ਰੰਗਾਂ-ਨਮੂਨਿਆਂ ਦੀ ਲੀਲ੍ਹਾ ਸਿਰਜਦੇ ਹੱਥਾਂ ਨੂੰ ਸਿਜਦਾ
ਡਾ. ਜਗਦੀਸ਼ ਕੌਰ
ਫੋਨ: +91-92564-46863
‘ਪੰਜਾਬ ਟਾਈਮਜ਼’ ਦੇ ਪਿਛਲੇ ਤੋਂ ਪਿਛਲੇ ਅੰਕ ਨੰਬਰ 16 ਵਿਚ ਡਾ. ਜਗਦੀਸ਼ ਕੌਰ ਦੀ ਪੁਸਤਕ ‘ਦਰੀਆ ਵਾਲੀ ਪੇਟੀ’ ਬਾਰੇ ਉਘੇ ਸ਼ਾਇਰ ਨਵਤੇਜ ਭਾਰਤੀ ਦਾ ਲੇਖ ਛਾਪਿਆ ਗਿਆ ਸੀ। ਪਾਠਕਾਂ ਨੇ ਇਸ ਲੇਖ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਪੰਜਾਬੀ ਸਮਾਜ ਵਿਚ ਦਰੀ ਬੁਣਨਾ ਘਰ ਦੀਆਂ ਸੁਆਣੀਆਂ ਲਈ ਨਿੱਤ ਦੇ ਰੁਝੇਵੇਂ ਦਾ ਹਿੱਸਾ ਹੁੰਦੀ ਸੀ। ਦਰੀ ਧੀ ਦੇ ਦਾਜ ਵਿਚ ਗਹਿਣਿਆਂ ਵਾਂਗ ਦਿੱਤੀ ਜਾਂਦੀ ਜੋ ਕੱਚੇ-ਪੱਕੇ, ਦੋਹਾਂ ਬਿਸਤਰਿਆਂ ਦਾ ਹਿੱਸਾ ਹੁੰਦੀ। ਇਹ ਵਰਤਾਰਾ ਇੱਥੋਂ ਦੀ ਗਰਮ-ਸਰਦ ਰੁੱਤ ਵੱਲ ਵੀ ਸੰਕੇਤ ਕਰਦਾ ਹੈ। ਇਹ ਪੁਸਤਕ ਕਿਵੇਂ ਤਿਆਰ ਹੋਈ, ਇਸ ਬਾਰੇ ਡਾ. ਜਗਦੀਸ਼ ਕੌਰ ਦਾ ਇਹ ਲੇਖ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
2018-2019 ਵਿਚ ਬੁੱਢੇ ਦਰਿਆ ਦੀ ਪੁਨਰ-ਸੁਰਜੀਤੀ ਲਈ ਮੁਹਿੰਮ ਚੱਲ ਰਹੀ ਸੀ। ਨੇੜੇ ਦੇ ਗੁਰਦੁਆਰਿਆਂ ਵਿਚ ਸੰਗਤ ਦੀ ਸ਼ਮੂਲੀਅਤ ਲਈ ਕੁਝ ਬੈਨਰ ਲਵਾਉਣੇ ਸਨ। ਮੱਥਾ ਟੇਕ ਕੇ ਸਕੱਤਰ ਨੂੰ ਮਿਲਣਾ ਸੀ। ਪੈਰ ਪਾਣੀ ’ਚ ਪਾਏ ਤਾਂ ਦਰੀ ਦੀ ਛੁਹ ਨੇ ਠੰਢੇ ਪਾਣੀ ਵਿਚ ਆਸਰਾ ਦਿੱਤਾ। ਅੱਗੇ ਪੈਰ ਸੁਕਾਉਣ ਲਈ ਫੇਰ ਦਰੀਆਂ ਵਿਛੀਆਂ ਹੋਈਆਂ ਸਨ, ਸੁਹਣੇ-ਸੁਹਣੇ ਨਮੂਨਿਆਂ ਵਾਲੀਆਂ। ਮਨ ਉਸ ਵੇਲੇ ਭਰ ਆਇਆ ਜਦ ਵੱਡੇ ਸਾਰੇ ਚੌਰਸ ਡਸਟਬਿਨ ਵਿਚ ਗਿੱਲੀਆਂ-ਭਿੱਜੀਆਂ ਦਰੀਆਂ ਪਈਆਂ ਦਿਸੀਆਂ। ਸਾਰੀ ਉਮਰ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਦੇ ਖੇਤਰ ਦੀ ਖੋਜਾਰਥਣ ਰਹੀ ਹਾਂ, ਸਮਝ ਸਕਦੀ ਹਾਂ ਕਿ ਲੋਕਾਂ ਕੋਲ ਦਰੀਆਂ, ਪੇਟੀਆਂ ਵਿਚ ਦਹਾਕਿਆਂ ਤੋਂ ਸਾਂਭੀਆਂ ਪਈਆਂ ਨੇ, ਹੁਣ ਜਦੋਂ ਇਨ੍ਹਾਂ ਦੀ ਲੋੜ ਨਹੀਂ ਰਹੀ ਜਾਂ ਸਾਂਭਣ ਵਾਲੇ ਅਗਲੇ ਦੇਸ ਦੀ ਯਾਤਰਾ ’ਤੇ ਹਨ ਤਾਂ ਉਹ ਆਪਣੀਆਂ ਅਤਿ ਪਿਆਰੀਆਂ ਵਸਤਾਂ ਸ਼ਰਧਾ ਨਾਲ ਇਥੇ ਦੇ ਜਾਂਦੇ ਹਨ।
