ਰਾਖਵਾਂਕਰਨ, ਆਰ.ਐੱਸ.ਐੱਸ. ਤੇ ਇਤਿਹਾਸਕ ਤੱਥ

ਡਾ. ਸ਼ਮਸੁਲ ਇਸਲਾਮ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਆਰ.ਐੱਸ.ਐੱਸ. ਦੇ ਰਾਜਨੀਤਕ ਵਿੰਗ- ਭਾਜਪਾ ਦੀ ਲੀਡਰਸ਼ਿਪ ਖਾਸ ਕਰ ਕੇ ਇਸ ਦੇ ਸਟਾਰ ਪ੍ਰਚਾਰਕ ਨਰਿੰਦਰ ਮੋਦੀ ਵੱਲੋਂ ਬਾਕੀ ਮੁੱਦਿਆਂ ਵਾਂਗ ਰਾਖਵੇਂਕਰਨ ਦੇ ਮੁੱਦੇ ਨੂੰ ਵੀ ਕਾਂਗਰਸ ਦਾ ਮੁਸਲਮਾਨਾਂ ਨੂੰ ਖੁਸ਼ ਕਰਨ ਦਾ ਮੁੱਦਾ ਬਣਾ ਕੇ ਨਫ਼ਰਤ ਭੜਕਾਈ ਜਾ ਰਹੀ ਹੈ।

23 ਅਪਰੈਲ ਨੂੰ ਰਾਜਸਥਾਨ ਦੇ ਟੋਂਕ ਅਤੇ ਹੋਰ ਚੋਣ ਰੈਲੀਆਂ ਵਿਚ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਐੱਸ.ਸੀ. ਅਤੇ ਐੱਸ.ਟੀ. ਦੇ ਨਿਰਧਾਰਤ ਕੋਟੇ ਵਿਚੋਂ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਚਾਹੁੰਦੀ ਹੈ। ਦੂਜੇ ਪਾਸੇ, ਪਿਛਲੇ ਦਿਨੀਂ ਆਰ.ਐੱਸ.ਐੱਸ. ਦੇ ਸੁਪਰੀਮੋ ਮੋਹਨ ਭਾਗਵਤ ਨੇ ਦਾਅਵਾ ਕੀਤਾ ਹੈ ਕਿ ਆਰ.ਐੱਸ.ਐੱਸ. ਕਦੇ ਵੀ ਰਾਖਵੇਂਕਰਨ ਦੇ ਖਿਲਾਫ਼ ਨਹੀਂ ਰਿਹਾ। ਸਤੰਬਰ 2023 `ਚ ਵੀ ਮੋਹਨ ਭਾਗਵਤ ਨੇ ਆਪਣੇ ‘ਵਿਜੇ ਦਸ਼ਮੀ` ਭਾਸ਼ਣ ਵਿਚ ਦਲਿਤਾਂ ਨੂੰ ਭਰਮਾਉਣ ਲਈ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਸੀ। ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਉੱਘੇ ਵਿਦਵਾਨ ਡਾ. ਸ਼ਮਸੁੱਲ ਇਸਲਾਮ ਨੇ ਇਤਿਹਾਸਕ ਤੱਥਾਂ ਦੇ ਹਵਾਲੇ ਦੇ ਕੇ ਸੰਘ ਬ੍ਰਿਗੇਡ ਦਾ ਇਹ ਝੂਠ ਬੇਪਰਦ ਕੀਤਾ ਹੈ। ਮੁੱਦੇ ਦੇ ਮਹੱਤਵ ਦੇ ਮੱਦੇਨਜ਼ਰ ਇਸ ਖਾਸ ਟਿੱਪਣੀ ਦਾ ਅਨੁਵਾਦ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸੰਸਾਰ ਵਿਚ ਹਿੰਦੂਆਂ ਦੀ ਸਭ ਤੋਂ ਵੱਡੀ ਜਥੇਬੰਦੀ ਹੋਣ ਦਾ ਦਾਅਵਾ ਕਰਨ ਵਾਲਾ ਆਰ.ਐੱਸ.ਐੱਸ. ਦਰਅਸਲ ਅਜਿਹੀ ਨਿਆਰੀ ਸੰਸਥਾ ਹੈ ਜੋ ਆਪਣੇ ਕਾਡਰਾਂ ਨੂੰ ਨਿਰੋਲ ਗੋਇਬਲੀ (ਹਿਟਲਰ ਦਾ ਪ੍ਰਾਪੇਗੰਡਾ ਮੁਖੀ ਗੋਇਬਲਜ਼) ਪਰੰਪਰਾ ਅਨੁਸਾਰ ਝੂਠ ਘੜਨ ਅਤੇ ਫੈਲਾਉਣ ਦੀ ਸਿਖਲਾਈ ਦਿੰਦਾ ਹੈ। ਇਹ ਗੁਰੂਕੁਲ ਵਜੋਂ ਕੰਮ ਕਰਦਾ ਹੈ; ਹਿੰਦੂ ਉੱਚ ਜਾਤੀਆਂ ਲਈ ਉੱਚ ਜਾਤੀ ਸਿਖਲਾਈ ਸੰਸਥਾ ਜਿੱਥੇ ਵਿਦਿਆਰਥੀ ਉਸ ਅਭਿਆਸ `ਚ ਗ੍ਰੈਜੂਏਟ ਬਣਦੇ ਹਨ ਜਿਸ ਨੂੰ ਜਾਰਜ ਔਰਵੈੱਲ ਨੇ ਦੋਗਲੀ ਜ਼ੁਬਾਨ ਕਿਹਾ ਸੀ। ਇਸ ਤਰ੍ਹਾਂ ਆਰ.ਐੱਸ.ਐੱਸ. ਨੂੰ ‘ਰਾਜਨੀਤਕ ਦੋਗਲੀ ਜੀਭ ਸਹਾਰੇ ਵਧਣ-ਫੁੱਲਣ ਵਾਲੀ ਸੰਸਥਾ’ ਵਜੋਂ ਬਿਲਕੁਲ ਸਹੀ ਦਰਸਾਇਆ ਗਿਆ ਹੈ (ਦਿ ਟਾਈਮਜ਼ ਆਫ ਇੰਡੀਆ, 26 ਅਗਸਤ 2002 ਦੀ ਰਿਪੋਰਟ ਅਨੁਸਾਰ ਇਸ ਨੂੰ ਸੰਪਾਦਨ ਕਰ ਕੇ ‘ਸੰਘ ਦੀ ਤੀਹਰੀ ਜ਼ੁਬਾਨ` ਕਰ ਲੈਣਾ ਚਾਹੀਦਾ ਹੈ)। ਝੂਠਾਂ ਜ਼ਰੀਏ ਹੀ ਨੀਵੀਆਂ ਜਾਤੀਆਂ, ਘੱਟ-ਗਿਣਤੀਆਂ ਅਤੇ ਬਹੁ-ਸਭਿਆਚਾਰਵਾਦ ਦੇ ਹੱਕ `ਚ ਖੜ੍ਹਨ ਵਾਲੇ ਸਾਰੇ ਲੋਕਾਂ ਵਿਰੁੱਧ ਜ਼ਹਿਰ ਫੈਲਾਇਆ ਜਾਂਦਾ ਹੈ।
ਭਾਰਤ ਦਾ ਆਰ.ਐੱਸ.ਐੱਸ. ਦੇ ਇਸ ਅੰਦਰੂਨੀ ਗੁਣ ਨਾਲ ਹੁਣੇ ਜਿਹੇ ਵਾਹ ਪਿਆ ਜਦੋਂ ਇਸ ਦੇ ਸੁਪਰੀਮੋ ਮੋਹਨ ਭਾਗਵਤ ਨੇ ਹੈਦਰਾਬਾਦ (28 ਅਪਰੈਲ, 2024) ਵਿਚ ਭਾਸ਼ਣ ਵਿਚ (ਜਿਸ ਵਿਚ ਆਰ.ਐੱਸ.