ਮਨੁੱਖੀ ਬੁੱਧੀ ਬਨਾਮ ਮਸਨੂਈ ਬੁੱਧੀ

ਗੁਲਜ਼ਾਰ ਸਿੰਘ ਸੰਧੂ
ਡਾ. ਮਹਿੰਦਰ ਸਿੰਘ ਰੰਧਾਵਾ ਵਲੋਂ ਸਥਾਪਤ ਕੀਤੀ ਪੰਜਾਬ ਕਲਾ ਪ੍ਰੀਸ਼ਦ ਦੀ ਪੰਜਾਬ ਸਾਹਿਤ ਅਕਾਡਮੀ ਹਰ ਮਹੀਨੇ ਬੰਦਨਵਾਰ ਲੜੀ ਵਿਚ ਨਵੇਂ ਲੇਖਕਾਂ ਦੀਆਂ ਰਚਨਾਵਾਂ ਉਤੇ ਵਿਚਾਰ ਵਟਾਂਦਰਾ ਕਰਦੀ ਹੈ| ਇਸਦੇ ਵਿਚ ਵਿਚਾਲੇ ਵਾਲੇ ਪ੍ਰੋਗਰਾਮ ਵੀ ਸਿਖਿਆਦਾਇਕ ਤੇ ਪ੍ਰਭਾਵੀ ਹੁੰਦੇ ਹਨ| ਪਿਛਲੇ ਸਪਤਾਹ ਦੇ ਦੋ ਰੋਜ਼ਾ ਪ੍ਰੋਗਰਾਮ ਵਿਚ ਮਨੁੱਖ ਤੋਂ ਪਾਰ ਦੇ ਮਾਨਵਵਾਦੀ ਸੰਦਰਭ ਉਤੇ ਨਿੱਠ ਕੇ ਬਹਿਸ ਹੋਈ|

ਇਸ ਵਿਚ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ, ਪੰਜਾਬ ਸਾਹਿਤ ਅਕਾਡਮੀ ਦੀ ਪ੍ਰਧਾਨ ਸਰਬਜੀਤ ਕੌਰ ਸੋਹਲ ਤੇ ਸਕੱਤਰ ਰਵੇਲ ਸਿੰਘ ਤੋਂ ਬਿਨਾ ਦੋ ਦਰਜਨ ਦੇ ਲਗਪਗ ਚਿੰਤਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਕੇਂਦਰੀ ਸਾਹਿਤ ਅਕਾਡਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਾਰਨਾ ਦੇ ਮੁੱਖ ਨੁਕਤਿਆਂ ਦਾ ਵਿਸ਼ਲੇਸ਼ਣ ਪੇਸ਼ ਕਰ ਕੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ| ਉਸਨੇ ਬਰਟਰੰਡ ਰਸਲ ਤੇ ਆਰਨਲ ਟੋਇਨਬੀ ਦੇ ਹਵਾਲੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਮੂਲ ਧਾਰਨਾ ਉੱਤੇ ਚਾਨਣਾ ਪਾਉਂਦਿਆਂ ਸਿੱਧ ਕੀਤਾ ਕਿ ਜਦੋਂ ਤੱਕ ਕਿਰਤ ਕਰਨ, ਵੰਡ ਛਕਣ, ਨਾਮ ਜਪਣ ਤੇ ਸਰਬੱਤ ਦਾ ਭਲਾ ਤੋਂ ਸੇਧ ਲੈਂਦੇ ਰਹਾਂਗੇ ਮਾਨਵ ਜਾਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ| ਜੇ ਆਪਣੀ ਹੋਂਦ ਦੇ ਪੰਜਾਹ ਹਜ਼ਾਰ ਸਾਲਾਂ ਵਿਚ ਮਾਨਣ ਦਾ ਕੁਝ ਨਹੀਂ ਵਿਗੜਿਆ ਤਾਂ ਭਵਿਖ ਵਿਚ ਵੀ ਕੋਈ ਖਤਰਾ ਨਹੀਂ|
