ਦਲਜੀਤ ਅਮੀ
ਫੋਨ: 91-97811-21873
ਕਲਾਕਾਰ ਕਈ ਸਮਿਆਂ, ਥਾਂਵਾਂ, ਵਿਚਾਰਾਂ, ਮੌਕਿਆਂ, ਸ਼ਖ਼ਸੀਅਤਾਂ ਅਤੇ ਤਜਰਬਿਆਂ ਨੂੰ ਸੰਵਾਦੀ ਮੰਚ ਉੱਤੇ ਲਿਆ ਕੇ ਆਪਣੇ ਸਮਕਾਲੀਆਂ ਦੀ ਬਾਤ ਪਾਉਂਦਾ ਹੈ। ਸਮਕਾਲੀ ਮਸਲਿਆਂ ਅਤੇ ਨਿੱਜੀ ਤਰਾਸਦੀਆਂ ਦੀਆਂ ਤੰਦਾਂ ਸਮਾਜਕ ਰੁਝਾਨ ਵਿਚੋਂ ਫੜਦਾ ਹੈ। ਇਸ ਰੁਝਾਨ ਦੀ ਚਾਲਕ ਸ਼ਕਤੀਆਂ ਦਾ ਖੁਰਾ ਨੱਪਦਾ ਹੈ। ਨਿੱਜੀ ਪੱਧਰ ਦੀਆਂ ਲੜਾਈਆਂ ਵਿਚੋਂ ਸਮਾਜਕ ਲੜਾਈ ਦੀ ਲੋੜ ਨੂੰ ਉਜਾਗਰ ਕਰਦਾ ਹੈ। ਜਦੋਂ ‘ਨਾਬਰ’ ਵਿਚ ਬਾਬਾ ਫ਼ਰੀਦ, ਬਾਬਾ ਗੋਬਿੰਦ ਅਤੇ ਬਾਬੂ ਰਜਬ ਅਲੀ ਦਾ 800 ਸਾਲਾਂ ਦਾ ਤਜਰਬਾ ਕਿਸੇ ਪਿਉ ਦੀ ਅੰਦਰ ਦੀ ਥਾਹ ਪਾਉਣ ਦਾ ਸਬੱਬ ਬਣਦਾ ਹੈ ਤਾਂ ਰਾਜੀਵ ਕੁਮਾਰ ਦੀ ਕਲਾਕਾਰੀ ਆਪਣੇ ਜਲੌਅ ਵਿਚ ਹੁੰਦੀ ਹੈ। ਪਰਵਾਸ ਦੀ ‘ਖ਼ੁਸ਼ਹਾਲੀ’ ਦਾ ਇਸ਼ਤਿਹਾਰ ਬਣਿਆ ਗਾਇਕ ਪੇਂਡੂ ਘਰ ਦੀ ਚੂਲ ਹਿਲਾਉਂਦਾ ਹੈ। ਇਕੱਲਾ ਪੁੱਤ ਪਰਦੇਸ ਦੇ ਰਾਹ ਵਿਚ ਕਤਲ ਹੁੰਦਾ ਹੈ ਤਾਂ ਪਿਉ ਹੀ ਜਾਣਦਾ ਹੈ। ਅੰਦਰ ਖੌਰੂ ਪੈਂਦਾ ਹੈ ਅਤੇ ਇਨਸਾਫ਼ ਦੀ ਲੜਾਈ ਓਪਰੀ ਧਰਤੀ ਉੱਤੇ ਦ੍ਰਿੜਤਾ ਨਾਲ ਲੜੀ ਜਾਣੀ ਹੈ। ਬਾਪੂ ਸੁਰਜਣ ਸਿੰਘ ਦੇ ਇਸ ਕਹੇ-ਅਣਕਹੇ ਨੂੰ ਹਰਦੀਪ ਗਿੱਲ ਪਰਦੇ ਉੱਤੇ ਸਹਿਜਤਾ ਨਾਲ ਉਤਾਰ ਦਿੰਦਾ ਹੈ। ਇਕੱਲੇ ਪੁੱਤ ਦੀ ਅਣਮੰਨੇ ਮਨ ਨਾਲ ਹਮਾਇਤ ਕਰ ਕੇ ਉਸ ਨੂੰ ਵਿਦੇਸ਼ ਤੋਰਨ ਵਾਲੀ ਮਾਂ ਉਸ ਦੇ ਵਿਆਹ ਦੀ ਉਡੀਕ ਵਿਚ ਸ਼ਗਨਾਂ ਦੇ ਗੀਤ ਗਾਉਂਦੀ ਹੈ। ਜਦੋਂ ਪੁੱਤ ਦੀਆਂ ਅਸਥੀਆਂ ਘਰ ਪੁੱਜਦੀਆਂ ਹਨ ਤਾਂ ਮਾਂ ਦਾ ਸੁਫ਼ਨਾ ਟੁੱਟਦਾ ਹੈ ਅਤੇ ਉਸ ਨੂੰ ਘੁਮੇਰ ਆਉਂਦੀ ਹੈ। ਉਹ ਹੋਣੀ ਤੋਂ ਮੁਨਕਰ ਹੋ ਜਾਂਦੀ ਹੈ ਅਤੇ ਬੇਸੁਧੀ ਵਿਚ ਆਪਣੇ-ਆਪ ਨਾਲ ਗੱਲ ਕਰਦੀ ਹੋਈ ਤਰਾਸਦੀ ਨੂੰ ਉਘਾੜਦੀ ਹੈ। ਹਰਵਿੰਦਰ ਕੌਰ ਬਬਲੀ ਨੇ ਸ਼ਿੰਦਰ ਕੌਰ ਦੇ ਇਸ ਕਿਰਦਾਰ ਨੂੰ ਆਪਣੇ ਕਲਬੂਤ ਨਾਲ ਇੱਕ-ਮਿੱਕ ਕਰ ਦਿੱਤਾ ਹੈ।
ਪੁੱਤ ਦੀਆਂ ਅਸਥੀਆਂ ਦੁਆਲੇ ਅੱਡ-ਅੱਡ ਪਾਸੇ ਮੂੰਹ ਕਰੀਂ ਖੜ੍ਹੇ ਮਾਪਿਆਂ ਦੇ ਦੁਆਲੇ ਕੈਮਰਾ ਘੁੰਮਦਾ ਹੈ। ਮਾਪਿਆਂ ਨੂੰ ਘੁਮੇਰ ਆਉਂਦੀ ਹੈ। ‘ਨਾਬਰ’ ਇਸੇ ਘੁਮੇਰ ਨੂੰ ਉਲਟਾ ਚੱਕਰ ਦੇਣ ਦੀ ਕਹਾਣੀ ਹੈ ਜੋ ਪੰਜਾਬੀ ਬੰਦੇ ਦੇ ਪਿੰਡੇ ਉੱਤੇ ਖੇਡੀ ਜਾ ਰਹੀ ਹੈ। ਮਾਂ ਹੋਣੀ ਤੋਂ ਮੁਨਕਰ ਹੋ ਕੇ ਪੁੱਤ ਦੀ ਉਡੀਕ ਕਰਦੀ ਹੈ ਅਤੇ ਪਿਉ ਡਾਢਿਆਂ ਨਾਲ ਦੋ-ਚਾਰ ਹੋਣ ਦਾ ਫ਼ੈਸਲਾ ਕਰਦਾ ਹੈ। ਇਸ ਤੋਂ ਬਾਅਦ ਵਿਛੋੜੇ ਦੇ ਦਰਦ ਅਤੇ ਇਨਸਾਫ਼ ਦੀ ਲੋੜ ਵਿਚੋਂ ਬਾਹਰਮੁਖੀ ਅਤੇ ਅੰਦਰਮੁਖੀ ਲੜਾਈ ਸ਼ੁਰੂ ਹੁੰਦੀ ਹੈ। ਪਿਉ ਬਾਹਰਮੁਖੀ ਅਤੇ ਮਾਂ ਅੰਦਰਮੁਖੀ ਲੜਾਈ ਦੀ ਨੁਮਾਇੰਦਗੀ ਕਰਦੇ ਹਨ ਪਰ ਇਸ ਲੜਾਈ ਵਿਚ ਨਿਖੇੜਾ ਕਰਨਾ ਮੁਸ਼ਕਿਲ ਹੈ। ਰਿਸ਼ਤੇਦਾਰਾਂ ਦੀ ਮਤਲਬਖ਼ੋਰੀ ਰਾਹੀਂ ਮਾਂ ਬਾਹਰਮੁਖੀ ਲੜਾਈ ਨਾਲ ਦੋ-ਚਾਰ ਹੁੰਦੀ ਹੈ ਅਤੇ ਪਿਉ ਵਿਕਦੀ ਜ਼ਮੀਨ ਦੇ ਨਾਲ-ਨਾਲ ਪੁੱਤ ਦੇ ਯਾਰਾਂ ਰਾਹੀਂ ਆਪਣੇ-ਆਪ ਦੀ ਥਾਹ ਪਾਉਂਦਾ ਹੈ।
