ਪੰਜਾਬੀ ਬੋਲੀ ਨੂੰ ਕਿਸ ਕਿਸ ਤੋਂ ਖਤਰਾ?

ਡਾ. ਸੁਖਪਾਲ ਸੰਘੇੜਾ
ਜਾਣਕਾਰੀ
ਧਰਤੀ ਸਮੇਤ ਇਹ ਬ੍ਰਹਿਮੰਡ ਚੀਜ਼ਾਂ, ਭਾਵ ਵਸਤੂਆਂ, ਤੇ ਵਰਤਾਰਿਆਂ ਤੋਂ ਬਣਿਆ ਹੈ। ਵਰਤਾਰੇ ਚੀਜ਼ਾਂ ਦੀ ਆਪਸੀ ਅੰਤਰ-ਕਿਰਿਆ ਜਾਂ ਅੰਤਰ-ਕਿਰਿਆਵਾਂ, ਤੋਂ ਬਣੇ ਹੋਏ ਹੁੰਦੇ ਨੇ। ਮਿਸਾਲ ਵਜੋਂ, ਆਟਾ, ਪਾਣੀ, ਤੇ ਹੱਥਾਂ ਦੀਆਂ ਮੁੱਕੀਆਂ ਚੀਜ਼ਾਂ ਹਨ, ਅਤੇ ਆਟੇ ਨੂੰ ਪਾਣੀ ਵਿਚ ਗੁੰਨ੍ਹਣਾ ਇਕ ਵਰਤਾਰਾ ਹੈ, ਜਿਸ ਦੌਰਾਨ ਆਟੇ, ਪਾਣੀ, ਤੇ ਹੱਥਾਂ ਦੀਆਂ ਮੁੱਕੀਆਂ ਵਿਚਕਾਰ ਅੰਤਰ-ਕਿਰਿਆਵਾਂ ਵਾਪਰਦੀਆਂ ਨੇ।

ਆਟਾ ਗੁੰਨ੍ਹਣ ਦਾ ਵਰਤਾਰਾ ਆਟੇ ਨੂੰ ਲਚਕਦਾਰ ਬਣਾ ਦਿੰਦਾ ਹੈ, ਜਿਸ ਤੋਂ ਹੁਣ ਇਕ ਹੋਰ ਵਰਤਾਰੇ ਦੁਆਰਾ ਪੇੜੇ ਬਣਾਏ ਜਾ ਸਕਦੇ ਨੇ। ਇਸੇ ਤਰ੍ਹਾਂ ਪੇੜੇ, ਪਰੇਥਨ, ਚਕਲੇ, ਤੇ ਵੇਲਣੇ ਆਦਿ ਚੀਜ਼ਾਂ ਵਰਤ ਕੇ ਪੇੜੇ ਤੋਂ ‘ਵੇਲਣ’ ਦੇ ਵਰਤਾਰੇ ਜ਼ਰਏ ਕੱਚੀ ਰੋਟੀ ਬਣਦੀ ਹੈ, ਅਤੇ ‘ਸੇਕਣ’ ਵਰਤਾਰੇ ਜ਼ਰੀਏ, ਯਾਨਿ ਕੱਚੀ ਰੋਟੀ, ਅੱਗ, ਤੇ ਤਵੀ ਵਿਚਕਾਰ ਅੰਤਰ-ਕਿਰਿਆਵਾਂ ਦੁਆਰਾ, ‘ਕੱਚੀ ਰੋਟੀ’ ‘ਪੱਕੀ ਰੋਟੀ’ ਵਿਚ ਬਦਲ ਜਾਂਦੀ ਹੈ। ਜਿਸ ਤਰ੍ਹਾਂ ਇਸ ਸਾਦੀ ਮਿਸਾਲ ਵਿਚ, ਉਸੇ ਤਰ੍ਹਾਂ ਪੂਰੇ ਬ੍ਰਹਿਮੰਡ ਵਿਚ, ਚੀਜ਼ ਇਕ ਦੂਜੇ ਨਾਲ ਅੰਤਰ-ਕਿਰਿਆਵਾਂ ਰਾਹੀਂ ਬੱਝੀਆਂ ਹੋਈਆਂ ਨੇ, ਤੇ ਇਹ ਅੰਤਰ-ਕਿਰਿਆਵਾਂ ਅਕਸਰ ਪੁਰਾਣੀਆਂ ਚੀਜ਼ਾਂ ਤੋਂ ਨਵੀਆਂ ਚੀਜ਼ਾਂ ਜਾਂ ਰੂਪ ਪੈਦਾ ਕਰਦੀਆਂ ਨੇ।
ਇਸ ਤਰ੍ਹਾਂ, ਸਿਰਫ਼ ਨਿਰਜਿੰਦ ਹੀ ਨਹੀਂ, ਬਲਕਿ ਜਿਊਂਦੀਆਂ ਚੀਜ਼ਾਂ ਵੀ ਅੰਤਰ-ਕਿਰਿਆਵਾਂ ਰਾਹੀਂ ਇਕ ਦੂਜੇ ਨਾਲ ਸਬੰਧਿਤ ਹੁੰਦੀਆਂ ਹਨ। ਜਿਊਂਦੀਆਂ ਚੀਜ਼ਾਂ ਵਿਚਕਾਰ ਇੱਕ ਅੰਤਰ-ਕਿਰਿਆ ਹੁੰਦੀ ਹੈ: ਆਪਸੀ ਸੰਚਾਰ, ਜੋ ਕਈ ਸਾਧਨਾਂ ਤੇ ਮਾਧਿਅਮਾਂ ਦੁਆਰਾ ਵਾਪਰਦਾ ਹੈ। ਮਿਸਾਲ ਦੇ ਤੌਰ ‘ਤੇ, ਧਰਤੀ ਉੱਪਰ ਮਨੁੱਖ ਦੇ ਵਿਕਾਸ ਦੌਰਾਨ ਬੋਲੀ ਦਾ ਆਵਿਸ਼ਕਾਰ ਮਨੁੱਖੀ ਇਤਿਹਾਸ ਵਿਚ ਇਕ ਮਹੱਤਵਪੂਰਨ ਘਟਨਾ ਸੀ। ਮਨੁੱਖੀ ਬੋਲੀਆਂ ਨੇ ਸਮੂਹਿਕ ਤੌਰ ‘ਤੇ ਗਿਆਨ ਲੱਭਣ, ਸਿਰਜਣ, ਤੇ ਸਾਂਝਿਆਂ ਕਰਨ ਨੂੰ ਸੰਭਵ ਕਰ ਕੇ ਮਨੁੱਖੀ ਦੁਨੀਆਂ ਦੀ ਉਸਾਰੀ ਵਿਚ ਹਿੱਸਾ ਪਾਉਂਦੇ ਹੋਏ, ਮਨੁੱਖਤਾ ਦਾ ਇਤਿਹਾਸ ਸਿਰਜਣ ਵਿਚ ਅਹਿਮ ਰੋਲ ਅਦਾ ਕੀਤਾ ਹੈ। ਉਦਾਹਰਣ ਵਜੋਂ, ਮੱਧਯੁੱਗੀ ਯੂਰਪ ਵਿਚ ਦੋ ਲਹਿਰਾਂ ਚੱਲੀਆਂ: ’ਤਰਕ’ ਤੇ ‘ਮਾਨਵਵਾਦ’ `ਤੇ ਆਧਾਰਿਤ ਰੇਨਾਸਾਂਸ ਲਹਿਰ ਤੇ ਉਸ ਤੋਂ ਉਪਜੀ ਪ੍ਰਬੋਧਨ (ਇੰਨਲਾਈਟਨਮੈਂਟ) ਲਹਿਰ, ਜੋ ਸਾਰਥਿਕ ਤੌਰ `ਤੇ ‘ਤਰਕ’, ਮਾਨਵਵਾਦ, ਤੇ ਵਿਗਿਆਨ `ਤੇ ਆਧਾਰਿਤ ਸੀ। ਇਨ੍ਹਾਂ, ਬੁਨਿਆਦੀ ਤੌਰ `ਤੇ, ਬੌਧਿਕ ਲਹਿਰਾਂ ਨੇ ਯੂਰਪ ਨੂੰ ਮੱਧਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਸੰਗ ਜੋੜ ਦਿੱਤਾ। ਇਸ ਤਰ੍ਹਾਂ, ਜਮਹੂਰੀ ਅਦਾਰਿਆਂ ਸਮੇਤ ਜਮਹੂਰੀਅਤ ਤੇ ਆਧੁਨਿਕਤਾ ਇਨ੍ਹਾਂ ਲਹਿਰਾਂ ਦੇ ਤਿੰਨ ਕੇਂਦਰੀ ਆਦਰਸ਼ਾਂ ਤਰਕ, ਮਾਨਵਵਾਦ, ਤੇ ਵਿਗਿਆਨ ਦੇ ਧਰਾਤਲ ਉਪਰ ਖੜ੍ਹੇ ਨੇ। ਇਹ ਸਭ ਕੁਝ ਬੋਲੀ ਤੋਂ ਬਿਨਾਂ ਅਸੰਭਵ ਹੁੰਦਾ। ਐਨਾ ਅਹਿਮ ਹੁੰਦਾ ਹੈ ਬੋਲੀ ਦਾ ਰੋਲ, ਤੇ ਉਲਟਾ ਐਨਾ ਦੀ ਸੰਭਾਵੀ ਨੁਕਸਾਨਦੇਹ ਹੋ ਸਕਦਾ ਹੈ ਕਿਸੇ ਬੋਲੀ ਨੂੰ ਖ਼ਤਰਾ।
ਪੰਜਾਬੀ ਬੋਲੀ ਨੂੰ ਖ਼ਤਰਾ?