ਦੋ ਦਰਜਨ ਬੁਲਾਰਿਆਂ ਵਿਚੋਂ ਅੱਧੀ ਦਰਜਨ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੁੱਧੀ) ਤੋਂ ਚਿੰਤਤ ਸਨ ਪਰ ਬਾਕੀ ਦਿਆਂ ਨੇ ਇਸ ਤੋਂ ਖਬਰਦਾਰ ਰਹਿ ਕੇ ਭਵਿੱਖ ਦੀ ਸਿਰਜਣਾ ਦਾ ਰਾਹ ਦਿਖਾਇਆ| ਕੰਪਿਊਟਰੀ ਮਸ਼ੀਨਾਂ (ਕੰਪਿਊਟਰ) ਵਿਚ ਸੋਚਣ, ਵਿਸ਼ਲੇਸ਼ਣ ਕਰਨ ਅਤੇ ਕਮਾਲ ਦੇ ਫੈਸਲੇ ਲੈਣ ਦੀ ਸਮਰੱਥਾ ਲਗਾਤਾਰ ਨਵੇਂ ਦਿਸਹੱਦੇ ਛੋਹ ਰਹੀ ਹੈ| ਵਿਗਿਆਨੀਆਂ ਦਾ ਅਨੁਮਾਨ ਹੈ ਕਿ 2062 ਤੱਕ ਕੰਪਿਊਟਰ ਲਗਭਗ ਮਨੁੱਖੀ ਦਿਮਾਗ ਵਾਂਗ ਲਿਆਕਤ ਹਾਸਲ ਕਰ ਲਏਗਾ ਤੇ ਸਮੁੱਚੀ ਦੁਨੀਆਂ ਦੇ ਕਾਰੋਬਾਰ, ਰਾਜਨੀਤੀ, ਯੁੱਧ, ਰੋਜ਼ਾਨਾ ਜ਼ਿੰਦਗੀ ਦੇ ਕਾਰ ਵਿਹਾਰ, ਤੇ ਹੋ ਸਕਦਾ ਮੌਤ ਨੂੰ ਵੀ ਕੰਟਰੋਲ ਕਰਨ ਵਿਚ ਸਫ਼ਲ ਹੋ ਜਾਵੇ| ਕੰਪਿਊਟਰ ਦੇ ਸਿੱਖਣ, ਸੋਚਣ, ਸਮਝਣ, ਫ਼ੈਸਲਾ ਲੈਣ ਅਤੇ ਤੇਜ਼ ਰਫ਼ਤਾਰੀ ਨਾਲ ਸਮੱਸਿਆਵਾਂ ਦੇ ਹੱਲ ਕੱਢਣ ਨਾਲ ਮਨੁੱਖ ਦੀ ਲਿਆਕਤ, ਸ਼ਕਤੀ, ਮਾਨਸਿਕ ਗਤੀਵਿਧੀਆਂ ਦੀ ਕਾਰਗੁਜ਼ਾਰੀ ਕਿਤੇ ਬਹੁਤ ਪਿੱਛੇ ਰਹਿ ਜਾਵੇਗੀ| ਮਨੁੱਖ ਦੀ ਯਾਦਦਾਸ਼ਤ ਸੀਮਤ ਹੋ ਸਕਦੀ ਹੈ| ਪ੍ਰੰਤੂ ਮਸ਼ੀਨ ਨਾ ਭੁੱਲਦੀ ਹੈ ਨਾ ਗਲਤੀ ਕਰਦੀ ਹੈ ਤੇ ਉਸਦੀ ਯਾਦਦਾਸ਼ਤ ਨੂੰ ਬਦਾਮਾਂ ਦੀ ਲੋੜ ਨਹੀਂ ਹੁੰਦੀ| ਜੋ ਗਿਆਨ ਇੰਟਰਨੈਟ ਰਾਹੀ ਮੁਫ਼ਤ ਮਿਲ ਰਿਹਾ ਹੈ ਉਸ ਦੇ ਪਿਛੋਕੜ ਵਿਚ ਵੀ ਰਾਜਨੀਤੀ, ਕਾਰਪੋਰੇਟ ਦੇ ਲੁਕਵੇਂ ਮਨਸੂਬੇ ਅਤੇ ਸੱਤਾ ਪ੍ਰਾਪਤੀ ਦੀ ਖਾਹਿਸ਼ ਅਪ੍ਰਤੱਖ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ|
