ਜੇ ਸ਼੍ਰੋਮਣੀ ਅਕਾਲੀ ਦਲ ਆਪਣਾ ਪ੍ਰੋਗਰਾਮ ਸਮਾਜਵਾਦਕ ਬਣਾ ਲਵੇ?

ਹੀਰਾ ਸਿੰਘ ਦਰਦ
ਉਘੇ ਲਿਖਾਰੀ ਹੀਰਾ ਸਿੰਘ ਦਰਦ (12 ਫਰਵਰੀ 1887-22 ਜੂਨ 1965) ਦਾ ਇਹ ਲੇਖ ‘ਜੇ ਸ਼੍ਰੋਮਣੀ ਅਕਾਲੀ ਦਲ ਆਪਣਾ ਪਰੋਗਰਾਮ ਸਮਾਜਵਾਦਕ ਬਣਾ ਲਵੇ?’ ਉਨ੍ਹਾਂ ਦੀ ਕਿਤਾਬ ‘ਪੰਥ ਧਰਮ ਤੇ ਰਾਜਨੀਤੀ’ ਵਿਚੋਂ ਲਿਆ ਗਿਆ ਹੈ। ਇਹ ਕਿਤਾਬ 1949 ਵਿਚ ਛਪੀ ਸੀ। ਇਸ ਵਿਚ ਦਰਜ ਵਿਚਾਰ ਅੱਜ ਵੀ ਓਨੇ ਹੀ ਸਾਰਥਕ ਹਨ। ਐਨੇ ਦਹਾਕਿਆਂ ਦੀ ਸਿਆਸਤ ਨੂੰ ਸਮਝਣ-ਸਮਝਾਉਣ ਦੇ ਨੁਕਤੇ ਤੋਂ ਇਹ ਲੇਖ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਸਿੱਖ ਧਰਮ ਨਾਲ ਪਿਆਰ ਕਰਨ ਵਾਲੇ ਅਤੇ ਕੁਝ ਅਗਾਂਹਵਧੂ ਅਕਾਲੀਆਂ ਦਾ ਖਿਆਲ ਹੈ ਕਿ ਸ਼ਰੋਮਣੀ ਅਕਾਲੀ ਦਲ ਹੁਣ ਆਪਣਾ ਆਦਰਸ਼ ਸਮਾਜਵਾਦ ਬਣਾ ਲਵੇ ਅਤੇ ਸਿੱਖ ਕਿਰਤੀ ਕਿਸਾਨਾਂ ਨੂੰ ਜਥੇਬੰਦ ਕਰੇ ਤੇ ਅਗਾਂਹਵਧੂ ਜੱਥੇਬੰਦੀਆਂ ਨਾਲ ਮੋਢਾ ਜੋੜ ਲਵੇ। ਉਹ ਇਹ ਵੀ ਸੋਚਦੇ ਹਨ ਕਿ ਸ਼ਰੋਮਣੀ ਅਕਾਲੀ ਦਲ ਧਾਰਮਿਕ ਜੱਥਾ ਹੈ, ਜੇ ਇਹ ਸਮਾਜਵਾਦ ਪ੍ਰੋਗਰਾਮ ਲੈ ਕੇ ਮੈਦਾਨ ਵਿਚ ਨਿਤਰੇ ਤਾਂ ਸਰਬੱਤ ਦਾ ਭਲਾ ਹੋਵੇਗਾ।
ਧਰਮ ਨਾਲ ਪਿਆਰ ਕਰਨ ਤੋਂ ਅਸੀਂ ਕਿਸੇ ਨੂੰ ਨਹੀਂ ਰੋਕਦੇ ਅਤੇ ਜਿਹੜਾ ਧਰਮ ਜਾਂ ਮਜ਼ਹਬ ਨੂੰ ਨਹੀਂ ਮੰਨਦਾ, ਉਸ ਉਪਰ ਕਿਸੇ ਮਜ਼ਹਬੀ ਜੱਥੇਬੰਦੀ ਦਾ ਜ਼ੁਲਮ ਵੀ ਨਹੀਂ ਹੋਣ ਦਿੰਦੇ। ਉਸ ਨੂੰ ਵੀ ਖੁੱਲ੍ਹ ਦਿੰਦੇ ਹਾਂ। ਸਮਾਜਵਾਦਕ ਨਿਜ਼ਾਮ ਵਿਚ ਹਰ ਇਕ ਆਦਮੀ ਨੂੰ ਆਪਣੇ ਨਿਸਚੇ ਮੁਤਾਬਕ ਧਰਮ ਉੱਤੇ ਚੱਲਣ ਅਤੇ ਪੂਜਾ ਪਾਠ ਕਰਨ ਦੀ ਜਿਤਨੀ ਖੁੱਲ੍ਹ ਹੁੰਦੀ ਹੈ, ਇਤਨੀ ਜਗੀਰਦਾਰੀ ਜਾਂ ਬੁਰਜ਼ਵਾ ਰਾਜਾਂ ਵਿਚ ਉੱਕੀ ਨਹੀਂ ਹੁੰਦੀ। ਸਮਾਜਵਾਦਕ ਨਿਜ਼ਾਮ ਵਿਚ ਧਾਰਮਕ ਨਿਸਚੇ ਦੇ ਕਾਰਨ ਕਿਸੇ ਉਪਰ ਧੱਕਾ ਨਹੀਂ ਹੁੰਦਾ, ਇਸ ਦੇ ਸਬੂਤ ਵਿਚ ਮੈਂ ਇੰਗਲੈਂਡ ਦੇ ਪ੍ਰਸਿੱਧ ਪਾਦਰੀ ਡਾ. ਹੈਵਟ ਜੌਨਸਨ, ਡੀਨ ਆਫ ਕੈਂਟਰਬਰੀ ਦੀ ਗਵਾਹੀ ਪੇਸ਼ ਕਰਦਾ ਹਾਂ ਜੋ ਪ੍ਰਸਿੱਧ ਮਜ਼ਹਬੀ ਆਗੂ ਹੈ ਤੇ ਉਹ ਆਪ ਕਈ ਵਾਰ ਰੂਸ ਵਿਚ ਗਿਆ ਤੇ ਸਾਰੇ ਹਾਲ ਅੱਖੀਂ ਵੇਖ ਕੇ ਮਜ਼ਮੂਨ ਤੇ ਕਿਤਾਬਾਂ ਲਿਖੀਆਂ। ਉਸ ਨੇ ਲਿਖਿਆ ਹੈ ਕਿ ਸੋਵੀਅਤ ਰੂਸ ਵਿਚ ਪਹਿਲੀ ਵਾਰ ਮਨੁੱਖਤਾ ਤੇ ਈਸਾਈਅਤ ਨੂੰ ਸੁਤੰਤਰਤਾ ਨਾਲ ਵਧਣ-ਫੁੱਲਣ ਦਾ ਮੌਕਾ ਮਿਲਿਆ ਹੈ। ਸਰਮਾਏਦਾਰੀ ਮੁਲਕਾਂ ਵਿਚ ਤਾਂ ਮਨੁੱਖਤਾ ਤੇ ਈਸਾਈਅਤ ਦੀ ਮਿੱਟੀ ਪਲੀਤ ਹੋ ਰਹੀ ਹੈ। ਟੈਗੋਰ ਜੀ, ਹਿੰਦ ਦੇ ਪ੍ਰਸਿੱਧ ਸਾਹਿਤਕਾਰ ਤੇ ਮਜ਼ਹਬੀ ਫਿਲਾਸਫਰ ਵੀ ਰੂਸ ਗਏ ਸਨ ਤੇ ਉਨ੍ਹਾਂ ਵੀ ਕਿਹਾ ਸੀ- ਮੇਰੇ ਜੀਵਨ ਦੇ ਸੁਪਨੇ ਰੂਸ ਵਿਚ ਸਾਕਾਰ ਹੋ ਰਹੇ ਹਨ।
ਪਾਲਿਟਿਕਸ/ਰਾਜਨੀਤੀ ਕੀ ਹੈ? ਪੁਲੀਟੀਕਲ/ਰਾਜਸੀ ਤਾਕਤ ਕਦੋਂ ਪੈਦਾ ਹੁੰਦੀ ਹੈ ਤੇ ਕਾਹਦੇ ਲਈ ਵਰਤੀ ਜਾਂਦੀ ਹੈ? ਜਿਸ ਧਰਮ ਤੋਂ ਪੈਦਾ ਹੋਏ ਨਿਆਇਕਾਰੀ ਤੇ ਸਰਬੱਤ ਦੇ ਭਲੇ ਵਾਲੇ ਪਾਲਿਟਿਕਸ/ਰਾਜਨੀਤੀ ਦੀ ਤੁਸੀਂ ਜਾਂ ਮਾਸਟਰ ਤਾਰਾ ਸਿੰਘ ਹੁਰੀਂ ਕਲਪਨਾ ਕਰਦੇ ਹੋ, ਸਮਾਜਿਕ ਇਤਿਹਾਸ ਵਿਚ ਉਸ ਦੀ ਕੋਈ ਹੋਂਦ ਨਹੀਂ। ਅਜਿਹੀ ਪਾਲਿਟਿਕਸ/ਰਾਜਨੀਤੀ ਨਾ ਕਦੀ ਪਹਿਲੇ ਸੀ, ਨਾ ਹੁਣ ਹੈ ਤੇ ਨਾ ਹੋਵੇਗੀ। ਮੈਂ ਫਿਰ ਖੋਲ੍ਹ ਕੇ ਦੱਸਦਾ ਹਾਂ।
ਰਾਜਸੀ/ਪੁਲੀਟੀਕਲ ਤਾਕਤ ਦਾ ਅਰਥ ਹੈ ਰਾਜ ਸੱਤਾ, ਹਕੂਮਤ ਦੀ ਤਾਕਤ- ਸਟੇਟ ਪਾਵਰ। ਇਹ ਰਾਜ ਸੱਤਾ ਅਸਮਾਨੋਂ ਨਹੀਂ ਉਤਰਦੀ। ਇਹ ਅਨਾਦੀ ਅਨੰਤ ਨਹੀਂ ਹੈ ਤੇ ਨਾ ਕਿਸੇ ਧਰਮ ਦੀ ਸ਼ਰਧਾ ਵਿਚੋਂ ਉਪਜਦੀ ਹੈ। ਇਹ ਤਾਂ ਸਮਾਜ ਦੀ ਖਾਸ ਅਵਸਥਾ ਵਿਚ ਪੈਦਾ ਹੁੰਦੀ ਹੈ, ਖਾਸ ਸਮੇਂ ਤੱਕ ਰਹਿੰਦੀ ਹੈ ਤੇ ਫਿਰ ਖਾਸ ਅਵਸਥਾ ਵਿਚ ਖ਼ਤਮ ਹੋ ਜਾਂਦੀ ਹੈ।
ਸਾਇੰਸੀ ਸਮਾਜਵਾਦ ਦੇ ਪ੍ਰਸਿੱਧ ਨੇਤਾ ਕਾਮਰੇਡ ਲੈਨਿਨ ਨੇ ਰਾਜ ਸੱਤਾ ਬਾਰੇ ਲਿਖਿਆ ਹੈ:
“ਠਹੲ Sਟਅਟੲ ਸਿ ਟਹੲ ਪਰੋਦੁਚਟ ਅਨਦ ਮਅਨiਾੲਸਟਅਟiੋਨ ੋਾ ਰਿਰੲਚੋਨਚਲਿਅਬਲਿਲਟਿੇ ੋਾ ਚਲਅਸਸ ਅਨਟਅਗੋਨਸਿਮ।” (Lੲਨਨਿ)
ਇਸ ਦਾ ਮਤਲਬ ਇਹ ਹੈ ਕਿ ਜਦੋਂ ਸਮਾਜ ਵਿਚ ਦੋ ਜਮਾਤਾਂ ਬਣ ਜਾਂਦੀਆਂ ਹਨ, ਉਨ੍ਹਾਂ ਦੀ ਆਪੋ ਵਿਚ ਅਮਿਟ ਟੱਕਰ ਸ਼ੁਰੂ ਹੋ ਜਾਂਦੀ ਹੈ। ਉਸ ਵੇਲੇ ਜਮਾਤਾਂ ਦੀ ਇਸ ਟੱਕਰ ਅਤੇ ਵਿਰੋਧ ਵਿਚੋਂ ਰਾਜ ਸੱਤਾ (ਸਟੇਟ) ਉਤਪੰਨ ਹੁੰਦੀ ਹੈ ਤੇ ਉਸ ਦਾ ਆਸ਼ਾ ਹੁੰਦਾ ਹੈ- ਇਕ ਜਮਾਤ ਹੱਥੋਂ ਦੂਜੀ ਨੂੰ ਦਬਾ ਕੇ ਰੱਖਣਾ, ਗੁਲਾਮ ਬਣਾਉਣਾ ਤੇ ਉਸ ਉਪਰ ਮਨ ਆਏ ਧੱਕੇ ਕਰਨੇ। ਇਹ ਰਾਜ ਸੱਤਾ ਵੱਖ-ਵੱਖ ਸਮੇਂ ਵੱਖ-ਵੱਖ ਤਰ੍ਹਾਂ ਦੀਆਂ ਹਕੂਮਤੀ ਸ਼ਕਲਾਂ ਧਾਰਦੀ ਹੈ। ਜਦੋਂ ਇਹ ਰਾਜ ਸੱਤਾ ਜਗੀਰਦਾਰਾਂ ਤੇ ਬੁਰਜਵਾਜ਼ੀ ਦੇ ਹੱਥ ਵਿਚ ਹੁੰਦੀ ਹੈ ਤਾਂ ਉਹ ਫੌਜ, ਪੁਲਿਸ, ਅਦਾਲਤਾਂ, ਜੇਲ੍ਹਾਂ ਅਤੇ ਕਈ ਤਰ੍ਹਾਂ ਦੇ ਆਰਥਿਕ, ਧਾਰਮਿਕ ਤੇ ਸਭਿਆਚਾਰਕ ਹਥਿਆਰਾਂ ਨਾਲ ਮਿਹਨਤੀ ਜਨਤਾ ਨੂੰ ਗੁਲਾਮ ਰੱਖਦੇ, ਇਸ ਉੱਤੇ ਧੱਕੇ ਦਾ ਰਾਜ ਕਰਦੇ, ਅਨਿਆਇ ਕਰਦੇ ਤੇ ਇਸ ਦੀ ਲਹੂ-ਪਸੀਨੇ ਦੀ ਕਮਾਈ ਲੁੱਟ ਕੇ ਮੌਜਾਂ ਮਾਣਦੇ ਤੇ ਉਸ ਨੂੰ ਭੁੱਖਾ ਮਾਰਦੇ ਰਹਿੰਦੇ ਹਨ ਪਰ ਜਦੋਂ ਇਹ ਰਾਜ ਸੱਤਾ (ਸਟੇਟ) ਕਿਰਤੀ-ਕਿਸਾਨਾਂ ਦੇ ਹੱਥ ਵਿਚ ਆ ਜਾਂਦੀ ਹੈ ਤਾਂ ਪ੍ਰੋਲੇਤਾਰੀ ਦੀ ਲੋਕਰਾਜਕ ਡਿਕਟੇਟਰਸ਼ਿਪ ਅਸਥਾਪਨ ਹੋ ਜਾਂਦੀ ਹੈ, ਉਹ ਸਰਮਾਏਦਾਰੀ ਤੇ ਜਗੀਰਦਾਰੀ ਨੂੰ ਖ਼ਤਮ ਕਰਦੇ ਹਨ, ਸਮਾਜਵਾਦਕ ਨਿਜ਼ਾਮ ਕਾਇਮ ਕਰ ਕੇ ਬਿਨਾਂ ਲਿਹਾਜ਼ ਜਗੀਰਦਾਰ ਤੇ ਬੁਰਜ਼ਵਾ ਸ਼ਰੇਣੀ ਨੂੰ ਹੀ ਮਿਟਾ ਦਿੰਦੇ ਹਨ। ਫਿਰ ਸ਼ਰੇਣੀ ਰਹਿਤ ਸਮਾਜ ਦੀ ਉਸਾਰੀ ਸ਼ੁਰੂ ਹੁੰਦੀ ਹੈ। ਅਖੀਰ ਸ਼ਰੇਣੀ ਰਹਿਤ ਸਮਾਜ ਦੀ ਪੂਰਨਤਾ ਹੋ ਕੇ ਰਾਜ ਸੱਤਾ ਸਹਿਜ ਸੁਭਾ ਹੀ ਮੁਰਝਾ ਜਾਂਦੀ ਤੇ ਖ਼ਤਮ ਹੋ ਜਾਂਦੀ ਹੈ ਕਿਉਂਕਿ ਇਹ ਕੇਵਲ ਦੋ ਜਮਾਤਾਂ ਦੇ ਸਮੇਂ ਵਿਚ ਸੀ ਜਦ ਦੋ ਜਮਾਤਾਂ ਨਹੀਂ ਸਨ, ਉਦੋਂ ਰਾਜ ਸੱਤਾ ਨਹੀਂ ਸੀ। ਨਾ ਕੋਈ ਰਾਜ ਸੀ ਨਾ ਪਰਜਾ। ਹੁਣ ਵੀ ਜਦੋਂ ਜਮਾਤਾਂ ਨਾ ਰਹੀਆਂ, ਜਮਾਤੀ ਵਿਰੋਧ ਖ਼ਤਮ ਹੋ ਗਿਆ ਤਾਂ ਫਿਰ ਰਾਜ ਸੱਤਾ ਜਾਂ ਸਟੇਟ ਦੀ ਲੋੜ ਵੀ ਮੁੱਕ ਗਈ ਸਮਝੋ। ਇਥੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਗੀਰਦਾਰੀ ਤੇ ਸਰਮਾਏਦਾਰੀ ਰਾਜ ਵੀ ਜਮਾਤੀ ਡਿਕਟੇਟਰਸ਼ਿਪ ਹੀ ਹੁੰਦੀ ਹੈ। ਇਹ ਮਜ਼ਦੂਰਾਂ ਕਿਸਾਨਾਂ ਉਪਰ ਧੱਕੇ ਤੇ ਜ਼ੁਲਮ ਕਰ ਕੇ ਇਸ ਦੀ ਮਿਹਨਤ ਨੂੰ ਲੁੱਟਦੇ ਹਨ ਪਰ ਮਿਹਨਤੀ-ਜਮਾਤ ਨੂੰ ਖ਼ਤਮ ਨਹੀਂ ਕਰਦੇ ਕਿਉਂਕਿ ਇਸ ਤੋਂ ਬਗੈਰ ਇਨ੍ਹਾਂ ਦਾ ਕੰਮ ਨਹੀਂ ਚਲਦਾ। ਇਹ ਆਪ ਵਿਹਲੜ ਰਹਿ ਕੇ ਮਿਹਨਤੀ ਸ਼ਰੇਣੀ ਤੋਂ ਕੰਮ ਕਰਵਾਉਂਦੇ ਹਨ। ਇਸ ਨੂੰ ਲੁੱਟਦੇ ਹਨ ਪਰ ਖ਼ਤਮ ਨਹੀਂ ਕਰਦੇ। ਮਜ਼ਦੂਰ ਜਮਾਤ ਦੇ ਰਾਜ ਸਮੇਂ ਇਸ ਦੀ ਡਿਕਟੇਟਰਸ਼ਿਪ ਜਗੀਰਦਾਰੀ ਤੇ ਸਰਮਾਏਦਾਰੀ ਦੇ ਨਾਲ ਹੀ ਇਸ ਵਿਹਲੜ ਜਮਾਤ ਨੂੰ ਹੀ ਖ਼ਤਮ ਕਰ ਦਿੰਦੀ ਹੈ ਕਿਉਂਕਿ ਇਸ ਵਿਹਲੜ ਲੁਟੇਰੀ ਜਮਾਤ ਤੋਂ ਬਗੈਰ ਸਗੋਂ ਸਮਾਜ ਦਾ ਕੰਮ ਚੰਗਾ ਚੱਲਦਾ ਹੈ। ਸੋ ਰਾਜ ਸੱਤਾ ਉੱਕੀ ਕੋਈ ਧਾਰਮਿਕ ਜਾਂ ਰੂਹਾਨੀ ਭਾਵਨਾ ਨਹੀਂ ਹੁੰਦੀ। ਇਹ ਜਮਾਤੀ ਵਿਰੋਧ ਤੇ ਦੁਸ਼ਮਣੀ ਵਿਚੋਂ ਪੈਦਾ ਹੋਇਆ ਧੱਕੇ ਅਤੇ ਜਬਰ ਕਰਨ ਦਾ ਹਥਿਆਰ ਹੈ। ਇਹ ਜਮਾਤੀ ਹਕੂਮਤ ਦਾ ਸ਼ਸਤਰ ਹੈ। ਸੰਸਾਰ ਪ੍ਰਸਿੱਧ ਆਰਥਿਕ ਵੇਤਾ ਕਾਰਲ ਮਾਰਕਸ ਇਸ ਬਾਰੇ ਸਾਫ ਇਸ ਤਰ੍ਹਾਂ ਲਿਖਦਾ ਹੈ:
“ਠਹੲ Sਟਅਟੲ ਸਿ ਅਨ ੋਰਗਅਨ ੋਾ ਚਲਅਸਸ ੋਾ ਰੁਲੲ, ਅਨ ੋਰਗਅਨ ੋਾ ੋਪਪਰੲਸਸiੋਨ ੋਾ ੋਨੲ ਚਲਅਸਸ ਬੇ ਅਨੋਟਹੲਰ, ਟਿ ਚਰੲਅਟੲਸ ‘ੋਰਦੲਰ’ ੱਹਚਿਹ ਲੲਗਅਲਸਿੲਸ ਅਨਦ ਪੲਰਪੲਟੁਅਟੲਸ ਟਹਸਿ ੋਪਪਰੲਸਸiੋਨ ਬੇ ਮੋਦੲਰਅਟਨਿਗ ਟਹੲ ਚੋਲਲਸਿiੋਨ ਬੲਟੱੲੲਨ ਚਲਅਸਸੲਸ।”
ਕਾਰਲ ਮਾਰਕਸ ਦੇ ਇਹ ਇਤਿਹਾਸਕ ਤੇ ਸਾਇੰਸੀ ਸੱਚਾਈ ਦੇ ਬਚਨ ਹਨ ਅਤੇ ਰਾਜ ਸੱਤਾ ਦੇ ਅਸਲੇ ਨੂੰ ਬਿਲਕੁਲ ਸਾਫ ਨੰਗਾ ਕਰ ਕੇ ਦੱਸਦੇ ਹਨ। ਕੋਈ ਪਰਦਾ ਨਹੀਂ ਰੱਖਦੇ, ਇਨ੍ਹਾਂ ਦਾ ਭਾਵ ਇਹ ਹੈ:
ਰਾਜ ਸੱਤਾ (ਹਕੂਮਤ) ਜਮਾਤੀ ਰਾਜ ਦਾ ਆਰਗਨ (ਸ਼ਸਤਰ) ਹੈ। ਇਹ ਇਕ ਜਮਾਤ ਦੇ ਹੱਥੋਂ ਦੂਜੀ ਉੱਤੇ ਧੱਕਾ ਕਰਨ ਦਾ ਸਾਧਨ ਹੈ। ਇਹ ਨਾਂ ਧਰੀਕ ‘ਅਮਨ` ਕਾਇਮ ਕਰਦਾ ਹੈ ਜੋ ਅਸਲੋਂ ਦੋਹਾਂ ਜਮਾਤਾਂ ਵਿਚਕਾਰ ਟੱਕਰ ਨੂੰ ਨਰਮ ਕਰ ਕੇ ਇਸ ਧੱਕੇ ਤੇ ਜ਼ੁਲਮ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਕਰਾਰ ਦੇ ਦਿੰਦਾ ਹੈ ਅਤੇ ਇਸ ਨੂੰ ਪੱਕਿਆਂ ਕਰਦਾ ਹੈ। ਮਿਸਾਲ ਲਈ ਮੰਨੂ ਸਿਮਰਤੀ ਅਤੇ ਮਜ਼ਹਬਾਂ ਦੀਆਂ ਪੁਰਾਣੀਆਂ ਪੁਸਤਕਾਂ ਨੂੰ ਪੜ੍ਹੋ ਅਤੇ ਅਛੂਤਾਂ, ਤੀਵੀਆਂ ਬਾਰੇ ਤੇ ਗੁਲਾਮਾਂ, ਕਿਸਾਨਾਂ ਤੇ ਮਜ਼ਦੂਰਾਂ ਦੀ ਮਿਹਨਤ ਲੁੱਟਣ ਵਾਲੇ ਜ਼ੁਲਮੀ ਕਾਨੂੰਨਾਂ ਨੂੰ ਪੜ੍ਹੋ।
ਸੋ, ਇਹ ਹੈ ਰਾਜ ਸੱਤਾ ਜਾਂ ਪੁਲੀਟੀਕਲ ਤਾਕਤ ਦੀ ਅਸਲੀਅਤ। ਇਹ ਨਾ ਧਰਮ ਦੀ ਸ਼ਰਧਾ ਵਿਚੋਂ ਪੈਦਾ ਹੁੰਦਾ ਹੈ ਤੇ ਨਾ ਹੀ ਇਹ ਸਰਬੱਤ ਦੇ ਭਲੇ ਲਈ ਵਰਤੀ ਜਾਂਦੀ ਹੈ। ਇਹ ਤਾਂ ਇਕੋ ਜਮਾਤ ਦੇ ਭਲੇ ਲਈ ਵਰਤੀ ਜਾਂਦੀ ਹੈ। ਇਹ ਰਾਜ ਸੱਤਾ ਜਿਸ ਜਮਾਤ ਦੇ ਹੱਥ ਵਿਚ ਆਵੇਗੀ, ਉਹ ਜ਼ਰੂਰੀ ਤੌਰ ’ਤੇ ਇਸ ਨੂੰ ਦੂਜੀ ਜਮਾਤ ਉਪਰ ਜਬਰ ਤੇ ਧੱਕੇ ਲਈ ਵਰਤੇਗੀ। ਜਗੀਰਦਾਰ ਤੇ ਬੁਰਜ਼ਵਾ ਜਮਾਤਾਂ ਦੇ ਆਗੂ ਮਜ਼ਹਬ, ਧਰਮ ਤੇ ਕੌਮ ਦੇ ਨਾਂ ਉੱਤੇ ਇਸ ਤਾਕਤ ਨੂੰ ਆਪਣੇ ਹੱਥ ਵਿਚ ਲੈਂਦੇ ਹਨ ਅਤੇ ਦਾਅਵਾ ਇਹ ਕਰਦੇ ਹਨ ਕਿ ਅਸੀਂ ਸਾਰੀ ਕੌਮ ਦਾ ਭਲਾ ਕਰਾਂਗੇ ਜਾਂ ਸਰਬੱਤ ਦਾ ਭਲਾ ਕਰਾਂਗੇ ਪਰ ਅਸਲ ਵਿਚ ਉਹ ਕੇਵਲ ਆਪਣੀ ਜਮਾਤ ਦੇ ਭਲੇ ਲਈ ਹੀ ਵਰਤਦੇ ਹਨ ਤੇ ਮਿਹਨਤੀ ਜਮਾਤ ਵਿਰੁੱਧ ਇਸ ਨੂੰ ਪੂਰੀ ਤਾਕਤ ਨਾਲ ਵਰਤਦੇ ਹਨ ਤੇ ਲੁੱਟ-ਖਸੁੱਟ ਕਰਦੇ ਹਨ।
ਰੂਸ ਦੇ ਜ਼ਾਰ ਧਰਤੀ ਉੱਤੇ ‘ਛੋਟਾ ਖੁਦਾ` ਸਦਾ ਕੇ ਰਾਜ ਕਰਦੇ ਸਨ। ਜਾਪਾਨੀ ਸ਼ਾਹੀ ਖਾਨਦਾਨ ਵੀ ਸਿੱਧਾ ਰੱਬ ਨਾਲ ਰਿਸ਼ਤਾ ਜੋੜ ਕੇ ਰਾਜ ਕਰਦਾ ਸੀ। ਹਿਟਲਰ ਨੂੰ ਵੀ ਰੱਬੀ ਬੰਦਾ ਬਣਾ ਕੇ ਡਿਕਟੇਟਰ ਬਣਾਇਆ ਗਿਆ ਸੀ ਤੇ ਜਰਮਨ ਨਸਲ ਰੱਬ ਵਲੋਂ ਭੇਜੀ ਹੋਈ ਵਿਸ਼ੇਸ਼ ਗੁਣਾਂ ਵਾਲੀ, ਸਾਰੀ ਦੁਨੀਆ ਉਪਰ ਰਾਜ ਕਰਨ ਦੀ ਅਧਿਕਾਰੀ ਦੱਸੀ ਜਾਂਦੀ ਸੀ। ਇਸਲਾਮੀ ਰਾਜ ਵੀ ਰੱਬ ਵਲੋਂ ਖਲੀਫੇ ਭੇਜ ਕੇ ਕੀਤਾ ਸੀ ਤੇ ਹਿੰਦੁਸਤਾਨ ਦੇ ਰਾਜੇ ਈਸ਼ਵਰ ਦੇ ਅਵਤਾਰ ਬਣ ਕੇ ਰਾਜ ਕਰਦੇ ਸਨ ਪਰ ਇਨ੍ਹਾਂ ਰੱਬੀ ਤੇ ਧਾਰਮਿਕ ਰਾਜਾਂ ਦੀਆਂ ਲੁੱਟਾਂ ਮਾਰਾਂ ਤੇ ਅਤਿਆਚਾਰਾਂ ਨਾਲ ਇਤਿਹਾਸ ਰੰਗੇ ਪਏ ਹਨ। ਇਨ੍ਹਾਂ ਦਾ ਸਮਾਂ ਕਾਲਾ ਜੁੱਗ ਸਦਾਉਂਦਾ ਹੈ।
ਰਾਜਸੀ ਤਾਕਤਾਂ ਨੂੰ ਰੱਬ ਵਲੋਂ ਭੇਜੀਆਂ ਜਾਂ ਧਰਮ ਵਿਚੋਂ ਉਤਪੰਨ ਹੋਈਆਂ ਇਸ ਵਾਸਤੇ ਦੱਸਿਆ ਜਾਂਦਾ ਹੈ ਕਿ ਆਮ ਭੋਲੀ ਜਨਤਾ ਰਾਜਿਆਂ ਤੇ ਰਾਜ ਕਰਮਚਾਰੀਆਂ ਦੇ ਅਤਿਆਚਾਰਾਂ ਤੇ ਅਨਰਥਾਂ ਉਪਰ ਇਤਰਾਜ਼ ਨਾ ਕਰੇ। ਅੱਖਾਂ ਮੀਟ ਕੇ ਸਤਿ ਬਚਨ ਆਖ ਕੇ ਜ਼ੁਲਮ ਸਹੀ ਜਾਵੇ ਅਤੇ ਆਖੇ ਕਿ ਇਹ ਲੋਕ ਜੋ ਕੁਝ ਕਰਦੇ ਹਨ, ਰੱਬ ਦੇ ਹੁਕਮ ਅੰਦਰ ਕਰਦੇ ਹਨ। ਇਹ ਇਸੇ ਤਰ੍ਹਾਂ ਹੈ ਜਿਵੇਂ ਕਲਮਾ ਪੜ੍ਹ ਕੇ ਬਕਰੇ ਨੂੰ ਹਲਾਲ ਕਰਨਾ ਜਾਂ ਪੰਜ ਪਉੜੀਆਂ ਪੜ੍ਹ ਕੇ ਬੱਕਰਾ ਝਟਕਾਣਾ ਤੇ ਕਹਿਣਾ ਇਸ ਦੀ ਮੁਕਤੀ ਕੀਤੀ ਗਈ ਹੈ; ਜ਼ੁਲਮ ਕਰਨਾ ਤੇ ਕਹਿਣਾ ਕਿ ਧਰਮ ਤੇ ਨਿਆਂ ਕਰਦੇ ਹਾਂ। ਪਰ ਸਾਇੰਸੀ ਸਮਾਜਵਾਦ ਨੇ ਸਾਰੇ ਪਰਦੇ ਪਾੜ ਦਿੱਤੇ ਹਨ ਅਤੇ ਸਾਫ ਸਿੱਧ ਕਰ ਕੇ ਦੱਸ ਦਿੱਤਾ ਹੈ ਕਿ ਰਾਜਸੀ ਤਾਕਤ ਦੂਜੀ ਜਮਾਤ ਉਪਰ ਨਿਰੋਲ ਧੱਕਾ ਤੇ ਜਬਰ ਕਰਨ ਦੀ ਤਾਕਤ ਹੈ। ਜਗੀਰਦਾਰ ਤੇ ਸਰਮਾਏਦਾਰ ਜਮਾਤ ਇਸ ਉਪਰ ਪਰਦਾ ਪਾਉਂਦੀ ਹੈ ਤੇ ਇਸ ਨੂੰ ਰੱਬੀ ਧਾਰਮਿਕ ਜਾਂ ਕੌਮੀ ਪਵਿਤਰਤਾ ਦੇ ਪਰਦੇ ਵਿਚ ਰੱਖ ਕੇ ਵਰਤਦੀ ਹੈ ਤੇ ਇਸ ਨੂੰ ਸਭਨਾਂ ਦਾ ਭਲਾ ਕਰਨ ਤੇ ਨਿਆਂ ਕਰਨ ਵਾਲੀ ਦੱਸਦੀ ਹੈ ਪਰ ਮਜ਼ਦੂਰ ਜਮਾਤ ਅਜਿਹਾ ਪਾਖੰਡ ਨਹੀਂ ਕਰਦੀ। ਉਹ ਸਾਫ ਤੇ ਐਲਾਨੀਆ ਕਹਿੰਦੀ ਹੈ ਕਿ ਅਸੀਂ ਤਾਂ ਰਾਜਸੀ ਤਾਕਤ ਆਪਣੇ ਕਬਜ਼ੇ ਵਿਚ ਲੈ ਕੇ ਕੇਵਲ ਮਿਹਨਤੀ ਮਜ਼ਦੂਰ ਜਮਾਤ ਦੇ ਭਲੇ ਲਈ ਵਰਤਾਂਗੇ। ਸਰਬੱਤ ਦੇ ਭਲੇ ਲਈ ਨਹੀਂ, ਵਿਹਲੜ, ਧਨਾਢਾਂ ਲਈ ਨਹੀਂ ਸਗੋਂ ਜਗੀਰਦਾਰੀ ਤੇ ਸਰਮਾਏਦਾਰੀ ਦੇ ਨਾਲ ਹੀ ਇਸ ਵਿਹਲੜ ਜਮਾਤ ਨੂੰ ਵੀ ਖ਼ਤਮ ਕੀਤਾ ਜਾਏਗਾ। ਮਨੁੱਖ ਦੇ ਹੱਥੋਂ ਮਨੁੱਖ ਦੀ ਹਰ ਤਰ੍ਹਾਂ ਦੀ ਲੁੱਟ-ਖਸੁੱਟ ਖ਼ਤਮ ਕੀਤੀ ਜਾਏਗੀ ਅਤੇ ਸ਼ਰੇਣੀ ਰਹਿਤ ਸਮਾਜ ਪੈਦਾ ਕੀਤਾ ਜਾਏਗਾ ਜਿਸ ਵਿਚ ਫਿਰ ਸਾਰੇ ਮਨੁੱਖ ਕੰਮ ਕਰਨਗੇ ਅਤੇ ਖੁਸ਼ੀ ਤੇ ਆਸ ਭਰਪੂਰ ਜੀਵਨ ਗੁਜ਼ਾਰਨਗੇ। ਕੇਵਲ ਉਸ ਵੇਲੇ ਸਰਬੱਤ ਦਾ ਭਲਾ ਹੋਵੇਗਾ ਪਰ ਰਾਜ ਸੱਤਾ ਉਸ ਵੇਲੇ ਆਮ ਲੋਕਾਂ ਦੇ ਆਪਣੇ ਹੱਥ ਵਿਚ ਰਹੇਗੀ। ਜਦ ਸੰਸਾਰ ਭਰ ਵਿਚ ਸ਼ਰੇਣੀ-ਰਹਿਤ ਸਮਾਜ ਪੈਦਾ ਹੋ ਜਾਏਗਾ। ਲੁਟੇਰੀਆਂ ਤੇ ਵਿਹਲੜ ਜਮਾਤਾਂ ਮੁੱਕ ਜਾਣਗੀਆਂ, ਉਦੋਂ ਰਾਜ-ਸੱਤਾ ਦੀ ਕੋਈ ਲੋੜ ਨਹੀਂ ਰਹੇਗੀ। ਇਹ ਖੁਦ-ਬਖੁਦ ਮੁਰਝਾ ਜਾਏਗੀ।
ਆਸ਼ਾ ਹੈ ਹੁਣ ਆਪ ਨੂੰ ਸਮਝ ਆ ਗਈ ਹੋਵੇਗੀ ਕਿ ਪੁਲੀਟੀਕਲ/ਰਾਜਸੀ ਤਾਕਤ ਜਾਂ ਰਾਜ ਸੱਤਾ ਕੋਈ ਧਾਰਮਕ ਜਾਂ ਪਵਿੱਤਰ ਤਾਕਤ ਨਹੀਂ। ਇਹ ਤਾਂ ਸਪੱਸ਼ਟ ਜਬਰ ਕਰਨ ਦਾ ਸ਼ਸਤਰ ਹੈ। ਜਿਸ ਸ਼ਸਤਰ ਨਾਲ ਜਗੀਰਦਾਰਾਂ, ਰਾਜਿਆਂ ਤੇ ਬੁਰਜਵਾਜ਼ੀਆਂ ਨੇ ਮਿਹਨਤੀ ਸ਼ਰੇਣੀ ਉਪਰ ਸਦੀਆਂ ਤੋਂ ਧੱਕੇ ਜ਼ਬਰ ਤੇ ਜ਼ੁਲਮ ਕੀਤੇ ਹਨ ਤੇ ਕਰ ਰਹੇ ਹਨ। ਉਸ ਸ਼ਸਤਰ ਨੂੰ ਕਾਬੂ ਕਰ ਕੇ ਮਜ਼ਦੂਰ ਜਮਾਤ ਆਪਣੇ ਉਪਰ ਜਬਰ ਧੱਕੇ ਤੇ ਜ਼ੁਲਮ ਕਰਨ ਵਾਲਿਆਂ ਵਿਰੁੱਧ ਬੇਤਰਸੀ ਤੇ ਬੇਲਿਹਾਜ਼ੀ ਨਾਲ ਵਰਤੇਗੀ ਤੇ ਉਹਨਾਂ ਨੂੰ ਖ਼ਤਮ ਕਰੇਗੀ। ਅਜਿਹਾ ਕਰਨਾ ਮਜ਼ਦੂਰ ਜਮਾਤ ਇਤਿਹਾਸਕ ਨਿਆਂ ਸਮਝਦੀ ਹੈ।
