀਲਾ ਅਸ਼ਲੀਲ ਗਾਉਂਦਾ ਸੀ, ਮਾਰ ਦਿੱਤਾ ਗਿਆ ਪਰ ਕਤਲਾਂ ਅਤੇ ਵਾਕਿਆਂ ਦੀ ਲਿਸਟ ਤਾਂ ਬਹੁਤ ਲੰਮੀ ਹੈ। ਇਹ ਵੀ ਸੱਚ ਹੈ ਕਿ ਉਸ ਸਮੇਂ ਸਰਕਾਰੀ ਧਿਰ ਨੇ ਵੀ ਚੰਮ ਦੀਆਂ ਚਲਾਈਆਂ, ਝੂਠੇ ਪੁਲਿਸ ਮੁਕਾਬਲੇ ਬਣਾਏ। ਚੰਗੇ ਖਾਂਦੇ-ਪੀਂਦੇ ਘਰਾਂ ਦੇ ਨੌਜਵਾਨ ਚੁੱਕ ਕੇ ਥਾਣਿਆਂ ਅਤੇ ਤਸੀਹਾ ਕੇਂਦਰਾਂ ਵਿਚ ਮੱਛੀਓਂ ਮਾਸ ਕੀਤਾ ਗਿਆ। ਜਿਨ੍ਹਾਂ ਨੇ ਪੈਸੇ ਦੇ ਕੇ ਛੁਡਵਾ ਲਏ, ਉਹ ਤਾਂ ਛੁੱਟ ਗਏ; ਬਾਕੀ ਨਹਿਰਾਂ ਦਰਿਆਵਾਂ ਦੀਆਂ ਮੱਛੀਆਂ ਦਾ ਖਾਣਾ ਬਣਾ ਦਿੱਤੇ ਗਏ। ਉਸ ਸਮੇਂ ਸਰਕਾਰੀ ਅਤੇ ਗੈਰ-ਸਰਕਾਰੀ, ਦੋਹਾਂ ਤਰ੍ਹਾਂ ਦੇ ਅਤਿਵਾਦ ਦਾ ਸੇਕ ਪੰਜਾਬ ਦੇ ਆਮ ਜਨ-ਮਾਨਸ ਨੂੰ ਝੱਲਣਾ ਪਿਆ।
ਪੰਜਾਬ ਪੁਲਿਸ ਦਾ ਉਸ ਸਮੇਂ ਦਾ ਮੁਖੀ ਜੇ.ਐਫ਼. ਰਿਬੈਰੋ ਆਪਣੀ ਪੁਸਤਕ ‘ਬੁਲਟ ਫਾਰ ਬੁਲਟ’ ਵਿਚ ਇਹ ਇਨਸਾਫ਼ ਕਰਦਾ ਹੈ ਕਿ ਖਾੜਕੂਆਂ ਨੂੰ ਆਮ ਲੋਕਾਂ ਨਾਲੋਂ ਦੂਰ ਕਰਨ ਵਾਸਤੇ ਸਮਾਜ ਸੁਧਾਰ ਲਹਿਰ ਦਾ ਵਿਚਾਰ ਸਰਕਾਰੀ ਏਜੰਸੀਆਂ ਨੇ ਖਾੜਕੂ ਧਿਰਾਂ ਅੰਦਰ ਸੁੱਟਿਆ ਤੇ ਹੈਰਾਨੀ ਵਾਲੀ ਗੱਲ ਸੀ ਕਿ ਇਕ ਅੱਧ ਜੱਥੇਬੰਦੀ ਨੂੰ ਛੱਡ ਕੇ ਬਾਕੀਆਂ ਨੇ ਇਸ ਏਜੰਡੇ ਨੂੰ ਨਾ ਸਿਰਫ ਅਪਨਾਇਆ ਸਗੋਂ ਬਿਨਾ ਸੋਚੇ ਸਮਝੇ ਸਖਤੀ ਨਾਲ ਲੋਕਾਂ ’ਤੇ ਲਾਗੂ ਕਰਵਾਉਣਾ ਸ਼ੁਰੂ ਕਰ ਦਿੱਤਾ; ਸਿੱਟੇ ਵਜੋਂ ਆਪ-ਮੁਹਾਰੇ ਕਤਲਾਂ ਦੀ ਲੜੀ ਲੱਗ ਗਈ। ਇਨ੍ਹਾਂ ਵਿਚ ਪਾਸ਼, ਫਿਲਮੀ ਅਦਾਕਾਰ ਵਰਿੰਦਰ, ਜੈਮਲ ਪੱਡਾ, ਰਵਿੰਦਰ ਰਵੀ, ਐੱਨ.