ਔਰੰਗਜ਼ੇਬ ਦੀ ਪ੍ਰੇਮਿਕਾ

‘ਔਰੰਗਜ਼ੇਬ ਦੀ ਪ੍ਰੇਮਿਕਾ’ ਰਚਨਾ ਦੇ ਲੇਖਕ ਨਰਿੰਜਨ ਸਿੰਘ ਸਾਥੀ ਨੇ ਸਾਰੀ ਉਮਰ ਪੱਤਰਕਾਰੀ ਦੇ ਲੇਖੇ ਲਾਈ ਹੈ। ਇਸ ਰਚਨਾ ਵਿਚ ਉਸ ਨੇ ਔਰੰਗਜ਼ੇਬ ਦੀ ਜ਼ਿੰਦਗੀ ਦੇ ਕੁਝ ਪੱਤਰੇ ਫਰੋਲੇ ਹਨ। ਇਸ ਰਚਨਾ ਦਾ ਮੁੱਖ ਪਾਤਰ ਜੇ ਔਰੰਗਜ਼ੇਬ ਦੀ ਥਾਂ ਕੋਈ ਹੋਰ ਵੀ ਹੁੰਦਾ, ਤਾਂ ਵੀ ਇਸ ਵਿਚੋਂ ਪਿਆਰ ਦੀ ਤਾਕਤ ਮਨਫੀ ਨਹੀਂ ਸੀ ਹੋਣੀ ਪਰ ਲੇਖਕ ਨੇ ਇਸ ਰਚਨਾ ਨੂੰ ਜਿਸ ਨੁਕਤਾ-ਨਿਗ੍ਹਾ ਤੋਂ ਪੇਸ਼ ਕੀਤਾ ਹੈ, ਉਸ ਤੋਂ ਕਿਸੇ ਜ਼ਾਲਮ ਸ਼ਖਸ ਤੋਂ ਪਿਆਰ ਵਿਚ ਹੜ੍ਹੇ ਜਾ ਰਹੇ ਬੰਦੇ ਦੀ ਕਨਸੋਅ ਮਿਲਦੀ ਹੈ। ਇਸ ਰਚਨਾ ਵਿਚ ਪਿਆਰ ਦੀ ਤਾਕਤ ਬਹੁਤ ਮੂੰਹ-ਜ਼ੋਰ ਹੋ ਕੇ ਪੇਸ਼ ਹੋਈ ਹੈ। -ਸੰਪਾਦਕ

ਨਰਿੰਜਨ ਸਿੰਘ ਸਾਥੀ
ਫੋਨ: 91-98155-40968
ਔਰੰਗਜ਼ੇਬ ਵੀ ਕਿਸੇ ਨੂੰ ਪਿਆਰ ਕਰ ਸਕਦਾ ਹੈ? ਗੱਲ ਤਾਂ ਅਣਹੋਣੀ ਜਾਪਦੀ ਹੈ ਪਰ ਮਿਰਜ਼ਾ ਗ਼ਾਲਿਬ ਕਹਿੰਦੇ ਹਨ- ਦਿਲ ਤਾਂ ਆਖ਼ਰ ਦਿਲ ਹੈ, ਇੱਟ ਜਾਂ ਪੱਥਰ ਦਾ ਕੋਈ ਟੁਕੜਾ ਨਹੀਂ; ਕਦੀ ਦਰਦ ਨਾਲ, ਕਦੀ ਪਿਆਰ ਨਾਲ ਭਰ ਹੀ ਜਾਂਦਾ ਹੈ ‘ਦਿਲ ਹੀ ਤੋ ਹੈ, ਨਾ ਸੰਗੋ-ਖ਼ਿਸ਼ਤਦਰਦ ਸੇ ਭਰ ਨਾ ਆਏ ਕਿਉਂ।’
ਔਰੰਗਜ਼ੇਬ ਪੱਕਾ ਮੁਸਲਮਾਨ ਸੀ। ਪੰਜ ਵਕਤ ਨਮਾਜ਼ ਪੜ੍ਹਦਾ ਸੀ। ਰੋਜ਼ੇ ਰੱਖਦਾ ਸੀ। ਵਿਹਲੇ ਸਮੇਂ ਤਸਬੀ (ਮਾਲਾ) ਫੇਰਦਾ ਸੀ ਜਾਂ ਕੁਰਾਨ ਸ਼ਰੀਫ਼ ਦਾ ਪਾਠ ਕਰਦਾ ਸੀ। ਉਹ ਹਰ ਕੰਮ ਵਿਚ ਸ਼ਰ੍ਹਾ ਦਾ ਪਾਬੰਦ ਸੀ। ਮਾਸ ਨਹੀਂ ਸੀ ਖਾਂਦਾ। ਸ਼ਰਾਬ ਨੂੰ ਹਰਾਮ ਸਮਝਦਾ ਸੀ। ਉਸ ਨੂੰ ਗੀਤ-ਸੰਗੀਤ ਤੇ ਸ਼ਾਇਰੀ ਨਾਲ ਨਫ਼ਰਤ ਸੀ। ਉਹ ਹੀਰੇ-ਮੋਤੀਆਂ ਦੇ ਅਡੰਬਰ ਤੋਂ ਉਪਰ ਉਠ ਚਿੱਟਾ ਲਿਬਾਸ ਪਹਿਨਦਾ ਸੀ। ਉਹ ਇਸਲਾਮ ਤੇ ਕੁਰਾਨ ਸ਼ਰੀਫ਼ ਦੀ ਸਿੱਖਿਆ ਨੂੰ ਸਰਬ-ਉਚ ਸਮਝਦਾ ਸੀ ਅਤੇ ਸਾਰੇ ਹਿੰਦੁਸਤਾਨ ਨੂੰ ਇਸਲਾਮੀ ਰੰਗ ਵਿਚ ਰੰਗਣਾ ਚਾਹੁੰਦਾ ਸੀ। ਆਪਣੇ ਆਸ਼ੇ ਦੀ ਪੂਰਤੀ ਲਈ ਉਹ ਪਾਪ ਨੂੰ ਵੀ ਪੁੰਨ ਸਮਝਦਾ ਸੀ। ਉਹ ਬੜਾ ਕਠੋਰ-ਚਿੱਤ ਬਾਪ ਸੀ। ਆਪਣੇ ਧੀਆਂ-ਪੁੱਤਰਾਂ ਨੂੰ ਕਿਸੇ ਸਾਧਾਰਨ ਜਿਹੀ ਗ਼ਲਤੀ ਲਈ ਵੀ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਤੋਂ ਸੰਕੋਚ ਨਹੀਂ ਸੀ ਕਰਦਾ ਪਰ ਇੱਕ ਵਾਰ ਔਰੰਗਜ਼ੇਬ ਦਾ ਦਿਲ ਪਰੀਆਂ ਜਿਹੇ ਇੱਕ ਚਿਹਰੇ ‘ਤੇ ਇੰਜ ਪਿਘਲ ਗਿਆ ਕਿ ਉਸ ਦਾ ਧਰਮ-ਕਰਮ ਤੇ ਸ਼ਰੀਅਤ ਧਰੀ-ਧਰਾਈ ਰਹਿ ਗਈ। ਉਸ ਦਾ ਮੂੰਹ-ਜ਼ੋਰ ਦਿਲ ਉਸ ਨੂੰ ਖਿੱਚ ਕੇ ਆਪਣੇ ਸੁਹਾਵਣੇ ਰਾਹ ‘ਤੇ ਲੈ ਗਿਆ।
