ਰੂਹਾਨੀ ਰੂਹਾਂ ਦਾ ਮੁਤਾਬਿਕਨਾਮਾ – ‘ਜਿਨ ਮਿਲਿਆਂ ਰੂਹ ਰੌਸ਼ਨ ਹੋਵੇ’

ਡਾ. ਗੁਰਬਖ਼ਸ਼ ਸਿੰਘ ਭੰਡਾਲ
‘ਜਿਨ ਮਿਲਿਆਂ ਰੂਹ ਰੌਸ਼ਨ ਹੋਵੇ’; ਸ. ਪੂਰਨ ਸਿੰਘ ਪਾਂਧੀ ਜੀ ਦੀ 13ਵੀਂ ਕਿਤਾਬ ਹੈ ਜੋ ਰੌਸ਼ਨ ਰੂਹਾਂ ਦੇ ਦਰਸ਼ਨ ਕਰਵਾਉਂਦੀ ਹੈ। ਉਨ੍ਹਾਂ ਦੀਆਂ ਜ਼ਿੰਦਗੀਆਂ ਦੀਆਂ ਬਾਰੀਕ ਪਰਤਾਂ ਫਰੋਲਦੀ, ਉਨ੍ਹਾਂ ਦੇ ਜੀਵਨ ਬਿਰਤਾਂਤ ਰਾਹੀਂ ਧਾਰਮਿਕ ਖੇਤਰ ਵਿਚ ਪਾਏ ਯੋਗਦਾਨ ਦਾ ਬਿਰਤਾਂਤ ਸਿਰਜਦੀ ਹੈ। ਇਨ੍ਹਾਂ ਧਾਰਮਿਕ ਹਸਤੀਆਂ ਨੇ ਆਪਣੇ ਸਮੇਂ ਵਿਚ ਗੁਰਮਤਿ ਗਿਆਨ, ਗੁਰਬਾਣੀ ਕੀਰਤਨ, ਸੰਗੀਤ, ਗੁਰਮਤਿ ਦੀ ਵਿਆਖਿਆ ਅਤੇ ਗੁਰਮਤੀ ਚੇਤਨਾ ਨੂੰ ਸਮਾਜ ਵਿਚ ਫੈਲਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਹੁਣ ਵੀ ਪਾ ਰਹੀਆਂ ਹਨ।

ਸ. ਪੂਰਨ ਸਿੰਘ ਪਾਂਧੀ ਜੀ ਆਪ ਗੁਰਬਾਣੀ ਦੇ ਬਹੁਤ ਵੱਡੇ ਗਿਆਤਾ, ਸੰਗੀਤ ਦੀਆਂ ਸੁਰਾਂ ਨੂੰ ਸਮਝਣ ਵਾਲੇ, ਕਹਾਣੀ ਲੇਖਕ, ਕਵੀ ਅਤੇ ਵਾਰਤਕ ਲੇਖਕ ਹਨ। ਉਹ ਬਹੁਤ ਹੀ ਨਿਮਰ, ਸਹਿਜ, ਸੂਖਮ, ਸੰਵੇਦਨਸ਼ੀਲ, ਸੰਖੇਪ ਅਤੇ ਸਹਿਜਭਾਵੀ ਹਨ। ਉਨ੍ਹਾਂ ਦੇ ਬੋਲਾਂ ਵਿਚਲੀ ਮਿਠਾਸ, ਠਰ੍ਹੰਮਾ ਅਤੇ ਸ਼ਾਂਤ-ਚਿੱਤ ਬਹੁਤ ਕੁੱਝ ਮਿਲਣ ਵਾਲੇ ਦੀ ਝੋਲੀ ਪਾਉਂਦਾ ਹੈ ਅਤੇ ਤੁਸੀਂ ਸਰਸ਼ਾਰ ਹੋਏ, ਉਨ੍ਹਾਂ ਦੀ ਸ਼ਖਸੀਅਤ ਤੋਂ ਮੁਤਾਸਰ ਹੋਣੋਂ ਨਹੀਂ ਰਹਿ ਸਕਦੇ।
ਉਨ੍ਹਾਂ ਦੀ ਵਾਰਤਕ ਵਿਚ ਸ਼ਬਦ ਰੰਗਾਂ ਵਿਚ ਰੰਗੇ, ਵਰਕਿਆਂ `ਤੇ ਫੈਲਦੇ, ਸੰਗੀਤ ਪੈਦਾ ਕਰਦੇ, ਮਹਿਕਾਂ ਦਾ ਛੱਟਾ ਵੀ ਦਿੰਦੇ ਅਤੇ ਸਪਤ-ਸੁਰਾਂ ਵਾਂਗ ਵਰਕਿਆਂ ‘ਤੇ ਫੈਲ ਕੇ ਸੰਗੀਤਕ ਵਿਸਮਾਦ ਵੀ ਪੈਦਾ ਕਰਦੇ ਹਨ। ਪਾਂਧੀ ਜੀ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ ਤਾਂ ਹੀ ਉਹ ਸ਼ਖ਼ਸੀ ਬਿੰਬ ਸਿਰਜਣ ਵੇਲੇ, ਸੰਗੀਤ ਦੀਆਂ ਬਾਰੀਕੀਆਂ ਦੀ ਬਾਤ ਪਾਉਣ ਵੇਲੇ ਜਾਂ ਉਨ੍ਹਾਂ ਦੀ ਰਹਿਬਰੀ ਵਿਚ ਮਾਣੇ ਹੋਏ ਪਲਾਂ ਨੂੰ ਵਿਸਥਾਰ ਦੇਣ ਵਿਚ ਅਲੰਕਾਰਾਂ ਅਤੇ ਸ਼ਬਦਾਂ ਦਾ ਸੰਕੋਚ ਨਹੀਂ ਕਰਦੇ।
ਇਸ ਜੀਵਨੀ-ਸੰਗ੍ਰਹਿ ਵਿਚ ਉਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਸੰਤ ਸਿੰਘ ਮਸਕੀਨ, ਸੰਤ ਸੁਜਾਨ ਸਿੰਘ ਜੀ, ਗਿਆਨੀ ਦਿੱਤ ਸਿੰਘ, ਸੰਤ ਚੰਦਾ ਸਿੰਘ, ਸੰਤ ਬਾਬਾ ਅਜਮੇਰ ਸਿੰਘ ਰੱਬ ਜੀ, ਗਿਆਨੀ ਸ਼ੇਰ ਸਿੰਘ ਅਤੇ ਵੀਰ ਭੁਪਿੰਦਰ ਸਿੰਘ ਬਾਰੇ ਕਮਾਲ ਦੀ ਜਾਣਕਾਰੀ ਪ੍ਰਦਾਨ ਕੀਤੀ ਹੈ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਚੁੰਬਕੀ ਸ਼ਖ਼ਸੀਅਤਾਂ ਦੇ ਦਰਸ਼ਨ-ਦੀਦਾਰੇ ਵੀ ਹੁੰਦੇ ਹਨ। ਇਹ ਵੀ ਪਤਾ ਲੱਗਦਾ ਕਿ ਅਜਿਹੀਆਂ ਸ਼ਖ਼ਸੀਅਤਾਂ ਇੱਕ ਦਿਨ ਵਿਚ ਨਹੀਂ ਸਿਰਜੀਆਂ ਜਾਂਦੀਆਂ ਸਗੋਂ ਇਹ ਬਹੁਤ ਜ਼ਿਆਦਾ ਤਪ, ਸਾਧਨਾ, ਸਿਰੜ ਅਤੇ ਪ੍ਰਤੀਬੱਧਤਾ ਵਿਚੋਂ ਪੈਦਾ ਹੁੰਦੀਆਂ ਹਨ ਜੋ ਸਮਾਜ ਅਤੇ ਕੌਮ ਲਈ ਮਾਣ ਬਣਦੀਆਂ ਹਨ। ਇਨ੍ਹਾਂ ਦਾ ਯੋਗਦਾਨ ਸਮਿਆਂ ਦਾ ਸਭ ਤੋਂ ਵੱਡਾ ਹਾਸਲ ਅਤੇ ਵਕਤ ਉਨ੍ਹਾਂ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹਿੰਦਾ ਹੈ।