ਕਿਉਂਕਿ ਪਹਿਲਾਂ ਪਹਿਲਾਂ ਮਨੁੱਖੀ ਵਿਕਾਸ ਧਰਤੀ ਦੇ ਵੱਖ ਵੱਖ ਹਿੱਸਿਆਂ ਚ ਹੋਇਆ ਅਲੱਗ ਅਲੱਗ ਸੱਭਿਅਤਾਵਾਂ ਵਿਚ, ਜੋ ਇੱਕ ਦੂਜੀ ਤੋਂ ਨਿੱਖੜੀਆਂ ਹੋਈਆਂ ਸਨ। ਇੱਥੋਂ ਤਕ ਕਿ ਇਕੋ ਸੱਭਿਅਤਾ ਜਾਂ ਦੇਸ਼ ਵਿਚ ਵੀ ਵੱਖ-ਵੱਖ ਭਾਗ ਇਕ ਦੂਸਰੇ ਤੋਂ ਜ਼ਿਆਦਾਤਰ ਨਿਖੜੇ ਹੋਏ ਹੀ ਹੁੰਦੇ ਸਨ। ਇਸ ਤਰ੍ਹਾਂ ਮਨੁੱਖੀ ਵਿਕਾਸ ਸਥਾਨਕ ਸੁਭਾਅ ਵਾਲਾ ਤੇ ਅਸਾਵਾਂ ਸੀ। ਇਸ ਮਾਹੌਲ ਵਿਚ ਸਥਾਨਕ ਬੋਲੀਆਂ ਤੇ ਉਪ-ਬੋਲੀਆਂ ਦਾ ਜਨਮ ਤੇ ਵਰਤੋਂ/ਵਿਕਾਸ ਸ਼ੁਰੂ ਹੋਇਆ। ਜਿਉਂ ਜਿਉਂ ਆਵਾਜਾਈ ਤੇ ਹੋਰ ਦੂਰੀ-ਸੰਚਾਰ ਸਾਧਨ ਵਧਦੇ ਗਏ, ਕੁਝ ਬੋਲੀਆਂ ਦੀ, ਕੁਝ ਹੋਰਾਂ ਦੇ ਮੁਕਾਬਲੇ, ਵਰਤੋਂ ਵੀ ਵਧਦੀ ਗਈ, ਜਿਵੇਂ ਅੰਗਰੇਜ਼ੀ, ਸਪੈਨਿਸ਼, ਤੇ ਫ਼ਰੈਂਚ। ਲਗਭਗ ਬਿਲਕੁਲ ਸਥਾਨਿਕਤਾ ਤੋਂ ਸ਼ੁਰੂ ਹੋਈ ਗੱਲ ਹੁਣ ਵਿਸ਼ਵੀਕਰਨ ਵੱਲ ਵਧ ਰਹੀ ਹੈ; ਇੰਟਰਨੈੱਟ/ਵੈੱਬ, ਯਾਨਿ ਸੂਚਨਾ ਯੁੱਗ, ਦੀ ਆਮਦ ਨੇ ਵਿਸ਼ਵੀਕਰਨ ਦੀ ਰਫ਼ਤਾਰ ਗੁਣਾਂ ਵਧਾ ਦਿੱਤੀ ਹੈ। ਇਸ ਮਾਹੌਲ ਵਿੱਚ ਵਿਸ਼ਵ ਦੀਆਂ ਸਾਰੀਆਂ ਸਥਾਨਿਕ, ਯਾਨਿ ਖੇਤਰੀ, ਬੋਲੀਆਂ ਦੀ ਹੋਂਦ ਨੂੰ ਖ਼ਤਰੇ ਪਏ ਹੋਏ ਨੇ, ਕਿਉਂਕਿ ਉਨ੍ਹਾਂ ਦਾ ਮੁਕਾਬਲਾ ਸਿੱਧਾ ਰਾਸ਼ਟਰੀ ਜਾਂ/ਅੰਤਰ-ਰਾਸ਼ਟਰੀ ਬੋਲੀਆਂ ਨਾਲ ਪੈ ਰਿਹਾ ਹੈ। ਇਨ੍ਹਾਂ ਦੀ ਹੋਂਦ ਕਾਇਮ ਤੇ ਪਛਾਣ ਬਣਾਈ ਰੱਖਣ ਲਈ ਸਥਾਨਕ ਬੋਲੀਆਂ ਵਾਲਿਆਂ ਨੂੰ ਵਿਸ਼ੇਸ਼ ਯਤਨ ਕਰਨੇ ਪੈ ਰਹੇ ਨੇ।
‘ਪੰਜਾਬੀ’ ਵੀ ਇਨ੍ਹਾਂ ਬੋਲੀਆਂ ਵਿਚੋਂ ਇਕ ਹੈ। ਹਰ ਬੋਲੀ ਦੇ ਸਿਰ ਉੱਪਰ ਬੋਲੀ ਵਾਲਿਆਂ ਦੇ ਵਿਰਸੇ ਦੀ ਪੰਡ ਹੁੰਦੀ ਹੈ, ਜੋ ਬੋਲੀ ਦੇ ਵਿਕਾਸ ਵਿਚ ਅਹਿਮ ਰੋਲ ਨਿਭਾਉਂਦੀ ਹੈ।
ਪੰਜਾਬੀ ਬੋਲੀ ਵਾਲਿਆਂ ਦਾ ਪੰਜਾਬੀ ਵਿਰਸੇ ਸੰਗ ਰਿਸ਼ਤਾ
ਹੋਰਨਾਂ ਕਈ ਦੇਸ਼ਾਂ ਵਾਂਗ, ਭਾਰਤੀ ਲੋਕ ਵੀ ਆਪਣੇ ਸਮਰਾਟਾਂ ਦੇ ਗ਼ੁਲਾਮ ਰਹੇ: ਮੌਰਿਆ, ਭਾਰਤ, ਗੁਪਤ, ਹਰਸ਼ ਵਰਧਨ, ਰਾਜਪੂਤ ਆਦਿ ਸਾਮਰਾਜਾਂ ਤੋਂ ਮੁਸਲਿਮ/ਮੁਗ਼ਲ ਸਮਰਾਟਾਂ, ਤੇ ਦੇਸ਼ੀ ਰਾਜਿਆਂ ਦੇ ਰਾਜਾਂ ਦੇ ਗ਼ੁਲਾਮ। ਪੰਜਾਬ ਦੇ ਰਸਤਿਉਂ ਭਾਰਤ ‘ਤੇ ਹੁੰਦੇ ਹਮਲਿਆਂ ਵਿਚ, ਧਾੜਵੀਆਂ ਦਾ ਪਹਿਲਾ ਸ਼ਿਕਾਰ ਪੰਜਾਬੀ ਹੀ ਬਣਦੇ ਰਹੇ। ਸਣੇ ਪੰਜਾਬ, ਭਾਰਤੀ ਲੋਕ ਉਪਰੋਕਤ ਸਮਰਾਟਾਂ ਦੇ, ਮੁਗ਼ਲ ਰਾਜ ਦੇ ਪਤਨ ਦੌਰਾਨ ਤੇ ਬਾਅਦ ਸਥਾਨਕ ਰਾਜਿਆਂ ਦੇ, ਤੇ ਫਿਰ ਉਨ੍ਹਾਂ ਰਾਜਿਆਂ ਨੂੰ ਹਰਾਉਣ ਵਾਲੇ ਅੰਗਰੇਜ਼ਾਂ ਦੇ ਗ਼ੁਲਾਮ ਰਹੇ। ਪੰਜਾਬ ਸਮੇਤ ਭਾਰਤ ਵਿਚ ਆਧੁਨਿਕ ਯੁੱਗ ਇੱਥੇ ਅਰਥਚਾਰੇ ਜਾਂ ਗਿਆਨ-ਵਿਗਿਆਨ ਕਾਰਨ ਹੋਈ ਤਰੱਕੀ ਕਰਕੇ ਨਹੀਂ ਸਗੋਂ ਅੰਗਰੇਜ਼ਾਂ ਦੀ ਗੁਲਾਮੀ ਦੇ ਬਸਤੀਵਾਦੀ ਰੂਪ ਵਿਚ ਆਇਆ ਹੈ। ਭਾਰਤ ਵਿਚ ਆਜ਼ਾਦੀ ਅੰਗਰੇਜ਼ਾਂ ਵਿਰੁੱਧ ਦੋ-ਟੁੱਕ ਸਿੱਧੀ ਲੜਾਈ ਵਿਚੋਂ ਨਹੀਂ ਆਈ, ਜਿਵੇਂ ਮਿਸਾਲ ਵਜੋਂ ਅਮਰੀਕਾ ਵਿਚ, ਬਲਕਿ ਦੂਸਰੇ ਮਹਾਂ-ਯੁੱਧ ਤੋਂ ਬਾਅਦ ਬਦਲੇ ਹੋਏ ਅੰਤਰਰਾਸ਼ਟਰੀ ਹਾਲਾਤਾਂ ਅਤੇ ਭਾਰਤ ਦੀ ਸਮੁੱਚੀ ਅੰਦਰੂਨੀ ਹਾਲਤ ਕਰਕੇ, ਅੰਗਰੇਜ਼ ਆਪਣੀਆਂ ਸ਼ਰਤਾਂ ਦੇ ਆਧਾਰ ‘ਤੇ ਹੀ ਭਾਰਤ ਛੱਡ ਗਏ। ਅੰਗਰੇਜ਼ ਦੇ ਜਾਣ ਬਾਅਦ ਭਾਰਤ ਵਿਚ ਰਾਜਨੀਤਕ ਤੇ ਸਮਾਜਿਕ ਪ੍ਰਬੰਧ ਦੀਆਂ ਅਮਲੀ ਤੇ ਵਿਵਹਾਰਕ ਬਰੀਕੀਆਂ ਵਿਚ, ਜੇ ਬਿਲਕੁੱਲ ਨਹੀਂ, ਤਾਂ ਕਾਫ਼ੀ ਤਬਦੀਲੀ ਨਾ ਆਈ।
ਇਸ ਤਰ੍ਹਾਂ, ਬਾਕੀ ਭਾਰਤ ਵਾਂਗ, ਪੰਜਾਬ ਦੀ ਰੈਜ਼ਿਮੇ (ਰੲਸੁਮੲ) ਵੀ ਗ਼ੁਲਾਮੀ ਹੰਢਾਉਣ ਦੀ ਅਨੁਭੂਤੀ ਤੇ ਤਜਰਬੇ ਨਾਲ ਭਰੀ ਹੋਈ ਹੈ, ਗ਼ੁਲਾਮੀ ਦਾ ਜਥੇਬੰਦਕ ਲੋਕ-ਵਿਰੋਧ ਕਰ ਕੇ ਇਸ ਤੋਂ ਛੁਟਕਾਰਾ ਪਾਉਣ ਦੇ ਘੱਟੋ-ਘੱਟ, ਆਟੇ ਵਿਚ ਲੂਣ ਬਰਾਬਰ, ਤਜਰਬੇ ਸਮੇਤ। ਅਸੀਂ ਜੋ ਵਿਰਸੇ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ, ਸਾਨੂੰ ਵਿਰਸੇ ਵਿਚ ਮਿਲੀ ਤੇ ਮਿਲਦੀ ਸਭ ਤੋਂ ਵਿਆਪਕ ਤੇ ਅਸਰਦਾਇਕ ਸੌਗਾਤ ਹੈ: ਜਗੀਰੂ/ ਰਾਜਾਸ਼ਾਹੀ ਤੇ ਗ਼ੁਲਾਮੀ ਸੋਚ, ਸੰਖੇਪ ਵਿਚ ‘ਗ਼ੁਲਾਮੀ ਸੋਚ’, ਜਿਹਦਾ ਅਸੀਂ, ਸਾਰੇ ਨਹੀਂ ਤਾਂ, ‘ਬਹੁਤ ਸਾਰੇ’ ਅੰਦਰੋਂ ਅੰਦਰੀਂ ਸ਼ਿਕਾਰ ਹਾਂ। ਇਹ ‘ਗ਼ੁਲਾਮੀ ਸੋਚ ਆਮ ਤੌਰ `ਤੇ ਪਛਾਣਨੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਇਹ ਸਾਡੇ ਸੱਭਿਆਚਾਰ ਵਿਚ ਸਾਧਾਰਨਤਾ ਤੇ ਚੱਜ/ਸਤਿਕਾਰ ਦਾ ਹਿੱਸਾ ਬਣ ਕੇ ਸਾਡੇ ਨਿੱਜੀ ਤੇ ਸਮਾਜਿਕ ਵਾਤਾਵਰਣ ਵਿਚ ਘੁਲੀ ਹੋਈ ਹੈ: ਇਸ ਲਈ, ਅਸੀਂ ਜਦੋਂ ਵਿਰਸੇ ਵਿਚ ਮਿਲੀ ਇਸ ਸੋਚ ਤੋਂ ਕਿਸੇ ਵਿਗਿਆਨਕ ਪ੍ਰਕਿਰਿਆ ਦੁਆਰਾ ਛੁਟਕਾਰਾ ਪਾਉਣ ਤੋਂ ਬਿਨਾਂ ਹੀ ਪ੍ਰਗਤੀਸ਼ੀਲ, ਜਾਂ ਮਾਨਵਵਾਦੀ/ਸਮਾਜਵਾਦੀ, ਵਿਚਾਰਧਾਰਾ ਨਾਲ ਜੁੜ ਜਾਂਦੇ ਹਾਂ, ਤਾਂ ਅਜੇਹਾ ਜੋੜ ਸਾਡੇ `ਚੋਂ ਬਹੁਤਿਆਂ ਲਈ ਸਿਰਫ਼ ਭਾਵੁਕ ਪੱਧਰ ਦਾ ਹੀ ਹੁੰਦਾ ਹੈ, ਤੇ ਇਸ ਸਬੰਧੀ ਸਾਡੀ ਸੋਚ ਵਿਗਿਆਨਕ ਤਰਕ `ਤੇ ਨਹੀਂ, ਬਲਕਿ ਤੁਕਵਾਦੀ ਗਿਆਨ/ਜਾਂ ਸੂਚਨਾ `ਤੇ ਖੜ੍ਹੀ ਹੁੰਦੀ ਹੈ: ਰਸੂਲ ਹਮਜਾਤੋਵ, ਮਾਰਕਸ, ਲੈਨਿਨ, ਜਾਂ ਮਾਓ ਨੇ ਕਿਹਾ…ਆਦਿ। ਅਜੇਹੀ ਖ਼ੋਖਲੀ ਪ੍ਰਗਤੀਸ਼ੀਲ ਸੋਚ ਦੇਸੀ ਸੂਰਮਿਆਂ ਤੇ ਸ਼ਹੀਦਾਂ ਪ੍ਰਤੀ ਸ਼ਰਧਾ ਦੀਆਂ ਫਹੁੜੀਆਂ ਦੇ ਆਸਰੇ ਚੱਲਦੀ ਹੈ। ਭਾਵੇਂ ਕਿੰਨੇ ਵੀ ਆਧੁਨਿਕ ਜਾਂ ਪ੍ਰਗਤੀਸ਼ੀਲ ਹੋ ਹੋ ਬਹੀਏ, ਸਾਡੇ `ਚੋਂ ਬਹੁਤ ਸਾਰਿਆਂ, ਜੇ ਸਾਰਿਆਂ ਨਹੀਂ, ਲਈ ਅਗੇਤ ਪਿਛੇਤ ਜਦ ਲਿਖਣ, ਅਮਲ, ਜਾਂ ਹੋਰ ਕਿਸੇ ਖੇਤਰ ਵਿਚ ਆਪਣਾ ਅਸਲਾ ਦਿਖਾਉਣ ਦੀ ਹਾਲਤ ਬਣਦੀ ਹੈ, ਤਾਂ ਮਿਲੇ ਪਦਮ ਸ੍ਰੀ ਤੇ ਹੋਰ ਐਵਾਰਡਾਂ ਦੇ ਪਰਦੇ ਪਾੜਦੀ, ਅਤੇ ਪੜ੍ਹੀਆਂ ਏਂਜਲਜ਼/ ਮਾਰਕਸ, ਲੈਨਿਨ, ਤੇ ਮਾਓ ਦੀਆਂ ਸਾਰੀਆਂ ਜਿਲਦਾਂ (ਵਾਲੀਅਮਜ਼) ਚੀਰਦੀ ਹੋਈ ਵੀ ਸਾਡੀ ‘ਗ਼ੁਲਾਮੀ ਸੋਚ’ ਪ੍ਰਿਜ਼ਮ `ਚੋਂ ਲੰਘੀ ਧੁੱਪ ਵਾਂਗ ਪ੍ਰਗਟ ਹੋ ਜਾਂਦੀ ਹੈ। ਇਹ ਸਿਰਫ਼ ਪੰਜਾਬੀ ਕਵਿਤਾ ਦਾ ਹੀ ਨਹੀਂ, ਬਲਕਿ ਸਮੁੱਚੇ ਪੰਜਾਬੀ ਸਾਹਿਤ, ਪੰਜਾਬੀਅਤ, ਤੇ ਪੰਜਾਬ ਦਾ ਦੁਖਾਂਤ ਹੈ। ਇਸ ਦੁਖਾਂਤ ਦੀ ਚੰਦਰੀ ਛਾਇਆ ਪੰਜਾਬੀ ਬੋਲੀ ਵਾਲਿਆਂ ਦੇ ਵਿਸ਼ੇਸ਼ ਤਬਕੇ ਉੱਪਰ ਵੀ ਪੈਂਦੀ ਹੈ, ਜੋ ਕਿਸੇ ਵੀ ਬੋਲੀ ਦਾ ਹਰਿਆਵਲ ਦਸਤਾ ਹੁੰਦਾ ਹੈ।