ਇਸ ਜਬਰ ਦੇ ਹਥਿਆਰ ਨਾਲ ਜਗੀਰਦਾਰੀ ਤੇ ਸਰਮਾਏਦਾਰੀ ਜਬਰ ਤੇ ਅਨਿਆਇ ਨੂੰ ਖ਼ਤਮ ਕਰ ਕੇ ਹੀ ਨਿਆਂ ਤੇ ਅਮਨ ਕਾਇਮ ਹੋਵੇਗਾ, ਐਵੇਂ ਨਹੀਂ। ਜਦੋਂ ਜਮਾਤਾਂ ਖ਼ਤਮ ਹੋ ਜਾਣਗੀਆਂ, ਕੇਵਲ ਇਕੋ ਮਿਹਨਤੀ ਤੇ ਕਮਾਊ ਜਮਾਤ ਰਹਿ ਜਾਵੇਗੀ, ਉਨ੍ਹਾਂ ਵਿਚ ਫਿਰ ਲੜਾਈ ਝਗੜੇ ਵੀ ਖ਼ਤਮ ਹੋ ਜਾਣਗੇ। ਫਿਰ ਇਹ ਰਾਜ ਸੱਤਾ ਦਾ ਹਥਿਆਰ ਬੇਲੋੜਾ ਤੇ ਬੇਕਾਰ ਹੋ ਜਾਏਗਾ। ਸਰਬੱਤ ਦਾ ਭਲਾ ਰਾਜਸੀ ਤਾਕਤ ਨਾਲ ਨਹੀਂ ਹੁੰਦਾ, ਸਮਾਜਵਾਦਕ ਨਿਜ਼ਾਮ ਵਿਚ ਹੁੰਦਾ ਹੈ ਜਦੋਂ ਕਿ ਸ਼ਰੇਣੀ ਰਹਿਤ ਸਮਾਜ ਬਣ ਜਾਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਬਾਰੇ ਮੈਂ ਪਿੱਛੇ ਦੱਸ ਚੁੱਕਾ ਹਾਂ ਕਿ ਸਿੱਖਾਂ ਦੀ ਮੱਧ ਸ਼ਰੇਣੀ ਦੇ ਅੰਦੋਲਨ ਨਾਲ ਇਹ ਬਣਿਆ ਤੇ ਫਿਰ ਇਸ ਉੱਤੇ ਵੀ ਸਿੱਖ ਬੁਰਜਵਾਜ਼ੀ ਦੀ ਪਰਧਾਨਤਾ ਕਾਇਮ ਹੋ ਗਈ। ਚਿਰ ਤੋਂ ਇਸ ਦਾ ਪਾਲੇਟਿਕਸ ਸਿੱਖ ਬੁਰਜਵਾਜ਼ੀ ਤੇ ਹਾਰੀ ਟੁੱਟੀ ਸਿੱਖ ਜਗੀਰਦਾਰੀ ਦਾ ਪਾਲਿਟਿਕਸ ਹੈ। ਇਸ ਪਾਲਿਟਿਕਸ/ਰਾਜਨੀਤੀ ਉਪਰ ਭਾਵੇਂ ਕੋਈ ਲੇਬਲ ਲਾ ਲਉ, ਇਹ ਉਸੇ ਜਮਾਤ ਦਾ ਪਾਲਿਟਿਕਸ/ਰਾਜਨੀਤੀ ਰਹੇਗੀ ਜਿਸ ਦਾ ਅਕਾਲੀ ਦਲ ਉਪਰ ਕਬਜ਼ਾ ਹੈ।
ਸਮੇਂ-ਸਮੇਂ ਇਸ ਦੇ ਇਹ ਸਾਰੇ ਆਦਰਸ਼ ਬਣਦੇ ਰਹੇ ਹਨ: ਗੁਰਦੁਆਰਿਆਂ ਦੀ ਆਜ਼ਾਦੀ, ਸਿੱਖ ਹੱਕਾਂ ਦੀ ਰਾਖੀ, ਆਜ਼ਾਦ ਪੰਜਾਬ, ਸਿੱਖ ਸਟੇਟ, ਖਾਲਿਸਤਾਨ, ਸਿੱਖ ਸੂਬਾ, ਮੁਕੰਮਲ ਆਜ਼ਾਦੀ ਅਤੇ ਹੁਣ ਜੇ ਸਮਾਜਵਾਦ ਆਦਰਸ਼ ਰੱਖ ਕੇ ਸਿੱਖਾਂ ਵਿਚ ਕੰਮ ਕਰਨ ਦਾ ਪ੍ਰੋਗਰਾਮ ਵੀ ਬਣਾ ਲਿਆ ਜਾਵੇ, ਤਦ ਵੀ ਇਸ ਦਾ ਖਾਸਾ ਨਹੀਂ ਬਦਲੇਗਾ। ਇਸ ਦਾ ਮਕਸਦ ਕੇਵਲ ਸਿੱਖਾਂ ਦੀ ਮਿਹਨਤੀ ਸ਼ਰੇਣੀ ਨੂੰ ਗੁਮਰਾਹ ਕਰਨਾ, ਉਸ ਨੂੰ ਭੁਲੇਖਿਆਂ ਵਿਚ ਪਾਉਣਾ, ਉਸ ਨੂੰ ਜਮਾਤੀ ਜੱਥੇਬੰਦੀਆਂ ਤੇ ਜਨਤਕ ਲਹਿਰਾਂ ਤੋਂ ਲਾਂਭੇ ਰੱਖਣਾ ਹੋਵੇਗਾ ਤੇ ਸਿੱਖ ਬੁਰਜ਼ਵਾ ਤੇ ਜਗੀਰਦਾਰ ਸ਼ਰੇਣੀ ਨੂੰ ਲਾਭ ਪਹੁੰਚਾਉਣਾ ਹੋਵੇਗਾ। ਇਸ ਵਾਸਤੇ ਜੇ ਆਪ ਸੱਚਮੁੱਚ ਆਮ ਮਿਹਨਤੀ ਸਿੱਖ ਜਨਤਾ ਦੇ ਭਲੇ ਦੇ ਚਾਹਵਾਨ ਹੋ ਤਾਂ ਇਹ ਸਾਰੇ ਭਰਮ ਭੁਲੇਖੇ ਕੱਢ ਦੇਵੋ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਇਸ ਦੀ ਲੀਡਰਸ਼ਿਪ ਸਿੱਖ ਜਨਤਾ ਦਾ ਭਲਾ ਕਰ ਸਕੇਗੀ। ਉਸ ਦੇ ਸਭ ਨਾਅਰੇ, ਮੋਰਚੇ ਤੇ ਪ੍ਰੋਗਰਾਮ ਉਸੇ ਜਮਾਤ ਦੇ ਭਲੇ ਲਈ ਹੁੰਦੇ ਹਨ ਜਿਸ ਦਾ ਇਸ ਉਪਰ ਕਬਜ਼ਾ ਹੁੰਦਾ ਹੈ।