ਐੱਸ. ਦੇ ਇਕ ਮਹਾਂ ਵਿਦਵਾਨ ਨੇ ਸੰਵਿਧਾਨਕ ਰਿਜ਼ਰਵੇਸ਼ਨ ਖਤਮ ਕਰਨ ਦਾ ਸੱਦਾ ਦਿੱਤਾ ਸੀ) ਕਿਹਾ: “ਯੇ ਗ਼ਲਤ ਬਾਤ ਹੈ, ਅਸੱਤਿਆ ਹੈ… ਸੰਘ ਸ਼ੁਰੂ ਤੋਂ ਹੀ ਸੰਵਿਧਾਨ ਅਨੁਸਾਰ ਹਰ ਤਰ੍ਹਾਂ ਦੇ ਰਾਖਵੇਂਕਰਨ ਦੀ ਹਮਾਇਤ ਕਰਦਾ ਰਿਹਾ ਹੈ; ਤੇ ਸੰਘ ਦਾ ਕਹਿਣਾ ਹੈ ਕਿ ਇਹ ਉਦੋਂ ਤੱਕ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤੱਕ ਜਿਨ੍ਹਾਂ ਲਈ ਇਹ ਹੋਂਦ `ਚ ਹੈ, ਮਹਿਸੂਸ ਕਰਦੇ ਹਨ ਕਿ ਇਹ ਜ਼ਰੂਰੀ ਹੈ… ਇਹ (ਰਾਖਵਾਂਕਰਨ ਨੀਤੀ) ਉਦੋਂ ਤੱਕ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤੱਕ ਸਮਾਜ ਵਿਚ ਵਿਤਕਰਾ ਮੌਜੂਦ ਹੈ।”
ਜਦੋਂ ਆਜ਼ਾਦ ਭਾਰਤ ਦੇ ਸੰਵਿਧਾਨ ਦੇ ਸੰਸਥਾਪਕਾਂ ਨੇ ਅਨੁਸੂਚਿਤ ਕਬੀਲਿਆਂ ਅਤੇ ਅਨੁਸੂਚਿਤ ਜਾਤੀਆਂ ਲਈ ਰਾਖਵੇਂਕਰਨ ਦੀ ਵਿਵਸਥਾ ਕੀਤੀ ਸੀ ਤਾਂ ਆਰ.ਐੱਸ.ਐੱਸ. ਦੇ ਸਭ ਤੋਂ ਪ੍ਰਮੁੱਖ ਨੀਤੀਘਾੜੇ/ਸਿਧਾਂਤਕਾਰ ਅਤੇ ਸੰਗਠਨ ਦੇ ਦੂਜੇ ਸੁਪਰੀਮੋ, ਐੱਮ.ਐੱਸ. ਗੋਲਵਲਕਰ ਨੇ ਸਖਤ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ ਇਹ ਦੋਸ਼ ਲਗਾਇਆ ਸੀ ਕਿ ਹੁਕਮਰਾਨ “ਹਿੰਦੂ ਸਮਾਜਿਕ ਏਕਤਾ ਦੀਆਂ ਜੜ੍ਹਾਂ ਪੁੱਟ ਰਹੇ ਹਨ ਅਤੇ ਪਛਾਣ ਦੀ ਉਸ ਭਾਵਨਾ ਨੂੰ ਨਸ਼ਟ ਕਰ ਰਹੇ ਹਨ ਜਿਸ ਨੇ ਅਤੀਤ ਵਿਚ ਸਾਰੇ ਵੱਖ-ਵੱਖ ਸੰਪਰਦਾਵਾਂ ਨੂੰ ਇਕਸੁਰਤਾ ਵਿਚ ਬੰਨ੍ਹ ਕੇ ਰੱਖਿਆ ਸੀ।”(ਐੱਨ.ਐੱਲ. ਗੁਪਤਾ ਦੀ ਲਿਖਤ ‘ਆਰ.ਐੱਸ.ਐੱਸ. ਅਤੇ ਲੋਕਤੰਤਰ’ ਵਿਚ ਹਵਾਲਾ – ਦਿੱਲੀ: ਸੰਪਦਾਇਕਤਾ ਵਿਰੋਧੀ ਕਮੇਟੀ, ਪੰਨਾ 17)।
