ਜਤਿੰਦਰ ਮੌਹਰ
+91-97799-34747
ਪੰਜਾਬ ਦਾ ਬਿਹਤਰੀਨ ਅਦਾਕਾਰ ਹਰਦੀਪ ਗਿੱਲ ਪੰਜਾਬ ਦੇ ਪੇਂਡੂ ਬਾਪੂ ਦਾ ਭੂਗੋਲ ਤਨ-ਮਨ ‘ਤੇ ਉੱਕਰਦਾ ਹੈ। ਹਰਵਿੰਦਰ ਕੌਰ ਬਬਲੀ ਤਾਂਬੇ ਰੰਗੀ ਅਤੇ ਫ਼ਿਕਰਾਂ ਗ੍ਰਸੀ ਪੰਜਾਬਣ ਨੂੰ ਸਾਕਾਰ ਕਰਦੀ ਹੈ। ਦੋਹਾਂ ਦੀ ਜੋਟੀ ਹੁਨਰਮੰਦ ਹਦਾਇਤਕਾਰ ਰਾਜੀਵ ਕੁਮਾਰ ਨਾਲ ਪੈਂਦੀ ਹੈ ਤਾਂ ‘ਨਾਬਰ’ ਦਰਦਮੰਦੀ ਦਾ ਮੰਚ ਬਣਦੀ ਹੈ। ਪਾਸ਼ ‘ਯੁੱਧ ਅਤੇ ਸ਼ਾਂਤੀ’ ਕਵਿਤਾ ਵਿਚ ਲੜਨ ਦੀ ਲੋੜ ਦਾ ਅਹਿਸਾਸ ਕਰਾਉਂਦਾ ਹੈ। ਉਹ ਲੜਾਈ ਨੂੰ ਟਾਲਣ ਵਾਲਿਆਂ ਨਾਲ ਸੰਵਾਦ ਰਚਾਉਂਦਾ ਹੈ ਜਿਨ੍ਹਾਂ ਨੇ “ਹੰਭੇ ਹੋਏ ਪਿਉ ਨੂੰ ਅੰਨ ਖਾਣੇ ਬੁੜ੍ਹੇ ਦਾ ਨਾਂ ਦਿੱਤਾ æææ ਫ਼ਿਕਰਾਂ ਗ੍ਰਸੀ ਤੀਵੀਂ ਨੂੰ ਚੁੜੇਲ ਦਾ ਸਾਇਆ ਕਿਹਾ।” ਲਾਜ਼ਮੀ ਲੜਾਈ ਦੀ ਕੋਈ ਤੰਦ ‘ਨਾਬਰ’ ਨਾਲ ਜੁੜੀ ਹੋਈ ਹੈ। ‘ਨਾਬਰ’ ਦਾ ਹੰਭਿਆ ਹੋਇਆ ਬੁੜ੍ਹਾ, ਚੁੜੇਲ ਦੇ ਸਾਏ ਦੀ ਪੈੜ ਲੱਭਣ ਤੁਰ ਪਿਆ। ਗੱਭਰੂ ਪੁੱਤ ਦੀ ਮੌਤ ਦਾ ਉਹ ਸਾਇਆ ਜੋ ਸਕਿਆਂ ਦੇ ਚਿਹਰਿਆਂ ਉੱਤੇ ਸੀ। ਪੈੜ ਲੱਭਣ ਦਾ ਸਫ਼ਰ ਬਾਪੂ ਨੂੰ ਮੁਨਾਫ਼ੇ ਲਈ ਹਾਬੜੇ ਦਲਾਲਾਂ ਤੋਂ ਹੁੰਦਾ ਹੋਇਆ ਮੌਜੂਦਾ ਸਿਆਸੀ ਨਿਜ਼ਾਮ ਦਾ ਖ਼ਾਸਾ ਸਮਝਾ ਗਿਆ। ਅੰਤ ਵਿਚ ਉਹ ਨਿੱਜੀ ਲੜਾਈ ਤੋਂ ਪਾਰ ਸਮੂਹਕ ਲੜਾਈ ਦਾ ਹਿੱਸਾ ਬਣਨ ਦਾ ਇਸ਼ਾਰਾ ਦਿੰਦਾ ਹੈ। ਸੱਤ ਗੰਢਾਂ ਵਾਲੇ ਮਾਰੂ ਨਦੀਨ (ਮੋਥਰੇ) ਨੂੰ ਜੜ੍ਹੋਂ ਪੁੱਟਣ ਲਈ ਬਾਪੂ ਦਾ ਇਕੱਲਾ ਕਿਰਸਾਨੀ ਹੁਨਰ ਕੰਮ ਨਹੀਂ ਆਉਣਾ। ਮਨੁੱਖਘਾਤੀ ਨਿਜ਼ਾਮ ਰੂਪੀ ਮੋਥਰੇ ਨੂੰ ਜੜ੍ਹੋਂ ਪੁੱਟਣ ਲਈ ਬੜੇ ਸਖ਼ਤ ਹੱਥਾਂ ਦੀ ਲੋੜ ਹੈ। ਉੱਪਰੋਂ ਮੋਥਰਾ ਵੀ ਮਣਾਂ-ਮੂੰਹੀਂ ਹੈ, ਇਸ ਕਰ ਕੇ ਹੱਥ ਵੀ ਵਧੇਰੇ ਚਾਹੀਦੇ ਹਨ। ਮਾਂ ਛਿੰਦੋ (ਹਰਵਿੰਦਰ ਕੌਰ ਬਬਲੀ) ਦੀ ਬਦਹਵਾਸੀ ਨੂੰ ਦਰਦਮੰਦ ਕੁੜੀ ਮਨਜੀਤ (ਕਰਮੇ ਦੀ ਹਾਣੀ)) ਦੂਰ ਕਰਦੀ ਹੈ। ਇਸੇ ਨੂੰ ਕਹਿੰਦੇ ਹਨ ਕਿ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ। ਕਰਮਾ ਬਾਹਰਲੇ ਮੁਲਕ ਭੇਜਣ ਵਾਲੇ ਦਲਾਲਾਂ ਹੱਥੋਂ ਕਤਲ ਹੋਇਆ। ਦਲਾਲਾਂ ਦੀ ਪੁਸ਼ਤਪਨਾਹੀ ਸਿਆਸਤਦਾਨ ਕਰਦਾ ਹੈ। ਕਤਲ ਹੋਏ ਗੱਭਰੂ ਵਿਚ ਉਸ ਜਵਾਨੀ ਦੀ ਰੂਹ ਹੈ ਜੋ ਆਪਣੇ ਮੁਲਕ ਵਿਚ ਕਿਰਤ ਦੀ ਨਿਰਾਦਰੀ ਦੇਖਦੀ ਹੈ। ਉਹ ਬਾਹਰਲੇ ਮੁਲਕਾਂ ਵਿਚ ਜਾ ਕੇ ਚੰਗੇ ਭਾਅ ਵਿਚ ਕਿਰਤ ਵੇਚਣ ਦਾ ਸੁਪਨਾ ਬੁਣਦੇ ਹਨ। ਫ਼ਿਲਮ ਵਿਚ ਪੇਸ਼ ਹੁੰਦਾ ਸਿਆਸੀ ਕਿਰਦਾਰ ਦੋਹਰਾ ਦੋਸ਼ੀ ਬਣਦਾ ਹੈ। ਪਹਿਲਾਂ ਉਹ ਸਾਡੇ ਮੁਲਕ ਵਿਚ ਰੁਜ਼ਗਾਰ ਦਾ ਰਾਹ ਬੰਦ ਕਰਦਾ ਹੈ। ਫਿਰ ਉਹ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਪਰਦੇਸੀ ਹੁੰਦੇ ਗੱਭਰੂਆਂ ਦੀ ਹਿਜਰਤ ਦਾ ਮੁੱਲ ਵੱਟਦਾ ਹੈ। ਸਿਆਸੀ ਚੌਧਰ ਬਰਕਰਾਰ ਰੱਖਣ ਲਈ ਮੁੰਡੇ ਦੇ ਕਤਲ ਦੀ ਕੀਮਤ ਲਾਉਂਦਾ ਹੈ। ਉਹਨੂੰ ਲਾਸ਼ਾਂ ਦੇ ਢੇਰ ਉੱਤੇ ਬੈਠ ਕੇ ਕਤਲ ਹੋਏ ਮੁੰਡਿਆਂ ਨੂੰ ਪੁੱਤ ਆਖਣ ਦਾ ਵਲ ਹੈ। ਸ਼ਾਇਦ ਇਹੀ ਹੁਨਰ ਉਹਨੇ ਸਿੱਖਿਆ ਹੈ ਅਤੇ ਸਮੇਂ ਦੇ ਨਾਲ ਨਿਖ਼ਾਰਿਆ ਵੀ ਹੈ। ਬੇਸ਼ੱਕ ਉਹ ਮਨੁੱਖ ਖ਼ਿਲਾਫ਼ ਭੁਗਤਦੇ ਪ੍ਰਬੰਧ ਦਾ ਛੋਟਾ ਜਿਹਾ ਹਿੱਸਾ ਹੋਵੇ ਪਰ ਉਹ ਪ੍ਰਬੰਧ ਦਾ ਅਣਥੱਕ ਅਤੇ ਵਫ਼ਾਦਾਰ ਪੁਰਜ਼ਾ ਹੈ। ਉਹਦੀ ਵਫ਼ਾਦਾਰੀ ਸਿਰਫ਼ ਆਪਣੀ ਜਮਾਤ ਨਾਲ ਹੈ। ਚਿੱਟਾ ਕੁੜਤਾ ਪਜਾਮਾ, ਵਾਹੀ-ਸੰਵਾਰੀ ਦਾੜ੍ਹੀ ਅਤੇ ਪੋਚਵੀਂ ਪੱਗ ਬੰਨ੍ਹ ਕੇ ਉਹ ‘ਦਾਨਾ’ ਬੰਦਾ ਦਿਸਦਾ ਹੈ। ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਸਹੁੰਆਂ ਦੀ ਸਿਆਸਤ ਕਰਦਾ ਹੈ। ਅਜਿਹਾ ਬੰਦਾ ਪੰਜਾਬ ਦਾ ਤਾਨਾਸ਼ਾਹੀ ਅਤੇ ਫ਼ਰੇਬੀ ਕਿਰਦਾਰ ਹੈ। ਅਜਿਹੇ ‘ਦਾਨਿਆਂ’ ਨੇ ਹੀ ਪੰਜਾਬ ਨੂੰ ਵਾਹਣੀਂ ਪਾ ਕੇ ਰੱਖਿਆ ਹੋਇਆ ਹੈ।
ਇਹ ਫ਼ਿਲਮ ਇਨ੍ਹਾਂ ‘ਦਾਨਿਆਂ’ ਨੂੰ ਸ਼ਰੇਆਮ ਬੇਪਰਦ ਕਰ ਕੇ ਪੰਜਾਬ ਦੇ ਦਾਨਿਆਂ ਦੀ ਨਿਸ਼ਾਨਦੇਹੀ ਕਰਦੀ ਹੈ। ਬਾਬਾ ਫਰੀਦ, ਗੁਰੂ ਗੋਬਿੰਦ ਸਿੰਘ, ਪਾਸ਼ ਅਤੇ ਬਾਬੂ ਰਜਬ ਅਲੀ ਦੀਆਂ ਰਚਨਾਵਾਂ ਇਸ ਨਿਸ਼ਾਨਦੇਹੀ ਨੂੰ ਪੁਖ਼ਤਾ ਕਰਦੀਆਂ ਹਨ। ਪੰਜਾਬ ਦਾ ਦਾਨਾ ਬੰਦਾ ਪਾਸ਼ ਦੇ ਸ਼ਬਦਾਂ ਵਿਚ ‘ਨਿੱਕ-ਸੁਕ ਸਾਂਭਦਾ ਹਫ਼ਿਆ ਹੋਇਆ ਬੰਦਾ’ ਹੈ। ਕਰਮੇ ਦੇ ਮਾਂ-ਪਿਉ ਉਨ੍ਹਾਂ ਜੀਆਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਦੇ ਧੀ-ਪੁੱਤ ਹਰ ਰੋਜ਼ ਕਤਲ ਹੁੰਦੇ ਹਨ। ਕਾਰਨ ਸੜਕ ਹਾਦਸਿਆਂ ਤੋਂ ਲੈ ਕੇ ਆਰਥਿਕ ਤੰਗੀ ਤੱਕ ਕੁਝ ਵੀ ਹੋਵੇ; ਹਾਦਸਿਆਂ ਦੀ ਅਮੁੱਕ ਲੜੀ ਰਾਜਤੰਤਰ ਦੇ ਕਰੂਰ ਖ਼ਾਸੇ ਦਾ ਪ੍ਰਗਟਾਵਾ ਹੈ। ਬਾਪੂ ਇਸੇ ਖ਼ਾਸੇ ਦੀ ਥਾਹ ਪਾਉਂਦਾ ਹੈ। ਫ਼ਿਲਮ ਵਿਚ ਸੰਘਰਸ਼ ਦੋ ਪੱਧਰ ਉੱਤੇ ਲੜਿਆ ਜਾ ਰਿਹਾ ਹੈ। ਇੱਕ ਇਨਸਾਫ਼ ਦੀ ਲੜਾਈ ਹੈ ਅਤੇ ਦੂਜੇ ਪੱਧਰ ਉੱਤੇ ਪਿੱਛੇ ਰਹਿ ਗਏ ਜੀਆਂ ਦੀ ਮੁੜ-ਬਹਾਲੀ ਦਾ ਸੰਘਰਸ਼ ਹੈ। ਤਰਾਸਦੀ ਪੈਦਾ ਕਰਨ ਲਈ ਕਸੂਰਵਾਰ ਨਿਜ਼ਾਮ ਅਤੇ ਉਹਦੀ ਢਾਂਚਾਗਤ ਹਿੰਸਾ ਦੇ ਖ਼ਿਲਾਫ਼ ਲੜਾਈ ਕਹਾਣੀ ਦੀ ਅਣਕਹੀ ਤੰਦ ਹੈ। ਸੁਰਜਣ ਸਿੰਘ (ਹਰਦੀਪ ਗਿੱਲ) ਅਤੇ ਕਰਮੇ ਦੇ ਯਾਰ ਇਨਸਾਫ਼ ਲਈ ਲੜ ਰਹੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਮਾਂ ਛਿੰਦੋ ਅਤੇ ਮਨਜੀਤ ਹਿੰਸਾ ਦੇ ਝੰਬੇ ਜੀਆਂ ਦੀ ਬਹਾਲੀ ਦੇ ਸੰਘਰਸ਼ ਦੇ ਨੁਮਾਇੰਦੇ ਹਨ। ਮਾਂ ਪੁੱਤ ਦੀ ਮੌਤ ਦੇ ਸਦਮੇ ‘ਚ ਝੱਲੀ ਹੋ ਜਾਂਦੀ ਹੈ ਪਰ ਮਨਜੀਤ (ਗੀਤਾਂਜਲੀ ਗਿੱਲ) ਆਪਾ ਸਾਂਭਦੀ ਹੋਈ ਮਾਂ ਦੀ ਤਾਕਤ ਬਣਦੀ ਹੈ। ਉਹ ਜਿਉਂਦੇ ਜਾਗਦੇ ਅਤੇ ਜ਼ਿੰਮੇਵਾਰ ਜੀਆਂ ਵਾਂਗ ਨਿਰਮਲ (ਜਤਿੰਦਰ ਸ਼ਰਮਾ) ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਕਰਦੀ ਹੈ। ਦੋਵੇਂ ਜੀਅ ਮਿਲ ਕੇ ਮਾਂ ਦੀ ਬਹਾਲੀ ਦਾ ਸਬੱਬ ਬਣਦੇ ਹਨ। ਹਦਾਇਤਕਾਰ ਦੋਵਾਂ ਸੰਘਰਸ਼ਾਂ ਨੂੰ ਬਰਾਬਰ ਸਿਰਜਦਾ ਹੈ। ਕਹਾਣੀ ਅਤੇ ਦ੍ਰਿਸ਼ਾਂ ਦਾ ਨਿਭਾਅ ਹਦਾਇਤਕਾਰ ਦਾ ਹਾਸਲ ਹੈ ਜੋ ਫ਼ਿਲ਼ਮ-ਕਲਾ ਉੱਤੇ ਉਸਦੀ ਹੁਨਰਮੰਦ ਪਕੜ ਦਾ ਸਬੂਤ ਹੈ। ਬਾਈ ਰਾਜੀਵ ਮੁਕਾਮੀ ਥਾਂਵਾਂ ਅਤੇ ਮਾਹੌਲ ਨੂੰ ਬਾਰੀਕੀ ਵਿਚ ਫੜਦਾ ਹੈ। ਕਲਾ ਦੀ ਸਿਰਜਣਾ ਵਿਚ ਬਾਰੀਕ ਪਰ ਕਲਾਤਮਕ ਛੋਹਾਂ ਹੁੰਦੀਆਂ ਹਨ ਜੋ ਕਿਰਤ ਨੂੰ ਅਮੀਰ ਬਣਾਉਂਦੀਆਂ ਹਨ। ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਗਵਾਹ ਲੱਭਣਾ ਅਹਿਮ ਕਨੂੰਨੀ ਨੁਕਤਾ ਹੈ। ਗਵਾਹ ਲੱਭਣ ਦੀ ਭੱਜ-ਦੌੜ ਸਿਰੇ ਉੱਤੇ ਪਹੁੰਚੀ ਹੋਈ ਹੈ। ਬਾਜ਼ਾਰ ਵਿਚ ਘੁੰਮਦੇ ਸੁਰਜਣ ਸਿੰਘ ਨੂੰ ਦੁਕਾਨ ਦਿਖਾਈ ਦਿੰਦੀ ਹੈ ਜਿਹਦੇ ਬਾਹਰ ‘ਕਰਮਾ ਹੇਅਰ ਡਰੈਸਰ’ ਲਿਖਿਆ ਹੈ। ਅਦਾਕਾਰ ਹਰਦੀਪ ਗਿੱਲ ਦੁਕਾਨ ਵੱਲ ਇੰਝ ਦੇਖਦਾ ਹੈ ਜਿਵੇਂ ਸ਼ੀਸ਼ਿਆਂ ਤੋਂ ਪਾਰ ਉਹਦਾ ਪੁੱਤ ਕਰਮਾ ਬੈਠਾ ਹੋਵੇ। ਕਹਾਣੀ ਦੇ ਜਿਸ ਮੁਕਾਮ ਉੱਤੇ ਕੁਝ ਪਲਾਂ ਦਾ ਇਹ ਦ੍ਰਿਸ਼ ਆਉਂਦਾ ਹੈ, ਉਹ ਦਰਸ਼ਕ ਦੀ ਸੰਵੇਦਨਾ ਨੂੰ ਝੰਜੋੜ ਸੁੱਟਦਾ ਹੈ। ਆਮ ਤੌਰ ਉੱਤੇ ਵਿਸ਼ਾ ਮੁਖੀ ਫ਼ਿਲਮਾਂ ਬਣਾਉਣ ਵਾਲਿਆਂ ਸਿਰ ਦੋਸ਼ ਲਾਇਆ ਜਾਂਦਾ ਹੈ ਕਿ ਉਹ ਰੂਪਕੀ ਜਾਂ ਤਕਨੀਕੀ ਪੱਖ ਵੱਲ ਵਧੇਰੇ ਧਿਆਨ ਨਹੀਂ ਦਿੰਦੇ। ਉਂਝ, ਰੂਪਕੀ ਜਾਂ ਤਕਨੀਕੀ ਪੱਖ ਨਾਲ ਜੁੜੀਆਂ ਧਾਰਨਾਵਾਂ ਬਹਿਸ ਦਾ ਮੁੱਦਾ ਹਨ। ਫ਼ਿਲਮ ਕਲਾ ਦੀ ਚਾਲੂ ਵਿਆਕਰਨ ਦੇ ਮੁਤਾਬਕ ਵੀ ਇਹ ਫ਼ਿਲਮ ਅਖਾਉਤੀ ਚੰਗੀ ਤਕਨੀਕੀ ਫ਼ਿਲਮ ਦੇ ਬਰਾਬਰ ਮੜਿੱਕ ਸਕਦੀ ਹੈ। ਫ਼ਿਲਮ ਕਲਾ ਦੀ ਚਾਲੂ ਵਿਆਕਰਨ ਵਿਚ ਪਟਕਥਾ, ਅਦਾਕਾਰੀ ਅਤੇ ਤਕਨੀਕੀ ਪੱਖ ਸ਼ਾਮਲ ਹੁੰਦੇ ਹਨ।
ਫ਼ਿਲਮ ਦੇ ਮੁੱਢ ਵਿਚ ਆਇਆ ਗੀਤ ‘ਸੂਰਮੇ ਪੰਜ ਪਿਸਤੌਲਾਂ ਵਾਲੇ’ ਕਹਾਣੀ-ਨਿਭਾਅ ਦੇ ਪ੍ਰਸੰਗ ਵਿਚ ਵਾਧੂ ਲੱਗਿਆ। ਜੇ ਇਹ ਗੀਤ ਰੱਖਣਾ ਲਾਜ਼ਮੀ ਸੀ ਤਾਂ ਫ਼ਿਲਮ ਕਾਮਿਆਂ ਦੀ ਨਾਮ-ਸੂਚੀ ਨਾਲ ਪੇਸ਼ ਕੀਤਾ ਜਾ ਸਕਦਾ ਸੀ। ਫ਼ਿਲਮ ਦੀ ਇਸ਼ਤਿਹਾਰਬਾਜ਼ੀ ਵਿਚ ਵਰਤੇ ਗਏ ਪੋਸਟਰ ਨੂੰ ‘ਦਿਲ ਖਿੱਚਵਾਂ’ ਬਣਾਉਣ ਲਈ ‘ਨੈਵਰ ਡੇਅਰ ਅ ਫਾਰਮਰ’ ਲਿਖਿਆ ਹੈ। ਇਹਦੇ ਵਿਚੋਂ ‘ਜੱਟ ਨਾਲ ਪੰਗਾ ਨਾ ਲਵੋ’ ਦੀ ਬੂਅ ਆਉਂਦੀ ਹੈ। ਇਹ ਵਿਚਾਰ ਬਾਈ ਰਾਜੀਵ ਦਾ ਨਹੀਂ ਹੋਵੇਗਾ। ਇਹ ਤਾਂ ਇਸ਼ਤਿਹਾਰਬਾਜ਼ੀ ਦੀ ਮਸ਼ਕ ਦੌਰਾਨ ਜੋੜਿਆ ਗਿਆ ਹੋਵੇਗਾ। ਅੰਤ ਵਿਚ ਇਹੀ ਕਹਾਂਗਾ ਕਿ ਇਸ ਫ਼ਿਲਮ ਦਾ ਵੱਡੇ ਪੱਧਰ ਉੱਤੇ ਪਰਦਾਪੇਸ਼ ਹੋਣਾ ਚੰਗੇ ਵਿਸ਼ਿਆਂ ਉੱਤੇ ਬਣਨ ਵਾਲੀਆਂ ਘੱਟ ਖਰਚੇ ਦੀਆਂ ਫ਼ਿਲਮਾਂ ਲਈ ਚੰਗਾ ਸੁਨੇਹਾ ਹੈ।
Leave a Reply