ਅਕਾਲੀ ਦਲ ਨੂੰ ਹੁਣ ਨਵੀਂ ਚੁਣੌਤੀ

ਚੰਡੀਗੜ੍ਹ: ਪਿਛਲੇ ਤਕਰੀਬਨ ਇਕ ਦਹਾਕੇ ਤੋਂ ਸਿਆਸੀ ਪੈਰ ਧਰਾਵੇ ਲਈ ਹੱਥ-ਪੈਰ ਮਾਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਇਸ ਵਾਰ ਲੋਕ ਸਭਾ ਚੋਣਾਂ ਵਿਚ ਵੀ ਰਾਹ ਆਸਾਨ ਨਜ਼ਰ ਨਹੀਂ ਆ ਰਿਹਾ। ਪੰਥਕ ਏਕੇ ਦੇ ਹੋਕੇ ਨਾਲ ਚੋਣ ਮੈਦਾਨ ਵਿਚ ਨਿੱਤਰੇ ਅਕਾਲੀ ਦਲ ਨਿੱਤ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ।

ਅਕਾਲੀ ਦਲ ਲਈ ਜਿਥੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨ ਤੋਂ ਕੋਰੀ ਨਾਂਹ ਪਿੱਛੋਂ ਹਾਲਾਤ ਔਖੇ ਬਣਦੇ ਨਜ਼ਰ ਆ ਰਹੇ ਹਨ, ਉਥੇ ਹੀ ਅਸਾਮ ਦੀ ਦਿਬੜੂਗੜ੍ਹ ਜੇਲ੍ਹ ਵਿਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਆਉਣ ਦੇ ਐਲਾਨ ਨੇ ਪਾਰਟੀ ਲਈ ਫਿਕਰਮੰਦੀ ਵਧਾ ਦਿੱਤੀ ਹੈ। ਇਸ ਐਲਾਨ ਦੇ ਤੁਰੰਤ ਪਿੱਛੋਂ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣਾ ਉਮੀਦਵਾਰ ਹਰਪਾਲ ਸਿੰਘ ਬਲੇਰ ਵਾਪਸ ਲੈਣ ਦਾ ਐਲਾਨ ਕਰਦਿਆਂ ਅੰਮ੍ਰਿਤਪਾਲ ਸਿੰਘ ਨੂੰ ਹਮਾਇਤ ਦੇਣ ਦੀ ਹਾਮੀ ਭਰ ਦਿੱਤੀ ਹੈ। ਬਾਦਲ ਦਲ ਵੱਲੋਂ ਇਥੋਂ ਵਿਰਸਾ ਸਿੰਘ ਵਲਟੋਹਾ ਨੂੰ ਟਿਕਟ ਦੇ ਦਿੱਤੀ ਗਈ ਹੈ। ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਕੋਲ ਪਹੁੰਚ ਕਰ ਕੇ ਹਮਾਇਤ ਦੀ ਮੰਗ ਕੀਤੀ ਸੀ ਪਰ ਕੋਰਾ ਜਵਾਬ ਮਿਲਿਆ ਹੈ।
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਆਖਿਆ ਕਿ ਇਕ ਪਾਸੇ ਮਾਨ ਦਲ ਹੈ ਜਿਸ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਆਪਣੇ ਉਮੀਦਵਾਰ ਦਾ ਨਾਂ ਵਾਪਸ ਲੈ ਲਿਆ ਹੈ; ਦੂਜੇ ਪਾਸੇ, ਅਕਾਲੀ ਦਲ ਨੇ ਅੰਮ੍ਰਿਤਪਾਲ ਸਿੰਘ ਦਾ ਨਾਂ ਐਲਾਨੇ ਜਾਣ ਤੋਂ ਬਾਅਦ ਆਪਣੇ ਉਮੀਦਵਾਰ ਦਾ ਮੈਦਾਨ ਵਿਚ ਉਤਾਰਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਪੰਥਕ ਕੌਣ ਹੈ। ਉਨ੍ਹਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਮਾਇਤ ਨਾ ਦੇਣ ਵਾਲੀ ਗਲਤੀ ਵੀ ਯਾਦ ਕਰਵਾਈ ਹੈ।
ਪਿਛਲੀਆਂ ਚੋਣਾਂ ਵਿਚ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਸਨ। ਉਸ ਵੇਲੇ ਵੀ ਸਾਰੇ ਅਕਾਲੀ ਦਲ ਧੜਿਆਂ ਨੂੰ ਬੀਬੀ ਦੇ ਹੱਕ ਵਿਚ ਆਉਣ ਅਤੇ ਆਪਣੇ ਉਮੀਦਵਾਰ ਵਾਪਸ ਲੈਣ ਦੀ ਅਪੀਲ ਕੀਤੀ ਗਈ ਸੀ ਪਰ ਕੋਈ ਵੀ ਧੜਾ ਅੱਗੇ ਨਾ ਆਇਆ। ਇਸ ਕਾਰਨ ਪੰਥਕ ਵੋਟ ਵੰਡੀ ਗਈ ਅਤੇ ਕਾਂਗਰਸ ਦੇ ਜਸਬੀਰ ਸਿੰਘ ਗਿੱਲ (ਡਿੰਪਾ) ਨੂੰ ਜਿੱਤ ਮਿਲੀ। ਉਸ ਵੇਲੇ ਖਡੂਰ ਸਾਹਿਬ ਤੋਂ ਸਿੱਧੂ ਦਾ ਮੁਕਾਬਲਾ ਪੀ.ਡੀ.ਏ. ਦੀ ਪਰਮਜੀਤ ਕੌਰ ਖਾਲੜਾ, ਅਕਾਲੀ ਦਲ ਟਕਸਾਲੀ ਦੇ ਜੇ.ਜੇ. ਸਿੰਘ, ਅਕਾਲੀ ਦਲ ਬਾਦਲ ਦੀ ਜਗੀਰ ਕੌਰ ਤੇ ਕਾਂਗਰਸ ਦੇ ਜਸਬੀਰ ਸਿੰਘ ਗਿੱਲ (ਡਿੰਪਾ) ਵਿਚਾਲੇ ਸੀ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਬਾਦਲ ਧੜਾ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਦਾ ਐਲਾਨ ਨਹੀਂ ਕਰਦਾ ਤਾਂ ਹੋਰ ਲੋਕ ਸਭਾ ਹਲਕਿਆਂ ਵਿਚ ਵੀ ਉਸ ਦੀ ਪੰਥਕ ਵੋਟ ਨੂੰ ਖੋਰਾ ਲੱਗ ਸਕਦਾ ਹੈ। ਉਧਰ, ਅਕਾਲੀ ਦਲ ਦੇ ਹਾਲਾਤ ‘ਸੱਪ ਦੇ ਮੂੰਹ ਵਿਚ ਕਿਰਲੀ` ਵਾਲੇ ਹਾਲਾਤ ਬਣੇ ਹੋਏ ਹਨ। ਜੇਕਰ ਉਹ ਗਰਮਖਿਆਲ ਮੰਨੇ ਜਾਂਦੇ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਦਾ ਹੈ ਤਾਂ ਉਸ ਦੇ ਹਿੰਦੂ ਵੋਟ ਬੈਂਕ ਨੂੰ ਸੱਟ ਵੱਜੇਗੀ; ਜੇਕਰ ਨਹੀਂ ਕਰਦਾ ਥਾਂ ਪੰਥਕ ਵੋਟ ਨੂੰ ਖੋਰਾ ਲੱਗ ਸਕਦਾ ਹੈ। ਅਕਾਲੀ ਦਲ ਹੁਣ ਤੱਕ ਆਪਣੇ ਚੋਣ ਨਿਸ਼ਾਨ ਨੂੰ ‘ਬਾਬੇ ਨਾਨਕ ਦੀ ਤੱਕੜੀ` ਵਜੋਂ ਪੇਸ਼ ਕਰ ਕੇ ਪੰਥਕ ਵੋਟਾਂ ਆਸਰੇ ਹੀ ਸੱਤਾ ਵਿਚ ਆਉਂਦਾ ਰਿਹਾ ਹੈ ਪਰ ਇਸ ਪੰਥਕ ਧਿਰ ਦੇ ਪੰਜਾਬ ਦੀ ਸੱਤਾ ਵਿਚ ਹੋਣ ਵੇਲੇ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੇ ਸਿੱਖ ਜਗਤ ਵਿਚ ਵੱਡਾ ਰੋਸ ਪੈਦਾ ਕਰ ਦਿੱਤਾ ਸੀ। ਉਸ ਤੋਂ ਬਾਅਦ ਅਕਾਲੀ ਦਲ ਦੇ ਸਿਆਸੀ ਮੈਦਾਨ ਵਿਚ ਪੈਰ ਹੀ ਨਹੀਂ ਲੱਗੇ। ਇਹੀ ਕਾਰਨ ਹੈ ਕਿ ਪਿਛਲੇ ਕੁਝ ਸਮੇਂ, ਖਾਸ ਕਰ ਕੇ ਭਾਜਪਾ ਨਾਲੋਂ ਗੱਠਜੋੜ ਟੁੱਟਣ ਪਿੱਛੋਂ ਅਕਾਲੀ ਦਲ ਹਿੰਦੂ ਵੋਟ ਨੂੰ ਲਲਚਾਈਆਂ ਨਜ਼ਰਾਂ ਨਾਲ ਦੇਖ ਰਿਹਾ ਹੈ। ਅਕਾਲੀ ਦਲ ਨੇ ਇਸ ਵਾਰ ਉਚੇਚੇ ਤੌਰ ਉਤੇ ਹਿੰਦੂ ਉਮੀਦਵਾਰ ਐਨ.ਕੇ. ਸ਼ਰਮਾ ਨੂੰ ਪਟਿਆਲਾ ਤੋਂ ਮੈਦਾਨ ਵਿਚ ਉਤਾਰਿਆ ਹੈ। ਅਕਾਲੀ ਦਲ ਦਾ ਹੁਣ ਫਿਕਰ ਇਹ ਹੈ ਕਿ ਜੇਕਰ ਉਹ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਦਾ ਹੈ ਤਾਂ ਉਸ ਦਾ ਹਿੰਦੂ ਵੋਟ ਹੱਥੋਂ ਖਿਸਕ ਜਾਵੇਗਾ।
ਤਰਨਤਾਰਨ ਤੋਂ ਖਡੂਰ ਸਾਹਿਬ ਬਣਿਆ ਲੋਕ ਸਭਾ ਹਲਕਾ ਪੰਜਾਬ ਦਾ ਇਕੋ-ਇਕ ਅਜਿਹਾ ਹਲਕਾ ਹੈ ਜੋ ਮਾਝਾ, ਮਾਲਵਾ ਤੇ ਦੁਆਬਾ ਖੇਤਰ ਤੱਕ ਫੈਲਿਆ ਹੋਇਆ ਹੈ। ਬੇਸ਼ੱਕ ਇਸ ਦਾ ਵੱਡਾ ਹਿੱਸਾ ਮਾਝੇ ਵਿਚ ਹੈ ਅਤੇ ਇਥੋਂ ਵਧੇਰੇ ਸੰਸਦ ਮੈਂਬਰ ਵੀ ਮਝੈਲ ਹੀ ਰਹੇ ਹਨ ਪਰ ਦੁਆਬੇ ਦੇ ਦੋ ਹਲਕੇ ਹੋਣ ਦੇ ਬਾਵਜੂਦ ਆਪੋ ਆਪਣੀਆਂ ਪਾਰਟੀਆਂ ‘ਚ ਦੁਆਬੇ ਦੇ ਦੋ ਵੱਡੇ ਚਿਹਰੇ ਇਸ ਹਲਕੇ ਤੋਂ ਹਾਰ ਦੇਖ ਚੁੱਕੇ ਹਨ।
