ਯਹੂਦੀ ਘੱਲੂਘਾਰਾ, ਗਾਜ਼ਾ ਦਾ ਘਾਣ ਅਤੇ ਫਿਲਮ ‘ਦਿ ਜ਼ੋਨ ਆਫ ਇੰਟਰਸਟ`

ਡਾ. ਕੁਲਦੀਪ ਕੌਰ
ਫੋਨ: +91-98554-04330
ਫਿਲਮ ‘ਦਿ ਜ਼ੋਨ ਆਫ ਇੰਟਰਸਟ` ਨੇ ਹੌਲੀਵੁੱਡ ਇੰਡਸਟਰੀ ਨੂੰ ਦੋ ਧਿਰਾਂ ਵਿਚ ਵੰਡ ਦਿੱਤਾ ਹੈ; ਇੱਥੋਂ ਤੱਕ ਕਿ ਫਿਲਮ ਦੇ ਨਿਰਮਾਤਾ ਨੇ ਫਿਲਮ ਦੇ ਨਿਰਦੇਸ਼ਕ ਦੇ ਬਿਆਨ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਸਿਨੇਮਾ ਜਿਹੀ ਸੰਪੂਰਨ ਕਲਾ ਦੀ ਜ਼ਰੂਰਤ ਅਤੇ ਇਸ ਦੇ ਮੰਤਵਾਂ ਬਾਰੇ ਵੀ ਚਰਚਾ ਭਖ ਗਈ ਹੈ। ਇਹ ਚਰਚਾ ਇਸ ਕਲਾ ਮਾਧਿਅਮ ਦੇ ਜਿਊਂਦੇ-ਜਾਗਦੇ ਹੋਣ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਕਰਨ ਦਾ ਸਬੂਤ ਹੈ।

ਹੁਣ ਦੇਖਣਾ ਇਹ ਹੈ ਕਿ ਗਲੋਬਲ ਪੱਧਰ ‘ਤੇ ਆਲਮੀ ਮੀਡੀਆ ਅਦਾਰਿਆਂ, ਫਿਲਮ ਬਣਾਉਣ ਦੇ ਸੈਂਟਰਾਂ ਅਤੇ ਦਰਸ਼ਕਾਂ ਵਿਚ ਛਿੜੀ ਇਹ ਚਰਚਾ ਗਾਜ਼ਾ ਦੇ ਹੱਕ ਵਿਚ ਬੁਲੰਦ ਆਵਾਜ਼ ਕਦੋਂ ਬਣਦੀ ਹੈ।
ਇਜ਼ਰਾਈਲ ਦੁਆਰਾ ਗਾਜ਼ਾ ਵਿਚ ਕੀਤੇ ਜਾ ਰਹੇ ਮਨੁੱਖਤਾ ਦੇ ਘਾਣ ਉਪਰ ਸਾਡੇ ਦੌਰ ਦੀ ਸਭ ਤੋਂ ਅਹਿਮ ਕਲਾਤਮਿਕ ਟਿੱਪਣੀ ਵੱਕਾਰੀ ਇਨਾਮ ਆਸਕਰ ਦੀ ਕੌਮਾਂਤਰੀ ਸ਼੍ਰੇਣੀ ਵਿਚ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਣ ਵਾਲੀ ਫਿਲਮ ‘ਦਿ ਜ਼ੋਨ ਆਫ ਇੰਟਰਸਟ` ਹੈ। ਫਿਲਮ ਦਾ ਨਿਰਦੇਸ਼ਕ ਜੋਨਾਥਨ ਗਲੇਜ਼ਰ ਹੈ। ਆਸਕਰ ਜਿੱਤਣ ਸਮੇਂ ਦਿੱਤੇ ਭਾਸ਼ਣ ਵਿਚ ਕੀਤੀਆਂ ਟਿੱਪਣੀਆਂ ਕਰ ਕੇ ਜਿੱਥੇ ਉਹ ਸਾਡੇ ਗੈਰ-ਸੰਵੇਦਨਸ਼ੀਲ ਵਰਤਾਉ ਦੇ ਮੱਦੇਨਜ਼ਰ ਤਮਾਮ ਮਨੁੱਖਤਾ ਦਾ ਧਿਆਨ ਗਾਜ਼ਾ ਵੱਲ ਖਿੱਚਣ ਵਿਚ ਕਾਮਯਾਬ ਰਿਹਾ, ਉਥੇ ਆਪਣੀ ‘ਯਹੂਦੀ ਪਛਾਣ` ਬਾਰੇ ਚੁੱਕੇ ਤਰਕ ਭਰਪੂਰ ਸਵਾਲ ਕਾਰਨ ਵਿਵਾਦਾਂ ਵਿਚ ਘਿਰ ਗਿਆ। ਅਸਾਧਾਰਨ ਫਿਲਮਾਂਕਣ ਤਕਨੀਕਾਂ, ਸਿਨਮੈਟਿਕ ਵਿਧੀਆਂ ਅਤੇ ਬਿਰਤਾਂਤਕ ਢਾਂਚਿਆਂ ਦੀ ਵਰਤੋਂ ਨਾਲ ਉਸ ਦੀ ਫਿਲਮ ਜਿਵੇਂ ਹੌਲੀਵੁੱਡ ਫਾਰਮੂਲਿਆਂ ਦੇ ਉਲਟੇ ਦਾਅ ਵਗਦੀ ਹੈ, ਉਸੇ ਤਰ੍ਹਾਂ ਉਸ ਦੀ ਵਿਚਾਰਧਾਰਕ ਸੁੱਚ ਅਤੇ ਬੌਧਿਕ ਸਮਰੱਥਾ ਵੀ ਫਾਸ਼ੀਵਾਦੀ/ਫਿਰਕੂ ਤੇ ਨਸਲਵਾਦੀ ਰੁਝਾਨਾਂ ਦੇ ਮੌਜੂਦਾ ਗਲੋਬਲ ਵਰਤਾਰਿਆਂ ਅਤੇ ਮਨੁੱਖੀ ਤਰਾਸਦੀਆਂ ਪ੍ਰਤੀ ਵਧ ਰਹੀ ਨਿਰਲੇਪਤਾ ਉਰਫ ਗੈਰ-ਸੰਵੇਦਨਸ਼ੀਲਤਾ `ਤੇ ਤਿੱਖੀ ਚੋਟ ਕਰਦੀ ਹੈ।
ਆਸਕਰ ਪ੍ਰਾਪਤ ਕਰਦੇ ਮੌਕੇ ਉਹ ਕਹਿੰਦਾ ਹੈ, “ਅਤੀਤ ਵਿਚ ਜੋ ਅਸੀਂ ਚੁਣਦੇ ਹਾਂ, ਉਹੀ ਸਾਡਾ ਅੱਜ ਅਤੇ ਕੱਲ੍ਹ ਤੈਅ ਕਰਦਾ ਹੈ। ਇਹ ਕਹਿਣਾ ਕਿ ‘ਦੇਖੋ, ਉਦੋਂ ਉਨ੍ਹਾਂ ਨੇ ਸਾਡੇ ਨਾਲ ਕੀ ਕੀਤਾ?` ਨਾਲੋਂ ਇਹ ਵੱਧ ਅਹਿਮ ਹੈ ਕਿ ‘ਅਸੀਂ ਅੱਜ ਕੀ ਕਰ ਰਹੇ ਹਾਂ?` ਸਾਡੀ ਫਿਲਮ ਦਿਖਾਉਂਦੀ ਹੈ ਕਿ ਗੈਰ-ਮਾਨਵੀ ਵਰਤਾਰਾ ਤੁਹਾਨੂੰ ਕਿਸ ਨਿਵਾਣ ਤੱਕ ਲਿਜਾ ਸਕਦਾ ਹੈ। ਇਸ ਨੇ ਹੀ ਸਾਡੇ ਅਤੀਤ ਅਤੇ ਸਮਕਾਲ ਨੂੰ ਘੜਨਾ ਹੈ। ਅੱਜ ਇਸ ਪਲੈਟਫਾਰਮ `ਤੇ ਅਸੀਂ ਯਹੂਦੀਆਂ ਵਜੋਂ ਅਜਿਹੇ ‘ਯਹੂਦੀਪਣ` ਅਤੇ ‘ਯਹੂਦੀ ਕਤਲੇਆਮ` ਨੂੰ ਕਬਜ਼ਾਉਣ ਦਾ ਖੰਡਨ ਕਰਦੇ ਹਾਂ ਕਿਉਂਕਿ ਇਹ ਬਹੁਤ ਸਾਰੀਆਂ ਮਾਸੂਮ ਜ਼ਿੰਦਗੀਆਂ ਲਈ ਨਿਰੰਤਰ ਚੱਲ ਰਹੀ ਜੰਗ ਵਿਚ ਬਦਲ ਚੁੱਕਿਆ ਹੈ। ਉਹ ਭਾਵੇਂ ਸੱਤ ਅਕਤੂਬਰ ਨੂੰ ਇਜ਼ਰਾਈਲ ਵਿਚ ਕਤਲ ਕੀਤੇ ਨਾਗਰਿਕ ਹੋਣ ਜਾਂ ਫਿਰ ਗਾਜ਼ਾ `ਤੇ ਕੀਤਾ ਗਿਆ ਹਰ ਦਿਨ ਨਵਾਂ ਹਮਲਾ, ਗੈਰ-ਮਨੁੱਖੀ ਵਤੀਰੇ ਦਾ ਸ਼ਿਕਾਰ ਹੋਏ ਇਹ ਸਾਰੇ ਲੋਕ ਪਰ ਇਸ ਸਭ ਕੁਝ ਵਿਰੁੱਧ ਕਿਵੇਂ ਲੜਿਆ ਜਾਵੇ? ਕੀ ਇਸ ਫਿਲਮ ਦੀ ਕਿਰਦਾਰ ਜੂਲੀਆ ਪੋਲਾਚੈੱਕ (ਅਲੈਕਜ਼ਾਂਦਰਾ ਬਿਸਤ੍ਰੋਨ ਕੋਲੋਜ਼ੇਈਜੈਕ ਵਾਂਗ ਲੜਿਆ ਜਾਵੇ ਜਿਹੜੀ ਮਨੁੱਖ ਵਜੋਂ ਫਿਲਮ ਵਿਚ ਅਤੇ ਅਸਲ ਜ਼ਿੰਦਗੀ ਵਿਚ ਵੀ ਧਰੂ ਤਰੇ ਵਾਂਗ ਚਮਕ ਰਹੀ ਹੈ? ਮੈਂ ਇਹ ਫਿਲਮ ਉਸ ਦੀ ਯਾਦ ਅਤੇ ਸੰਘਰਸ਼ ਨੂੰ ਸਮਰਪਿਤ ਕਰਦਾ ਹਾਂ… ਧੰਨਵਾਦ।”
ਇਹ ਫਿਲਮ ਫਾਸ਼ੀਵਾਦੀ ਕਤਲੋ-ਗਾਰਤ ਅਤੇ ਨਾਜ਼ੀ ਤੌਰ-ਤਰੀਕਿਆਂ ਬਾਰੇ ਸਦਾ ਤੋਂ ਹੀ ਚਰਚਾ ਵਿਚ ਰਹੇ ਇੱਕ ਅਹਿਮ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹੈ ਕਿ ਜਦ ਸੰਸਥਾਈ ਅਤੇ ਵਿਉਂਤਵਧ ਤਰੀਕੇ ਨਾਲ ਰਿਆਸਤ/ਸਟੇਟ ਅਤੇ ਇਸ ਦੀ ਮਸ਼ੀਨਰੀ ਨਾਗਰਿਕਾਂ ਦੇ ਇੱਕ ਖਾਸ ਵਰਗ ਦਾ ਨਾਮੋ-ਨਿਸ਼ਾਨ ਮਿਟਾਉਣ `ਤੇ ਉਤਾਰੂ ਹੁੰਦੀ ਹੈ ਤਾਂ ਉਸ ਮਸ਼ੀਨਰੀ ਦਾ ਸੰਦ ਬਣ ਕੇ ਆਮ ਲੋਕਾਂ ਨੂੰ ਕਤਲ ਕਰਨ ਵਾਲੇ ‘ਜ਼ਿੰਮੇਵਾਰ` ਅਤੇ ਉਚ ਅਹੁਦਿਆਂ `ਤੇ ਤਾਇਨਾਤ ਨਾਗਰਿਕ ਕਿਵੇਂ ਜਿਊਂਦੇ ਹਨ, ਕੀ ਸੋਚਦੇ ਹਨ, ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਰੋਕਦੇ ਕਿਉਂ ਨਹੀਂ ਅਤੇ ਸਭ ਤੋਂ ਜ਼ਰੂਰੀ ਸਵਾਲ- ਉਨ੍ਹਾਂ ਦੀ ਨਿੱਜੀ ਅਤੇ ਘਰੇਲੂ ਜ਼ਿੰਦਗੀ ਦੀਆਂ ਬੇਪਨਾਹ ਖੁਸ਼ੀਆਂ ਦੀ ਅਸਲ ਕੀਮਤ ਕੌਣ ਤਾਰਦਾ ਹੈ?