ਔਰੰਗਜ਼ੇਬ, ਸ਼ਾਹਜਹਾਂ ਦੇ ਚਾਰ ਪੁੱਤਰਾਂ ਵਿਚੋਂ ਤੀਜੇ ਨੰਬਰ ‘ਤੇ ਸੀ। ਸ਼ਾਹਜਹਾਂ ਨੇ ਉਸ ਨੂੰ ਦੋ ਵਾਰ ਦੱਖਣ ਦਾ ਸੂਬੇਦਾਰ ਬਣਾਇਆ ਅਤੇ ਉਹ ਬਾਦਸ਼ਾਹ ਨਹੀਂ ਸੀ ਬਣਿਆ, ਸ਼ਹਿਜ਼ਾਦਾ ਹੀ ਕਹਾਉਂਦਾ ਸੀ। ਸੰਨ 1653 ਵਿਚ ਉਸ ਨੂੰ ਦੂਜੀ ਵਾਰ ਦੱਖਣ ਦਾ ਸੂਬੇਦਾਰ ਬਣਾ ਕੇ ਭੇਜਿਆ ਗਿਆ। ਉਹ ਆਗਰੇ ਤੋਂ ਦੱਖਣ ਦੀ ਰਾਜਧਾਨੀ ਔਰੰਗਾਬਾਦ ਨੂੰ ਰਵਾਨਾ ਹੋਇਆ ਤਾਂ ਰਾਹ ਵਿਚ ਕੁਝ ਸਮੇਂ ਲਈ ਬੁਰਹਾਨਪੁਰ ਅਟਕ ਗਿਆ। ਬੁਰਹਾਨਪੁਰ ਦਰਿਆ ਤਾਪਤੀ ਦੇ ਕਿਨਾਰੇ ਵਸਿਆ ਚੰਗਾ ਸ਼ਹਿਰ ਸੀ। ਇਸ ਸ਼ਹਿਰ ਵਿਚ ਕਿਲਾ, ਮੁਗ਼ਲ ਅਹਿਲਕਾਰਾਂ ਦੀਆਂ ਹਵੇਲੀਆਂ ਅਤੇ ਦਰਿਆ ਤਾਪਤੀ ਦੇ ਕਿਨਾਰੇ ਕਈ ਬਾਗ਼-ਬਗੀਚੇ ਸਨ। ਨਦੀ ਦਾ ਕਿਨਾਰਾ ਹੋਣ ਕਰ ਕੇ ਜਲਵਾਯੂ ਸੁਹਾਵਣਾ ਸੀ। ਬੁਰਹਾਨਪੁਰ ਵਿਚ ਸ਼ਾਹਜਹਾਂ ਦੀ ਮਲਿਕਾ ਮੁਮਤਾਜ਼ ਮਹਿਲ ਦੀ ਭੈਣ ਤੇ ਔਰੰਗਜ਼ੇਬ ਦੀ ਮਾਸੀ ਨਜੀਬਾ ਬਾਨੋ ਬੇਗ਼ਮ ਅਤੇ ਉਸ ਦਾ ਖਾਵੰਦ ਮੀਰ ਖ਼ਲੀਲ ਖ਼ਾਨ ਜ਼ਮਾਂ ਰਹਿੰਦੇ ਸਨ। ਮੀਰ ਖ਼ਲੀਲ ਪਹਿਲਾਂ ਦੱਖਣ ਦੇ ਤੋਪਖਾਨੇ ਦਾ ਮੁਖੀ (ਮੀਰ ਆਤਿਸ਼) ਸੀ ਤੇ ਔਰੰਗਜ਼ੇਬ ਦੇ ਬੁਰਹਾਨਪੁਰ ਪਹੁੰਚਣ ਸਮੇਂ ਕੁਝ ਕਿਲਿਆਂ ਦਾ ਨਿਗਰਾਨ ਅਫ਼ਸਰ ਸੀ। ਮੀਰ ਖ਼ਲੀਲ ਦੀ ਹਵੇਲੀ ਦੇ ਬਾਗ਼ ਦਰਿਆ ਤਾਪਤੀ ਦੇ ਦੱਖਣੀ ਕਿਨਾਰੇ ‘ਤੇ ਪਿੰਡ ਜੈਨਾਬਾਦ ਦੀ ਜੂਹ ਵਿਚ ਸਨ। ਔਰੰਗਜ਼ੇਬ ਬੁਰਹਾਨਪੁਰ ਪਹੁੰਚਾ ਤਾਂ ਮਾਸੀ ਨਜੀਬਾ ਬਾਨੋ ਨੇ ਭਾਣਜੇ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਮੀਰ ਖ਼ਲੀਲ ਵੀ ਸ਼ਾਹੀ ਮਹਿਮਾਨ ਦੇ ਘਰ ਆਉਣ ‘ਤੇ ਬੜਾ ਖ਼ੁਸ਼ ਹੋਇਆ। ਮੁਗ਼ਲ ਅਹਿਲਕਾਰਾਂ ਦੀਆਂ ਹਵੇਲੀਆਂ ਸ਼ਾਹੀ ਮਹਿਲਾਂ ਤੋਂ ਘੱਟ ਨਹੀਂ ਸਨ। ਰਾਤ ਦੇ ਖਾਣੇ ਸਮੇਂ ਮੀਰ ਖ਼ਲੀਲ ਨੇ ਸ਼ਹਿਜ਼ਾਦਾ ਔਰੰਗਜ਼ੇਬ ਨੂੰ ਵਧੀਆ ਸ਼ਰਾਬ ਦਾ ਜਾਮ ਪੇਸ਼ ਕੀਤਾ ਤਾਂ ਸ਼ਹਿਜ਼ਾਦਾ ਇਕਦਮ ਤ੍ਰਭਕ ਕੇ ਬੋਲਿਆ, “ਮੌਸਾ ਜਾਨ, ਤੁਹਾਨੂੰ ਪਤਾ ਨਹੀਂ, ਮੈਂ ਸ਼ਰਾਬ ਨਹੀਂ ਪੀਂਦਾ। ਇਸਲਾਮ ਸ਼ਰਾਬ ਦੀ ਇਜਾਜ਼ਤ ਨਹੀਂ ਦਿੰਦਾ।” ਮੀਰ ਖ਼ਲੀਲ ਨੇ ਖ਼ਾਤਰਦਾਰੀ ਦੇ ਖ਼ਿਆਲ ਨਾਲ ਇੱਕ-ਦੋ ਵਾਰ ਫਿਰ ਕਿਹਾ ਤਾਂ ਉਸ ਨੇ ਪੱਕੀ ਨਾਂਹ ਕਰ ਦਿੱਤੀ। ਔਰੰਗਜ਼ੇਬ ਨੇ ਸਾਦਾ ਖਾਣਾ ਖਾਧਾ। ਕੁਝ ਰਾਜ ਪ੍ਰਬੰਧ ਦੀਆਂ ਗੱਲਾਂ ਹੋਈਆਂ ਤੇ ਫਿਰ ਮਹਿਮਾਨ ਤੇ ਮੇਜ਼ਬਾਨ ਰਾਤ ਦੇ ਆਰਾਮ ਲਈ ਉਠ ਗਏ।
ਅਗਲੇ ਦਿਨ ਦੁਪਹਿਰ ਤੋਂ ਬਾਅਦ ਔਰੰਗਜ਼ੇਬ ਆਪਣੇ ਕੁਝ ਅਹਿਲਕਾਰ ਸਾਥੀਆਂ ਨਾਲ ਬਾਗ਼ ਦੀ ਸੈਰ ਕਰਨ ਗਿਆ। ਬਾਗ਼ ਦੀ ਹਰਿਆਲੀ, ਪੰਛੀਆਂ ਦੀ ਚਹਿਕ ਤੇ ਫੁੱਲਾਂ ਦੀ ਮਹਿਕ ਨੇ ਸ਼ਹਿਜ਼ਾਦੇ ਦਾ ਮਨ ਮੁਲਾਇਮ ਕਰ ਦਿੱਤਾ। ਚੜ੍ਹਦੀ ਉਮਰ ਵਿਚ ਔਰੰਗਜ਼ੇਬ ਦਾ ਕੱਦ ਲੰਮਾ, ਸਰੀਰ ਪਤਲਾ, ਰੰਗ ਗੋਰਾ ਤੇ ਨੈਣ-ਨਕਸ਼ ਤਿੱਖੇ ਸਨ। ਬਾਗ਼ ਵਿਚ ਟਹਿਲਦੇ ਸ਼ਹਿਜ਼ਾਦੇ ਦੇ ਕੰਨਾਂ ਵਿਚ ਪਹਿਲਾਂ ਸੁਰੀਲੇ ਗੀਤ ਦੀ ਆਵਾਜ਼ ਪਈ ਅਤੇ ਫਿਰ ਛੇਤੀ ਹੀ ਹਾਸਾ ਛਣਕਿਆ। ਥੋੜ੍ਹਾ ਜਿਹਾ ਪਰ੍ਹੇ ਕੁੜੀਆਂ ਦੀ ਟੋਲੀ ਘਾਹ ਦੇ ਹਰੇ ਵਿਛਾਉਣੇ ‘ਤੇ ਟਹਿਲ ਰਹੀ ਸੀ। ਉਨ੍ਹਾਂ ਨੂੰ ਕੋਈ ਖ਼ਬਰ ਨਹੀਂ ਸੀ ਕਿ ਉਨ੍ਹਾਂ ਨੂੰ ਕੋਈ ਦੇਖ ਰਿਹਾ ਹੈ। ਆਪਣੇ ਆਪ ਵਿਚ ਮਸਤ ਉਹ ਹਾਸਾ-ਠੱਠਾ ਕਰ ਰਹੀਆਂ ਸਨ। ਉਨ੍ਹਾਂ ਵਿਚੋਂ ਇੱਕ ਕੁੜੀ ਦੀ ਨੁਹਾਰ ਕੁਝ ਵੱਖਰੀ ਸੀ। ਖ਼ੂਬਸੂਰਤ ਤਾਂ ਉਹ ਸਾਰੀਆਂ ਸਨ ਪਰ ਉਹ ਖ਼ੂਬਸੂਰਤਾਂ ਵਿਚੋਂ ਵੀ ਖ਼ੂਬਸੂਰਤ ਸੀ। ਚੰਚਲ ਤੇ ਸ਼ੋਖ। ਉਸ ਦੀ ਚਾਲ-ਢਾਲ ਵਿਚ ਕੋਈ ਜਾਦੂ ਸੀ। ਉਹ ਅੰਬ ਦੀ ਟਹਿਣੀ ਨਾਲ ਲਟਕਦਾ ਫਲ ਤੋੜਨ ਦੀ ਵਾਰ-ਵਾਰ ਕੋਸ਼ਿਸ਼ ਕਰ ਰਹੀ ਸੀ। ਔਰੰਗਜ਼ੇਬ ਉਸ ਨੂੰ ਟਿਕਟਿਕੀ ਬੰਨ੍ਹ ਕੇ ਦੇਖ ਰਿਹਾ ਸੀ। ਆਖ਼ਰ ਉਸ ਜੋਬਨ ਮੱਤੀ ਮੁਟਿਆਰ ਨੇ ਕੁਝ ਜ਼ੋਰ ਨਾਲ ਉਛਲ ਕੇ ਉਹ ਰਸੀਲਾ ਅੰਬ ਤੋੜ ਲਿਆ। ਚੰਚਲ ਕੁੜੀ ਦੀ ਇਸ ਮਨਮੋਹਣੀ ਅਦਾ ਨੇ ਔਰੰਗਜ਼ੇਬ ‘ਤੇ ਜਾਦੂ ਕਰ ਦਿੱਤਾ। ਉਹ ਬੇਸੁਰਤਾਂ ਵਾਂਗ ਧਰਤੀ ‘ਤੇ ਬੈਠ ਗਿਆ। ਉਸ ਦੀ ਜ਼ਬਾਨ ਬੰਦ ਹੋ ਗਈ। ਉਸ ਦੇ ਮਿੱਤਰ ਉਸ ਨੂੰ ਚੁੱਕ ਕੇ ਹਵੇਲੀ ਵਿਚ ਲੈ ਆਏ। ਸ਼ਹਿਜ਼ਾਦੇ ਦੀ ਬੇਹੋਸ਼ੀ ਦੀ ਖ਼ਬਰ ਸਾਰੀ ਹਵੇਲੀ ਵਿਚ ਉਡ ਗਈ। ਉਸ ਦੀ ਮਾਸੀ ਦੌੜੀ-ਦੌੜੀ ਆਈ, “ਕੀ ਹੋਇਆ, ਮੇਰੀ ਭੈਣ-ਜਾਏ ਸ਼ਹਿਜ਼ਾਦੇ ਨੂੰ?” ਉਹ ਔਰੰਗਜ਼ੇਬ ਦੇ ਗਲ ਨਾਲ ਲਿਪਟ ਗਈ। ਔਰੰਗਜ਼ੇਬ ਚੁੱਪ ਸੀ। ਕੋਈ ਪਾਣੀ ਪਿਆ ਰਿਹਾ ਸੀ। ਕੋਈ ਪੱਖਾ ਝੱਲ ਰਿਹਾ ਸੀ। ਲੰਮੀ ਚੁੱਪ ਤੋਂ ਬਾਅਦ ਔਰੰਗਜ਼ੇਬ ਕੁਝ ਸੰਭਲਿਆ ਤੇ ਬੋਲਿਆ, “ਮਾਸੀ, ਉਹ ਕੁੜੀ ਕੌਣ ਸੀ?” ਸਭ ਨੇ ਸੁੱਖ ਦਾ ਸਾਹ ਲਿਆ। ਮਾਸੀ ਬੋਲੀ, “ਵੇ ਕਿਹੜੀ ਕੁੜੀ?”
“ਉਹ ਜਿਹੜੀ ਬਾਗ਼ ਵਿਚ ਗਾਉਂਦੀ ਸੀ।” ਔਰੰਗਜ਼ੇਬ ਨੇ ਕਿਹਾ।
ਨਜੀਬਾ ਬਾਨੋ ਨੇ ਮਨ ਹੀ ਮਨ ਕਿਹਾ, “ਇਨ੍ਹਾਂ ਮੁਗ਼ਲਾਂ ਨੂੰ ਸੋਹਣੀਆਂ ਕੁੜੀਆਂ ‘ਤੇ ਮਰਨ ਦੀ ਬਿਮਾਰੀ ਹੈ।” (ਨਜੀਬਾ ਬਾਨੋ, ਮੁਮਤਾਜ਼ ਮਹਿਲ ਤੇ ਨੂਰ ਜਹਾਂ ਦੇ ਬਾਪ-ਦਾਦੇ ਆਸਫ਼ ਖ਼ਾਨ ਤੇ ਗਿਆਸ ਬੇਗ ਇਰਾਨ ਦੇ ਸ਼ੀਆ ਮੁਸਲਮਾਨ ਸਨ।)
ਨਜੀਬਾ ਬਾਨੋ ਨੇ ਹਵੇਲੀ ਵਿਚ ਰਹਿੰਦੀਆਂ ਨੱਚਣ-ਗਾਉਣ ਵਾਲੀਆਂ ਕੁੜੀਆਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਔਰੰਗਜ਼ੇਬ ‘ਤੇ ਹੀਰਾ ਬਾਈ ਦੇ ਹੁਸਨ ਦਾ ਜਾਦੂ ਚੱਲ ਗਿਆ ਹੈ।
