ਚੱਲ ਮਨਾ! ਵੇਈਂ ਨੂੰ ਮਿਲੀਏ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਬਾਬੇ ਨਾਨਕ ਦੀ ਵੇਈਂ ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਦੇ ਇਲਾਕਿਆਂ ਨੂੰ ਸਿੰਜਦੀ, ਆਪਣਾ ਸਫ਼ਰ ਪੂਰਾ ਕਰਦੀ। ਇਹ ਵੇਈਂ ਮੇਰੇ ਚੇਤਿਆਂ ਵਿਚ ਅਕਸਰ ਆਉਂਦੀ ਅਤੇ ਮੈਨੂੰ ਬਹੁਤ ਸਾਰੇ ਪ੍ਰਸ਼ਨ ਕਰਦੀ ਜਿਨ੍ਹਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ।

ਵੇਈਂ ਬਹੁਤ ਹੀ ਪਾਕੀਜ਼ ਅਤੇ ਵਲ-ਵਲੇਵੇਂ ਖਾਂਦੀ ਮੇਰੇ ਨਾਨਕਾ ਪਿੰਡ ਦੇ ਕੋਲੋਂ ਲੰਘਦੀ। ਇਸਦੇ ਸ਼ਫ਼ਾਫ਼ ਪਾਣੀ ਵਿਚ ਲਾਈਆਂ ਤਾਰੀਆਂ ਯਾਦ ਆਉਂਦੀਆਂ। ਇਕ ਬੇੜੀ ਅਕਸਰ ਪਿੰਡ ਵਾਲਿਆਂ ਨੂੰ ਦੂਸਰੇ ਪਾਰ ਲੰਘਾਉਂਦੀ ਜਿਨ੍ਹਾਂ ਦੀਆ ਜ਼ਮੀਨਾਂ ਵੇਈਂ ਤੋਂ ਪਾਰ ਸਨ। ਬਹੁਤ ਵਧੀਆ ਲੱਗਦਾ ਸੀ ਨਾਨਕੇ ਪਿੰਡ ਵਿਚ ਦੋਹਤਰਾ ਬਣ ਕੇ ਵਿਚਰਨਾ। ਇਸਦੇ ਵਗਦੇ ਨਿਰਮਲ ਪਾਣੀਆਂ ਵਿਚ ਆਪਣਾ ਮੂੰਹ ਵੀ ਦੇਖ ਲਈਦਾ ਸੀ ਅਤੇ ਪਿਆਸ ਲੱਗਣ ‘ਤੇ ਪਾਣੀ ਵੀ ਪੀ ਲਈਦਾ ਸੀ।
ਸੁੰਗੜ ਕੇ ਨਿੱਕਾ ਜਿਹਾ ਗੰਦਾ ਨਾਲਾ ਬਣੀ ਇਹ ਵੇਈਂ ਮੈਨੂੰ ਸਵਾਲ ਕਰਦੀ ਹੈ ਕਿ ਮੇਰੀ ਮੌਜੂਦਾ ਤਰਾਸਦੀ ਲਈ ਕੌਣ ਜਿੰLਮੇਵਾਰ? ਕਿਸਨੇ ਮੇਰੇ ਪਾਣੀਆਂ ਨੂੰ ਪਲੀਤ ਕੀਤਾ? ਜੀਵਨ-ਦਾਤੀ ਕਦੋਂ ਤੋਂ ਮੌਤ ਵੰਡਣ ਲੱਗ ਪਈ, ਪਤਾ ਹੀ ਨਾ ਲੱਗਾ। ਮਨੁੱਖੀ ਲਾਲਚ ਨੇ ਮੇਰੇ ਕੰਢੇ ਹੀ ਖਾ ਲਏ ਅਤੇ ਮੇਰੀ ਅਜੋਕੀ ਦੁਰਦਸ਼ਾ ਕਰ ਦਿਤੀ।
ਕੀ ਮੈਂ ਉਹੀ ਵੇਈਂ ਹਾਂ ਜਿਸਦੇ ਕੰਢੇ ਬੈਠ ਕੇ ਬਾਬੇ ਨਾਨਕ ਨੇ ਮੂਲਮੰਤਰ ਉਚਾਰਿਆ ਸੀ? ਬਾਬੇ ਦੇ ਨੂਰਾਨੀ ਚਿਹਰੇ ਦਾ ਪ੍ਰਤਾਪ, ਵਗਦੇ ਪਾਣੀਆਂ ਵਿਚ ਲਿਸ਼ਕੋਰ ਪੈਦਾ ਕਰਦਾ ਸੀ। ਇਸਦੇ ਪਾਣੀਆਂ ਦੀ ਰਵਾਨਗੀ ਵਿਚ ਬਾਬੇ ਦੇ ਬੋਲ ਘੁਲ ਕੇ ਪਾਣੀਆਂ ਨੂੰ ਅੰਮ੍ਰਿਤ ਬਣਾ ਦਿੰਦੇ ਸਨ। ਇਸ ਵਿਚ ਚੁੱਭੀ ਲਾ ਕੇ ਬਾਬਾ ਨਾਨਕ ਨੇ ਆਤਮਿਕ ਅੰਬਰ ਵਿਚ ਉਡਾਰੀਆਂ ਲਾਈਆਂ ਸਨ। ਇਸਦੇ ਕੰਢੇ ਬੈਠ ਕੇ ਘੰਟਿਆਂ-ਬੱਧੀ ਵਗਦੇ ਪਾਣੀਆਂ ਨੂੰ ਨਿਹਾਰਦਿਆਂ, ਬਾਬੇ ਨੇ ਕੁਦਰਤੀ ਅਸੀਮਤਾ, ਸੁੰਦਰਤਾ ਅਤੇ ਸਦੀਵਤਾ ਨੂੰ ਆਪਣੇ ਪ੍ਰਵਚਨਾਂ ਵਿਚ ਉਚਾਰਿਆ ਸੀ।
ਨਹੀਂ! ਇਹ ਉਹ ਵੇਈਂ ਨਹੀਂ ਰਹੀ ਕਿਉਂਕਿ ਬਾਬੇ ਦੇ ਸ਼ਰਧਾਲੂਆਂ ਨੇ ਹੀ ਇਸਦੀ ਪਾਕ ਹੋਂਦ ਨੂੰ ਖੋਰਾ ਲਾਇਆ ਹੈ। ਵਗਦੀ ਵੇਈਂ ਨੂੰ ਇਕ ਗੰਦੇ ਨਾਲੇ ਵਿਚ ਤਬਦੀਲ ਕਰ ਦਿੱਤਾ। ਇਸਦੀ ਹੋਂਦ ਨੂੰ ਹਜ਼ਮ ਕਰਨ ਲਈ ਅਸੀਂ ਹੀ ਕਸੂਰਵਾਰ।
1970 ਤੋਂ 1974 ਤੱਕ ਰਣਧੀਰ ਕਾਲਜ, ਕਪੂਰਥਲਾ ਵਿਚ ਪੜ੍ਹਦਿਆਂ, ਮੈਂ ਹਰ ਸਾਲ ਬਾਬੇ ਨਾਨਕ ਦੇ ਗੁਰਪੁਰਬ ‘ਤੇ ਸ਼ਾਮ ਨੂੰ ਸਾਈਕਲ ‘ਤੇ ਆਪਣੇ ਪਿੰਡ ਤੋਂ ਸੁਲਤਾਨਪੁਰ ਲੋਧੀ ਚਲੇ ਜਾਣਾ, ਜਲੌਅ ਦੇਖਣਾ, ਰਾਤ ਗੁਰਦੁਆਰੇ ਸਾਹਿਬ ਵਿਚ ਰਹਿਣਾ ਅਤੇ ਸਵੇਰੇ ਉਠ ਕੇ ਵੇਈਂ ਦੇ ਕੋਸੇ ਪਾਣੀ ਵਿਚ ਚੁੱਬਕੀ ਲਾਉਣਾ। ਸੁਵੱਖਤੇ ਸੁਵੱਖਤੇ ਨਾਨਕੇ ਪਿੰਡ ਆ ਜਾਣਾ ਅਤੇ ਉਥੋਂ ਰਣਧੀਰ ਕਾਲਜ ਚਲੇ ਜਾਣਾ। ਉਸ ਵਕਤ ਵੇਈਂ ਆਪਣੇ ਪੁਰਾਤਨ ਸਰੂਪ ਅਤੇ ਪੂਰਨ ਜਾਹੋ-ਜਲਾਲ ਵਿਚ ਸੀ। ਹਰ ਸ਼ਰਧਾਲੂ ਇਸਦੇ ਨਿਰਮਲ ਪਾਣੀਆਂ ਵਿਚ ਇਸ਼ਨਾਨ ਕਰਦਾ, ਚਿੱਤ ਵਿਚ ਬਾਬਾ ਨਾਨਕ ਦੀ ਸਿਮਰਤੀ ਨੂੰ ਚਿਤਾਰਦਾ ਅਤੇ ਆਪਣੇ-ਆਪ ਨਾਲ ਲਿਵ ਲਾਉਂਦਾ। ਸ਼ਫ਼ਾਫ਼ ਪਾਣੀ ਵਿਚ ਨਹਾਤਿਆਂ, ਬੰਦਾ ਅੰਦਰੋਂ ਅਤੇ ਬਾਹਰੋਂ ਪਵਿੱਤਰ ਹੋ ਜਾਂਦਾ ਸੀ।
ਵੇਈਂ ਨੂੰ ਨਾਜ਼ ਸੀ ਕਿ ਉਸਨੇ ਬਾਬੇ ਨਾਨਕ ਦੀ ਸੰਗਤ ਮਾਣੀ ਸੀ। ਇਸ ਵਿਚ ਬਾਬਾ ਨਾਨਕ ਅਕਸਰ ਡੁਬਕੀਆਂ ਲਾਉਂਦਿਆਂ, ਰੱਬ ਨੂੰ ਧਿਆਉਂਦਾ ਸੀ। ਇਸਦੇ ਕੰਢੇ ਲਾਈ ਬਾਬੇ ਦੀ ਲਿਵ ਨੂੰ ਤੋੜਨ ਤੋਂ ਡਰਦੀ ਵੇਈਂ ਚੁੱਪ-ਚੁਪੀਤੀ ਬਾਬੇ ਦੇ ਪੈਰਾਂ ਨੂੰ ਛੂੰਹਦੀ, ਆਪਣਾ ਸਫ਼ਰ ਜਾਰੀ ਰੱਖਦੀ ਸੀ। ਵੇਈਂ ਨੂੰ ਇਸ ਗੱਲ ਦਾ ਤੌਖ਼ਲਾ ਹੈ ਕਿ ਜੇਕਰ ਬਾਬਾ ਨਾਨਕ ਹੁਣ ਆ ਗਿਆ ਤਾਂ ਉਹ ਪਲੀਤ ਪਾਣੀਆਂ ਵਿਚ ਡੁਬਕੀ ਕਿੰਝ ਲਾਵੇਗਾ? ਪਾਣੀਆਂ ਦੇ ਲਹਿਰ-ਰੂਪੀ ਸੰਗੀਤ ਤੋਂ ਬਿਨਾਂ ਕਿੰਝ ਉਹ ਅਨੰਤ ਅਪਾਰ ਕਰਤਾਰ ਦੇ ਗੁਣ ਗਾਉਣਗੇ? ਬਾਬੇ ਦੇ ਨੈਣਾਂ ਵਿਚ ਉਤਰੀ ਮਾਯੂਸੀ ਅਤੇ ਨਿਰਾਸ਼ਾ ਸਾਹਵੇਂ ਉਹ ਨਿਰਉਤਰ ਹੋਈ ਨਮੋਸ਼ੀ ਵਿਚ ਡੁੱਬ ਜਾਵੇਗੀ? ਵੇਈਂ ਨੂੰ ਦੁੱਖ ਹੈ ਕਿ ਉਸਨੂੰ ਪਲੀਤ ਕਰਨ ਵਾਲੇ ਤਾਂ ਇੰਨੇ ਅਹਿਸਾਸ-ਹੀਣ ਹੋ ਗਏ ਕਿ ਉਨ੍ਹਾਂ ਲਈ ਪਾਣੀਆਂ ਦੀ ਪਵਿੱਤਰਤਾ ਜਾਂ ਹੋਂਦ ਨੂੰ ਬਰਕਰਾਰ ਰੱਖਣਾ ਕੋਈ ਮਾਇਨੇ ਨਹੀਂ ਰੱਖਦਾ। ਕਿਉਂਕਿ;
ਬਾਬਾ ਨਾਨਕ ਗੁੰਮ ਹੈ
ਸਾਡੇ ਬੋਲਾਂ ਵਿਚੋਂ
ਹਰਫ਼ਾਂ ਵਿਚੋਂ
ਅਰਥ-ਅਰਧਨਾ ਵਿਚੋਂ
ਸਾਡੀ ਸੋਚ ‘ਚੋਂ
ਕਰਮ-ਸਾਧਨਾ ਵਿਚੋਂ
ਅਤੇ ਧਰਮ-ਆਸਥਾ ਵਿਚੋਂ

ਬਾਬਾ ਨਾਨਕ ਗੁੰਮ ਹੈ
ਦ੍ਰਿਸ਼ਟੀ ਵਿਚੋਂ
ਸੁਹਜ-ਸੰਵੇਦਨਾ ਵਿਚੋਂ
ਤਰਕਸੰਗਤਾ ਵਿਚੋਂ
ਸੰਜ਼ੀਦਗੀ ਵਿਚੋਂ
ਤੇ ਸੁਪਨ-ਸੰਸਾਰ ਵਿਚੋਂ

ਬਾਬਾ ਖਾਮੋਸ਼ ਹੋ ਜਾਂਦਾ
ਜਦ ਅਸੀਂ ਉਸਨੂੰ ਭਾਲਦੇ
ਮਖੌਟਿਆਂ ਵਿਚ
ਵੇਸਾਂ ਵਿਚ
ਭੇਖ਼ਾਂ ਵਿਚ
ਉਪਦੇਸ਼ਾਂ ਵਿਚ
ਜਾਂ ਸੰਗਮਰਮਰੀ ਅਸਥਾਨਾਂ ਵਿਚ

ਸਾਨੂੰ ਤਾਂ ਚੇਤਾ ਹੀ ਨਹੀਂ ਰਿਹਾ
ਕਿ
ਬਾਬਾ ਨਾਨਕ ਤਾਂ ਵੱਸਦਾ ਹੈ
ਝੁੱਗੀਆਂ ਵਿਚ
ਚੀਥੜੇ ਲਿਬਾਸ ਵਿਚ
ਬਿਆਈਆਂ ਵਾਲੇ ਹੱਥਾਂ,
ਫੱਟੀਆਂ ਅੱਡੀਆਂ,
ਸੁਹਜ-ਸੰਵੇਦਨਾ,
ਹੱਡੀਂ ਉਕਰੀਆਂ ਕਹਾਣੀਆਂ
ਤੇ ਬੇਈਂ ਦੇ ਪਾਣੀਆਂ ਵਿਚ
ਚੇਤੇ ਆਉਂਦਾ ਏ ਬੇਰ ਸਾਹਿਬ ਗੁਰਦੁਆਰੇ ਵਿਚਲੀ ਬੇਰੀ ਵੇਈਂ ਦੇ ਕੰਢੇ ਹੁੰਦੀ ਸੀ। ਇਹ ਬੇਰੀ ਬਾਬੇ ਦੀ ਯਾਦ ਨੂੰ ਆਪਣੇ ਵਿਚ ਸਮੋਈ ਬੈਠੀ ਹੈ ਅਤੇ ਇਸ ਨੇ ਹੀ ਬਾਬਾ ਜੀ ਦੇ ਕਰ-ਕਮਲਾਂ ਦੀ ਛੋਹ ਮਾਣੀ ਹੋਈ ਹੈ। ਪਰ ਬੇਰੀ ਅੱਜ-ਕੱਲ੍ਹ ਬਹੁਤ ਉਦਾਸ ਹੈ। ਵੇਈਂ ਅਤੇ ਬੇਰੀ ਇਕ ਦੂਜੇ ਦੇ ਬਹੁਤ ਕਰੀਬ ਹੁੰਦੀਆਂ, ਭੈਣਾਂ ਵਾਂਗ ਰਲ ਕੇ ਬਾਬੇ ਦੀਆਂ ਬਾਤਾਂ ਪਾਉਂਦੀਆਂ ਹੁੰਦੀਆਂ ਸਨ। ਬਾਬੇ ਦੀਆਂ ਯਾਦਾਂ ਵਿਚ ਆਪਣੇ ਆਪ ਨੂੰ ਧੰਨਭਾਗ ਸਮਝਦੀਆਂ, ਉਸਦੀ ਸਪਰਸ਼ਤਾ ਵਿਚੋਂ ਸੁਖਨ ਮਾਣਦੀਆਂ ਸਨ। ਬਾਬੇ ਨਾਨਕ ਦੀਆਂ ਇਹ ਦੋਵੇਂ ਸਹੇਲੀਆਂ ਹੀ ਤਾਂ ਸਭ ਤੋਂ ਪਹਿਲੀਆਂ ਸ਼ਰਧਾਲੂ ਸਨ। ਬਹੁਤ ਹੀ ਪਿਆਰ ਅਤੇ ਨੇੜਤਾ ਸੀ ਦੋਹਾਂ ਦੀ। ਪਰ ਅਜੋਕੇ ਕੁਝ ਕੁ ਕਾਰ ਸੇਵਾ ਵਾਲੇ ਬਾਬਿਆਂ ਅਤੇ ਗੁਰਦੁਆਰਿਆਂ ‘ਤੇ ਕਾਬਜ਼ ਅਡੰਬਰੀ ਧਾਰਮਿਕ ਰਹਿਬਰਾਂ ਨੇ ਵੇਈਂ ਤੇ ਬੇਰੀ ਦੀ ਸਾਂਝ ਨੂੰ ਵੀ ਤੋੜ ਦਿੱਤਾ ਹੈ। ਮਸਨੂਈ ਤਲਾਬ ਬਣਾਉਣ, ਪਰਿਕਰਮਾ ਨੂੰ ਵਧਾਉਣ ਜਾਂ ਕਮਰਿਆਂ ਦੀ ਉਸਾਰੀ ਖਾਤਰ ਕੰਢੇ ਨੂੰ ਧਕੇਲ ਕੇ ਵੇਈਂ ਨੂੰ ਮਰਨਾਊ ਜਿਹਾ ਨਾਲਾ ਬਣਾ ਦਿੱਤਾ। ਕੀ ਬਾਬੇ ਨਾਨਕ ਦੀ ਵੇਈਂ ਨੂੰ ਮੁੱਢਲੇ ਸਰੂਪ ਵਿਚ ਰੱਖਣਾ ਜ਼ਰੂਰੀ ਨਹੀਂ ਸੀ? ਇਨ੍ਹਾਂ ਬਾਬਿਆਂ ਨੇ ਸਿੱਖੀ ਦੀਆਂ ਹੋਰ ਇਤਿਹਾਸਕ ਨਿਸ਼ਾਨੀਆਂ ਨੂੰ ਮਿਟਾਉਣ ਦੇ ਨਾਲ-ਨਾਲ, ਇਸ ਪਵਿੱਤਰ ਵੇਈਂ ਤੇ ਬੇਰੀ ਦੀ ਮੁੱਢ-ਕਦੀਮੀ ਨੂੰ ਵੀ ਨਹੀਂ ਬਖਸ਼ਿਆ। ਕੀ ਇਨ੍ਹਾਂ ਬਾਬਿਆਂ ਨੇ ਵੇਈਂ ਦੀ ਵੇਦਨਾ ਕਦੇ ਸੁਣੀ ਹੈ? ਜੇਕਰ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਵੇਈਂ ਦੀ ਸਾਫ਼-ਸਫ਼ਾਈ ਅਤੇ ਇਸਦੇ ਰੱਖ-ਰਖਾਅ ਨਾਲ, ਇਸਦੇ ਕੁਝ ਕੁ ਹਿੱਸੇ ਨੂੰ ਦਰਸ਼ਨੀ ਬਣਾਇਆ ਜਾ ਸਕਦਾ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਇਸਦੇ ਸਰੂਪ ਨੂੰ ਕਿਉਂ ਵਿਗਾੜਿਆ? ਕੀ ਗੁਰਦੁਆਰੇ ਦੇ ਦੁਆਲੇ ਉਸਰੀਆਂ ਸਰਾਵਾਂ ਦਾ ਗੰਧਲਾ ਜਾਂ ਵਰਤਿਆ ਪਾਣੀ ਇਸ ਵੇਈਂ ਨੂੰ ਪਵਿੱਤਰ ਰਹਿਣ ਦੇਵੇਗਾ? ਕੀ ਬੰਦਾ ਸਾਫ਼ ਪਾਣੀ ਤੋਂ ਬਗੈਰ ਜੀਅ ਸਕਦਾ ਹੈ? ਉਹ ਵੀ ਅਜੇਹਾ ਪਾਣੀ ਜਿਹੜਾ ਵੇਈਂ ਰਾਹੀਂ ਸਾਡੇ ਤੀਕ ਪਹੁੰਚੇ ਜਿਸਨੂੰ ਬਾਬੇ ਨਾਨਕ ਦੀ ਛੋਹ ਪ੍ਰਾਪਤ ਹੋਈ ਹੋਵੇ। ਵੇਈਂ ਸਿਸਕਦੀ ਅਤੇ ਕਰਾਉਂਦੀ। ਇਸਦੇ ਦੁੱਖ-ਦਰਦ ਦੀ ਕੋਈ ਦਵਾ ਬਣਨ ਲਈ ਤਿਆਰ ਨਹੀਂ। ਬੰਦੇ ਦੇ ਲਾਲਚ ਨੇ ਵੇਈਂ ਨੂੰ ਵੀ ਵਰਤੋਂ ਦੀ ਵਸਤ ਬਣਾ ਦਿੱਤਾ।
ਅਸੀਂ ਤਾਂ ਬੇਰੀ ਦੀ ਤਾਸੀਰ ਨੂੰ ਕਦੇ ਨਹੀਂ ਸਮਝਦੇ ਜਿਹੜੀ ਕੰਡੇ ਹੁੰਦਿਆਂ ਵੀ ਮਿੱਠੜੇ ਬੇਰ ਪਰੋਸਦੀ ਹੈ। ਪਰ ਸਾਡੀ ਕੇਹੀ ਫ਼ਿਤਰਤ ਕਿ ਅਸੀਂ ਤਾਂ ਉਸਦੇ ਪੱਤਿਆਂ ਨੂੰ ਵੀ ਨਹੀਂ ਬਖਸ਼ਦੇ ਭਾਵੇਂ ਬੇਰੀ ਹੇਠ ਬੋਰਡ ‘ਤੇ ਲਿਖਿਆ ਹੁੰਦਾ ਕਿ ਪੱਤਿਆਂ ਨੂੰ ਨਾ ਤੋੜੋ ਅਤੇ ਇਸਨੂੰ ਨਾ ਛੂਹੋ। ਪਰ ਅਸੀਂ ਅੰਨ੍ਹੀ ਸ਼ਰਧਾ ਸਦਕਾ ਬੇਰੀ ਨੂੰ ਹੁਣ ਤੀਕ ਸੁਕਾ ਦੇਣਾ ਸੀ। ਪਤਾ ਨਹੀਂ ਬੇਰੀ ਦੀ ਤਾਸੀਰ ਹੀ ਇੰਨੀ ਸਖ਼ਤ ਹੈ ਕਿ ਸ਼ਰਧਾਲੂਆਂ ਵਲੋਂ ਕੀਤੀ ਜ਼ਿਆਦਤੀ ਅਤੇ ਤੌਹੀਨ ਤੋਂ ਬਾਅਦ ਵੀ ਹਰੀ-ਭਰੀ ਸ਼ਰਧਾਲੂਆਂ ਨੂੰ ਛਾਂਵਾਂ ਵੰਡਦੀ ਹੈ। ਇਸ ਦੇ ਹੇਠ ਇੰਝ ਮਹਿਸੂਸ ਹੁੰਦਾ ਜਿਵੇਂ ਬਾਬਾ ਨਾਨਕ ਇਸ ਦੇ ਹੇਠ ਭਗਤੀ ਵਿਚ ਲੀਨ, ਸ਼ਰਧਾਲੂਆਂ ਨੂੰ ਦੁਆਵਾਂ ਦੇ ਰਹੇ ਹੋਣ। ਕਦੇ ਬੇਰੀ ਵੰਨੀਂ ਨੀਝ ਨਾਲ ਦੇਖਣਾ, ਤੁਹਾਨੂੰ ਪਤਾ ਲੱਗੇਗਾ ਕਿ ਇਹ ਵੇਈਂ ਨੂੰ ਮਿਲਣ ਲਈ ਕਿੰਨੀ ਤਰਸੀ ਪਈ ਹੈ। ਪਰ ਅਜੇਹਾ ਦੇਖਣ ਦੀ ਤਹਿਜ਼ੀਬ ਅਜੋਕੇ ਪ੍ਰਬੰਧਕਾਂ ਦੇ ਸ਼ਾਇਦ ਹਿੱਸੇ ਹੀ ਨਹੀਂ ਆਈ।
ਵੇਈਂ ਦੇ ਪਾਣੀਆਂ ਨੂੰ ਤਾਂ ਹੁਣ ਤੀਕ ਅੱਜ ਦੀ ਗੱਲ ਲੱਗਦੀ ਹੈ ਜਦ ਬਾਬਾ ਨਾਨਕ ਦੌਲਤਖਾਨੇ ਤੋਂ ਵਿਹਲਾ ਹੋ ਕੇ ਵੇਈਂ ਵੰਨੀਂ ਆ ਜਾਂਦਾ ਸੀ ਅਤੇ ਵੇਈਂ ਦੇ ਪਾਣੀਆਂ ਨਾਲ ਢੇਰ ਸਾਰੀਆਂ ਗੱਲਾਂ ਕਰਦਾ। ਉਸਨੂੰ ਦਿਨ ਭਰ ਦੀਆਂ ਹੋਈਆਂ ਬੀਤੀਆਂ ਸੁਣਾਉਂਦਾ। ‘ਤੇਰਾ ਤੇਰਾ’ ਕਹਿੰਦਿਆਂ, ਹਰ ਗਰੀਬ-ਗੁਰਬੇ ਦੀ ਮਦਦ ਕਰ ਕੇ ਖੁਸ਼ੀਆਂ ਪ੍ਰਾਪਤ ਕਰਨ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਨਦੀ ਨੂੰ ਹੁਲਾਸ ਹੁੰਦਾ ਕਿ ਉਸਦੀ ਕੰਢੇ `ਤੇ ਕੋਈ ਸੰਤ-ਬਿਰਤੀ ਨੇ ਆਣ ਡੇਰਾ ਲਾਇਆ ਜਿਹੜਾ ਸਾਰਾ ਦਿਨ ਸੱਚਾ-ਸੌਦਾ ਕਰਦਾ। ਪਰ ਅਸੀਂ ਕੇਹੀ ਫ਼ਿਤਰਤ ਦੇ ਮਾਲਕ ਕਿ ਸੱਚਾ ਸੌਦਾ ਕਰਨ ਦੀ ਤਰਕੀਬ ਨੂੰ ਸਮਝਣ ਅਤੇ ਇਸ ਨਸੀਹਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਬਜਾਏ, ਬਾਬੇ ਨਾਨਕ ਵਲੋਂ ਵਰਤੇ ਵੱਟਿਆਂ ਨੂੰ ਹੀ ਪੂਜਣ ਤੀਕ ਸੀਮਤ ਹੋ ਕੇ ਰਹਿ ਗਏ। ਯਾਦ ਰਹੇ ਕਿ ਵੱਟੇ ਕਦੇ ਵੀ ਸੱਚਾ-ਸੌਦਾ ਨਹੀਂ ਕਰਦੇ। ਸੱਚਾ-ਸੌਦਾ ਸਿਰਫ਼ ਇਨ੍ਹਾਂ ਵੱਟਿਆਂ ਨੂੰ ਵਰਤਣ ਵਾਲੇ ਹੀ ਕਰਦੇ ਹਨ ਜਿਨ੍ਹਾਂ ਦੀ ਨੀਅਤ ਸੱਚੀ ਹੁੰਦੀ, ਜਿਹੜੇ ਧਰਮ-ਕਰਮ ਵਿਚੋਂ ਜੀਵਨ ਦੀ ਸੁੰਦਰਤਾ ਅਤੇ ਸਦੀਵਤਾ ਕਿਆਸਦੇ, ਮਨੁੱਖੀ ਦਰਦ ਕਾਰਨ ਜਿਨ੍ਹਾਂ ਦੀ ਅੱਖ ਸਿੱਲ੍ਹੀ ਹੋ ਜਾਂਦੀ, ਜਿਹੜੇ ਲੋਕ, ਹੱਥ ਕਾਰ ਵੱਲ ਅਤੇ ਦਿਲ ਯਾਰ ਵੱਲ ਕਰੀ ਰੱਖਦੇ, ਜਿਨ੍ਹਾਂ ਨੂੰ ਸੁਮੱਤ ਦਾ ਵਰ ਮਿਲਿਆ ਹੁੰਦਾ ਅਤੇ ਜੋ ਕਿਰਤ-ਸਾਧਨਾ ਵਿਚ ਸੁੱਚੀ ਕੀਰਤੀ ਦੇ ਕਰਮਯੋਗੀ ਬਣਦੇ।
ਵੇਈਂ ਨੂੰ ਤਾਂ ਇਹ ਵੀ ਯਾਦ ਏ ਜਦ ਬਾਬਾ ਨਾਨਕ ਨੇ ਦੌਲਤਖਾਨੇ ਦੀ ਨੌਕਰੀ ਨੂੰ ਤਿਆਗ, ਅਲਮਸਤੀ ਦੇ ਆਲਮ ਵਿਚ ਉਸਦੇ ਕੰਢੇ ਆਇਆ ਸੀ। ਕੇਹਾ ਵੇਲਾ ਹੋਵੇਗਾ ਜਦ ਬਾਬੇ ਨੇ ਆਤਮਿਕ ਸਫ਼ਰ ਦੀਆਂ ਉਚੇਰੀਆਂ ਮੰਜ਼ਿਲਾਂ ਨੂੰ ਸਰ ਕਰ, ਸਮੁੱਚੀ ਲੋਕਾਈ ਦੇ ਰਹਿਬਰ ਬਣ ਕੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਸੀ। ਗ੍ਰਹਿਸਥ ਜੀਵਨ ਜਿਉਂਦਿਆਂ ਵੀ ਰੱਬ ਨੂੰ ਪਾਇਆ ਜਾ ਸਕਦਾ ਕਿਉਂਕਿ ਰੱਬ ਤਾਂ ਹਰ ਪ੍ਰਾਣੀ ਵਿਚ ਵੱਸਦਾ। ਇਸ ਲਈ ਜੰਗਲ-ਬੇਲਿਆਂ ਵਿਚ ਰੱਬ ਲੱਭਣ ਵਾਲੇ ਸਿਰਫ਼ ਆਪਣੇ ਆਪ ਨੂੰ ਹੀ ਧੋਖਾ ਦਿੰਦੇ।