ਇਸ ਫਿਲਮ ਦੀ ਸਭ ਤੋਂ ਅਹਿਮ ਪ੍ਰਾਪਤੀ ਇਸ ਨੂੰ ਬਣਾਉਣ ਤੋਂ ਪਹਿਲਾਂ ਇਕੱਤਰ ਕੀਤੀ ਜਾਣਕਾਰੀ ਹੈ ਜਿਸ ਲਈ ਇਸ ਫਿਲਮ ਦਾ ਨਿਰਦੇਸ਼ਕ ਨਾ ਸਿਰਫ ਹਿਟਲਰ ਦੀ ਛਤਰ-ਛਾਇਆ ਹੇਠ ਨਾਜ਼ੀਆਂ ਦੁਆਰਾ ਪੋਲੈਂਡ ਵਿਚ ਬਣਾਏ ਬਦਨਾਮ ਮੌਤ ਦੇ ਕੈਂਪ ਔਸ਼ਵਿਜ਼ ਨੂੰ ਕਈ ਸਾਲ ਆਪਣੀ ਠਾਹਰ ਬਣਾਉਂਦਾ ਹੈ ਬਲਿਕ ਕਿਸੇ ਸਮਾਜਿਕ ਵਿਗਿਆਨੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਵਾਂਗ, ਉਥੇ ਮਾਰੇ ਗਏ ਯਹੂਦੀਆਂ ਬਾਰੇ ਨਿੱਕੀ ਤੋਂ ਨਿੱਕੀ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ ਕਰਦਾ ਹੈ। ਆਪਣੀ ਯਹੂਦੀ ਪਛਾਣ ਕਾਰਨ ਘੱਲੂਘਾਰੇ (ਹੋਲੋਕਾਸਟ) ਨਾਲ ਜੁੜੇ ਤੱਥ, ਸੂਚਨਾ ਅਤੇ ਜਾਣਕਾਰੀਆਂ ਉਸ ਲਈ ਕਿੰਨੀਆਂ ਤਕਲੀਫਦੇਹ ਹੋਣਗੀਆਂ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਉਹ ਹਰ ਉਸ ਜਗ੍ਹਾ ਪਹੁੰਚਦਾ ਹੈ ਤੇ ਹਰ ਉਸ ਸ਼ਖ਼ਸ ਨੂੰ ਮਿਲਦਾ ਹੈ ਜੋ ਉਸ ਨੂੰ ਇੱਕ ਪਾਸੇ ਗੈਸ ਚੈਂਬਰਾਂ ਵਿਚ ਸੜ-ਭੁੱਜ ਰਹੇ ਯਹੂਦੀਆਂ, ਤੇ ਦੂਜੇ ਪਾਸੇ ਉਨ੍ਹਾਂ ਹੀ ਨਾਜ਼ੀ ਕੈਂਪਾਂ ਦੇ ਆਸ-ਪਾਸ ਬੇਫ਼ਿਕਰੀ ਤੇ ਐਸ਼ੋ-ਆਰਾਮ ਨਾਲ ਧੜਕ ਰਹੀ ਜ਼ਿੰਦਗੀ ਨਾਲ ਬਾਵਾਸਤਾ ਕਰਵਾ ਸਕੇ। ਕਿਸੇ ਚੰਗੇ ਸਰਜਨ ਵਾਂਗ ਉਹ ਹੋਲੋਕਾਸਟ ਅਤੇ ਯਹੂਦੀ ਕਤਲਾਂ ਦੇ ਸਦਮਿਆਂ ਦੀ ਜ਼ਮੀਨ ਫਰੋਲਦਾ ਹੈ ਤਾਂ ਕਿ ਉਸ ਨੂੰ ਕੁਝ ਅਜਿਹਾ ਮਿਲ ਸਕੇ ਜੋ ਉਸ ਦੌਰ ਵਿਚ ਅੰਦਰੋਂ ਗੈਰ-ਮਾਨਵੀ ਅਤੇ ਗੈਰ-ਸੰਵੇਦਨਸ਼ੀਲ ਹੋ ਰਹੇ ਜਰਮਨਾਂ ਦੇ ਠੰਢੇ ਦਿਲਾਂ ਵਿਚ ਕੋਈ ਰੌਸ਼ਨੀ ਕਰ ਸਕੇ। ਉਸ ਨੂੰ ਅਜਿਹਾ ਕਿਰਦਾਰ ਇੱਕ ਨਿੱਕੀ ਲੜਕੀ ਦੇ ਰੂਪ ਵਿਚ ਮਿਲਦਾ ਹੈ ਜਿਹੜੀ ਰਾਤਾਂ ਨੂੰ ਯਹੂਦੀ ਕੈਦੀਆਂ ਲਈ ਕੈਂਪ ਦੇ ਆਲੇ-ਦੁਆਲੇ ਖਿੱਚੀਆਂ ਵਾੜਾਂ ਅਤੇ ਖਾਲਾਂ ਵਿਚ ਸੇਬ ਲੁਕਾ ਜਾਂਦੀ ਹੈ ਤਾਂ ਕਿ ਉਹ ਭੁੱਖ ਨਾਲ ਨਾ ਮਰ ਜਾਣ।