ਮਗਰੋਂ ਪਤਾ ਲੱਗਿਆ ਕਿ ਕਟਾਣਾ ਸਾਹਿਬ ਗੁਰਦੁਆਰੇ ਵਿਚ ਲਗਭਗ ਰੋਜ਼ 15-20 ਦਰੀਆਂ ਚੜ੍ਹਦੀਆਂ ਹਨ ਜਿਨ੍ਹਾਂ ਨੂੰ ਬਾਹਰ ਬੈਠ ਕੇ ਪਾਠ ਕਰਨ ਵਾਲੇ ਸ਼ਰਧਾਲੂ ਹੇਠ ਵਿਛਾ ਲੈਂਦੇ ਹਨ। ਇਹ ਲੋਕਾਂ ਦਾ ਆਪਣੀਆਂ ਕਲਾ ਕ੍ਰਿਤਾਂ ਪ੍ਰਤਿ ਸ਼ਰਧਾ ਵੀ ਹੈ ਕਿ ‘ਸੇਵਾ ਥਾਇ ਪਵੇ’। ਗੁਆਚਦੇ ਜਾਂਦੇ ਇਸ ਵਿਰਸੇ ਬਾਰੇ ਸੋਚਦਿਆਂ ਜੀਅ ਕੀਤਾ, ਸਾਰੇ ਘਰਾਂ ਵਿਚੋਂ ਇਹ ਦਰੀਆਂ ਲੈ ਕੇ ਕਿਤੇ ਸਾਂਭ ਲਵਾਂ ਪਰ ਕਿਵੇਂ? ਉਂਝ ਵੀ ਇਹ ਕੱਲੇ-ਕਾਰੇ ਦੇ ਵੱਸ ਦਾ ਕੰਮ ਨਹੀਂ, ਸੰਸਥਾ ਦਾ ਹੈ। ਕਈ ਦਿਨ-ਹਫ਼ਤੇ-ਮਹੀਨੇ ਇਸ ਨਾਲ ਖੌਝਲਦੀ ਰਹੀ। ਫਿਰ ਸੋਚਿਆ, ਹੋਰ ਕੁਝ ਨਹੀਂ ਕਰ ਸਕਦੇ ਤਾਂ ਔਰਤਾਂ ਦੀ ਇਸ ਕਲਾ ਦੇ ਨਮੂਨਿਆਂ ਦਾ ਦਸਤਾਵੇਜ਼ ਤਾਂ ਤਿਆਰ ਕਰ ਸਕਦੇ ਹਾਂ। ਇਸੇ ਵਿਚਾਰ ਨੇ ਦਰੀਆਂ ਦੀ ਇਸ ਕੌਫ਼ੀ ਟੇਬਲ ਬੁੱਕ ਵੱਲ ਤੋਰਿਆ।
ਖੇਤਰੀ ਕਾਰਜ ਕਰਦਿਆਂ ਪਹਿਲੀ ਵਾਰ ਦਰੀਆਂ ਨੂੰ ਹਰ ਕੋਣ ਤੋਂ ਦੇਖਿਆ। ਨਮੂਨੇ, ਜਾਲੀਆਂ, ਬਾਡਰ, ਰੰਗ ਤੇ ਭਾਸ਼ਾ। ਗੱਲਾਂ ਕਰਦੀ ਬਲਬੀਰ ਕੌਰ ਨੇ ਬੱਸ ਕੀਲ ਹੀ ਲਿਆ। ਆਪਣੀ ਦੁੱਖਾਂ ਭਰੀ ਕਹਾਣੀ ਸੁਣਾਉਂਦਿਆਂ ਉਹ ਕਹਿੰਦੀ, “ਜੀ! ਜਿੱਦਣ ਦਰੀ ਉਤਰਦੀ, ਮੈਂ ਤਾਂ ਉੱਡੀ ਈ ਫਿਰਦੀ।” ਲੱਗਿਆ ਮਾਰਾਂ ਦੀ ਝੰਬੀ ਔਰਤ ਨੂੰ ਕਲਾ ਕਿਵੇਂ ਜਿਊਣ ਜੋਗਾ ਕਰੀ ਰੱਖਦੀ ਹੈ, ਇਸ ਦਾ ਪ੍ਰਤੱਖ ਪ੍ਰਮਾਣ ਸਾਹਮਣੇ ਸੀ। ਫਿਰ ਚੱਲ ਸੋ ਚੱਲ। ਦਰੀਆਂ ਦੀ ਭਾਸ਼ਾ ਰਾਹੀਂ ਔਰਤ-ਮਨ ਦੇ ਦਰਸ਼ਨ ਹੋ ਰਹੇ ਸਨ। ਮੈਂ ਕਿਤਾਬ ਦਾ ਦੂਜਾ ਭਾਗ ਸਰੋਤਾਂ ਨਾਲ ਗੱਲਬਾਤ ਦਾ ‘ਸਾਡੇ ਸਰੋਤ’ ਉਲੀਕ ਲਿਆ ਜਿਸ ਵਿਚ ਘੱਟੋ-ਘੱਟ 100 ਸਰੋਤ ਸ਼ਾਮਲ ਕਰਨੇ ਸਨ। ਇਹ ਕੰਮ ਬਹੁਤ ਵੱਡਾ ਅਤੇ ਫੈਲਿਆ ਹੋਇਆ ਸੀ। ਸੁਰਿੰਦਰ ਜੈਪਾਲ ਜਿਨ੍ਹਾਂ ਸਦਕਾ ਦੋ-ਤਿੰਨ ਸਰੋਤਾਂ ਤੱਕ ਪਹੁੰਚ ਬਣੀ ਸੀ, ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਦੂਜੇ ਭਾਗ ਲਈ ਜੋ ਇੰਟਰਵਿਊ ਕੀਤੀਆਂ ਹਨ, ਉਹ ਲਿਖ ਲੈਣ। ਉਨ੍ਹਾਂ ਦੀ ਸ਼ਮੂਲੀਅਤ ਸਦਕਾ ਮੇਰਾ ਕੁਝ ਭਾਰ ਵੰਡਿਆ ਗਿਆ। 100 ਵਿਚੋਂ ਲਗਭਗ 29 ਉਨ੍ਹਾਂ ਨੇ ਲਿਖੀਆਂ। ਇਸ ਕਿਤਾਬ ਵਿਚ 250 ਤੋਂ ਵੱਧ ਨਮੂਨੇ ਸ਼ਾਮਲ ਕੀਤੇ ਹਨ, ਲਗਭਗ 20-25 ਵਿਲੱਖਣ ਨਮੂਨੇ ਵੀ ਉਨ੍ਹਾਂ ਸਦਕਾ ਸ਼ਾਮਲ ਹੋਏ। ਇਸ ਕਿਤਾਬ ਦੀ ਵਿਉਂਤਬੰਦੀ ਵਿਧੀਵਤ ਰੂਪ-ਰੇਖਾ ਵਰਗ-ਵੰਡ ਅਤੇ ਹੋਰ ਪਹਿਲੂਆਂ ਦਾ ਇੰਟਰ ਯੂਨੀਵਰਸਿਟੀ ਸੈਂਟਰ ਦਿੱਲੀ ਦੀ ਖੋਜ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਸ਼ਿਮਲਾ ਵਿਖੇ ਦਿੱਤੀਆਂ ਦੋ ਪੇਸ਼ਕਾਰੀਆਂ ਸਦਕਾ ਸੰਭਵ ਹੁੰਦਾ ਗਿਆ।
