ਗਰਜਵੇਂ ਨਾਦ ਦਾ ਨਵਾਂ ਪੈਰਾਡਾਈਮ ਸ਼ਿਫਟ
ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
ਫੋਨ: +91-99150-91063
29 ਅਪ੍ਰੈਲ ਤਾਂ ਹਰ ਸਾਲ ਆਉਂਦਾ ਹੈ ਪਰ ਸਾਲ 1986 ਵਾਲਾ 29 ਅਪ੍ਰੈਲ ਸਿੱਖ ਇਤਿਹਾਸ ਲਈ ਵੱਖਰਾ ਹੈ, ਮਹਾਨ ਹੈ, ਸੰਤ-ਸਿਪਾਹੀ ਦਾ ਸੁਮੇਲ ਹੈ, ਚੇਤਨਾ ਦੇ ਅਨੇਕਾਂ ਬੰਦ ਬੂਹੇ ਬਾਰੀਆਂ ਖੋਲਦਾ ਹੈ। ਜੇ ਬਹੁਤ ਹੀ ਡੂੰਘੇ ਉਤਰਨਾ ਹੈ ਤਾਂ ਇਹ ਦਿਨ ‘ਸਮੂਹਕ ਅਵਚੇਤਨ’ ਦਾ ‘ਸਮੂਹਿਕ ਚੇਤਨ’ ਵਿਚ ਪਲਟ ਜਾਣਾ ਹੈ, ਜ਼ਮੀਨ-ਅਸਮਾਨ ਤੱਕ ਧਮਾਲਾਂ ਪਾਉਂਦੀ ਸਿੱਖ-ਸੁਰਤ ਦੀ ਪਰਵਾਜ਼ ਹੈ, ਇਕ ਯੁਗ ਦਾ ਦੂਜੇ ਯੁਗ ਵਿਚ ਪਲਟਣਾ ਹੈ।
ਇਸ ਵਿਚ ਬਹੁਰੰਗੀ ਚੜਤਲ ਦੇ ਕਿੰਨੇ ਸਾਰੇ ਪੈਗਾਮ ਸਨ ਜਿਨਾਂ ਨੂੰ ਇਤਿਹਾਸ ਤੋਂ ਪਾਰ ਜਾ ਕੇ ਹੀ ਸਮਝਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਜੇ ਤੁਸੀਂ ਰੂਹ ਨਾਲ ਕੰਨ ਲਾਏ ਹਨ ਤਾਂ ਇਹ ਸੁਭਾਗਾ ਦਿਨ ਇੱਕ ਤਿਓਹਾਰ ਦੀ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਹੈ, ਜਦੋਂ ਖਾਲਸਾ ਪੰਥ ਦੇ ਆਕਾਸ਼ ਉੱਤੇ ਆਜ਼ਾਦੀ ਦੀ ਰੀਝ ਦਾ ਨਵਾਂ ਸੂਰਜ ਚੜਿਆ ਸੀ, ਜਦੋਂ ਸਿੱਖ ਕੌਮ ਨੇ ਲੰਮੀ ਨੀਂਦ ਤੋਂ ਜਾਗਣ ਵਾਲੇ ਪਾਸੇ ਆਪਣੇ ਮੁਬਾਰਕ ਕਦਮ ਪੁੱਟੇ ਸਨ।
ਆਪਣਾ ਵੱਖਰਾ ਮੁਲਕ ਹੋਵੇ, ਆਪਣੀ ਗੱਲ ਹੋਵੇ, ਆਪਣੀ ਮਰਜ਼ੀ ਹੋਵੇ, ਆਪਣਾ ਆਜ਼ਾਦ ਮੰਚ ਹੋਵੇ ਜਿੱਥੇ ਅਸੀਂ ਖੁੱਲ ਕੇ ਗੁਰੂ ਸਾਹਿਬਾਨ ਦੀ ਤਰਜੇæ-ਜਿੰਦਗੀ, ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਪੈਗਾਮ ਬਿਨਾਂ ਕਿਸੇ ਦਖਲ ਤੋਂ ‘ਆਪਣੇ ਨਜ਼ਰੀਏ’ ਮੁਤਾਬਕ ਪੇਸ਼ ਕਰ ਸਕੀਏ, ਜਿੱਥੇ ਸਾਡੇ ਕੋਲ ਦੁਨੀਆ ਦੇ ਮਾਮਲਿਆਂ ਨੂੰ ਆਰ ਪਾਰ ਹੋ ਕੇ ਦੇਖ ਸਕਣ ਤੇ ਸਮਝ ਸਕਣ ਅਤੇ ਦੁਨੀਆ ਨੂੰ ਬਦਲ ਸਕਣ ਦੀ ਆਪਣੀ ਇੱਕ ਖਾਲਸਾਈ-ਨੀਤੀ ਹੋਵੇ, ਜਿੱਥੇ ਅਸੀਂ ‘ਡਾਰ’ ਦਾ ਹਿੱਸਾ ਬਣ ਕੇ ਵੀ ‘ਡਾਰ’ ਤੋਂ ਵੱਖ ਹੋ ਕੇ ਉਡੀਏ- ਉਸ ਦਿਨ ਦੀ ਉਡੀਕ 29 ਅਪ੍ਰੈਲ 1986 ਨੂੰ ਖਤਮ ਹੋ ਗਈ।
ਆਜ਼ਾਦੀ ਦੀ ਰੀਝ ਤੇ ਆਜ਼ਾਦੀ ਦੀਆਂ ਗੱਲਾਂ ਪਿਛਲੀ ਸਦੀ ਵਿਚ ਕਈ ਵਾਰ ਹੁੰਦੀਆਂ ਰਹੀਆਂ ਸਨ, ਪਰ ਉਨ੍ਹਾਂ ਵਿਚ ਅਮਲਾਂ ਦੀ ਬੇਅੰਤ ਤੇ ਅਸੀਮ ਖੁਸ਼ਬੂ ਅਮਿਤੋ ਸੁਭਾਸ (ਜਾਪੁ ਸਾਹਿਬ) ਗੈਰ ਹਾਜ਼ਰ ਸੀ। ਅਸਲ ਵਿਚ ਉਸਦੀ ਸ਼ੁਰੂਆਤ 29 ਅਪ੍ਰੈਲ 1986 ਨੂੰ ਹੀ ਆਰੰਭ ਹੋਈ ਜਦੋਂ ਦਰਬਾਰ ਸਾਹਿਬ ਦੀ ਪਾਵਨ ਸਰਜ਼ਮੀਨ ਤੋਂ ਪੰਥਕ ਕਮੇਟੀ ਨੇ ਸਿੱਖ ਸਾਵਰਨ ਸਟੇਟ (ਖਾਲਿਸਤਾਨ) ਦਾ ਐਲਾਨਨਾਮਾ ਜਾਰੀ ਕੀਤਾ ਅਤੇ ਇਸ ਐਲਾਨਨਾਮੇ ਨੂੰ ਅਮਲਾਂ ਵਿਚ ਉਤਾਰਨ ਲਈ ਸਿੱਖ ਇਤਿਹਾਸ ਨੇ ਨਵਾਂ ਮੋੜ ਕੱਟਿਆ। ਇਹ ਇੱਕ ਤਰ੍ਹਾਂ ਦਾ ਮਿਊਜ਼ਿਕ ਆਫ ਸੋਲ ਜਾਂ ਰੂਹ ਦਾ ਸੰਗੀਤ ਸੀ ਜਾਂ ਗਰਜਵੇਂ ਨਾਦ ਦਾ ਪੈਰਾਡਾਈਮ ਸ਼ਿਫਟ ਸੀ। ਇੱਕ ਵਾਰ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਬੇਜਾਨ ਪੱਥਰਾਂ ਵਿਚ ਵੀ ਜਾਨ ਪੈ ਗਈ ਸੀ:
ਹਮੀ ਨੇ ਖੋਲ ਕੇ ਲਬ ਰੂਹ ਫੂਕ ਦੀ ਵਰਨਾ,
ਤਮਾਮ ਹਰਫ ਥੇ ਬੇਜਾਨ ਪੱਥਰੋਂ ਕੀ ਤਰਹਿ।
ਆਜ਼ਾਦੀ ਦੀ ਰੀਝ ਨੂੰ ਪਰਬਲ ਤੇ ਪ੍ਰਚੰਡ ਕਰਨ ਲਈ ਹਜ਼ਾਰਾਂ ਸ਼ਹਾਦਤਾਂ ਹੋਈਆਂ, ਸਾਡੇ ਵੀਰ ਫਾਂਸੀਆਂ ਤੇ ਚੜੇ, ਘਰ-ਘਾਟ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੇ ਗਏ। ਪੂਰੇ 10 ਸਾਲ ਖਾਲਿਸਤਾਨ ਦੇ ਇੱਕੋ ਇੱਕ ਨਿਸ਼ਾਨੇ ਉੱਤੇ ਪਹਿਰਾ ਦਿੱਤਾ ਗਿਆ ਪਰ ਕਿਸੇ ਇੱਕ ਦੌਰ ‘ਤੇ ਵੀ ਸਿੰਘਾਂ ਵਿਚ ਦੁਬਿਧਾ ਜਾਂ ਦੁਚਿੱਤੀ ਨਹੀਂ ਆਈ। ਉਸ ਦੌਰ ਵਿਚ ਸੰਘਰਸ਼ ਕਰਨ ਵਾਲੇ ਦਰਜਨਾਂ ਸਿੰਘ ਅਜੇ ਵੀ ਕਈ ਦਹਾਕਿਆਂ ਤੋਂ ਜੇਲਾਂ ਵਿਚ ਨਜ਼ਰਬੰਦ ਹਨ ਅਤੇ ਉਸ ਦੌਰ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਕਈ ਸਿੰਘ ਅਜੇ ਵੀ ਸਾਡੇ ਵਿਚ ਮੌਜੂਦ ਹਨ।
ਇਹ ਠੀਕ ਹੈ ਕਿ ਉਸ ਦੌਰ ਦੀਆਂ ਯਾਦਾਂ ਸਿੱਖ ਕੌਮ ਦੇ ਮਨਾਂ ਵਿਚ ਧੁੰਦਲੀਆਂ ਪੈ ਰਹੀਆਂ ਹਨ ਅਤੇ 29 ਅਪ੍ਰੈਲ 1986 ਵਾਲਾ ਦਿਨ ਮਹਿਜ਼ ਆਜ਼ਾਦੀ ਦੀ ਤਮੰਨਾ ਦਾ ਇੱਕ ਯਾਦਗਾਰੀ ਪ੍ਰਤੀਕ ਵਾਂਗ ਹੀ ਬਣ ਗਿਆ ਜਾਪਦਾ ਹੈ।
ਵੈਸੇ 29 ਅਪ੍ਰੈਲ ਦਾ ਦਿਨ ਇੱਕ ਹੋਰ ਪੱਖ ਤੋਂ ਵੀ ਅਹਿਮ ਹੈ। ਇਹ ਉਹ ਦਿਨ ਸੀ ਜਦੋਂ 29 ਅਪ੍ਰੈਲ 1849 ਨੂੰ ਸਾਡਾ ਆਪਣਾ ਰਾਜ ਖੁੱਸ ਗਿਆ ਸੀ ਅਤੇ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸੀ। 29 ਅਪ੍ਰੈਲ 1986 ਦਾ ਉਹ ਦਿਨ ਸੀ ਜਦੋਂ ਬਹੁ ਗਿਣਤੀ ਦੀ ਅਧੀਨਗੀ ਤੋਂ ਸੁਤੰਤਰ ਹੋਣ ਦਾ ਦਿਨ ਸੀ ਅਤੇ ਜਦੋਂ ਆਪਣੇ ਰਾਜ ਦੀ ਸਥਾਪਨਾ ਲਈ ਸਾਡਾ ਸੰਘਰਸ਼ ਸ਼ੁਰੂ ਹੋ ਗਿਆ ਸੀ, ਪਰ ਇਸ ਦਿਨ ਨੂੰ ਸਿੱਖਾਂ ਦੇ ਮਨ-ਮਸਤਕ ਦਾ ਹਿੱਸਾ ਬਣਾਉਣ ਲਈ ਸਬੰਧਤ ਧਿਰਾਂ, ਗਰੁੱਪਾਂ, ਪਾਰਟੀਆਂ, ਜਥੇਬੰਦੀਆਂ ਵੱਲੋਂ ਨਿਠ ਕੇ ਅਤੇ ਮਿਥ ਕੇ ਕੋਈ ਗੰਭੀਰ ਜਥੇਬੰਦਕ ਯਤਨ ਨਹੀਂ ਕੀਤੇ ਗਏ ਅਤੇ ਨਾ ਹੀ ਇਨ੍ਹਾਂ ਵਿਚ ਆਪਸ ਵਿਚ ਕੋਈ ਸੁਹਿਰਦ ਤੇ ਸਰਗਰਮ ਤਾਲਮੇਲ ਹੈ। ਮਹਿਜ਼ ਕੁਝ ਬਿਆਨ ਜ਼ਰੂਰ ਜਾਰੀ ਕਰ ਦਿੱਤੇ ਜਾਂਦੇ ਹਨ ਜੋ ਰਸਮੀ ਜ਼ਿਆਦਾ ਹਨ ਤੇ ਹਕੀਕੀ ਘੱਟ ਹਨ। ਇਨ੍ਹਾਂ ਕੋਲ ਵੱਖਰੇ ਮੁਲਕ ਦੀ ਸਥਾਪਨਾ ਲਈ ਨਾ ਤਾਂ ਠੋਸ ਦਲੀਲਾਂ ਹਨ ਅਤੇ ਨਾ ਹੀ ਉਹ ਸੰਜੀਦਾ ਤੇ ਗਹਿਰ ਗੰਭੀਰ ਜਾਣਕਾਰੀ ਨਾਲ ਲੈਸ ਹਨ। ਇਸ ਸਮੇਂ ਜਦੋਂ ਕੌਮ ਬਾਰੇ, ਨੇਸ਼ਨ-ਸਟੇਟ ਬਾਰੇ, ਰਾਸ਼ਟਰਵਾਦ ਬਾਰੇ, ਪ੍ਰਭੂ ਸੰਪਨ ਸੰਕਲਪ ਬਾਰੇ, ਐਥਨਿਸਟੀ ਬਾਰੇ, ਕੌਮਾਂ ਦੀ ਵੱਖਰੀ ਪਛਾਣ ਬਾਰੇ ਵੱਡੀਆਂ ਬਹਿਸਾਂ ਹੋ ਰਹੀਆਂ ਹਨ ਅਤੇ ਇਸ ਸਬੰਧੀ ਢੇਰਮ-ਢੇਰ ਸਾਹਿਤ ਅਤੇ ਕਿਤਾਬਾਂ ਮਿਲਦੀਆਂ ਹਨ, ਪਰ ਖਾਲਿਸਤਾਨ ਦੇ ਹਮਦਰਦ ਵਿਦਵਾਨਾਂ ਵਿਚ ਇਨ੍ਹਾਂ ਰੁਝਾਨਾਂ ਦੇ ਧੁਰ ਅੰਦਰ ਤੱਕ ਪਹੁੰਚਣ ਲਈ ਸਤਈ ਕਿਸਮ ਦੀ ਵੀ ਦਿਲਚਸਪੀ ਨਹੀਂ। ਕਿਉਂ ਨਹੀਂ? ਅੱਜ ਇਸ ਦੇ ਕਾਰਨਾਂ ਤੱਕ ਪਹੁੰਚਣ ਦੀ ਵੱਡੀ ਲੋੜ ਹੈ। ਇਹ ਵੀ ਇੱਕ ਕੌੜਾ ਸੱਚ ਹੈ ਕਿ ਸਿੱਖ ਵਿਦਵਾਨਾਂ ਦਾ ਵੱਡਾ ਹਿੱਸਾ ਭਾਰਤੀ ਰਾਸ਼ਟਰਵਾਦ ਦੀ ਕੈਦ ਵਿਚੋਂ ਅਜੇ ਬਾਹਰ ਨਹੀਂ ਨਿਕਲ ਸਕਿਆ। ਹੁਣ ਜਦੋਂ ਕਿ ਭਾਰਤੀ ਰਾਸ਼ਟਰਵਾਦ ਅਤੇ ਹਿੰਦੂ ਰਾਸ਼ਟਰਵਾਦ ਵਿਚ ਕੋਈ ਬਹੁਤਾ ਅੰਤਰ ਨਹੀਂ ਰਹਿ ਗਿਆ ਤਾਂ ਉਸ ਸਮੇਂ ਇਨ੍ਹਾਂ ਵਿਦਵਾਨਾਂ ਵਿਚ ਸਿੱਖ ਰਾਸ਼ਟਰਵਾਦ ਦੀਆਂ ਬਾਰੀਕੀਆਂ ਨੂੰ ਸਮਝਣ ਅਤੇ ਉਨ੍ਹਾਂ ਦੀ ਬਹੁਪਰਤੀ ਅਤੇ ਵਨ-ਸਵੰਨੀ ਵਿਆਖਿਆ ਲਈ ਨਾ ਤਾਂ ਵਿਅਕਤੀਗਤ ਤੌਰ ‘ਤੇ ਅਤੇ ਨਾ ਹੀ ਇੱਕ ਟੀਮ ਦੇ ਰੂਪ ਵਿਚ ਜਾਨਣ-ਸਮਝਣ ਦੇ ਯਤਨ ਹੋ ਰਹੇ ਹਨ। ਇਹ ਵਿਦਵਾਨ ਜਦੋਂ ਵੱਖਰੀ ਸਿੱਖ ਪਛਾਣ ਦੀ ਗੱਲ ਵੀ ਕਰਦੇ ਹਨ ਅਤੇ ਹੋਕਾ ਵੀ ਦਿੰਦੇ ਹਨ ਤਾਂ ਉਨ੍ਹਾਂ ਦੀ ਅਚੇਤ-ਸੁਚੇਤ ਸਾਂਝ ਭਾਰਤੀ ਰਾਜ ਪ੍ਰਣਾਲੀ ਨਾਲ ਹੀ ਕਿਤੇ ਨਾ ਕਿਤੇ ਜੁੜੀ ਹੁੰਦੀ ਹੈ। ਦਰਬਾਰ ਸਾਹਿਬ ਦੇ ਭਿਆਨਕ ਸਾਕੇ ਤੋਂ ਪਿੱਛੋਂ ਵੀ ਇਹ ਵਿਦਵਾਨ ਅਜੇ ਵੀ ਅਭਿਗ ਤੇ ਆਤਮ ਨਕੋਰ ਜਾਪਦੇ ਹਨ ਤੇ ਖਾਲਸਾਈ ਤਾਜ਼ਗੀ ਤੋਂ ਦੂਰੀ ਉੱਤੇ ਵਿਚਰ ਰਹੇ ਹਨ।