ਫ਼ਿਲਮ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਫ਼ਿਲਮਾਂ ਪਿਉ-ਪੁੱਤ ਦੇ ਰਿਸ਼ਤੇ ਦੁਆਲੇ ਬੁਣੀਆਂ ਗਈਆਂ ਹਨ। ਮਾਰੇ ਗਏ ਪੁੱਤਾਂ ਨੂੰ ਲੱਭਦੀਆਂ ਮਾਂਵਾਂ ਦੀਆਂ ਦੋ ਫ਼ਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ: ਬ੍ਰਾਜ਼ੀਲੀ ਫ਼ਿਲਮ ‘ਜ਼ੁਜ਼ੂ ਏਂਜਲ’ ਅਤੇ ਬੰਗਾਲੀ ਫ਼ਿਲਮ ‘ਹਜ਼ਾਰ ਚੁਰਾਸੀ ਕੀ ਮਾਂ’ ਵਿਚ ਬੋਲੀ ਅਤੇ ਸਮੇਂ-ਸਥਾਨ ਤੋਂ ਬਿਨਾਂ ਕੁਝ ਵੀ ਵੱਖ ਨਹੀਂ ਲੱਗਦਾ। ‘ਨਾਬਰ’ ਇਸੇ ਕੜੀ ਦੀ ਫ਼ਿਲਮ ਹੈ।
ਪਿਉ-ਪੁੱਤ ਦਾ ਰਿਸ਼ਤਾ ਅਣਕਹੇ ਮੋਹ ਅਤੇ ਨਿੱਤ ਦੇ ਟਕਰਾਅ ਰਾਹੀਂ ਜੀਵਿਆ ਜਾਂਦਾ ਹੈ। ਸੁਰਜਣ ਸਿੰਘ ਦਾ ਪੁੱਤ ਕਰਮਾ ਵਿਦੇਸ਼ ਜਾਣ ਦੀ ਅੜੀ ਪੁਗਾ ਗਿਆ ਅਤੇ ਪਿਉ ਉਸ ਦੇ ਕਾਤਲਾਂ ਦੀ ਭਾਲ ਵਿਚੋਂ ਧਰਵਾਸ ਧਰਦਾ ਹੈ। ਮੁੰਬਈ ਵਿਚ ਕਰਮਾ ਆਪਣੇ ਯਾਰਾਂ ਨਾਲ ਬਾਪੂ ਦੀਆਂ ਗੱਲਾਂ ਕਰਦਾ ਹੈ। ਕਦੇ ਬਿਆਨ ਨਾ ਕੀਤੀਆਂ ਗੱਲਾਂ ਪੁੱਤ ਦੇ ਯਾਰ ਤੋਂ ਸੁਣ ਕੇ ਸੁਰਜਣ ਸਿੰਘ ਦਾ ਮੋਹ ਉਛਾਲੇ ਖਾਂਦਾ ਹੈ। ਕਰਮੇ ਦਾ ਯਾਰ ਆਪਣੇ ਪਿਉ ਨੂੰ ਹਿਰਖ ਨਾਲ ਛੱਡ ਆਇਆ ਹੈ ਅਤੇ ਹੁਣ ਉਸ ਤੋਂ ਹਿਰਖ ਅਤੇ ਮੋਹ ਵਿਚਲਾ ਨਿਖੇੜਾ ਨਹੀਂ ਕੀਤਾ ਜਾਂਦਾ। ਇਸ ਮੁਲਾਕਾਤ ਵਿਚ ਪਿਉ-ਪੁੱਤ ਦੇ ਮੋਹ ਦੀ ਬਾਤ ਹੱਡ-ਬੀਤੀ ਤੋਂ ਜੱਗ-ਬੀਤੀ ਤੱਕ ਦਾ ਸਫ਼ਰ ਤੈਅ ਕਰਦੀ ਹੈ।
‘ਨਾਬਰ’ ਵਿਚੋਂ ਹਦਾਇਤਕਾਰ ਰਾਜੀਵ ਦੀ ਸ਼ਖ਼ਸੀਅਤ ਦਾ ਹਰ ਪੱਖ ਝਲਕਦਾ ਹੈ। ਹਰਦੀਪ ਨੇ ਪਰਦੇ ਉੱਤੇ ਪੀੜ ਨਾਲ ਲਬਰੇਜ ਦ੍ਰਿੜਤਾ ਜਿਉਂਦੀ ਕਰ ਦਿੱਤੀ ਅਤੇ ਹਰਵਿੰਦਰ ਬਬਲੀ ਝੱਲ ਦੀਆਂ ਪਰਤਾਂ ਉਧੇੜ ਕੇ ਹੌਲ ਪਾ ਦਿੰਦੀ ਹੈ। ‘ਨਾਬਰ’ ਰਾਹੀਂ ਸਾਡੇ ਸਮਿਆਂ ਦੀ ਵਿਵੇਕੀ ਸੁਰ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿਚ ਪਰਦਾਪੇਸ਼ ਹੋਈ ਹੈ। ਇਸ ਫ਼ਿਲਮ ਦੇ ਨਿਭਾਅ ਵਿਚ ਉਹ ਮੈਕਲੌਡਗੰਜ, ਚਮਕੌਰ ਸਾਹਿਬ, ਮੁੰਬਈ ਅਤੇ ਫਤਿਹਗੜ੍ਹ ਸਾਹਿਬ ਨੂੰ ਆਪਣੇ ਕਿਰਦਾਰਾਂ ਦੇ ਆਲੇ-ਦੁਆਲੇ ਲਪੇਟ ਦਿੰਦਾ ਹੈ। ਭੀੜ ਭਰੀਆਂ ਅਣਜਾਣੀਆਂ ਪਰ ਚੇਤਿਆਂ ਵਿਚ ਵਸੀਆਂ ਇਤਿਹਾਸਕ ਸਾਂਝ ਵਾਲੀਆਂ ਥਾਂਵਾਂ ਉੱਤੇ ਆਸਰਾ ਭਾਲਦਾ ਸੁਰਜਣ ਸਿੰਘ ਜਦੋਂ ਹੱਥੀਂ ਨਲਕਾ ਗੇੜ ਕੇ ਪਾਣੀ ਪੀਂਦਾ ਹੈ ਤਾਂ ਸੰਭਵ ਅਤੇ ਅਸੰਭਵ ਦੀ ਦੁਮੇਲ ਉੱਤੇ ਮਿਲਦੀਆਂ ਹੱਦਾਂ ਉਸ ਦੇ ਗੇੜ ਵਿਚ ਆਉਂਦੀਆਂ ਜਾਪਦੀਆਂ ਹਨ। ਜਦੋਂ ਇਹੋ ਪਿਉ ਖ਼ੌਫ਼ ਅਤੇ ਸ਼ਸ਼ੋਪੰਜ ਵਿਚ ਫਸੇ ਯੁੱਧਵੀਰ ਕੋਲ ਪੁੱਜਦਾ ਹੈ ਤਾਂ ਕਿਰਤ ਵਿਚ ਰੁੱਝਿਆ ਇੱਕ ਹੋਰ ਬਾਪ ਕਾਠ ਉੱਤੇ ਸਿੱਧੀਆਂ ਲਕੀਰਾਂ ਵਾਹ ਰਿਹਾ ਹੈ। ਇਹੋ ਲਕੀਰਾਂ ਉਸ ਦੀ ਜ਼ਿੰਦਗੀ ਦਾ ਸਿੱਧਾ-ਸਾਦਾ ਮੰਤਰ ਹਨ ਜੋ ਹੱਕ-ਸੱਚ ਦੀ ਬੋਲੀ ਜਾਣਦੀਆਂ ਹਨ। ਜਦੋਂ ਇਸ ਬਾਪ ਦੀ ਸਾਦਗੀ ਪੁੱਤ ਦੀ ਹੌਸਲਾਅਫ਼ਜਾਈ ਕਰਦੀ ਹੈ ਤਾਂ ਦੂਜੇ ਪਿਉ ਦੀ ਤਾਕਤ ਦੂਣ-ਸਵਾਈ ਹੁੰਦੀ ਹੈ। ਰਾਜੀਵ ਜਾਣਦਾ ਹੈ ਕਿ ਉਸ ਨੇ ਪੰਜਾਬੀ ਦਰਸ਼ਕਾਂ ਨੂੰ ਕੀ ਯਾਦ ਕਰਵਾਉਣਾ ਹੈ। ਨੌਰਾ ਰਿਚਰਡ ਦਾ ਅੰਧਰੇਟੇ ਵਿਚਲਾ ਘਰ, ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਅਤੇ ਪਾਸ਼ ਦੀ ਕਵਿਤਾ ਸਹਿਜੇ ਹੀ ਕਹਾਣੀ ਦਾ ਹਿੱਸਾ ਬਣ ਜਾਂਦੀਆਂ ਹਨ।
ਫ਼ਿਲਮ ਦਾ ਵਧੇਰੇ ਘਟਨਾਕ੍ਰਮ ਕੁਵੇਲੇ ਵਾਪਰਦਾ ਹੈ। ਫ਼ਿਲਮ ਵਿਚ ਧੁੱਪ ਨਹੀਂ ਹੈ। ਕੁਵੇਲੇ ਦੀ ਇਸ ਕਹਾਣੀ ਦਾ ਬਹੁਤ ਅਹਿਮ ਕਾਂਡ ਸਿਖ਼ਰ ਦੁਪਹਿਰੇ ਨਹਿਰ ਦੇ ਪੁਲ ਉੱਤੇ ਵਾਪਰਦਾ ਹੈ। ਪੁਲ ਹੇਠੋਂ ਮਣਾਂ-ਮੂੰਹੀਂ ਪਾਣੀ ਵਗ ਰਿਹਾ ਹੈ ਅਤੇ ਇਨਸਾਫ਼ ਦੀ ਲੜਾਈ ਲੜ ਰਿਹਾ ਪਿਉ ਅਡੋਲ ਖੜੋਤਾ ਹੈ। ਪਿਉ ਨੂੰ ‘ਵਗਦੀ ਗੰਗਾ ਵਿਚ ਹੱਥ ਧੋਣ’ ਦੀ ਪੇਸ਼ਕਸ਼ ਹੁੰਦੀ ਹੈ। ਅਮੀਰੀ, ਸਿਆਸੀ ਸਰਪ੍ਰਸਤੀ ਅਤੇ ਗੁੰਡਾ-ਤਾਕਤ ਦੀ ਕਾਰ ਸਵਾਰ ਲਾਣਾ ਪਿਉ ਨੂੰ ਜਰਕਾਉਣ ਲਈ ਸੁਰ ਉੱਚੀ ਕਰਦਾ ਹੈ। ਖੁੱਸੇ ਪੁੱਤ ਦੀ ਕੀਮਤ ਖੇਤਾਂ ਨਾਲ ਨਹੀਂ ਉਤਾਰੀ ਜਾ ਸਕਦੀ, ਭਾਵੇਂ ਖੇਤਾਂ ਦਾ ਖੁੱਸਣਾ ਘੱਟ ਸੋਗ਼ਵਾਰ ਨਹੀਂ ਹੈ। ਕਿਰਤੀ ਦਾ ਮੁੜ੍ਹਕਾ ਅਤੇ ਪਿਉ ਦਾ ਸਮਾਜਕ ਸੂਝ ਦੀ ਸਾਣ ਉੱਤੇ ਚੜ੍ਹਿਆ ਮੋਹ, ਸਿਦਕਦਿਲੀ ਨਾਲ ਮਜ਼ਬੂਤ ਜੋਟੀ ਪਾਉਂਦਾ ਹੈ। ਇਨ੍ਹਾਂ ਹਾਲਾਤ ਵਿਚ ਵਗਦੇ ਪਾਣੀ ਦੇ ਉਪਰਲੇ ਪੁਲ ਉਤੋਂ ਪਿਉ ਜਰਵਾਣਿਆਂ ਦੀ ਹਾਠ ਨੂੰ ਚੀਰ ਕੇ ਲੰਘ ਜਾਂਦਾ ਹੈ। ਇਹ ਪਿਉ ਅਦਾਲਤੀ ਜਿੱਤ ਨੂੰ ਪਹਿਲਾਂ ਪੜਾਅ ਕਰਾਰ ਦਿੰਦਾ ਹੈ ਅਤੇ ਲੜਾਈ ਦੇ ਅਗਲੇ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ।
ਰਾਜੀਵ ਨੇ ਕੁਵੇਲੇ ਦੀ ਕਹਾਣੀ ਦਿਨ-ਦਿਹਾੜੇ ਪਰਦਾਪੇਸ਼ ਕੀਤੀ ਹੈ। ਉਸ ਨੇ ਇਸ਼ਕ ਅਤੇ ਹੁਨਰ ਦੀ ਦਾਅਵੇਦਾਰੀ ਨਾਲ ਪੰਜਾਬੀ ਫ਼ਿਲਮ ਸਨਅਤ ਦੇ ਸਾਰੇ ਮੰਤਰ ਸਵਾਲਾਂ ਦੇ ਘੇਰੇ ਵਿਚ ਲਿਆ ਦਿੱਤੇ ਹਨ। ਮੰਡੀ, ਮੁਨਾਫ਼ੇ, ਹਾਸੇ-ਠੱਠੇ ਅਤੇ ਮਨੋਰੰਜਨ ਦੇ ਕਸੁੱਸਰੇ ਵਿਚ ਰਾਜੀਵ ਨੇ ਵਿਵੇਕ ਦਾ ਘਣਛਾਂਵਾਂ ਬੂਟਾ ਲਗਾਇਆ ਹੈ। ਇਹ ਕੁਵੇਲੀਂ ਬਾਤ ਨੂੰ ਵੇਲੇ ਸਿਰ ਸੁਣ ਲੈਣ ਦਾ ਸੱਦਾ ਹੈ। ਕਵੀ ਸ਼ਮਸ਼ੇਰ ਬਹਾਦਰ ਸਿੰਘ ਦੀ ਸਤਰ ਹੈ, “ਮਸਲਾ ਯੇਹ ਨਹੀਂ ਕਿ ਵੋ ਕਿਤਨਾ ਆਗੇ ਜਾ ਪਾਏ, ਮਸਲਾ ਯੇਹ ਹੈ ਕਿ ਜੋ ਮੁੱਦਾ ਉਨਹੋ ਨੇ ਉਠਾਇਆ, ਵੋਹ ਕਿਤਨਾ ਕਾਬਲੇ-ਗੌਰ ਹੈ।” ਪੰਜਾਬ ਦੇ ਦਰਦਮੰਦ ਫ਼ਿਲਮਸਾਜ਼ ਦੀ ਸਿਦਕਦਿਲੀ ਨਾਲ ਸਮਕਾਲੀ ਦੌਰ ਦੀ ਬਾਤ ਪਈ ਹੈ ਜੋ ਸੰਗਤ ਨਾਲ ਸੰਜੀਦਾ ਸੰਵਾਦ ਸ਼ੁਰੂ ਕਰੇਗੀ।
Leave a Reply