ਮੀਰ ਖ਼ਲੀਲ ਆਮ ਮੁਗ਼ਲਾਂ ਵਾਂਗ ਰੰਗੀਨ ਮਿਜ਼ਾਜ ਤੇ ਅੱਯਾਸ਼ ਆਦਮੀ ਸੀ। ਉਸ ਨੇ ਕਈ ਨ੍ਰਿਤਕੀਆਂ ਤੇ ਰਖੇਲਾਂ ਰੱਖੀਆਂ ਹੋਈਆਂ ਸਨ। ਹੀਰਾ ਬਾਈ ਬਨਾਰਸ ਤੋਂ ਲਿਆਂਦੀ ਹਿੰਦੂ ਨ੍ਰਿਤਕੀ ਸੀ। ਉਸ ਦੀ ਆਵਾਜ਼ ਵਿਚ ਜਲ-ਤਰੰਗ ਦੇ ਸੁਰ ਬੋਲਦੇ ਸਨ। ਉਸ ਦਾ ਗਾਇਨ ਤੇ ਨ੍ਰਿਤ ਸਰੋਤੇ ਨੂੰ ਸੁਰ-ਤਾਲ ਦੀ ਲਹਿਰਾਉਂਦੀ ਦੁਨੀਆਂ ਵਿਚ ਲੈ ਜਾਂਦੇ ਸਨ। ਮੀਰ ਖ਼ਲੀਲ ਨੇ ਸ਼ਹਿਜ਼ਾਦੇ ਦੇ ਸੁਆਗਤ ਵਿਚ ਰਾਗ-ਰੰਗ ਦੀ ਮਹਿਫ਼ਿਲ ਸਜਾਈ। ਬਾਗ਼ ਵਿਚ ਵਾਪਰੀ ਘਟਨਾ ਨੇ ਔਰੰਗਜ਼ੇਬ ਦੀਆਂ ਕੱਸੀਆਂ ਹੋਈਆਂ ਮਨ ਤਰੰਗਾਂ ਨੂੰ ਕੁਝ ਢਿੱਲਾ ਕਰ ਦਿੱਤਾ ਸੀ। ਉਹ ਮਹਿਫ਼ਿਲ ਵਿਚ ਜਾਣ ਲਈ ਰਾਜ਼ੀ ਹੋ ਗਿਆ। ਉਸ ਨੇ ਗਾਉਂਦੀ ਤੇ ਚਹਿ-ਚਹਾਉਂਦੀ ਹੀਰਾ ਨੂੰ ਤਾਂ ਦੇਖ ਲਿਆ ਸੀ, ਹੁਣ ਉਸ ਦੇ ਥਿਰਕਦੇ ਨਾਜ਼ੁਕ ਪੈਰਾਂ ਦਾ ਜਾਦੂ ਦੇਖਣਾ ਚਾਹੁੰਦਾ ਸੀ। ਦਿਲਕਸ਼ ਪਹਿਰਾਵੇ ਵਿਚ ਹੀਰਾ ਬਾਈ ਮੰਚ ‘ਤੇ ਆਈ ਤਾਂ ਔਰੰਗਜ਼ੇਬ ਦੀਆਂ ਨਜ਼ਰਾਂ ਉਸ ਉਤੇ ਟਿਕ ਗਈਆਂ। ਨ੍ਰਿਤ ਨੂੰ ਤਾਲ ਦਿੰਦੇ ਹੀਰਾ ਦੇ ਪੈਰ ਜਿਧਰ ਜਾਂਦੇ ਸਨ, ਔਰੰਗਜ਼ੇਬ ਦੀ ਨਜ਼ਰ ਵੀ ਉਨ੍ਹਾਂ ਦੇ ਨਾਲ-ਨਾਲ ਘੁੰਮਦੀ ਸੀ। ਹੀਰਾ ਬਾਈ ਦੇ ਰੰਗ-ਰੂਪ ਤੇ ਕਲਾ ਨੇ ਔਰੰਗਜ਼ੇਬ ਨੂੰ ਦੀਵਾਨਾ ਕਰ ਦਿੱਤਾ ਸੀ। ਰਾਤ ਭਰ ਉਸ ਨੂੰ ਹੀਰਾ ਬਾਈ ਦੇ ਸੁਪਨੇ ਹੀ ਆਉਂਦੇ ਰਹੇ।
ਦਿਨ ਚੜ੍ਹਿਆ ਤਾਂ ਔਰੰਗਜ਼ੇਬ ਖ਼ੁਦ ਆਪਣੀ ਮਾਸੀ ਦੇ ਕਮਰੇ ਵਿਚ ਗਿਆ। “ਮੌਸੀ ਜਾਨ, ਮੇਰੀ ਇੱਕ ਮੰਗ ਹੈ ਜੋ ਤੁਹਾਨੂੰ ਜ਼ਰੂਰ ਪੂਰੀ ਕਰਨੀ ਹੋਵੇਗੀ।” ਨਜੀਬਾ ਬਾਨੋ ਆਪਣੇ ਸ਼ਹਿਜ਼ਾਦੇ ਭਾਣਜੇ ਦੀ ਹਰ ਗੱਲ ਮੰਨਣ ਨੂੰ ਤਿਆਰ ਸੀ। ਉਹ ਬੋਲੀ, “ਦੱਸ ਪੁੱਤਰ, ਤੈਨੂੰ ਕੀ ਚਾਹੀਦਾ ਹੈ?”
“ਮੌਸੀ ਜਾਨ, ਮੈਨੂੰ ਹੀਰਾ ਬਾਈ ਦੇ ਦਿਓ।” ਔਰੰਗਜ਼ੇਬ ਨੇ ਬਿਨਾਂ ਝਿਜਕ ਆਪਣੇ ਦਿਲ ਦੀ ਗੱਲ ਕਹਿ ਦਿੱਤੀ।
ਔਰੰਗਜ਼ੇਬ ਦੀ ਮੰਗ ਸੁਣ ਕੇ ਨਜੀਬਾ ਬੇਗ਼ਮ ਦਾ ਸਿਰ ਚਕਰਾ ਗਿਆ। ਤੜਫ ਕੇ ਬੋਲੀ, “ਸ਼ਹਿਜ਼ਾਦੇ, ਇਹ ਤਾਂ ਸ਼ੇਰ ਦੇ ਮੂੰਹ ਵਿਚੋਂ ਹੱਡੀ ਕੱਢਣ ਵਾਲੀ ਗੱਲ ਹੈ। ਹੀਰਾ ਬਾਈ ਵਿਚ ਤੇਰੇ ਮੌਸਾ ਦੀ ਜਾਨ ਹੈ, ਉਹ ਉਸ ਨੂੰ ਕਿਸੇ ਤਰ੍ਹਾਂ ਵੀ ਛੱਡ ਨਹੀਂ ਸਕਦਾ।”
ਹੁਣ ਹਾਲਤ ਇਹ ਹੋ ਗਈ ਸੀ ਕਿ ਜੇ ਮੀਰ ਖ਼ਲੀਲ ਹੀਰਾ ਨੂੰ ਛੱਡ ਨਹੀਂ ਸਕਦਾ ਸੀ ਤਾਂ ਔਰੰਗਜ਼ੇਬ ਵੀ ਹੀਰਾ ਬਾਈ ਤੋਂ ਬਿਨਾਂ ਜੀਅ ਨਹੀਂ ਸੀ ਸਕਦਾ। ਉਹ ਉਦਾਸ ਚਿੱਤ ਆਪਣੀ ਮਾਸੀ ਦੇ ਘਰੋਂ ਮੁੜ ਆਇਆ।
ਮੁਰਸ਼ਦ ਕੁਲੀ ਖ਼ਾਨ ਨੂੰ ਔਰੰਗਜ਼ੇਬ ਦੇ ਨਾਲ ਹੀ ਦੱਖਣ ਦਾ ਦੀਵਾਨ ਨਿਯੁਕਤ ਕੀਤਾ ਗਿਆ ਸੀ। ਉਹ ਔਰੰਗਜ਼ੇਬ ਦਾ ਬੜਾ ਵਫ਼ਾਦਾਰ ਸਾਥੀ ਸੀ। ਔਰੰਗਜ਼ੇਬ ਨੇ ਉਸ ਨੂੰ ਸਾਰੀ ਗੱਲ ਦੱਸੀ ਅਤੇ ਆਖਿਆ, “ਤੂੰ ਮੇਰੇ ਮੌਸਾ ਕੋਲ ਜਾਹ। ਬੜੇ ਅਦਬ-ਅਦਾਬ ਨਾਲ ਆਖੀਂ, ਜਦੋਂ ਤੋਂ ਸ਼ਹਿਜ਼ਾਦਾ ਸਾਹਿਬ ਨੇ ਹੀਰਾ ਬਾਈ ਨੂੰ ਦੇਖਿਆ ਹੈ, ਉਦੋਂ ਤੋਂ ਹੀ ਸੁੱਧ-ਬੁੱਧ ਭੁੱਲ ਬੈਠੇ ਹਨ। ਉਨ੍ਹਾਂ ਦੀ ਮਰਜ਼ ਦਾ ਇਲਾਜ ਸਿਰਫ਼ ਹੀਰਾ ਬਾਈ ਹੈ। ਜੇ ਤੁਸੀਂ ਉਸ ਨੂੰ ਸ਼ਹਿਜ਼ਾਦੇ ਦੇ ਹਰਮ ਵਿਚ ਭੇਜ ਦਿਓ ਤਾਂ ਬਹੁਤ ਮਿਹਰਬਾਨੀ ਹੋਵੇਗੀ।”
