ਇਜ਼ਰਾਈਲੀ ਜੁLਲਮ: ਕੌਮਾਂਤਰੀ ਭਾਈਚਾਰੇ ਦੀ ਜ਼ਮੀਰ ਨੂੰ ਚੁਣੌਤੀ

ਡਾ. ਸੁਖਪਾਲ ਸਿੰਘ
ਫੋਨ: 365-777-1111
ਟੋਰਾਂਟੋ ਦੇ ਨੇੜਲੇ ਸ਼ਹਿਰ ਗੁਆਲਫ ਵਿਚ ਰਹਿੰਦੇ ਡਾ. ਸੁਖਪਾਲ ਨੇ ਫਲਸਤੀਨ ਦੇ ਗਾਜ਼ਾ ਖੇਤਰ ਅੰਦਰ ਨਿੱਹਥੇ ਫਲਸਤੀਨੀਆਂ ਨੂੰ ਸਬਕ ਸਿਖਾਉਣ ਲਈ ਇਜ਼ਰਾਈਲ ਸਰਕਾਰ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਕੀਤੇ ਜਾ ਰਹੇ ਜੁਲਮਾਂ ਤੋਂ ਜਾਣੂ ਕਰਵਾਉਣ ਵਾਸਤੇ ਰਾਸ਼ਟਰਪਤੀ ਨੇਤਨਯਾਹੂ ਦੇ ਨਾਂ ਇਕ ਖੁਲ੍ਹੀ ਚਿਠੀ ਲਿਖੀ ਹੈ, ਜੋ ਅਸੀਂ ਪੰਜਾਬ ਟਾਈਮਜ਼ ਦੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

ਦੋ ਕੁ ਦਿਨ ਪਹਿਲਾਂ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਅਧਿਕਾਰੀਆਂ ਵਲੋਂ ਇਨ੍ਹਾਂ ਜੁਲਮਾਂ ਵਿਰੁਧ ਪ੍ਰਦਰਸ਼ਨ ਕਰ ਰਹੇ 16 ਨੇਤਾਵਾਂ ਨੂੰ ਕੈਂਪਸ ਤੋਂ ਬਰਤਰਫ ਕਰ ਦਿਤਾ ਗਿਆ। ਇਸ `ਤੇ ਨੌਜਵਾਨਾਂ ਦਾ ਰੋਹ ਹੋਰ ਵੀ ਭੜਕ ਉਠਿਆ ਅਤੇ ਰੋਸ ਵਿਦਰੋਹੀ ਇਹ ਜਵਾਲਾ ਪੱਛਮ ਦੀਆਂ ਕਈ ਹੋਰ ਯੂਨੀਵਰਸਿਟੀਆਂ ਵਿਚ ਫੈਲ ਗਈ ਹੈ। ਲਗਦੈ ਇਹ ਕਹਾਣੀ ਅਜ ਤੋਂ ਅੱਧੀ ਸਦੀ ਪਹਿਲਾਂ ਅਮਰੀਕਾ ਅੰਦਰ ਵੀਯਤਨਾਮੀ ਜੰਗ ਵਿਰੁਧ ਉਠੇ ਵਿਦਰੋਹ ਵਾਲੀ ਬਣਦੀ ਜਾ ਰਹੀ ਹੈ, ਜਿਸਨੇ ਅਮਰੀਕਾ ਵਿਚ ਅਖੀਰ ਨਿਕਸਨ ਅਤੇ ਕੁਸਿੰਗਰ ਜੋੜੀ ਨੂੰ ਪਿਛਾਂਹ ਹਟਣ ਲਈ ਮਜਬੂਰ ਕਰ ਦਿਤਾ ਸੀ।
ਇਜ਼ਰਾਈਲ ਪ੍ਰਧਾਨ ਨੇਤਨਯਾਹੂ ਜੀ,
ਤੁਸੀਂ ਜੋ ਕੁਝ ਵੀ ਕੀਤਾ ਹੈ, ਉਸਦੇ ਬਾਵਜੂਦ ਇਹ ਖ਼ਤ ਤੁਹਾਨੂੰ ‘ਜੀ’ ਦੇ ਸੰਬੋਧਨ ਨਾਲ ਆਰੰਭ ਹੁੰਦਾ ਹੈ।
ਏਸ ਲਈ ਕਿ ਹਰ ਮਨੁੱਖ ਦਾ (ਇਕ) ਆਦਰ ਹੁੰਦਾ ਹੈ। ਜਿਊਂਦੇ ਹੋਣਾ, ਤੇ ਫਿਰ ਮਨੁੱਖ ਹੋਣਾ-ਹੀ ਆਦਰਯੋਗ ਗੱਲ ਹੈ। ਬੁਰੇ ਤੋਂ ਬੁਰੇ ਅਤੇ ਦੁਸ਼ਮਣ ਦਾ ਵੀ (ਇਕ) ਆਦਰ ਹੁੰਦਾ ਹੈ, ਜਿਹੜਾ ਉਸ ਦਾ ਸਾਮ੍ਹਣਾ ਕਰਨ ਵੇਲ਼ੇ ਉਹਨੂੰ ਦੇਣਾ ਹੀ ਹੁੰਦਾ ਹੈ। ਇਹ ਆਦਰ ਸਾਡੇ ਗੁੱਸੇ-ਗਿਲਿਆਂ ਦੇ ਬਾਵਜੂਦ ਸਾਨੂੰ ਸਦਾ ਲਈ ਵਿੱਛੜ ਜਾਣ ਤੋਂ ਰੋਕਦਾ ਹੈ। ਇਹ ਆਦਰ ਉਸ ਥਾਂ ਨੂੰ ਸੰਭਾਲ ਕੇ ਰਖਦਾ ਹੈ ਜਿਸ ਤੇ ਖੜੇ ਹੋ ਕੇ- ਦੋ ਜਣਿਆਂ ਦਰਮਿਆਨ ਗੱਲ ਹੁੰਦੀ ਹੈ, ਫ਼ਾਸਲਾ ਘਟਦਾ ਹੈ, ਦੁੱਖ ਮੁਕਦਾ ਹੈ, ਅਤੇ ਤਬਦੀਲੀ ਸੰਭਵ ਹੁੰਦੀ ਹੈ।
ਮੇਰਾ ਮਿੱਤਰ ਤੇ ਉਹਦੀ ਪਤਨੀ ਆਪਣੀ ਦੋ ਸਾਲ ਦੀ ਬੇਟੀ ਨੂੰ ‘ਸੋਹਣੀ ਜੀ’ ਅਤੇ ਚਾਰ ਸਾਲ ਦੇ ਬੇਟੇ ਨੂੰ ‘ਜੁਗਾਦਿ ਜੀ’ ਕਹਿ ਕੇ ਬੁਲਾਉਂਦੇ ਹਨ। ਮੈਂ ਕਾਰਣ ਪੁੱਛਿਆ ਤਾਂ ਬੋਲੇ: ‘ਸਾਡਾ ਜੀਵਨ ਬਹੁਤ ਖਰ੍ਹਵਾ ਸੀ। ਚਾਹੁੰਦੇ ਸਾਂ- ਏਹ ਬੱਚੇ ਜਦੋਂ ਸੰਸਾਰ ਵਿਚ ਪੈਰ ਧਰਨ ਤਾਂ ਦੁਨੀਆਂ ਇਨ੍ਹਾਂ ਨੂੰ ਕੋਮਲ ਜਾਪੇ, ਵਰਨਾ ਇਨ੍ਹਾਂ ਦਾ ਜੀਣ ਤੋਂ ਜੀਅ ਛੇਤੀ ਚੁੱਕਿਆ ਜਾਵੇਗਾ। ਪਰ ਇਨ੍ਹਾਂ ਦਾ ਸੰਸਾਰ ਤਾਂ ਸਾਡੇ ਦੋਹਾਂ ਤੋਂ ਆਰੰਭ ਹੁੰਦਾ ਹੈ- ਇਸ ਲਈ …‘
ਉਹ 1200 ਇਜ਼ਰਾਇਲੀ ਜੋ ਹਮਸ ਦੇ ਹਮਲੇ ਵਿਚ ਮਾਰੇ ਗਏ ਤੇ ਉਹ 240 ਜੋ ਹਮਸ ਹੱਥੋਂ ਕੈਦ ਹੋਏ, ਉਹ ਵੀ ‘ਜੀ’ ਕਹਾਉਣ ਦੇ ਹੱਕਦਾਰ ਸਨ। ਉਹ 33 ਹਜ਼ਾਰ ਫ਼ਲਸਤੀਨੀ ਜੋ ਮਾਰੇ ਗਏ ਤੇ ਗਿਣੇ ਗਏ, ਤੇ ਏਦੂੰ ਲਗਭਗ ਦੁੱਗਣੇ ਜੋ ਹਾਲੇ ਮਲਬੇ ਦੇ ਢੇਰ ਹੇਠਾਂ ਅਣਗਿਣੇ ਪਏ ਹਨ, ਤੇ ਲਗਭਗ 5 ਲੱਖ ਫ਼ਲਸਤੀਨੀ– ਜਿਨ੍ਹਾਂ ਦਾ (ਯੂਨਾਈਟਡ ਨੇਸ਼ਨਜ਼ ਅਨੁਸਾਰ) ਏਸ ਵਰ੍ਹੇ ਦੇ ਅੰਤ ਤਕ ਭੁੱਖ ਨਾਲ ਮਾਰੇ ਜਾਣ ਦਾ ਖ਼ਤਰਾ ਹੈ – ਸਭੇ ‘ਜੀ’ ਕਹਾਉਣ ਦੇ ਹੱਕਦਾਰ ਸਨ ਤੇ ਹਨ, ਨੇਤਨਯਾਹੂ ਜੀ …।
*
ਯੂ ਐਨ ਓ ਬਾਰ ਬਾਰ ਕਹਿ ਰਹੀ ਹੈ- ਤੁਸੀਂ ਭੁੱਖਮਰੀ ਨੂੰ ਜੰਗ ਦੇ ਹਥਿਆਰ ਵਜੋਂ ਵਰਤ ਰਹੇ ਹੋ। ਗਾਜ਼ਾ ਵਿਚ ‘ਕਾਲ’ ਦੇ ਨਿਸ਼ਾਨ ਬੱਚਿਆਂ ਦੇ ਜਿਸਮਾਂ ‘ਤੇ ਪ੍ਰਗਟ ਹੋ ਚੁੱਕੇ ਹਨ। ਕੋਈ ਵਿਰਲਾ ਵਸਨੀਕ ਹੈ ਜਿਸਨੂੰ ਦੋ ਦਿਨਾਂ ਵਿਚ ਦੂਜੀ ਵਾਰੀ ਭੋਜਨ ਮਿਲ ਜਾਵੇ। ਗਾਜ਼ਾ ਵਿਚ ਅੱਜ ਭੋਜਨ ਦਾ ਅਰਥ ਹੈ– 1 ਪਿਆਜ਼, ਜਾਂ 2 ਟੋਟੇ ਡਬਲਰੋਟੀ, ਅਤੇ ਸਾਰੇ ਦਿਨ ਵਿਚ 4 ਘੁੱਟ ਪਾਣੀ। ਅਰਥਾਤ– ਇਕ ਦਿਨ ਲਈ ਲੋੜੀਂਦੇ ਭੋਜਨ ਦਾ 10ਵਾਂ ਹਿੱਸਾ। ਵੱਡੀ ਗਿਣਤੀ ਘਾਹ ਅਤੇ ਮੈਲੋ (ਪੱਤਿਆਂ ਵਾਲਾ ਨਦੀਨ) ਖਾ ਕੇ ਜੀਅ ਰਹੀ ਹੈ ਜਾਂ ਜਿਹੜਾ ਵੀ ਬੂਟਾ ਖਾਧਾ ਜਾ ਸਕੇ। ਗਾਜ਼ਾਂ ਦੇ ਬਾਜ਼ਾਰਾਂ ਵਿਚ ਅੱਜ ਜੰਗਲੀ ਬੂਟੇ ਮਹਿੰਗੇ ਮੁੱਲ ਵਿਕ ਰਹੇ ਹਨ। ਸੁਣਿਆ ਹੈ– ਰਾਸ਼ਨ ਲਈ 50 ਕਿਲੋਮੀਟਰ ਲੰਮੀਆਂ ਕਤਾਰਾਂ ਲੱਗੀਆਂ ਹਨ। ਇਜ਼ਰਾਈਲ ਨੂੰ ਹੁਣ ਵੀ ਬੰਬ ਤੇ ਜਹਾਜ਼ ਬੇਰੋਕ ਸਪਲਾਈ ਕਰੀ ਜਾਣ ਵਾਲੇ ਅਮਰੀਕਾ ਤੇ ਇੰਗਲੈਂਡ ਆਪਣਾ ਚਿਹਰਾ ਚਿੱਟਾ ਰੱਖੀ ਰੱਖਣ ਵਾਸਤੇ ਭੋਜਨ ਦੇ ਪੈਕਟ ਪੈਰਾਸ਼ੂਟਾਂ ਰਾਹੀਂ ਫ਼ਲਸਤੀਨ ਵਿਚ ਜਦੋਂ ਸੁਟਦੇ ਹਨ ਤਾਂ ਉਸਨੂੰ ਚੁੱਕਣ ਵਾਸਤੇ ਭੁੱਖ ਨਾਲ ਹਿੰਸਕ ਹੋ ਚੁੱਕੇ ਫ਼ਲਸਤੀਨੀ ਹੁਣ ਚਾਕੂ ਪਿਸਤੌਲ ਨਾਲ ਇਕ ਦੂਜੇ ਨੂੰ ਹੀ ਵੱਢ ਦੇਂਦੇ ਹਨ। ਕਿਹਾ ਅਲੋਕਾਰ ਢੰਗ ਹੈ ਕਿ ਦੁਸ਼ਮਣਾਂ ਨੂੰ ਚੁਣ ਚੁਣ ਕੇ ਮਾਰਣ ਦੀ ਥਾਂ ਅਜਿਹੇ ਹਾਲਾਤ ਪੈਦਾ ਕਰ ਦਿਉ ਕਿ ਉਹ ਆਪ ਹੀ ਇਕ ਦੂਜੇ ਨੂੰ ਮਾਰ ਦੇਣ! ਭੋਜਨ ਦੀ ਵੱਡੀ ਪੰਡ ਵਾਲਾ ਪੈਰਾਸ਼ੂਟ ਖੁਲ੍ਹ ਨਾ ਸਕਿਆ ਤਾਂ ਪੰਡ ਬੋਚਣ ਲਈ ਭੱਜੇ 12 ਫ਼ਲਸਤੀਨੀ ਉਹਦੇ ਹੇਠਾਂ ਆ ਕੇ ਮਰ ਗਏ। ਤੁਹਾਡੀ ਫੌਜ ਨੇ ਭੁੱਖ ਨਾਲ ਹਾਬੜੇ ਭੋਜਨ ਲਈ ਇਕ ਦੂਜੇ ਨਾਲ ਲੜਦੇ 112 ਫ਼ਲਸਤੀਨੀ ਗੋਲੀਆਂ ਨਾਲ ਏਹ ਕਹਿ ਕੇ ਭੁੰਨ ਦਿੱਤੇ ਕਿ ਉਨ੍ਹਾਂ ਦੀ ਹਿਲਜੁਲ ਤੋਂ ਸਾਨੂੰ ‘ਖ਼ਤਰਾ’ ਮਹਿਸੂਸ ਹੋਇਆ ਸੀ। ਸਾਡੇ ਦੇਸ ਵਿਚ ਲੋਕ ਵਿਆਹ ਸਮੇਂ ਨੱਚਣ ਵਾਲੇ ਬੁਲਾਉਂਦੇ ਹਨ। ਤੁਸੀਂ ਜੰਗ ਦੀ ਜੰਜ ਵਿਚ ਭੁੱਖ ਨੂੰ ਨੱਚਣ ਲਈ ਬੁਲਾ ਲਿਆ…
ਫ਼ਲਸਤੀਨ ਵਿਚ ‘ਕਾਲ ਦੀ ਖ਼ਬਰ ਪੜ੍ਹੀ ਤਾਂ ਹੋਰ ਕਈ ਹਜ਼ਾਰਾਂ ਲੋਕਾਂ ਤਰ੍ਹਾਂ ਮੈਂ ਵੀ ‘ਯੂਨਾੀੲਟਡ ਨੇਸ਼ਨਜ਼ ਰਿਫ਼ਿਊਜੀ ਵਰਕ ਏਜੰਸੀ’ ਨੂੰ ਮਦਦ ਲਈ ਪੈਸੇ ਭੇਜੇ– ਇਹ ਜਾਣਦਿਆਂ ਕਿ ਅੱਧਾ ਧਨ ਰਾਹ ਵਿਚ ਉਨ੍ਹਾਂ ਦੇ ਦਫ਼ਤਰ ਚਲਾਉਣ ਅਤੇ ਅਫ਼ਸਰਾਂ ਦੀਆਂ ਹਵਾਈ ਟਿਕਟਾਂ ਵਿਚ ਖ਼ਰਚ ਹੋ ਜਾਂਦਾ ਹੈ। ਰੋਜ਼ ਦੀਆਂ ਖ਼ਬਰਾਂ ਤੋਂ ਉਦਾਸ ਹੋ ਕੇ ਮੈਂ ਆਪਣੇ ਪਾਕਿਸਤਾਨੀ ਮਿੱਤਰ ਤਾਹਿਰ ਨੂੰ ਪੁੱਛਿਆ: ਫ਼ਲਸਤੀਨ ਨੂੰ ਮਦਦ ਵਾਸਤੇ ਪੈਸੇ ਸਿੱਧਿਆਂ ਭੇਜਣ ਦਾ ਕੋਈ ਤਰੀਕਾ ਹੈ? ਪਹਿਲਾਂ ਉਸ ਨਾਂਹ ਵਿਚ ਸਿਰ ਹਿਲਾਇਆ, ਫ਼ਿਰ ਅਗਲੇ ਦਿਨ ਦੱਸਿਆ: ‘ਪ੍ਰਬੰਧ ਹੋ ਗਿਆ ਹੈ, ਇਕ ਫ਼ਲਸਤੀਨੀ ਵਿਦਿਆਰਥੀ ਹੈ, ਉਸ ਰਾਹੀਂ ਭੇਜਾਂਗੇ, ਮਦਦ ਠੀਕ ਥਾਵੇਂ ਜਾਵੇਗੀ। ਜਿੰਨੇ ਪੈਸੇ ਮੈਂ ਦਿੱਤੇ, ਓਨੇ ਤਾਹਿਰ ਨੇ ਵੀ ਪੱਲਿਓਂ ਪਾਏ। ਪੈਸੇ ਫ਼ੜਾ ਕੇ ਤੁਰਨ ਵੇਲੇ ਸਰਸਰੀ ਪੁੱਛਿਆ: ‘ਇਨ੍ਹਾਂ ਪੈਸਿਆਂ ਨਾਲ ਮਦਦ ਕਿਵੇਂ ਕਰੋਗੇ?’ ਉਸ ਦੱਸਿਆ: ‘ਸਭ ਤੋਂ ਵੱਡੀ ਲੋੜ ਭੋਜਨ ਦੀ ਹੈ, ਪਰ ਬਾਹਰੋਂ ਪੁਚਾਉਣਾ ਔਖਾ ਹੈ। ਉਸ ਇਲਾਕੇ ਵਿਚ ਇਕ ਯਹੂਦੀ ਦੀ ਫ਼ੈਕਟਰੀ ਹੈ –ਖਰਗੋਸ਼ਾਂ ਦੀ ਫ਼ੀਡ ਬਣਾਉਣ ਦੀ। ਉਸ ਵਿਚ ਮੱਕੀ ਪੈਂਦੀ ਹੈ। ਉਹ ਖ਼ਰੀਦ ਕੇ ਭੇਜਾਂਗੇ’
ਮੇਰੇ ਪੈਰ ਧਰਤੀ ਤੇ ਗੱਡੇ ਰਹਿ ਗਏ। ਜ਼ਿੰਦਗੀ ਵਿਚ ਪਹਿਲੀ ਵਾਰੀ ਮੈਂ ਜਿਉਂਦੇ ਜਾਗਦੇ ਬੰਦਿਆਂ ਨੂੰ ਪਸ਼ੂਆਂ ਦਾ ਭੋਜਨ ਖੁਆਉਣ ਦਾ ਭਾਗੀਦਾਰ ਬਣਿਆ। ਮੈਨੂੰ ਅਹਿਸਾਸ ਹੋਇਆ ਤੇ ਬਾਰ ਬਾਰ ਹੋਇਆ ਕਿ ਇਸ ਤ੍ਰਾਸਦੀ ਵਿਚ ਮੈਂ ਕੁਝ ਵੀ ਕਰਨ ਜੋਗਾ ਨਹੀਂ, ਤਦ ਬਾਰ-ਬਾਰ ਮੇਰੇ ਅੰਦਰੋਂ ‘ਵਾਜ ਪਈ– ‘ਤਾਂ ਫਿਰ ਤੂੰ ਉਨ੍ਹਾਂ (ਫਲਸਤੀਨੀਆਂ) ਦੀ ਭੁੱਖ ਨੂੰ ਹੀ ਮਹਿਸੂਸ ਕਰ, ਜਿਸ ਵਿਚੋਂ ਉਹ ਲੰਘ ਰਹੇ ਹਨ! ਉਨ੍ਹਾਂ ਦੀ ਭੁੱਖ ਵਿਚ ਉਨ੍ਹਾਂ ਦੇ ਨਾਲ ਭੁੱਖਾ ਰਹਿ!’
ਨੇਤਨਯਾਹੂ ਜੀ, ਮੁਸਲਮਾਨ ਨਾ ਹੁੰਦਿਆਂ ਵੀ ਮੈਂ ਜ਼ਿੰਦਗੀ ਵਿਚ ਪਹਿਲੀ ਵਾਰੀ ਰੋਜ਼ੇ ਰੱਖੇ ਜੋ ਕਿਸੇ ਧਰਮ ਦੀ ਪਾਲਣਾ ਲਈ ਨਹੀਂ। ਮੈਂ ਕਮਜ਼ੋਰ ਬੰਦਾ ਹਾਂ, ਮੈਨੂੰ ਯਕੀਨ ਨਹੀਂ ਸੀ ਕਿ ਮੈਂ 30 ਦਿਨ ਲਗਾਤਾਰ ਰੋਜ਼ 12 ਘੰਟੇ ਭੁੱਖ ਤੇ ਪਿਆਸ ਜਰ ਸਕਾਂਗਾ; ਤਾਂ ਮੇਰੀ ਪਤਨੀ ਅਤੇ ਮੇਰੇ 14 ਸਾਲਾਂ ਦੇ ਬੇਟੇ ਨੇ ਵੀ ਮੇਰੇ ਨਾਲ ਰੋਜ਼ੇ ਰੱਖੇ। ਪਰ ਮੈਂ- ਜਿਹੜਾ ਹਰ ਦੋ ਘੰਟੇ ਬਾਅਦ ਕੁਝ ਖਾਣ ਵਾਲਾ ਤੇ ਦਿਨ ਵਿਚ 8 ਲਿਟਰ ਪਾਣੀ ਪੀਣ ਵਾਲਾ ਬੰਦਾ ਹਾਂ– ਰੋਜ਼ੇ ਰੱਖ ਕੇ ਵੀ ਉਨ੍ਹਾਂ ਅਭਾਗੇ ਫ਼ਲਸਤੀਨੀਆਂ ਦੀ ਭੁੱਖ ਤੇ ਪਿਆਸ ਨੂੰ ਪੂਰੀ ਤਰ੍ਹਾਂ ਅਨੁਭਵ ਨਹੀਂ ਕਰ ਸਕਿਆ। ਰੋਜ਼ਿਆਂ ਦੇ ਦਸਵੇਂ ਦਿਨ ਮੈਨੂੰ ਸ਼ਾਮ ਤਕ ਭੁੱਖ ਤੇ ਪਿਆਸ ਲੱਗਣੋਂ ਹਟ ਗਈ, ਪਰ ਅਜਿਹਾ ਕੁਝ ਫ਼ਲਸਤੀਨੀ ਬੱਚਿਆਂ ਨੂੰ ਨਹੀਂ ਵਾਪਰਦਾ ਹੋਣੈ, ਕਿਉਂਕਿ ਉਨ੍ਹਾਂ ਕੋਲ ਸ਼ਾਮ ਨੂੰ ਰੋਟੀ ਮਿਲ ਜਾਣ ਵਰਗਾ ਉਹ ਯਕੀਨੀ ਅਹਿਸਾਸ ਨਹੀਂ ਜੋ ਮੇਰੇ ਕੋਲ ਹੈ। ਉਨ੍ਹਾਂ ਕੋਲ ਹੁਣ ਸਿਰਫ਼ ਮਾਰੇ ਜਾਣ ਦਾ ਹੀ ਯਕੀਨੀ ਅਹਿਸਾਸ ਬਚਿਆ ਹੈ…।
ਜੇ ਮੈਂ ਈਮਾਨਦਾਰ ਹੁੰਦਾ, ਸੱਚਮੁਚ ਹੀ ਉਨ੍ਹਾਂ ਦੀ ਭੁੱਖ ਨੂੰ ਮਹਿਸੂਸ ਕਰਨਾ ਚਾਹੁੰਦਾ, ਤਾਂ ਮੈਂ ਹਰ ਦੋ ਦਿਨਾਂ ਵਿਚ 1 ਪਿਆਜ਼ ਤੇ 2 ਘੁੱਟ ਪਾਣੀ ‘ਤੇ ਗੁਜ਼ਾਰਾ ਕਰਦਾ। ਸੰਭਵ ਹੈ- ਮੈਂ ਬੇਈਮਾਨ ਲੇਖਕ ਹੋਵਾਂ ਜਿਹੜਾ ਅਜਿਹਾ ਖ਼ਤ ਲਿਖ਼ ਕੇ ਦੁਨੀਆਂ ਨੂੰ ਮਹਿਜ਼ ਨਸ਼ਰ ਕਰਨਾ ਚਾਹੁੰਦਾ ਹਾਂ ਕਿ ਮੇਰੇ ਵਿਚ ਕਿੰਨੀ ‘ਹਮਦਰਦੀ’ ਹੈ, ਤੇ ਤੁਸੀਂ ਉਹ ‘ਇਮਾਨਦਾਰ’ ਸ਼ਾਸਕ ਹੋਵੋ ਜਿਹੜਾ ਆਪਣੇ ‘ਦੁਸ਼ਮਣਾਂ’ ਨੂੰ ਸਾਫ਼ ਕਰ ਦੇਣ ਦਾ ਐਲਾਨ ਸਾਫ਼-ਸਾਫ਼ ਕਰਦਾ ਹੈ। ਪਰ ਇਸ ਵੇਲੇ ਸੁਆਲ ਮੇਰੀ ਜਾਂ ਤੁਹਾਡੀ ਜ਼ਾਤ ਦਾ ਨਹੀਂ, ਬਲਕਿ ਉਨ੍ਹਾਂ ਲੋਕਾਂ ਦੇ ਬਚੇ ਰਹਿਣ ਦਾ ਹੈ, ਜਿਨ੍ਹਾਂ ਦੀ ਜ਼ਾਤ ਨਾ ਮੁਸਲਮਾਨ ਹੈ, ਨਾ ਫ਼ਲਸਤੀਨੀ ਹੈ। ਉਨ੍ਹਾਂ ਦੀ ਜ਼ਾਤ ਐਸ ਵੇਲੇ ਸਿਰਫ਼ ‘ਨਿਰਦੋਸ਼’ ਹੈ…।
*
ਮੈਂ ਉਦਾਸ ਹਾਂ ਕਿ ਮੇਰਾ ਦੇਸ਼– ਜਿੱਥੇ 100 ਸਾਲ ਪਹਿਲਾਂ ਪਾਰਕਾਂ ‘ਤੇ ਉਹ ਤਖ਼ਤੇ ਲਟਕਦੇ ਸਨ– ‘ਇਥੇ ਹਿੰਦੁਸਤਾਨੀਆਂ ਅਤੇ ਕੁੱਤਿਆਂ ਦਾ ਸੈਰ ਕਰਨਾ ਮਨ੍ਹਾ ਹੈ’ – ਉਸ ਦੀ ਸਰਕਾਰ ਵੀ ਤੁਹਾਡਾ ਹੱਥ ਫ਼ੜਣ ਲਈ ਨਹੀਂ ਉਠੀ, ਬਾਵਜੂਦ ਇਸਦੇ ਕਿ ਇਤਿਹਾਸਕ ਤੌਰ ‘ਤੇ ਅਸੀਂ ਫ਼ਲਸਤੀਨ ਦੇਸ਼ ਦੀ ਸੁਤੰਤਰ ਹੋਂਦ ਨੂੰ ਹੁਣ ਤਕ ਸਵੀਕਾਰਣ ਵਾਲੇ ਪਹਿਲੇ ਮੁਲਕਾਂ ਵਿਚੋਂ ਇਕ ਹਾਂ।
ਮੇਰਾ ਸਿਰ ਸ਼ਰਮ ਨਾਲ ਝੁਕਿਆ ਜਦ ਮੇਰੀ ਜੰਮਣ-ਭੋਇੰ ਦੀ ਸਰਕਾਰ ਦੇ ਮੁਖੀ ਨੇ ਤੁਹਾਨੂੰ ਕਿਹਾ: ‘ਸਾਡੇ ਦੇਸ਼ ਦੇ 140 ਕਰੋੜ ਲੋਕ ਤੁਹਾਡੇ ਨਾਲ ਹਨ’। ਮੇਰਾ ਸਿਰ ਓਦੋਂ ਵੀ ਝੁਕਿਆ ਜਦ ਮੇਰੀ ਰਹਿਣ-ਭੋਇੰ ਦੇ ਮੁਖੀ ਨੇ ਤੁਹਾਨੂੰ ਇਹ ਵਿਸ਼ਵਾਸ ਕਨੇਡਾ ਦੇ ਸਾਢੇ 3 ਕਰੋੜ ਲੋਕਾਂ ਵੱਲੋਂ ਵੀ ਦਿਵਾਇਆ।
ਨੇਤਨਯਾਹੂ ਜੀ, ਮੈਂ ਇਹ ਖ਼ਤ ਸਿਰਫ ਇਹੀ ਕਹਿਣ ਲਈ ਲਿਖਿਆ ਹੈ– ਨਾ ਮੈਂ ਉਨ੍ਹਾਂ 140 ਕਰੋੜ ਵਿਚ ਸ਼ਾਮਲ ਹਾਂ, ਨਾ ਸਾਢੇ 3 ਕਰੋੜ ਵਿਚ। ਮੈਂ ਤੁਹਾਡੇ ਨਾਲ ਨਹੀਂ ਖੜਾ ਤੇ ਮੈਨੂੰ ਯਕੀਨ ਹੈ ਜਿਹੜੇ ਇਨ੍ਹਾਂ ਦੇਸਾਂ ਵਿਚ ਤੁਹਾਡੇ ਨਾਲ ਨਹੀਂ ਖੜ੍ਹੇ– ਉਨ੍ਹਾਂ ਦੀ ਗਿਣਤੀ ਕੁਝ ਕਰੋੜਾਂ ਵਿਚ ਹੈ ਕਿਉਂਕਿ ਜਿਹੜੇ ਸ਼ਾਸਕ 35% ਵੋਟ ਲੈ ਕੇ ਗੱਦੀ ਤੇ ਕਾਬਜ਼ ਹੋਏ ਹੋਣ, ਉਹ ਸਾਡੀ ਸਾਰਿਆਂ ਦੀ ਪ੍ਰਤੀਨਿਧਤਾ ਕਦੀ ਨਹੀਂ ਕਰਦੇ। ਅਸੀਂ ਆਪਣੀ ਵੋਟ ਉਨ੍ਹਾਂ ਨੂੰ ਦਿੱਤੀ/ਨਾ ਦਿੱਤੀ ਹੋਏਗੀ, ਪਰ ਅਸੀਂ ਆਪਣੀ ਮਰਜ਼ੀ ਉਨ੍ਹਾਂ ਨੂੰ ਨਹੀਂ ਦਿੱਤੀ। ਇਹ ਸਦਾ ਸਾਡੀ ਰਹੇਗੀ…।
ਮੇਰੇ ਦੇਸ਼ ਦੇ ਆਦਰਯੋਗ (ਮਰਹੂਮ) ਲੇਖਕ ਡਾ. ਮਹੀਪ ਸਿੰਘ ਨੇ 35 ਵਰ੍ਹੇ ਪਹਿਲਾਂ ਇਕ ਲੇਖ ਲਿਖਦਿਆਂ ਕਿਹਾ ਸੀ:
‘ਇਹ ਕਹਿਣਾ ਬਹੁਤ ਸੌਖਾ ਹੈ ਕਿ ਮੈਂ ਗਰੀਬ ਅਤੇ ਮਾੜੀ ਧਿਰ ਦੇ ਨਾਲ ਖੜਾ ਹਾਂ। ਹਰ ਦੇਸ਼ ਦਾ ਹਰ ਨੇਤਾ ਇਹੀ ਕਹਿੰਦਾ ਹੈ। ਇੰਜ ਕਹਿਣਾ ਸੁਰੱਖਿਅਤ ਹੈ ਕਿਉਂਕਿ ਇਹ ਆਖ਼ਦਿਆਂ ਲੁਕਵੇਂ ਤਰੀਕੇ ਨਾਲ ਤੁਸੀਂ ਅਮੀਰ ਅਤੇ ਤਾਕਤਵਾਰ ਨਾਲ ਵੀ ਖੜੇ ਰਹਿ ਸਕਦੇ ਹੋ। ਪਰ ਕੋਈ ਵਿਰਲਾ ਹੈ ਜਿਹੜਾ ਸਪਸ਼ਟ ਐਲਾਨ ਕਰਦਾ ਹੈ ਕਿ ਉਹ ਅਮੀਰ ਜਾਂ ਡਾਢੇ ਨਾਲ ਕਦਾਚਿਤ ਨਹੀਂ ਖੜਾ। ਅਜਿਹਾ ਇਕ ਵਿਅਕਤੀ – ਨਾਨਕ – ਇਸ ਧਰਤੀ ‘ਤੇ ਸਾਢੇ 500 ਸਾਲ ਪਹਿਲਾਂ ਹੋਇਆ ਸੀ, ਜਿਸਨੇ ਅਮੀਰ ਦੇ ਘਰ ਰੋਟੀ ਖਾਣ ਤੋਂ ਨਾਂਹ ਕਰ ਦਿੱਤੀ ਸੀ, ਰਾਜਿਆਂ ਨੂੰ ਸ਼ੀਂਹ ਤੇ ਅਹਿਲਕਾਰਾਂ ਨੂੰ ਕੁੱਤੇ ਕਿਹਾ ਸੀ…।
ਕਿੰਨੀ ਹੈਰਾਨਕੁਨ ਅਤੇ ਦੁਖ਼ਦਾਈ ਗੱਲ ਹੈ ਕਿ ਇਹ ਸੰਸਾਰ ਜਿਸ ਵਿਚ 8 ਅਰਬ ਲੋਕ ਹਨ, ਏਨੇ ਹਥਿਆਰ ਹਨ, ਏਨੀਆਂ ਸਰਕਾਰਾਂ, ਅਖ਼ਬਾਰ, ਅਦਾਲਤਾਂ, ਅਤੇ ਰਾਵਾਂ – ਪਰ 6 ਮਹੀਨੇ ਹੋ ਗਏ, ਕੋਈ ਵੀ ਤੁਹਾਡਾ ਹੱਥ ਫ਼ੜਨ ਲਈ ਨਹੀਂ ਉੱਠਿਆ। ਇਹੀ ਕੁਝ ਵੀਅਤਨਾਮ, ਕੰਬੋਡੀਆ, ਲਾਓਸ, ਹਿੰਦ-ਪਾਕ, ਯੂਕ੍ਰੇਨ, ਇਰਾਕ, ਇਰਾਨ, ਲੀਬੀਆ, ਰਵਾਂਡਾ ਤੇ ਯਮਨ ਦੀਆਂ ਜੰਗਾਂ ਵਿਚ ਹੋਇਆ ਸੀ। ਮਨੁਖਤਾ ਦੇ ਇਸ ਮਹਾਂਸਾਗਰ ਵਿਚ ਮਨੁੱਖ ਘੋਰ ਇਕੱਲੇ ਹਨ।
ਤੁਹਾਨੂੰ ਰੋਕਣ ਲਈ ਆਖ਼ਰ ਦੱਖਣੀ ਅਫ਼ਰੀਕਾ ਦੇ ਕਾਲੇ ਲੋਕ ਹੀ ਉੱਠੇ ਜੋ ਨਸਲਕੁਸ਼ੀ ਦੇ ਦੋਸ਼ ਵਿਚ ਤੁਹਾਨੂੰ ਘਸੀਟ ਕੇ ਅੰਤਰ-ਰਾਸ਼ਟਰੀ ਅਦਾਲਤ ਵਿਚ ਲੈ ਗਏ। ਫ਼ਲਸਤੀਨ ਵਾਸਤੇ ਨਿਆਂ ਦੀ ਮੰਗ ਕਰਨ ਲਈ ਨਿੱਕੇ ਨਿੱਕੇ ਤੇ ਗ਼ਰੀਬ ਦੇਸ਼ ਉਠੇ– ਚਾਡ, ਚਿੱਲੀ, ਹੌਂਡੂਰਾ, ਕੋਲੰਬੀਆ, ਬਿਲੀਜ਼, ਆਇਰਲੈਂਡ ਅਤੇ ਸਪੇਨ ਵਰਗੇ- ਜਿਨ੍ਹਾਂ ਵਿਖਾਇਆ ਕਿ ਵਿਸ਼ਵਗੁਰੂ ਹੋਣ ਦਾ ਭਰਮ ਪਾਲਣ ਨਾਲੋਂ, ਸਾਢੇ 8% ਜੀ.ਡੀ.ਪੀ. ਸਾਲਾਨਾ ਵਾਧੇ ਦੀ ਸ਼ੇਖ਼ੀ ਮਾਰਣ ਨਾਲੋਂ- ਸੰਸਾਰ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਅੱਗੇ ਛਾਤੀ ਡਾਹ ਕੇ ਖੜੇ ਹੋਣਾ; ਤੁਹਾਡੇ ਕੋਲ ਜਮ੍ਹਾਂ ਕੀਤੇ 90, ਬ੍ਰਿਟੇਨ ਦੇ 225 ਤੇ ਅਮਰੀਕਾ ਦੇ 5240 ਐਟਮ ਬੰਬਾਂ ਦੀ ਪਰਵਾਹ ਨਾ ਕਰਦਿਆਂ ਸੰਕਟ ਦੀ ਘੜੀ ਵਿਚ ਨਿਥਾਵਿਆਂ, ਨਿਤਾਣਿਆਂ ਨਿਆਸਰਿਆਂ ਦੀ ਆਵਾਜ਼ ਬਣਨਾ- ਵਧ ਜ਼ਰੂਰੀ ਅਤੇ ਵੱਡੀ ਮਨੁੱਖੀ ਪ੍ਰਾਪਤੀ ਹੈ…।
*
ਸੰਸਾਰ ਵਿਚ ਏਨਾ ਤਰਕ-ਸ਼ਾਸਤਰ ਲਿਖਿਆ ਗਿਆ ਹੈ ਕਿ ਇਕ ਬੰਦਾ ਸਾਰੀ ਉਮਰ ਵਿਚ ਪੂਰਾ ਪੜ੍ਹ ਵੀ ਨਾ ਸਕੇ। ਪਰ ਉਹ ਸਾਰਾ ਹੀ ਤਰਕ ਰਲ ਕੇ ਵੀ ਮਨੁੱਖਾਂ ਨੂੰ ਏਨੀ ਗੱਲ ਸਮਝਾਉਣ ਵਿਚ ਸਫ਼ਲ ਨਹੀਂ ਹੋਇਆ ਕਿ ਬਦਲਾ ਓਸ ਤੋਂ ਲੈਣਾ ਹੁੰਦਾ ਹੈ ਜਿਸਨੇ ਜ਼ੁਲਮ ਕੀਤਾ ਹੋਵੇ, ਨਾ ਕਿ ਉਸਦੇ ਪਰਿਵਾਰ, ਕਬੀਲੇ ਜਾਂ ਮਜ਼ਹਬ ਦੇ ਹੋਰ ਨਿਰਦੋਸ਼ ਲੋਕਾਂ ਤੋਂ।
ਇਸ ਬਦਲੇ ਦੀ ਅਨੁਪਾਤ ਤੁਸੀਂ ਹੁਕਮਰਾਨ ਕਿਵੇਂ ਤਹਿ ਕਰਦੇ ਹੋ– ਇਹ ਸਾਡੇ ਜਿਹੇ ਸਾਧਾਰਣ ਲੋਕਾਂ ਦੀ ਸਮਝ ਤੋਂ ਬਾਹਰ ਹੈ। ਤੁਸੀਂ ਆਪਣੇ 1200 ਬੰਦਿਆਂ ਦੀ ਮੌਤ ਦਾ ਬਦਲਾ ਲੈਣ ਲਈ ਲਗਭਗ 1 ਲੱਖ ਬੰਦਾ ਮਾਰ ਦਿੱਤਾ ਹੈ, 20 ਲੱਖ ਨੂੰ ਉਜਾੜ ਦਿੱਤਾ ਹੈ। ਜਿਸ ਸ਼ਖਸ ਨੇ ਤੁਹਾਨੂੰ 140 ਕਰੋੜ ਲੋਕਾਂ ਦੀ ਮਦਦ ਦਾ ਵਿਸ਼ਵਾਸ ਦੁਆਇਆ ਹੈ, 22 ਸਾਲ ਪਹਿਲਾਂ ਉਸਨੇ ਮੁੱਖ ਮੰਤਰੀ ਹੁੰਦਿਆਂ ਆਪਣੇ ਸੂਬੇ ਦੀ ਰਾਜਧਾਨੀ ਵਿਚ ਆਪਣੇ ਫ਼ਿਰਕੇ ਦੇ 69 ਬੰਦਿਆਂ ਦਾ ਬਦਲਾ ਲੈਣ ਲਈ ਲਗਭਗ 2500 ਘੱਟ-ਗਿਣਤੀ ਬੰਦਿਆਂ ਦੀ ਨਸਲਕੁਸ਼ੀ ਕਰਵਾਈ ਸੀ। ਹੁਣ ਵਰਗੀ ਬੇਬਸੀ ਵਿਚ ਹੀ ਮੈਥੋਂ ਗੁਜਰਾਤ ਦੰਗਿਆਂ ਬਾਰੇ ਕਵਿਤਾ ਲਿਖੀ ਗਈ ਸੀ:
‘ਲਾਸ਼ਾਂ ਦਾ ਢੇਰ ਹੋ ਗਿਆ ਹੈ
ਸੋਮਨਾਥ ਦੇ ਕਲਸ਼ ਜਿੰਨਾ ਉੱਚਾ।
ਲੁੱਟ ਅਤੇ ਬੇਪਤੀ ਹੋ ਗਈ ਹੈ
ਮਹਿਮੂਦ ਗਜ਼ਨਵੀ ਜਿੰਨੀ।
ਬਹੁਤ ਬਹਾਨੇ ਹਨ ਮੇਰੇ ਕੋਲ
ਚੁਪ ਰਹਿਣ ਲਈ।
ਮੈਂ ਹਥਿਆਰ ਨਹੀਂ ਚੁੱਕ ਸਕਦਾ
ਇਹ ਗ਼ੈਰ-ਕਾਨੂੰਨੀ ਹੈ
ਮਾਵਾਂ ਦੇ ਹੰਝੂ ਨਹੀਂ ਪੂੰਝ ਸਕਦਾ
ਮੈਂ ਬਹੁਤ ਦੂਰ ਹਾਂ
ਸ਼ਾਂਤੀ ਦੀ ਅਪੀਲ ਦਾ ਕੋਈ ਲਾਭ ਨਹੀਂ
ਮਾਰਨ ਵਾਲਾ ਏਸਨੂੰ ਨਹੀਂ ਸੁਣਦਾ
ਨਾ ਮੇਰੇ ਕੋਲ ਪੈਸਾ ਹੈ
ਰਫ਼ਿਊਜੀ ਫ਼ੰਡ ਲਈ
ਬਗਾਵਤ ਕਰਨੋਂ ਡਰਦਾ ਹਾਂ
ਮੈਂ ਪਰਿਵਾਰ ਪਾਲਣਾ ਹੈ
ਪਰ ਮੈਂ ਲਲਕਾਰ ਕੇ
ਏਹ ਤਾਂ ਕਹਿ ਸਕਦਾ ਹਾਂ
ਏਹ ਤਾਂ ਕਹਾਂ …
‘ਮਾਰਣ ਵਾਲਿਓ !
ਮੈਨੂੰ ਆਪਣੇ ਵਿਚ ਸ਼ਾਮਲ ਨਾ ਸਮਝਿਓ!’
ਅਸੀਂ ਇਹ ਕਿਉਂ ਲਿਖ਼ ਰਹੇ ਹਾਂ ਜਦ ਕਿ ਜਾਣਦੇ ਹਾਂ- ਸਾਡੀ ਆਵਾਜ਼ ਵੀ ਸ਼ਾਇਦ ਤੁਹਾਡੇ ਤਕ ਨਾ ਪਹੁੰਚੇ। ਪਹੁੰਚ ਵੀ ਜਾਵੇ ਤਾਂ ਸੁਣੀ ਨਹੀਂ ਜਾਵੇਗੀ, ਸੁਣੀ ਜਾਵੇ ਤਾਂ ਮੰਨੀ ਨਹੀਂ ਜਾਵੇਗੀ…।
ਅਸੀਂ ਏਸ ਲਈ ਲਿਖ਼ ਰਹੇ ਹਾਂ ਕਿ- ਤੁਹਾਡੇ ਹਥਿਆਰਾਂ ਨੇ ਜੋ ਘੋਰ ਘਿਰਣਾ, ਪੀੜ ਅਤੇ ਨਿਰਾਸਤਾ ਇਸ ਧਰਤੀ ਅੰਬਰ ‘ਤੇ ਪਸਾਰ ਦਿੱਤੀ ਹੈ, ਉਸ ਨਾਲ ਲੜਣ ਲਈ ਤੇ ਆਪਣਾ ਸਾਹ ਚਲਦਾ ਰੱਖਣ ਲਈ– ਸਾਡੇ ਕੋਲ ਇਸ ਅਨੰਤ ਖ਼ਲਾਅ ਵਿਚ ਕੂਕਣ ਬੋਲਣ ਤੇ ਲਿਖ਼ਣ ਤੋਂ ਸਿਵਾਏ ਐਸ ਵੇਲੇ ਹੋਰ ਕੁਝ ਨਹੀਂ ਬਚਿਆ।
ਅਸੀਂ ਏਸ ਲਈ ਵੀ ਬੋਲ ਰਹੇ ਹਾਂ ਕਿ ਤੁਹਾਨੂੰ ਕਿਧਰੇ ਇਹ ਭਰੋਸਾ ਨਾ ਹੋ ਜਾਵੇ ਕਿ- ਤੁਸੀਂ ‘ਠੀਕ’ ਹੋ। ਹਰ ਜਾਬਰ ਅੰਦਰੋਂ ਜਾਣਦਾ ਹੈ ਕਿ ਉਹ ਗ਼ਲਤ ਹੈ, ਪਰ ਆਪਣੇ ਅੰਦਰੋਂ ਉਠਦਾ ਮਨਾਹੀ ਦਾ ਹੱਥ ਝਟਕ ਦਿੰਦਾ ਹੈ ਤੇ ਧੱਕਾ ਕਰਦਾ ਰਹਿੰਦਾ ਹੈ। ਜਿਸ ਦਿਨ ਬਾਹਰੋਂ ਉਠਦਾ ਅਜਿਹਾ ਹੱਥ ਜਾਂ ਵਜਦੀ ਕੂਕ ਵੀ ਅਲੋਪ ਹੋ ਜਾਵੇ- ਉਸਨੂੰ ਆਪਣੇ ‘ਸਹੀ’ ਹੋਣ ਦਾ ਭਰੋਸਾ ਆ ਜਾਂਦਾ ਹੈ ਤੇ ਉਸ ਦਿਨ ਉਹਦੇ ਜ਼ੁਲਮ ਦੀ ਸਿਖਰ ਵੱਡੀ ਹੋਣ ਲਗਦੀ ਹੈ।
ਅਸੀਂ ਤੁਹਾਡੇ ਵੱਲੋਂ ਉਸਾਰਿਆ ਦੁੱਖ ਦਾ ਪਹਾੜ ਉਸਰਨੋਂ ਨਹੀਂ ਰੋਕ ਸਕੇ, ਪਰ ਅਸੀਂ ਉਹਦੀ ਸਿਖ਼ਰ ਨੂੰ ਉੱਚਾ ਹੋਣੋਂ ਰੋਕਣ ਦੀ ਕੋਸ਼ਿਸ਼ ਵਿਚ ਅਜੇ ਵੀ ਹਾਂ…।
ਮਾਰੇ ਜਾ ਰਹੇ ਬੰਦੇ ਦਾ ਆਖ਼ਰੀ ਕਰਮ ਉਹਦੀ ਚੀਕ ਹੁੰਦੀ ਹੈ। ਮਰਨ ਨਾਲ ਉਹਦਾ ਸਰੀਰ ਸਮਾਪਤ ਹੋ ਜਾਂਦਾ ਹੈ, ਪਰ ਉਹਦੀ ਕੂਕ ਜਨਮ ਲੈਂਦੀ ਹੈ, ਆਰੰਭ ਹੁੰਦੀ ਹੈ, ਅੱਗੇ ਤੁਰਨ ਲਗਦੀ ਹੈ। ਫਿਰ ਉਹ ਕੂਕ ਕੀ ਕਰਦੀ ਹੈ, ਕਿੱਥੇ ਤਕ ਜਾਂਦੀ ਹੈ, ਉਸ ਕੂਕ ਸਦਕਾ ਕੀ ਕੀ ਵਾਪਰਦਾ ਹੈ– ਏਹਦਾ ਨਿਰਣਾ ਇਤਿਹਾਸ ਨਹੀਂ, ਭਵਿੱਖ ਕਰਦਾ ਹੈ। ਭਵਿੱਖ ਸਾਡੇ ਹੱਥ ਵਿਚ ਨਹੀਂ। ਸਾਡੇ ਹੱਥ ਵਿਚ ਐਸ ਵਰਤਮਾਨ ਵਿਚ ਤੁਹਾਡੇ ਜ਼ੁਲਮ ਵਿਰੁੱਧ ਕੂਕ ਮਾਰਨਾ ਹੀ ਹੈ …
*
ਸੁਣਿਆ ਹੈ– ‘ਹਮਸ’ ਤੁਹਾਡੀ ਹੀ ਪੈਦਾਵਾਰ ਹੈ ਜੋ ਤੁਸਾਂ 30-40 ਸਾਲ ਪਹਿਲਾਂ ਖੜੀ ਕੀਤੀ ਸੀ– ਪ੍ਰਸਿਧ ਅਤੇ ਮਕਬੂਲ ਫ਼ਲਸਤੀਨੀ ਨੇਤਾ ਯਾਸਰ ਅਰਾਫ਼ਾਤ ਨੂੰ ਸਿਆਸੀ ਤੌਰ ਅਤੇ ਹਿੰਸਾ, ਦੋਹਾਂ ਤਰੀਕਿਆਂ ਨਾਲ ਖ਼ਤਮ ਕਰਨ ਲਈ- ਤਾਂ ਕਿ ਫ਼ਲਸਤੀਨ ਲਈ ਗੱਲਬਾਤ ਦੇ ਮੇਜ਼ ‘ਤੇ ਕੋਈ ਸਤਿਕਾਰੀ ਤੇ ਕੱਦਾਵਰ ਸ਼ਖਸੀਅਤ ਨਾ ਬਚੇ। ਜੇ ‘ਹਮਸ’ ਫ਼ਲਸਤੀਨ ਦੀ ਆਜ਼ਾਦੀ ਦੀ ਮੰਗ ਕਰੇ ਤਾਂ ਉਸ ਗੱਲ ਨੂੰ ਉਸੇ ਦਲੀਲ ਨਾਲ ਸਹਿਜੇ ਹੀ ਠੁਕਰਾਇਆ ਜਾ ਸਕੇ ਜਿਹੜੀ ਕਨੇਡਾ ਦਾ ਸਭ ਤੋਂ ਵੱਡਾ ਅਖ਼ਬਾਰ ਠਹੲ ਘਲੋਬੲ & ੰਅਲਿ ਅੱਜ ਦੇਂਦਾ ਹੈ ਕਿ –
‘ਜੋ ਹੋ ਰਿਹਾ ਹੈ– ਉਹ ਅਫ਼ਸੋਸਨਾਕ ਹੈ, ਪਰ ਇਹ ਵੇਲਾ ਫ਼ਲਸਤੀਨ ਨੂੰ ਦੇਸ਼ ਵਜੋਂ ਸਵੀਕਾਰਣ ਦਾ ਨਹੀਂ ਕਿਉਂਕਿ ਏਸ ਨਾਲ ਇਹ ਸਾਬਤ ਹੋ ਜਾਵੇਗਾ ਕਿ ਅੱਤਵਾਦ ਰਾਹੀਂ ਕੁਝ ਲੋਕ ‘ਹਮਸ’ ਮਨ-ਮਰਜ਼ੀ ਨਾਲ ਕੁਝ ਵੀ ਹਾਸਲ ਕਰ ਸਕਦੇ ਹਨ, ਸੁਤੰਤਰ ਦੇਸ਼ ਵੀ। ਪਹਿਲਾਂ ਉਨ੍ਹਾਂ ਦਾ ਇਹ ਭਰਮ ਤੋੜਣਾ ਚਾਹੀਦਾ ਹੈ।’
ਅਖ਼ਬਾਰ ਨੇ ਇਹ ਨਹੀਂ ਦੱਸਿਆ ਕਿ ਜਦ ਸੰਨ 1993 ਵਿਚ ਫ਼ਲਸਤੀਨੀ ਨੇਤਾ ਯਾਸਰ ਅਰਾਫ਼ਾਤ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਯਿਤਜ਼ਾਕ ਰੇਬਿਨ ਅਤੇ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਨਾਲ ਰਲ ਕੇ ਏਹ ਸਮਝੌਤਾ ਸਵੀਕਾਰ ਕੀਤਾ ਸੀ ਕਿ ਅਸੀ ਹੁਣ ਹਥਿਆਰ ਤਿਆਗਦੇ ਹਾਂ ਤੇ ਗੱਲਬਾਤ ਰਾਹੀਂ ਆਪਣਾ ਦੇਸ਼ ਸਥਾਪਤ ਕਰਾਂਗੇ– ਤਾਂ 30 ਬੇਹਥਿਆਰੇ ਸਾਲਾਂ ਵਿਚ ਵੀ ਫ਼ਲਸਤੀਨ ਮੁਲਕ ਕਿਉਂ ਨਾ ਬਣਾਇਆ ਗਿਆ? ਜੇ ਉਹ ਨਿਆਂ ਕੀਤਾ ਗਿਆ ਹੁੰਦਾ ਤਾਂ ਉਹ 1200 ਨਿਰਦੋਸ਼ ਇਜ਼ਰਾਈਲੀ ਵੀ ‘ਹਮਸ’ ਦੇ ਘਾਤਕ ਅਤੇ ਨਿੰਦਣਯੋਗ ਹਮਲੇ ਵਿਚ ਨਹੀਂ ਮਰਦੇ, ਜਿਨ੍ਹਾਂ ਨੂੰ ਬਹਾਨਾ ਬਣਾ ਕੇ ਤੁਸੀਂ ਇਹ ਕਹਿਰ ਵਰਤਾਇਆ ਹੈ, ਜੋ ਤੁਹਾਡੀ ਸੈਂਸਰਸ਼ਿਪ ਕਰਕੇ ਇਜ਼ਰਾਈਲੀਆਂ ਨੂੰ ਹਾਲੇ ਤਕ ਵੀ ਪਤਾ ਨਹੀਂ ਲੱਗਾ। ਇਜ਼ਰਾਇਲੀ ਤਾਂ ਆਪਣੇ ਕ੍ਰੋਧ ਵਿਚ ਹੁਣ ਏਹੀ ਕਹੀ ਜਾ ਰਹੇ ਹਨ: ‘ਕੋਈ ਫ਼ਲਸਤੀਨੀ ਹੁਣ ਨਿਰਦੋਸ਼ ਨਹੀਂ…!’
ਤੁਹਾਡਾ ਮਿੱਤਰ ਅਮਰੀਕਾ ਜਿਹੜੇ ਦਿਨ ਸਾਰੀ ਦੁਨੀਆਂ ਦੇ ਅਖ਼ਬਾਰਾਂ ਵਿਚ ਖ਼ਬਰਾਂ ਅਤੇ ਫ਼ੋਟੋਆਂ ਅਗਾਊਂ ਹੀ ਛਾਪ-ਛਾਪ ਫ਼ਲਸਤੀਨ ਵਿਚ ਭੋਜਨ ਦੀਆਂ ਹਵਾਈ ਪੰਡਾਂ ਸੁੱਟਦਾ ਹੈ, ਉਹ ਓਸੇ ਦਿਨ ਇਜ਼ਰਾਈਲ ਨੂੰ 18 ਬਿਲੀਅਨ ਡਾਲਰ ਦੇ ਬੰਬ ਅਤੇ ਉਨ੍ਹਾਂ ਬੰਬਾਂ ਨੂੰ ਸੁੱਟਣ ਲਈ ਹਵਾਈ ਜਹਾਜ਼ ਦੇਂਦਾ ਹੈ! ਇਜ਼ਰਾਈਲ ਨੂੰ ਮਿਲੇ ਹਰ 3 ਹਥਿਆਰਾਂ ਵਿਚੋਂ 2 ਅਮਰੀਕਨ ਅਤੇ 1 ਜਰਮਨ ਹੁੰਦਾ ਹੈ। ਤੁਹਾਡਾ ਝੂਠ ਹੋਰ ਵੀ ਨੰਗਾ ਹੋ ਜਾਂਦਾ ਹੈ ਜਦ ਅਮਰੀਕਾ ਦੇ ਐਸ ਨਵੰਬਰ ਵਿਚ ਚੁਣੇ ਜਾਣ ਵਾਲੇ ਸੰਭਾਵੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਯਹੂਦੀ ਜਵਾਈ ਜੈਰੇਡ ਕੁਸ਼ਨਰ ਇਹ ਬਿਆਨ ਦਿੰਦਾ ਹੈ ਕਿ – ‘ਗਾਜ਼ਾ ਪੱਟੀ ਨਾਲ ਲਗਦੇ ਸਮੁੰਦਰ ਦੀਆਂ ਬੀਚਾਂ ਨੂੰ ਠੋੁਰਸਿਟ Sਪੋਟ ਵਜੋਂ ਧੲਵੲਲੋਪ ਕਰਨ ਦੀਆਂ ਅਨੰਤ ਅਤੇ ਦਿਲਚਸਪ ਸੰਭਾਵਨਾਵਾਂ ਹਨ’। ਅਸਾਂ ਸੁਣਿਆ ਹੈ ਕਿ ਮਨੁੱਖ ਜੋ ਕੁਝ ਦੋ ਅੱਖਾਂ ਨਾਲ ਨਹੀਂ ਵੇਖ਼ ਸਕਦਾ, ਉਹ ਤੀਜੀ ਅੱਖ ਖੁਲ੍ਹਣ ‘ਤੇ ਦਿਸਣ ਲਗਦਾ ਹੈ। ਪਰ ਇਹ ਕੋਈ ਚੌਥੀ ਕਿਸਮ ਦੀ ਅੱਖ ਹੋਵੇਗੀ ਜਿਹੜੀ ਸਮੁੰਦਰ ਵਿਚ ਤਰਦੀਆਂ ਲਾਸ਼ਾਂ ਹੇਠੋਂ ਵੀ ਇਕ ਖੁਸ਼ਹਾਲ ਟੂਰਿਸਟ ਸਪੌਟ ਵੇਖ਼ ਸਕਦੀ ਹੈ। ਇਹ ਬੀਚਾਂ ਇਜ਼ਰਾਇਲੀਆਂ ਤੋਂ ਇਲਾਵਾ ਉਨ੍ਹਾਂ 5 ਲੱਖ ਹਥਿਆਰਬੰਦ ਅਮਰੀਕਨਾਂ ਨੂੰ ਆਪਣੀ ਥਕਾਵਟ ਲਾਹੁਣ ਲਈ ਚਾਹੀਦੀਆਂ ਹਨ ਜਿਹੜੇ (ਅੰਤਰ-ਰਾਸ਼ਟਰੀ ਸਹਿਮਤੀ ਅਤੇ ਸਮਝੌਤਿਆਂ ਦੇ ਵਿਰੁੱਧ) ਨਿਰੰਤਰ ਫ਼ਲਸਤੀਨੀਆਂ ਦੇ ਪਿੰਡਾਂ, ਖੇਤਾਂ ‘ਤੇ ਕਬਜ਼ਾ ਕਰਦਿਆਂ ਤੇ ਵਧਾਉਂਦਿਆਂ ਹੋਇਆਂ ਇਜ਼ਰਾਈਲ ਨੂੰ ਖੇਤਰਫ਼ਲ ਵਿਚ ‘ਵੱਡਾ’ ਕਰ ਰਹੇ ਹਨ।
*
ਨੇਤਨਯਾਹੂ ਜੀ, ਗਾਜ਼ਾ ਵਿਚ ਸਿਰਫ਼ ਫ਼ਲਸਤੀਨੀ ਹੀ ਨਹੀਂ ਮਰੇ, ਮਾਵਾਂ ਹੀ ਨਹੀਂ ਔਤਰੀਆਂ ਹੋਈਆਂ, ਇਕ ਖੂਬਸੂਰਤ ਪਰ ਗਰੀਬ ਦੇਸ਼ ਹੀ ਨੇਸਤੋ-ਨਾਬੂਦ ਨਹੀਂ ਹੋਇਆ, ਤੇ ਅਗਲੀਆਂ ਪੁਸ਼ਤਾਂ ਹੀ ਨਹੀਂ ਮੁੱਕੀਆਂ- ਕੁੱਲ ਧਰਤੀ ‘ਤੇ ਵਸਦੇ ਮਨੁੱਖਾਂ ਕੋਲ ਦੋ ਵੱਡੀਆਂ ਕੀਮਤੀ ਕੀਮਤਾਂ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ:
ਪਹਿਲੀ– ਤੁਹਾਡਾ ਕੀਤਾ ਇਹ ਕਰਮ – ਡੈਮੋਕ੍ਰੇਸੀ ਵਿਚ ਸਾਡੇ ਵਿਸ਼ਵਾਸ ਨੂੰ ਭੰਨ ਰਿਹਾ ਹੈ …
ਤੁਹਾਡਾ ਦੇਸ਼ ਡੈਮੋਕ੍ਰੇਸੀ ਹੈ, ਤੁਹਾਡਾ ਮਿੱਤਰ ਅਮਰੀਕਾ ਸੰਸਾਰ ਦੀ ਸਭ ਤੋਂ ਵਧ ਤਾਕਤਵਰ ਡੈਮੋਕ੍ਰੇਸੀ, ਅਤੇ ਬ੍ਰਿਟੇਨ ਪੁਰਾਣੀਆਂ ਡੈਮੋਕ੍ਰੇਸੀਆਂ ਵਿਚੋਂ ਇਕ ਹੈ। ਡੈਮੋਕ੍ਰੇਸੀਆਂ ਤਾਂ ਅਨਿਆਂ ਨੂੰ ਰੋਕਣ ਲਈ ਬਣੀਆਂ ਸਨ। ਮੇਰੇ ਦੇਸ਼ ਵਿਚ ਮਸਾਂ ਇਕ ਤਿਹਾਈ ਵੋਟਾਂ ਲੈ ਕੇ ਬਣੀ ਸਰਕਾਰ ਇਕ ਫ਼ਿਰਕੇ ਨੂੰ ਛੱਡ ਬਾਕੀਆਂ ਦੀ ਨਸਲਕੁਸ਼ੀ ਵਲ ਜਾਂਦੇ ਕਾਨੂੰਨ ਅਤੇ ਹਾਲਾਤ ਨਿਰੰਤਰ ਉਸਾਰੀ ਜਾ ਰਹੀ ਹੈ ਅਤੇ ਅਦਾਲਤਾਂ, ਟੈਕਸ, ਚੋਣ-ਕਮਿਸ਼ਨ, ਪੁਲਿਸ, ਵਿਦਿਆ, ਇਤਿਹਾਸ– ਸਭ ਕੀਮਤੀ ਸੰਸਥਾਵਾਂ ਗੋਡਿਆਂ ਪਰਨੇ ਕਰੀ ਜਾ ਰਹੀ ਹੈ, ਕਿਉਂਕਿ ਉਸ ਪਾਰਟੀ ਅੰਦਰ ਕੱਟੜ ਲੋਕਾਂ ਦਾ ਬੋਲਬਾਲਾ ਹੈ। ਤੁਸੀਂ ਜੋ ਕਰ ਰਹੇ ਹੋ ਉਹ ਵੀ ਮਾਤਰ ਇਕ ੰਫ ਜਿੰਨੀ ਬਹੁਗਿਣਤੀ ਨਾਲ ਆਪਣੀ ਗੱਦੀ ਬਚਾਉਣ ਲਈ ਕੱਟੜ ਪਾਰਟੀਆਂ ਦੀ ਲਈ ਸਹਾਇਤਾ ਅਤੇ ਉਨ੍ਹਾਂ ਨੂੰ ਖੁਸ਼ ਕਰਨ, ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਵੱਡਾ ਨਤੀਜਾ ਹੈ। ਮੇਰੇ ਸੂਬੇ ਵਿਚ ਇਕ ਕੱਟੜ ਬੰਦੇ ਨੇ ਹਥਿਆਰ ਚੁੱਕਣ ਬਦਲਾ ਲੈਣ ਦਾ ਨਾਅਰਾ ਮਾਰਿਆ। ਇਕ ਸਰਵੇਅ ਅਨੁਸਾਰ ਉਹਦੀ ਸਿਖ਼ਰ ਸਮੇਂ ਸਿਰਫ਼ ਸਾਢੇ 3% ਲੋਕ ਉਹਦੇ ਨਾਲ ਸਨ ਪਰ ਉਹ ਆਪਣਾ ਬਿਰਤਾਂਤ- ਕੱਟੜਤਾ ਅਤੇ ਹਥਿਆਰਬੱਧਤਾ ਸਦਕਾ ਸਾਡੇ ਸਾਰਿਆਂ ਉਪਰ ਪੁਸ਼ਤਾਂ ਵਾਸਤੇ ਲੱਦ ਗਿਆ। ਚਾਲ੍ਹੀ ਸਾਲ ਬੀਤਣ ਮਗਰੋਂ ਉਹਦੇ ਕੰਡੇ ਸਾਥੋਂ ਅਜੇ ਇਕ-ਚੌਥਾਈ ਵੀ ਨਹੀਂ ਚੁਗੇ ਗਏ।
ਜੇ ਸਦੀਆਂ ਦੇ ਸਮੇਂ, ਸੈਂਕੜੇ ਉੱਦਮਾਂ ਅਤੇ ਹਜ਼ਾਰਾਂ ਵਿਚਾਰਾਂ ਨਾਲ ਉਸਾਰੀ ਡੈਮੋਕ੍ਰੇਸੀ ਵੀ ਏਨੀ ਸੁਖਿਆਈ ਅਤੇ ਲੈਣ-ਦੇਣ ਦੇ ਤਾਣੇ-ਬਾਣੇ ਨਾਲ ਕੱਟੜ ਲੋਕਾਂ ਦੀ ਰਖੇਲ ਬਣਾਈ ਜਾ ਸਕਦੀ ਹੈ- ਤਾਂ ਸਾਡੇ ਵਰਗੇ ਸਾਧਾਰਣ ਪਰ ਗ਼ੈਰ-ਕੱਟੜ ਲੋਕਾਂ ਕੋਲ ਜ਼ਿੰਦਗੀ ਨੂੰ ਜੀਣ, ਨਿਆਂ ਹਾਸਲ ਕਰਨ, ਅਤੇ ਸਮਾਜ ਜਾਂ ਸਟੇਟ ਨੂੰ ਚਲਦਾ ਰੱਖਣ ਵਾਸਤੇ ਫਿਰ ਕਿਹੜਾ ਪੁਲਿਟੀਕਲ ਸਿਸਟਮ ਬਚਦਾ ਹੈ? ਜੇ ਪੰਜ ਪਿਆਰੇ ਹੀ ਕੱਟੜ ਹੋ ਜਾਣ ਤਾਂ ਫਿਰ ਉਨ੍ਹਾਂ ਲਈ ਕੋਈ ਸਾਧਾਰਣ ਜਨ ਪਿਆਰਾ ਨਹੀਂ ਰਹਿ ਜਾਂਦਾ!
ਸਾਡੀ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਜਦ ਲੋਕਾਂ ਨੂੰ ਡੈਮੋਕ੍ਰੇਸੀ ਹਾਸਲ ਹੀ ਨਾ ਹੋ ਸਕੇ, ਜਾਂ ਡੈਮੋਕ੍ਰੇਸੀ ਉਨ੍ਹਾਂ ਨੂੰ ਆਪਣੇ ਦੁੱਖ ਹੱਲ ਕਰਨ ਦਾ ਰਾਹ ਨਾ ਦੇਵੇ, ਜਾਂ ਉਨ੍ਹਾਂ ਦਾ ਡੈਮੋਕ੍ਰੇਸੀ ਵਿਚ ਵਿਸ਼ਵਾਸ ਮੁੱਕ ਜਾਵੇ– ਤਾਂ ਉਹ ਆਪਣੇ ‘ਤੇ ਰਾਜ ਕਰਨ ਲਈ ਤੁਹਾਡੇ ਵਰਗੇ ਲੋਕਾਂ ਨੂੰ ਚੁਣਨ ਲਗਦੇ ਹਨ, ਜਿਹੜੇ ਪਰਤ ਕੇ ਉਨ੍ਹਾਂ ਦੇ ਦੁੱਖ ਦੇ ਕਾਰਣਾਂ ਨੂੰ ਹੀ ਓਣਪੋਨੲਨਟiਅਲਲੇ ਜ਼ਰਬਾਂ ਦੇਂਦੇ ਹਨ ! ਇਹ ਸੱਚ ਤੁਹਾਨੂੰ ਪਤਾ ਹੈ, ਏਸੇ ਲਈ ਤੁਸੀਂ ਜੋ ਕਰ ਰਹੇ ਹੋ ਸੋ ਕਰ ਰਹੇ ਹੋ…
ਦੂਜਾ ਵੱਡਾ ਨੁਕਸਾਨ
ਪਿਛਲੇ 90 ਸਾਲਾਂ ਵਿਚ ਯਹੂਦੀਆਂ ਨੇ ਕਿਤਾਬਾਂ ਲਿਖ਼-ਲਿਖ਼, ਫ਼ਿਲਮਾਂ ਬਣਾ-ਬਣਾ, ਕਥਾਵਾਂ ਕਹਿ-ਕਹਿ– ਕੁੱਲ ਸੰਸਾਰ ਨੂੰ– ਹਰ ਰੋਜ਼, 100 ਵਾਰੀ ਹਰ ਰੋਜ਼- ਇਹ ਚੇਤਾ ਕਰਵਾਇਆ ਕਿ ਤੁਹਾਡੀ ਕੌਮ ਨਾਲ ਹਿਟਲਰ ਨੇ ਕੀ ਧੱਕਾ ਕੀਤਾ। ਤੇ ਸੰਸਾਰ ਨੇ ਯਹੂਦੀਆਂ ਦੇ ਏਸ ਤਰਲੇ ਦਾ ਸਦਾ ਯਕੀਨ ਕੀਤਾ ਹੈ। ਕਨੇਡਾ ਅਮਰੀਕਾ ਯੂਰਪ ਵਿਚ ਕੋਈ ਬੰਦਾ ਜੇ ਕਿਸੇ ਯਹੂਦੀ ਦੇ ਖ਼ਿਲਾਫ਼ ਕੋਈ ਸਹੀ ਗੱਲ ਵੀ ਕਹਿ ਦੇਵੇ ਤਾਂ ਦੂਜੀ ਗੱਲ ਪੁੱਛੇ ਬਿਨਾ ਹੀ ਉਸਤੇ ੳਨਟi-Sੲਮਟਿਸਿਮ ਦਾ ਦੋਸ਼ ਲਾ ਕੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਪਰ ਜੇ ਕਿਧਰੇ ਤੁਸੀਂ ਆਪਣੀ ਗੱਦੀ ਕਾਇਮ ਰੱਖਣ ਲਈ ਆਪਣਾ ਅੰਨ੍ਹਾ ਜਨੂੰਨ ਜਾਰੀ ਰੱਖਿਆ, ਤੇ ਏਸ ਵਰ੍ਹੇ ਦੇ ਅੰਤ ਤਕ 5 ਲਖ ਫ਼ਲਸਤੀਨੀ ਸੱਚੀ-ਮੁੱਚੀਂ ਮਾਰੇ ਹੀ ਗਏ ਤਾਂ ਕਿਤੇ ਏਹ ਨਾ ਹੋਵੇ– ਅੱਧਾ ਸੰਸਾਰ ਮੰਨਣ ਲੱਗ ਪਵੇ ਕਿ ਹਿਟਲਰ ਨੇ ਜੋ ਕੀਤਾ ਸੀ- ‘ਸਹੀ’ ਕੀਤਾ ਸੀ! ਉਹ ਇਸ ਧਰਤੀ ਦਾ ਵੱਡਾ ਅਭਾਗਾ ਦਿਨ ਹੋਵੇਗਾ। ਉਸ ਦਿਨ ਸਭ ਹਿਟਲਰ ਜਿਹੇ ਅਤੇ ਮੇਰੀ ਧਰਤੀ ਵਾਂਗ ਸਭ ਦੇਸਾਂ ਅਤੇ ਸਭ ਮਜ਼ਹਬਾਂ ਵਿਚ ਤੁਰੇ-ਫਿਰਦੇ ਸਭ ਨਸਲਕੁਸ਼ਾਂ ਨੂੰ ਆਪਣੇ ‘ਠੀਕ’ ਹੋਣ ਦਾ ਨੈਤਿਕ ਲਸੰਸ ਮਿਲ ਜਾਵੇਗਾ…
ਇਹ ਡਰ ਮੈਨੂੰ ਅੱਜ ਸਵੇਰੇ ਹੀ ਲੱਗਿਆ ਜਦੋਂ ਦੇਸ਼ ਦੀ ਸਿਆਸੀ ਹਾਲਤ ਬਾਰੇ ਗੱਲ ਕਰਦਿਆਂ ਹਿੰਦੁਸਤਾਨ ਵਿਚ ਸਰਕਾਰੀ ਨੌਕਰੀ ਕਰਦਾ ਮੇਰਾ 20 ਸਾਲਾ ਰਿਸ਼ਤੇਦਾਰ ਮੁੰਡਾ ਮੈਨੂੰ ਪੁੱਛਣ ਲੱਗਾ: ‘ਕੀ ਮੁਸਲਮਾਨਾਂ ਦਾ ਹੋਣਾ ਜਾਂ ਰਹਿਣਾ ਭਾਰਤ ਲਈ ਬਹੁਤ ਜ਼ਰੂਰੀ ਹੈ?’ (ਮੈਂ ਜਾਣਦਾ ਹਾਂ– ਇਹੀ ਸੁਆਲ ਤੁਹਾਡੇ ਦੇਸ਼ ਦੇ ਕੱਟੜ ਯਹੂਦੀ ਵੀ ਫ਼ਲਸਤੀਨੀਆਂ ਬਾਰੇ ਪੁੱਛ ਰਹੇ ਹੋਣਗੇ) ਮੈਂ ਉਹਨੂੰ ਕਿਹਾ: ‘ਜੇ ਕੋਈ ਸੁਆਲ ਕਰੇ ਕਿ ਸਿੱਖਾਂ ਦਾ ਹੋਣਾ ਤੇ ਰਹਿਣਾ ਕੀ ਭਾਰਤ ਲਈ ਜ਼ਰੂਰੀ ਹੈ? ਤਾਂ ਤੂੰ- ਦਿੱਲੀ ਰਹਿੰਦਾ ਸਾਬਤ-ਸੂਰਤ ਨੌਜੁਆਨ ਏਹਦਾ ਜੋ ਜੁਆਬ ਦੇਵੇਂਗਾ- ਉਹੀ ਤੇਰੇ ਸੁਆਲ ਦਾ ਜੁਆਬ ਹੈ!’
ਮੈਂ ਆਸ ਕਰਦਾ ਹਾਂ– ਅਜਿਹਾ ਸੁਆਲ ਤੁਹਾਡੇ ਕਰਮਾਂ ਸਕਦਾ ਸੰਸਾਰ ਵਿਚ ਯਹੂਦੀਆਂ ਲਈ ਕਦੀ ਦੁਬਾਰਾ ਨਾ ਉੱਠੇ ! ਮੇਰੀ ਭਾਸ਼ਾ ਦੇ ਕਵੀ ਓਂਕਾਰਪ੍ਰੀਤ ਦੀ ਗੱਲ ਸੁਣੋ :
‘ਹਿਟਲਰ ਖ਼ੁਦਕਸ਼ੀ ਕਰਕੇ ਵੀ ਨਾ ਮਰਿਆ
ਯਹੂਦੀਆਂ ਉਸਦੀ ਨਫ਼ਰਤ ਨੂੰ ਜ਼ਿੰਦਾ ਰਖਿਆ
ਉਸਦੇ ਗੈਸ-ਚੈਬਰਾਂ ਦਾ ਸਾਹ-ਪੀਓ
ਆਪਣੇ ਸਾਹਾਂ ‘ਚ ਪਾL ਲਿਆ
ਉਸਦੀਆਂ ਭੱਠੀਆਂ ਦਾ ਆਦਮ-ਬੋਅ ਸੇਕ
ਆਪਣੇ ਤਨ-ਮਨ ਢਾਲ ਲਿਆ
ਉਸਦੇ ਭੈਅ ਦਾ ਬੀਜ
ਆਪਣੇ ਸੀਨੇ-ਕੁੱਖੀਂ ਸੰਭਾਲ ਲਿਆ
ਕਿ ਰੋਮਨ ਕੈਥੋਲਿਕ ਹਿਟਲਰ
ਹੁਣ ਸ਼ੁੱਧ ਯਹੂਦੀ ਹੋ ਗਿਆ ਹੈ
ਤੇ …
ਸੱਠ ਲੱਖ ਲੋਕਾਂ ਦੇ ਕਾਤਲ ਸਾਹਵੇਂ
ਹਾਲੇ ਮਹਿਜ਼ ਤੀਹ ਕੁ ਹਜ਼ਾਰ
ਫ਼ਲਸਤੀਨੀ ਲਾਸ਼ਾਂ ਚੀਜ਼ ਹੀ ਕਿਆ ਹੈ…?’
ਇੰਗਲੈਂਡ ਦੇ ਵੱਡੇ ਅਖ਼ਬਾਰ ‘ਠਹੲ ਘੁਅਰਦiਅਨ’ ਦੇ ਪੱਤਰ-ਪ੍ਰੇਰਕ ਜੋਨਾਥਨ ਫ਼੍ਰੀਡਲੈਂਡ ਦੇ ਸ਼ਬਦ ਸੁਣੋ: ‘ਇਜ਼ਰਾਈਲ ਨੇ ਸੰਸਾਰ ਦਾ ਚਾਨਣ ਹੋਣਾ ਸੀ, ਪਰ ਅੱਜ ਉਹ ਸੰਸਾਰ ਦਾ ਕੋਹੜੀ ਹੋ ਗਿਆ ਹੈ’। ਯਹੂਦੀ ਵਾਕਈ ਸੰਸਾਰ ਦਾ ਚਾਨਣ ਸਨ। ਸੰਸਾਰ ਦੀ ਕੁੱਲ ਆਬਾਦੀ ਦਾ ਸਿਰਫ਼ 0.2% ਹੁੰਦਿਆਂ ਵੀ ਉਨ੍ਹਾਂ 20% ਨੋਬਲ ਇਨਾਮ ਜਿੱਤੇ (975 ਵਿਚੋਂ 200)
ਅੱਜ ਜਦੋਂ ਹਿਟਲਰ ਦਾ ਨਾਂ ਕੋਈ ਉਚਾਰਦਾ ਹੈ ਤਾਂ ਪਹਿਲਾ ਖ਼ਿਆਲ ਏਹੀ ਆਉਂਦਾ ਹੈ– ‘ਏਹ ਓਹ ਬੰਦਾ ਸੀ ਜਿਸ 60 ਲੱਖ ਯਹੂਦੀ ਮਾਰੇ!’ ਪਰ ਆਉਣ ਵਾਲੇ ਸਮੇਂ ਵਿਚ ਯਹੂਦੀਆਂ ਦੀਆਂ ਸਭ ਪ੍ਰਾਪਤੀਆਂ ਦੇ ਬਾਵਜੂਦ ਇਤਿਹਾਸ ਨੇ ਕਿਸੇ ਵੀ ਮਨੁੱਖ ਵੱਲੋਂ ‘ਯਹੂਦੀ’ ਸ਼ਬਦ ਉਚਾਰਣ ਉਤੇ ਪਹਿਲਾ ਵਾਕ ਜੇ ਏਹੀ ਬੋਲਣਾ ਹੈ– ‘ਏਹ ਕਈ ਲੱਖ ਫ਼ਲਸਤੀਨੀਆਂ ਦੇ ਕਾਤਲ ਹਨ’ ਤਾਂ ਕਿੰਨੀ ਉਦਾਸ ਗੱਲ ਹੋਵੇਗੀ! ਏਨੇ ਮਹਾਨ ਯਹੂਦੀ ਵਿਗਿਆਨੀਆਂ, ਅਰਥ-ਸ਼ਾਸਤਰੀਆਂ, ਲੇਖਕਾਂ, ਕਲਾਕਾਰਾਂ ਤੇ ਲੋਕਾਂ ਦਾ ਕੁੱਲ ਕੀਤਾ ਕਾਰਜ ਅਤੇ ਰਚਨਾ ਤੁਸੀਂ ਨਿਰਦੋਸ਼ਾਂ ਦੇ ਲਹੂ ਵਿਚ ਰੋੜ੍ਹ ਦਿੱਤਾ…