ਅੱਜ ਦੇ ਦਿਨ ਕੁਝ ਸ਼ਬਦਾਂ ਨੂੰ ਮੁੜ ਯਾਦ ਕਰਨ ਅਤੇ ਦੁਹਰਾਉਣ ਦੀ ਵੀ ਲੋੜ ਹੈ; ਕਿਉਂਕਿ ਸਾਡੇ ਰਾਜਨੀਤਿਕ ਤੇ ਧਾਰਮਿਕ ਪ੍ਰਚਾਰਕਾਂ ਤੋਂ ਲੈ ਕੇ ਵਿਦਵਾਨਾਂ ਤੱਕ ਇਨ੍ਹਾਂ ਸ਼ਬਦਾਂ ਦੀ ਵਰਤੋਂ ਤਾਂ ਕਰਦੇ ਹਨ, ਪਰ ਇਨ੍ਹਾਂ ਅਰਥਾਂ ਦੇ ਪਵਿੱਤਰ ਰਿਸ਼ਤੇ ਨੂੰ ‘ਸਿੱਖ ਸੋਵਰਨ ਸਟੇਟ’ ਦੇ ਸੰਕਲਪ ਨਾਲ ਜੋੜ ਕੇ ਨਹੀਂ ਵੇਖਦੇ- ਜਾਣ ਬੁਝ ਕੇ ਵੀ, ਕਿਸੇ ਅਚੇਤ ਤੇ ਸੁਚੇਤ ਡਰ ਕਰਕੇ ਵੀ ਅਤੇ ਗੁਮਰਾਹ ਕਰਕੇ ਵੀ। ਮਿਸਾਲ ਵਜੋਂ ਹਲੇਮੀ ਰਾਜ, ਬੇਗਮਪੁਰਾ, ਪੂਰਨ ਆਜ਼ਾਦੀ, ਨਿਹਚਲ ਰਾਜ, ਆਜ਼ਾਦੀ, ਸਰਬੱਤ ਦਾ ਭਲਾ, ਖਾਲਸਾ ਰਾਜ ਵਗੈਰਾ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ; ਹਾਲਾਂਕਿ ਇਨ੍ਹਾਂ ਸ਼ਬਦਾਂ ਵਿਚ ਪ੍ਰਭੂ ਸੰਪਨ ਸੰਕਲਪ ਦੇ ਅਰਥ ਹੀ ਲੁਕੇ ਹੁੰਦੇ ਹਨ, ਪਰ ਉਹ ਪ੍ਰਚਾਰਕ ਇਨ੍ਹਾਂ ਸ਼ਬਦਾਂ ਨੂੰ ਅੰਤਰਰਾਸ਼ਟਰੀ ਪ੍ਰਚਲਤ ਸ਼ਬਦਾਵਲੀ ਅਤੇ ਮੁਹਾਵਰੇ ਨਾਲ ਜੋੜਨ ਤੋਂ ‘ਸੁਚੇਤ ਸੰਕੋਚ’ ਕਰਦੇ ਹਨ। ਇਸ ਦੁਬਿਧਾ ਤੇ ਦੁਖਾਂਤ ਤੋਂ ਮੁਕਤ ਹੋਣ ਲਈ ਵੀ ਅੱਜ ਦੇ ਦਿਨ ਨੂੰ ਯਾਦ ਕਰਨਾ ਬਣਦਾ ਹੈ।
ਸਾਡੇ ਰਾਜਨੀਤਕ ਦਰਦ ਨੂੰ ਬੇਪਛਾਣ ਕਰਨ ਅਤੇ ਇਸ ਦਰਦ ਉੱਤੇ ਧੁੰਦ ਦੀ ਚਾਦਰ ਵਿਛਾਉਣ ਲਈ ਕੌਮ ਦੇ ਅੰਦਰੋਂ ਵੀ ਅਤੇ ਬਾਹਰੋਂ ਵੀ ਯਤਨ ਹੋ ਰਹੇ ਹਨ। ਅੱਜ ਇਹ ਸਮਝਣ ਦੀ ਲੋੜ ਹੈ। ਆ“, ਅੱਜ ਦੇ ਦਿਨ ਵਿਚਾਰਾਂ ਨੂੰ ਸੁੱਚੇ ਜਜ਼ਬਿਆਂ ਦੇ ਅਧੀਨ ਰੱਖ ਕੇ ਸਵਾਲਾਂ ਵਰਗੇ ਜਵਾਬਾਂ ਨੂੰ ਜਾਨਣ ਦੀ ਕੋਸ਼ਿਸ਼ ਕਰੀਏ। ਇਹ ਸੱਚ ਤਾਂ ਸਾਡੇ ਦਿਲ ਵਿਚ, ਸਾਡੇ ਰੋਮ ਰੋਮ ਵਿਚ ਵਸਿਆ ਹੋਇਆ ਹੈ ਕਿ ਸਾਡੇ ਗੁਰੂ ‘ਪਾਤਸ਼ਾਹ’ ਹਨ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ‘ਦਸਾਂ ਪਾਤਸ਼ਾਹੀਆਂ’ ਦੀ ਜਾਗਤ ਜੋਤ ਕਹਿੰਦੇ ਹਾਂ। ਸਾਡੇ ਗੁਰੂ ‘ਰਾਜ ਅਤੇ ਜੋਗ’ ਦੇ ਮਾਲਕ ਹਨ, ਮੀਰੀ ਤੇ ਪੀਰੀ ਦਾ ਸੁਮੇਲ ਹਨ। ਅਸੀਂ ਹਰ ਰੋਜ਼ ਅਰਦਾਸ ਕਰਕੇ ‘ਰਾਜ ਕਰੇਗਾ ਖਾਲਸਾ’ ਦਾ ਹੋਕਾ ਵੀ ਦਿੰਦੇ ਹਾਂ। ਅਸੀਂ ਇਤਿਹਾਸ ਵਿਚ ਦੋ ਰਾਜ ਵੀ ਹੰਢਾਏ ਹਨ। ਹੋਰਨਾ ਮੁਲਕਾਂ ਨਾਲ ਸਾਡੇ ਰਾਜਨੀਤਕ ਸਬੰਧ ਰਹੇ ਹਨ ਅਤੇ ਉਨ੍ਹਾਂ ਨਾਲ ਬਾਕਾਇਦਾ ਸੰਧੀਆਂ ਵੀ ਹੋਈਆਂ ਹਨ। ‘ਸੁਰਤ-ਸ਼ਬਦ’ ਦੀ ਦਾਰਸ਼ਨਿਕ ਅਤੇ ਰੂਹਾਨੀ ਨੀਂਹ ਉੱਤੇ ਸਾਡਾ ਸਮਾਜ ਵੀ ਉਸਰਿਆ ਹੈ। ਅਸੀਂ ਪਾਤਸ਼ਾਹੀ ਦਾਅਵੇ ਦੀਆਂ ਗੱਲਾਂ ਵੀ ਕਰਦੇ ਰਹਿੰਦੇ ਹਾਂ ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਪਾਤਸ਼ਾਹੀ ਦਾਅਵੇ ਨੂੰ ਧਰਤੀ ਉੱਤੇ ਕਿਉਂ ਨਾ ਉਤਾਰੀਏ? ਇਸ ਲਈ ਆਓ 29 ਅਪ੍ਰੈਲ 1986 ਦੇ ਐਲਾਨਨਾਮੇ ਵਿਚ ਜੋ ਇਕਰਾਰ ਕੀਤਾ ਗਿਆ ਸੀ, ਉਸ ਇਕਰਾਰਨਾਮੇ ਦੇ ਅਧੂਰੇ ਸਫਰ ਨੂੰ ਮੁਕੰਮਲ ਕਰਨ ਲਈ ਅਗਲੇ ਕਦਮਾਂ ਦੀ ਨਿਸ਼ਾਨਦੇਹੀ ਕਰੀਏ।
( ਨੀਲੇ ਘੋੜੇ ਦਾ ਸ਼ਾਹ ਅਸਵਾਰ ਸਦਾ ਸਾਡੇ ਅੰਗ ਸੰਗ ਰਹੇ)
ਹਨੇਰੀ ਵਗਣ ਹੀ ਵਾਲੀ ਹੈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ
ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨ ਦੇ ਫੈਸਲੇ ਮਗਰੋਂ ਚੱਲ ਰਹੀ ਬਹਿਸ ਦਾ ਇੱਕ ਪੱਖ ਇਹ ਹੈ ਕਿ ਚੋਣਾਂ ਵਿਚ ਸਾਨੂੰ ਕੁਝ ਨਹੀਂ ਹਾਸਲ ਹੋਣ ਲੱਗਾ। ਭਾਈ ਅੰਮ੍ਰਿਤਪਾਲ ਸਿੰਘ ਵੀ ਇੱਥੇ ਹੀ ਖੜੇ ਹਨ ਜਿਵੇਂ ਕਿ ਉਨ੍ਹਾਂ ਬਾਰੇ ਇੱਕ ਪੋਸਟ ਵੱਡੀ ਪੱਧਰ ‘ਤੇ ਵਾਇਰਲ ਵੀ ਹੋ ਰਹੀ ਹੈ। ਪਰ ਦੂਜਾ ਪੱਖ ਵੀ ਸੋਚਣ-ਵਿਚਾਰਨ ਵਾਲਾ ਹੈ ਕਿ ਭਾਵੇਂ ਸਮੁੱਚੇ ਰੂਪ ਵਿਚ ਸਾਨੂੰ ਕੁਝ ਨਹੀਂ ਹਾਸਲ ਹੋਣਾ, ਪਰ ਰਣਨੀਤਕ ਅਤੇ ਰਾਜਨੀਤਕ ਸਿਆਣਪ ਇਹੋ ਮੰਗ ਕਰਦੀ ਹੈ ਕਿ ਸਿਧਾਂਤ ਉੱਤੇ ਅਡੋਲ ਪਹਿਰਾ ਦਿੰਦਿਆਂ ਸਾਨੂੰ ਜੇ ਲੋੜ ਪਵੇ ਤਾਂ ਇਹ ਮੈਦਾਨ ਦੁਸ਼ਮਣਾਂ ਲਈ ਖਾਲੀ ਵੀ ਨਹੀਂ ਛੱਡਣਾ ਚਾਹੀਦਾ ਅਤੇ ਚੋਣ ਲੜ ਲੈਣੀ ਚਾਹੀਦੀ ਹੈ। ਸੱਚੀ ਗੱਲ ਇਹ ਹੈ ਕਿ ਆਰੰਭ ਵਿਚ ਮੈਂ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਹੱਕ ਵਿਚ ਨਹੀਂ ਸੀ; ਕਿਉਂਕਿ ਮੈਂ ਉਸ ਨੂੰ ਖਾਲਸਾ ਪੰਥ ਦਾ ਵਰਤਮਾਨ ਸਮਿਆਂ ਵਿਚ ਨਾਇਕ ਮੰਨਦਾ ਹਾਂ ਜੋ ਸੰਤ ਜਰਨੈਲ ਸਿੰਘ, ਜੁਝਾਰੂ ਲਹਿਰ ਅਤੇ ਦੀਪ ਸਿੱਧੂ ਦੀ ਲੜੀ ਵਿਚ ਖਲੋਤਾ ਹੈ। ਕਲਚਰ ਦੇ ਫਰੰਟ ਉੱਤੇ ਕਿਸੇ ਹੱਦ ਤੱਕ ਸਿੱਧੂ ਮੂਸੇ ਵਾਲਾ ਵੀ ਇਸੇ ਲੜੀ ਵਿਚ ਆਉਂਦਾ ਹੈ। ਜੇ ਚੋਣ ਲੜਨੀ ਹੀ ਹੈ ਤਾਂ ਹੋਰ ਕੋਈ ਬੇਸ਼ਕ ਲੜੇ ਪਰ ਅੰਮ੍ਰਿਤਪਾਲ ਸਿੰਘ ਦਾ ਮਰਤਬਾ ਉਹ ਹੋਵੇ ਜੋ ਸ਼ਿਵ ਸੈਨਾ ਵਿਚ ਬਾਲ ਠਾਕਰੇ ਦਾ ਸੀ। ਚੋਣ ਲੜਨੀ ਉਸ ਵੱਲੋਂ ਹਾਸਲ ਕੀਤੇ ਰਾਜਨੀਤਕ ਕਦ ਤੋਂ ਕਿਤੇ ਹੇਠਾਂ ਹੈ, ਕਿਤੇ ਛੋਟੀ ਹੈ। ਪਰ ਚਲੋ, ਜੇਕਰ ਮੈਂ ਹੁਣ ਸਿਧਾਂਤ ਦੇ ਉਪਦੇਸ਼ ਦੇਣ ਲੱਗ ਪਿਆ ਤਾਂ ਅਸੀਂ ਮੂਲ ਮੁੱਦੇ ਤੋਂ ਭਟਕ ਜਾਵਾਂਗੇ ਅਤੇ ਮੂਲ ਮੁੱਦਾ ਹੁਣ ਇਹੋ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਡਟ ਕੇ ਖਲੋਤਾ ਜਾਵੇ, ਤਨ ਮਨ ਤੇ ਧਨ ਨਾਲ ਖਲੋਤਾ ਜਾਵੇ, ਬਾਕੀ ਰੋਸੇ-ਗਿਲੇ ਬਾਅਦ ਵਿਚ ਕਰ ਲਵਾਂਗੇ। ਮੇਰਾ ਖਿਆਲ ਹੈ ਕਿ ਜੇਕਰ ਭਾਈ ਅੰਮ੍ਰਿਤ ਪਾਲ ਸਿੰਘ ਦੇ ਨਾਲ ਨਾਲ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਦੇ ਹੱਕ ਵਿਚ ਜਥੇਬੰਦਕ ਅਤੇ ਵਿਚਾਰਧਾਰਕ ਹਨੇਰੀ ਲਿਆਂਦੀ ਜਾਵੇ ਤਾਂ ਜਿੱਤ ਦੀ ਸੂਰਤ ਇਨ੍ਹਾਂ ਤਿੰਨਾਂ ਦਾ ਰਲ ਕੇ ਇੱਕ ਵੱਖਰਾ ਰਾਜਨੀਤਿਕ ਪੈਟਰਨ ਬਣਦਾ ਹੈ ਜਾਂ ਇੱਕ ਨਵਾਂ ਨਕਸ਼ਾ, ਨਵੀਂ ਨੁਹਾਰ ਤੇ ਨਵਾਂ ਜੋੜ-ਮੇਲ ਉਭਰ ਕੇ ਸਾਹਮਣੇ ਆਉਂਦਾ ਹੈ, ਜੋ ਆਪਣੇ ਰਾਜਨੀਤਕ ਹੁਨਰ, ਸਿਆਣਪ ਅਤੇ ਗੰਭੀਰਤਾ ਨਾਲ ਸਾਡੀ ਗੱਲ ਅੰਤਰਰਾਸ਼ਟਰੀ ਪੱਧਰ ‘ਤੇ ਲਿਜਾ ਸਕਦੇ ਹਨ। ਵੈਸੇ ਸੁਖਪਾਲ ਖਹਿਰਾ ਨੂੰ ਵੀ ਘੱਟੋ-ਘੱਟ ਸੰਗਰੂਰ ਤੋਂ ਨਹੀਂ ਸੀ ਖਲੋਣਾ ਚਾਹੀਦਾ ਕਿਉਂਕਿ ਜਿਵੇਂ ਉਹ ਪੰਜਾਬ ਦੇ ਹੱਕਾਂ ਲਈ ਪਾਰਟੀ ਤੋਂ ਉਪਰ ਉੱਠ ਕੇ ਗੱਲਾਂ ਅਕਸਰ ਹੀ ਕਰਦੇ ਹਨ, ਉਨ੍ਹਾਂ ਨੂੰ ਤਾਂ ਕੋਈ ਹੋਰ ਹਲਕਾ ਚੁਣਨਾ ਚਾਹੀਦਾ ਸੀ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਵਰਤਮਾਨ ਹਾਲਤਾਂ ਵਿਚ ਸਿਮਰਨਜੀਤ ਸਿੰਘ ਮਾਨ ਦੇ ਵਿਰੁੱਧ ਲੜਨਾ ਇੱਕ ਤਰਾਂ ਨਾਲ ਵੱਡਾ ਰਾਜਨੀਤਕ ਗੁਨਾਹ ਹੈ। ਵੈਸੇ ਤਿੰਨਾਂ ਦਾ ਜਿੱਤਣਾ ਕੋਈ ਵੱਡੀ ਗੱਲ ਨਹੀਂ। ਇਤਿਹਾਸ ਵਿਚ ਵੱਡੇ ਵੱਡੇ ਕ੍ਰਿਸ਼ਮੇ ਹੁੰਦੇ ਰਹੇ ਹਨ। ਇਕ ਸਮਾਂ ਸੀ ਜਦੋਂ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਕੋਈ ਵੀ ਜਥੇਬੰਦਕ ਢਾਂਚਾ ਨਹੀਂ ਸੀ, ਪਰ ਕਾਂਗਰਸ ਤੇ ਅਕਾਲੀ ਦਲ ਤੋਂ ਮਾਯੂਸ ਲੋਕਾਂ ਨੇ ਤੇ ਖਾਸ ਕਰਕੇ ਨੌਜਵਾਨ ਉਸ ਸਮੇਂ ਘਰਾਂ ਵਿਚੋਂ ਹੜ ਦੀ ਸ਼ਕਲ ਵਿਚ ਬਾਹਰ ਆ ਗਏ ਤੇ ਕਿੰਨੇ ਐਮ.ਪੀ. ਜਿੱਤੇ। ਅੱਜ ਵੀ ਇਹੋ ਜਿਹਾ ਚਮਤਕਾਰ ਵਾਪਰ ਸਕਦਾ ਹੈ। ਪਰ ਅੱਜ ਪੰਜਾਬ ਵਿਚ ਵੱਡਾ ਖਲਾਅ ਹੈ, ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇਕਰ ਪੰਜਾਬ ਦੀ ਜਵਾਨੀ ਅਤੇ ਲੋਕ ਆਪਣੀਆਂ ਵੇਲਾ ਵਿਹਾ ਚੁੱਕੀਆਂ ਰਾਜਨੀਤਿਕ ਪਾਰਟੀਆਂ ਤੋਂ ਬਗਾਵਤ ਕਰਕੇ ਇਨ੍ਹਾਂ ਤਿੰਨਾਂ ਦੇ ਸਿਰਾਂ ਉੱਤੇ ਜਿੱਤ ਦਾ ਤਾਜ ਰੱਖਣ। -ਕਰਮਜੀਤ ਸਿੰਘ ਚੰਡੀਗੜ੍ਹ