ਦਿੱਲੀ ਕਮੇਟੀ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਸਿੱਖ ਆਗੂ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਹੋਰ ਵੱਖ-ਵੱਖ ਖੇਤਰਾਂ ਨਾਲ ਸਬੰਧਤ ਵੱਡੀ ਗਿਣਤੀ ਸਿੱਖ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ। ਇਨ੍ਹਾਂ ਮੈਂਬਰਾਂ ਵਿਚ ਜ਼ਿਆਦਾਤਰ ਉਹ ਆਗੂ ਸ਼ਾਮਲ ਹਨ ਜੋ ਭਾਜਪਾ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਖੇਮੇ ਦੇ ਹਨ।

ਇਨ੍ਹਾਂ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਸੀ ਪਰ ਬਾਅਦ ਵਿਚ ਦਿੱਲੀ ਦੀ ਸਿੱਖ ਰਾਜਨੀਤੀ ਵਿਚ ਆਈਆਂ ਤਬਦੀਲੀਆਂ ਕਰਕੇ ਵੱਖਰੇ ਬਣੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਵਿਚ ਸ਼ਮੂਲੀਅਤ ਕਰ ਲਈ ਸੀ। ਇਸ ਮੌਕੇ ਘੱਟ ਗਿਣਤੀ ਭਾਈਚਾਰੇ ਦੀ ਮਦਦ ਲਈ ਸਰਕਾਰ ਵੱਲੋਂ ਚੁੱਕੇ ਗਏ ਕਈ ਕਦਮਾਂ ਦਾ ਹਵਾਲਾ ਦਿੰਦਿਆਂ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਕਿ ਜੇ ਕਿਸੇ ਨੇ ਸੱਚਮੁੱਚ ਭਾਈਚਾਰੇ ਲਈ ਕੰਮ ਕੀਤਾ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।
ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਦੇਸ਼ ਲਈ ਪਾਏ ਯੋਗਦਾਨ ਅਤੇ ਕੁਰਬਾਨੀਆਂ ਨੂੰ ਭਾਜਪਾ ਬਹੁਤ ਮੰਨਦੀ ਹੈ ਅਤੇ ਪਾਰਟੀ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਨੱਢਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜਿਸ ਰਾਹੀਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ, ਹਰਿਮੰਦਰ ਸਾਹਿਬ ਨੂੰ ਦਾਨ ਲਈ ਐਫ.ਸੀ.ਆਰ.ਏ. ਰਜਿਸਟਰੇਸ਼ਨ ਅਤੇ ਸਿੱਖ ਦੰਗਿਆਂ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਆਦਿ ਪ੍ਰਾਪਤੀਆਂ ਗਿਣਾਈਆਂ। ਜ਼ਿਕਰਯੋਗ ਹੈ ਕਿ ਇਸ ਵਾਰ ਭਾਜਪਾ ਵੱਲੋਂ ਪੰਜਾਬ ‘ਚ ਆਪਣੇ ਬਲਬੂਤੇ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ ਜਦੋਂ ਕਿ ਪਹਿਲਾਂ ਅਕਾਲੀਆਂ ਨਾਲ ਸਮਝੌਤਾ ਕਰਕੇ ਪਾਰਟੀ ਸਿਰਫ਼ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਹਲਕਿਆਂ ਤੋਂ ਹੀ ਲੋਕ ਸਭਾ ਚੋਣ ਲੜਦੀ ਆਈ ਸੀ। ਭਾਜਪਾ ‘ਚ ਸ਼ਾਮਲ ਹੋਣ ਵਾਲੇ ਦਿੱਲੀ ਕਮੇਟੀ ਦੇ ਮੈਂਬਰਾਂ ਵਿਚ ਪਰਵਿੰਦਰ ਸਿੰਘ, ਰਮਨਦੀਪ ਸਿੰਘ ਸੋਨੂੰ, ਭੁਪਿੰਦਰ ਸਿੰਘ ਗਿੰਨੀ, ਜਸਮੈਨ ਸਿੰਘ ਨੋਨੀ, ਰਮਨਦੀਪ ਸਿੰਘ ਮੀਤਾ, ਹਰਜੀਤ ਸਿੰਘ ਪੱਪਾ ਅਤੇ ਸਿੱਖ ਆਗੂ ਮਨਜੀਤ ਸਿੰਘ ਔਲਖ ਸ਼ਾਮਲ ਹਨ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਵੀ ਹਾਜ਼ਰ ਸਨ। ਇਸ ਦੌਰਾਨ ਸਿਰਸਾ ਨੇ ਨੱਢਾ ਦਾ ਸਨਮਾਨ ਵੀ ਕੀਤਾ।
ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ: ਧਾਮੀ
ਫਗਵਾੜਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਵਾਰ ਚੋਣਾਂ ‘ਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪਾਰਟੀ ਦਾ ਆਪਣਾ ਆਧਾਰ ਮਜ਼ਬੂਤ ਨਹੀਂ ਹੈ। ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਇਥੇ ਪੁੱਜਣ ਮੌਕੇ ਕਰਵਾਏ ਸਮਾਗਮ ‘ਚ ਸ਼ਾਮਲ ਹੋਣ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕੇਂਦਰ ‘ਚ ਸਿੱਖਾਂ ਦੇ ਸਹਿਯੋਗ ਨਾਲ ਬਣੀ ਸੀ ਜੋ ਸਿੱਖਾਂ ਦੇ ਧਾਰਮਿਕ ਮਸਲਿਆਂ ‘ਚ ਦਖ਼ਲਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ, ਬੰਦੀ ਸਿੰਘਾਂ ਦੀ ਰਿਹਾਈ ਆਦਿ ਮਸਲੇ ਹੱਲ ਨਹੀਂ ਕੀਤੇ।