ਜਾਂ ਸ਼ਾਇਦ ਅਸੀਂ ਨਿਰਦੋਸ਼ ਨਹੀਂ, ਸਾਡਾ ਦੋਸ਼ ਹੈ– ਤੁਹਾਡੇ ਜਿਹੇ ਕੱਟੜ ਲੋਕਾਂ ਨੂੰ ਆਪਣੇ ਤੇ ਰਾਜ ਕਰਨ ਦੇਣਾ। ਤੁਸੀਂ 15 ਸਾਲਾਂ ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਹੋ। ਤੁਹਾਡੇ ਜਿਹਾ ਅੱਕ ਬੀਜ ਕੇ ਉਹਦੇ ਫ਼ਲ ਵਿਚੋਂ ਗਾਂ ਦਾ ਦੁੱਧ ਤਾਂ ਨਹੀਂ ਸੀ ਨਿਕਲਣਾ, 1200 ਇਜ਼ਰਾਇਲੀਆਂ ਦੀ ਮੌਤ ਹੀ ਨਿਕਲਣੀ ਸੀ! ਸਾਨੂੰ– ਜੋ ਕੱਟੜ ਨਹੀਂ– ਚਾਹੀਦਾ ਹੈ ਕਿ ਤੁਹਾਡੇ ਜਿਹੇ ਸਿਆਸੀ ਜਾਂ ਧਾਰਮਿਕ ਕੱਟੜਾਂ ਨਾਲ ਪਹਿਲਾਂ ਹੀ ਦੋ-ਦੋ ਹੱਥ ਕਰੀਏ, ਭਾਵੇਂ ਏਸ ਵਿਚ ਮਾਰੇ ਹੀ ਜਾਈਏ, ਪਰ ਤੁਹਾਡੇ ਜਿਹਿਆਂ ਨੂੰ ਤਾਕਤ ਵਿਚ ਨਾ ਆਉਣ ਦੇਈਏ। ਕਿਉਂਕਿ ਤੁਹਾਡੇ ਸੱਤਾਧਾਰੀ ਹੋਣ ਨਾਲ ਤੁਹਾਡੇ ‘ਕਾਰੋਬਾਰ’ ਦੀ ਸਫ਼ਲਤਾ ਵਾਸਤੇ ਸਾਡਾ ਅਤੇ ਸਾਡੀ ਸੰਤਾਨ ਦਾ ਅਜਾਈਂ ਮਾਰੇ ਜਾਣਾ ਨਿਸਚਿਤ ਹੈ…
*
ੂਂੌ ਵਿਚ ਪਈ ਵੋਟ ਦਸਦੀ ਹੈ: ਸੰਸਾਰ ਦੀ 8 ਅਰਬ ਆਬਾਦੀ ਵਿਚੋਂ ਸਿਰਫ਼ ਪੌਣੇ 7 ਕਰੋੜ ਕੁੱਲ ਵੱਸੋਂ ਰਖਦੇ ਦੇਸ਼ ਹੀ ਤੁਹਾਡੇ ਸਮਰੱਥਕ ਰਹਿ ਗਏ ਹਨ। ਬ੍ਰਿਟੇਨ ਵਿਚ 600 ਵਕੀਲਾਂ ਅਤੇ ਜੱਜਾਂ ਨੇ ਅਪੀਲ ਲਿਖ਼ ਕੇ ਆਪਣੀ ਸਰਕਾਰ ਵੱਲੋਂ ਇਜ਼ਰਾਈਲ ਨੂੰ ਦਿੱਤੇ ਜਾ ਰਹੇ ਹਥਿਆਰਾਂ ‘ਤੇ ਰੋਕ ਮੰਗੀ ਹੈ। ਤੁਸੀਂ ਸੰਸਾਰ ਭਰ ਦੀਆਂ ਯੂਨੀਵਰਸਿਟੀਆਂ ਵਿਚ ਫ਼ਲਸਤੀਨ ਦੇ ਹੱਕ ਵਿਚ ਹੁੰਦੇ ਵਿਦਿਆਰਥੀ ਮੁਜ਼ਾਹਰਿਆਂ ਨੂੰ ਵੇਖੋ ਤੇ ਸੁਣੋ- ਇਨ੍ਹਾਂ ਵਿਚ ਉੱਠੀਆਂ ਹੋਈਆਂ ਬਾਹਾਂ ਸਿਰਫ਼ ਮੁਸਲਮਾਨ ਹੀ ਨਹੀਂ ਹਨ। ਟੋਰਾਂਟੋ ਦੇ ਉਸ ਸਮਾਗਮ-ਹਾਲ ਨੂੰ ਵੇਖੋ ਜਿੱਥੇ ਭਾਸ਼ਣ ਦੇਣ ਲਈ ਕਨੇਡੀਅਨ ਪ੍ਰਧਾਨ-ਮੰਤਰੀ ਜਸਟਿਨ ਟਰੂਡੋ ਨੂੰ ਮੁਜ਼ਾਹਰਾਕਾਰਾਂ ਨੇ ਅੰਦਰ ਹੀ ਨਹੀਂ ਵੜਨ ਦਿੱਤਾ। ਕਨੇਡਾ ਦੀ ਉਪਰਲੀ ਚਹੁੰਆਂ ਵਿਚੋਂ ਇਕ ਮੈਕਗਿੱਲ ਯੂਨੀਵਰਸਿਟੀ ਓਟਵਾ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵੇਖੋ, ਜਿਹੜੇ ਏਸ ਮੰਗ ਲਈ ਭੁੱਖ ਹੜਤਾਲ ‘ਤੇ ਬੈਠੇ ਹਨ ਕਿ ਯੂਨੀਵਰਸਿਟੀ ਆਪਣੀ ਆਮਦਨੀ ਅਤੇ ਬੱਚਤ ਦੇ ਵਾਧੇ ਲਈ ਲਾਇਆ ਪੈਸਾ ਜਾਂ ਸਟਾਕ- ਹਥਿਆਰ ਬਣਾਉਣ ਵਾਲੀਆਂ ਕੰਪਨੀਆਂ (ਰੇਥਿਓਨ, ਲਾਕਹੀਡ ਮਾਰਟਿਨ) ਦੇ ਖਾਤਿਆਂ ਵਿਚੋਂ ਬਾਹਰ ਕੱਢੇ। ਕਿਉਂਕ ਇਹ ਕੰਪਨੀਆਂ ਇਜ਼ਰਾਈਲ ਵਾਸਤੇ ਹਥਿਆਰ ਬਣਾ ਰਹੀਆਂ ਹਨ। ਮਿਸ਼ੀਗਨ ਸਟੇਟ ਦੇ ਉਨ੍ਹਾਂ 2 ਲੱਖ ਵੋਟਰਾਂ ਨੂੰ ਵੇਖੋ, ਜਿਨ੍ਹਾਂ ਅਗਲੀ ਚੋਣ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਹਮਾਇਤ ਤੋਂ ਇਨਕਾਰ ਕਰ ਦੇਣ ਕਰਕੇ ਜੋਅ ਦਾ ਹਾਰ ਜਾਣਾ ਸੰਭਵ ਹੋ ਗਿਆ ਹੈ। ਇਜ਼ਰਾਇਲ ਦੀ ਅੰਨ੍ਹੀ ਅਤੇ ਬੇਸ਼ਰਤ ਹਮਾਇਤ ਕਰਕੇ ਜੋਅ ਬਾਈਡਨ ਨੂੰ ਹੁਣ ਘੲਨੋਚਦਿੲ ਝੋੲ ਕਿਹਾ ਜਾਣ ਲੱਗਾ ਹੈ…
ਪਰ –
ਤੁਹਾਡੇ ਵਰਸਾਏ ਹਿੰਸਕ ਦੁੱਖ ਦੇ ਬਾਵਜੂਦ ਸਾਡਾ ਵਿਸ਼ਵਾਸ ਨਾ ਤਾਂ ਨਿਆਂ ਲਈ ਲੜਣ ਵਿਚ ਘਟਿਆ ਹੈ, ਨਾ ਨਿਆਂ ਵਾਸਤੇ ਹਿੰਸਾ ਕਰਨ ਵਿਚ ਵਧਿਆ ਹੈ। ਨਾ ਹੀ ਚੁੱਪ ਕਰਵਾਏ ਜਾਣ ਲਈ ਕੀਤੇ ਤਸ਼ੱਦਦਾਂ ਦੇ ਬਾਵਜੂਦ ਸਾਡਾ ਵਿਸ਼ਵਾਸ ਅਜੇ ਵੀ ਬੋਲੀ ਜਾਣ ਵਿਚ ਘਟਿਆ ਹੈ। ਅਜੇ ਵੀ ਧਰਤੀ ਉਪਰ ਸ਼ਾਂਤ ਰਹਿੰਦਿਆਂ ਲੜਨਾ ਸੰਭਵ ਹੈ– ਇਹ ਸਾਡਾ ਉਹ ਵਿਸ਼ਵਾਸ ਹੈ ਜਿਹੜਾ ਅਸੀਂ ਮਰ ਮਰ ਕੇ ਵੀ, ਹਾਰ-ਹਾਰ ਕੇ ਵੀ– ਮਰਨ ਨਹੀਂ ਦੇਂਦੇ …
ਜੇ ਅਸੀਂ ਆਪਣਾ ਇਕ ਵਿਸ਼ਵਾਸ ਜਿਊਂਦਾ ਰੱਖ ਸਕਦੇ ਹਾਂ ਤਾਂ ਅਸੀਂ ਇਕ ਦੇਸ਼ ਵੀ ਜਿਊਂਦਾ ਰੱਖ ਸਕਦੇ ਹਾਂ, ਕੁੱਲ ਧਰਤੀ ਵੀ, ਤੇ ਅਸੀਂ ਵੀ ਜਿਉਂਦੇ ਰਹਿ ਸਕਦੇ ਹਾਂ, ਨੇਤਨਯਾਹੂ ਜੀ…
ਤੇ ਜਿੰਨ੍ਹਾਂ ਵਾਸਤੇ ਅਸੀਂ ਜ਼ਿੰਦਗੀ ਦੀ ਮੰਗ ਕਰਦੇ ਹਾਂ, ਉਨ੍ਹਾਂ ਵਿਚ ਤੁਸੀਂ ਵੀ ਸ਼ਾਮਲ ਹੋ, ਤੁਹਾਡੇ ਸਿਪਾਹੀ ਵੀ, ਤੁਹਾਡੇ ਦੇਸ਼ਵਾਸੀ ਵੀ, ਤੇ ਸੰਸਾਰ ਵਿਚ ਥਾਂ-ਥਾਂ ਵੱਸੇ ਤੁਹਾਡੇ ਕੌਮਵਾਸੀ ਵੀ। ਕਿਉਂਕਿ ਉਹ ਸਭ ਜਿਊਂਦੇ-ਜਾਗਦੇ ਲੋਕ ਹਨ, ਕਿਸੇ ਪਰਿਵਾਰ ਦਾ ਹਿੱਸਾ ਹਨ, ਉਹ ਵੀ ਆਦਰਯੋਗ ਹਨ ਕਿਉਂਕਿ ਉਹ ਮਨੁੱਖ ਹਨ…
ਅੱਜ ਈਦ ਹੈ, ਰੋਜ਼ੇ ਮੁੱਕਣ ਅਤੇ ਭੁੱਖ ਤੇ ਦੁੱਖ ਦੇ ਸਮਾਪਤ ਹੋਣ ਦਾ ਦਿਨ। ਤੁਹਾਨੂੰ ਵੀ ਈਦ ਮੁਬਾਰਕ ਹੋਵੇ, ਏਹਦਾ ਚਾਨਣ ਤੁਹਾਡੇ ਅੰਦਰ ਵੀ ਉਤਰੇ। ਪਰ ਸੁਣਿਆ ਹੈ– ਤੁਸੀਂ ਰਾਫ਼ਾ (ਜਿੱਥੇ ਐਸ ਵੇਲੇ 15 ਲੱਖ ਫ਼ਲਸਤੀਨੀ ਡੱਕੇ ਹੋਏ ਹਨ ਤੇ ਉਨ੍ਹਾਂ ਦੇ ਨਿਕਲਣ ਲਈ ਹੁਣ ਸਮੁੰਦਰ ਵਿਚ ਡੁੱਬਣ ਨੂੰ ਛਡ ਕੇ ਹੋਰ ਕੋਈ ਥਾਂ ਨਹੀਂ ਬਚੀ) ਉੱਤੇ ਹਮਲਾ ਕਰਨ ਲਈ ਸਿਰਫ਼ ਰਮਜ਼ਾਨ ਦੇ ਮਹੀਨੇ ਦੇ ਮੁੱਕਣ ਦੀ ਉਡੀਕ ਕਰ ਰਹੇ ਸੀ। ਕਲ੍ਹ ਤੁਹਾਡਾ ਬਿਆਨ ਸੀ: ‘ਰਾਫ਼ਾ ਉਤੇ ਹਮਲੇ ਦੀ ਮਿਤੀ ਤੈਅ ਹੋ ਚੁੱਕੀ ਹੈ।’
ਸੰਭਵ ਹੈ– ਕੁਝ ਲੱਖ ਫ਼ਲਸਤੀਨੀਆਂ ਲਈ ਜੀਵਨ ਦੀ ਇਹ ਆਖ਼ਰੀ ਈਦ ਹੋਵੇ। ਇਸ ਮਗਰੋਂ ਉਹ ਕਦੀ ਵੀ ਇਕ ਦੂਜੇ ਨੂੰ ਮਿਲਣ ਲਈ ਨਾ ਬਚ ਸਕਣ…ਨਾ ਭੁੱਖੇ ਰਹਿਣ ਲਈ ਬਚ ਸਕਣ। ਪਰ ਉਨ੍ਹਾਂ ਦੀ ਕੂਕ ਬਚੀ ਰਹੇਗੀ, ਸਾਡੇ ਸਭ ਦੇ ਗਲਿਆਂ ਵਿਚੋਂ ਨਿਕਲਦੀ ਰਹੇਗੀ…।
**