ਕੇ. ਤਿਵਾੜੀ ਅਤੇ ਹੋਰ ਵੀ ਬਹੁਤ ਨਾਮ ਜ਼ਿਕਰਯੋਗ ਹਨ। ਰਵਿੰਦਰ ਰਵੀ ਦੇ ਕਤਲ ਤੋਂ ਬਾਅਦ ਖਾੜਕੂ ਲਹਿਰ ਨਾਲ ਹਮਦਰਦੀ ਰੱਖਣ ਵਾਲੇ ਉਘੇ ਲੇਖਕ ਜਸਵੰਤ ਸਿੰਘ ਕੰਵਲ ਵਰਗੇ ਦਾਨਿਸ਼ਵਰਾਂ ਨੂੰ ਵੀ ਕਹਿਣਾ ਪਿਆ, “ਓ ਮੁੰਡਿਓ! ਤੁਸੀਂ ਸਾਹਿਤਕਾਰਾਂ ਕਵੀਆਂ ਨੂੰ ਮਾਰ ਕੇ ਪੰਜਾਬ ਦੇ ਸਿਰ ਵੱਢੀ ਜਾ ਰਹੇ ਹੋ।”
ਕਿਸੇ ਖਾਦੇ-ਪੀਂਦੇ ਜੱਟ ਪਰਿਵਾਰ ਨੂੰ ਧਮਕੀ ਭਰੇ ਪੱਤਰ ਲਿਖ ਕੇ ਪੈਸੇ ਮੰਗਣਾ ਆਮ ਜਿਹੀ ਗੱਲ ਸੀ। ਬੱਸਾਂ ਅਤੇ ਟਰੇਨਾਂ ਵਿਚੋਂ ਕੱਢ ਕੇ ਗੈਰ-ਸਿੱਖ ਲੋਕਾਂ ਨੂੰ ਮਾਰਨ ਦੀਆਂ ਵੱਡੀਆਂ ਘਟਨਾਵਾਂ ਹੋਈਆਂ। ਕਿਸੇ ਵੀ ਵਿਰੋਧੀ ਨੂੰ ਪੁਲਿਸ ਟਾਊਟ ਦਾ ਲੇਬਲ ਲਗਾ ਕੇ ਗੋਲੀ ਮਾਰ ਦੇਣ ਤਾਂ ਰਿਵਾਜ਼ ਹੀ ਬਣ ਗਿਆ ਸੀ ਜਿਸ ਦਾ ਸ਼ਿਕਾਰ ਅਮਰ ਸਿੰਘ ਅੱਚਰਵਾਲ ਅਤੇ ਪਰਮਿੰਦਰ ਸਿੰਘ ਹਾਂਸ ਵਰਗੇ ਸੁਹਿਰਦ ਇਨਸਾਨ ਵੀ ਬਣੇ।
ਜਗਰਾਉਂ ਇਲਾਕੇ ਵਿਚ ਹੋਏ ਪਰਮਿੰਦਰ ਸਿੰਘ ਹਾਂਸ ਦੇ ਕਤਲ ਦਾ ਜ਼ਿਕਰ ਜ਼ਰੂਰੀ ਹੈ। ਜੇ ਤੁਸੀਂ ਭਾਈ ਰਣਧੀਰ ਸਿਘ ਨਾਰੰਗਵਾਲ ਜੋ ਗਦਰੀ ਹੋਏ ਹਨ ਅਤੇ ਜਿਨ੍ਹਾਂ ਨੂੰ ਸਿੱਖ ਖਾੜਕੂ ਜੱਥੇਬੰਦੀ ਬੱਬਰ ਖਾਲਸਾ ਆਪਣਾ ਆਦਰਸ਼ ਮੰਨਦੀ ਹੈ, ਦੀ ਕਿਤਾਬ ‘ਜੇਲ੍ਹ ਚਿੱਠੀਆਂ’ ਪੜ੍ਹੀ ਹੋਵੇ ਤਾਂ ਉਸ ਵਿਚ ਭਾਈ ਸਾਹਿਬ ਆਪਣੇ ਬਹੁਤ ਨਜ਼ਦੀਕੀ ਸਾਥੀ ਅਰਜਨ ਸਿੰਘ ਜਗਰਾਉਂ ਦਾ ਜ਼ਿਕਰ ਵਾਰ-ਵਾਰ ਕਰਦੇ ਹਨ। ਇਹ ਬਾਬਾ ਅਰਜਨ ਸਿੰਘ ਜਗਰਾਉਂ ਭਾਈ ਸਾਹਿਬ ਦੇ ਸਾਥੀਆਂ ਵਿਚੋਂ ਸਨ ਜਿਨ੍ਹਾਂ ਨੇ ਉਨ੍ਹਾਂ ਨਾਲ ਲੰਮਾ ਸਮਾਂ ਜੇਲ੍ਹ ਕੱਟੀ। ਇਨ੍ਹਾਂ ਦਾ ਪਰਿਵਾਰ ਜਗਰਾਉਂ ਦੇ ਅਗਵਾੜ ਲੋਪੋ ਵਿਚ ਰਹਿੰਦਾ ਸੀ। ਇਨ੍ਹਾਂ ਦੇ ਲੜਕੇ ਕਾਬਲ ਸਿਘ ਕੋਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕੀਪਾ ਸ਼ੇਖੂਪੁਰੀਆ ਗਰੁੱਪ ਨੇ ਫਿਰੌਤੀ ਮੰਗੀ। ਕਾਬਲ ਸਿੰਘ ਖੁਦ ਵੀ ਖਾੜਕੂ ਸੁਭਾਅ ਵਾਲਾ ਬੰਦਾ ਸੀ ਅਤੇ ਉਸ ਨੂੰ ਇਸ ਗੱਲ ਦਾ ਵੀ ਯਕੀਨ ਸੀ ਕਿ ਉਹ ਗਦਰੀ ਬਾਬੇ ਅਰਜਨ ਸਿੰਘ ਦਾ ਪੁੱਤਰ ਹੈ; ਸੋ, ਖਾੜਕੂ ਉਸ ਦੇ ਪਿਤਾ ਦੇ ਸਤਿਕਾਰ ਵਜੋਂ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਕਰਨ ਤੋਂ ਗੁਰੇਜ਼ ਕਰਨਗੇ ਪਰ ਅਜਿਹਾ ਨਹੀਂ ਹੋਇਆ। ਇਕ ਰਾਤ ਕੀਪੇ ਦੇ ਗਰੁੱਪ ਨੇ ਕਾਬਲ ਸਿੰਘ ਦੇ ਘਰ ’ਤੇ ਹਮਲਾ ਕਰ ਦਿੱਤਾ। ਕਾਬਲ ਸਿੰਘ ਨੇ ਆਪਣੇ ਲਾਇਸੰਸੀ ਹਥਿਆਰਾਂ ਨਾਲ ਜਵਾਬ ਦਿੱਤਾ। ਕੀਪੇ ਸ਼ੇਖੂਪੁਰੀਏ ਦੇ ਗਰੁੱਪ ਦਾ ਇਕ ਖਾੜਕੂ ਸੁਖਵਿੰਦਰ ਸਿੰਘ ਦੋਧੀ ਕੰਧ ਟੱਪਣ ਲੱਗਿਆ ਕਾਬਲ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ। ਹਮਲਾ ਕਰਨ ਵਾਲਾ ਬਾਕੀ ਟੋਲਾ ਭੱਜ ਗਿਆ।
ਕਾਬਲ ਸਿੰਘ ਦੀ ਭੈਣ (ਬਾਬਾ ਅਰਜਨ ਸਿੰਘ ਦੀ ਲੜਕੀ) ਪਿੰਡ ਹਾਂਸ ਕਲਾਂ ਵਿਚ ਪਰਮਿੰਦਰ ਸਿੰਘ ਹਾਂਸ ਨੂੰ ਵਿਆਹੀ ਹੋਈ ਸੀ। ਪਰਮਿੰਦਰ ਸਿੰਘ ਹਾਂਸ ਪੰਜਾਬ ਮੰਡੀ ਬੋਰਡ ਵਿਚ ਬਤੌਰ ਇੰਸਪੈਕਟਰ ਨੌਕਰੀ ਕਰਨ ਵਾਲਾ ਬਹੁਤ ਹੀ ਸਾਊ ਸੁਭਾਅ ਦਾ ਬੰਦਾ ਸੀ ਜੋ ਕਿਸੇ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਲੀਡਰ ਰਿਹਾ ਸੀ। ਕੀਪੇ ਸ਼ੇਖੂਪੁਰੀਏ ਦੇ ਗਰੁੱਪ ਨੇ ਪਰਮਿੰਦਰ ਸਿੰਘ ਹਾਂਸ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਕਿਉਂਕਿ ਕਾਬਲ ਸਿੰਘ ਤੱਕ ਉਨ੍ਹਾਂ ਦਾ ਹੱਥ ਨਹੀਂ ਪੈਂਦਾ ਸੀ। ਕਾਬਲ ਸਿੰਘ ਹਰ ਦਮ ਹਥਿਆਰਬੰਦ ਰਹਿੰਦਾ ਸੀ। ਉਧਰ, ਪਰਮਿੰਦਰ ਸਿੰਘ ਨਿਹੱਥਾ ਹੋਣ ਕਰ ਕੇ ਅਸਾਨ ਨਿਸ਼ਾਨਾ ਬਣਾਇਆ ਜਾ ਸਕਦਾ ਸੀ।
ਪਿੰਡ ਹਾਂਸ ਕਲਾਂ ਦੇ ਹੀ ਕੁਝ ਮੁੰਡੇ ਲਿਬਰੇਸ਼ਨ ਫੋਰਸ ਦੇ ਸੰਪਰਕ ਵਿਚ ਸਨ। ਉਨ੍ਹਾਂ ਰਾਹੀਂ ਇਹ ਭਿਣਕ ਪਰਮਿੰਦਰ ਸਿੰਘ ਨੂੰ ਵੀ ਲੱਗ ਗਈ। ਉਸ ਨੇ ਕੁਝ ਜਾਣੂ ਬੰਦੇ ਵਿਚ ਪਾ ਕੇ ਕੀਪੇ ਸ਼ੇਖੂਪੁਰੀਏ ਤੱਕ ਪਹੁੰਚ ਕੀਤੀ ਅਤੇ ਆਪਣਾ ਪੱਖ ਦੱਸਿਆ ਕਿ ਇਹ ਗੱਲ ਠੀਕ ਹੈ, ਕਾਬਲ ਸਿੰਘ ਉਹਦਾ ਰਿਸ਼ਤੇਦਾਰ ਹੈ ਪਰ ਸੁਖਵਿੰਦਰ ਸਿੰਘ ਦੋਧੀ ਦੇ ਕਤਲ ਅਤੇ ਕਾਬਲ ਸਿੰਘ ਦੀਆਂ ਸਿਆਸੀ ਗਤੀਵਿਧੀਆਂ ਨਾਲ ਉਹਦਾ ਕੋਈ ਵਾਹ ਵਾਸਤਾ ਨਹੀਂ।
ਖੈਰ! ਕੀਪੇ ਨੇ ਪਰਮਿੰਦਰ ਸਿੰਘ ਨਾਲ ਹੱਥ ਮਿਲਾਇਆ ਅਤੇ ਯਕੀਨ ਦਿਵਾਇਆ ਕਿ ਉਸ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਪਰ ਵਾਅਦਾ ਵਫ਼ਾ ਨਾਲ ਹੋਇਆ। ਕੁਝ ਦਿਨਾਂ ਮਗਰੋਂ ਪਿੰਡ ਹਾਂਸ ਕਲਾਂ ਦੀ ਦਾਣਾ ਮੰਡੀ ਵਿਚ ਪਰਮਿੰਦਰ ਸਿੰਘ ਨੂੰ ਕੀਪੇ ਦੇ ਗਰੁੱਪ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ। ਕੀਪੇ ਸ਼ੇਖੂਪੁਰੀਏ ਦੇ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ। ਕਾਬਲ ਸਿੰਘ ਅਤੇ ਖਾੜਕੂਆਂ ਦੀ ਦੁਸ਼ਮਣੀ ਵਿਚ ਨਿਰਦੋਸ਼ ਪਰਮਿੰਦਰ ਸਿੰਘ ਹਾਂਸ ਦੀ ਬਲੀ ਦੇ ਦਿੱਤੀ ਗਈ!