ਬਾਬੇ ਨਾਨਕ ਦੇ ਸਾਥ ਵਿਚ ਵੇਈਂ ਨੂੰ ਅਹਿਸਾਸ ਅਤੇ ਆਸ ਸੀ ਕਿ ਵਗਦੇ ਨਿਰਮਲ ਪਾਣੀਆਂ ਵਰਗੀ ਤਾਸੀਰ ਵਾਲੇ ਵਿਅਕਤੀ ਬਾਬੇ ਨਾਨਕ ਦੇ ਅਨੁਆਈ ਹੋਣਗੇ। ਉਹ ਬਾਬੇ ਨਾਨਕ ਦੀਆਂ ਸੁਮੱਤਾਂ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾਉਣਗੇ ਅਤੇ ਬਾਬੇ ਨਾਨਕ ਦੇ ਨਾਲ-ਨਾਲ ਵੇਈਂ ਨੂੰ ਵੀ ਵਡਿਆਉਣਗੇ। ਪਰ ਵੇਈਂ ਇੱਥੇ ਹੀ ਖ਼ਤਾ ਖਾ ਗਈ। ਉਹ ਸਮਝ ਹੀ ਨਾ ਸਕੀ ਕਿ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਸਾਰੇ ਲੋਕ ਆਪਣੇ ਅੰਦਰ ਨਹੀਂ ਉਤਾਰਦੇ। ਸਗੋਂ ਜ਼ਿਆਦਾਤਰ ਲੋਕ ਤਾਂ ਮਖੌਟਾਧਾਰੀ। ਉਹ ਸਵਾਂਗ ਰਚਾਉਂਦਿਆਂ, ਬਾਬੇ ਨਾਨਕ ਦੇ ਪੈਰੋਕਾਰ ਹੁੰਦੇ। ਬਾਬੇ ਦਾ ਨਾਮ ਵਰਤ ਕੇ ਆਪਣੇ ਵੱਡੇ ਵੱਡੇ ਕਾਰੋਬਾਰ ਅਤੇ ਅਦਾਰੇ ਸਥਾਪਤ ਕਰ ਕੇ ਮੋਟੀਆਂ ਕਮਾਈਆਂ ਕਰਦੇ। ਗਰੀਬਾਂ ਦਾ ਖ਼ੂਨ ਚੂਸਦੇ ਪਰ ਖੁLਦ ਨੂੰ ਧਰਮੀ ਅਖਵਾਉਂਦੇ। ਅਕਸਰ ਹੀ ਵਪਾਰੀ ਵਰਗ ਆਪਣੇ ਵਪਾਰਕ ਅਦਾਰਿਆਂ ਦੇ ਨਾਲ, ਬਾਬੇ ਨਾਨਕ ਦਾ ਨਾਮ ਜੋੜ ਕੇ ਲੋਕਾਂ ਦਾ ਧਾਰਮਿਕ ਸ਼ੋਸ਼ਣ ਕਰਦੇ।
ਵੇਈਂ ਨੂੰ ਇਹ ਵਹਿਮ ਹੋ ਗਿਆ ਸੀ ਕਿ ਉਸਦੇ ਪਾਣੀਆਂ ਨੂੰ ਪਲੀਤ ਕਰਨ ਦੀ ਕੌਣ ਹਿਕਮਤ ਕਰੇਗਾ? ਪਰ ਇਸਦੇ ਕੰਢੇ ਵੱਸੇ ਪਿੰਡਾਂ, ਨਗਰਾਂ, ਸ਼ਹਿਰਾਂ ਅਤੇ ਫੈਕਟਰੀਆਂ ਨੇ ਆਪਣੇ ਗੰਦਲੇ ਪਾਣੀ ਦਾ ਨਿਕਾਸ ਹੀ ਵੇਈਂ ਵੱਲ ਨੂੰ ਕਰ ਦਿੱਤਾ ਅਤੇ ਇਸ ਦੇ ਪਾਣੀਆਂ ਨੂੰ ਜ਼ਹਿਰੀਲਾ ਕਰ ਦਿੱਤਾ। ਇਸਦੇ ਕੰਡਿਆਂ ਦੇ ਦੋਹੀਂ ਪਾਸੀ ਦਰਖਤਾਂ ਅਤੇ ਬੂਟਿਆਂ ਦੇ ਜੰਗਲ-ਨੁਮਾ ਕੁਦਰਤੀ ਵਾਤਾਵਰਨ ਨੂੰ ਮਲੀਆ ਮੇਟ ਕਰ ਦਿੱਤਾ। ਵੇਈਂ ਬਹੁਤ ਪੀੜਤ ਹੁੰਦੀ ਜਦ ਉਹ ਬਾਬਾ ਨਾਨਕ ਦੇ ਉਚਾਰੇ ਪ੍ਰਵਚਨਾਂ “ਪਵਣੁ ਗੁਰੁ ਪਾਣੀ ਪਿਤਾ ਮਾਤਾ ਧਰਤਿ ਮਹਤੁ” ਨੂੰ ਸੁਣਦੀ ਤਾਂ ਮੱਥੇ `ਤੇ ਹੱਥ ਮਾਰਦੀ ਕਿ ਬਾਬੇ ਨੇ ਤਾਂ ਮੇਰੇ ਪਾਣੀਆਂ ਨੂੰ ਪਿਤਾ ਦਾ ਦਰਜਾ ਦਿੱਤਾ ਪਰ ਬਾਬੇ ਨਾਨਕ ਦੇ ਸੇਵਕਾਂ ਨੇ ਪਾਣੀ ਨੂੰ ਹੀ ਪਲੀਤ ਕਰ ਦਿੱਤਾ। ਕੀ ਇਹ ਬਾਬਾ ਨਾਨਕ ਦੇ ਸਿੱਖ ਕਹਾਉਣ ਦੇ ਹੱਕਦਾਰ ਨੇ?
ਵੇਈਂ ਨੂੰ ਤਾਂ ਉਹ ਵੀ ਪਲ ਬਾਖੂਬੀ ਯਾਦ ਆ ਜਦ ਬਾਬੇ ਨਾਨਕ ਨੇ ਪਹਿਲੀ ਉਦਾਸੀ ‘ਤੇ ਤੁਰਨ ਤੋਂ ਪਹਿਲਾਂ ਆਖਰੀ ਵਾਰ ਵੇਈਂ ਦੇ ਪਾਣੀਆਂ ਵੰਨੀਂ ਝਾਕਿਆ ਸੀ। ਇਸਦੇ ਕੰਢੇ ਨੂੰ ਅਲਵਿਦਾ ਕਹਿ ਬੇਬੇ ਨਾਨਕੀ ਦੇ ਘਰ ਵੱਲ ਨੂੰ ਇਹ ਸੋਚ ਕੇ ਕਦਮ ਪੁੱਟਿਆ ਸੀ ਕਿ ਹੁਣ ਇਸ ਵੇਈਂ ਨਾਲ ਪਤਾ ਨਹੀਂ ਕਦੋਂ ਮੇਲੇ ਹੋਣਗੇ? ਬਾਬੇ ਨਾਨਕ ਨੇ ਸੱਚ ਦਾ ਸੁਨੇਹਾ ਦੇਣ ਅਤੇ ਮਸਤਕ ਵਿਚ ਉਗੇ ਸੂਰਜ ਦੇ ਚਾਨਣ ਨਾਲ ਹਨੇਰਿਆਂ ਵਿਚ ਡੁੱਬੇ ਸੰਸਾਰ ਨੂੰ ਤਾਰਨ ਲਈ ਬਾਕੀ ਉਮਰ ਸਫ਼ਰ ਵਿਚ ਹੀ ਰਹਿਣਾ ਸੀ। ਧਾਰਮਿਕ ਅਡੰਬਰਤਾ ਵਿਚ ਫਸੀ ਲੋਕਾਈ ਨੂੰ ਨਵਾਂ ਗਿਆਨ ਦੇਣ ਅਤੇ ਨਵੀਂ ਸੋਚ ਨੂੰ ਪ੍ਰਨਾਉਣ ਲਈ ਲੋਕਾਂ ਨਾਲ ਸੰਵਾਦ ਰਚਾਉਣਾ ਸੀ। ਬੇਬੇ ਨਾਨਕੀ ਨੇ ਭਾਈ ਮਰਦਾਨੇ ਦੀ ਸਪੁਰਦਗੀ ਵਿਚ ਆਪਣੇ ਭਰਾ ਨੂੰ ਲੰਮੇਰੇ ਰਾਹਾਂ ‘ਤੇ ਤੋਰਨਾ ਸੀ।
ਇਹ ਵੇਂਈਂ
ਕਦੇ ਸੁੱਰ ਵਿਚ ਗਾਉਂਦੀ
ਵਜਦ ਵਿਚ ਆਉਂਦੀ
ਤੇ ਕੰਢਿਆਂ ਨੂੰ ਜੱਫ਼ੀਆਂ ਪਾਉਂਦੀ।

ਕਦੇ
ਸ਼ਾਂਤ-ਸਹਿਜ
ਅੰਤਰੀਵੀ ਵਿਸਮਾਦ ‘ਚ ਮਸਤ
ਫੱLਕਰ ਦਾ ਰੂਪ ਵਟਾਉਂਦੀ।

ਕਦੇ ਕਦੇ
‘ਵਾ ਨੂੰ ਕੋਲ ਬੁਲਾਉਂਦੀ
ਨਮੀ ਨਾਲ ਸਹਿਲਾਉਂਦੀ
ਔੜਾਂ ਦੀ ਦੱਸ ਪਾਉਂਦੀ
ਤੇ ਉਨ੍ਹਾਂ ਦੀ ਪਿਆਸ ਮਿਟਾਉਣ ਦੇ ਰਾਹ ਪਾਉਂਦੀ।

ਕਦੇ
ਚੰਨ ਇਸ ‘ਚ ਉਤਰ
ਡੁੱਬਕੀਆਂ ਲਾਉਂਦਾ
ਗੁਫ਼ਤਗੂ ਰਚਾਉਂਦਾ
ਬਹੁਤ ਦੂਰ ਤੀਕ
ਇਸ ਨਾਲ ਸਫ਼ਰ ਤੇ ਨਿਕਲਦਾ
ਤੇ ਇਸਦੇ ਪਾਣੀਆਂ ਨੂੰ
ਚਾਨਣ-ਰੰਗਾ ਕਰ ਜਾਂਦਾ।

ਵੇਂਈਂ ਤਾਂ
ਨਿਰੰਤਰਤਾ ਹੈ
ਨਗ਼ਮਾ ਹੈ
ਨਾਦ ਹੈ
ਅਤੇ ਨਰਾਇਣ ਹੈ।
ਵੇਈਂ ਇਹ ਪੁੱਛਣ ਦਾ ਜੇਰਾ ਕਰਦੀ ਹੈ ਕਿ ਸੁਲਤਾਨਪੁਰ ਲੋਧੀ ਜਾ ਕੇ ਗੁਰੂਘਰ ਵਿਚ ਨਤਮਸਤਕ ਹੋਣ ਵਾਲਿਆ, “ਕਦੇ ਮੇਰੇ ਪਾਣੀਆਂ ਦੀ ਚੁੱਲੀ ਭਰਨ ਦੀ ਹਿੰਮਤ ਕੀਤੀ ਆ। ਕਦੇ ਮੇਰੇ ਪਾਣੀਆਂ ਵਿਚ ਆਪਣਾ ਮੂੰਹ ਦੇਖਿਆ। ਕਦੇ ਮੇਰੇ ਵਿਚ ਵਹਿੰਦੀ ਗੰਦਗੀ ਵਿਚਲੀ ਬੋਅ ਨੂੰ ਆਪਣੇ ਅੰਦਰ ਜਾਂਦਿਆਂ ਮਹਿਸੂਸ ਕੀਤਾ। ਕੀ ਇਹੀ ਬਾਬਾ ਨਾਨਕ ਵਾਲੀ ਵੇਈਂ ਸੀ ਜਾਂ ਉਹ ਵੇਈਂ ਹੋਰ ਸੀ ਪਾਕ ਅਤੇ ਪਵਿੱਤਰ। ਜੋ ਬਾਬਾ ਨਾਨਕ ਦੇ ਹੁੰਦਿਆਂ, ਜੀਵਨ ਵਿਚ ਖੁਸ਼ੀਆਂ ਅਤੇ ਖੇੜੇ ਵੰਡਦੀ ਸੀ। ਇਸ ਵਿਚ ਲਾਈਆਂ ਤਾਰੀਆਂ ਨਾਲ ਬੰਦੇ ਅੰਦਰੋਂ ਅਤੇ ਬਾਹਰੋਂ ਪਵਿੱਤਰ ਹੋ ਜਾਇਆ ਕਰਦੇ ਸਨ।’’
ਵੇਈਂ ਸਵਾਲ ਕਰਦੀ ਹੈ, “ਕੀ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੇ ਪਹਿਲੇ ਸਰੂਪ ਅਤੇ ਰੋਂਅ ਵਿਚ ਹੋਵਾਂ। ਮੇਰੇ ਕੰਢੇ `ਤੇ ਤੁਸੀਂ ਉਸ ਰੂਪ ਵਿਚ ਆਵੋ ਜਿਵੇਂ ਬਾਬਾ ਨਾਨਕ ਅਕਸਰ ਹੀ ਮੇਰੇ ਕੰਢੇ ਬੈਠ ਕੇ ਡੂੰਘੀਆਂ ਰਮਜ਼ਾਂ ਫਰੋਲਦਾ ਸੀ, ਗੁੱਝੀਆਂ ਬਾਤਾਂ ਪਾਉਂਦਾ ਸੀ ਅਤੇ ਬਾਣੀ-ਨਾਦ ਰਾਹੀਂ ਮੇਰੀ ਫ਼ਿਜ਼ਾ ਨੂੰ ਸੁਗੰਧਤ ਕਰਦਾ ਸੀ। ਮੇਰੀ ਮੌਜੂਦਾ ਦਸ਼ਾ ਨੂੰ ਦੇਖ ਕੇ ਇਸਦੇ ਕਾਰਨਾਂ ਨੂੰ ਜ਼ਰੂਰ ਸਮਝਣਾ। ਮੈਨੂੰ ਮੇਰੀ ਪੁਰਾਣੀ ਹੋਂਦ ਦੇਣ ਲਈ ਕੁਝ ਉਦਮ ਕਰਨਾ ਤਾਂ ਹੀ ਤੁਹਾਡਾ ਬਾਬਾ ਨਾਨਕ ਦੀ ਵੇਈਂ ਦੇ ਕੰਢੇ ਆਉਣਾ ਅਤੇ ਬੇਰੀ ਹੇਠ ਬਾਬੇ ਨਾਨਕ ਦੇ ਦ੍ਰਿਸ਼ ਨੂੰ ਚਿਤਾਰਣ ਦਾ ਫ਼ਲ ਮਿਲੇਗਾ। ਹੁਣ ਵੇਲਾ ਕੁਝ ਕਰਨ ਦਾ। ਬਾਬੇ ਨਾਨਕ ਦੇ ਬੋਲਾਂ `ਤੇ ਪਹਿਰਾ ਦਿੰਦਿਆਂ, ਬੋਲਾਂ ਨੂੰ ਪੁਗਾਉਣ ਦਾ ਹੈ। ਝੂਠੀਆਂ ਦਿਲਬਰੀਆਂ ਨੇ ਮੈਨੂੰ ਬਹੁਤ ਨਿਰਾਸ਼ ਅਤੇ ਹਤਾਸ਼ ਕੀਤਾ ਹੈ। ਹੁਣ ਇੰਝ ਨਾ ਕਰਨਾ।”
ਅਤੇ ਇੰਨਾ ਕਹਿ ਕੇ ਵੇਈਂ ਚੁੱਪ ਹੋ ਗਈ।