ਪੰਜਾਬੀ ਬੋਲੀ ਦਾ ਹਰਿਆਵਲ ਦਸਤਾ ਭ੍ਰਿਸ਼ਟਾਚਾਰ ਦਾ ਸ਼ਿਕਾਰ
ਜਿਵੇਂ ਲੇਖ ਦੇ ਸ਼ੁਰੂ ਵਿਚ ਦਰਸਾਇਆ ਗਿਆ ਹੈ, ਤੇ ਪੰਜਾਬੀ ਲੋਕਾਂ ਤੇ ਲੇਖਕਾਂ ਲਈ ਇਹ ਵਿਚਾਰਨ-ਹਿੱਤ ਬੜੀ ਮਹੱਵਤਪੂਰਨ ਗੱਲ ਹੈ, ਕਿ ਰੇਨਾਸਾਂਸ ਤੇ ਪ੍ਰਬੋਧਨ ਦੋਨੋਂ ਮੂਲ ਤੌਰ ‘ਤੇ ਬੌਧਿਕ ਲਹਿਰਾਂ ਸਨ, ਕਵਿਤਾ ਅਤੇ ਹੋਰ ਸਾਹਿਤ ਤੇ ਕਲਾ ਰੂਪਾਂ ਸਮੇਤ; ਜਿਨ੍ਹਾਂ ਨੇ ਇਨਕਲਾਬ ਵੀ ਲਿਆਂਦੇ ਤੇ ਯੁੱਗ ਵੀ ਬਦਲੇ; ਅਤੇ ਬੋਲੀ, ਸੰਚਾਰ ਮਾਧਿਅਮ, ਕਿਸੇ ਵੀ ਬੌਧਿਕ ਲਹਿਰ ਦਾ ਅਹਿਮ ਅੰਗ ਹੁੰਦੀ ਹੈ। ਬੌਧਿਕ ਲਹਿਰ ਦੌਰਾਨ, ਕਲਮ ਤੇ ਸੋਚ ਦੀ ਪ੍ਰਬੰਧ ਵਿਰੁੱਧ ਲੜਾਈ ਵਿਚ ਹਰਿਆਵਲ ਦਸਤਾ ਹੁੰਦਾ ਹੈ: ਬੋਲੀ ਦਾ ਸਾਹਿਤ ਤੇ ਸਾਹਿਤਕਾਰ। ਰੇਨਾਸਾਂਸ ਬੌਧਿਕ ਲਹਿਰ ਦੀ ਸ਼ੁਰੂਆਤ ਯੂਰੋਪੀਅਨ ਕੈਥੋਲਿਕ ਚਰਚ ਵਿਚ ਪ੍ਰਬੰਧਕੀ ਭ੍ਰਿਸ਼ਟਾਚਾਰ ਦੇ ਵਿਰੋਧ ਤੋਂ ਹੋਈ ਸੀ; ਉਸ ਮੱਧਕਾਲੀ ਯੂਰਪ ਵਿਚ, ਚਰਚ-ਪ੍ਰਬੰਧ ਲਗਭਗ ਦੇਸ਼-ਪ੍ਰਬੰਧ ਹੀ ਹੁੰਦਾ ਸੀ। ਪਰ, ਪੰਜਾਬੀ ਬੋਲੀ ਦਾ ਤਾਂ ਹਰਿਆਵਲ ਦਸਤਾ ਹੀ ਬੀਮਾਰ ਹੈ ਆਪਣੇ ਅੰਦਰੂਨੀ ਭ੍ਰਿਸ਼ਟਾਚਾਰ ਨਾਲ, ਇਹਨੇ ਪ੍ਰਬੰਧ ਦੇ ਵਿਰੁੱਧ ਲਹਿਰ ਕੀ ਚਲਾਉਣੀ ਆਂ; ਕਾਬਲ ਹੀ ਨਹੀਂ ਕਿਸੇ ਵੀ ਤਰ੍ਹਾਂ ਦੀ ਲਹਿਰ ਚਲਾਉਣ ਦੇ, ਬੋਲੀ ਦੀ ਰਾਖੀ, ਭਾਵ ਵਿਕਾਸ ਲਈ ਵੀ ਨਹੀਂ।
ਜਿਵੇਂ ਮੈਂ ਪਹਿਲਾਂ ਹੀ ਇਸ਼ਾਰੇ ਕਰ ਚੁੱਕਿਆ ਹਾਂ, ਭਾਵੇਂ ਪੰਜਾਬ ਸਣੇ ਭਾਰਤ ਵਿਚ ਆਧੁਨਿਕ ਯੁੱਗ ਤਾਂ ਅੰਗਰੇਜ਼ਾਂ ਦੀ ਗ਼ੁਲਾਮੀ ਲੈ ਆਈ ਆਪਣੇ ਦਾਜ ਵਿਚ, ਪਰ ਸਾਡੀ ਸੋਚ ਉਹੀਓ ਰਹੀ: ਮੱਧਯੁੱਗੀ, ਯਾਨਿ ਰਾਜਾਸ਼ਾਹੀ/ਜਾਗੀਰੂ ਗ਼ੁਲਾਮ ਸੋਚ। ਮੈਂ ਇਹ ਵੀ ਦਿਖਾ ਚੁੱਕਿਆ ਹਾਂ ਕਿ ਪੰਜਾਬੀ ਬੋਲੀ ਦੇ ਹਰਿਆਵਲ ਦਸਤੇ ਵਿਚਲੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਕਿੰਝ ਇਸ ਗ਼ੁਲਾਮ ਸੋਚ ਤੱਕ ਪਹੁੰਚਦੀਆਂ ਹਨ। ਸੋ, ਇੱਥੇ ਵੀ ਇਹ ਕਹਿਣਾ ਬਣਦਾ ਹੈ ਕਿ ਰਾਜਾਸ਼ਾਹੀ/ਜਾਗੀਰੂ ਗ਼ੁਲਾਮ ਸੋਚ ਪੰਜਾਬੀਅਤ ਤੇ ਪੰਜਾਬ ਨੂੰ ਦੁਖਾਂਤ ਬਣ ਕੇ ਚੰਬੜੀ ਹੋਈ ਹੈ; ਕਦੀ ਵੀ ਖ਼ਤਮ ਨਾ ਹੋਣ ਵਾਂਗ ਲੱਗਣ ਵਾਲਾ ਇਹ ਸਹਿਜ ਤੇ ਲਮਕਵਾਂ ਦੁਖਾਂਤ ਪੰਜਾਬ ਸਣੇ ਕਿਸੇ ਹੱਦ ਤੀਕ ਸਾਰੇ ਭਾਰਤ ਨੂੰ ਹੰਢਾਉਣਾ ਪੈ ਰਿਹਾ ਹੈ, ਕਿਉਂਕਿ ਅਸੀਂ, ਪੱਛਮ ਵਾਂਗ, ਆਪਣੇ ਹਿੱਸੇ ਦਾ ਕਾਮਯਾਬ ਰੇਨਾਸਾਂਸ ਨਹੀਂ ਕੀਤਾ। ਦੂਸਰੇ ਸ਼ਬਦਾਂ ਵਿਚ ਇਹ ਦੁਖਾਂਤ ਸਾਡੇ ਅੱਜ ਨੂੰ ਮਨੁੱਖੀ ਇਤਿਹਾਸ ਵਲੋਂ ਮਿਲਿਆ ਸਰਾਪ ਹੈ। ਇਹ ਸਰਾਪ ਪੰਜਾਬੀ ਬੰਦੇ ਉੱਪਰ ਦੋ ਪ੍ਰਸਪਰ ਸੰਬੰਧਿਤ ਰੂਪਾਂ ਵਿਚ ਡਿੱਗਦਾ ਹੈ: ‘ਜੜ੍ਹਤਾ’ ਤੇ ਭੂਤਮੁਖੀ ਸੋਚ।
