ਬਦਲਦੇ ਚੋਣ ਰੰਗ

ਭਾਰਤ ਵਿਚ ਲੋਕ ਸਭਾ ਚੋਣਾਂ ਦੇਤਿੰਨ ਗੇੜ ਮੁਕੰਮਲ ਹੋ ਗਏ ਹਨ। ਹੁਣ ਬਾਕੀ ਰਹਿੰਦੇ ਚਾਰ ਪੜਾਵਾਂ ਲਈ ਵੋਟਾਂ 13 ਮਈ, 20 ਮਈ, 25 ਮਈ ਅਤੇ 1 ਜੂਨ ਨੂੰ ਪੈਣੀਆਂ ਹਨ। ਇਕ ਲਿਹਾਜ਼ ਨਾਲ ਵੋਟਾਂ ਪੈਣ ਦਾ ਅੱਧਾ ਕਾਰਨ ਸਮਾਪਤ ਹੋ ਗਿਆ ਹੈ।ਇਸ ਦੇ ਨਾਲ ਹੀ ਮੀਡੀਆ ਨੇ ਇਹ ਨੁਕਤਾ ਨੋਟ ਕੀਤਾ ਹੈ ਕਿ ਜਿਉਂ-ਜਿਉਂ ਵੋਟਾਂ ਦਾ ਸਿਲਸਿਲਾ ਅੱਗੇ ਵਧ ਰਿਹਾ ਹੈ,

ਕੇਂਦਰ ਵਿਚ ਪਿਛਲੇ 10 ਸਾਲਾਂ ਤੋਂ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੀ ਫਿਕਰ ਵਧ ਰਹੀ ਹੈ। ਇਹ ਫਿਕਰ ਪਾਰਟੀ ਦੇ ਵੱਡੇ-ਵੱਡੇ ਲੀਡਰਾਂ ਦੇ ਬਿਆਨਾਂ ਅਤੇ ਭਾਸ਼ਣਾਂ ਤੋਂ ਵੀ ਜ਼ਾਹਿਰ ਹੋ ਰਹੀ ਹੈ। ਸਿਆਸੀ ਵਿਸ਼ੇਸ਼ਕ ਕਿਆਸਅਰਾਈਆਂ ਲਾ ਰਹੇ ਹਨ ਕਿ ਐਤਕੀਂ ਭਾਰਤੀ ਜਨਤਾ ਪਾਰਟੀ ਦੀ ਜਿੱਤ ਇੰਨੀ ਆਸਾਨ ਨਹੀਂ। ਇਕ ਕਿਆਸਅਰਾਈ ਇਹ ਵੀ ਹੈ ਕਿ ਭਾਰਤੀ ਜਨਤਾਪਾਰਟੀ ਨੂੰ ਓਨੀਆਂ ਸੀਟਾਂ ’ਤੇ ਜਿੱਤ ਹਾਸਲ ਨਹੀਂ ਹੋਣੀ ਜਿੰਨੀਆਂ ਉਤੇ ਜਿੱਤ ਦਾ ਇਹ ਪਹਿਲੇ ਦਿਨ ਤੋਂ ਹੀ ਦਾਅਵਾ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦਾ ਦਾਅਵਾ ਸੀ ਕਿ ਇਹ ਇਕੱਲੀ 370 ਸੀਟਾਂ ਹਾਸਲ ਕਰੇਗੀ ਅਤੇ ਐੱਨ.ਡੀ.ਏ. 400 ਤੋਂ ਉਪਰ ਸੀਟਾਂ ’ਤੇ ਪ੍ਰਾਪਤ ਕਰੇਗਾ ਪਰ ਤਿੰਨ ਪੜਾਅ ਪੂਰੇ ਹੋਣ ਤੋਂ ਬਾਅਦ ਜੋ ਖਬਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਤੋਂ ਲੱਗਦਾ ਨਹੀਂ ਸੀ ਕਿ ਨਤੀਜੇ ਭਾਰਤੀ ਜਨਤਾ ਪਾਰਟੀ ਦੀ ਇੱਛਾ ਮੁਤਾਬਿਕ ਆਉਣਗੇ।
ਅਸਲ ਵਿਚ, ਭਾਰਤੀ ਜਨਤਾ ਪਾਰਟੀ ਨੂੰ ਆਸ ਸੀ ਕਿ ਰਾਮ ਮੰਦਰ ਦੇ ਇਕੋ-ਇਕ ਮੁੱਦੇ ਨੇ ਐਤਕੀਂ ਇਸ ਦੀ ਚੋਣ-ਬੇੜਾ ਪਾਰ ਲਾ ਦੇਣਾ ਹੈ। ਇਸੇ ਕਰ ਕੇ ਅਧੂਰੇ ਰਾਮ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਬਹੁਤ ਵੱਡੇ ਪੱਧਰ ’ਤੇ ਕੀਤਾ ਗਿਆ ਪਰ ਇਹ ਮੁੱਦਾ ਓਨਾ ਚੱਲ ਨਹੀਂ ਸਕਿਆ ਅਤੇ ਭਾਰਤੀ ਜਨਤਾ ਪਾਰਟੀ ਤੇ ਆਰ.ਐੱਸ.ਐੱਸ. ਦੀਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ। ਇਸ ਤੋਂ ਬਾਅਦ ਵਿਕਾਸ ਅਤੇ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਪੈਂਠ ਨੂੰ ਮੁੱਦਾ ਬਣਾਉਣ ਦਾ ਯਤਨ ਕੀਤਾ ਗਿਆ ਪਰ ਉਦੋਂ ਤੱਕ ਬੇਰਜ਼ਗਾਰੀ ਅਤੇ ਮਹਿੰਗਾਈ ਦਾ ਮੁੱਦਾ ਮੁਲਕ ਦੇ ਕੋਨੇ-ਕੋਨੇ ਵਿਚੋਂ ਉਭਰਨਾ ਆਰੰਭ ਹੋ ਗਿਆ ਸੀ। ਇਸੇ ਕਰ ਕੇ ਦੂਜੇ ਪੜਾਅ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਚੋਣ ਮੁਹਿੰਮ ਦਾ ਰੰਗ ਬਦਲਣ ਲਈ ਮਜਬੂਰ ਹੋਣ ਪਿਆ ਅਤੇ ਇਹ ਫਿਰਕੂ ਪ੍ਰਚਾਰ ’ਤੇ ਉਤਰ ਆਈ। ਹੋਰ ਤਾਂ ਹੋਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣਾਂ ਵਿਚ ਮੁਸਲਮਾਨ ਅਤੇ ਮੰਗਲ ਸੂਤਰ ਵਰਗੀ ਸ਼ਬਦਾਵਲੀ ਲੈ ਆਂਦੀ। ਮੀਡੀਆ ਅੰਦਰ ਅਜਿਹੇ ਭਾਸ਼ਣਾਂ ਦੀ ਬਹੁਤ ਨੁਕਤਾਚੀਨੀ ਹੋਈ। ਹੁਣ ਤਾਂ ਪ੍ਰਧਾਨ ਮੰਤਰੀ ਮੋਦੀ ਇਸ ਤੋਂ ਵੀ ਅਗਾਂਹ ਨਿੱਕਲ ਗਏ ਹਨ। ਉਹ ਭਾਸ਼ਣ ਦੇ ਰਹੇ ਹਨ ਕਿ ਜੇ ਕਾਂਗਰਸ ਸੱਤਾ ਵਿਚ ਆ ਗਈ ਤਾਂ ਇਸ ਨੇ ਰਾਮ ਮੰਦਰ ਨੂੰ ਤਾਲਾ ਲਗਵਾ ਦੇਣਾ ਹੈ, ਧਾਰਾ 370 ਬਹਾਲ ਕਰ ਦੇਣੀ ਹੈ ਆਦਿ।ਅਜਿਹੇ ਭਾਸ਼ਣ ਸ਼ਾਇਦ ਇਸ ਕਰ ਕੇ ਆਉਣੇ ਸ਼ੁਰੂ ਹੋਏ ਕਿਉਂਕਿ ਲੋਕ ਮੋਦੀ ਵੱਲੋਂ ਸੰਵਿਧਾਨ ਰੱਦ ਅਤੇ ਲੋਕਤੰਤਰ ਖਤਮ ਕਰਨ ਦੀਆਂ ਗੱਲਾਂ ਵੱਲ ਧਿਆਨ ਦੇਣ ਲੱਗ ਪਏ ਹਨ। ਇਸ ਦਾ ਸਿੱਧਾ ਅਸਰ ਵੋਟ ਪੈਟਰਨ ’ਤੇ ਪੈ ਰਿਹਾ ਹੈ।
ਇਸ ਤੋਂ ਇਲਾਵਾ ਇਕ ਹੋਰ ਮਸਲੇ ਨੇ ਭਾਰਤੀ ਜਨਤਾ ਪਾਰਟੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਈ ਅਤੇ ਇਸ ਮਾਮਲੇ ’ਤੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਨੂੰ ਸਫਾਈ ਦੇਣੀ ਪੈ ਰਹੀ ਹੈ। ਇਹ ਮਾਮਲਾ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੇ ਪੋਤੇ ਅਤੇ ਜਨਤਾ ਦਲ (ਸੈਕੂਲਰ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ `ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਹੈ। ਕਰਨਾਟਕ ਵਿਚ ਉੱਠੇ ਇਸ ਮਾਮਲੇ ਨੇ ਚੋਣਾਂ ਵਿਚ ਸਿਆਸੀ ਤੂਫਾਨ ਖੜ੍ਹਾ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਕਰਨਾਟਕ ਵਿਚ ਜਨਤਾ ਦਲ (ਸੈਕੂਲਰ) ਨਾਲ ਗੱਠਜੋੜ ਕਰ ਕੇ ਲੋਕ ਸਭਾ ਚੋਣ ਲੜ ਰਹੀ ਹੈ। ਇਸ ਮਾਮਲੇ ਕਾਰਨ ਪ੍ਰਜਵਲ ਰੇਵੰਨਾ ਮੁਲਕ ਛੱਡ ਕੇ ਦੌੜ ਗਿਆ ਹੈ। ਕਰਨਾਟਕ ਵਿਚ ਇਸ ਵਕਤ ਕਾਂਗਰਸ ਦੀ ਸਰਕਾਰ ਹੈ ਅਤੇ ਇਸ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾ ਦਿੱਤੀ ਹੈ; ਨਾਲ ਹੀ ਪ੍ਰਧਾਨ ਮੰਤਰੀ ਨੂੰ ਖਤ ਲਿਖ ਕੇ ਪ੍ਰਜਵਲ ਰੇਵੰਨਾ ਨੂੰ ਮੁਲਕ ਵਾਪਸ ਲਿਆਉਣ ਲਈ ਚਾਰਜੋਈ ਕਰਨ ਲਈ ਕਿਹਾ ਹੈ।
ਇਸ ਮਾਮਲੇ ਵਿਚ ਸੋਸ਼ਲ ਮੀਡੀਆ `ਤੇ ਜਿਨਸੀ ਸ਼ੋਸ਼ਣ ਦੀਆਂ ਬਹੁਤ ਸਾਰੀਆਂ ਵੀਡੀਓ ਕਲਿੱਪਾਂ ਘੁੰਮ ਰਹੀਆਂ ਹਨ। ਇਨ੍ਹਾਂ ਵਿਚ ਆਈਆਂ ਔਰਤਾਂ ਦੀ ਗਿਣਤੀ 3000 ਦੇ ਕਰੀਬ ਦੱਸੀ ਜਾ ਰਹੀ ਹੈ। ਰਿਪੋਰਟਾਂ ਮੁਤਾਬਿਕ, ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਕਈ ਔਰਤਾਂ ਪਿਛਲੇ ਦੋ ਹਫਤਿਆਂ ਵਿਚ ਆਪਣੇ ਘਰ ਛੱਡ ਗਈਆਂ ਹਨ।ਇਸ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਭਾਰਤੀ ਜਨਤਾ ਪਾਰਟੀ ਲਈ ਬਣਿਆ ਹੈ ਜਿਸ ਦੀ ਕੇਂਦਰ ਵਿਚ ਸਰਕਾਰ ਹੈ। ਕੇਂਦਰ ਸਰਕਾਰ ਜਿਨਸੀ ਸ਼ੋਸ਼ਣ ਬਾਰੇ ਦਾਅਵੇ ਤਾਂ ਭਾਵੇਂ ਕਈ ਕਿਸਮ ਦੇ ਕਰਦੀ ਹੈ ਪਰ ਇਸ ਦਾ ਵਿਹਾਰ ਇਨ੍ਹਾਂ ਦਾਅਵਿਆਂ ਤੋਂ ਐਨ ਉਲਟ ਹੈ; ਇਹ ਭਾਵੇਂ ਮਨੀਪੁਰ ਵਿਚ ਔਰਤਾਂ ਨੂੰ ਨਿਰਵਸਤਰ ਕਰ ਕੇ ਘੁਮਾਉਣ ਦਾਮਾਮਲਾ ਹੋਵੇ ਜਾਂ ਭਲਵਾਨ ਕੁੜੀਆਂ ਨਾਲ ਹੋਈ ਵਧੀਕੀ ਦਾ ਮੁੱਦਾ ਹੋਵੇ, ਕੇਂਦਰ ਸਰਕਾਰ ਦਾ ਰਵੱਈਆ ਪੀੜਤਾਂ ਦੇ ਹੱਕ ਵਿਚ ਨਹੀਂ ਰਿਹਾ। ਪ੍ਰਧਾਨ ਮੰਤਰੀ ਮੋਦੀ ਮਨੀਪੁਰ ਦੀ ਸਾਰ ਲੈਣ ਅੱਜ ਤੱਕ ਨਹੀਂ ਗਏ ਹਨ ਅਤੇ ਭਲਵਾਨ ਕੁੜੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਜਿਸ ਆਗੂ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ, ਉਸ ਦੇ ਪੁੱਤਰ ਨੂੰ ਟਿਕਟ ਨਾਲ ਨਵਾਜਿਆ ਗਿਆ ਹੈ। ਇਨ੍ਹਾਂ ਤੱਥਾਂ ’ਤੇ ਭਾਰਤੀ ਜਨਤਾ ਪਾਰਟੀ ਕਸੂਤੀ ਫਸੀ ਹੋਈ ਹੈ। ਇਸੇ ਕਰ ਕੇ ਇਸ ਦੇ ਲੀਡਰਾਂ ਨੂੰ ਆਪਣੇ ਭਾਸ਼ਣਾਂ ਦੀ ਸ਼ਬਦਾਵਲੀ ਬਦਲਣੀ ਪੈ ਰਹੀ ਹੈ ਅਤੇ ਉਹ ਫਿਰਕੂ ਆਧਾਰ ’ਤੇ ਜ਼ਹਿਰੀਲੇ ਪ੍ਰਚਾਰ ਦੇ ਰਾਹ ਪੈ ਗਏ ਹਨ।