ਪ੍ਰਸਿੱਧ ਅਖਬਾਰ ‘ਦਿ ਗਾਰਡੀਅਨ` ਨੂੰ ਦਿੱਤੇ ਇੰਟਰਵਿਊ ਵਿਚ ਫਿਲਮ ਦਾ ਨਿਰਦੇਸ਼ਕ ਜੋਨਾਥਨ ਗਲੇਜ਼ਰ ਦੱਸਦਾ ਹੈ, “ਫਿਲਮ ਬਣਾਉਂਦਿਆਂ ਸਮੇਂ ਸਾਨੂੰ ਲਗਾਤਾਰ ਇਹ ਮਹਿਸੂਸ ਹੋ ਰਿਹਾ ਸੀ ਕਿ ਫਿਲਮ ਬੇਹੱਦ ਉਦਾਸ ਅਤੇ ਬੇਉਮੀਦ ਕਰਨ ਵਾਲੀ ਬਣ ਰਹੀ ਹੈ ਕਿਉਂਕਿ ਹਰ ਅਗਲਾ ਦ੍ਰਿਸ਼ ਨਾਜ਼ੀਆਂ ਦੀਆਂ ਨਵੀਂਆਂ ਕਰੂਰਤਾਂ ਅਤੇ ਕਤਲੋਗਾਰਤ ਦੀਆਂ ਅਗਲੀਆਂ ਯੋਜਨਾਵਾਂ ਫਿਲਮਾਉਣ ਦਾ ਹੁੰਦਾ ਸੀ। ਮੇਰੇ ਸਮੇਤ ਸਾਰੀ ਟੀਮ ਦੇ ਦਿਲੋ-ਦਿਮਾਗ `ਤੇ ਇੰਨਾ ਦਬਾਉ ਸੀ ਕਿ ਮੈਂ ਕਈ ਵਾਰ ਫਿਲਮ ਬਣਾਉਣ ਦਾ ਇਰਾਦਾ ਤਿਆਗ ਵੀ ਦਿੱਤਾ ਪਰ ਬਾਰਾਂ ਸਾਲਾਂ ਦੀ ਉਸ ਪੋਲਿਸ਼ ਲੜਕੀ ਦਾ ਯਹੂਦੀ ਕੈਦੀਆਂ ਲਈ ਸੇਬ ਛੁਪਾਉਣ ਦਾ ਸੱਚਾ ਵਾਕਿਆ ਇੰਨਾ ਮਜ਼ਬੂਤ ਤੇ ਸ਼ਾਨਦਾਰ ਨਿਕਲਿਆ ਕਿ ਉਹ ਯਹੂਦੀ ਕੈਦੀਆਂ ਦੀ ਜ਼ਿੰਦਗੀ ਵਿਚ ਉਸ ਦੇ ਲਿਆਂਦੇ ਸੇਬਾਂ ਵਾਂਗ ਫਿਲਮ ਦੀ ਕਹਾਣੀ ਵਿਚ ਵੀ ਮਾਨਵਤਾ, ਉਮੀਦ ਅਤੇ ਸੱਚ ਦੀ ਨਵੀਂ ਰੌਸ਼ਨੀ ਲੈ ਕੇ ਆਇਆ।”
ਫਿਲਮ ਦੇਖਦਿਆਂ ਦਰਸ਼ਕ ਵੀ ਇਹ ਦਬਾਉ ਵਾਰ-ਵਾਰ ਮਹਿਸੂਸ ਕਰਦਾ ਹੈ। ਫਿਲਮ ਦੀ ਅਸਲ ਤਾਕਤ ਇਸ ਦਾ ਰੂਹ ਕੰਬਾਊ ਸੰਗੀਤ ਅਤੇ ਪਿਛੋਕੜ ਵਿਚੋਂ ਆ ਰਹੀਆਂ ਆਵਾਜ਼ਾਂ ਹਨ। ਯਹੂਦੀ ਕੈਦੀਆਂ ਨੂੰ ਮਾਰਨ ਲਈ ਭਰੀਆਂ ਟਰੇਨਾਂ ਰੁਕਣ ਦੀ ਆਵਾਜ਼, ਛੋਟੇ ਬੱਚਿਆਂ ਤੇ ਔਰਤਾਂ ਦੀ ਗੈਸ ਚੈਂਬਰਾਂ ਵਿਚ ਦਮ ਘੁਟਣ ਦੀ ਆਵਾਜ਼, ਚਿਮਨੀਆਂ ਵਿਚੋਂ ਲਗਾਤਾਰ ਨਿਕਲ ਰਿਹਾ ਧੁੂੰਆਂ, ਬੇਵਸ ਕੈਦੀਆਂ `ਤੇ ਲਗਾਤਾਰ ਤਸ਼ਦੱਦ ਕਰ ਰਹੇ ਨਾਜ਼ੀ ਅਫਸਰਾਂ ਦੀਆਂ ਗਾਲਾਂ ਅਤੇ ਉਨ੍ਹਾਂ ਨੂੰ ਖਿੱਚਣ-ਧੂਹਣ ਦੀਆਂ ਅਨੇਕ ਆਵਾਜ਼ਾਂ ਇਸ ਫਿਲਮ ਨੂੰ ਪ੍ਰਯੋਗਾਤਮਿਕ ਅਤੇ ਕਲਾ ਫਿਲਮ ਦੀ ਵੰਨਗੀ ਵਿਚ ਸ਼ਾਮਿਲ ਕਰ ਦਿੰਦੀਆਂ ਹਨ। ਇਉਂ ਇਸ ਫਿਲਮ ਨੂੰ ਇਤਿਹਾਸਕ ਦਸਤਾਵੇਜ਼ ਵਾਂਗ ਵੀ ਦੇਖਿਆ ਜਾ ਸਕਦਾ ਹੈ।
ਫਿਲਮ ਇਸ ਪੱਖ ਤੋਂ ਬਹੁਤ ਸ਼ਾਨਦਾਰ ਅਤੇ ਵੱਖਰੀ ਹੈ ਕਿ ਪਰਦੇ ਉਤੇ ਜੋ ਦ੍ਰਿਸ਼ ਦਿਸਦੇ ਹਨ, ਦਰਸ਼ਕ ਉਨ੍ਹਾਂ ਨੂੰ ਮਹਿਸੂਸ ਕਰਨ ਦੀ ਥਾਂ ਨਾਜ਼ੀ ਕੈਂਪਾਂ ਵਿਚ ਮਰ ਰਹੇ ਲੋਕਾਂ ਦੀ ਕੁਰਲਾਹਟ, ਚੀਕਾਂ ਅਤੇ ਫਰਿਆਦਾਂ ਸੁਣਨ ਵੱਲ ਧਿਆਨ ਕਰਦਾ ਹੈ। ਘਰ ਦੀ ਮਾਲਕਿਨ ਹੈਡਵਿਗ (ਸੈਂਡਰਾ ਹੁਲਰ) ਆਪਣੀ ਛੋਟੀ ਬੱਚੀ ਨੂੰ ਆਪਣੇ ਖ਼ੂਬਸੂਰਤ ਬਗੀਚੇ ਵਿਚ ਖਿੜੇ ਫੁੱਲ ਦਿਖਾ ਰਹੀ ਹੈ। ਉਹ ਉਹਨੂੰ ਫੁੱਲਾਂ ਦੇ ਨਾਮ ਦੱਸਦੀ ਹੈ। ਹਰ ਫੁੱਲ ਦਾ ਨਾਮ ਬੋਲਣ `ਤੇ ਬਗੀਚੇ ਦੀ ਕੰਧ ਦੇ ਪਾਰੋਂ ਗੋਲੀ ਚੱਲਣ ਦਾ ਖੜਾਕ ਸੁਣਦਾ ਹੈ। ਜਿਉਂ-ਜਿਉਂ ਗੁਲਾਬ ਦੇ ਲਾਲ ਫੁੱਲਾਂ ਦਾ ਰੰਗ ਪਰਦੇ `ਤੇ ਉਘੜਦਾ ਜਾਂਦਾ ਹੈ, ਗੋਲੀਆਂ ਦੀ ਆਵਾਜ਼ ਹੋਰ ਉਚੀ ਹੁੰਦੀ ਜਾਂਦੀ ਹੈ। ਪੂਰੀ ਫਿਲਮ ਅਜਿਹੇ ਮੈਟਾਫੌਰਿਕ ਕੋਲਾਜਾਂ ਨਾਲ ਭਰੀ ਹੋਈ ਹੈ ਜਿਹੜੇ ਇਸ ਘਰ ਦੇ ਆਸ-ਪਾਸ ਮੌਜੂਦ ਤਮਾਮ ਖ਼ੂਬਸੂਰਤ ਚੀਜ਼ਾਂ ਰਾਹੀਂ ਨਾਜ਼ੀ ਕੈਪਾਂ ਅੰਦਰ ਬਰਸ ਰਹੀ ਬਰਬਰਤਾ ਅਤੇ ਜ਼ੁਲਮ ਦੀ ਵਿਆਖਿਆ ਕਰਦੀ ਹੈ। ਇਸ ਘਰ ਦੇ ਬੱਚੇ ਨਦੀ ਵਿਚ ਖੇਡ ਕੇ ਖ਼ੁਸ਼ ਹਨ ਪਰ ਨਦੀ ਵਿਚ ਨਾਜ਼ੀ ਕੈਪਾਂ ਵਿਚ ਮਰੇ ਕੈਦੀਆਂ ਦੀਆਂ ਹੱਡੀਆਂ ਤੈਰ ਰਹੀਆਂ ਹਨ। ਘਰ ਅਤੇ ਬਗੀਚੇ ਦੇ ਆਸ-ਪਾਸ ਦੀ ਹਵਾ ਅਤੇ ਧੁੱਪ ਬੇਹੱਦ ਦਿਲਕਸ਼ ਤੇ ਸਕੂਨ ਦੇਣ ਵਾਲੀ ਹੈ ਪਰ ਇਹ ਹਵਾ ਮੁਰਦੇ ਜਲ਼ਣ ਨਾਲ ਬੋਝਲ ਹੋ ਗਈ ਹੈ ਅਤੇ ਲਾਸ਼ਾਂ ਦੀ ਗੰਧ ਕਾਰਨ ਸਾਹ ਲੈਣ ਯੋਗ ਨਹੀਂ ਰਹੀ। ਘਰ ਅਤੇ ਬਗੀਚੇ ਵਿਚ ਸਜੇ ਮੇਜ਼ਾਂ ਉਤੇ ਦੁਨੀਆ ਦੇ ਸਭ ਤੋਂ ਸੁਆਦਲੇ ਪਕਵਾਨ ਹਾਜ਼ਿਰ ਹਨ ਪਰ ਇਨ੍ਹਾਂ ਨੂੰ ਖਾਂਦੇ ਸਮੇਂ ਗੈਸ ਚੈਬਰਾਂ ਵਿਚ ਹੁੰਦੀ ‘ਚਰ-ਚਰ` ਦੀ ਆਵਾਜ਼ ਦਾੜ੍ਹਾਂ ਥੱਲੇ ਚਿੱਥੀਆਂ ਜਾ ਰਹੀਆਂ ਬੁਰਕੀਆਂ ਦੀ ਆਵਾਜ਼ ਨਾਲ ਜਾ ਮਿਲਦੀ ਹੈ। ਘਰ ਦੇ ਮੁਖੀ ਰੁਡੋਲਫ ਹੌਸ (ਕ੍ਰਿਸ਼ੀਅਨ ਫ੍ਰੀਈਡਲ) ਦੀ ਡਿਊਟੀ ਉਸ ਦੇ ਬਗੀਚੇ ਨਾਲ ਲੱਗਦੇ ਨਾਜ਼ੀ ਇਤਿਹਾਸ ਦੇ ਸਭ ਤੋਂ ਘਿਨਾਉਣੇ ਅਤੇ ਬਦਨਾਮ ਕੈਂਪ ਔਸ਼ਵਿਜ਼ ਵਿਚ ਲੱਗੀ ਹੋਈ ਹੈ ਜਿੱਥੇ ਉਸ ਨੇ ਲੱਖਾਂ ਯਹੂਦੀ ਕੈਦੀਆਂ ਨੂੰ ਮਿੰਟਾਂ-ਸਕਿੰਟਾਂ ਵਿਚ ਸਾੜ ਕੇ ਸਵਾਹ ਕਰਨ ਜਾਂ ਉਨ੍ਹਾਂ ਨੂੰ ਹੋਰ ਅਨੇਕ ਦਰਦਨਾਕ ਢੰਗ-ਤਰੀਕਿਆਂ ਨਾਲ ਮੌਤ ਦੇ ਮੂੰਹ ਧੱਕਣ ਵਿਚ ਮੁਹਾਰਤ ਹਾਸਿਲ ਕੀਤੀ ਹੋਈ ਹੈ। ਹਾਲਾਤ ਦੀ ਤਰਾਸਦੀ ਦੇਖੋ ਕਿ ਜਿਹੜਾ ਅਫਸਰ ਆਪਣੇ ਬਗੀਚੇ ਵਿਚ ਕੁਝ ਫੁੱਲਾਂ ਦੇ ਟੁੱਟਣ `ਤੇ ਨੌਕਰਾਂ ਨੂੰ ਸਜ਼ਾ ਦਿੰਦਾ ਹੈ, ਉਹ ਆਪਣੇ ਦੋਸਤਾਂ ਨਾਲ ਮਿਲ ਕੇ ਅਜਿਹੇ ਗੈਸ ਚੈਂਬਰ ਬਣਾਉਣ ਲਈ ਗੰਭੀਰ ਮੀਟਿੰਗਾਂ ਕਰਦਾ ਹੈ ਜਿਸ ਵਿਚ ਲੱਖਾਂ ਯਹੂਦੀਆਂ ਨੁੰ ਸਿਰਫ ਇੱਕ ਬਟਨ ਨਾਲ ਹੀ ਮਾਰਿਆ ਜਾ ਸਕੇ। ਫਿਲਮ ਦੇ ਨਿਰਦੇਸ਼ਕ, ਕੈਮਰਾਮੈਨ ਅਤੇ ਪ੍ਰੋਡਕਸ਼ਨ ਟੀਮ ਦਾ ਕਮਾਲ ਇਹ ਹੈ ਕਿ ਉਹ ਨਾਜ਼ੀ ਜਰਮਨਾਂ ਦੇ ਇੰਝ ਦਿਨੋ-ਦਿਨ ਗੈਰ-ਮਾਨਵੀ ਹੁੰਦੇ ਜਾਣ ਨੂੰ ਛੋਟੀਆਂ-ਛੋਟੀਆਂ ਘਟਨਾਵਾਂ ਰਾਹੀਂ ਸਿਰਜਦਾ ਹੈ। ਦਰਅਸਲ ਉਹ ਇਨ੍ਹਾਂ ਘਟਨਾਵਾਂ ਦੀ ਵੀ ‘ਮਿਰਰ ਇਮੇਜ` ਪਰਦੇ `ਤੇ ਉਤਾਰਦਾ ਹੈ; ਮਸਲਨ, ਘਰ ਬੇਹੱਦ ਖ਼ੂਬਸੂਰਤ ਹੈ ਪਰ ਉਸ ਘਰ ਵਿਚ ਪਲ ਰਹੇ ਬੱਚੇ ਨਾਜ਼ੀ ਕੈਂਪਾਂ ਵਿਚ ਮਾਰੇ ਗਏ ਕੈਦੀਆਂ ਦੇ ਇਕੱਠੇ ਹੋਏ ਸੋਨੇ ਦੇ ਨਕਲੀ ਦੰਦਾਂ ਨਾਲ ਖੇਡ ਰਹੇ ਹਨ। ਘਰ ਦੀ ਮਾਲਕਿਨ ਅਮੀਰ ਹੈ ਪਰ ਉਸ ਦੀ ਨੀਤ ਦਾ ਟੇਢਾਪਣ ਦੇਖੋ ਕਿ ਉਹ ਕੈਂਪ ਵਿਚ ਮਾਰੀ ਗਈ ਯਹੂਦੀ ਔਰਤ ਦਾ ਓਵਰਕੋਟ ਪਾ ਕੇ ਆਪਣੀ ਖ਼ੂਬਸੂਰਤੀ ਵਿਚ ਇਜ਼ਾਫ਼ਾ ਕਰਨਾ ਲੋਚਦੀ ਹੈ। ਇਸੇ ਤਰ੍ਹਾਂ ਫਿਲਮ ਵਿਚ ਜਿੰਨੇ ਰੰਗ ਹਨ, ਖੂਬਸੂਰਤੀ ਹੈ, ਹਾਸੇ ਤੇ ਖੁਸ਼ੀਆਂ ਹਨ, ਉਨ੍ਹਾਂ ਪਿੱਛੇ ਮਾਰੇ ਗਏ ਲੋਕਾਂ ਦਾ ਵਿਰਲਾਪ, ਰੁਦਨ, ਬੇਵਸੀ, ਉਦਾਸੀ ਅਤੇ ਉਨ੍ਹਾਂ ਦੀ ਮੌਤ ਦਾ ਰੰਗ ਸਾਰੀ ਫਿਲਮ ਦੇ ਕੈਨਵਸ ਨੂੰ ਲਗਾਤਾਰ ਖੂਨ ਨਾਲ ਗੜੁੱਚ ਕਰੀ ਰੱਖਦਾ ਹੈ।
ਇਸ ਫਿਲਮ ਨੇ ਹੌਲੀਵੁੱਡ ਇੰਡਸਟਰੀ ਨੂੰ ਦੋ ਧਿਰਾਂ ਵਿਚ ਵੰਡ ਦਿੱਤਾ ਹੈ; ਇੱਥੋਂ ਤੱਕ ਕਿ ਫਿਲਮ ਦੇ ਨਿਰਮਾਤਾ ਨੇ ਫਿਲਮ ਦੇ ਨਿਰਦੇਸ਼ਕ ਦੇ ਬਿਆਨ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਸਿਨੇਮਾ ਜਿਹੀ ਸੰਪੂਰਨ ਕਲਾ ਦੀ ਜ਼ਰੂਰਤ ਅਤੇ ਇਸ ਦੇ ਮੰਤਵਾਂ ਬਾਰੇ ਵੀ ਚਰਚਾ ਭਖ ਗਈ ਹੈ। ਇਹ ਚਰਚਾ ਇਸ ਕਲਾ ਮਾਧਿਅਮ ਦੇ ਜਿਊਂਦੇ-ਜਾਗਦੇ ਹੋਣ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਕਰਨ ਦਾ ਸਬੂਤ ਹੈ। ਹੁਣ ਦੇਖਣਾ ਇਹ ਹੈ ਕਿ ਗਲੋਬਲ ਪੱਧਰ `ਤੇ ਆਲਮੀ ਮੀਡੀਆ ਅਦਾਰਿਆਂ, ਫਿਲਮ ਬਣਾਉਣ ਦੇ ਸੈਂਟਰਾਂ ਅਤੇ ਦਰਸ਼ਕਾਂ ਵਿਚ ਛਿੜੀ ਇਹ ਚਰਚਾ ਗਾਜ਼ਾ ਦੇ ਹੱਕ ਵਿਚ ਬੁਲੰਦ ਆਵਾਜ਼ ਕਦੋਂ ਬਣਦੀ ਹੈ।