ਕੱਕਾ ਰੇਤਾ ਬੜਾ ਚਹੇਤਾ

ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ
ਸਾਬਕਾ ਪ੍ਰਿੰਸੀਪਲ
ਫੋਨ: +1-925-683-1982
ਮੈਂ ਜਨਮ ਤੋਂ ਦਸਵੀਂ ਜਮਾਤ ਪਾਸ ਕਰਨ ਤੱਕ ਆਪਣੇ ਜੱਦੀ ਪਿੰਡ ਰਾਮਪੁਰੇ ਹੀ ਰਿਹਾ। ਇਸ ਪਿੰਡ ਦੇ ਆਲੇ-ਦੁਆਲੇ ਗੁਰੂਸਰ, ਲਹਿਰਾ ਧੂਰਕੋਟ, ਕੌੜਾ ਕੋਟੜਾ, ਭੂੰਦੜ (ਪ੍ਰੋ. ਕਰਮ ਸਿੰਘ ਵਾਲਾ), ਮੰਡੀ ਕਲਾਂ (ਅਜਮੇਰ ਸਿੰਘ), ਪਿੱਥੋ (ਭਾਈ ਕਾਨ੍ਹ ਸਿੰਘ ਤੇ ਗੁਰਬਚਨ ਭੁੱਲਰ), ਗਿੱਲ ਕਲਾਂ, ਬਦਿਆਲਾ (ਸੰਤ ਫ਼ਤਿਹ ਸਿੰਘ), ਫੂਲ ਅਤੇ ਮਹਿਰਾਜ ਜਿਹੇ ਵਸਦੇ ਰਸਦੇ ਪਿੰਡ ਹਨ।

ਇਨ੍ਹਾਂ ਸਾਰੇ ਪਿੰਡਾਂ ਨੂੰ ਰਾਮਪੁਰਾ ਫੂਲ ਦਾ ਰੇਲਵੇ ਸਟੇਸ਼ਨ ਗੱਡੀ ਦਾ ਸਫ਼ਰ ਬਖ਼ਸ਼ਦਾ ਹੈ।
ਮੇਰੇ ਬਚਪਨ ਸਮੇਂ ਇਸ ਸਾਰੇ ਇਲਾਕੇ ਵਿਚ ਖੂਹਾਂ ਦਾ ਪਾਣੀ 120 ਫੁੱਟ ਦੇ ਨੇੜੇ-ਤੇੜੇ ਡੂੰਘਾ ਸੀ। ਨਹਿਰ ਦੇ ਪਾਣੀ ਨਾਲ ਬਹੁਤ ਘੱਟ ਜ਼ਮੀਨ ਸਿੰਜੀ ਜਾਂਦੀ ਸੀ। ਇਲਾਕੇ ਦਾ ਬਹੁਤਾ ਹਿੱਸਾ ਰੇਤਲਾ ਸੀ। ਮੇਰੇ ਬਾਪੂ ਜੀ ਦੇ ਹਿੱਸੇ ਜੱਦੀ ਜ਼ਮੀਨ ਵਿਚ ਬਹੁਤ ਵੱਡਾ ਕੱਕੇ ਰੇਤੇ ਦਾ ਟਿੱਬਾ ਸੀ। ਨਿਆਣੀ ਉਮਰ ਵਿਚ ਇਸ ਕੱਕੇ ਰੇਰੇ ਵਿਚ ਹੱਥਾਂ ਨਾਲ ਨਿੱਕਾ ਜਿਹਾ ਘਰ ਬਣਾਉਣਾ, ਫੇਰ ਉਸ ਨੂੰ ਢਾਹ ਦੇਣਾ ਮੇਰਾ ਮਨ ਭਾਉਂਦਾ ਸ਼ੁਗਲ ਸੀ।
ਇਸ ਟਿੱਬੇ ਦੇ ਚਾਰੇ ਪਾਸੇ ਜਿਹੜੇ ਲੋਕਾਂ ਦੇ ਖੇਤ ਸਨ, ਉਹ ਹਰ ਸਾਲ ਥੋੜ੍ਹਾ-ਥੋੜ੍ਹਾ ਰਕਬਾ ਆਪਣੇ ਨਾਲ ਮਿਲਾ ਲੈਂਦੇ ਸਨ। ਬਾਪੂ ਜੀ ਨੇ ਇਸ ਕੰਮ ਦਾ ਬਹੁਤਾ ਬੁਰਾ ਇਸ ਲਈ ਨਾ ਮਨਾਇਆ ਕਿ ਉਥੇ ਕਿਹੜਾ ਕੋਈ ਫ਼ਸਲ ਹੁੰਦੀ ਹੈ। 1955-56 ਵਾਲੀ ਮੁਰੱਬੇਬੰਦੀ ਨੇ ਕਮਾਲ ਕਰ ਦਿੱਤੀ। ਕੱਕੇ ਰੇਤ ਨੇ ਸਾਡੀ ਮੌਜ ਬਣਾ ਦਿੱਤੀ। ਕਾਗਜ਼ਾਤ ਵਿਚ ਲਿਖੇ ਅਨੁਸਾਰ ਸਾਨੂੰ ਕਿਸੇ ਹੋਰ ਥਾਂ ਪੱਧਰ ਜ਼ਮੀਨ ਮਿਲ ਗਈ। ਜਿਹੜੇ ਹੋਰ ਕਿਸਾਨਾਂ ਨੂੰ ਇਹ ਟਿੱਬਾ ਮਿਲਿਆ, ਉਨ੍ਹਾਂ ਨੂੰ ਭੀ ਇਸ ਦੇ ਰੇਤ ਨੇ ਰੰਗ ਲਾ ਦਿੱਤੇ। ਟਰੱਕਾਂ ਵਿਚ ਲੱਦਿਆ ਰੇਤਾ ਸ਼ਹਿਰਾਂ ਵਿਚ ਮਕਾਨ ਉਸਾਰੀ ਦੇ ਕੰਮ ਆ ਗਿਆ। ਕਿਸਾਨਾਂ ਨੂੰ ਚੰਗੀ ਕੀਮਤ ਦੇ ਗਿਆ ਅਤੇ ਪੱਧਰੀ ਜ਼ਮੀਨ ਦੇ ਮਾਲਕ ਉਨ੍ਹਾਂ ਕਿਸਾਨਾਂ ਨੂੰ ਬਣਾ ਗਿਆ। ਇਸ ਰੇਤੇ ਨੂੰ ਮੇਰਾ ਸਲਾਮ!
ਇਹ ਰੇਤਲਾ ਇਲਾਕਾ ਇਨ੍ਹਾਂ ਪਿੰਡਾਂ ਤੋਂ ਭੀ ਪਹਿਲਾਂ ਸ਼ੁਰੂ ਹੋ ਕੇ ਬਠਿੰਡਾ, ਮਾਨਸਾ, ਸਰਸਾ, ਫ਼ਰੀਦਕੋਟ, ਮੁਕਤਸਰ ਹੁੰਦਾ ਹੋਇਆ ਗੰਗਾਨਗਰ ਤੋਂ ਪਰੇ ਤੱਕ ਫੈਲਿਆ ਹੋਇਆ ਹੈ।
ਮਾਝਾ, ਦੁਆਬਾ ਅਤੇ ਪੁਆਦ, ਸਾਰੇ ਇਲਾਕੇ ਆਪੋ-ਆਪਣੀਆਂ ਵਿਸ਼ੇਸ਼ਤਾਈਆਂ ਨਾਲ ਲਬਰੇਜ਼ ਹਨ, ਕਿਸੇ ਗੱਲੋਂ ਵੀ ਉਨ੍ਹਾਂ ਨੂੰ ਘੱਟ ਮਹੱਤਤਾ ਦੇਣਾ ਮੇਰਾ ਦਸਤੂਰ ਨਹੀਂ ਪਰ ਮਾਲਵੇ ਦੇ ਇਸ ਰੇਤਲੇ ਖਿੱਤੇ ਨੂੰ ਅਣਗੌਲਿਆ ਕਰਨਾ ਅਤੇ ਪਛੜਿਆ ਜਾਣ ਕੇ ਇਸ ਦਾ ਬਣਦਾ ਹੱਕ ਨਾ ਦੇਣਾ ਮੈਨੂੰ ਮਨਜ਼ੂਰ ਨਹੀਂ। ਕੁਝ ਸ਼ਬਦਾਂ ਵਿਚ ਇਸ ਖਿੱਤੇ ਦੀ ਵਿਲੱਖਣਤਾ ਨੂੰ ਪਿਆਰ ਅਤੇ ਸਤਿਕਾਰ ਨਾਲ ਬਿਆਨ ਕਰਨਾ ਇਸ ਸਾਦਾ ਜਿਹੇ ਲੇਖ ਦਾ ਮੂਲ ਮਨੋਰਥ ਹੈ।
ਬਠਿੰਡੇ ਦਾ ਜ਼ਿਕਰ ਕਰਦਿਆਂ ਹੀ ਉਥੋਂ ਦਾ ਉੱਚਾ ਪੁਰਾਣਾ ਅਤੇ ਮਸ਼ਹੂਰ ਕਿਲ੍ਹਾ ਯਾਦ ਆ ਜਾਂਦਾ ਹੈ। ਨਿੱਕੇ ਹੁੰਦਿਆਂ ਜਦੋਂ ਵੀ ਰੇਲ ਗੱਡੀ ਰਾਹੀਂ ਬਠਿੰਡੇ ਵੱਲ ਜਾਂਦੇ ਸੀ ਤਾਂ ਦੂਰੋਂ ਹੀ ਇਹ ਕਿਲ੍ਹਾ ਅਤੇ ਇਸ ਦੀ ਕੁੱਛੜ ਵਿਚ ਬਣੇ ਤਿੰਨ ਮੰਜ਼ਲੇ ਮਕਾਨ (ਬੌਣੇ) ਨਜ਼ਰ ਆਉਣੇ ਸ਼ੁਰੂ ਹੋ ਜਾਂਦੇ। ਮਨ ਵਿਚ ਸਵਾਲ ਗੂੰਜਦਾ ਕਿ ਰੇਗਸਤਾਨੀ ਇਲਾਕੇ ਵਿਚ ਅੱਜ ਤੋਂ ਹਜ਼ਾਰ ਗਿਆਰਾਂ ਸੌ ਸਾਲ ਪਹਿਲਾਂ ਪਾਣੀ ਦੀ ਬਹੁਤ ਵੱਡੀ ਘਾਟ ਦੇ ਬਾਵਜੂਦ ਇਸ ਕਿਲ੍ਹੇ ਦੀ ਉਸਾਰੀ ਕਿਵੇਂ ਹੋਈ? ਕਿਹਾ ਜਾਂਦਾ ਹੈ ਕਿ ਰਾਜਾ ਅਨੰਗ ਪਾਲ ਨੇ ਇਸ ਨੂੰ ਬਣਵਾਇਆ ਸੀ ਅਤੇ ਸਤਲੁਜ ਦਰਿਆ ਉਨ੍ਹਾਂ ਦਿਨਾਂ ਵਿਚ ਇਸ ਦੇ ਨਜ਼ਦੀਕ ਹੀ ਵਹਿੰਦਾ ਸੀ। ਸ਼ਾਇਦ ਕੱਕੇ ਰੇਤੇ ਦੇ ਟਿੱਬਿਆਂ ਨੇ ਇਸ ਤਕੜੇ ਦਰਿਆ ਦਾ ਰਸਤਾ ਬਦਲ ਦਿੱਤਾ ਅਤੇ ਇਸ ਨੂੰ ਫ਼ਿਰੋਜ਼ਪੁਰ ਜਾਣ ਲਈ ਅਤੇ ਅੱਗੇ ਸਮੁੰਦਰ ਵਿਚ ਸਮਾ ਜਾਣ ਦੀ ਤਾਂਘ ਨੇ ਇੱਥੋਂ ਖਿਸਕਣ ਲਈ ਪ੍ਰੇਰਨਾ ਦਿੱਤੀ।
ਕਿਲ੍ਹੇ ਦੇ ਇਕ ਚੁਬਾਰੇ ਵਿਚ ਅਲਤਮਸ਼ ਨੇ ਰਜ਼ੀਆ ਸੁਲਤਾਨਾ ਨੂੰ ਕੈਦ ਕੀਤਾ ਸੀ ਅਤੇ ਬਾਅਦ ਵਿਚ ਉਸ ਨਾਲ ਸ਼ਾਦੀ ਕਰ ਲਈ ਸੀ। ਫਿਲਮਸਾਜ਼ਾਂ ਲਈ ਇਹ ਬਹੁਤ ਢੁਕਵਾਂ ਸਥਾਨ ਹੈ। ਮੇਰੇ ਬਾਪੂ ਜੀ ਕਿਹਾ ਕਰਦੇ ਸਨ ਕਿ ਕਿਲ੍ਹੇ ਦੀ ਉਚਾਈ ਦੇਖ ਕੇ ਅਸੀਂ ਮੁੰਡੇ-ਖੁੰਡੇ ਠੀਕਰੀਆਂ ਠੀਕਰਿਆਂ ਦੇ ਛੋਟੇ ਟੁਕੜੇ ਉਪਰ ਵੱਲ ਸੁੱਟਣ ਦਾ ਮੁਕਾਬਲਾ ਕਰਨ ਲਈ ਬਹੁਤ ਵਾਰ ਬਠਿੰਡੇ ਜਾਂਦੇ ਸੀ।
ਭਾਫ਼ ਨਾਲ ਚੱਲਣ ਵਾਲੇ ਇੰਜਣ ਦੀ ਕਾਢ ਨੇ ਅੰਗਰੇਜ਼ਾਂ ਨੂੰ ਰੇਲ ਲਾਈਨਾਂ ਦਾ ਜਾਲ ਵਿਛਾਉਣ ਲਈ ਉਤਸ਼ਾਹਤ ਕੀਤਾ। ਪੰਜਾਬ ਨੂੰ ਆਪਣੇ ਅਧੀਨ ਕਰਨ ਪਿੱਛੋਂ ਫ਼ਿਰੋਜ਼ਪੁਰ ਦੀ ਛਾਉਣੀ ਤਾਮੀਰ ਕਰਵਾਈ ਅਤੇ ਲਾਹੌਰ ਤੋਂ ਦਿੱਲੀ ਪਹੁੰਚਣ ਲਈ ਵਾਇਆ ਬਠਿੰਡਾ ਮੁਨਾਸਬ ਸਮਝਿਆ। ਇਸ ਰਸਤੇ ਬਠਿੰਡਾ ਹੀ ਸਭ ਰੇਲਵੇ ਸਟੇਸ਼ਨਾਂ ਨਾਲੋਂ ਮਹੱਤਵਪੂਰਨ ਸਟੇਸ਼ਨ ਸੀ। ਇਸੇ ਕਰਕੇ ਹਾਵੜਾ ਤੋਂ ਦੂਜੇ ਨੰਬਰ ਵਾਲਾ ਵੱਡਾ ਜੰਕਸ਼ਨ ਬਠਿੰਡਾ ਹੈ। ਇਥੇ ਸਭ ਪਾਸਿਓਂ ਸੱਤ ਰੇਲਵੇ ਲਾਈਨਾਂ ਮਿਲਦੀਆਂ ਹਨ। ਸੁਣਿਆ ਹੈ, ਅੰਗਰੇਜ਼ ਇਸ ਜੰਕਸ਼ਨ ਦੀ ਮਹੱਤਤਾ ਨੂੰ ਮਹਿਸੂਸ ਕਰਦੇ ਸਨ ਅਤੇ ਇਸ ਨੂੰ ਆਪਣੇ ਅਧੀਨ ਕਰ ਕੇ ਇਸ ਦਾ ਬਹੁਤ ਵਿਕਾਸ ਕਰਨਾ ਚਾਹੁੰਦੇ ਸਨ ਪਰ ਮਹਾਰਾਜਾ ਪਟਿਆਲਾ ਨੇ ਇਸ ਇਤਿਹਾਸਕ ਸ਼ਹਿਰ ਨੂੰ ਆਪਣੀ ਰਿਆਸਤ ਦਾ ਅੰਗ ਹੀ ਰੱਖਿਆ।
ਰੇਲਾਂ ਨੇ ਸਾਮਾਨ ਦੀ ਢੋਆ-ਢੁਆਈ ਦੇ ਨਾਲ-ਨਾਲ ਲੋਕਾਂ ਦੀ ਆਵਾਜਾਈ ਵੀ ਸੁਖਾਲੀ ਕਰ ਦਿੱਤੀ। ਮੁਸਾਫ਼ਰਾਂ ਦੀਆਂ ਬਹੁਤ ਦਿਲਚਸਪ ਗੱਲਾਂ ਵਿਚੋਂ ਦੋ ਛੋਟੀਆਂ ਜਿਹੀਆਂ ਦਾ ਜ਼ਿਕਰ ਕੁਥਾਂ ਨਹੀਂ ਹੋਵੇਗਾ। ਇਕ ਬੀਬੀ ਬਠਿੰਡੇ ਤੋਂ ਛੋਟੀ ਗੱਡੀ ਰਾਹੀਂ ਆਪਣੇ ਨਿੱਕੇ ਨਿਆਣੇ ਨੂੰ ਗੋਦੀ ਵਿਚ ਬਿਠਾ ਕੇ ਆਪਣੀ ਰਿਸ਼ਤੇਦਾਰੀ ਵੱਲ ਚੱਲ ਪਈ। ਰਸਤੇ ਵਿਚ ਰੇਲਵੇ ਲਾਈਨ ਉੱਤੇ ਰੇਤ ਦੇ ਅੰਬਾਰ ਸਨ। ਗੱਡੀ ਬਹੁਤ ਧੀਮੀ ਗਤੀ ਨਾਲ ਚਲਦੀ ਹੋਈ ਬੀਬੀ ਦੀ ਮੰਜ਼ਲ ’ਤੇ ਪਹੁੰਚੀ। ਟਿਕਟ ਚੈਕਰ ਕਹਿਣ ਲੱਗਾ, “ਬੀਬੀ, ਬੱਚੇ ਦਾ ਟਿਕਟ ਕਿਉਂ ਨਹੀਂ ਲਿਆ?” ਬੀਬੀ ਨੇ ਜਵਾਬ ਦਿਤਾ,“ਵੇ ਭਾਈ, ਬਠਿੰਡੇ ਤੋਂ ਗੱਡੀ ਚੜ੍ਹਨ ਵੇਲੇ ਤਾਂ ਇਹ ਨਿੱਕਾ ਜਿਹਾ ਸੀ, ਤੁਹਾਡੀ ਗੱਡੀ ਹੀ ਇਤਨੀ ਹੌਲੀ ਚਲਦੀ ਹੈ ਕਿ ਇਥੇ ਤੱਕ ਆਉਣ ਤੱਕ ਇਹ ਵੱਡਾ ਹੋ ਗਿਆ। ਮੇਰਾ ਕੀ ਕਸੂਰ ਹੈ।” ਬੀਬੀ ਦੀ ਹਾਜ਼ਰ ਜਵਾਬੀ ’ਤੇ ਟਿਕਟ ਚੈਕਰ ਬਹੁਤ ਖੁਸ਼ ਹੋਇਆ।