ਇਸ ਪੁਸਤਕ ਨੂੰ ਪੜ੍ਹਦਿਆਂ ਕਈ ਪਰਤਾਂ ਪਾਠਕ ਦੇ ਸਨਮੁੱਖ ਖੁੱਲ੍ਹਦੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸ਼ਖ਼ਸੀਅਤਾਂ ਮੋਗਾ/ਮਾਲਵਾ ਖੇਤਰ ਵਿਚਲੇ ਭਿੰਡਰਾਂ ਜਥੇ ਨਾਲ ਸਬੰਧਿਤ ਹਨ, ਜਿਨ੍ਹਾਂ ਨਾਲ ਪਾਂਧੀ ਜੀ ਦੇ ਨਿੱਜੀ ਸੰਬੰਧ ਰਹੇ ਹਨ। ਪਾਂਧੀ ਜੀ ਨੇ ਉਨ੍ਹਾਂ ਦੀ ਸੰਗਤ ਵਿਚ ਗੁਰਬਾਣੀ ਨੂੰ ਰੂਹ ਵਿਚ ਰਮਾਇਆ ਹੈ ਅਤੇ ਗੁਰਮਤਿ ਸੰਗੀਤ ਦੇ ਸੁਰੀਲੇਪਣ ਨੂੰ ਜੀਵਨ ਦਾ ਅੰਗ ਬਣਾਇਆ ਹੈ। ਇਨ੍ਹਾਂ ਵਿਚੋਂ ਦੋ ਮਾਣਮੱਤੀਆਂ ਸ਼ਖ਼ਸੀਅਤਾਂ ਤਾਂ ਅਕਾਲ ਤਖ਼ਤ ਦੇ ਜਥੇਦਾਰ ਦੀ ਪਦਵੀ ਦਾ ਮਾਣ ਵੀ ਬਣੀਆਂ।
ਇਸ ਪੁਸਤਕ ਵਿਚ ਭਿੰਡਰਾਂ ਜਥੇ ਤੋਂ ਸ਼ੁਰੂ ਹੋ ਕੇ ਦਮਦਮੀ ਟਕਸਾਲ ਵਰਗੇ ਵੱਡੇ ਧਾਰਮਿਕ ਸੰਸਥਾ ਤੀਕ ਬਣਨ ਦਾ ਇਤਿਹਾਸ ਵੀ ਅਤੇ ਇਸ ਦੇ ਯੋਗਦਾਨ ਦਾ ਵਰਣਨ ਵੀ ਹੈ। ਮੋਗੇ ਦੇ ਆਲ਼ੇ ਦੁਆਲੇ ਸਥਾਪਤ ਗੁਰਮਤਿ ਸੰਸਥਾਵਾਂ ਵੱਲੋਂ ਗੁਰਮਤਿ ਸੰਗੀਤ ਵਿਚ ਪਾਏ ਯੋਗਦਾਨ ਦੀ ਚਰਚਾ ਵੀ ਹੈ। ਗੁਰਬਾਣੀ ਗਾਇਣ ਸ਼ੈਲੀਆਂ ਵਿਚ ਆਏ ਬਦਲਾਅ ਦਾ ਜ਼ਿਕਰ ਹੈ। ਪਾਂਧੀ ਜੀ ਨੂੰ ਇਹ ਦੁੱਖ ਹੈ ਕਿ ਗੁਰਮਤਿ ਸੰਗੀਤ ਤੋਂ ਕੋਰੇ ਕੁੱਝ ਕੁ ਕੀਰਤਨੀਆਂ ਵੱਲੋਂ, ਗੁਰਬਾਣੀ ਦੇ ਵਿਸਮਾਦੀ ਸੰਗੀਤ ਅਤੇ ਰਾਗਾਂ ਨੂੰ ਵਿਸਾਰਨ ਕਾਰਨ, ਉਹ ਗੁਰਬਾਣੀ ਕੀਰਤਨ ਵਿਚ ਆਏ ਹੋਏ ਨਿਘਾਰ ਲਈ ਜ਼ਿੰਮੇਵਾਰ ਹਨ।