ਐਲਨ ਮਸਕ ਤਾਂ ਇਹ ਵੀ ਮੰਨਦਾ ਹੈ ਕਿ ਮਸਨੂਈ ਬੁੱਧੀ ਸਾਡੇ ਸੁਪਨਿਆਂ, ਸੋਚਾਂ ਤੇ ਵਿਚਾਰਾਂ ਵਿਚ ਤੇਜ਼ੀ ਨਾਲ ਪਰਿਵਰਤਨ ਲਿਆਉਣ ਦੇ ਸਮਰੱਥ ਹੈ| ਇਸ ਲਈ ਇਹ ਐਟਮੀ ਹਥਿਆਰਾਂ ਤੋਂ ਵੀ ਵਧੇਰੇ ਘਾਤਕ ਹੋ ਸਕਦੀ ਹੈ| ਰਾਜਨੀਤੀਵਾਨ ਅਤੇ ਕਾਰਪੋਰੇਟ ਨਿਯਮਾਂ ਨੂੰ ਆਪਣੇ ਅਨੁਸਾਰੀ ਭੁਗਤਾਉਣ ਦੇ ਨਾਲ ਨਾਲ ਪਾਵਰ ਕੰਟਰੋਲ ਸੈਂਟਰ `ਤੇ ਕਬਜ਼ਾ ਜਮਾਉਣ ਤੋਂ ਗੁਰੇਜ਼ ਨਹੀਂ ਕਰਨਗੇ ਤੇ ਕਰ ਵੀ ਰਹੇ ਹਨ| ਉਸਦਾ ਮੱਤ ਹੈ ਕਿ ਜਿਸ ਮੋਬਾਈਲ ਫ਼ੋਨ ਨੂੰ ਅਸੀਂ ਸਾਹਾਂ ਵਾਂਗ ਨਾਲ ਰੱਖਦੇ ਹਾਂ ਉਹ ਹਰ ਪਲ ਸਾਡੇ ਬੋਲਾਂ, ਸੋਚਾਂ, ਵਿਚਾਰਾਂ, ਕਾਰਜਸ਼ੀਲਤਾ, ਪਸੰਦਗੀਆਂ, ਨਾ ਪਸੰਦਗੀਆਂ, ਲੋਕੇਸ਼ਨਾਂ, ਕਾਰਜਾਂ, ਖਾਹਿਸ਼ਾਂ ਆਦਿ `ਤੇ ਨਿਗਰਾਨੀ ਰਖਦਾ ਹੈ| ਅਸੀਂ ਹਰ ਪੱਖ ਤੋਂ ਨੰਗੇ ਹਾਂ| ਜੇ ਅੱਜ ਨਹੀਂ ਤਾਂ ਕੱਲ੍ਹ ਹੋ ਜਾਵਾਂਗੇ|
ਚਿੰਤਾ ਬਚਿੰਤਾ ਦੇ ਇਸ ਮਾਹੌਲ ਵਿਚ ਇਹ ਦਲੀਲ ਵੀ ਪੇਸ਼ ਹੋਈ ਕਿ ਮਾਨਵਵਾਦੀ ਸਥਿਤੀਆਂ ਨੂੰ ਸਮਝੇ ਬਗੈਰ ਉੱਤਰ ਮਾਨਵਵਾਦੀ ਸਥਿਤੀਆਂ ਨੂੰ ਨਹੀਂ ਸਮਝਿਆ ਜਾ ਸਕਦਾ| ਕਿਰਤ ਦੇ ਸੰਕਲਪ ਦੇ ਦੂਹਰੇ ਅਰਥਾਂ `ਤੇ ਚਾਨਣਾ ਪਾ ਕੇ ਇਹ ਵੀ ਦਰਸਾਇਆ ਗਿਆ ਕਿ ਇਕ ਪਾਸੇ ਤਾਂ ਕਿਰਤ ਦਾ ਅਰਥ ਰੋਟੀ ਹੈ ਪਰ ਦੂਜੇ ਪਾਸੇ ਇਸ ਦਾ ਪ੍ਰਤੀਕਾਤਮਕ ਅਰਥ ਵੀ ਹੈ| ਜੇ ਨੀਤਸ਼ੇ ਦੇ ਮਹਾਮਾਨਵ ਵਿਚੋਂ ਹਿਟਲਰ ਪੈਦਾ ਹੁੰਦਾ ਹੈ ਤਾਂ ਗੁਰਬਾਣੀ ਦੇ ਮਹਾਮਾਨਵ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਧਾਰਨਾ ਵੀ ਸਾਹਮਣੇ ਆਈ ਕਿ ਪੋਸਟ ਹਿਊਮਨਿਜ਼ਮ ਦੀ ਅਸਲ ਪਰਖ ਕਿਰਤ ਅਤੇ ਕਿਰਤੀ ਦੇ ਪ੍ਰਸੰਗ ਵਿਚ ਹੀ ਹੋਣੀ ਚਾਹੀਦੀ ਹੈ| ਕਿਰਤ ਨੇ ਬਾਹਰੀ ਰੂਪ ਤਾਂ ਬਦਲਿਆ ਪਰ ਇਸਦਾ ਅੰਦਰੂਨੀ ਸਰੂਪ ਨਹੀਂ ਬਦਲਿਆ| ਅੰਦਰੂਨੀ ਪੱਧਰ `ਤੇ ਅੱਜ ਵੀ ਕਿਰਤੀ ਉੱਤੇ ਤਸ਼ੱਦਦ ਜਾਰੀ ਹਨ ਅਤੇ ਉਨ੍ਹਾਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਹੈ| ਇੱਕ ਨਤੀਜਾ ਇਹ ਵੀ ਕੱਢਿਆ ਗਿਆ ਕਿ ਸਾਨੂੰ ਵਰਤਮਾਨ ਦੌਰ ਦੀਆਂ ਚੁਣੌਤੀਆਂ ਦਾ ਹੱਲ ਆਪਣੀਆਂ ਸਥਾਨਕ ਸਥਿਤੀਆਂ ਨੂੰ ਸਮਝ ਕੇ ਕਰਨਾ ਪਵੇਗਾ| ਵਰਤਮਾਨ ਕਾਰਪੋਰੇਟ ਅਤੇ ਬਜ਼ਾਰ ਦੀਆਂ ਨੀਤੀਆਂ ਨੂੰ ਸਮਝਣਾ ਪਏਗਾ ਅਤੇ ਇਸਦੇ ਪ੍ਰਸੰਗ ਵਿਚ ਹੀ ਉੱਤਰ ਮਾਨਵਵਾਦੀ ਨੂੰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ| ਏਸ ਸੰਧਰਭ ਵਿਚ ਡਾ. ਜੈਅੰਤੀ ਦੱਤਾ ਨੇ ਜਗਦੀਸ਼ ਚੰਦਰ ਬੋਸ, ਰਾਮਾਇਣ ਅਤੇ ਜਾਤਕ ਕਥਾਵਾਂ ਵਰਗੀਆਂ ਪੁਸਤਕਾਂ ਰਾਹੀਂ ਉੱਤਰ ਮਾਨਵਵਾਦ ਦੇ ਮੁੱਦੇ ਨੂੰ ਪਰਿਭਾਸ਼ਿਤ ਕਰਦੇ ਹੋਏ ਜ਼ੋਰ ਦਿੱਤਾ ਕਿ ਜਿਸ ਤਰ੍ਹਾਂ ਮਨੁੱਖ ਦਾ ਰੁੱਖਾਂ ਅਤੇ ਪਸ਼ੂ ਪੰਛੀਆਂ ਨਾਲ ਸਹਿਹੋਂਦ ਦਾ ਰਿਸ਼ਤਾ ਇਨ੍ਹਾਂ ਪੁਸਤਕਾਂ ਵਿਚ ਸਾਹਮਣੇ ਆਉਂਦਾ ਹੈ ਪੋਸਟ ਹਿਊਮਨਿਜ਼ਮ ਵਿਚ ਅਜਿਹਾ ਰਿਸ਼ਤਾ ਬਣਾਉਣਾ ਜ਼ਰੂਰੀ ਹੈ| ਮਨੁੱਖ ਦੁਆਰਾ ਬ੍ਰਹਿਮੰਡ ਦੀ ਹਰੇਕ ਨਸਲ ਨਾਲ ਇਕ ਸੁਖਾਵੇਂ ਰਿਸ਼ਤੇ ਵਿਚ ਬੱਝ ਕੇ ਹੀ ਉੱਤਰ ਮਾਨਵਵਾਦ ਦੇ ਸਵਾਲ ਨਾਲ ਨਜਿੱਠਿਆ ਜਾ ਸਕਦਾ ਹੈ|
ਜੇਕਰ ਪੋਸਟ ਹਿਊਮਨਿਜ਼ਮ ਦੇ ਦੌਰ ਵਿਚ ਮਨੁੱਖ, ਪਸ਼ੂ ਪੰਛੀ ਅਤੇ ਮਸ਼ੀਨ ਵਿਚ ਸੁਮੇਲ ਦੀ ਗੱਲ ਹੋ ਰਹੀ ਹੈ ਤਾਂ ਇਹ ਵੀ ਮਨੁੱਖ ਰਾਹੀਂ ਹੀ ਕੀਤੀ ਜਾ ਰਹੀ ਹੈ| ਇਸ ਲਈ ਮਨੁੱਖ ਨੂੰ ਕਿਸੇ ਵੀ ਦੌਰ ਵਿਚ ਸਭਿਅਤਾ ਦੇ ਕੇਂਦਰ ਵਿਚੋਂ ਖਾਰਿਜ ਨਹੀਂ ਕੀਤਾ ਜਾ ਸਕਦਾ| ਮਸ਼ੀਨੀ ਬੁੱਧੀਮਤਾ ਦੇ ਦੌਰ ਵਿਚ ਵੰਡ ਕੇ ਛਕਣ ਦੇ ਸੰਕਲਪ ਉੱਪਰ ਚਰਚਾ ਹੋਈ ਤਾਂ ਗੁਰਬਾਣੀ ਵਿਚਲੇ ਮਿੱਠਤ, ਨਿਮਰਤਾ, ਸੰਗੀਤ ਅਤੇ ਬੌਧਿਕਤਾ ਦੇ ਅਹਿਸਾਸ ਦੇ ਟਾਕਰੇ ਉੱਤੇ ਮਸ਼ੀਨੀ ਬੁੱਧੀਮਤਾ ਦੀ ਯੋਗਤਾ ਬਾਰੇ ਵੀ ਕਿੰਤੂ-ਪ੍ਰੰਤੂ ਕੀਤਾ ਗਿਆ| ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਈ ਸੱਚ ਦੀ ਉੱਤਮਤਾਈ ਦਾ ਗੁਣਗਾਇਨ ਤਾਂ ਸਮੁੱਚੀ ਬਹਿਸ ਦੀ ਕੁੰਜੀ ਸੀ|
ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਧਰਮ ਤੇ ਨਿਆਂ ਦੇ ਸੰਕਲਪ ਸਮੇਤ|
ਉੱਤਰ ਮਾਨਵਵਾਦ ਦੇ ਇਸ ਦੌਰ ਵਿਚ ਇਹ ਸਿਧਾਂਤ ਹਰ ਮਨੁੱਖ ਦੀ ਹੋਂਦ ਦਾ ਸਨਮਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ| ਜੀਵਨ ਦੇ ਸਜੀਵ ਨਿਰਜੀਵ ਸਾਰੇ ਰੂਪਾਂ ਵਿਚਲੀ ਸਾਂਝੀਵਾਲਤਾ ਦਾ ਪ੍ਰੇਰਨਾ ਸਰੋਤ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ| ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਨੂੰ ਮਾਨਵਵਾਦ ਅਤੇ ਉੱਤਰ ਮਾਨਵਵਵਾਦ ਤਹਿਤ ਸੂਝ-ਸਿਆਣਪ ਅਤੇ ਜੀਵਨ ਜਾਂਚ ਲਈ ਵਡਮੁੱਲੀ ਸੇਧ ਮੁਹੱਈਆ ਕੀਤੀ ਗਈ ਹੈ|
ਸਾਰੰਸ਼ ਇਹ ਕਿ ਸਾਨੂੰ ਮਸ਼ੀਨੀ ਬੁੱਧੀ ਦੇ ਖਤਰੇ ਦੱਸਣ ਵਾਲਿਆਂ ਦੇ ਵੀ ਉਨੇ ਹੀ ਸ਼ੁਕਰਗੁਜ਼ਾਰ ਹੋਣ ਦੀ ਲੋੜ ਹੈ ਜਿੰਨੀ ਮਾਨਵੀ ਬੁੱਧੀ ਦੀ ਸ਼ਕਤੀ ਦੱਸਣ ਵਾਲਿਆਂ ਦੀ| ਏਸ ਤਰ੍ਹਾਂ ਦੇ ਸੈਮੀਨਾਰ ਹੁੰਦੇ ਰਹਿਣੇ ਚਾਹੀਦੇ ਹਨ|
ਅੰਤਿਕਾ
ਮਿਰਜ਼ਾ ਗ਼ਾਲਿਬ॥
ਬਸ ਕਿ ਦੁਸ਼ਵਾਰ ਹੈ ਹਰ ਕਾਮ ਕਾ ਆਸਾਂ ਹੋਨਾ
ਆਦਮੀ ਕੋ ਭੀ ਮੁਈਯਸਰ ਨਹੀਂ ਇਨਸਾਂ ਹੋਨਾ।