ਇਹ ਘਟਨਾ ਸਿਰਫ਼ ਉਦਾਹਰਨ ਮਾਤਰ ਹੈ। ਅਜਿਹੀਆਂ ਅਣਗਿਣਤ ਹੋਰ ਉਦਾਹਰਨਾਂ ਸਮੇਂ ਦੀ ਗਰਦ ਅੰਦਰ ਲੁਕੀਆਂ ਪਈਆਂ ਹਨ, ਜੇ ਇਹ ਗਰਦ ਝਾੜੀ ਜਾਵੇ ਤਾਂ ਸਿੱਖ ਖਾੜਕੂ ਲਹਿਰ ਵਿਚਲੇ ਆਪ-ਹੁਦਰੇ ਤੱਤਾਂ ਦੇ ਕਾਰਨਾਮੇ ਜੱਗ-ਜ਼ਾਹਿਰ ਹੋਣੇ ਸੁਭਾਵਿਕ ਹਨ। ਸਮਾਜ ਸੁਧਾਰ ਦੀ ਆੜ ਹੇਠ ਕੀ ਕੁਝ ਕੀਤਾ ਗਿਆ, ਇਸ ਦੀ ਬੜੀ ਲੰਮੀ ਲਿਸਟ ਹੈ। ਇਸ ਦਾ ਜਵਾਬ ਨਕਸਲੀਆਂ ਤੋਂ ਸਿੱਖ ਵਿਦਵਾਨ ਬਣੇ ਬੁੱਧੀਜੀਵੀਆਂ ਕੋਲੋਂ ਨਹੀਂ ਦੇ ਹੋਣਾ। ਬੱਸਾਂ ਟਰੇਨਾਂ ਵਿਚੋਂ ਕੱਢ ਕੇ ਹਿੰਦੂਆਂ ਦੇ ਕਤਲ, ਪੰਜਾਬ ਪੁਲਿਸ ਦੇ ਪਰਿਵਾਰਾਂ ਦੇ ਕਤਲ, ਸ਼ਰਾਬ ਦੇ ਠੇਕੇ ਦੇ ਕਰਿੰਦਿਆਂ ਦੇ ਕਤਲ, ਵਿਰੋਧੀ ਸੁਰ ਰੱਖਣ ਵਾਲੇ ਕਾਮਰੇਡ ਵਿਦਵਾਨਾਂ ਦੇ ਕਤਲ, ਕੇਸ ਕੱਟਣ ਵਾਲੇ ਨਾਈਆਂ ਤੇ ਬੱਕਰੇ ਵੱਢਣ ਵਾਲੇ ਕਸਾਈਆਂ ਦੇ ਕਤਲ, ਨਕਲ ਕਰਵਾਉਣ ਵਾਲੇ ਮਾਸਟਰਾਂ ਦੇ ਕਤਲ, ਪੋਲਟਰੀ ਫਾਰਮਾਂ ਵਾਲੇ ਕਿਸਾਨਾਂ ਦੇ ਕਤਲ; ਗੱਲ ਕੀ ਸਮਾਜ ਦੇ ਹਰ ਵਰਗ ਉੱਤੇ ਆਪਣੇ ਬਣਾਏ ਅਸੂਲ ਸਖ਼ਤੀ ਨਾਲ ਲਾਗੂ ਕਰਵਾਉਣਾ ਉਸ ਸਮੇਂ ਏ.ਕੇ. ਸੰਤਾਲੀਆਂ ਗਲਾਂ ਵਿਚ ਪਾਈ ਫਿਰਦੇ ਯੋਧਿਆਂ ਦਾ ਸ਼ੁਗਲ ਸੀ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਸਿੱਖੀ, ਖਾਲਿਸਤਾਨ, ਪੰਜਾਬ ਸਮੱਸਿਆ, ਧਰਮ ਅਤੇ ਸਿਆਸਤ ਦਾ ਊੜਾ ਐੜਾ ਵੀ ਨਹੀਂ ਪਤਾ ਸੀ।
ਅੰਤ ਵਿਚ ਇਹੀ ਕਹਿਣਾ ਚਾਹਾਂਗਾ ਕਿ ਚਮਕੀਲੇ ਦੇ ਕਤਲਾਂ ਵਰਗੇ ਅਨੇਕ ਹੋਰ ਅੰਨ੍ਹੇਵਾਹ ਕੀਤੇ ਕਤਲਾਂ ਕਰ ਕੇ ਹੀ ਖਾਲਿਸਤਾਨੀ ਲਹਿਰ ਆਪਣੇ ਪਤਨ ਵੱਲ ਵਧੀ। ਅਜਿਹੀ ਕਤਲੋਗਾਰਤ ਦੀ ਅੰਨ੍ਹੀ ਹਮਾਇਤ ਕਰਨ ਵਾਲੇ ਅਖੌਤੀ ਸਿੱਖ ਵਿਦਵਾਨਾਂ ਕੋਲੋਂ ਸਿੱਖ ਕੌਮ ਦੀ ਨੌਜਵਾਨੀ ਨੂੰ ਚੌਕਸ ਰਹਿਣ ਦੀ ਲੋੜ ਹੈ; ਨਹੀਂ ਤਾਂ ਦੇਰ ਸਵੇਰ ਇਹ ਲੋਕ ਫਿਰ ਆਪਣੇ ਸ਼ਬਦ ਜਾਲ ਵਿਚ ਫਸਾ ਕੇ ਪੰਜਾਬ, ਪੰਥ ਅਤੇ ਨੌਜਵਾਨੀ ਨੂੰ ਅੰਨ੍ਹੇ ਖੂਹ ਵਿਚ ਸੁੱਟਣ ਤੋਂ ਗੁਰੇਜ਼ ਨਹੀਂ ਕਰਨਗੇ।