ਪੰਜਾਬ ਅਜਿਹੀ ਭੂਗੋਲਿਕ ਇਕਾਈ ਹੈ ਜਿਸ ਦੀ ਆਬੋ-ਹਵਾ ਸਦਕਾ ਇਸ ਦਾ ਮਾਲਵਾ ਇਲਾਕਾ ਕਪਾਹ ਪੱਟੀ ਵਜੋਂ ਵਿਕਸਿਤ ਹੋਇਆ। ਨਰਮਾ/ਕਪਾਹ ਬਿਸਤਰਿਆਂ ਲਈ ਮੁੱਢਲੀ ਸਮੱਗਰੀ ਹੈ। ਔਰਤਾਂ ਨੇ ਆਪਣੇ ਸੁਹਜ ਅਤੇ ਕਲਾਕਾਰੀ ਰਾਹੀਂ ਬਿਸਤਰਿਆਂ ਵਿਚ ਆਮ ਦਰੀ ਨੂੰ ਇਉਂ ਰੰਗਲੀ ਬਣਾ ਲਿਆ ਕਿ ਦਾਜ ਅਤੇ ਦਰੀ ਦੀ ਗੂੜ੍ਹੀ ਸਕੀਰੀ ਤੁਰ ਪਈ। ਪੇਂਡੂ ਦਸਤਕਾਰੀ ਦੀ ਸ਼ਾਨਦਾਰ ਪਰੰਪਰਾ ਵਿਚ ਇਹ ਔਰਤ ਹੁਨਰ ਦੀ ਵੱਡੀ ਪਛਾਣ ਬਣ ਗਈ। ਪੰਜਾਬ ਵਿਚ ਦਰੀ ਦਾ ਇਤਿਹਾਸ ਸਹਿਜੇ ਹੀ ਚਰਖੇ ਦੀ ਆਮਦ ਨਾਲ ਜਾ ਜੁੜਦਾ ਹੈ। ਚਰਖੇ ਦਾ ਇਤਿਹਾਸ ਫਰੋਲੀਏ ਤਾਂ ਸਾਡੀ ਲੋਕਧਾਰਾ ਵਿਚ ਚੰਨ ’ਤੇ ਬੈਠੀ ਬੇਬੇ ਚਰਖਾ ਕੱਤਦੀ ਮਿਲ ਪੈਂਦੀ ਹੈ। ‘ਇੰਡਸਟ੍ਰੀਅਲ ਆਰਟਸ ਆਫ ਇੰਡੀਆ’ ਦਾ ਲੇਖਕ ਜੀ.ਸੀ.ਐੱਮ. ਬਰਡਵੁੱਡ ਦਰੀ (ਜੋ ਭਾਰਤੀ ਕਿਲਿਮ ਵਰਗੀ ਹੈ) ਦੀਆਂ ਪੈੜਾਂ ਦੀ ਨਿਸ਼ਾਨਦੇਹੀ ਪੰਜਵੀਂ ਸਦੀ ਈਸਾ ਪੂਰਵ ਤੱਕ ਕਰਦਾ ਹੈ। ‘ਐਗਰੇਰੀਅਨ ਸਿਸਟਮ ਆਫ ਮੁਗਲ ਇੰਡੀਆ’ (1556-1707) ਦੇ ਲੇਖਕ ਇਰਫ਼ਾਨ ਹਬੀਬ ਅਨੁਸਾਰ, ਭਾਰਤ ਵਿਚ ਚਰਖਾ ਇਰਾਨ ਵਿਚੋਂ 13ਵੀਂ ਸਦੀ ਵਿਚ ਆਇਆ। ਮਗਰੋਂ ਸਾਡੀ ਕਪਾਹ ਪੱਟੀ ਦਾ ਮੁਖ ਸੰਦ ਹੀ ਨਹੀਂ ਬਣਿਆ ਬਲਕਿ ਮਾਲਵੇ ’ਚ ਰੰਗਲਾ ਚਰਖਾ ਦਾਜ-ਦਹੇਜ ਦੀ ਸ਼ਾਨ ਵੀ ਬਣ ਗਿਆ। ਕਿੱਸਾ, ਸੂਫ਼ੀ, ਗੁਰਮਤਿ ਕਾਵਿ ਵਿਚ ਇਹ ਚਰਖਾ ਜੀਵ-ਆਤਮਾ, ਕਾਰ ਕਮਾਉਂਦੀ ਮਨੁੱਖੀ ਦੇਹ ਦਾ ਪ੍ਰਤੀਕ ਵੀ ਬਣ ਕੇ ਉੱਭਰਿਆ। ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਵਿਚ ਦਰੀਆਂ ਬੁਣਨ ਦੀ ਪਰੰਪਰਾ ਵੀ ਕਈ ਸਦੀਆਂ ਪੁਰਾਣੀ ਹੈ।
ਦਰੀਆਂ ਦੇ ਖੇਤਰੀ ਕਾਰਜ ਦੌਰਾਨ ਸਭ ਤੋਂ ਵੱਧ ਦਰੀਆਂ ਸ਼ਤਰੰਜ/ਸ਼ਤਰੰਜੀਆਂ ਦੀਆਂ ਮਿਲੀਆਂ। ਭਾਈ ਕਾਨ੍ਹ ਸਿੰਘ ਨਾਭਾ ਆਪਣੇ ‘ਮਹਾਨ ਕੋਸ਼’ ਵਿਚ ਸ਼ਤਰੰਜੀ ਲਈ ਸਮਾਨਾਂਤਰ ਸ਼ਬਦ ‘ਦਰੀ’ ਦੱਸਦੇ ਹਨ। ਹੋ ਸਕਦਾ, ਪਹਿਲਾਂ ਇਹ ਵਿਸ਼ੇਸ਼ ਰੂਪ ਵਿਚ ਖੇਡਣ ਲਈ ਬੁਣੀ ਜਾਂਦੀ ਹੋਵੇ, ਮਗਰੋਂ ਆਮ ਵਿਛਾਉਣੇ ਵਜੋਂ ਪ੍ਰਚਲਿਤ ਹੋ ਗਈ ਹੋਵੇ। ਇਸ ਹਿਸਾਬ ਨਾਲ ਇਸ ਦੀਆਂ ਪੈੜਾਂ ਮਹਾਂਭਾਰਤ ਤੱਕ ਦੇਖੀਆਂ ਜਾ ਸਕਦੀਆਂ ਹਨ। ਕੁਝ ਵਿਦਵਾਨ ‘ਦਰੀ’ ਸ਼ਬਦ ਦੀ ਉਤਪਤੀ ਪਰਸ਼ੀਅਨ ਸ਼ਬਦ ‘ਦਰ’ ਤੋਂ ਮੰਨਦੇ ਹਨ। ਜੇ.