ਮੁਰਸ਼ਦ ਕੁਲੀ ਖ਼ਾਨ ਦੀ ਗੱਲ ਸੁਣ ਕੇ ਇੱਕ ਵਾਰ ਤਾਂ ਮੀਰ ਖ਼ਲੀਲ ਦੇ ਭਰਵੱਟੇ ਤਣ ਗਏ। ਫਿਰ ਉਹ ਮਨ ਹੀ ਮਨ ਸੋਚਣ ਲੱਗਿਆ ਕਿ ਬੇਸ਼ੱਕ ਮੈਂ ਬਾਦਸ਼ਾਹ ਦਾ ਰਿਸ਼ਤੇਦਾਰ ਹਾਂ ਪਰ ਹਾਂ ਤਾਂ ਸਰਕਾਰੀ ਨੌਕਰ ਹੀ। ਸ਼ਹਿਜ਼ਾਦੇ ਨੂੰ ਕਿਸੇ ਗੱਲੋਂ ਨਾਂਹ ਕਰਨੀ ਦੂਰਅੰਦੇਸ਼ੀ ਨਹੀਂ ਹੋਵੇਗੀ। ਕੁਝ ਦੇਰ ਚੁੱਪ ਰਹਿ ਕੇ ਮੀਰ ਖ਼ਲੀਲ ਬੋਲਿਆ, “ਕੋਈ ਗੱਲ ਨਹੀਂ, ਸ਼ਹਿਜ਼ਾਦੇ ਦੀ ਖ਼ੁਸ਼ੀ ਵਿਚ ਹੀ ਸਾਡੀ ਖ਼ੁਸ਼ੀ ਹੈ। ਅਸੀਂ ਆਪਣੀ-ਆਪਣੀ ਪਸੰਦ ਦਾ ਵਟਾਂਦਰਾ ਕਰ ਲੈਂਦੇ ਹਾਂ।”
ਮੁਰਸ਼ਦ ਕੁਲੀ ਨੇ ਹੈਰਾਨ ਹੁੰਦਿਆਂ ਪੁੱਛਿਆ, “ਜਨਾਬ ਕੀ ਕਹਿਣਾ ਚਾਹੁੰਦੇ ਹਨ?” ਮੀਰ ਖ਼ਲੀਲ ਨਿੰਮਾ ਜਿਹਾ ਮੁਸਕਰਾ ਕੇ ਬੋਲਿਆ, “ਸ਼ਹਿਜ਼ਾਦਾ ਸਾਹਿਬ ਆਪਣੇ ਹਰਮ ਦੀ ਸੁੰਦਰੀ ਚਤਰ ਬਾਈ ਨੂੰ ਮੇਰੇ ਹਰਮ ਵਿਚ ਭੇਜ ਦੇਣ ਤੇ ਹੀਰਾ ਬਾਈ ਸ਼ਹਿਜ਼ਾਦਾ ਸਾਹਿਬ ਪਾਸ ਚਲੀ ਜਾਏਗੀ।”
ਮੁਰਸ਼ਦ ਕੁਲੀ ਖ਼ਾਨ ਖ਼ੁਸ਼ੀ ਨਾਲ ਬਾਵਰਾ ਹੋ ਗਿਆ। ਉਸ ਨੂੰ ਉਮੀਦ ਨਹੀਂ ਸੀ ਕਿ ਏਨਾ ਜੋਖ਼ਮ ਭਰਿਆ ਕੰਮ ਏਨੀ ਆਸਾਨੀ ਨਾਲ ਹੱਲ ਹੋ ਜਾਏਗਾ। ਉਹ ਨੱਸਾ-ਨੱਸਾ ਔਰੰਗਜ਼ੇਬ ਕੋਲ ਗਿਆ ਤੇ ਮੌਸਾ ਖ਼ਲੀਲ ਦੀ ਤਜਵੀਜ਼ ਉਸ ਨੂੰ ਦੱਸੀ। ਔਰੰਗਜ਼ੇਬ ਆਮ ਤੌਰ ‘ਤੇ ਕਦੇ ਆਪਣੇ ਦਿਲ ਦੇ ਭਾਵ ਆਪਣੇ ਚਿਹਰੇ ‘ਤੇ ਨਹੀਂ ਸੀ ਆਉਣ ਦਿੰਦਾ ਪਰ ਮੁਰਸ਼ਦ ਕੁਲੀ ਦੇ ਮੂੰਹੋਂ ਇਹ ਖ਼ਬਰ ਸੁਣ ਕੇ ਉਸ ਦਾ ਚਿਹਰਾ ਗੁਲਾਬ ਦੇ ਫੁੱਲ ਵਾਂਗ ਖਿੜ ਗਿਆ। ਉਸੇ ਸ਼ਾਮ ਸੁਨਹਿਰੀ ਪਾਲਕੀ ਵਿਚ ਹੀਰਾ ਬਾਈ ਔਰੰਗਜ਼ੇਬ ਦੇ ਹਰਮ ‘ਚ ਆ ਗਈ ਤੇ ਉਸੇ ਪਾਲਕੀ ਵਿਚ ਬੈਠ ਕੇ ਔਰੰਗਜ਼ੇਬ ਦੀ ਕਨੀਜ਼ ਚਤਰ ਬਾਈ ਮੀਰ ਖ਼ਲੀਲ ਦੇ ਜ਼ਨਾਨਖਾਨੇ ਵਿਚ ਚਲੀ ਗਈ।
ਔਰੰਗਜ਼ੇਬ ਲਈ ਤਾਂ ਜਿਵੇਂ ਆਸਮਾਨ ਦਾ ਚੰਦ ਉਸ ਕੋਲ ਆ ਗਿਆ ਸੀ। ਸਜੀ-ਸੰਵਰੀ ਹੀਰਾ ਬਾਈ ਉਸ ਦੇ ਕੋਲ ਬੈਠੀ ਸੀ। ਹੀਰਾ ਬਾਈ ਵੀਹ-ਬਾਈ ਸਾਲ ਦੀ ਖ਼ੂਬਸੂਰਤ ਨ੍ਰਿਤਕੀ ਸੀ। ਉਸ ਦੀ ਹਰ ਗੱਲ ਵਿਚ ਅਦਾ ਸੀ। ਉਸ ਦੀ ਆਵਾਜ਼ ਤੇ ਉਸ ਦੇ ਪੈਰਾਂ ਵਿਚ ਨ੍ਰਿਤ ਦੇ ਸਾਰੇ ਤਾਲ ਥਿਰਕਦੇ ਸਨ। ਹੀਰਾ ਬਾਈ ਨੂੰ ਪਾ ਕੇ ਔਰੰਗਜ਼ੇਬ ਨੂੰ ਬਹਿਸ਼ਤ ਦੀਆਂ ਹੂਰਾਂ ਭੁੱਲ ਗਈਆਂ। ਪੰਜ ਵਕਤ ਦੇ ਨਮਾਜ਼ੀ ਸ਼ਹਿਜ਼ਾਦੇ ਨੂੰ ਸ਼ਰ੍ਹਾ-ਸ਼ਰੀਅਤ ਭੁੱਲ ਗਈ। ਗਾਉਂਦੀ ਤੇ ਨੱਚਦੀ ਹੀਰਾ ਬਾਈ ਕਿਸੇ ਰੱਬੀ ਕਰਾਮਾਤ ਤੋਂ ਘੱਟ ਨਹੀਂ ਸੀ। ਜਿਸ ਸ਼ਾਮ ਹੀਰਾ ਬਾਈ ਥੋੜ੍ਹੀ ਜਿਹੀ ਸੁਰਖ਼ ਸ਼ਰਾਬ ਚੱਖ ਲੈਂਦੀ, ਉਸ ਦੀਆਂ ਬਦਾਮੀ ਅੱਖਾਂ ਨਰਗਸ ਦੇ ਅੱਧ-ਖਿੜੇ ਫੁੱਲਾਂ ਵਰਗੀਆਂ ਹੋ ਜਾਂਦੀਆਂ। ਸਾਰੇ ਦੱਖਣ ‘ਤੇ ਰਾਜ ਕਰਨ ਵਾਲਾ ਸ਼ਹਿਜ਼ਾਦਾ, ਹੀਰਾ ਬਾਈ ਦੇ ਹੁਸਨ ਦਾ ਗ਼ੁਲਾਮ ਹੋ ਗਿਆ ਸੀ। ਆਗਰੇ ਤੋਂ ਸ਼ਹਿਜ਼ਾਦੇ ਨਾਲ ਆਏ ਅਹਿਲਕਾਰ ਹੈਰਾਨ ਸਨ ਕਿ ਸ਼ਹਿਜ਼ਾਦੇ ਨੂੰ ਹੋ ਕੀ ਗਿਆ ਹੈ? ਸਾਰਾ ਸਰਕਾਰੀ ਕਾਰੋਬਾਰ ਠੱਪ ਹੋ ਗਿਆ ਸੀ। ਰਾਜ ਪ੍ਰਬੰਧ ਦੇ ਸਾਰੇ ਕੰਮ ਰੁਕ ਗਏ ਸਨ। ਜਿਸ ਦਿਨ ਦੀ ਹੀਰਾ ਆਈ ਸੀ, ਉਸ ਦਿਨ ਤੋਂ ਸ਼ਹਿਜ਼ਾਦਾ ਆਪਣੇ ਮਹਿਲ ਤੋਂ ਬਾਹਰ ਨਹੀਂ ਸੀ ਨਿਕਲਿਆ। ਆਗਰੇ ਤੋਂ ਔਰੰਗਜ਼ੇਬ ਦੇ ਪਰਿਵਾਰ ਨੂੰ ਬੁਰਹਾਨਪੁਰ ਆਇਆਂ ਕਈ ਦਿਨ ਹੋ ਗਏ ਸਨ। ਦੋ ਪਤਨੀਆਂ ਤੇ ਛੇ ਬੱਚੇ ਪਰ ਔਰੰਗਜ਼ੇਬ ਪਾਸ ਆਪਣੇ ਪਰਿਵਾਰ ਨੂੰ ਮਿਲਣ ਦੀ ਫੁਰਸਤ ਨਹੀਂ ਸੀ।
ਕੁਝ ਮਹੀਨੇ ਬੁਰਹਾਨਪੁਰ ਵਿਚ ਪੜਾਅ ਕਰ ਕੇ ਔਰੰਗਜ਼ੇਬ ਦਾ ਅਮਲਾ-ਫੈਲਾ ਤੇ ਪਰਿਵਾਰ ਔਰੰਗਾਬਾਦ ਪਹੁੰਚ ਗਿਆ। ਔਰੰਗਾਬਾਦ ਵਿਚ ਦੋਵਾਂ ਬੇਗ਼ਮਾਂ ਦੀਆਂ ਵੱਖ-ਵੱਖ ਹਵੇਲੀਆਂ ਸਨ। ਔਰੰਗਜ਼ੇਬ ਦਾ ਦਰਬਾਰ ਆਲੀਸ਼ਾਨ ਮਹਿਲ ਵਿਚ ਲੱਗਦਾ ਸੀ। ਹੀਰਾ ਬਾਈ ਲਈ ਬਹੁਤ ਹੀ ਖ਼ੂਬਸੂਰਤ ਹਵੇਲੀ ਦੀ ਚੋਣ ਕੀਤੀ ਗਈ ਜਿਸ ਦਾ ਵਾਤਾਵਰਨ ਫੁੱਲ-ਬੂਟਿਆਂ ਦੀ ਸੁਗੰਧੀ ਨਾਲ ਮਹਿਕਿਆ ਰਹਿੰਦਾ ਸੀ। ਔਰੰਗਜ਼ੇਬ ਆਪਣੇ ਦਰਬਾਰ ‘ਚੋਂ ਉਠਦਾ ਤੇ ਸਿੱਧਾ ਹੀਰਾ ਬਾਈ ਦੀ ਹਵੇਲੀ ਵਿਚ ਚਲਾ ਜਾਂਦਾ। ਹੀਰਾ ਬਾਈ ਦੀ ਹਵੇਲੀ ਔਰੰਗਜ਼ੇਬ ਲਈ ਸਵਰਗ ਦਾ ਟੁਕੜਾ ਸੀ। ਉਸ ਦਾ ਸੌਣਾ-ਜਾਗਣਾ ਤੇ ਖਾਣਾ-ਪੀਣਾ ਇਸੇ ਹਵੇਲੀ ਵਿਚ ਹੁੰਦਾ ਸੀ। ਉਹ ਰੰਗੀਨ ਤੇ ਹੁਸੀਨ ਸੁਪਨੇ ਵਿਚ ਜੀਅ ਰਿਹਾ ਸੀ। ਹੀਰਾ ਬਾਈ ਨੂੰ ਉਸ ਨੇ ਸਭ ਤੋਂ ਪਹਿਲਾਂ ਤਾਪਤੀ ਨਦੀ ਕਿਨਾਰੇ ਜੈਨਾਬਾਦ ਦੇ ਬਾਗ਼ ਵਿਚ ਦੇਖਿਆ ਸੀ। ਇਸ ਲਈ ਉਹ ਉਸ ਨੂੰ ‘ਜੈਨਾਬਾਦੀ ਬੇਗ਼ਮ’ ਕਹਿ ਕੇ ਬੁਲਾਉਂਦਾ ਸੀ। ਸਾਰਾ ਬੁਰਹਾਨਪੁਰ ਤੇ ਸਾਰਾ ਔਰੰਗਾਬਾਦ ਜੇ ਜੈਨਾਬਾਦੀ ਤੇ ਔਰੰਗਜ਼ੇਬ ਬਾਰੇ ਗੱਲਾਂ ਕਰਦਾ ਸੀ ਤਾਂ ਔਰੰਗਜ਼ੇਬ ਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ। ਇਸਲਾਮ ਦੇ ਕਈ ਦਾਅਵੇਦਾਰ ਜੋ ਔਰੰਗਜ਼ੇਬ ‘ਤੇ ਬਹੁਤ ਮਾਣ ਕਰਦੇ ਸਨ, ਉਸ ਦੀ ਇਸ ਹਰਕਤ ਤੋਂ ਬੜੇ ਪ੍ਰੇਸ਼ਾਨ ਸਨ।
ਕੁਝ ਸਮਕਾਲੀ ਤੇ ਮਗਰਲੇ ਇਤਿਹਾਸਕਾਰ ਲਿਖਦੇ ਹਨ ਕਿ ਆਖਰ ਇਸ ਪ੍ਰੇਮ ਕਹਾਣੀ ਦੀ ਖ਼ਬਰ ਆਗਰੇ ਵਿਚ ਬਾਦਸ਼ਾਹ ਸ਼ਾਹਜਹਾਂ ਤਕ ਵੀ ਪਹੁੰਚ ਗਈ। ਦਾਰਾ ਸ਼ਿਕੋਹ ਤੇ ਔਰੰਗਜ਼ੇਬ, ਦੋਵਾਂ ਭਰਾਵਾਂ ਵਿਚ ਇੱਟ-ਕੁੱਤੇ ਦਾ ਵੈਰ ਸੀ। ਦਾਰਾ ਸ਼ਿਕੋਹ ਨੇ ਇੱਕ ਦਿਨ ਬਾਦਸ਼ਾਹ ਨੂੰ ਕਿਹਾ, “ਦੇਖ ਲਓ ਅੱਬਾ ਹਜ਼ੂਰ! ਆਪਣੇ ਨਮਾਜ਼ੀ ਤੇ ਪਾਖੰਡੀ ਸ਼ਹਿਜ਼ਾਦੇ ਦੀ ਕਰਤੂਤ। ਬੜਾ ਮੋਮਨ ਬਣਿਆ ਫਿਰਦਾ ਸੀ, ਹੁਣ ਨੱਚਣ ਵਾਲੀ ਕੁੜੀ ‘ਤੇ ਆਪਣਾ ਸਭ ਕੁਝ ਲੁਟਾ ਰਿਹਾ ਹੈ।”