ਉਸ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਨੀਵੀਆਂ ਜਾਤਾਂ ਦੀ ਅਣਦੇਖੀ ਦੀ ਜੜ੍ਹ ਹਿੰਦੂ ਸਮਾਜਿਕ ਪ੍ਰਬੰਧ ਹੈ (ਐੱਮ.ਐੱਸ. ਗੋਲਵਲਕਰ, ‘ਬੰਚ ਆਫ਼ ਥਾਟਸ- ਚੋਣਵੀਆਂ ਲਿਖਤਾਂ/ਭਾਸ਼ਣ/ਇੰਟਰਵਿਊ’, ਸਾਹਿਤ ਸਿੰਧੂ ਪ੍ਰਕਾਸ਼ਨ ਬੰਗਲੌਰ, 1996, ਤੀਜਾ ਐਡੀਸ਼ਨ, ਪੰਨਾ 363)। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ: “ਸੰਵਿਧਾਨ ਵਿਚ ਹਰੀਜਨਾਂ ਨੂੰ ਦਿੱਤੀ ਸੁਰੱਖਿਆ ਅਤੇ ਇਸ ਤੋਂ ਬਾਅਦ ਕੀਤੇ ਵਿਸਤਾਰ ਬਾਰੇ ਕੀ ਕਹਿਣਾ ਹੈ?” ਉਸ ਦਾ ਜਵਾਬ ਸੀ: “ਡਾ. ਅੰਬੇਡਕਰ ਨੇ 1950 ਵਿਚ ਗਣਤੰਤਰ ਬਣਨ ਦੇ ਦਿਨ ਤੋਂ ਸਿਰਫ 10 ਸਾਲਾਂ ਲਈ ‘ਅਨੁਸੂਚਿਤ ਜਾਤੀਆਂ` ਲਈ ਵਿਸ਼ੇਸ਼ ਅਧਿਕਾਰ ਦੀ ਕਲਪਨਾ ਕੀਤੀ ਸੀ ਪਰ ਇਹ ਜਾਰੀ ਹੈ, ਇਸ ਨੂੰ ਵਧਾਇਆ ਜਾ ਰਿਹਾ ਹੈ। ਸਿਰਫ ਜਾਤੀ ਦੇ ਆਧਾਰ ‘ਤੇ ਵਿਸ਼ੇਸ਼ ਅਧਿਕਾਰਾਂ ਦੇ ਜਾਰੀ ਰਹਿਣ ਨਾਲ ਉਨ੍ਹਾਂ ਵਿਚ ਵੱਖਰੀ ਹਸਤੀ ਦੇ ਤੌਰ ‘ਤੇ ਬਣੇ ਰਹਿਣ ਦਾ ਸਵਾਰਥ ਪੈਦਾ ਹੋਣਾ ਹੀ ਹੈ। ਇਸ ਨਾਲ ਬਾਕੀ ਸਮਾਜ (ਹਿੰਦੂ ਸਮਾਜ) ਨਾਲ ਉਨ੍ਹਾਂ ਦੇ ਇਕ ਹੋਣ ਨੂੰ ਨੁਕਸਾਨ ਹੋਵੇਗਾ।” (ਐੱਮ.ਐੱਸ. ਗੋਲਵਲਕਰ, ‘ਸਪੌਟਲਾਈਟਸ, ਸਾਹਿਤ ਸਿੰਧੂ ਪ੍ਰਕਾਸ਼ਨ ਬੰਗਲੌਰ, 1974, ਪੰਨਾ 16)।
ਗੋਲਵਲਕਰ ਲਈ ਅਸਲ ਮੁੱਦਾ ਇਹ ਨਹੀਂ ਸੀ ਕਿ ਅਤੀਤ ਵਿਚ ਹਜ਼ਾਰਾਂ ਸਾਲਾਂ ਤੋਂ ਨੀਵੀਆਂ ਜਾਤਾਂ (ਸ਼ੂਦਰਾਂ/ਦਲਿਤਾਂ) ਨਾਲ ਹੋਏ ਅਨਿਆਂ ਨੂੰ ਕਿਵੇਂ ਦੂਰ ਕੀਤਾ ਜਾਵੇ ਸਗੋਂ ਉਸ ਦੀ ਅਸਲ ਚਿੰਤਾ ਇਹ ਸੀ ਕਿ “ਇਹ ਦੇਖਣ ਲਈ ਅਤਿਅੰਤ ਧਿਆਨ ਰੱਖੋ ਕਿ ਉਨ੍ਹਾਂ ਦੀ ਅਲਹਿਦਗੀ ਨੂੰ ਹੁਲਾਰਾ ਨਾ ਮਿਲੇ” (ਐੱਮ.ਐੱਸ. ਗੋਲਵਲਕਰ, ‘ਸਪੌਟਲਾਈਟਸ’, ਸਾਹਿਤ ਸਿੰਧੂ ਪ੍ਰਕਾਸ਼ਨ ਬੰਗਲੌਰ, 1974, ਪੰਨਾ 184)। ਉਸ ਨੇ ਇਸ ਤੱਥ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਕਿ ਭਾਰਤ ਵਿਚ ਨੀਵੀਆਂ ਜਾਤਾਂ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ। ਭਾਰਤ ਦੇ ਇਕ ਹਿੱਸੇ `ਚ ਦਲਿਤਾਂ ਦੇ ਵੱਡੇ ਕਤਲੇਆਮ ’ਤੇ ਪ੍ਰਤੀਕਰਮ ਕਰਦੇ ਹੋਏ ਉਸ ਨੇ 14 ਅਕਤੂਬਰ 1972 ਨੂੰ ਲਿਖਿਆ: “ਅੱਜ ਕੱਲ੍ਹ ਆਮ ਘਟਨਾਵਾਂ ਨੂੰ ਵੀ ਹਰੀਜਨ ਗੈਰ-ਹਰੀਜਨ ਰੰਗਤ ਦੇਣ ਦਾ ਰੁਝਾਨ ਹੈ, ਸ਼ਾਇਦ ਰਾਜਨੀਤਕ ਪ੍ਰੇਰਨਾ ਨਾਲ ਅਤੇ ਲੋਕਾਂ ਦੀ ਏਕਤਾ ਤੇ ਇਕਜੁੱਟਤਾ ਵਿਚ ਦਰਾੜ ਪੈਦਾ ਕਰਨ ਲਈ। ਫੌਰੀ ਲਾਭਾਂ ਲਈ ਇੱਥੋਂ ਤੱਕ ਕਿ ਇਨ੍ਹਾਂ ਸ਼ੱਕੀਆਂ ਲਈ ਵੀ, ਸਮੁੱਚੇ ਤੌਰ `ਤੇ ਲੋਕਾਂ ਦੇ ਸਦੀਵੀ ਭਲੇ ਦੀ ਬਲੀ ਦੇ ਦੇਣਾ ਅੱਜ ਕੱਲ੍ਹ ਪ੍ਰਚਲਤ ਰੁਝਾਨਾਂ ਦਾ ਮੰਦਭਾਗਾ ਪਹਿਲੂ ਹੈ। ਸਾਨੂੰ ਆਪਣੇ ਕੰਮ ਵਿਚ ਇਸ ਜ਼ਹਿਰੀਲੇ ਰੁਝਾਨ ਤੋਂ ਦੂਰ ਰਹਿਣਾ ਹੋਵੇਗਾ ਅਤੇ ਮਾਹੌਲ ਨੂੰ ਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਹੋਵੇਗੀ।” (ਐੱਮ.ਐੱਸ. ਗੋਲਵਲਕਰ, ‘ਸ੍ਰੀ ਗੁਰੂਜੀ ਸਮਗਰ ਦਰਸ਼ਨ’ – ਹਿੰਦੀ ਵਿਚ ਉਸ ਦੀਆਂ ਚੋਣਵੀਆਂ ਲਿਖਤਾਂ/ਭਾਸ਼ਣਾਂ ਦਾ ਸੰਗ੍ਰਹਿ, ਗ੍ਰੰਥ 7, ਭਾਰਤੀ ਵਿਚਾਰ ਸਾਧਨਾ, ਨਾਗਪੁਰ, 1974, ਪੰਨਾ 244)।
ਗੋਲਵਲਕਰ ਦੀ ਦਲਿਤਾਂ ਪ੍ਰਤੀ ਨਫ਼ਰਤ ਜਾਤੀਵਾਦ ਵਿਚ ਉਸ ਦੇ ਪੱਕੇ ਵਿਸ਼ਵਾਸ ਦਾ ਨਤੀਜਾ ਸੀ ਜਿਸ ਦੇ ਤਹਿਤ ਉਨ੍ਹਾਂ ਨੂੰ ਜੀਵਨ ਦਾ ਅਧਿਕਾਰ ਵੀ ਨਹੀਂ ਸੀ। ਉਸ ਲਈ ਜਾਤੀਵਾਦ ਹਿੰਦੂ ਰਾਸ਼ਟਰ ਦਾ ਸਮਾਨਾਰਥੀ ਸੀ। ਉਸ ਦੇ ਅਨੁਸਾਰ, ਹਿੰਦੂ ਲੋਕ ਕੋਈ ਹੋਰ ਨਹੀਂ ਸਗੋਂ “ਵਿਰਾਟ ਪੁਰਸ਼, ਸਰਵ ਸਕਤੀਮਾਨ ਖੁਦ ਨੂੰ ਪ੍ਰਗਟ ਕਰ ਰਿਹਾ ਹੈ… ਪੁਰਸ਼ ਸੂਕਤ ਅਨੁਸਾਰ ਸੂਰਜ ਅਤੇ ਚੰਦਰਮਾ ਉਸ ਦੀਆਂ ਅੱਖਾਂ ਹਨ, ਤਾਰੇ ਤੇ ਆਕਾਸ ਉਸ ਦੀ ਨਾਭੀ (ਧੁੰਨੀ) ਤੋਂ ਪੈਦਾ ਹੋਏ ਹਨ ਅਤੇ ਬ੍ਰਾਹਮਣ ਸਿਰ ਹੈ, ਖੱਤਰੀ ਹੱਥ ਹੈ, ਵੈਸ਼ ਪੱਟ ਹਨ ਅਤੇ ਸ਼ੂਦਰ ਪੈਰ ਹਨ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਕੋਲ ਇਹ ਚਾਰ-ਪਰਤੀ ਵਿਵਸਥਾ ਹੈ, ਅਰਥਾਤ ਹਿੰਦੂ ਲੋਕ, ਸਾਡੇ ਭਗਵਾਨ ਹਨ (ਇੰਞ ਹੀ ਲਿਖਿਆ ਹੋਇਆ ਹੈ)। ਪਰਮਾਤਮਾ ਦਾ ਇਹ ਪਰਮ ਦ੍ਰਿਸ਼ਟੀ ‘ਰਾਸ਼ਟਰ’ ਦੇ ਸਾਡੇ ਸੰਕਲਪ ਦਾ ਮੁੱਖ ਮੂਲ ਹੈ ਅਤੇ ਇਸ ਨੇ ਸਾਡੀ ਸੋਚ ਵਿਚ ਪ੍ਰਵੇਸ਼ ਕਰ ਲਿਆ ਹੈ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਦੀਆਂ ਵੱਖ-ਵੱਖ ਵਿਲੱਖਣ ਧਾਰਨਾਵਾਂ ਨੂੰ ਜਨਮ ਦਿੱਤਾ ਹੈ।” (ਐਮ.ਐਸ. ਗੋਲਵਲਕਰ, ‘ਬੰਚ ਆਫ ਥਾਟਸ’, ਪੰਨਾ 36-37)।
ਇਹ ਮਨੂ ਦੇ ਅਣਮਨੁੱਖੀ ਸ਼ੂਦਰ ਵਿਰੋਧੀ ਕੋਡਾਂ ਦੇ ਦੁਹਰਾਓ ਤੋਂ ਸਿਵਾਇ ਹੋਰ ਕੁਝ ਨਹੀਂ ਸੀ। ਗੋਲਵਲਕਰ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਜਾਤੀਵਾਦ ਹਿੰਦੂ ਧਰਮ ਲਈ ਸਰਾਪ ਹੈ ਜਾਂ ਹਿੰਦੂਆਂ ਵਿਚ ਏਕਤਾ ਦੀ ਭਾਵਨਾ ਵਿਚ ਰੁਕਾਵਟ ਪਾਉਂਦਾ ਹੈ: “ਹਿੰਦੂਆਂ ਨੂੰ ਬਦਨਾਮ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਜਾਤੀ ਪ੍ਰਣਾਲੀ, ‘ਅੰਧਵਿਸ਼ਵਾਸ`, ਅੱਖ਼ਰ ਗਿਆਨ ਦੀ ਘਾਟ, ਸਮਾਜਿਕ ਢਾਂਚੇ ਵਿਚ ਔਰਤਾਂ ਦੀ ਸਥਿਤੀ ਅਤੇ ਹਿੰਦੂ ਸੱਭਿਆਚਾਰਕ ਜਥੇਬੰਦੀ ਵਿਚ ਹਰ ਤਰ੍ਹਾਂ ਦੀਆਂ ਸੱਚੀਆਂ ਜਾਂ ਝੂਠੀਆਂ ਖਾਮੀਆਂ ਬਾਰੇ ਗੱਲਾਂ ਕਰਦੇ ਹਨ ਅਤੇ ਦੱਸਦੇ ਹਨ ਕਿ ਹਿੰਦੂਆਂ ਦੀ ਕਮਜ਼ੋਰੀ ਸਿਰਫ਼ ਇਨ੍ਹਾਂ ਵਿਚ ਹੀ ਪਈ ਹੈ।” (ਐੱਮ.ਐੱਸ. ਗੋਲਵਲਕਰ, ‘ਬੰਚ ਆਫ ਥਾਟਸ’, ਪੰਨਾ 61-62)।