ਰੇਲ ਗੱਡੀ ਦੀ ਸਹੂਲਤ ਕਰਕੇ ਮੇਰੇ ਪਿੰਡ ਦਾ ਇਕ ਬਜ਼ੁਰਗ ਫ਼ਰੀਦਕੋਟ ਲਾਗੇ ਦੇ ਕਿਸੇ ਪਿੰਡ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ। ਅਗਲੇ ਦਿਨ ਸਵੇਰੇ-ਸਵੇਰੇ ਜੰਗਲ ਪਾਣੀ ਜਾਣ ਲਈ ਘਰੋਂ ਬਾਹਰ ਖੇਤਾਂ ਵੱਲ ਚਲਿਆ ਗਿਆ। ਬਦਕਿਸਮਤੀ ਹੀ ਸਮਝੋ, ਬਹੁਤ ਤੇਜ਼ ਹਨੇਰੀ ਆ ਗਈ। ਉਹ ਕਮਜ਼ੋਰ ਅਤੇ ਮਾੜਚੂ ਜਿਹਾ ਬਜ਼ੁਰਗ ਇਕ ਥਾਂ ’ਤੇ ਖੜ੍ਹ ਗਿਆ। ਉਸ ਦੇ ਆਲੇ-ਦੁਆਲੇ ਕੱਕੇ ਰੇਤੇ ਦੇ ਅੰਬਾਰ ਲੱਗ ਗਏ। ਰਿਸ਼ਤੇਦਾਰਾਂ ਨੂੰ ਫਿਕਰ ਹੋ ਗਿਆ ਕਿ ਬਾਬਾ ਵਾਪਸ ਕਿਉਂ ਨਹੀਂ ਆਇਆ। ਉਨ੍ਹਾਂ ਉਸ ਥਾਂ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਉਸ ਨੂੰ ਰੇਤ ਦੇ ਢੇਰ ਵਿਚੋਂ ਕੱਢਿਆ।
ਕੱਕੇ ਰੇਤੇ ਦੀ ਦਾਸਤਾਨ ਬਹੁਤ ਸਿਫ਼ਤਾਂ ਭਰੀ ਵੀ ਹੈ। ਮੇਰੇ ਪਿੰਡ ਤੋਂ ਤਿੰਨ ਕੁ ਮੀਲ ਦੀ ਦੂਰੀ ’ਤੇ ਪਿੰਡ ਗੁਰੂਸਰ ਹੈ। ਇਥੇ ਛੇਵੇਂ ਗੁਰੂ ਹਰਗੋਬਿੰਦ ਜੀ ਆਏ ਸਨ। ਇਤਿਹਾਸ ਗਵਾਹ ਹੈ ਕਿ ਮੁਗਲ ਸਾਮਰਾਜ ਦਾ ਦਿਓ ਕੱਦ ਜਰਨੈਲ ਪੈਂਦੇ ਖ਼ਾਂ ਆਪਣੇ ਸਾਥੀਆਂ ਨਾਲ ਗੁਰੂ ਜੀ ਨਾਲ ਯੁੱਧ ਕਰਨ ਆਇਆ। ਗੁਰੂ ਜੀ ਕਹਿਣ ਲੱਗੇ, “ਅਸੀਂ ਕਿਸੇ ਉੱਪਰ ਆਪ ਵਾਰ ਨਹੀਂ ਕਰਦੇ। ਤੇਰੀ ਇੱਛਾ ਹੈ ਤਾਂ ਆ, ਕਰ ਵਾਰ।” ਪਰਮਾਤਮਾ ਦੀ ਮਿਹਰ, ਉਸਦਾ ਵਾਰ ਗੁਰੂ ਜੀ ਦਾ ਵਾਲ ਵਿੰਗਾ ਨਾ ਕਰ ਸਕਿਆ। ਤਲਵਾਰ ਦੇ ਧਨੀ ਅਤੇ ਪਰਮਾਤਮਾ ਦੀ ਬਖ਼ਸ਼ਿਸ਼ ਦੇ ਪਾਤਰ ਗੁਰੂ ਜੀ ਦੇ ਮੋੜਵੇਂ ਵਾਰ ਨੂੰ ਉਸ ਦੀ ਦਿਓ ਜਿਹੀ ਦੇਹ ਸਹਿ ਨਾ ਸਕੀ। ਇਤਿਹਾਸ ਅਨੁਸਾਰ, ਤਲਵਾਰ ਦੇ ਵਾਰ ਨਾਲ ਉਸ ਦੇ ਜਿਸਮ ਦੇ ਦੋ ਹਿੱਸੇ ਹੋ ਗਏ। ਇਸ ਅਸਚਰਜ ਨੂੰ ਦੇਖ ਕੇ ਉਸ ਦੇ ਸਾਥੀ ਦੌੜ ਗਏ। ਗੁਰੂ ਜੀ ਨੇ ਇੱਥੇ ਹੀ ਰਾਮੇ ਤਲੋਕੇ ਨੂੰ ਖੁਸ਼ ਹੋ ਕੇ ਵਰ ਦਿੱਤਾ ਸੀ ਜਿਸ ਅਨੁਸਾਰ ਪਟਿਆਲਾ, ਨਾਭਾ ਅਤੇ ਜੀਂਦ ਦੀਆਂ ਫੂਲਕੀਆਂ ਰਿਆਸਤਾਂ ਹੋਂਦ ਵਿਚ ਆਈਆਂ। ਉਨ੍ਹਾਂ ਦਿਨਾਂ ਵਿਚ ਇੱਥੋਂ ਦੇ ਲੋਕ ਬਹੁਤ ਨਰੋਏ ਅਤੇ ਬਲਵਾਨ ਹੁੰਦੇ ਸਨ। ਨਹਿਰੀ ਪਾਣੀ ਦੀ ਘਾਟ ਅਤੇ ਖੂਹਾਂ ਦੇ ਪਾਣੀ ਬਹੁਤ ਡੂੰਘੇ ਹੋਣ ਕਰਕੇ ਸਭ ਲੋਕ ਮੀਂਹ ਉਪਰ ਨਿਰਭਰ ਸਨ ਅਤੇ ਰੇਤਲੇ ਇਲਾਕੇ ਵਿਚ ਕੇਵਲ ਬਾਜਰਾ, ਮੋਠ ਅਤੇ ਛੋਲਿਆਂ ਦੀ ਫ਼ਸਲ ਹੀ ਹੁੰਦੀ ਸੀ। ਇਨ੍ਹਾਂ ਤਿੰਨਾਂ ਚੀਜ਼ਾਂ ਤੋਂ ਬਣੀ ਖਿਚੜੀ ਬਹੁਤ ਸੁਆਦ, ਤਾਕਤਵਰ ਅਤੇ ਲੇਸਦਾਰ ਖੁਰਾਕ ਹੁੰਦੀ ਸੀ।
ਕੁਝ ਸਾਲਾਂ ਪਿਛੋਂ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜ੍ਹੀ ਤੋਂ ਤਾੜੀ ਮਾਰ ਕੇ ਅੱਜ ਦੇ ਗੁਰੂ ਗੋਬਿੰਦ ਸਿੰਘ ਮਾਰਗ ਰਾਹੀਂ ਮਾਲਵੇ ਦੇ ਰੇਤਲੇ ਇਲਾਕੇ ਵੱਲ ਚੱਲ ਪਏ। ਵੱਡੇ ਦੋ ਸਾਹਿਬਾਜ਼ਾਦੇ ਤਾਂ ਉਨ੍ਹਾਂ ਦੇ ਸਾਹਮਣੇ ਹੀ ਸ਼ਹੀਦੀ ਪਾ ਚੁੱਕੇ ਸਨ। ਛੋਟੇ ਦੋਹਾਂ ਸਾਹਿਬਾਜ਼ਾਦਿਆਂ ਦੀ ਦਰਦ ਭਰੀ ਦਾਸਤਾਨ ਉਨ੍ਹLਾਂ ਨੂੰ ਰਸਤੇ ਵਿਚ ਮਿਲੀ। ਕੱਕਾ ਰੇਤ ਗੁਰੂ ਜੀ ਨੂੰ ਬੁਲਾ ਰਿਹਾ ਸੀ। ਸੋ, ਦੀਨਾ ਕਾਂਗੜ ਪਹੁੰਚ ਕੇ ਉਨ੍ਹਾਂ ਨੇ ਇਤਿਹਾਸਕ ਜ਼ਫ਼ਰਨਾਮਾ ਲਿਖਿਆ ਅਤੇ ਦੋ ਬਹਾਦਰ ਸਿੰਘਾਂ ਰਾਹੀਂ ਔਰੰਗਜ਼ੇਬ ਕੋਲ ਭੇਜਿਆ। ਗੁਰੂ ਜੀ ਦਾ ਪਿੱਛਾ ਮੁਗਲੀਆ ਹਕੂਮਤ ਦੀ ਹੰਕਾਰੀ ਫ਼ੌਜ ਜ਼ੋਰ-ਸ਼ੋਰ ਨਾਲ ਕਰ ਰਹੀ ਸੀ। ਸੋ, ਸਾਹਿਬ-ਏ-ਕਮਾਲ ਦੀਨੇ ਕਾਂਗੜ ਤੋਂ ਚੱਲ ਕੇ ਖਿਦਰਾਣੇ ਦੀ ਢਾਬ ਪਹੁੰਚ ਗਏ। ਚਾਰੇ ਪਾਸਿਓਂ ਰੇਤ ਦੇ ਟਿੱਬਿਆਂ ਨਾਲ ਘਿਰੀ ਹੋਈ ਇਹ ਢਾਬ ਲੜਾਈ ਲਈ ਵਧੀਆ ਥਾਂ ਲੱਗੀ। ਇਥੇ ਹੀ ਮਾਈ ਭਾਗੋ ਦੇ ਗੈਰਤ ਭਰੇ ਮਿਹਣੇ ਬੇਦਾਵਾ ਲਿਖਣ ਵਾਲੇ ਸਿੰਘ ਗੁਰੂ ਸਾਹਿਬ ਜੀ ਅਤੇ ਕੱਕੇ ਰੇਤੇ ਦੀ ਆਗੋਸ਼ ਵਿਚ ਆ ਗਏ ਤੇ ਲੜਾਈ ਵਿਚ ਬਹਾਦਰੀ ਦੇ ਜੌਹਰ ਦਿਖਾ ਗਏ। ਉਨ੍ਹਾਂ ਦੇ ਲੀਡਰ ਦੀ ਆਖਰੀ ਖਾਹਿਸ਼ ਸੀ ਕਿ ਉਸ ਦੇ ਅਖੀਰਲੇ ਸੁਆਸ ਗੁਰੂ ਜੀ ਦੀ ਗੋਦ ਵਿਚ ਪੂਰੇ ਹੋਣ ਅਤੇ ਉਸ ਦੇ ਸਾਹਮਣੇ ਹੀ ਉਹ ਬੇਦਾਵੇ ਵਾਲਾ ਕਾਗਜ਼ ਪਾੜ ਦੇਣ। ਸਾਹਿਬ-ਏ-ਕਮਾਲ ਨੇ ਉਸ ਦੀ ਤਮੰਨਾ ਪੂਰੀ ਕੀਤੀ। ਇਸੇ ਪਵਿੱਤਰ ਜਗ੍ਹਾ ਨੂੰ ਅੱਜ ਕੱਲ੍ਹ ਮੁਕਤਸਰ ਕਿਹਾ ਜਾਂਦਾ ਹੈ। ਗੁਰੂਸਰ ਵਾਂਗ ਇਥੇ ਵੀ ਅਤਿਆਚਾਰੀ ਫ਼ੌਜ ਨੂੰ ਮੂੰਹ ਦੀ ਖਾਣੀ ਪਈ।
ਉਧਰ, ਔਰੰਗਜ਼ੇਬ ਨੂੰ ਜ਼ਫ਼ਰਨਾਮਾ ਪੜ੍ਹ ਕੇ ਉਸ ਦੀਆਂ ਝੂਠੀਆਂ ਅਤੇ ਜ਼ੁਲਮ ਨਾਲ ਲਬਰੇਜ਼ ਨੀਤੀਆਂ ਦਾ ਪਛਤਾਵਾ ਹੋਇਆ ਅਤੇ ਉਸ ਨੇ ਗੁਰੂ ਜੀ ਨੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਔਰੰਗਜ਼ੇਬ ਨੂੰ ਇਸ ਇਲਾਕੇ ਵਿਚ ਆਉਣ ਤੋਂ ਕੁਝ ਝਿਜਕ ਸੀ। ਗੁਰੂ ਜੀ ਨੇ ਉਸ ਨੂੰ ਯਕੀਨ ਨਾਲ ਕਿਹਾ ਕਿ ਇਥੋਂ ਦੇ ਬਹਾਦਰ ਲੋਕ ਮੈਨੂੰ ਬਹੁਤ ਪਿਆਰੇ ਹਨ, ਤੈਨੂੰ ਇਥੇ ਆਉਣ ਵਿਚ ਕੋਈ ਖਤਰਾ ਨਹੀਂ ਪਰ ਉਹ ਦੱਖਣ ਵਿਚ ਬਗਾਵਤ ਹੋਣ ਕਰਕੇ ਉਸ ਪਾਸੇ ਹੀ ਰੁਝ ਗਿਆ। ਉਸ ਦੀ ਇਸ ਮੁਹਿੰਮ ਨੇ ਉਸ ਨੂੰ ਅਹਿਮਦ ਨਗਰ ਨੇੜੇ ਸਦਾ ਲਈ ਸਪੁਰਦ-ਏ-ਖ਼ਾਕ ਕਰ ਦਿੱਤਾ ਅਤੇ ਉਸ ਨੂੰ ਦਿੱਲੀ ਆਉਣਾ ਨਸੀਬ ਨਾ ਹੋਇਆ। ਉਸ ਦੇ ਜਾਨਸ਼ੀਨ ਨੇ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੁਨੇਹਾ ਭੇਜਿਆ। ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਮੁਕਤਸਰ ਤੋਂ ਰੇਤਲੇ ਟਿੱਬਿਆਂ ਦਾ ਸਫ਼ਰ ਕਰਦੇ ਅੱਜ ਦੀ ਤਲਵੰਡੀ (ਦਮ ਦਮਾ ਸਾਹਿਬ) ਕੁਝ ਦੇਰ ਦਮ ਲੈਣ ਲਈ ਠਹਿਰੇ। ਇਸ ਇਲਾਕੇ ਦੀ ਤਕਦੀਰ ਬਦਲਣ ਲਈ ਕੁਦਰਤ ਨੇ ਇਕ ਸਾਲ ਵਾਸਤੇ ਇਥੇ ਹੀ ਟਿਕੇ ਰਹਿਣ ਲਈ ਕਿਹਾ। ਇਥੇ ਉਨ੍ਹਾਂ ਨੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਤੋਂ ਆਦਿ ਗ੍ਰੰਥ ਦੀ ਬੀੜ ਲਿਖਵਾਈ। ਅੱਜ ਕੱਲ੍ਹ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਉੱਚੀ ਵਿਦਿਆ ਪ੍ਰਾਪਤ ਕਰਨ ਲਈ ਇਸ ਸਥਾਨ ਦੇ ਦਰਸ਼ਨ ਕਰਾਉਂਦੇ ਹਨ ਅਤੇ ਕੁਝ ਕਲਮਾਂ-ਕਾਨੀਆਂ ਨੂੰ ਹੱਥ ਲਗਾ ਕੇ ਅਰਦਾਸ ਕਰਦੇ ਹਨ।
ਇਥੇ ਹੀ ਗੁਰੂ ਜੀ ਡੱਲੇ ਚੌਧਰੀ ਦੀ ਪ੍ਰਾਹੁਣਚਾਰੀ ’ਤੇ ਬਹੁਤ ਖੁਸ਼ ਹੋਏ। ਉਸ ਨਾਲ ਗੱਲਬਾਤ ਬਹੁਤ ਦਿਲਚਸਪ ਮਾਜਰਾ ਹੈ। ਉਸ ਨੂੰ ਕਿਹਾ,“ਡੱਲਿਆ, ਸਾਹਮਣੇ ਤੋਂ ਕੁਝ ਅੰਬ ਤੋੜ ਲਿਆ।” ਡੱਲਾ ਹੱਸ ਕੇ ਕਹਿਣ ਲੱਗਾ,“ਮਹਾਰਾਜ! ਇਨ੍ਹਾਂ ਟਿੱਬਿਆਂ ਵਿਚ ਅੰਬ ਨਹੀਂ, ਅੱਕਾਂ ਦੀਆਂ ਕੁਕੜੀਆਂ ਹਨ।” ਸਾਹਿਬ-ਏ-ਕਮਾਲ ਨੇ ਫਰਮਾਇਆ, “ਆਉਣ ਵਾਲੇ ਸਮੇਂ ਵਿਚ ਇਹ ਜ਼ਮੀਨ ਬਾਗ਼ ਬਗੀਚਿਆਂ ਨਾਲ ਸਜ ਜਾਵੇਗੀ।” ਅੱਜ ਇਹ ਹਕੀਕਤ ਸਭ ਦੇ ਸਾਹਮਣੇ ਹੈ।