ਪੰਜਾਬੀ ਬੋਲੀ ਦੇ ਦੋ ਵੱਡੇ ਦੁਸ਼ਮਣ: ਜੜ੍ਹਤਾ ਤੇ ਭੂਤਮੁਖੀ ਸੋਚ
ਭੂਤਮੁਖੀ ਸੋਚ, ਜਿਹਨੂੰ ਅਪਣਾਉਣ ਵਾਲੇ ਲੋਕ ਬੀਤੇ ਸਮੇਂ ਦੇ ਮਸਲਿਆਂ ਉੱਪਰ ਲੜਦੇ ਰਹਿੰਦੇ ਹਨ, ਤੇ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਵੀ ਬੀਤੇ ਵਿਚੋਂ ਖੋਜਣ ਦੀ ਕੋਸ਼ਿਸ਼ ਕਰਦੇ ਨੇ। ਭੂਤਮੁਖੀ ਸੋਚ ਵਾਲੇ ਬੰਦੇ ਵਿਚ ‘ਜੜ੍ਹਤਾ’ ਬਹੁਤ ਜ਼ਿਆਦਾ ਹੁੰਦੀ ਹੈ। ‘ਜੜ੍ਹਤਾ’ ਫਿਜ਼ਿਕਸ ਦਾ ਇਕ ਸੰਕਲਪ ਹੈ: ਕਿਸੇ ਵੀ ਭੌਤਿਕ ਚੀਜ਼ ਵਿਚ ਜੜ੍ਹਤਾ ਦੀ ਮਾਤਰਾ ਜਿੰਨੀ ਵੀ ਜ਼ਿਆਦਾ ਹੋਵੇਗੀ, ਉਹ ਚੀਜ਼ ਤਬਦੀਲੀ ਦਾ ਉਤਨਾ ਹੀ ਜ਼ਿਆਦਾ ਵਿਰੋਧ ਕਰੇਗੀ। ਮਿਸਾਲ ਵਜੋਂ, ਮੰਨ ਲਓ, ਫ਼ਰਸ਼ ਉੱਪਰ ਖੜ੍ਹੀਆਂ ਦੋ ਗੇਂਦਾਂ ਵਿਚੋਂ ਪਹਿਲੀ ਗੇਂਦ ਦੀ ਜੜ੍ਹਤਾ ਦੂਜੀ ਗੇਂਦ ਨਾਲੋਂ ਦੁੱਗਣੀ ਹੈ। ਦੋਵੇਂ ਖੜ੍ਹੀਆਂ ਗੇਂਦਾਂ ਆਪਣੀ ਜੜ੍ਹਤਾ ਕਾਰਨ ਚੱਲਣ ਤੋਂ ਇਨਕਾਰੀ ਨੇ; ਇਸੇ ਲਈ ਇਨ੍ਹਾਂ ਨੂੰ ਚਲਦੀਆਂ ਕਰਨ ਲਈ ਧੱਕਾ ਮਾਰਨਾ ਪਏਗਾ। ਦੋਵਾਂ ਗੇਂਦਾਂ ਨੂੰ ਬਰਾਬਰ ਦੀ ਸਪੀਡ ਨਾਲ ਦੌੜਾਉਣ ਲਈ ਪਹਿਲੀ ਗੇਂਦ ਨੂੰ ਦੂਜੀ ਗੇਂਦ ਨਾਲੋਂ ਦੁੱਗਣੀ ਸ਼ਕਤੀ ਨਾਲ ਧੱਕਾ ਮਾਰਨਾ ਪਏਗਾ, ਕਿਉਂਕਿ ਪਹਿਲੀ ਗੇਂਦ ਚੱਲਣਾ ਸ਼ੁਰੂ ਕਰਨ ਦੀ ਦੂਜੀ ਗੇਂਦ ਨਾਲੋਂ ਦੁੱਗਣੀ ਵਿਰੋਧਤਾ ਕਰ ਰਹੀ ਹੈ, ਆਪਣੀ ਦੁੱਗਣੀ ਜੜ੍ਹਤਾ ਕਰਕੇ। ਆਪਾਂ ਪੰਜਾਬੀਆਂ ਦੀ, ਬਾਕੀ ਭਾਰਤੀਆਂ ਵਾਂਗ ਹੀ, ਜੜ੍ਹਤਾ ਯਾਨਿ ਤਬਦੀਲੀ ਦਾ ਵਿਰੋਧ ਕਰਨ ਦੀ ਸਮਰੱਥਾ, ਪੱਛਮੀ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਹਦੀ ਇੱਕ ਮੁੱਖ ਵਜ੍ਹਾ ਪੰਜਾਬੀਆਂ/ਭਾਰਤੀਆਂ ਵਧੇਰੇ ਭੂਤਮੁਖੀ ਹੋਣਾ ਹੈ, ਜਿਹਦੇ ਕਾਰਨ ਪ੍ਰਾਚੀਨ ਭਾਰਤ ਇਤਿਹਾਸ ਵਿਚ ਪਏ ਨੇ।
ਪ੍ਰਾਚੀਨ ਭਾਰਤੀ ਫ਼ਲਸਫ਼ੇ ਤੇ ਸੰਸਕ੍ਰਿਤੀ ਵਿਚੋਂ ਵਿਗਿਆਨ, ਏਸ ਲਈ ਵਿਗਿਆਨਕ ਪਹੁੰਚ ਤੇ ਵਿਗਿਆਨਕ ਸੋਚ ਵੀ, ਲੱਗਭੱਗ ਗ਼ਾਇਬ ਰਹੇ ਨੇ। ਇਸੇ ਕਰਕੇ ਕੋਈ ਵਿਗਿਆਨਕ, ਜਾਂ ਵਿਗਿਆਨ ਤੋਂ ਉਪਜੀ ਜਾਂ ਪ੍ਰਭਾਵਿਤ, ਕੋਈ ਅਸਰਦਾਇਕ ਲਹਿਰ ਨਹੀਂ ਚੱਲੀ; ਤੇ ਇਸੇ ਲਈ ਵਿਗਿਆਨਕ ਤਰਕ ਵਿਧੀ ਵੀ ਵਿਕਸਿਤ ਨਹੀਂ ਹੋ ਸਕੀ, ਜਿਸ ਤਰ੍ਹਾਂ ਪੱਛਮ ਵਿਚ ਹੋਈ ਸੀ। “ਪਹਿਲਾਂ ਯੁੱਗ ਸਤਯੁਗ ਸੀ ਅਤੇ ਤ੍ਰੇਤਾ ਤੇ ਦੁਆਪਰ ਤੋਂ ਬਾਅਦ ਹੁਣ ਦਾ ਯੁੱਗ ਕਲਯੁੱਗ ਹੈ”; ਇਸ ਸਮੇਤ ਹਿੰਦੂ ਧਾਰਮਿਕ ਫ਼ਲਸਫ਼ੇ ਤੇ ਇਸ ਵਿਚਲੀਆਂ ਅਜਿਹੀਆਂ ਹੋਰ ਪਿਛਲ-ਖ਼ੁਰੀ ਧਾਰਨਾਵਾਂ ਨੇ, ਵਿਗਿਆਨ ਤੇ ਵਿਗਿਆਨਕ ਸੋਚ ਦੀ ਗ਼ੇਰ-ਹਾਜ਼ਰੀ ਸਦਕਾ, ਭਾਰਤੀ ਲੋਕਾਂ ਦੀ ਮਾਨਸਿਕਤਾ ਤੇ ਚਿੰਤਨ ਵਿਚ ਭੂਤ-ਮੁਖੀ ਪਹੁੰਚ ਕੁੱਟ-ਕੁੱਟ ਕੇ ਭਰ ਦਿੱਤੀ ਜੋ ਅੱਜ ਤੱਕ ਅਮਰ ਹੈ। ਸਤਯੁੱਗ ਤਾਂ ਪਿੱਛੇ ਰਹਿ ਗਿਆ, ਅੱਜ ਕਲ੍ਹ (ਭੈੜਾ) ਯੁੱਗ ਹੈ; ਪਿਛਲ-ਝਾਕ ਤਾਂ ਲੱਗਣੀ ਹੀ ਹੋਈ “ਭਲੇ ਜ਼ਮਾਨਿਆਂ” ਵੱਲ ਨੂੰ। ਮਿਸਾਲ ਦੇ ਤੌਰ `ਤੇ, ਸਾਡੇ ਵਿਚੋਂ ਕੁਝ ਪੰਜਾਬੀ ਅੱਜ ਵੀ ਰਣਜੀਤ ਸਿੰਘ ਦੇ ਰਾਜ ਦੇ ਸੁਪਨੇ ਦੇਖਦੇ ਹਨ, ਕੁਝ ਹੋਰ ਵਾਰਿਸਸ਼ਾਹ, ਬਾਬਾ ਨਾਨਕ, ਬੁੱਲੇ ਸ਼ਾਹ, ਤੇ ਸ਼ਿਵ ਆਦਿ ਨੂੰ ਹਾਕਾਂ ਮਾਰਦੇ, ਜਾਂ ਉਨ੍ਹਾਂ ਹਾਕਾਂ ਉਪਰ ਤਾੜੀਆਂ ਮਾਰਦੇ ਨਹੀਂ ਥੱਕਦੇ। ਇੱਥੋਂ ਤੱਕ ਕਿ ਬੁੱਲ੍ਹੇ ਸ਼ਾਹ ਖ਼ੁਦ ਵੀ, ਉਦਾਹਰਨ ਵਜੋਂ, ਆਪਣੀ ਕਵਿਤਾ “ਉਲਟੇ ਹੋਰ ਜ਼ਮਾਨੇ ਆਏ” ਵਿਚ ਭੂਤ-ਮੁਖੀ ਸੋਚ ਦੀ ਨੁਮਾਇਸ਼ ਲਾਉਂਦਾ ਹੈ। ਇਸ ਤੋਂ ਵੀ ਵੱਧ ਉਦਾਸ ਖ਼ਬਰ ਹੈ ਕਿ ਪੰਜਾਬੀ ਸਾਹਿਤ ਵਿਚ ਰਾਜਪਾਲ ਸਿੰਘ ਵਰਗੇ ਇੱਕਾ ਦੁੱਕਾ ਲੇਖਕਾਂ ਤੋਂ ਇਲਾਵਾ ਹੋਰ ਸਾਹਿਤਕਾਰਾਂ ਨੂੰ ਇਸ ਸਚਾਈ ਦੀ ਤੇ ਇਹਤੋਂ ਪੈਦਾ ਹੋ ਰਹੇ ਖ਼ਤਰਿਆਂ ਦੀ ਇਤਨੀ ਗਹਿਰਾਈ ਤੱਕ ਖ਼ਬਰ ਨਹੀਂ ਹੈ।
ਉੱਤਕ ਵਿਆਖਿਆ ਤੋਂ ਸਪੱਸ਼ਟ ਹੈ ਕਿ ਜੜ੍ਹਤਾ ਤੇ ਭੂਤਮੁਖੀ ਸੋਚ ਵੀ ਸਾਨੂੰ, ‘ਗ਼ੁਲਾਮੀ ਸੋਚ’ ਵਾਂਗ, ਵਿਰਸੇ ਵਿਚ ਮਿਲਦੀਆਂ ਨੇ। ਪੰਜਾਬੀ ਬੰਦੇ ਦੀ ‘ਜੜ੍ਹਤਾ’ ਤੇ ਭੂਤਮੁਖੀ ਸੋਚ ਕਿਸ ਤਰ੍ਹਾਂ ਪੰਜਾਬੀ ਬੋਲੀ ਦਾ ਨੁਕਸਾਨ ਕਰਦੀ ਹੈ? ਇਸ ਦੀਆਂ ਤਿੰਨ ਉਦਾਹਰਣਾਂ ਪੇਸ਼ ਨੇ: ਤਬਦੀਲੀ ਤੇ ਨਤੀਜਨ ਵਿਕਾਸ ਕੁਦਰਤ ਦਾ ਅਟੱਲ ਨਿਯਮ ਹੈ। ਇਸ ਤਰ੍ਹਾਂ ਸਮਾਜ ਤੇ ਉਸ ਦੀਆਂ ਸੰਚਾਰ ਲੋੜਾਂ ਦਾ ਵੀ ਵਿਕਾਸ ਹੁੰਦਾ ਰਹਿੰਦਾ ਹੈ। ਬਦਲਦੀਆਂ ਸੰਚਾਰ ਲੋੜਾਂ ਨੂੰ ਪੂਰਨ ਦੇ ਯੋਗ ਰਹਿਣ ਲਈ, ਬੋਲੀ ਦਾ ਵਿਕਾਸ ਹੁੰਦੇ ਰਹਿਣਾ ਵੀ ਜ਼ਰੂਰੀ ਹੁੰਦਾ ਹੈ। ਪਰ ਪੰਜਾਬੀ ਬੰਦੇ ਦੀ ਜੜ੍ਹਤਾ ਤੇ ਭੂਤਮੁਖੀ ਸੋਚ ਉਸ ਵਿਕਾਸ ਦੇ ਰਾਹ ‘ਤੇ ਕੰਡੇ ਬਿਖੇਰਦੀ ਰਹਿੰਦੀ ਹੈ। ਮਿਸਾਲ ਵਜੋਂ ਜੇ ਲੋੜ ਪੂਰਨ ਲਈ ਕੋਈ ਹੋਰ ਭਾਸ਼ਾ ‘ਚੋਂ ਸ਼ਬਦ ਲੈ ਲਵੇ, ਤਾਂ ਸਾਡੀ ‘ਜੜ੍ਹਤਾ’ ਦੁਹਾਈ ਪਾਉਣ ਲੱਗ ਪੈਂਦੀ ਹੈ ਸ਼ੁੱਧਤਾ ਤੇ ਠੇਠਤਾ ਦੀ। ਸਫ਼ਲ ਬੋਲੀਆਂ ਉਹ ਹੁੰਦੀਆਂ ਨੇ ਜੋ ਸੰਚਾਰ ਲੋੜਾਂ ਪੂਰਨ ਲਈ ਹੋਰਨਾਂ ਬੋਲੀਆਂ ਦੇ ਸ਼ਬਦ ਅਪਣਾਉਂਣੋਂ ਨਹੀਂ ਝਿਜਕਦੀਆਂ, ਜਿਵੇਂ ਅੰਗਰੇਜ਼ੀ।
ਪੰਜਾਬੀ ਕੋਲ, ਅੰਗਰੇਜ਼ੀ ਵਾਂਗ, ‘ਅ’ ਤੇ ‘ਟਹੲ’ ਜਿਹੇ ‘ਆਰਟੀਕਲਜ਼’ ਨਹੀਂ ਹਨ, ਤੇ ਇਨ੍ਹਾਂ ਦੀ ਅਣਹੋਂਦ ਅਕਸਰ ਅਨਿਸ਼ਚਿਤਤਾ ਦਾ ਸਰੋਤ ਬਣਦੀ ਹੈ। ਜੇ ਆਪਣੀਆਂ ਲਿਖਤਾਂ ਰਾਹੀਂ ਕੋਈ ਇਸ ਸਮੱਸਿਆ ਦਾ ਹੱਲ ਸੁਝਾਵੇ, ਤਾਂ ਇਸ ‘ਵਿਕਾਸ’ ਕੋਸ਼ਿਸ਼ ਦੀ ਸਰਾਹਨਾ ਕਰਨ ਦੀ ਬਜਾਏ, ਪੰਜਾਬੀ ਬੰਦਾ ਆਪਣੀ ਪੂਰੀ ਜੜ੍ਹਤਾ ਨਾਲ, ਕਿਸੇ ਸਥਾਪਿਤ, ਆਮ ਤੌਰ ‘ਤੇ ਗੰਭੀਰ, ਲੇਖਕ ਦੇ ਰੂਪ ਵਿਚ ਇਸ ਕੋਸ਼ਿਸ਼ ਮਗਰ ਸ਼ੁੱਧਤਾ ਡਾਂਗ ਕੱਢ ਲੈਂਦਾ ਹੈ। ’ਜੜ੍ਹਤਾ’ ਤੇ ਭੂਤਮੁਖੀ ਸੋਚ ਇਲਾਕਾਈ ਬੋਲੀ ਉੱਪਰ ਇਲਾਕਾਈ ਜੱਫ਼ਾ ਮਾਰੀ ਰੱਖਣਾ ਚਾਹੁੰਦੀ ਹੈ। ਮਿਸਾਲ ਵਜੋਂ, ਜਦੋਂ ਪੰਜਾਬ ਵਿਚ ਸਸਤੀ ਜਿਹੀ ਕਾਮੇਡੀ ਵਾਲਾ ਕੋਈ ਕਾਮੇਡੀਅਨ ਪੰਜਾਬੀ ਬੋਲ ਰਹੀਆਂ ਪੰਜਾਬੀ-ਕੈਨੇਡੀਅਨ ਕੁੜੀਆਂ ਦਾ ਮਖੌਲ ਉਡਾਉਂਦਾ ਹੈ, ਤਾਂ ਇਹ ਮਖੌਲ ਕੁੜੀਆਂ ਦਾ ਘੱਟ ਤੇ ਵਿਕਾਸ ਕਰ ਰਹੀ ਪੰਜਾਬੀ ਬੋਲੀ ਦਾ ਜ਼ਿਆਦਾ ਹੋ ਨਿੱਬੜਦਾ ਹੈ। ਸਫ਼ਲ ਬੋਲੀਆਂ ਉਹ ਹੁੰਦੀਆਂ ਨੇ ਜੋ ਬਦਲਦੀਆਂ ਸੰਚਾਰ ਲੋੜਾਂ ਪੂਰਨ ਲਈ ਇਲਾਕਾਈ ਜੱਫੇ ਤੋੜ ਨਿੱਕਲੀਆਂ ਨੇ, ਜਿਵੇਂ ਅੰਗਰੇਜ਼ੀ ਜੋ ਭਿੰਨ ਭਿੰਨ ਲਹਿਜ਼ਿਆਂ (ਅਚਚੲਨਟਸ) ਤੇ ਕੌਮੀ, ਇਲਾਕਾਈ ਰੂਪਾਂ ਵਿਚ ਮਿਲਦੀ ਹੈ।
ਇਸ ਤਰ੍ਹਾਂ ਪੰਜਾਬੀ ਬੰਦੇ ਦਾ ਆਪਣੇ ਵਿਰਸੇ ਸੰਗ ਰਿਸ਼ਤਾ, ’ਜੜ੍ਹਤਾ’ ਤੇ ਭੂਤਮੁਖੀ ਸੋਚ ਦੇ ਰੂਪ ਵਿਚ, ਪੰਜਾਬੀ ਬੋਲੀ ਉੱਪਰ ਸਰਾਪ ਬਣ ਕੇ ਡਿਗਦਾ ਹੈ: “ਪੰਜਾਬੀਏ, ਜੇ ਤੂੰ ਮਰੇਂਗੀ ਤਾਂ ਆਪਣੇ ‘ਪੰਜਾਬੀ ਬੰਦਿਆਂ’ ਹੱਥੋਂ ਹੀ, ’ਜੜ੍ਹਤਾ’ ਤੇ ਭੂਤਮੁਖੀ ਸੋਚ ਦੀ ਦੋਧਾਰੀ ਤਲਵਾਰ ਨਾਲ।”
ਜੇ ਭੂਤਮੁਖੀ ਸੋਚ ਪੰਜਾਬੀ ਦੀ ਦੁਸ਼ਮਣ ਹੈ, ਤਾਂ ਕਿਹੜੀ ਸੋਚ ਇਸਦੀ ਰਖਵਾਲੀ ਹੋਵੇਗੀ।
ਪੰਜਾਬੀ ਦੀ ਰਖਵਾਲੀ: ਭਵਿੱਖਮੁਖੀ ਸੋਚ
ਅਸੀਂ, ਜੀਅ ਸਦਕੇ, ਆਪਣੇ ਚੰਗੇ ਬੁਰੇ ਅਤੀਤ ਤੋਂ ਸਿੱਖ ਸਕਦੇ, ਪਰ ਸੇਧ ਨਹੀਂ ਲੈ ਸਕਦੇ। ਮੁੱਕਦੀ ਗੱਲ, ਆਮ ਤੌਰ ‘ਤੇ, ਹੱਲ ਲੱਭਣ ਹਿੱਤ ਬਣਦਾ ਹੈ, ਦਰਪੇਸ਼ ਸਮੱਸਿਆਵਾਂ ਨੂੰ ਅੱਜ ਦੇ ਸਥਾਨਕ ਹਾਲਾਤਾਂ ਵਿਚ ਰੱਖ ਕੇ ੳਨ੍ਹਾਂ ਦਾ ਵਿਸ਼ਲੇਸ਼ਣ ਅੱਜ ਦੇ ਵਿਸ਼ਵ ਪ੍ਰਸੰਗ ਵਿਚ ਕਰੀਏ, ਅੱਜ ਦੀ ਵਿਗਿਆਨਕ ਸੋਚ ਤੋਂ ਸੇਧ ਲੈਂਦੇ ਹੋਏ, ਵਿਗਿਆਨਕ ਤੌਰ ਤਰੀਕੇ ਵਰਤ ਕੇ; ਤੇ ਇੰਝ ਭੂਤਮੁਖੀ ਪਹੁੰਚ ਦੀ ਥਾਂ ਭਵਿੱਖਮੁਖੀ ਪਹੁੰਚ ਅਪਣਾਉਂਦੇ ਹੋਏ। ਇਸ ਆਮ ਪਹੁੰਚ ਦਾ, ‘ਪੰਜਾਬੀ ਨੂੰ ਖ਼ਤਰਾ’ ਦੀ ਸਮੱਸਿਆ ਨਾਲ ਨਜਿੱਠਣ ਲਈ, ਉਲੱਥਾ ਕੁਝ ਇਸ ਤਰ੍ਹਾਂ ਹੁੰਦਾ ਹੈ:
1. ਸਥਾਨਕ ਹਾਲਾਤਾਂ: ਪੰਜਾਬ ਵਿਚ ‘ਪੰਜਾਬੀ’ ਲਾਗੂ ਦੀ ਸਥਿਤੀ (ਸਟਅਟੁਸ) ਤੇ ਬਾਕੀ ਦੇ ਭਾਰਤ ਵਿਚ ‘ਪੰਜਾਬੀ’ ਦੀ ਲੋੜ। ਯਤਨ: ਪੰਜਾਬ ਰਾਜ ਵਿਚ ਪੰਜਾਬੀ ਲਾਗੂ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਪਛਾਣ ਕੇ ਉਨ੍ਹਾਂ ਦਾ ਹੱਲ ਕੱਢਣਾ, ਅਤੇ ਪੰਜਾਬ ਰਾਜ ਸਮੇਤ ਭਾਰਤ ਵਿਚ ਉਨ੍ਹਾਂ ਥਾਵਾਂ ‘ਤੇ ਸੰਚਾਰ ਲੋੜਾਂ ਦੀ ਪਛਾਣ ਕਰਨਾ ਜਿੱਥੇ ਹਿੰਦੀ ਦੀ ਥਾਂ ਜਾਂ ਹਿੰਦੀ ਨਾਲ ‘ਪੰਜਾਬੀ’ ਵਰਤੀ ਜਾ ਸਕਦੀ ਹੈ; ਖ਼ਾਮੀ ਦਿਸੇ ਤਾਂ ‘ਪੰਜਾਬੀ’ ਨੂੰ ਇਸ ਵਰਤੋਂ ਦੇ ਯੋਗ ਬਣਾਉਣਾ।
2. ਵਿਸ਼ਵ ਪ੍ਰਸੰਗ: ਵਿਸ਼ਵੀਕਰਨ ਤੇ ਅੰਤਰ-ਰਾਸ਼ਟਰੀ ਬੋਲੀ, ਅੰਗਰੇਜ਼ੀ, ਆਦਿ। ਯਤਨ: ਪੰਜਾਬ ਰਾਜ ਤੇ ਇਹਤੋਂ ਬਾਹਰ ਉਨ੍ਹਾਂ ਥਾਵਾਂ ਤੇ ਸੰਚਾਰ ਲੋੜਾਂ ਦੀ ਪਛਾਣ ਕਰਨਾ ਜਿੱਥੇ ਅੰਗਰੇਜ਼ੀ ਦੀ ਥਾਂ ਜਾਂ ਅੰਗਰੇਜ਼ੀ ਨਾਲ ‘ਪੰਜਾਬੀ’ ਵਰਤੀ ਜਾ ਸਕਦੀ ਹੈ; ਖ਼ਾਮੀ ਦਿਸੇ ਤਾਂ ‘ਪੰਜਾਬੀ’ ਨੂੰ ਇਸ ਵਰਤੋਂ ਦੇ ਯੋਗ ਬਣਾਉਣਾ।
ਪੰਜਾਬੀ ਬੋਲੀ ਜਿਊਂਦੀ ਕਿੰਝ ਰਹੇ?