ਅੰਬੇਡਕਰ ਜਿਨ੍ਹਾਂ ਨੇ ਆਰ.ਐੱਸ.ਐੱਸ. ਨੂੰ ਵਧਦੇ-ਫੈਲਦੇ ਦੇਖਿਆ ਅਤੇ ਇਸ ਦੀਆਂ ਵਿਨਾਸ਼ਕਾਰੀ ਪ੍ਰਵਿਰਤੀਆਂ ਤੋਂ ਜਾਣੂ ਸਨ, ਦਾ ਦ੍ਰਿੜ ਵਿਚਾਰ ਸੀ ਕਿ ਆਰ.ਐੱਸ.ਐੱਸ. ਦੁਆਰਾ ਅਪਣਾਈ ਗਈ ਹਿੰਦੂਤਵ ਦੀ ਵਿਚਾਰਧਾਰਾ ਸਮਾਜ ਅਤੇ ਇਸ ਦੇ ਸਰੋਤਾਂ ’ਤੇ ਕੰਟਰੋਲ ਬਣਾਈ ਰੱਖਣ ਲਈ ਉੱਚ ਜਾਤੀ ਦੇ ਹਿੰਦੂਆਂ ਚਾਲ ਤੋਂ ਸਿਵਾਇ ਕੁਝ ਨਹੀਂ ਸੀ। ਉਨ੍ਹਾਂ ਨੇ ਲਿਖਿਆ: “ਉਨ੍ਹਾਂ ਕੋਲ ਚਰਿੱਤਰ ਦਾ ਗੁਣ ਹੈ ਜੋ ਅਕਸਰ ਹਿੰਦੂਆਂ ਨੂੰ ਤਬਾਹੀ ਵੱਲ ਲੈ ਜਾਂਦਾ ਹੈ। ਇਹ ਗੁਣ ਉਨ੍ਹਾਂ ਦੀ ਗ੍ਰਹਿਣਸੀਲ ਪ੍ਰਵਿਰਤੀ ਅਤੇ ਜੀਵਨ ਦੀਆਂ ਚੰਗੀਆਂ ਚੀਜ਼ਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਨੂੰ ਪਸੰਦ ਨਾ ਕਰਨ ਤੋਂ ਬਣਦਾ ਹੈ। ਸਿੱਖਿਆ ਅਤੇ ਧਨ-ਦੌਲਤ ਉੱਪਰ ਉਨ੍ਹਾਂ ਦੀ ਅਜਾਰੇਦਾਰੀ ਹੈ ਅਤੇ ਧਨ-ਦੌਲਤ ਤੇ ਸਿੱਖਿਆ ਨਾਲ ਉਨ੍ਹਾਂ ਨੇ ਰਾਜ-ਭਾਗ ’ਤੇ ਕਬਜ਼ਾ ਕਰ ਲਿਆ ਹੈ। ਇਸ ਅਜਾਰੇਦਾਰੀ ਨੂੰ ਆਪਣੇ ਕੋਲ ਹੀ ਰੱਖਣਾ ਉਨ੍ਹਾਂ ਦੇ ਜੀਵਨ ਦੀ ਅਭਿਲਾਸ਼ਾ ਅਤੇ ਟੀਚਾ ਰਿਹਾ ਹੈ। ਜਮਾਤੀ ਗਲਬੇ ਦੇ ਇਸ ਸੁਆਰਥੀ ਵਿਚਾਰ ਤੋਂ ਪ੍ਰੇਰਤ ਹੋ ਕੇ ਉਹ ਹਿੰਦੂਆਂ ਦੇ ਹੇਠਲੇ ਵਰਗਾਂ ਨੂੰ ਦੌਲਤ, ਸਿੱਖਿਆ ਅਤੇ ਸੱਤਾ ਤੋਂ ਬਾਹਰ ਕਰਨ ਲਈ ਹਰ ਕਦਮ ਚੁੱਕਦੇ ਹਨ… ਸਿੱਖਿਆ, ਦੌਲਤ ਅਤੇ ਤਾਕਤ ਨੂੰ ਆਪਣੇ ਹੀ ਕਬਜ਼ੇ `ਚ ਰੱਖਣ ਅਤੇ ਇਸ ਨੂੰ ਸਾਂਝਾ ਕਰਨ ਤੋਂ ਇਨਕਾਰ ਕਰਨ ਦਾ ਇਹ ਰਵੱਈਆ ਜਿਸ ਨੂੰ ਉੱਚ ਜਾਤੀ ਦੇ ਹਿੰਦੂਆਂ ਨੇ ਹਿੰਦੂਆਂ ਦੇ ਹੇਠਲੇ ਵਰਗਾਂ ਨਾਲ ਆਪਣੇ ਸਬੰਧਾਂ ਵਿਚ ਵਿਕਸਤ ਕੀਤਾ ਹੈ, ਉਸ ਨੂੰ ਉਨ੍ਹਾਂ ਵੱਲੋਂ ਮੁਸਲਮਾਨਾਂ ਤੱਕ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਮੁਸਲਮਾਨਾਂ ਨੂੰ ਸਥਾਨ ਅਤੇ ਸੱਤਾ ਤੋਂ ਬਾਹਰ ਕਰਨਾ ਚਾਹੁੰਦੇ ਹਨ, ਜਿਵੇਂ ਉਨ੍ਹਾਂ ਨੇ ਹੇਠਲੇ ਵਰਗ ਦੇ ਹਿੰਦੂਆਂ ਨਾਲ ਕੀਤਾ ਹੈ। ਉੱਚ ਜਾਤੀ ਦੇ ਹਿੰਦੂਆਂ ਦਾ ਇਹ ਖਾਸ ਗੁਣ ਉਨ੍ਹਾਂ ਦੀ ਰਾਜਨੀਤੀ ਨੂੰ ਸਮਝਣ ਦੀ ਕੁੰਜੀ ਹੈ।” (ਬੀ.ਆਰ. ਅੰਬੇਡਕਰ, ‘ਪਾਕਿਸਤਾਨ ਜਾਂ ਭਾਰਤ ਦੀ ਵੰਡ’, ਮਹਾਰਾਸ਼ਟਰ ਸਰਕਾਰ, ਬੰਬਈ, 1990 (1946 ਐਡੀਸ਼ਨ ਦੀ ਮੁੜ-ਛਾਪ), ਪੰਨਾ 123)।
ਆਰ.ਐੱਸ.ਐੱਸ. ਰਾਖਵੇਂਕਰਨ ਦਾ ਵਿਰੋਧ ਕਿਵੇਂ ਕਰ ਰਿਹਾ ਹੈ, ਇਹ 1981 ਵਿਚ ਸਪਸ਼ਟ ਹੋ ਗਿਆ ਸੀ ਜਦੋਂ ਮਾਧਵ ਸਿੰਘ ਸੋਲੰਕੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੁਆਰਾ ਗੁਜਰਾਤ ਵਿਚ ਸਮਾਜਿਕ ਅਤੇ ਆਰਥਿਕ ਤੌਰ `ਤੇ ਪਛੜੀਆਂ ਜਾਤੀਆਂ ਲਈ ਜੋ ਰਾਖਵਾਂਕਰਨ ਸ਼ੁਰੂ ਕੀਤਾ ਗਿਆ ਸੀ, ਉਸ ਦਾ ਵਿਰੋਧ ਕਰਨ ਵਿਚ ਸਭ ਤੋਂ ਘਿਨਾਉਣੀ ਭੂਮਿਕਾ ਇਸ ਦੇ ਕਾਡਰਾਂ ਨੇ ਨਿਭਾਈ ਸੀ। ਉਦੋਂ ਹੋਈ ਹਿੰਸਾ ਵਿਚ ਦੋ ਪੁਲਿਸ ਅਧਿਕਾਰੀਆਂ ਸਮੇਤ 100 ਤੋਂ ਵੱਧ ਲੋਕ ਮਾਰੇ ਗਏ ਸਨ।
ਦਿਲਚਸਪ ਗੱਲ ਇਹ ਹੈ ਕਿ ਅੱਜ ਵਾਂਗ ਹੀ ਰਾਖਵੇਂਕਰਨ ਦੀ ਬਹਿਸ ਨੂੰ ਸਥਾਨਕ ਮੁਸਲਮਾਨਾਂ ਵਿਰੁੱਧ ਜ਼ਹਿਰ ਫੈਲਾਉਣ ਵਿਚ ਬਦਲ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਬੇਖੌਫ਼ ਹੋ ਕੇ ਬੇਕਿਰਕੀ ਨਾਲ ਮਾਰਿਆ ਗਿਆ।