ਕੇ. ਮਮਫੋਰਡ ਆਪਣੀ ਪੁਸਤਕ ‘ਓਰੀਐਂਟਲ ਰੱਗਜ਼’ (1900) ਵਿਚ ਜ਼ਿਕਰ ਕਰਦਾ ਹੈ ਕਿ ਪਰਸ਼ੀਅਨ ਲੋਕ ਦਰ ’ਤੇ ਕਿਲਿਮ ਵਿਛਾਉਂਦੇ ਸਨ ਜਿਨ੍ਹਾਂ ਨੂੰ ‘ਦੋਰੂ’ ਵੀ ਕਿਹਾ ਜਾਂਦਾ ਸੀ। ਲਾਤੀਨੀ ਭਾਸ਼ਾ ਦਾ ਸ਼ਬਦ ‘ਸਤਰਿਮਨ’ (ਵਿਛਿਆ ਹੋਇਆ, ਬੈੱਡ, ਕਾਊਚ) ਸੰਸਕ੍ਰਿਤ ਦੇ ਸ਼ਬਦ ‘ਸਤਰਿ’ ਵਿਚ ਰੂਪਾਂਤਰਿਤ ਹੁੰਦਾ ਹੋਇਆ ਪੰਜਾਬੀ ਵਿਚ ‘ਦਰੀ’ ਬਣਿਆ ਦਿਸਦਾ ਹੈ। ਲਾਤੀਨੀ ਭਾਸ਼ਾ ਵਿਚ ਇਹਦੇ ਸਮਾਨਾਂਤਰ ਹੋਰ ਸ਼ਬਦ ‘ਲਿਟਰ’ (ਮੂਲ ਸ਼ਬਦ ਫਰਾਂਸੀਸੀ) ਹੈ ਜਿਸ ਦਾ ਅਰਥ ‘ਵਿਛੌਣੇ ਲਈ ਘਾਹ ਫੂਸ’ ਆਦਿ ਹੈ। ਪੰਜਾਬ ਵਿਚ ਦਰੀ ਬੁਣਨ ਦੀ ਕਲਾ ਔਰਤਾਂ ਦੇ ਹੱਥਾਂ ਵਿਚ ਵਿਗਸੀ ਹੈ। ਸ਼ਬਦਾਂ ਵਾਂਗ ਔਰਤ ਅਤੇ ਦਰੀ ਦਾ ਸਬੰਧ ਵੀ ਓਨਾ ਹੀ ਗੂੜ੍ਹਾ ਹੈ।
ਪੰਜਾਬੀ ਸਮਾਜ ਵਿਚ ਦਰੀ ਬੁਣਨਾ ਘਰ ਦੀਆਂ ਸੁਆਣੀਆਂ ਲਈ ਨਿੱਤ ਦੇ ਰੁਝੇਵੇਂ ਦਾ ਹਿੱਸਾ ਹੁੰਦੀ ਸੀ। ਦਰੀ ਧੀ ਦੇ ਦਾਜ ਵਿਚ ਗਹਿਣਿਆਂ ਵਾਂਗ ਦਿੱਤੀ ਜਾਂਦੀ ਜੋ ਕੱਚੇ-ਪੱਕੇ, ਦੋਹਾਂ ਬਿਸਤਰਿਆਂ ਦਾ ਹਿੱਸਾ ਹੁੰਦੀ। ਇਹ ਵਰਤਾਰਾ ਇੱਥੋਂ ਦੀ ਗਰਮ-ਸਰਦ ਰੁੱਤ ਵੱਲ ਵੀ ਸੰਕੇਤ ਕਰਦਾ ਹੈ। ਇਸ ਲਈ ਸਦਾ ਲੰਮੀ ਵਿਉਂਤਬੰਦੀ ਤੁਰਦੀ ਰਹਿੰਦੀ। ਕਪਾਹ ਚੁਗਣ ਵੇਲੇ ਮੋਟੀਆਂ ਫੁੱਟੀਆਂ ਇੱਕ ਪਾਸੇ ਰੱਖ ਲਈਆਂ ਜਾਂਦੀਆਂ। ਸਿਆਣੀਆਂ ਔਰਤਾਂ ਬਰੀਕ ਸੂਤ ਕੱਤਦੀਆਂ ਤਾਂ ਕਿ ਬੁਣਾਈ ਵਿਚ ਬਗੌੜ ਨਾ ਰਹੇ। ਰੰਗਾਂ ਦੀ ਆਪਣੀ ਲੀਲ੍ਹਾ ਹੁੰਦੀ। ਘਰਾਂ ਵਿਚ ਵਰਤਣ ਵਾਲੀਆਂ ਦਰੀਆਂ ਲਈ ਔਰਤਾਂ ਕਪਾਹ ਵਿਚ ਖ਼ਾਕੀ ਕਪਾਹ ਦੇ ਬੀਜ ਰਲਾ ਦਿੰਦੀਆਂ ਜਿਸ ਤੋਂ ਬਣੇ ਸੂਤ ਨੂੰ ਰੰਗਣਾ ਨਹੀਂ ਸੀ ਪੈਂਦਾ। ਜੰਡ/ਕਿੱਕਰਾਂ ਦੇ ਸੱਕ ਤੋਂ ਭੂਰਾ ਰੰਗ ਬਣਾ ਲਿਆ ਜਾਂਦਾ। ਸੂਤ ਨੂੰ ਟੀਨੋਪਾਲ ਦੇ ਕੇ ਚਿੱਟਾ ਕਰ ਲਿਆ ਜਾਂਦਾ। ਡੱਬੀ ਵਾਲੇ ਰੰਗ ਲਲਾਰੀਆਂ ਤੋਂ ਮਿਲ ਜਾਂਦੇ ਜਾਂ ਮੰਡੀ ਵਾਲੇ ਬਾਣੀਏ ਤੋਂ। ਸੂਤ ਰੰਗਣ ਮਗਰੋਂ ਸੁਆਹ ਵਿਚ ਦੱਬ ਕੇ ਉਹਦੀ ਸੋਈ (ਛੋਈ) ਕੱਢੀ ਜਾਂਦੀ, ਵਾਧੂ ਰੰਗ ਸੁਆਹ ਚੱਟ ਜਾਂਦੀ।
ਦਰੀ ਤਣਨ-ਬੁਣਨ ਵੇਲੇ ਵਿਚਾਰ ਵੀ ਕਰ ਲਏ ਜਾਂਦੇ। ਕਿਸੇ ਕਾਮੇ ਬੰਦੇ ਦਾ ਪੈੜਾ (ਪੋਖਾ) ਲਿਆ ਜਾਂਦਾ ਜਾਂ ਕਿਸੇ ਗੁਰੂ-ਪੀਰ-ਦੇਵਤੇ ਨੂੰ ਅਰਾਧ ਲਿਆ ਜਾਂਦਾ ਕਿ ਦਰੀ ਸਹੀ ਸਿਰੇ ਚੜ੍ਹੇ। ਕਾਲਾ ਰੰਗ ਮਨ੍ਹਾ ਹੀ ਮੰਨਦੇ। ਦਾਜ ਵਾਲੀ ਦਰੀ ਨੂੰ ਜਾਲੀ ਬੰਨ੍ਹ ਕੇ ਫੁੱਲ ਵੀ ਗੁੰਦੇ ਜਾਂਦੇ। ਦਾਜ ਹੀ ਨਹੀਂ, ਉਨ੍ਹਾਂ ਆਪਣੀਆਂ ਮਾਵਾਂ ਵੀ ਦਿਖਾਉਣੀਆਂ ਹੁੰਦੀਆਂ। ਰੰਗਾਂ ਅਤੇ ਨਮੂਨਿਆਂ ਦੀ ਲੀਲ੍ਹਾ ਰਚਦੀ ਇਸ ਦਰੀ ਦੀ ਦਾਜ ਨਾਲ ਗੂੜ੍ਹੀ ਸਕੀਰੀ ਤੁਰ ਪਈ। ਦਰੀ ਔਰਤ ਦੇ ਸੁਪਨਿਆਂ ਦੀ ਭੇਤਣ ਸੀ। ਦਰੀ ਉਹਦੀ ਹਾਨਣ ਸੀ ਜਿਸ ਦੇ ਅੱਡੇ ’ਤੇ ਉਹਨੇ ਸੁਹਾਗ ਗਾਉਣੇ ਵੀ ਸਿੱਖੇ ਤੇ ਸਿਆਪਾ ਕਰਨਾ ਵੀ ਸਿੱਖਿਆ। ਦਰੀਆਂ ਦਾ ਅੱਡਾ ਕਾਹਦਾ, ਇਹ ਤਾਂ ਇੱਕ ਤਰ੍ਹਾਂ ਦਾ ਸਿਖਲਾਈ ਸੈਂਟਰ ਹੁੰਦਾ ਜਿਥੇ ਪਹਿਲੀ ਪੀੜ੍ਹੀ ਆਪਣੇ ਸਾਰੇ ਗੁਰ ਅਗਲੀ ਪੀੜ੍ਹੀ ਦੇ ਪੱਲੇ ਪਾ ਜਾਂਦੀ ਅਤੇ ਆਪਣਾ ਦੁਖ-ਸੁਖ ਵੀ ਹੋ ਜਾਂਦਾ।
ਲੁਕਣ-ਛਿਪਾਈ ਵਾਂਗ ਨਮੂਨਿਆਂ ਦੇ ਲੈਣ-ਦੇਣ ਦੀ ਆਪਣੀ ਖੇਡ ਹੁੰਦੀ। ਦਾਜ ਲਈ ਹਰ ਜੁਆਨ ਕੁੜੀ ਖ਼ਾਸ ਨਮੂਨੇ ਬੁਣਨਾ ਚਾਹੁੰਦੀ ਜਿਸ ਨੂੰ ਉਹ ਲੁਕੋ-ਲੁਕੋ ਰੱਖਦੀ, ਫਿਰ ਵੀ ਇਹ ਅੱਗੇ ਤੋਂ ਅੱਗੇ ਤੁਰਦੇ ਰਹਿੰਦੇ। ਹੋਰ ਨਵੇਂ ਨਮੂਨੇ ਲੱਭਣ ਲਈ ਨਵੀਂ ਵਿਆਹੀ ਆਈ ਬਹੂ ਦੀ ਖੱਟ ਦੇਖਣ ਜ਼ਰੂਰ ਜਾਂਦੀਆਂ। ਪਿੰਡਾਂ ਵਿਚ ਗੱਲਾਂ ਛਿੜ ਜਾਂਦੀਆਂ ਬਈ ਆਹ ਨਮੂਨਾ ਪਹਿਲੀ ਵਾਰ ਦੇਖਿਐ। ਦਰੀਆਂ ਜੋੜਾ-ਜੋੜਾ ਬੁਣੀਆਂ ਜਾਂਦੀਆਂ। ਕੋਈ ਕਿਸੇ ਦੇਸ ਪਹੁੰਚ ਜਾਂਦੀ, ਕੋਈ ਕਿਸੇ ਦੇਸ। ਇਸ ਪੁਸਤਕ ਵਿਚ ਸ਼ਾਮਲ ਨੂਰ ਆਰਟ ਵਾਲਾ ਜ਼ੋਰਾਵਰ ਸਿੰਘ ਆਖਦਾ ਹੈ, “ਲੋਕ ਗੀਤਾਂ ਵਾਂਗ ਦਰੀਆਂ ਦੇ ਨਮੂਨੇ ਵੀ ਇੱਕ ਥਾਂ ਤੋਂ ਦੂਜੀ ਥਾਂ ’ਤੇ ਯਾਤਰਾ ਕਰਦੇ ਰਹਿੰਦੇ ਨੇ, ਇਹ ਆਪਣੇ ਆਪ ਵਿਚ ਖੋਜ ਦਾ ਵਿਸ਼ਾ ਹੈ। ਨਮੂਨਾ, ਲੋਕ ਗੀਤ, ਫੈਸ਼ਨ ਕਿਵੇਂ ਪ੍ਰਾਪੇਗੇਟ ਕਰਦੈ, ਔਰਤ ਦੀ ਮਾਨਸਿਕਤਾ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਰਲ਼ਦੀ ਐ, ਇਹ ਦੇਖਣ ਲਈ ਨਵੀਂ ਵਿਆਹੀ ਬਹੂ ਨੂੰ ਤੇ ਉਹਦੇ ਦਾਜ ਨੂੰ ਦੇਖਣ ਜਾਣ ਦਾ ਵਰਤਾਰਾ ਦੇਖੋ। ਬਹੂ ਪੇਕਿਆਂ ਤੋਂ ’ਕੱਲਾ ਦਾਜ ਨ੍ਹੀਂ ਲੈ ਕੇ ਆਉਂਦੀ, ਉਹ ਆਪਣੇ ਪਿੰਡ ਦੇ ਲੋਕ ਗੀਤ, ਇਲਾਕੇ ਦੇ ਮੋਟਿਫ ਤੇ ਵਰਤ-ਵਿਹਾਰ ਵੀ ਨਾਲ ਲੈ ਕੇ ਆਉਂਦੀ ਹੈ।” ਰੰਗਾਂ, ਨਮੂਨਿਆਂ ਅਤੇ ਸਮੱਗਰੀ ਦੇ ਨਵੇਂ-ਨਵੇਂ ਤਜਰਬੇ ਹੁੰਦੇ ਰਹਿੰਦੇ। ਸੂਤ ਦੀ ਥਾਵੇਂ ਟੁੱਟ, ਟਸਰ, ਪਸ਼ਮ, ਕੁੱਕੜੀਆਂ ਦੀ ਰੂੰ, ਸ਼ਨੀਲ ਅਤੇ ਲੀਰਾਂ ਵਰਤ ਕੇ ਵੀ ਦਰੀ ਬੁਣਨ ਦਾ ਯਤਨ ਹੁੰਦਾ ਰਹਿੰਦਾ। ਤਾਣੇ ਵਿਚ ਇਕਹਿਰੇ ਪੇਚੇ ਦੀ ਥਾਵੇਂ ਕਈ ਰੱਛ ਭਰ ਕੇ ਗਲੀਚੇ, ਮਜਨੂੰ, ਦੂਹਰੇ ਤਾਣੇ ਵਾਲੇ ਮਜਨੂੰ ਬੁਣਨ ਦੀ ਤਕਨੀਕ ਵੀ ਵਿਕਸਿਤ ਹੋਈ। ਦਰੀ ਬੁਣਨਾ ਕਿਸੇ ਦਾ ਸ਼ੌਕ ਹੁੰਦਾ, ਕਿਸੇ ਦੀ ਘਰੇਲੂ ਲੋੜ ਅਤੇ ਕਿਸੇ ਦਾ ਰੁਜ਼ਗਾਰ ਵੀ ਹੁੰਦਾ। ਭਾਸ਼ਾ ਪੱਖੋਂ ਦਰੀਆਂ ਦੀ ਸ਼ਬਦਾਵਲੀ, ਪੰਜਾਬੀ ਦੇ ਸ਼ਬਦ ਭੰਡਾਰ ਨੂੰ ਹੋਰ ਸਮੱਗਰ ਕਰਦੀ ਨਜ਼ਰ ਆਉਂਦੀ ਹੈ।