ਇੱਕ ਦਿਨ ਬੜੀ ਅਜੀਬ ਗੱਲ ਹੋਈ। ਰਾਤ ਦੇ ਖਾਣੇ ਦਾ ਵਕਤ ਹੋਇਆ ਤਾਂ ਜੈਨਾਬਾਦੀ ਨੇ ਮੇਜ਼ ਉਤੇ ਬੋਤਲ ਅਤੇ ਦੋ ਗਲਾਸ ਰੱਖ ਦਿੱਤੇ। ਦੋਵਾਂ ਗਲਾਸਾਂ ਵਿਚ ਥੋੜ੍ਹੀ-ਥੋੜ੍ਹੀ ਸ਼ਰਾਬ ਪਾਈ ਤੇ ਬੋਲੀ, “ਇੱਕ ਗਲਾਸ ਤੁਹਾਡਾ, ਇੱਕ ਮੇਰਾ।” ਔਰੰਗਜ਼ੇਬ ਅਹਿੱਲ ਬੈਠਾ ਰਿਹਾ। ਉਹ ਹੀਰਾ ਬਾਈ ਦੀਆਂ ਅੱਖਾਂ ‘ਚੋਂ ਤਾਂ ਪੀ ਸਕਦਾ ਸੀ ਪਰ ਗਲਾਸ ਵਿਚੋਂ ਨਹੀਂ। ਹੀਰਾ ਬਾਈ ਨੇ ਕਈ ਵਾਰ ਕਿਹਾ ਪਰ ਔਰੰਗਜ਼ੇਬ ਨੇ ਗਲਾਸ ਨੂੰ ਹੱਥ ਨਹੀਂ ਲਾਇਆ। ਹੀਰਾ ਬਾਈ ਗਲਾਸ ਚੁੱਕ ਕੇ ਔਰੰਗਜ਼ੇਬ ਦੇ ਹੋਠਾਂ ਤਕ ਲੈ ਗਈ। “ਸਿਰਫ਼ ਇੱਕ ਘੁੱਟ ਮੇਰੇ ਆਸ਼ਨਾ, ਇੱਕ ਘੁੱਟ।” ਆਖਰ ਹੀਰਾ ਬਾਈ ਦੇ ਹਠ ਅੱਗੇ ਔਰੰਗਜ਼ੇਬ ਦੀ ਨਾਂਹ ਹਾਰ ਗਈ। ਉਸ ਨੇ ਹੀਰਾ ਬਾਈ ਦੇ ਹੱਥੋਂ ਗਲਾਸ ਫੜ ਲਿਆ। ਹੀਰਾ ਬਾਈ ਦੀ ਖ਼ੁਸ਼ੀ ਲਈ ਅੱਜ ਉਹ ਇਹ ਗੁਨਾਹ ਕਰਨ ਲਈ ਵੀ ਤਿਆਰ ਸੀ। ਗਲਾਸ ਦਾ ਕਿਨਾਰਾ ਜਦੋਂ ਔਰੰਗਜ਼ੇਬ ਦੇ ਬੁੱਲ੍ਹਾਂ ਨਾਲ ਛੂਹਿਆ ਤਾਂ ਹੀਰਾ ਬਾਈ ਨੇ ਝਪਟ ਮਾਰ ਕੇ ਗਲਾਸ ਖੋਹ ਲਿਆ। ਕਹਿਣ ਲੱਗੀ, “ਬੱਸ ਮੇਰੇ ਸ਼ਹਿਜ਼ਾਦੇ, ਮੈਂ ਸਿਰਫ਼ ਤੁਹਾਡਾ ਪਿਆਰ ਪਰਖਣਾ ਸੀ। ਤੁਹਾਡਾ ਈਮਾਨ ਭੰਗ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਹੈ।” ਔਰੰਗਜ਼ੇਬ ਹੈਰਾਨ ਸੀ ਕਿ ਸਾਧਾਰਨ ਗਾਇਕਾ ਤੇ ਨ੍ਰਿਤਕੀ ਵਿਚ ਐਸਾ ਸਲੀਕਾ ਤੇ ਸਮਝਦਾਰੀ ਵੀ ਹੋ ਸਕਦੀ ਹੈ। ਉਸ ਨੇ ਹੀਰਾ ਦਾ ਮੂੰਹ ਚੁੰਮ ਲਿਆ।
ਔਰੰਗਜ਼ੇਬ ਸੋਚਣ ਲੱਗਾ, ਨਿਰੀ ਪ੍ਰਹੇਜ਼ਗਾਰੀ ਤੇ ਮਨਾਹੀਆਂ ਦਾ ਜੀਵਨ ਵੀ ਕੋਈ ਜੀਵਨ ਹੈ? ਪਿਆਰ ਨੂੰ ਜ਼ਿੰਦਗੀ ‘ਚੋਂ ਕਦੀ ਖਾਰਜ ਨਹੀਂ ਕਰਨਾ ਚਾਹੀਦਾ।
ਤਕਰੀਬਨ ਦੋ ਸਾਲ ਬੀਤ ਗਏ ਪਰ ਦੋਵਾਂ ਪ੍ਰੇਮੀਆਂ ਨੂੰ ਕੁਝ ਪਤਾ ਨਹੀਂ ਸੀ, ਕਦੋਂ ਦਿਨ ਚੜ੍ਹਦਾ ਹੈ, ਕਦੋਂ ਰਾਤ ਪੈਂਦੀ ਹੈ। ਚੰਦ ਤੇ ਸੂਰਜ ਕਦੀ ਮਿਲ ਕੇ ਨਹੀਂ ਬੈਠਦੇ ਪਰ ਹੀਰਾ ਤੇ ਔਰੰਗਜ਼ੇਬ ਨੇ ਇਸ ਅਣਹੋਣੀ ਨੂੰ ਸੱਚ ਕਰ ਦਿੱਤਾ ਸੀ।
ਦਿਨ ਫਿਰਦਿਆਂ ਦੇਰ ਨਹੀਂ ਲੱਗਦੀ। ਇੱਕ ਦਿਨ ਦਰਬਾਰ ਵਿਚ ਬੈਠੇ ਔਰੰਗਜ਼ੇਬ ਨੂੰ ਅਚਾਨਕ ਸੁਨੇਹਾ ਮਿਲਿਆ ਅਤੇ ਉਹ ਇਕਦਮ ਸਭ ਕੁਝ ਛੱਡ ਕੇ ਹੀਰਾ ਬਾਈ ਦੀ ਹਵੇਲੀ ਵੱਲ ਤੁਰ ਪਿਆ। ਹੀਰਾ ਬਾਈ ਦੇ ਪਲੰਘ ਦੁਆਲੇ ਜ਼ਨਾਨੀਆਂ ਦੀ ਭੀੜ ਲੱਗੀ ਹੋਈ ਸੀ। ਔਰੰਗਜ਼ੇਬ ਸਭ ਨੂੰ ਪਿੱਛੇ ਹਟਾ ਕੇ ਪਲੰਘ ਕੋਲ ਜਾ ਖਲੋਤਾ। ਹੀਰਾ ਬਾਈ ਦੀਆਂ ਅੱਖਾਂ ਬੰਦ ਤੇ ਉਸ ਦਾ ਲੰਮਾ, ਪਤਲਾ ਸਰੀਰ ਪਲਸੇਟੇ ਖਾ ਰਿਹਾ ਸੀ। “ਹੀਰਾ, ਮੈਂ ਤੈਨੂੰ ਨੌਂ-ਬਰ-ਨੌਂ ਛੱਡ ਕੇ ਗਿਆ ਸੀ। ਅਚਾਨਕ ਤੈਨੂੰ ਕੀ ਹੋ ਗਿਆ?” ਪਰ ਹੀਰਾ ਬਾਈ ਨੇ ਕੋਈ ਉਤਰ ਨਹੀਂ ਦਿੱਤਾ। ਉਸ ਵਿਚ ਉਤਰ ਦੇਣ ਦੀ ਤਾਕਤ ਨਹੀਂ ਸੀ। ਸ਼ਹਿਜ਼ਾਦੇ ਨੇ ਪਲੰਘ ‘ਤੇ ਬੈਠ ਕੇ ਹੀਰਾ ਦਾ ਸਿਰ ਆਪਣੀ ਗੋਦ ਵਿਚ ਰੱਖ ਲਿਆ। ਉਹ ਹੀਰਾ ਬਾਈ ਨੂੰ ਉਸੇ ਤਰ੍ਹਾਂ ਟਿਕਟਿਕੀ ਬੰਨ੍ਹ ਕੇ ਦੇਖਣ ਲੱਗਾ ਜਿਵੇਂ ਜੈਨਾਬਾਦ ਦੇ ਬਾਗ਼ ਵਿਚ ਉਸ ਨੂੰ ਪਹਿਲੀ ਵਾਰ ਦੇਖਿਆ ਸੀ। ਹਕੀਮਾਂ ਨੇ ਸਾਰੇ ਓੜ੍ਹ-ਪੋੜ੍ਹ ਕੀਤੇ। ਬਦਲ-ਬਦਲ ਕੇ ਦਵਾਈਆਂ ਦਿੱਤੀਆਂ ਪਰ ਨਾ ਤਾਂ ਹੀਰਾ ਨੇ ਅੱਖਾਂ ਖੋਲ੍ਹੀਆਂ ਅਤੇ ਨਾ ਹੀ ਜ਼ੁਬਾਨ। ਉਸ ਦਾ ਦਰਦ ਵਧਦਾ ਹੀ ਗਿਆ। ਔਰੰਗਜ਼ੇਬ ਹੀਰਾ ਬਾਈ ਦੇ ਚਿਹਰੇ ‘ਤੇ ਹੱਥ ਫੇਰ ਕੇ, ਉਸ ਦੇ ਉਲਝੇ ਵਾਲਾਂ ਨੂੰ ਪਿੱਛੇ ਹਟਾ ਕੇ ਪਿਆਰੀ ਜੈਨਾ ਦੀ ਪੀੜ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਭ ਬੇਕਾਰ। ਆਖ਼ਰ ਦੇਖਦੇ ਹੀ ਦੇਖਦੇ ਹੀਰਾ ਬਾਈ ਨੇ ਔਰੰਗਜ਼ੇਬ ਦੀ ਗੋਦ ਵਿਚ ਦਮ ਤੋੜ ਦਿੱਤਾ। ਜ਼ਨਾਨਖ਼ਾਨੇ ਦੀਆਂ ਲੇਰਾਂ ਨੇ ਹਵੇਲੀ ਦੇ ਸ਼ਾਂਤ ਵਾਤਾਵਰਨ ਨੂੰ ਲੀਰੋ-ਲੀਰ ਕਰ ਦਿੱਤਾ। ਔਰੰਗਜ਼ੇਬ ਕੁਝ ਦੇਰ ਤਕ ਬੁੱਤ ਬਣ ਕੇ ਹੀਰਾ ਦੇ ਚਿਹਰੇ ਨੂੰ ਦੇਖਦਾ ਰਿਹਾ ਅਤੇ ਫੇਰ ਜਿਨ੍ਹਾਂ ਲੋਕਾਂ ਨੇ ਕਦੀ ਸ਼ਹਿਜ਼ਾਦੇ ਦੀ ਗਿੱਲੀ ਅੱਖ ਨਹੀਂ ਸੀ ਦੇਖੀ, ਉਨ੍ਹਾਂ ਨੇ ਔਰੰਗਜ਼ੇਬ ਨੂੰ ਫੁੱਟ-ਫੁੱਟ ਕੇ ਰੋਂਦਿਆਂ ਵੇਖਿਆ। ਹੀਰਾ ਬਾਈ ਅਜਿਹਾ ਫੁੱਲ ਸੀ ਜੋ ਬਹਾਰ ਦੀ ਰੁੱਤ ਵਿਚ ਹੀ ਮੁਰਝਾ ਗਿਆ। ਸ਼ੱਕ ਹੈ ਕਿ ਕਿਸੇ ਸਾਜ਼ਿਸ਼ ਅਧੀਨ ਹੀਰਾ ਨੂੰ ਜ਼ਹਿਰ ਦਿੱਤਾ ਗਿਆ ਸੀ।
ਜਿਸ ਦਿਨ ਹੀਰਾ ਬਾਈ ਨੂੰ ਔਰੰਗਾਬਾਦ ਦੇ ਵੱਡੇ ਤਾਲਾਬ ਦੇ ਕਿਨਾਰੇ ਦਫ਼ਨਾਇਆ ਗਿਆ, ਉਸ ਦਿਨ ਦੁਪਹਿਰ ਤੋਂ ਬਾਅਦ ਸ਼ਹਿਜ਼ਾਦਾ ਸ਼ਿਕਾਰ ਖੇਡਣ ਚਲਾ ਗਿਆ। ਮੀਰ ਅਸਕਰੀ ਆਕਿਲ ਖ਼ਾਨ ਵੀ ਉਸ ਦੇ ਨਾਲ ਸੀ। ਆਕਿਲ ਖ਼ਾਨ ਨੇ ਪੁੱਛਿਆ, “ਸ਼ਹਿਜ਼ਾਦੇ, ਦਿਲ ਦੀ ਐਸੀ ਦੁਖਿਆਰੀ ਹਾਲਤ ਵਿਚ ਕੀ ਸ਼ਿਕਾਰ ਖੇਲ੍ਹਣਾ ਠੀਕ ਹੈ?” ਸ਼ਹਿਜ਼ਾਦਾ ਬੋਲਿਆ, “ਆਕਿਲ ਖ਼ਾਨ, ਘਰ ਬੈਠ ਕੇ ਗ਼ਮ ਤੋਂ ਛੁਟਕਾਰਾ ਨਹੀਂ ਮਿਲਦਾ, ਜੰਗਲ ਵਿਚ ਆ ਕੇ ਬੰਦਾ ਖੁੱਲ੍ਹ ਕੇ ਰੋ ਸਕਦਾ ਹੈ।” ਔਰੰਗਜ਼ੇਬ ਜਿੰਨਾ ਚਿਰ ਜਿਉਂਦਾ ਰਿਹਾ, ਹੀਰਾ ਬਾਈ ਦੇ ਮਕਬਰੇ ਦੀ ਜ਼ਿਆਰਤ ਕਰਨ ਜਾਂਦਾ ਰਿਹਾ।
ਇਤਿਹਾਸਕਾਰਾਂ ਦੀ ਰਾਇ ਹੈ ਕਿ ਹੀਰਾ ਬਾਈ ਦੇ ਪਿਆਰ ਨੇ ਔਰੰਗਜ਼ੇਬ ਵਿਚੋਂ ਕੱਟੜਤਾ ਦੇ ਸਾਰੇ ਕੰਡੇ ਕੱਢ ਦਿੱਤੇ ਸਨ। ਉਸ ਨੂੰ ਨਰਮ ਦਿਲ ਇਨਸਾਨ ਬਣਾ ਦਿੱਤਾ ਸੀ। ਜੇ ਉਹ ਲੰਮੇ ਸਮੇਂ ਤਕ ਜਿਉਂਦੀ ਰਹਿੰਦੀ ਤਾਂ ਸ਼ਾਇਦ ਔਰੰਗਜ਼ੇਬ ਦਾ ਜੀਵਨ ਅਤੇ ਹਿੰਦੁਸਤਾਨ ਦਾ ਇਤਿਹਾਸ ਬਦਲ ਜਾਣਾ ਸੀ!

Be the first to comment

Leave a Reply

Your email address will not be published.