ਕਿਤਾਬ ਇਹ ਵੀ ਦੱਸਦੀ ਹੈ ਕਿ ਕਿਵੇਂ ਸਮੇਂ ਨਾਲ ਗੁਰਬਾਣੀ ਦਾ ਕਥਾ-ਪ੍ਰਵਾਹ ਬਦਲਿਆ। ਗਿਆਨੀ ਸੰਤ ਸਿੰਘ ਮਸਕੀਨ ਨੇ ਕਥਾਵਾਚਕਾਂ ਦੀ ਪਰਿਭਾਸ਼ਾ ਨੂੰ ਬਦਲਿਆ ਭਾਵੇਂ ਇਹ ਉਨ੍ਹਾਂ ਦੀ ਦਿੱਖ ਹੋਵੇ, ਵੱਖੋ-ਵੱਖੋ ਧਰਮਾਂ ਦੀਆਂ ਉਦਾਹਰਨਾਂ ਰਾਹੀਂ ਗੁਰਮਤਿ ਗਿਆਨ ਦਾ ਪ੍ਰਕਾਸ਼ ਫੈਲਾਉਣਾ ਹੋਵੇ ਜਾਂ ਆਪਣੇ ਅੰਦਾਜ਼ ਨਾਲ ਸੰਗਤ ਨੂੰ ਮੰਤਰ ਮੁਗਧ ਕਰਨਾ ਹੋਵੇ। ਇਹ ਸਿਰਫ਼ ਗਿਆਨੀ ਸੰਤ ਸਿੰਘ ਮਸਕੀਨ ਵਰਗੇ ਮਹਾਨ ਕਥਾਕਾਰ ਹੀ ਕਰ ਸਕਦੇ ਸਨ। ਇੱਕ ਪ੍ਰਵਚਨਾਂ ਦਾ ਸਰੂਪ ਵੀਰ ਭੁਪਿੰਦਰ ਸਿੰਘ ਨੇ ਵੀ ਬਦਲਿਆ ਹੈ ਕਿ ਕਿਵੇਂ ਉੱਚ-ਦਰਜੇ ਦੀ ਵਿੱਦਿਆ ਪ੍ਰਾਪਤ ਕਰਕੇ, ਕੋਈ ਸੰਗੀਤ, ਸਾਇੰਸ, ਫ਼ਿਲਾਸਫ਼ੀ ਅਤੇ ਅਜੋਕੇ ਸੰਸਾਰਕ ਸਰੋਕਾਰਾਂ ਤੇ ਵਿਧੀਆਂ ਰਾਹੀਂ ਗੁਰਬਾਣੀ ਦਾ ਸੰਦੇਸ਼ ਫੈਲਾਉਣ ਲਈ ਵੱਖੋ-ਵੱਖਰੀਆਂ ਭਾਸ਼ਾਵਾਂ ਵੀ ਬਾਖ਼ੂਬੀ ਵਰਤੀਆਂ ਜਾ ਸਕਦੀਆਂ ਹਨ। ਉਹ ਆਪਣੇ ਆਧੁਨਿਕ ਰੂਪ ਵਿਚ ਰਹਿੰਦਿਆਂ, ਧਾਰਮਿਕ ਦਾਰਸ਼ਨਿਕਤਾ ਨੂੰ ਆਪਣੇ ਰੰਗ ਵਿਚ ਰੰਗਦਿਆਂ, ਇਸ ਦੇ ਮੂਲ ਸੰਦੇਸ਼ ਨੂੰ ਕਦੇ ਬੋਲਾਂ ਵਿਚੋਂ ਉਹਲੇ ਨਹੀਂ ਕਰਦਾ।
ਦਰਅਸਲ ਇਹ ਕਿਤਾਬ ਸਿਰਫ਼ ਸਿੱਖ-ਸ਼ਖ਼ਸੀਅਤਾਂ ਦੀਆਂ ਜੀਵਨੀਆਂ ਹੀ ਸਾਡੇ ਸਨਮੁੱਖ ਨਹੀਂ ਕਰਦੀ ਸਗੋਂ ਇਹ ਸਾਡੇ ਬੀਤੇ ਨੂੰ ਸਾਡੇ ਸਨਮੁੱਖ ਵੀ ਕਰਦੀ ਹੈ। ਭਾਵੇਂ ਇਹ ਸਾਡੇ ਪੁਰਾਣੇ ਪਿੰਡਾਂ ਦੀ ਤਸਵੀਰ ਹੋਵੇ, ਬਜ਼ੁਰਗ ਬਾਬਿਆਂ ਦੇ ਚੇਤੇ ਨੂੰ ਨਵਿਆਉਣਾ ਹੋਵੇ, ਮਾਲਵੇ ਵਿਚ ਡੇਰਿਆਂ ਦਾ ਵੱਡੀ ਗਿਣਤੀ ਵਿਚ ਉਗਮਣਾ ਹੋਵੇ, ਸੰਤਾਂ ਵੱਲੋਂ ਬਾਣੀ ਦੀ ਸੰਥਿਆ ਦੇਣਾ, ਗੁਰਮੁਖੀ ਸਿਖਾਉਣੀ, ਬਾਣੀ ਪੜ੍ਹਨ ਦੀਆਂ ਤਰਕੀਬਾਂ ਨੂੰ ਮਨਾਂ ਵਿਚ ਵਸਾਉਣਾ ਹੋਵੇ। ਪਰ ਅਚੇਤ ਰੂਪ ਵਿਚ ਇਨ੍ਹਾਂ ਬੱਚਿਆਂ ਨਾਲ ਕੀਤੀ ਜ਼ਿਆਦਤੀ ਦਾ ਜ਼ਿਕਰ ਕਰਨੋਂ ਸੰਵੇਦਨਸ਼ੀਲ ਪਾਂਧੀ ਜੀ ਦੀ ਕਲਮ ਨਹੀਂ ਰਹਿ ਸਕੀ, ਜੋ ਬੱਚਿਆਂ ਦੀ ਮਾਨਸਿਕਤਾ ਨੂੰ ਸਦਾ ਲਈ ਪ੍ਰਭਾਵਿਤ ਕਰਦੀ ਹੈ ਅਤੇ ਬੱਚੇ ਮਾਨਸਿਕ ਆਸਾਵਾਂਪਣ ਦੇ ਰੋਗੀ ਹੋ ਜਾਂਦੇ ਹਨ।
ਇਹ ਕਿਤਾਬ ਸਿੱਖ ਧਰਮ ਨੂੰ ਦਰਪੇਸ਼ ਚੁਨੌਤੀਆਂ ਅਤੇ ਵਿਸੰਗਤੀਆਂ ਦਾ ਜ਼ਿਕਰ ਕਰਨ ਲੱਗਿਆਂ, ਆਪਣੀ ਕਲਮੀ ਜ਼ਿੰਮੇਵਾਰੀ ਦੀ ਕੁਤਾਹੀ ਨਹੀਂ ਕਰਦੀ। ਇਸ ਵਿਚ ਸਿੰਘ ਸਾਹਿਬਾਨ ਵੱਲੋਂ ਜਾਰੀ ਇਕਪਾਸੜ ਹੁਕਮਨਾਮਿਆਂ ਅਤੇ ਇਨ੍ਹਾਂ ਦੇ ਵਿਰੋਧ ਦਾ ਜ਼ਿਕਰ ਵੀ ਹੈ। ਜਥੇਦਾਰ ਦੀ ਨਿਯੁਕਤੀ ਵਿਚ ਆਏ ਨਿਘਾਰ ਦਾ ਫ਼ਿਕਰ ਵੀ ਅਤੇ ਕਈ ਹਿੱਸਿਆਂ ਵਿਚ ਵੰਡੀ ਸਿੱਖ ਕੌਮ ਦੀ ਚਿੰਤਾ ਵੀ ਹੈ। ਜਦ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਕਿਰਪਾਲ ਸਿੰਘ ਇਹ ਬਿਆਨ ਦਿੰਦੇ ਹਨ ਕਿ “ਕੋਠਾ ਸਾਹਿਬ ਠੀਕ ਠਾਕ ਹੈ”; ਤਾਂ ਇਸ ਠੀਕ ਠਾਕ ਵਿਚ ਅਚੇਤ ਹੀ ਉਹ ਕੁੱਝ ਵੀ ਸ਼ਾਮਲ ਹੈ ਜੋ ਠੀਕ ਠਾਕ ਨਹੀਂ ਸੀ। ਇਸੇ ਤਰ੍ਹਾਂ ਇਸ ਪੁਸਤਕ ਵਿਚ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਅਪਰੇਸ਼ਨ ਬਲੂ ਸਟਾਰ ਦੌਰਾਨ ਪਰਿਵਾਰ ਸਮੇਤ ਸਹੇ ਤਸ਼ੱਦਦ ਦਾ ਜ਼ਿਕਰ ਵੀ ਹੈ ਜੋ ਵੇਦਾਂਤੀ ਜੀ ਹੀ ਨਹੀਂ ਸਗੋਂ ਜ਼ਿਆਦਾਤਰ ਸਿੱਖਾਂ ਨੇ ਇਸ ਤੋਂ ਵੀ ਜ਼ਿਆਦਾ ਕਰੂਰ ਰੂਪ ਵਿਚ ਹੰਢਾਇਆ। ਪਰ ਸਿੱਖ ਕੌਮ ਦਾ ਕੇਹਾ ਦੁਖਾਂਤ ਹੈ! ਕਿ ਅਜੇਹੇ ਤਸ਼ਦੱਦਾਂ ਤੋਂ ਬਾਅਦ ਵੀ ਕੌਮ ਦੇ ਹੱਥ ਕੁੱਝ ਨਹੀਂ ਆਇਆ ਕਿਉਂਕਿ ਵਿਕਾਊ ਲੀਡਰ ਤਾਂ ਕੌਮਾਂ ਵੀ ਵੇਚ ਜਾਂਦੇ ਨੇ।
ਇਸ ਕਿਤਾਬ ਦੇ ਅੰਤ ਵਿਚ ਦਿੱਤੀਆਂ ਇਨ੍ਹਾਂ ਸਖਸ਼ੀਅਤ ਦੀਆਂ ਤਸਵੀਰਾਂ ਰਾਹੀਂ ਪਾਠਕ ਇਨ੍ਹਾਂ ਦੇ ਦਰਸ਼ਨਾਂ ਵਿਚੋਂ ਇਨ੍ਹਾਂ ਦੇ ਅੰਤਰੀਵ ਨੂੰ ਹੋਰ ਨੇੜਿਉਂ ਜਾਣ ਸਕੇਗਾ।
ਰੂਹ-ਭਿੱਜੀਆਂ ਜੀਵਨੀਆਂ ਵਿਚ ਉਦੇ ਹੁੰਦੀਆਂ ਰੌਸ਼ਨ ਕਿਰਨਾਂ ਜਿੱਥੇ ਗੁਰਬਾਣੀ ਕੀਰਤਨ, ਗੁਰਬਾਣੀ ਸੰਗੀਤ, ਬਾਣੀ ਦੀ ਕਥਾ, ਇਤਿਹਾਸ, ਮਿਥਿਹਾਸ, ਮਰਿਆਦਾਵਾਂ ਅਤੇ ਵੱਖ-ਵੱਖ ਟਕਸਾਲਾਂ ਤੇ ਡੇਰਿਆਂ ਬਾਰੇ ਪਾਠਕਾਂ ਦੇ ਗਿਆਨ ਵਿਚ ਵਾਧਾ ਕਰਦੀਆਂ ਹਨ, ਉੱਥੇ ਇਹ ਕਿਤਾਬ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀ ਦੇ ਨਾਮ ਕਰਨ ਦਾ ਸੁਯੋਗ ਉਪਰਾਲਾ ਵੀ ਹੈ। ਪਾਂਧੀ ਜੀ ਵਿਅਕਤੀ ਵਿਸ਼ੇਸ਼ ਦਾ ਜਲੌ ਵਿਅਕਤੀਤਵ, ਕੀਰਤਨ ਅਦਾ, ਕਥਾ-ਅੰਦਾਜ਼, ਸੇਵਾ-ਭਾਵਨਾ ਜਾਂ ਸਮਾਜਿਕ ਸਰੋਕਾਰਾਂ ਨੂੰ ਚਿਤਰਨ ਵਿਚ ਕਮਾਲ ਕਰਦਾ ਹੈ।
ਪਾਂਧੀ ਜੀ ਦੀ ਕਲਮ ਨੂੰ ਸਲਾਮ। ਆਸ ਹੈ ਕਿ ਇਹ ਕਿਤਾਬ ਪੰਜਾਬੀ ਪਾਠਕਾਂ ਦੀ ਰੂਹਾਨੀ ਭੁੱਖ ਨੂੰ ਪੂਰਨ ਵਿਚ ਨਿੱਗਰ ਯੋਗਦਾਨ ਪਾਵੇਗੀ।