ਇਸ ਪੁਸਤਕ ਦੀ ਇੱਕ ਹੋਰ ਸਰੋਤ ਆਖਦੀ ਹੈ, “ਨਮੂਨੇ ਦੇਖਣੇ ਹਨ ਤਾਂ ਪਿੰਡਾਂ ਵਿਚ ਜਾ ਕੇ ਦੇਖੋ।” ਸੱਚਮੁੱਚ ਨਮੂਨੇ ਦੇਖ ਕੇ ਸਮਝ ਸਕਦੇ ਹਾਂ ਕਿ ਇਨ੍ਹਾਂ ਬੁਣਕਰ ਸੁਆਣੀਆਂ ਦੇ ਦਿਮਾਗਾਂ ਵਿਚ ਕੰਪਿਊਟ ਹੀ ਹੁੰਦਾ ਹੋਵੇਗਾ। ਇਹੀ ਪੇਂਡੂ ਸੁਆਣੀ ਦੀ ਵਿੱਦਿਆ ਸੀ ਜਿਸ ਦੀ ਪਰਖ ਦਾ ਪੈਮਾਨਾ ਉਸ ਦਾ ਸੁਹਜ ਅਤੇ ਵਰਤੋਂ ਵਿਹਾਰ ਸੀ। ਆਪਣੇ ਨਮੂਨੇ ਵਿਉਂਤਣ ਲਈ ਉਨ੍ਹਾਂ ਨੇ ਜ਼ਿੰਦਗੀ ਦੇ ਹਰ ਖੇਤਰ ਵਿਚੋਂ ਮੋਟਿਫ ਵਿਉਂਤੇ ਹਨ। ਦਿਸਦੇ ਵਸਤ-ਵਰਤਾਰਿਆਂ ਤੋਂ ਅੱਗੇ ਇਤਿਹਾਸ-ਮਿਥਿਹਾਸ-ਲੋਕਧਾਰਾ ਦੇ ਪਾਤਰਾਂ ਨੂੰ ਵੀ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਇਹ ਮੋਟਿਫ ਕਿਸੇ ਸਮਾਜ ਦੇ ਤਕਨੀਕੀ ਵਿਕਾਸ ਦੀ ਕਥਾ ਵੀ ਕਹਿੰਦੇ ਦਿਸਦੇ ਹਨ। ਦੀਵੇ ਟਿਊਬਾਂ ਤੱਕ, ਸਾਇਕਲ ਤੋਂ ਹਵਾਈ ਜਹਾਜ਼ ਤਕ ਹਰ ਨਮੂਨਾ ਇੱਕ ਯੁੱਗ ਦੇ ਇਤਿਹਾਸ ਦਾ ਵਰਕਾ ਜਾਪਦਾ ਹੈ। ਇਸ ਪੁਸਤਕ ਵਿਚ ਮੋਟੇ ਤੌਰ ’ਤੇ ਅਜਿਹੇ 15 ਵਰਗਾਂ ਦੀ ਨਿਸ਼ਾਨਦੇਹੀ ਕਰ ਕੇ ਨਮੂਨੇ ਵਿਉਂਤਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਕੁਦਰਤ, ਜੀਵ-ਜੰਤੂ, ਖੇਤੀਬਾੜੀ, ਪਾਣੀ, ਰੋਸ਼ਨੀ, ਇਤਿਹਾਸ-ਮਿਥਿਹਾਸ, ਗੀਤ ਸੰਗੀਤ ਆਦਿ ਸ਼ਾਮਲ ਹਨ। ਰਕਾਨਾਂ ਨਾਲ ਗੱਲਾਂ ਕਰਦਿਆਂ ਅਜਿਹੇ ਨਮੂਨਿਆਂ ਦੀ ਵੀ ਦੱਸ ਪਈ ਜੋ ਮਿਲ ਨਹੀਂ ਸਕੇ ਜਿਵੇਂ ਚਿੜੀਆਘਰ, ਦੁੱਖ ਭੰਜਨੀ ਬੇਰੀ, ਵਾਟਰ ਵਰਕਸ, ਭੰਗੜੇ ਦੀ, ਰੁਬੀਆ ਵੈਲ ਦੀ, ਕਿਸੇ ਗਾਉਣ ਵਾਲੀ ਜੋੜੀ ਦੀ ਆਦਿ। ਅਜਿਹੇ ਹੋਰ ਨਮੂਨੇ ਲੱਭਣ ਦਾ ਯਤਨ ਜਾਰੀ ਰਹੇਗਾ, ਜੇ ਕਿਤੋਂ ਮਿਲ ਗਏ ਤਾਂ ਪੁਸਤਕ ਦੇ ਅਗਲੇ ਐਡੀਸ਼ਨ ਵਿਚ ਸ਼ਾਮਲ ਕਰ ਲਏ ਜਾਣਗੇ। ਦਰੀ ਦੇ ਸੰਦ-ਸਾਧਨ-ਸਮੱਗਰੀ ਅਤੇ ਕਾਰ-ਵਿਹਾਰ ਵਿਚੋਂ ਪੰਜਾਬੀ ਸਮਾਜ ਦੀਆਂ ਜਾਤਾਂ ਦਾ ਸਹਿਚਾਰੀ ਰੂਪ ਵੀ ਦੇਖਣ ਨੂੰ ਮਿਲੇਗਾ ਜਿਥੇ ਪਿੰਡ ’ਚ ਜੁਲਾਹੇ ਤਾਣੀ ਕੱਤ ਦਿੰਦੇ, ਤਰਖਾਣ ਅੱਡਾ ਬਣਾ ਜਾਂਦੇ, ਚੁਗਾਵੀਆਂ ਮੋਟੀ ਕਪਾਹ ਅੱਡ ਚੁਗ ਦਿੰਦੀਆਂ ਅਤੇ ਸੀਰੀ ਕਿੱਕਰਾਂ/ਜੰਡਾਂ ਦਾ ਸੱਕ ਲਿਆ ਦਿੰਦੇ ਰੰਗ ਲਈ। ਔਰਤਾਂ ਵਿੜੀ ਨਾਲ ਦਰੀ ਵੀ ਬਣਵਾ ਦਿੰਦੀਆਂ।
ਦਰੀਆਂ ਦੇ ਜਿਸ ਸ਼ਾਨਦਾਰ ਦ੍ਰਿਸ਼ ਦੀ ਇਥੇ ਅਸੀਂ ਗੱਲ ਕਰ ਰਹੇ ਹਾਂ, ਉਹਦਾ ਕੈਨਵਸ ‘ਵੱਡੇ ਪੰਜਾਬ’ ਦਾ ਹੈ ਅਤੇ ਉਹਦੇ ਨਾਲ ਲਗਦੇ ਕੁਝ ਸਰਹੱਦੀ ਇਲਾਕੇ ਰਾਜਸਥਾਨ ਦਾ ਹੈ ਜਿਸ ਨੂੰ ਮਸ਼ੀਨੀਕਰਨ ਅਤੇ ਮੰਡੀ ਨੇ ਹਾਲੇ ਆਪਣੀ ਗ੍ਰਿਫ਼ਤ ਵਿਚ ਨਹੀਂ ਸੀ ਲਿਆ। ਇੱਕੀਵੀਂ ਸਦੀ ਦੇ ਚੜ੍ਹਨ ਤੱਕ ਇਹ ਦੌਰ ਲਗਭਗ ਸਮਾਪਤ ਹੋ ਜਾਂਦਾ ਹੈ। ਮਾਲਵੇ ਦੇ ਪਿੰਡਾਂ ਵਿਚ ਹਾਲੇ ਵੀ ਕਿਧਰੇ ਦਰੀਆਂ ਬੁਣਦੀਆਂ ਔਰਤਾਂ ਦਿਸ ਪੈਂਦੀਆਂ ਹਨ ਕਿਉਂਕਿ ਹਾਲੇ ਬੈਂਡ ਅਤੇ ਏ.ਸੀ. ਉਨ੍ਹਾਂ ਘਰਾਂ ਵਿਚ ਨਹੀਂ ਆਏ। ਉਂਝ, ਦਾਜ ਵਿਚ ਦਰੀ ਦੇਣ ਦੀ ਪਰੰਪਰਾ ਕਿਤੇ-ਕਿਤੇ ਬਚੀ ਹੋਈ ਹੈ ਜੋ ਬਾਜ਼ਾਰੋਂ ਖਰੀਦ ਲਈ ਜਾਂਦੀ ਹੈ ਅਤੇ ਆਮ ਕਰ ਕੇ ਮਸ਼ੀਨੀ ਹੁੰਦੀ ਹੈ ਜਾਂ ਨਾਨੀਆਂ, ਮਾਸੀਆਂ, ਮਾਮੀਆਂ, ਮਾਵਾਂ ਆਪਣੀਆਂ ਅਣਲੱਗ ਦਰੀਆਂ ਤੋਹਫ਼ੇ ਵਜੋਂ ਦੇ ਦਿੰਦੀਆਂ ਹਨ।
‘ਸਾਡੇ ਸਰੋਤ’ ਇਸ ਪੁਸਤਕ ਦਾ ਦੂਜਾ ਭਾਗ ਹੈ ਜਿਸ ਵਿਚ ਲਗਭਗ ਉਨ੍ਹਾਂ 100 ਰਕਾਨਾਂ ਨਾਲ ਦਰੀ ਦੇ ਸੁਨਹਿਰੀ ਯੁੱਗ ਦਾ ਚੇਤਾ ਚਿਤਾਰਿਆ ਹੈ ਜਿਨ੍ਹਾਂ ਨੇ ਇਹ ਵਿਰਾਸਤ ਸਿਰਜੀ ਹੈ ਜਾਂ ਜਿਨ੍ਹਾਂ ਨੇ ਹਾਲੇ ਵੀ ਇਹ ਸੰਭਾਲ ਰੱਖੀਆਂ ਹਨ। ਦਰੀ ਬਾਰੇ ਗੱਲ ਕਰਦਿਆਂ ਹਰ ਔਰਤ ਕਹਾਣੀ ਕਹਿੰਦੀ ਹੈ, ਰੰਗਾਂ-ਨਮੂਨਿਆਂ ਦੀ, ਰੀਝਾਂ-ਵਲਵਲਿਆਂ ਦੀ, ਦੁੱਖਾਂ-ਦਰਦਾਂ ਦੀ, ਯਾਦਾਂ-ਹੇਰਵਿਆਂ ਦੀ। ਹਰ ਕਹਾਣੀ ਤੁਹਾਨੂੰ, ਦਰੀ ਦੀ ਕਹਾਣੀ ਦੀ ਤੰਦ ਬੁਣਦੀ ਦਿਸੇਗੀ। ਬਹੁਤ ਸਰਲ ਦਿਸਦੀ ਦਰੀ ਦੀ ਇਹ ਕਹਾਣੀ ਔਰਤ ਦੇ ਸੁਹਜ, ਸੁਪਨਿਆਂ, ਹੇਰਵਿਆਂ ਅਤੇ ਸੰਘਰਸ਼ ਦੀ ਕਥਾ ਬਣ ਜਾਂਦੀ ਹੈ। ਉਮੀਦ ਹੈ, ਤੁਸੀਂ ਇਨ੍ਹਾਂ ਛੋਟੀਆਂ-ਛੋਟੀਆਂ ਪਰ ਵੱਡੀਆਂ ਕਹਾਣੀਆਂ ਨੂੰ ਆਪਣੇ ਵਿਚਦੀ ਲੰਘਦਿਆਂ ਮਹਿਸੂਸ ਕਰ ਸਕੋਗੇ। ਕੁਝ ਅਜਿਹੇ ਬੰਦੇ ਵੀ ਮਿਲੇ ਜੋ ਦਰੀਆਂ ਬੁਣਦੇ ਰਹੇ ਜਾਂ ਸਹਾਇਕ ਵਜੋਂ ਹਾਜ਼ਰ ਰਹੇ। ਬਿਸ਼ਨੰਦੀ ਵਾਲੇ ਕਰਨੈਲ ਸਿੰਘ ਜੋ ਆਪਣੀ ਨਕਸ਼ੇ ਵਾਲੀ ਦਰੀ ਬੁਣ ਕੇ ਮੇਲਿਆਂ ਵਿਚ ਨਾਮਣਾ ਖੱਟਦੇ ਰਹੇ, 2019 ਵਿਚ ਚੱਲ ਵੱਸੇ। ਉਨ੍ਹਾਂ ਦੀ ਕਹਾਣੀ, ਉਨ੍ਹਾਂ ਦੀਆਂ ਭੈਣਾਂ-ਭਤੀਜੀਆਂ ਦੀ ਜ਼ਬਾਨੀ ਇਸ ਪੁਸਤਕ ਵਿਚ ਸ਼ਾਮਲ ਹੋਈ ਹੈ। ਜ਼ੋਰਾਵਰ ਜੋ ਕੁੜੀਆਂ ਦੇ ਗਿੱਧੇ ਦੇ ਖੇਤਰ ਵਿਚ ਨਾਮਣਾ ਖੱਟ ਰਿਹਾ ਹੈ, ਉਹ ਆਪਣੇ ਅੰਦਰ ਬੈਠੀ ਔਰਤ ਨੂੰ ਸਮਝਦਾ ਹੈ ਜਿਸ ਸਦਕਾ ਉਹ ਆਪ-ਮੁਹਾਰੇ ਦਰੀਆਂ ਬੁਣਨ ਵੱਲ ਖਿੱਚਿਆ ਜਾਂਦਾ ਸੀ ਅਤੇ ਆਪਣੀ ਗੱਲ ਰੱਖਦਿਆਂ ਉਹ ਸਮਾਜ ਦੇ ਲਿੰਗ ਆਧਾਰਿਤ ਚੌਖਟਿਆਂ ਨੂੰ ਨਕਾਰਦਾ ਵੀ ਹੈ। ਦਰੀਆਂ ਦੇ ਉਸ ਸੁਨਹਿਰੇ ਦੌਰ ਦੀਆਂ (ਲਗਭਗ ਆਖ਼ਰੀ ਪੀੜ੍ਹੀ ਦੀਆਂ) ਅਜਿਹੀਆਂ ਗਵਾਹ ਔਰਤਾਂ ਅਜੇ ਵੀ ਸਾਡੇ ਕੋਲ ਹਨ ਜਿਨ੍ਹਾਂ ਨੇ ਇਹ ਦਰੀਆਂ ਬੁਣੀਆਂ ਹਨ, ਉਹ ਉਸ ਸੁਨਹਿਰੇ ਯੁੱਗ ਨੂੰ ਯਾਦ ਕਰ ਕੇ ਅਜੇ ਵੀ ਅੱਖਾਂ ਭਰ ਲੈਂਦੀਆਂ ਹਨ। ਕੁਝ ਔਰਤਾਂ ਅਜਿਹੀਆਂ ਵੀ ਸਨ ਜੋ ਉਜਾੜੇ ਵੇਲ਼ੇ ਉਹ ਦਰੀ ਸਿਰ ’ਤੇ ਧਰ ਲਿਆਈਆਂ ਜੋ ਉਨ੍ਹਾਂ ਨੇ ਉਸੇ ਆਥਣ ਉਤਾਰੀ ਸੀ। ਵੰਡ ਮਗਰੋਂ ਮਜੀਦਣ ਬੇਗਮ ਆਪਣੇ ਪੇਕੇ ਪਾਕਿਸਤਾਨ ਜਾਂਦੀ ਹੈ ਤਾਂ ਸੁਹਣੇ-ਸੁਹਣੇ ਨਮੂਨਿਆਂ ਵਾਲੀਆਂ ਦਰੀਆਂ ਤੋਹਫੇ ਵਿਚ ਦੇ ਕੇ ਆਉਂਦੀ ਹੈ। ਕਈਆਂ ਨੂੰ ਦਰੀਆਂ ਵਿਚੋਂ ਮਾਂ ਦੀ ਖ਼ੁਸ਼ਬੂ ਆਉਂਦੀ ਹੈ। ਕਈਆਂ ਨੇ ਨਾਨੀ ਦੀ ਮਾਂ ਦੀ ਦਰੀ ਵੀ ਸੰਭਾਲ ਰੱਖੀ ਹੈ। ਕਈਆਂ ਦੀਆਂ ਦਰੀਆਂ ਵਿਦੇਸ਼ ਬੈਠੇ ਬੱਚਿਆਂ ਦੇ ਘਰਾਂ ਦਾ ਸ਼ਿੰਗਾਰ ਨੇ। ਕਈਆਂ ਨੇ ਸ਼ਰਧਾ ਵੱਸ ਗੁਰੂ ਘਰ ਨੂੰ ਦੇ ਦਿੱਤੀਆਂ ਨੇ। ਕੋਈ ਹਾਲੇ ਵੀ ਦਰੀਆਂ ਨੂੰ ਖੇਸਾਂ ਦੀ ਤਹਿ ਵਿਚ ਲੁਕੋ ਕੇ ਰਖਦੀ ਹੈ, ਹਰ ਸਾਲ ਧੁੱਪ ਲੁਆਉਂਦੀ ਹੈ ਤਾਂ ਕਿ ਵਡਾਰੂਆਂ ਦੀ ਇਹ ਵਿਰਾਸਤ ਗੁਆਚ ਨਾ ਜਾਏ ਅਤੇ ਕਦਰਦਾਨ ਹੱਥਾਂ ਵਿਚ ਪਹੁੰਚ ਸਕੇ। ਪੁਸਤਕ ਦਾ ਤੀਜਾ ਭਾਗ ਵਿਹਾਰਕ ਸਮੀਖਿਆ ਦਾ ਹੈ ਇਸ ਵਿਚ ਦਰੀ ਨੂੰ ਸਭਿਆਚਾਰਕ ਟੈਕਸਟ ਵਜੋਂ ਵਿਚਾਰਦਿਆਂ ਪੰਜਾਬੀ ਰਹਿਤਲ ਵਿਚ ਇਸ ਨਾਲ ਜੁੜੇ ਕਾਰ-ਵਿਹਾਰ ਅਤੇ ਔਰਤ ਦੇ ਸੁਹਜ ਅਤੇ ਸੰਘਰਸ਼ ਦਾ ਪਾਠ ਤਿਆਰ ਕੀਤਾ ਗਿਆ ਹੈ।
ਇਉਂ ਇਸ ਪੁਸਤਕ ਰਾਹੀਂ ਪੰਜਾਬ ਦੀ ਸੁਹੱਨਰੀ ਤੇ ਰਕਾਨ ਔਰਤ ਦੀ ਦਰੀਆਂ ਵਾਲੀ ਪੇਟੀ ਫਰੋਲਣ ਦਾ ਯਥਾ ਸੰਭਵ ਯਤਨ ਕੀਤਾ ਗਿਆ ਹੈ। ਪੰਜਾਬੀ ਸਭਿਆਚਾਰ ਵਿਚ ਇਹ ਦਰੀ ਰੋਜ਼ਾਨਾ ਵਰਤੋਂ ਦੀ ਇੱਕ ਵਸਤ ਹੀ ਨਹੀਂ ਰਹੀ ਬਲਕਿ ਆਪਣੇ ਆਪ ਵਿਚ ਅਜਿਹੀ ਸਭਿਆਚਾਰਕ ਟੈਕਸਟ ਵੀ ਹੈ ਜੋ ਇੱਕ ਯੁੱਗ ਦੀ ਅਮੀਰ ਸਮਾਜਿਕ, ਆਰਥਿਕ ਅਤੇ ਮਨੋਵਿਗਿਆਨਿਕ ਸਰੋਕਾਰਾਂ ਦੀ ਬਾਤ ਪਾਉਂਦੀ ਹੈ। ਇਹ ਕਾਰਜ ਦਰੀਆਂ ਦੀ ਇਸ ਸ਼ਾਨਦਾਰ ਵਿਰਾਸਤ, ਪਰੰਪਰਾ ਅਤੇ ਔਰਤ ਦੇ ਸੁਹਜ ਸੰਘਰਸ਼ ਨੂੰ ਸਲਾਮ ਕਰਨ ਦਾ ਨਿੱਕਾ ਜਿਹਾ ਯਤਨ ਹੈ ਜਿਸ ਵਿਚ ਦਰੀ, ਔਰਤ ਦਾ ਹੀ ਪ੍ਰਤੀਕ ਬਣ ਗਈ ਹੈ।