ਨਵੰਬਰ 2023 ਵਿਚ ਮੇਰੀ ਹਮਸਫ਼ਰ, ਮੇਰਾ ਪੁੱਤਰ ਅਤੇ ਮੈਂ ਚੌਧਰੀ ਡੱਲੇ ਦੇ ਉਤਰਾਧਿਕਾਰੀਆਂ ਦੇ ਘਰ ਗਏ। ਉਨ੍ਹਾਂ ਕੋਲ ਬਹੁਤ ਸਤਿਕਾਰ ਨਾਲ ਸਾਂਭੇ ਹੋਏ ਗੁਰੂ ਜੀ ਦੇ ਵਡਮੁੱਲੇ ਵਸਤਰਾਂ ਅਤੇ ਸ਼ਾਸਤਰਾਂ ਦੇ ਦਰਸ਼ਨ ਕਰਨ ਨਾਲ ਮਨ ਨੂੰ ਬਹੁਤ ਸਕੂਨ ਮਿਲਿਆ। ਚੰਡੀਗੜ੍ਹ ਵਾਪਸ ਆਉਣ ਵੇਲੇ ਝੋਨੇ ਦੇ ਅੰਬਾਰ ਅਤੇ ਅੰਗੂਰਾਂ ਦੀਆਂ ਵੇਲਾਂ ਦੇ ਜਾਲ ਵਿਸ਼ੇ ਦੇਖੇ। ਮੇਰੇ ਜੱਦੀ ਪਿੰਡ ਰਾਮਪੁਰੇ ਕੋਲ ਦੀ ਗੁਜ਼ਰਦਿਆਂ ਟਿੱਬਿਆਂ ਦੀ ਗੈਰ-ਹਾਜ਼ਰੀ ਨੇ ਬਚਪਨ ਚੇਤੇ ਕਰਾ ਦਿੱਤਾ।
ਹੁਣ ਤੱਕ ਵੀ ਇਸ ਪਛੜੇ ਇਲਾਕੇ ਵਿਚ ਵਿਦਿਅਕ ਅਦਾਰੇ ਘੱਟ ਹਨ। ਇਸ ਦੇ ਬਾਵਜੂਦ ਪਿੱਥੋਂ ਤੋਂ ਭਾਈ ਕਾਨ੍ਹ ਸਿੰਘ ਨਾਭਾ ਤੇ ਗੁਰਬਚਨ ਭੁੱਲਰ, ਭਦੌੜ ਤੋਂ ਦਵਿੰਦਰ ਸਤਿਆਰਥੀ, ਬਠਿੰਡੇ ਤੋਂ ਬਲਵੰਤ ਗਾਰਗੀ, ਜੈਤੋ ਤੋਂ ਗੁਰਦਿਆਲ ਸਿੰਘ ਨਾਵਲਿਸਟ, ਗਜ਼ਲ ਦੇ ਬਾਦਸ਼ਾਹ ਦੀਪਕ ਜੈਤੋਈ ਤੇ ਜੰਗ ਬਹਾਦਰ ਗੋਇਲ, ਲਾਲ ਲਾਜਪਤ ਰਾਏ ਦੇ ਢੁਡੀਕੇ ਤੋਂ ਕੱਕੇ ਰੇਤੇ ਦੀ ਕੁਝ ਫਾਸਲੇ ਤੋਂ ਖੁਸ਼ਬੂ ਲੈਣ ਵਾਲੇ ਜਸਵੰਤ ਸਿੰਘ ਕੰਵਲ, ਸ਼ੇਰ ਸਿੰਘ ਕੰਵਲ, ਚਕਰ ਤੋਂ ਪ੍ਰਿੰਸੀਪਲ ਸਰਵਣ ਸਿੰਘ, ਪਾਕਿਸਤਾਨ ਨੂੰ ਜਾਣ ਵਾਲਾ ਪਰ ਰੂਹ ਨੂੰ ਇਧਰ ਛੱਡਣ ਵਾਲਾ ਕਵੀਸ਼ਰੀ ਦਾ ਧਨੀ ਬਾਬੂ ਰਜਬ ਅਲੀ, ਡਰਾਮਿਆਂ ਵਿਚ ਜਾਨ ਪਾਉਣ ਵਾਲਾ ਅਜਮੇਰ ਔਲਖ, ਚਰਚਾ ਅਧੀਨ ਰਹਿਣ ਵਾਲਾ ਅਜਮੇਰ ਸਿੰਘ ਮੰਡੀ ਕਲਾਂ, ਫਰੀਦਕੋਟ ਦੇ ਟਿੱਬਿਆਂ ਵਿਚ ਰਹਿਣ ਵਾਲਾ ਨਿੱਕੇ ਕੱਦ ਦਾ ਉਚੀ ਉਡਾਣ ਭਰਨ ਵਾਲਾ ਜੱਜ ਦਾ ਚਪੜਾਸੀ ਬਣਨ ਵਾਲਾ ਨਿੰਦਰ ਘੁਗਿਆਣਵੀ, ਸਾਹਿਤਕ ਉਡਾਰੀ ਮਾਰਨ ਵਾਲੇ ਬਲਦੇਵ ਸਿੰਘ ਸੜਕਨਾਮਾ ਅਤੇ ਸ਼ਿਵਚਰਨ ਕੁੱਸਾ ਸਾਦਗੀ ਭਰਪੂਰ ਪਰ ਦਿਲ ਨੂੰ ਟੁੰਬਦੀ ਤੇ ਨਵੀਂ ਨਰੋਈ ਸਾਹਿਤਕ ਕਥਾ ਦੇ ਮਾਲਕ ਹਨ।
ਪੱਤਰਕਾਰੀ ਵਿਚ ਬਹੁਤ ਘੱਟ ਚਰਚਿਤ ਪਰ ਬਹੁਤ ਸਾਊ ਅਤੇ ਸਮਝਦਾਰ ਦਲਜੀਤ ਸਿੰਘ ਸਰਾਂ ਮਾਨਸਾ ਨੇੜਲੇ ਪਿੰਡ ਤੋਂ ਹੈ। ਮੈਨੂੰ ਬਹੁਤ ਪਿਆਰਾ ਸਿਰੜੀ ਅਣਥੱਕ ਪੰਜਾਬ ਟਾਈਮਜ਼ ਦਾ ਮੋਢੀ ਸੰਪਾਦਕ ਅਮੋਲਕ ਸਿੰਘ ਜੰਮੂ ਸਿਰਸਾ ਨੇੜੇ ਪਿੰਡ ਕੁੱਤੀਵੱਢ ਜਨਮ ਲੈ ਕੇ ਕੱਕੇ ਰੇਤੇ ਨਾਲ ਖੇਡਿਆ ਹੈ। ਉਸ ਨੂੰ ਬਹੁਤ ਭਿਆਨਕ ਬਿਮਾਰੀ ਵੀ ਡਰਾ ਨਹੀਂ ਸਕੀ।
ਰੰਗਮੰਚ ਦੀ ਦੁਨੀਆ ਵਿਚ ਗਿਦੜਬਾਹੇ ਦੇ ਟਿੱਬਿਆਂ ਵਿਚ ਖੇਡਿਆ, ਹੱਡਾਂ ਦਾ ਨਰੋਆ ਅਤੇ ਮਾਂ ਦਾ ਮਰਜਾਣਾ ਗੁਰਦਾਸ ਮਾਨ ਤਾਰੀਫ਼ ਦਾ ਪਾਤਰ ਹੈ। ਸਿੱਧੂ ਮੂਸੇਵਾਲਾ ਕੱਕੇ ਰੇਤੇ ਦਾ ਹੋਣਹਾਰ ਪੁੱਤਰ ਬਹੁਤ ਛੇਤੀ ਆਪਣੇ ਪ੍ਰਸ਼ੰਸਕਾਂ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ। ਮਰਹੂਮ ਮਿਹਰ ਮਿੱਤਲ ਅਤੇ ਹੁਣ-ਹੁਣੇ ਪਦਮਸ੍ਰੀ ਪ੍ਰਾਪਤ ਕਰਨ ਵਾਲੀ ਖਰਵੇਂ ਪਰ ਨਿਧੜਕ ਸ਼ਬਦਾਂ ਵਾਲੀ ਨਿਰਮਲ ਰਿਸ਼ੀ ਮਾਨਸਾ ਬੁਢਲਾਡੇ ਦੇ ਜੰਮਪਲ ਹਨ। ਇਕ-ਦੋ ਵਾਰ ਗੁਰਬਚਨ ਸਿੰਘ ਭੁੱਲਰ ਨੇ ਕੁਝ ਮਨੁੱਖਾਂ ਨੂੰ ਮਾਨਵ ਤੋਂ ਦੇਵਤਾਈ ਵਿਚ ਕਦਮ ਰੱਖਣ ਵਾਲਿਆਂ ਦਾ ਜ਼ਿਕਰ ਕੀਤਾ ਹੈ। ਇਹ ਸੱਜਣ ਇਲਾਕੇ ਦੇ ਹੁਸਨ ਨੂੰ ਨਵਾਂ ਨਰੋਆ ਰੱਖ ਰਹੇ ਹਨ। ਗੁਰੂ ਸਾਹਿਬਾਨ ਨੂੰ ਪਰਮਾਤਮਾ ਦੀ ਬਖ਼ਸ਼ੀ ਮਿਹਰ ਦੀ ਨਜ਼ਰ ਇਸ ਖਿੱਤੇ ਨੂੰ ਪ੍ਰਾਪਤ ਹੈ। ਇਸੇ ਕਰਕੇ ਮੁਗ਼ਲ ਅਤਿਆਚਾਰ ਦਾ ਪਰਛਾਵਾਂ ਇਸ ਇਲਾਕੇ ਉਪਰ ਨਹੀਂ ਪਿਆ ਅਤੇ ਬੰਦੇ ਬਹਾਦਰ ਨੂੰ ਆਪਣੀ ਲਾਸਾਨੀ ਮੁਹਿੰਮ ਦੌਰਾਨ ਇਧਰ ਆਉਣ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ।
ਗੁਰਬਚਨ ਜਗਤ ਟ੍ਰਿਬਿਊਨ ਦੇ ਟਰੱਸਟੀ ਹਨ। ਉਹ ਬਹੁਤ ਸੂਝਵਾਨ ਅਤੇ ਬਹੁਤ ਠਰੰਮੇ ਵਾਲੇ ਸੀਨੀਅਰ ਪੁਲਿਸ ਅਫਸਰ ਰਹੇ ਹਨ। ਬਠਿੰਡੇ ਦੇ ਐੱਸ.ਐੱਸ.ਪੀ. ਰਹੇ ਗੁਰਬਚਨ ਜਗਤ ਦੇ ਕੁਝ ਸ਼ਬਦ ਲਿਖਣਾ ਕੁਥਾਂ ਨਹੀਂ ਹੋਵੇਗਾ। ਉਹ ਕਹਿੰਦੇ ਹਨ ਕਿ ਸ਼ੁਰੂ-ਸ਼ੁਰੂ ਵਿਚ ਇਲਾਕੇ ਦੀ ਖਰਵੀਂ ਬੋਲੀ ਮੈਨੂੰ ਕੁਝ ਅਜੀਬ ਲੱਗੀ, ਜਿਵੇਂ ਗਰਦਨ ਨੂੰ ਧੋਣ, ਸਭ ਉਮਰ ਦੀਆਂ ਇਸਤਰੀਆਂ ਨੂੰ ਬੁੜ੍ਹੀਆਂ, ਘੜੇ ਨੂੰ ਤੌੜਾ, ਪਿੱਤਲ ਦੇ ਭਾਂਡਿਆਂ ਨੂੰ ਕੌਲ ਅਤੇ ਹੋਰ ਸ਼ਬਦ ਬਾਟੀ, ਛੰਨਾ, ਦੋਹਣਾ ਆਦਿ ਪਰ ਫਿਰ ਚੰਗੀ ਲੱਗਣ ਲੱਗ ਪਈ। ਇਕ ਦਿਨ ਉਸ ਨੂੰ ਕਿਸੇ ਪਿੰਡ ਵਿਚ ਕਤਲ ਹੋਣ ਦੀ ਇਤਲਾਹ ਮਿਲੀ। ਉਸ ਨੇ ਹੁਕਮ ਕੀਤਾ ਕਿ ਛੇਤੀ ਤੋਂ ਛੇਤੀ ਮੁਲਜ਼ਮ ਗ੍ਰਿਫ਼ਤਾਰ ਕੀਤਾ ਜਾਵੇ। ਜਗਤ ਜੀ ਨੂੰ ਅਤਿਅੰਤ ਹੈਰਾਨੀ ਹੋਈ ਜਦੋਂ ਸੋਹਣਾ ਸੁਨੱਖਾ ਸਾਦਗੀ ਦਾ ਪੁੰਜ ਅਤੇ ਜੁਆਨੀ ਦੀ ਪਹਿਲੀ ਦਹਿਲੀਜ਼ ’ਤੇ ਚੜ੍ਹਿਆ ਮੁੰਡਾ ਆਪ ਪੇਸ਼ ਹੋ ਗਿਆ ਅਤੇ ਬਗੈਰ ਝਿਜਕ ਕਹਿਣ ਲੱਗਾ, “ਮੇਰੀ ਮਾਂ ਨੇ ਮੈਨੂੰ ਨਿੱਕੀ ਉਮਰ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ- ਪੁੱਤ ਮੇਰੇ ਦੁੱਧ ਦੀ ਲਾਜ ਰੱਖੀਂ, ਇਸ ਬੰਦੇ ਨੇ ਤੇਰੇ ਬਾਪ ਨੂੰ ਮਰਵਾਇਆ ਸੀ, ਜਦੋਂ ਤਕੜਾ ਹੋ ਗਿਆ, ਇਸ ਨੂੰ ਬਖ਼ਸ਼ੀ ਨਾ! ਸੋ ਜਦੋਂ ਮੌਕਾ ਮਿਲਿਆ, ਮੈਂ ਉਸ ਨੂੰ ਠੋਕ ਦਿੱਤਾ ਅਤੇ ਮਾਂ ਦੇ ਦੁੱਧ ਦੀ ਲਾਜ ਰੱਖ ਲਈ। ਤੁਸੀਂ ਜੋ ਮਰਜ਼ੀ ਹੈ, ਸਜ਼ਾ ਦਿਓ।” ਉਸ ਮੁੰਡੇ ਦੇ ਬਹੁਤ ਵੱਡੇ ਅਪਰਾਧ ਨੂੰ ਦੇਖ ਕੇ ਵੀ ਗੁਰਬਚਨ ਜਗਤ ਨੂੰ ਉਸਦੀ ਸਾਦਗੀ ਭਾਅ ਗਈ। ਉਹ ਲਿਖਦੇ ਹਨ ਕਿ ਉਨ੍ਹਾਂ ਦੀ ਨਿਯੁਕਤੀ ਦੌਰਾਨ ਕੋਈ ਵੀ ਆਦਮੀ ਝੂਠੀ ਅਤੇ ਗ਼ਲਤ ਸਿਫਾਰਸ਼ ਲੈ ਕੇ ਉਨ੍ਹਾਂ ਨੂੰ ਮਿਲਣ ਨਹੀਂ ਆਇਆ। ਬਠਿੰਡੇ ਜ਼ਿਲ੍ਹੇ ਦੀ ਨਿਯੁਕਤੀ ਉਨ੍ਹਾਂ ਲਈ ਜ਼ਿੰਦਗੀ ਦਾ ਸੁਹਾਣਾ ਸਫ਼ਰ ਸੀ।
ਅਜੀਬ ਇਤਫਾਕ ਹੈ ਕਿ ਵੱਖ-ਵੱਖ ਸਮੇਂ ਦੌਰਾਨ ਤਿੰਨ ਵੱਖਰੇ-ਵੱਖਰੇ ਆਦਮੀ ਆਪੋ-ਆਪਣੀ ਕਿਸਮਤ ਅਨੁਸਾਰ ਇਸ ਰੇਤਲੀ ਧਰਤੀ ਉੱਪਰ ਆਪਣਾ ਨਾਮ ਲਿਖ ਗਏ। 1842 ਵਿਚ ਸਿੱਖਾਂ ਦੀ ਅੰਗਰੇਜ਼ਾਂ ਖਿਲਾਫ਼ ਲੜਾਈ ਵਿਚ ਸ਼ਾਮ ਸਿੰਘ ਅਟਾਰੀ, ਅੰਗਰੇਜ਼ ਜਰਨੈਲ ਸ਼ਾਇਦ ਟੁੰਡਾ ਲਾਟ ਅਤੇ ਪਹਾੜਾ ਸਿੰਘ।
1984 ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਫੌਜੀ ਹਮਲੇ ਵੇਲੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਜੋ ਦਰਦਨਾਕ ਮੰਜ਼ਰ ਵਿਚ ਆਪਣੀ ਬੇਵਸੀ ਨੂੰ ਮਹਿਸੂਸ ਕਰਦੇ ਲੰਮੀ ਛੁੱਟੀ ’ਤੇ ਚਲੇ ਗਏ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੋ ਸ਼ਹੀਦੀ ਪਾ ਗਏ ਅਤੇ ਜਰਨਲ ਕੁਲਦੀਪ ਸਿੰਘ ਬਰਾੜ, ਇਹ ਤਿੰਨੇ ਬਰਾੜ ਨੇੜੇ-ਨੇੜੇ ਦੇ ਪਿੰਡਾਂ ਦੇ ਵਸਨੀਕ ਰਹੇ ਹਨ। ਗੁਰਦੇਵ ਸਿੰਘ ਘਣੀਆਂ, ਸੰਤ ਜਰਨੈਲ ਸਿੰਘ ਰੋਡੇ ਅਤੇ ਜਰਨਲ ਬਰਾੜ ਪੱਤੋ ਹੀਰਾ ਸਿੰਘ। ਇਹ ਰੇਤਲੇ ਇਲਾਕੇ ਵਿਚ ਦੀਨਾ ਕਾਂਗੜ ਤੋਂ ਬਹੁਤੀ ਦੂਰ ਨਹੀਂ।
ਪੰਜਾਬੀ ਸੂਬੇ ਵਿਚ ਤਿੰਨ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਫ਼ਰੀਦਕੋਟ ਨੇੜੇ ਸਿਧਵਾਂ, ਹਰਚਰਨ ਸਿੰਘ ਮੁਕਤਸਰ ਅਤੇ ਪ੍ਰਕਾਸ਼ ਸਿੰਘ ਪਿੰਡ ਬਾਦਲ, ਇਹ ਸਾਰੇ ਰੇਤਲੇ ਟਿੱਬਿਆਂ ਵਿਚ ਹੀ ਖੇਡਦੇ ਰਹੇ। ਇਨ੍ਹਾਂ ਸਭ ਉਘੀਆਂ ਸ਼ਖ਼ਸੀਅਤਾਂ ਨੇ ਪੰਜਾਬ ਦੇ ਭਵਿੱਖ ਲਈ ਕਿਹੋ ਜਿਹੀ ਜ਼ਿੰਮੇਵਾਰੀ ਨਿਭਾਈ, ਮੈਨੂੰ ਦੱਸਣ ਦੀ ਲੋੜ ਨਹੀਂ। ਇਹ ਆਪੋ-ਆਪਣੇ ਕਰਮਾਂ ਦਾ ਸੰਦੜਾ ਖੇਤ ਬੀਜ ਗਏ ਹਨ। ਇਨ੍ਹਾਂ ਦੇ ਕੰਮ ਨੂੰ ਬੁਰਾ ਭਲਾ ਕਹਿਣਾ ਨਾ ਮੇਰੀ ਫਿਤਰਤ ਹੈ ਅਤੇ ਨਾ ਮੇਰੀ ਦਿਲਲਗੀ ਹੈ। ਕੁਝ ਦਿਨ ਪਹਿਲਾਂ ਹੀ ਉਮਰ ਦੇ ਨੱਬੇ ਸਾਲ ਪੂਰੇ ਕਰ ਕੇ ਮੌਜ ਮਨਾ ਰਿਹਾ ਹਾਂ। ਕਾਫ਼ੀ ਤਕਲੀਫ਼ਾਂ ਦੇ ਬਾਵਜੂਦ ਚੜ੍ਹਦੀ ਕਲਾ ਦਾ ਅਹਿਸਾਸ ਜੀਵਨ ਡਗਰੀਆਂ ਨੂੰ ਧੀਮੀ ਚਾਲ ਚਲਾ ਰਿਹਾ ਹੈ।
ਮੈਨੂੰ ਆਸ ਹੀ ਨਹੀਂ, ਪੂਰਨ ਵਿਸ਼ਵਾਸ ਹੈ ਕਿ ਇਨ੍ਹਾਂ ਰੇਤਲੇ ਰਾਹਾਂ ਦੇ ਰਾਹੀ ਦਾ ਪੋਤਾ ਪੜਪੋਤਾ ਜ਼ਰੂਰ ਪੈਂਦਾ ਹੋਵੇਗਾ ਜੋ ਮਹੱਤਵ ਵਾਲੇ ਇਸ ਇਲਾਕੇ ਤੋਂ ਉਠ ਕੇ ਪੰਜਾਬ ਦੀ ਡੁੱਬ ਰਹੀ ਬੇੜੀ ਨੂੰ ਕਿਸੇ ਤਣ ਪੱਤਣ ਲਾਵੇਗਾ।
ਜੇ ਭਾਈ ਕਾਨ੍ਹ ਸਿੰਘ ਸਾਧਾਰਨ ਪਰਿਵਾਰ ਵਿਚ ਜਨਮ ਲੈ ਕੇ ਗਿਆਨ ਦਾ ਸਾਗਰ ਬਣ ਸਕਦਾ ਹੈ ਤਾਂ ਕਿਸੇ ਹੋਰ ਉਪਰ ਵੀ ਪਰਮਾਤਮਾ ਦੀ ਕਿਰਪਾ ਨਾਲ ਮਹਾਨ ਹੋਣ ਦੀ ਮੋਹਰ ਲੱਗ ਸਕਦੀ ਹੈ। ਦੇਰ ਹੋ ਸਕਦੀ ਹੈ, ਹਨੇਰ ਜ਼ਰੂਰ ਖ਼ਤਮ ਹੋਵੇਗਾ।
ਸਿੱਧੀ ਸਾਦੀ ਬੋਲੀ ਵਿਚ ਲਿਖਿਆ ਇਹ ਲੇਖ ਸਮਾਪਤ ਕਰਨ ਤੋਂ ਪਹਿਲਾਂ ਬਚਪਨ ਦਾ ਕੱਕੇ ਰੇਤੇ ਦਾ ਇਸ਼ਕ, ਕੁਝ ਹੋਰ ਗੱਲਾਂ ਇਸ ਬਾਬਤ ਲਿਖਣ ਲਈ ਉਤਸ਼ਾਹਿਤ ਕਰ ਰਿਹਾ ਹੈ।
ਕੁਝ ਨਹਿਰੀ ਪਾਣੀ ਲੱਗਣ, ਕੁਝ ਟਿਊਬਵੈੱਲਾਂ ਦੀ ਬਹੁਤਾਤ ਅਤੇ ਕੁਝ ਮਕਾਨਾਂ ਦੀ ਉਸਾਰੀ ਕਰ ਕੇ ਖੇਤੀ ਵਾਲੀ ਜ਼ਮੀਨ ਤੋਂ ਰੇਤਾ ਗਾਇਬ ਹੋ ਰਿਹਾ ਹੈ। ਖੱਡਾਂ ਦਾ ਰੇਤਾ ਸਿਆਸਤ ਦਾ ਹਿੱਸਾ ਬਣ ਰਿਹਾ ਹੈ। ਪੰਜਾਬ ਵਿਚ ਰਿਸ਼ਵਤਖੋਰੀ ਅਤੇ ਬੇਈਮਾਨੀ ਇਸੇ ਦੇ ਦੁਆਲੇ ਘੁੰਮ ਰਹੀ ਹੈ।
ਪੰਜਾਬ ਤੋਂ ਬਾਹਰ ਮੈਂ ਪਹਿਲੀ ਵਾਰ 1976 ਵਿਚ ਗੋਆ ਘੁੰਮਣ ਗਿਆ। ਮੇਰੀ ਧੀ, ਪੁੱਤਰ ਅਤੇ ਪਤਨੀ ਉਥੋਂ ਦੀਆਂ ਬੀਚਾਂ ਦਾ ਨਜ਼ਾਰਾ ਪਾਣੀ ਅੰਦਰ ਪਹੁੰਚ ਕੇ ਕਰਦੇ ਸਨ ਪਰ ਮੈਂ ਬੀਚ ਦੇ ਰੇਤੇ ਨਾਲ ਹੀ ਖੇਡਦਾ ਸਾਂ। ਇਸ ਰੇਤੇ ਨੇ ਮੇਰੇ ਸਿੱਧੇ ਸਾਦੇ ਲੋਕਾਂ ਦੀ ਯਾਦ ਕਰਾ ਦਿੱਤੀ। ਦੋ-ਤਿੰਨ ਸਾਧਾਰਨ ਜਿਹੀਆਂ ਘਟਨਾਵਾਂ ਨੇ ਦਰਸਾ ਦਿੱਤਾ ਕਿ ਘੱਟੋ-ਘੱਟ ਉਸ ਵੇਲੇ ਗੋਆ ਦੇ ਲੋਕ ਬਾਕੀ ਭਾਰਤ ਦੇ ਲੋਕਾਂ ਨਾਲੋਂ ਜ਼ਿਆਦਾ ਇਮਾਨਦਾਰ ਸਨ। ਰਿਸ਼ਵਤਖੋਰੀ ਨੂੰ ਜਾਣਦੇ ਨਹੀਂ ਸਨ।
ਮੇਰੇ ਬੱਚਿਆਂ ਨੂੰ ਆਪਣਾ ਭਵਿੱਖ ਅਮਰੀਕਾ ਵਿਚ ਬਿਹਤਰ ਨਜ਼ਰ ਆਇਆ ਅਤੇ ਉਹ ਇਥੇ ਹੀ ਟਿਕ ਗਏ। ਮੈਨੂੰ ਅਤੇ ਮੇਰੀ ਪਤਨੀ ਨੂੰ ਉਨ੍ਹਾਂ ਦੇ ਮੋਹ ਨੇ ਖਿੱਚ ਲਿਆ। ਇਸ ਤੋਂ ਬਾਅਦ ਮੇਰਾ ਬਹੁਤਾ ਸਮਾਂ ਇਸ ਧਰਤੀ ਦੇ ਲੇਖੇ ਲੱਗ ਗਿਆ। ਘੁੰਮਣ ਫਿਰਨ ਦੇ ਸ਼ੌਕ ਨੇ ਕੱਕੇ ਰੇਤੇ ਦੇ ਬਹੁਤ ਥਾਵਾਂ ’ਤੇ ਦਰਸ਼ਨ ਕਰਵਾਏ। ਕਈ ਵਾਰ ਸਮੁੰਦਰ ਕਿਨਾਰੇ ਤੋਂ ਕੁਝ ਫਾਸਲੇ ’ਤੇ ਲਿਖਿਆ ਦੇਖਿਆ- ਸੋਹਣਾ ਵਿਊ। ਕੋਲ ਗਏ ਤਾਂ ਰੇਤ ਦੇ ਢੇਰ ਉਪਰ ਫੱਟੇ ਉਪਰ ਲਿਖਿਆ ਹੁੰਦਾ- ‘ਅੱਜ ਦੇਖ ਲਵੋ, ਅਗਲੀ ਵਾਰ ਕਿਤੇ ਹੋਰ ਥਾਂ ਦੇਖੋਗੇ।’