1952 ਤੋਂ 2004 ਤੱਕ ਲੋਕ ਸਭਾ ਹਲਕਾ ਤਰਨਤਾਰਨ ਰਹੇ ਇਸ ਹਲਕੇ ਤੋਂ ਵਾਰ-ਵਾਰ ਕਾਂਗਰਸ ਅਤੇ ਅਕਾਲੀ ਦਲ ਨੂੰ ਜਿੱਤ ਮਿਲਦੀ ਰਹੀ ਹੈ। 1952, 1957 ਅਤੇ 1962 ‘ਚ ਕਾਂਗਰਸ ਦੇ ਸੁਰਜੀਤ ਸਿੰਘ ਮਜੀਠੀਆ ਨੇ ਜਿੱਤ ਦੀ ਹੈਟ-ਟ੍ਰਿੱਕ ਬਣਾਈ ਸੀ। ਉਨ੍ਹਾਂ ਤੋਂ ਬਾਅਦ ਲਗਾਤਾਰ ਦੋ ਵਾਰ ਕਾਂਗਰਸ ਦੇ ਗੁਰਦਿਆਲ ਸਿੰਘ ਢਿੱਲੋਂ 1967 ਤੇ 1971 ‘ਚ ਤਰਨ ਤਾਰਨ ਹਲਕੇ ਤੋਂ ਲੋਕ ਸਭਾ ਚੋਣ ਜਿੱਤੇ ਅਤੇ ਲੋਕ ਸਭਾ ਦੇ ਸਪੀਕਰ ਦੀ ਕੁਰਸੀ ਤੱਕ ਪਹੁੰਚੇ। ਗੁਰਦਿਆਲ ਸਿੰਘ ਢਿੱਲੋਂ ਤੋਂ ਬਾਅਦ ਇਹ ਹਲਕਾ ਅਜਿਹਾ ਕਾਂਗਰਸ ਹੱਥੋਂ ਗਿਆ ਕਿ ਇਥੇ 1977 ‘ਚ ਜਥੇਦਾਰ ਮੋਹਨ ਸਿੰਘ ਤੁੜ, 1980 ‘ਚ ਜਥੇਦਾਰ ਲਹਿਣਾ ਸਿੰਘ ਤੁੜ, 1985 ‘ਚ ਤਰਲੋਚਨ ਸਿੰਘ ਤੁੜ ਅਕਾਲੀ ਦਲ ਵੱਲੋਂ ਚੋਣ ਜਿੱਤੇ। 1989 ‘ਚ ਸਿਮਰਨਜੀਤ ਸਿੰਘ ਮਾਨ ਨੇ ਵੀ ਗੈਰ-ਕਾਂਗਰਸੀ ਸੰਸਦ ਮੈਂਬਰ ਵਜੋਂ ਲੋਕ ਸਭਾ ਵਿਚ ਸਭ ਤੋਂ ਵੱਧ ਹੁਣ ਵੀ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਨਾ ਕਰਨ ਦਾ ਫੈਸਲਾ ਇਸ ਕਰ ਕੇ ਲਿਆ ਹੈ ਕਿਉਂਕਿ ਉਹ ਸਿੱਖ ਪੰਥ ਤੇ ਪੰਜਾਬ ਨੂੰ ਨਿਆਂ ਨਹੀਂ ਦੇ ਰਹੀ। ਸੁਖਬੀਰ ਨੇ ਭਾਜਪਾ ਵੱਲੋਂ ਸਿੱਖ ਧਾਰਮਿਕ ਸੰਸਥਾਵਾਂ ‘ਤੇ ਕਬਜ਼ਾ ਕਰਨ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਵਿਚ ਭਾਜਪਾ ਸਰਕਾਰ ਨੇ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਬੋਰਡ ਨਾਲ ਛੇੜਛਾੜ ਕਰ ਕੇ ਇਸ ਵਿਚ 12 ਸਰਕਾਰੀ ਮੈਂਬਰ ਨਾਮਜ਼ਦ ਕਰ ਲਏ ਤਾਂ ਕਿ ਇਸ ‘ਤੇ ਕਬਜ਼ਾ ਕੀਤਾ ਜਾ ਸਕੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾ ਦਿੱਤੀ ਗਈ ਹੈ।