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਜੇ ਸੱਚਮੁੱਚ ਹੀ ਸ਼੍ਰੋਮਣੀ ਅਕਾਲੀ ਦਲ ਸਮਾਜਵਾਦ ਨੂੰ ਆਦਰਸ਼ ਬਣਾਉਣ ਅਤੇ ਕਿਰਤੀ ਕਿਸਾਨਾਂ ਵਿਚ ਕੰਮ ਕਰਨ ਦਾ ਪ੍ਰੋਗਰਾਮ ਬਣਾ ਲਵੇ।
ਹੋਰਨਾਂ ਮੁਲਕਾਂ ਵਿਚ ਮਜ਼ਦੂਰ ਜਮਾਤ ਵਿਚ ਇਨਕਲਾਬ ਉਭਾਰ ਸਮੇਂ ਕਈ ਮਜ਼ਹਬਾਂ ਨੇ ਇਸੇ ਤਰ੍ਹਾਂ ਕੀਤਾ ਸੀ ਤੇ ਹਿੰਦੁਸਤਾਨ ਵਿਚ ਅਵਲ ਨੰਬਰ ਦੀ ਪਿਛਾਂਹ ਖਿੱਚੂ ਜਮਾਤ ਹਿੰਦੂ ਮਹਾਂ ਸਭਾ ਨੇ ਵੀ ਪਿੱਛੇ ਜਿਹੇ ਆਪਣਾ ਆਦਰਸ਼ ਸਮਾਜਵਾਦ ਬਣਾਉਣ ਦਾ ਐਲਾਨ ਕੀਤਾ ਸੀ ਪਰ ਕੌਣ ਯਕੀਨ ਕਰੇਗਾ ਕਿ ਹਿੰਦੂ ਮਹਾਂ ਸਭਾ ਸਮਾਜਵਾਦੀ ਬਣ ਗਈ ਹੈ? ਇਹ ਤਾਂ ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਵਾਲੀ ਗੱਲ ਹੈ। ਕੱਟੜ ਫਿਰਕੂ-ਜਗੀਰਦਾਰੀ ਤੇ ਰਜਵਾੜਾਸ਼ਾਹੀ ਦੀ ਹਾਮੀ ਤੇ ਮਜ਼ਦੂਰ ਸ਼ਰੇਣੀ ਤੇ ਜਮਹੂਰੀ ਆਜ਼ਾਦੀ ਦੀ ਦੁਸ਼ਮਣ ਜਮਾਤ ਸਮਾਜਵਾਦ ਦਾ ਬੁਰਕਾ ਪਾ ਕੇ ਮੈਦਾਨ ਵਿਚ ਆ ਰਹੀ ਹੈ ਪਰ ਮਜ਼ਦੂਰ ਜਮਾਤ ਹੁਣ ਜਾਗ ਪਈ ਹੈ, ਉਹ ਭੋਲੀ ਨਹੀਂ ਰਹੀ, ਇਹ ਇਨ੍ਹਾਂ ਭੁਲੇਖਿਆਂ ਵਿਚ ਹੁਣ ਨਹੀਂ ਫਸ ਸਕਦੀ।
ਆਪ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਸਾਇੰਸੀ ਸਮਾਜਵਾਦ ਅਰਥਾਤ ਮਾਰਕਸਿਜ਼ਮ ਮਜ਼ਦੂਰ ਦਾ ਸਿਧਾਂਤ ਹੈ। ਇਸ ਨੂੰ ਹੋਰ ਕੋਈ ਜਮਾਤ ਅਪਣਾ ਨਹੀਂ ਸਕਦੀ ਤੇ ਮਜ਼ਦੂਰ ਜਮਾਤ ਮਜ਼ਹਬ, ਕੌਮ, ਮੁਲਕ, ਰੰਗ ਤੇ ਨਸਲ ਆਦਿਕ ਵਿਤਕਰੇ ਭੰਨ ਕੇ ਜਥੇਬੰਦ ਹੁੰਦੀ ਹੈ। ਕੌਮੀ ਤੇ ਕੌਮਾਂਤਰੀ ਏਕਤਾ ਉਸ ਦੀ ਜਥੇਬੰਦੀ ਦੀਆਂ ਨੀਹਾਂ ਹਨ। ਸਮਾਜਵਾਦਕ ਨਿਜ਼ਾਮ ਖੜ੍ਹਾ ਕਰਨਾ ਕੇਵਲ ਮਜ਼ਦੂਰ ਜਮਾਤ ਦਾ ਕਰਤਵ ਹੈ ਤੇ ਕੋਈ ਜਗੀਰਦਾਰ ਜਾਂ ਬੁਰਜ਼ਵਾ ਪ੍ਰਧਾਨ ਮਜ਼ਹਬੀ ਜਾਂ ਕੌਮੀ ਜਥੇਬੰਦੀ ਸਮਾਜਵਾਦਕ ਨਿਜ਼ਾਮ ਲਿਆਉਣ ਦਾ ਦਾਅਵਾ ਕਰੇ ਤਾਂ ਉਸ ਦਾ ਇਹ ਲੱਛਣ ਇਕ ਸਾਂਗ ਤੋਂ ਵੱਧ ਕੁਝ ਵੀ ਨਹੀਂ ਹੁੰਦਾ। ਉਸ ਦੀ ਸ਼ਕਲ ਬਨਾਉਟੀ ਦਾਹੜੀ ਮੁੱਛਾਂ ਵਾਲੇ ਸੁਆਂਗੀ ਵਰਗੀ ਹੀ ਜਾਪੇਗੀ ਤੇ ਮਿਹਨਤੀ ਜਨਤਾ ਉਸ ਨੂੰ ਵੇਖ ਕੇ ਹੱਸੇਗੀ। ਅੱਗੇ ਹਿਟਲਰ ਤੇ ਮੁਸੋਲੀਨੀ ਕੌਮੀ ਸਮਾਜਵਾਦ ਲਿਆਉਣ ਦੇ ਦਾਅਵੇਦਾਰ ਹੋ ਗੁਜ਼ਰੇ ਹਨ। ਜੋ ਹਸ਼ਰ ਉਹਨਾਂ ਦਾ ਹੋਇਆ ਹੈ, ਉਹੋ ਹਸ਼ਰ ਨਵੇਂ ਪਾਖੰਡੀ ਮਜ਼ਹਬੀ ਸਮਾਜਵਾਦੀਆਂ ਦਾ ਹੋਵੇਗਾ।