ਹਵਾਈ ਆਈਲੈਂਡਜ਼ ਦੇ ਕਿਆ ਕਹਿਣੇ! ਬੀਚਾਂ ਦੇ ਨਜ਼ਾਰੇ ਬੱਲੇ-ਬੱਲੇ। ਇਥੇ ਵੀ ਮੈਂ ਰੇਤੇ ਨਾਲ ਹੀ ਮਨ ਪਰਚਾਉਂਦਾ ਰਿਹਾ।
ਮੈਨੂੰ ਕਦੀ-ਕਦੀ ਹੈਰਾਨੀ ਹੁੰਦੀ ਹੈ ਕਿ ਮੈਂ ਵਿਗਿਆਨ ਦਾ ਵਿਦਿਆਰਥੀ ਹੁੰਦੇ ਹੋਏ ਵੀ ਇਹ ਖੋਜ ਨਾ ਕਰ ਸਕਿਆ ਕਿ ਇਹ ਬਣਦਾ ਕਿਸਾ ਤਰ੍ਹਾਂ ਹੈ! ਪਹਾੜਾਂ ਤੋਂ ਦਰਿਆਵਾਂ ਅਤੇ ਫਿਰ ਨਹਿਰਾਂ ਰਾਹੀਂ ਪਾਣੀ ਨਾਲ ਸਲੇਟੀ ਰੰਗ ਦੀ ਬਰੇਤੀ ਜਿਹੜੀ ਕਦੇ ਰੇਤੇ ਦੀ ਹੀ ਵੰਨਗੀ ਹੈ, ਤਹਿ ਉੱਪਰ ਵਿਛ ਜਾਂਦੀ ਹੈ। ਕਿਵੇਂ ਸਮੁੰਦਰ ਦੀਆਂ ਛੱਲਾਂ ਪਾਣੀ ਨਾਲ ਬੀਚ ਉਤੇ ਰੇਤਾ ਵੀ ਸੁੱਟ ਜਾਂਦੀਆਂ ਹਨ। ਕਈ ਵਾਰ ਇਹ ਰੇਤਾ ਕਈ ਵੱਡਮੁੱਲੀਆਂ ਵਸਤਾਂ ਵੀ ਲਹਿਰਾਂ ਦੀ ਗੋਦੀ ਵਿਚ ਬੈਠ ਕੇ ਬੀਚ ’ਤੇ ਰੱਖ ਦਿੰਦਾ ਹੈ।
ਪਿੱਛੇ ਜਿਹੇ ਗੁਲਜ਼ਾਰ ਸਿੰਘ ਸੰਧੂ ਨੇ ਆਪਣੀ 50 ਸਾਲ ਪੁਰਾਣੀ ਮਾਲਦੀਵ ਯਾਤਰਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਹਨ ਕਿ ਉਥੇ ਸਮੁੰਦਰ ਦੀਆਂ ਛੱਲਾਂ ਟਿਊਨਾ ਮੱਛੀਆਂ ਵੀ ਲਿਆਉਂਦੀਆਂ ਹਨ। ਸਵੇਰੇ-ਸਵੇਰੇ ਬੱਚੇ, ਬੁੱਢੇ ਅਤੇ ਜੁਆਨ ਸਮੁੰਦਰ ਤੱਟ ਉਪਰ ਸੈਰ ਕਰਨ ਅਤੇ ਮੱਛੀਆਂ ਫੜਨ ਆਉਂਦੇ ਹਨ। ਇਹ ਮੱਛੀ ਉਨ੍ਹਾਂ ਦੀ ਪੂਰਨ ਅਤੇ ਮੁੱਖ ਖੁਰਾਕ ਹੈ। ਇਹ ਬਹੁਤ ਲਜ਼ੀਜ਼ ਅਤੇ ਤਾਕਤਵਰ ਭੋਜਨ ਹੈ। ਕੁਦਰਤ ਦੀ ਕਮਾਲ! ਇਸ ਦੇਸ਼ ਵਿਚ ਕੇਲੇ ਅਤੇ ਪਪੀਤੇ ਦੀ ਹੀ ਫ਼ਸਲ ਉੱਗਦੀ ਹੈ ਅਤੇ ਹੋਰਾਂ ਦੇਸ਼ਾਂ ਵਿਚ ਇਹ ਕੀਮਤੀ ਮੱਛੀ ਘੱਟ ਮਿਲਦੀ ਹੈ। ਰੇਤੇ ਦੀ ਰੋਚਿਕਤਾ ਹੈਰਾਨ ਕਰਨ ਵਾਲੀ ਹੈ। ਇਸ ਦੇ ਕਈ ਰੰਗ ਹਨ, ਬਹੁਤ ਖੂਬੀਆਂ ਹਨ ਪਰ ਅੱਜ ਕੱਲ੍ਹ ਪੰਜਾਬ ਵਿਚ ਜਦੋਂ ਵੀ ਗੇੜਾ ਮਾਰਦਾ ਹਾਂ, ਇਸ ਦੇ ਪਾਏ ਪੰਗੇ ਨਜ਼ਰ ਆਉਂਦੇ ਹਨ।
ਅੰਤਿਕਾ
ਇਸ ਜੀਵਨ ਦੇ ਸਫ਼ਰ ਵਿਚ ਇਕ ਖਿਆਲ ਬੜੀ ਸ਼ਿੱਦਤ ਨਾਲ ਆਉਂਦਾ ਰਹਿੰਦਾ ਹੈ ਕਿ ਰੇਤੇ ਜਿਹੀ ਬੇਜਾਨ ਚੀਜ਼ ਵਿਚ ਕਿੰਨੀ ਵੰਨ-ਸਵੰਨਤਾ ਹੈ। ਅਲੱਗ-ਅਲੱਗ ਥਾਵਾਂ ਉਪਰ ਅਲੱਗ-ਅਲੱਗ ਵਿਸ਼ੇਸ਼ਤਾਈ ਜ਼ਾਹਿਰ ਕਰਦਾ ਹੈ। ਕਈ ਰੰਗ ਬਦਲਦਾ ਹੈ। ਇਸੇ ਤਰ੍ਹਾਂ ਪਸ਼ੂ ਜਾਤੀ ਦੀ ਉਦਾਹਰਨ ਦੇਣਾ ਕੁਥਾਂ ਨਹੀਂ ਹੋਵੇਗਾ। ਊਠ, ਘੋੜੇ, ਮੱਝ, ਗਊ, ਬੱਕਰੀ ਆਦਿ ਦਾ ਚਾਰਾ ਇਕੋ ਨਹੀਂ। ਉਨ੍ਹਾਂ ਦੀ ਪਸੰਦ ਵੀ ਵੱਖਰੀ-ਵੱਖਰੀ ਹੈ ਅਤੇ ਉਨ੍ਹਾਂ ਨੂੰ ਮੁਆਫਕ ਵੀ ਇਕੋ ਜਿਹਾ ਚਾਰਾ ਨਹੀਂ। ਫਿਰ ਕਿਉਂ ਹਰ ਦੇਸ਼ ਦੀ ਪਸੰਦ ਅਤੇ ਮੁਆਫ਼ਕਤਾ ਅਨੁਸਾਰ ਅਰਥਚਾਰਾ ਚੱਲਣ ਨਹੀਂ ਦਿੱਤਾ ਜਾਂਦਾ। ਕਿਉਂ ਸ਼ਕਤੀਸ਼ਾਲੀ ਦੇਸ਼ ਆਪਣਾ ਹੀ ਸਿਸਟਮ ਦੂਜੇ ਦੇਸ਼ਾਂ ਉਪਰ ਠੋਸਣਾ ਚਾਹੁੰਦੇ ਹਨ? ਕਿਉਂ ਲੜਾਈਆਂ ਅਤੇ ਹਥਿਆਰਾਂ ਰਾਹੀਂ ਇਸ ਖੂਬਸੂਰਤ ਜ਼ਮੀਨ ਨੂੰ ਬਾਰੂਦ ਦਾ ਢੇਰ ਬਣਾ ਰਹੇ ਹਨ? ਜੇ ਕਿਸੇ ਦੇਸ਼ ਦਾ ਤੌਰ-ਤਰੀਕਾ ਹੋਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਤਾਂ ਉਸ ਨੂੰ ਜੀ ਆਇਆਂ ਕਹੀਏ। ਮਨੁੱਖ ਦੀ ਰੂਹਾਨੀ ਤਰੱਕੀ ਇਕੋ ਕਾਰਜ ਵਿਚ ਹੈ ਕਿ ਕਿਸੇ ਦੇਸ਼ ਜਾਂ ਮਨੁੱਖ ਕੋਲ ਕੁਦਰਤ ਵੱਲੋਂ ਜਾਂ ਉਸ ਦੀ ਮਿਹਨਤ ਸਦਕਾ ਲੋੜ ਤੋਂ ਵੱਧ ਕੁਝ ਵੀ ਹੈ, ਉਹ ਲੋੜਵੰਦਾਂ ਨਾਲ ਸਾਂਝਾ ਕਰ ਲਵੇ। ਇਸੇ ਵਿਚ ਮਨੁੱਖਤਾ ਦੀ ਭਲਾਈ ਹੈ। ਆਉਣ ਵਾਲੇ ਸਮੇਂ ਵਿਚ ਜ਼ਰੂਰ-ਬਰ-ਜ਼ਰੂਰ ਜਾਗਰਿਤ ਇਨਸਾਨ ਇਸ ਮੰਜ਼ਲ ’ਤੇ ਪਹੁੰਚੇਗਾ।