ਗਾਜ਼ਾ ਵਿਚ ਜੰਗ ਖਿਲਾਫ ਅਮਰੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਮੁਜ਼ਾਹਰੇ

ਨਿਊ ਯਾਰਕ: ਕੋਲੰਬੀਆ ਯੂਨੀਵਰਸਿਟੀ ਵਿਚ ਪਿਛਲੇ ਹਫ਼ਤੇ ਸੌ ਤੋਂ ਵੱਧ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਅਮਰੀਕੀ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਕੈਂਪਸਾਂ ਵਿਚ ਵਿਦਿਆਰਥੀ ਪ੍ਰਦਰਸ਼ਨਾਂ ਨੇ ਜ਼ੋਰ ਫੜ ਲਿਆ ਹੈ।

ਵਿਦਿਆਰਥੀ ਮੰਗ ਕਰ ਰਹੇ ਹਨ ਕਿ ਯੂਨੀਵਰਸਿਟੀਆਂ ਅਜਿਹੀਆਂ ਕੰਪਨੀਆਂ ਤੋਂ ਖ਼ੁਦ ਨੂੰ ਵੱਖ ਕਰ ਲੈਣ, ਜੋ ਗਾਜ਼ਾ ਵਿਚ ਇਜ਼ਰਾਇਲੀ ਫੌਜ ਦੀ ਚੜ੍ਹਾਈ ਵਿਚ ਮਦਦ ਕਰ ਰਹੀਆਂ ਹਨ। ਅਮਰੀਕੀ ਯੂਨੀਵਰਸਿਟੀਆਂ ਵਿਚ ਇਹ ਮੁਜ਼ਾਹਰੇ ਵਿਦਿਆਰਥੀ ਸਮੂਹਾਂ ਦੇ ਗੱਠਜੋੜ ਵੱਲੋਂ ਕੀਤੇ ਜਾ ਰਹੇ ਹਨ। ਇਹ ਸਮੂਹ ਆਮ ਕਰਕੇ ਸੁਤੰਤਰ ਰੂਪ ਵਿਚ ਕੰਮ ਕਰ ਰਹੇ ਹਨ, ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਹੋਰਨਾਂ ਯੂਨੀਵਰਸਿਟੀਆਂ ਦੇ ਆਗੂਆਂ ਤੋਂ ਪ੍ਰੇਰਿਤ ਹਨ।
ਫਲਸਤੀਨ ਪੱਖੀ ਵਿਦਿਆਰਥੀਆਂ ਨੇ ਪਿਛਲੇ ਹਫ਼ਤੇ ਨਿਊ ਯਾਰਕ ਦੀ ਆਇਵੀ ਲੀਗ ਯੂਨੀਵਰਸਿਟੀ ਵਿਚ ਟੈਂਟ ਲਾ ਕੇ ਰੋਸ ਮੁਜ਼ਾਹਰਾ ਕੀਤਾ ਸੀ। ਪੁਲਿਸ ਨੇ 18 ਅਪਰੈਲ ਨੂੰ ਪਹਿਲਾਂ ਉਨ੍ਹਾਂ ਦੇ ਤੰਬੂ ਪੁੱਟਣ ਦੀ ਕੋੋਸ਼ਿਸ਼ ਕੀਤੀ ਤੇ ਸੌ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਸਰਕਾਰ ਦੀ ਇਹ ਪੇਸ਼ਕਦਮੀ ਹਾਲਾਂਕਿ ਪੁੱਠੀ ਪੈ ਗਈ ਤੇ ਦੇਸ਼ ਭਰ ਦੇ ਵਿਦਿਆਰਥੀਆਂ ਨੇ ਇਕਜੁੱਟ ਹੋ ਕੇ ‘ਵਰਸਿਟੀ ਕੈਂਪਸਾਂ ਵਿਚ ਰੋਸ ਪ੍ਰਦਰਸ਼ਨਾਂ ਦਾ ਫੈਸਲਾ ਕੀਤਾ। ਆਈ.ਵੀ. ਲੀਗ ਸਕੂਲ ਨੇ ਸਕੂਲ ਬੰਦ ਕਰਕੇ 15 ਮਈ ਤੋਂ ਹਾਈਬ੍ਰਿਡ ਲਰਨਿੰਗ ਦਾ ਫੈਸਲਾ ਕੀਤਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਸਿਰੇ ਨਾ ਚੜ੍ਹਨ ਮਗਰੋਂ ਉਨ੍ਹਾਂ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਰੋਸ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਉਧਰ, ਨੌਰਥਈਸਟਰਨ ਯੂਨੀਵਰਸਿਟੀ ਵਿਚ ਪੁਲਿਸ ਨੇ 102 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯੂਨੀਵਰਸਿਟੀ ਆਫ਼ ਸਾਊਦਰਨ ਕੈਲੀਫੋਰਨੀਆ ਨੇ ਨਾਨ-ਰੈਜ਼ੀਡੈਂਟਸ ਲਈ ਯੂਨੀਵਰਸਿਟੀ ਪਾਰਕ ਕੈਂਪਸ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਹੈ। ਕੋਲੰਬਸ ਦੀ ਓਹੀਓ ਸਟੇਟ ਯੂਨੀਵਰਸਿਟੀ ਵਿਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪਾਂ ਦੀਆਂ ਰਿਪੋਰਟਾਂ ਹਨ। ਪੁਲਿਸ ਨੇ 36 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਵੀ ਪ੍ਰਦਰਸ਼ਨਾਂ ਦੌਰਾਨ ਫਲਸਤੀਨ ਪੱਖੀ ਵਿਦਿਆਰਥੀ ਸਮੂਹ ‘ਤੇ ਲਾਈਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਨਿਊ ਯਾਰਕ ਯੂਨੀਵਰਸਿਟੀ, ਐਟਲਾਂਟਾ ਦੀ ਐਮਰੀ ਯੂਨੀਵਰਸਿਟੀ, ਇੰਡਿਆਨਾ ਯੂਨੀਵਰਸਿਟੀ ਬਲੂਮਿੰਗਟਨ, ਐਰੀਜ਼ੋਨਾ ਸਟੇਟ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ਼ ਫਲੋਰਿਡਾ ਵਿਚ ਪੁਲੀਸ ਨੇ ਝੜਪਾਂ ਮਗਰੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।