ਉਕਤ ਪ੍ਰਸ਼ਨ ਦੇ ਉੱਤਰ ਦੀ ਭਾਲ ਵਿਚ, ਹੇਠਲੇ ਤਿੰਨ ਨੁਕਤਿਆਂ ਨੂੰ ਧਿਆਨ-ਗੋਚਰੇ ਰੱਖਣਾ ਜ਼ਰੂਰੀ ਹੈ:
ਹਰ ਬੋਲੀ, ਖ਼ੇਤਰੀ ਜਾਂ ਅੰਤਰ-ਰਾਸ਼ਟਰੀ, ਸੰਚਾਰ ਲੋੜ ਵਿਚੋਂ ਪੈਦਾ ਹੋਈ। ਇਹ ਲੋੜ ਹੀ ਬੋਲੀ ਦੀ ਪਛਾਣ ਹੁੰਦੀ ਹੈ। ਲੋੜ ਦੇ ਵਿਕਾਸ ਨਾਲ ਤੇ ਨਵੀਆਂ ਲੋੜਾਂ ਦੇ ਪ੍ਰਗਟ ਹੋਣ ਨਾਲ ਬੋਲੀ ਦਾ ਵਿਕਾਸ ਹੋਣਾ ਵੀ ਬਣਦਾ ਹੈ। ਬੋਲੀ ਜਿੰਨਾ ਕੁ ਲੋੜਾਂ ਨੂੰ ਪੂਰਿਆਂ ਕਰਨ ਦੇ ਅਯੋਗ ਹੋ ਜਾਵੇ ਤੇ ਜਿਤਨੇ ਨਵੀਆਂ ਲੋੜਾਂ ਪੂਰਨ ਦੇ ਮੌਕੇ ਖੁੰਝਾਉਂਦੀ ਰਹੇ, ਉਤਨੀ ਹੀ ਮਰਦੀ ਰਹਿੰਦੀ ਹੈ।
ਜਦ ਦੋ ਬੋਲੀਆਂ ਵਿਚਕਾਰ ਮੁਕਾਬਲਾ ਪੈ ਜਾਵੇ, ਇੱਕੋ ਹੀ ਸੰਚਾਰ ਲੋੜ ਪੂਰਨ ਲਈ, ਤਾਂ ਜਿਹੜੀ ਬੋਲੀ ਉਸ ਲੋੜ ਨੂੰ ਪੂਰਨ ਲਈ ਜ਼ਿਆਦਾ ਯੋਗ ਹੋਵੇ, ਉਹਦੀ ਜਿੱਤ ਦੀ ਸੰਭਾਵਨਾ ਮੁਕਾਬਲਤਨ ਜ਼ਿਆਦਾ ਹੁੰਦੀ ਹੈ। ਮਿਸਾਲ ਵਜੋਂ, ਜੇ ਲੋੜ ਵਿਗਿਆਨ ਦਾ ਕੋਈ ਵਿਸ਼ਾ ਪੜ੍ਹਾਉਣ ਦੀ ਹੈ, ਤਾਂ ਜਿਸ ਬੋਲੀ ਕੋਲ ਵਿਗਿਆਨ ਦੀ ਆਮ ਤੇ ਵਿਸ਼ੇ ਨਾਲ ਸਬੰਧਿਤ ਪਹਿਲਾਂ ਹੀ ਉੱਸਰੀ ਸ਼ਬਦਾਵਲੀ ਹੈ, ਉਹਦੇ ਵਿਸ਼ਾ-ਪੜ੍ਹਾਈ ਲਈ ਮਾਧਿਅਮ ਬਣਨ ਦੀ ਜ਼ਿਆਦਾ ਸੰਭਾਵਨਾ ਹੈ, ਉਸ ਬੋਲੀ ਦੇ ਮੁਕਾਬਲੇ ਜਿਹਦੇ ਕੋਲ ਵਿਗਿਆਨ ਸ਼ਬਦਾਵਲੀ ਨਹੀਂ ਹੈ।
ਕਿਸੇ ਬੋਲੀ ਦੇ ਸੰਚਾਰ ਮਾਧਿਅਮ ਬਣਨ ਦੀ ਸੰਭਾਵਨਾ ਨੂੰ ਹਕੀਕਤ ਵਿਚ ਬਦਲਣ ਲਈ ਕਿਸੇ ਪ੍ਰਾਈਵੇਟ ਜਾਂ ਸਰਕਾਰੀ ਅਦਾਰੇ ਵਲੋਂ ਬੋਲੀ ਨੂੰ ਮਾਧਿਅਮ ਵਜੋਂ ਲਾਗੂ ਕਰਨਾ ਹੁੰਦਾ ਹੈ। ਇੱਥੇ ਤੇ ਇਸ ਤਰ੍ਹਾਂ ਬੋਲੀ ਦੇ ਖ਼ੇਤਰ ਵਿਚ ਰਾਜਨੀਤੀ ਦਾ ਦਾਖ਼ਲਾ ਹੁੰਦਾ ਹੈ। ਆਪਣੀ ਮਾਤ ਬੋਲੀ ਨੂੰ ਮਾਂ ਕਹਿ ਉਸਦੇ ਸੋਹਲੇ ਗਾਉਣਾ ਅੱਛੀ ਭਾਵਨਾ ਹੈ, ਪਰ ਭਾਵਨਾ ਕਿਸੇ ਬੋਲੀ ਵਿਚ ਸਾਹ ਨਹੀਂ ਫ਼ੁਕ ਸਕਦੀ, ਨਾ ਹੀ ਕਿਸੇ ਹੋਰ ਬੋਲੀ ਨੂੰ ਨੀਵਾਂ ਦਿਖਾ ਕੇ ਆਪਣੀ ਬੋਲੀ ਉੱਚਾ ਉੱਠ ਸਕਦੀ ਹੈ। ਕਿਸੇ ਬੋਲੀ ਵਿਚ ਉਸਦੀ ਵਰਤੋਂ ਹੀ ਸਾਹ ਫ਼ੂਕ ਸਕਦੀ ਹੈ, ਤੇ ਵਰਤੋਂ ਵਧਾਉਣ ਲਈ ਦੋਵੇਂ ਕਾਰਕ (ਾਅਚਟੋਰਸ) ਜ਼ਰੂਰੀ ਨੇ: 1) ਬੋਲੀ ਦਾ ਸੰਚਾਰ ਲੋੜਾਂ ਪੂਰਨ ਦੇ ਯੋਗ ਹੋਣਾ, ਤੇ 2) ਅਦਾਰਿਆਂ ਵਲੋਂ ਬੋਲੀ ਲਾਗੂ ਕਰਨਾ।
ਇਸ ਸਚਾਈ ਦੀ ਰੌਸ਼ਨੀ ਵਿਚ, ਪੰਜਾਬੀ ਬੋਲੀ ਦੇ ਪ੍ਰਸੰਗ ਤੇ ਹੱਕ ਵਿਚ ਕਹਿਣਾ ਬਣਦਾ ਹੈ ਕਿ 1) ਪੰਜਾਬ ਦੇ ਕੁਝ ਅਦਾਰੇ, ਜਿਵੇਂ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬੀ ਬੋਲੀ ਦੀ ਸੰਚਾਰ ਲੋੜਾਂ ਪੂਰਨ ਦੀ ਲੋੜੀਂਦੀ ਯੋਗਤਾ ਵਧਾਉਣ ਤੇ ਕੰਮ ਕਰਨ, ਤੇ 2) ਪੰਜਾਬੀ ਵੋਟਰ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿਚ ਪੰਜਾਬੀ ਅਮਲੀ ਰੂਪ ਵਿਚ ਲਾਗੂ ਕਰਨ ਦੀਆਂ ਸਰਗਰਮ ਕੋਸ਼ਿਸ਼ਾਂ ਨਾ ਕਰਨ ਵਾਲੇ ਰਾਜਨੀਤਿਕ ਨੇਤਾਵਾਂ ਦੀਆਂ ਛੁੱਟੀਆਂ ਕਰਵਾ ਦੇਣ।
ਸੌ ਹੱਥ ਰੱਸਾ, ਸਿਰੇ ‘ਤੇ ਗੰਢ
ਬੋਲੀ ਨੇ ਮਨੁੱਖੀ ਵਿਕਾਸ ਤੇ ਇਤਿਹਾਸ ਵਿਚ ਬੜਾ ਮਹੱਤਵਪੂਰਨ ਰੋਲ ਨਿਭਾਇਆ ਹੈ; ਸੋ ਕਿਸੇ ਵੀ ਬੋਲੀ ਦੀ ਹੋਂਦ ਨੂੰ ਖ਼ਤਰਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਮੁੱਢਲੇ ਰੂਪ ਵਿਚ, ਬੋਲੀ ਦੀ ਪਛਾਣ ਤੇ ਜਾਨ ਉਹਦੇ ਵਲੋਂ ਕੁਝ ਸੰਚਾਰ ਲੋੜਾਂ ਨੂੰ ਪੂਰਿਆਂ ਕਰਨ ਵਿਚ ਹੁੰਦੀ ਹੈ, ਨਾ ਕਿ ਉਹਦੇ ਬੋਲਣ ਵਾਲਿਆਂ ਦੀ ਉਸ ਪ੍ਰਤੀ ਸ਼ਰਧਾ, ਪੂਜਾ, ਜਾਂ ਹੋਰ ਭਾਵਨਾਵਾਂ ਵਿਚ। ਜਿੰਨੀ ਜਿੰਨੀ ਕੋਈ ਬੋਲੀ ਵਿਕਸਿਤ ਲੋੜਾਂ ਨੂੰ ਪੂਰਿਆਂ ਕਰਨ ਦੇ ਅਯੋਗ ਹੋ ਜਾਵੇ ਤੇ ਜਿਤਨੇ ਨਵੀਂਆਂ ਲੋੜਾਂ ਪੂਰਨ ਦੇ ਮੌਕੇ ਖੁੰਝਾਉਂਦੀ ਰਹੇ, ਉਤਨੀ ਹੀ ਮਰਦੀ ਰਹਿੰਦੀ ਹੈ। ਬੋਲੀ ਨੂੰ ਸਫ਼ਲ ਬਣਾਉਣ ਲਈ, ਯਾਨਿ ਉਹਦੀ ਵਰਤੋਂ ਵਧਾਉਣ ਲਈ ਦੋ ਕਾਰਕ ਜ਼ਰੂਰੀ ਨੇ: 1) ਬੋਲੀ ਦਾ ਸੰਚਾਰ ਲੋੜਾਂ ਪੂਰਨ ਦੇ ਯੋਗ ਰਹਿਣਾ, ਤੇ 2) ਅਦਾਰਿਆਂ ਵਲੋਂ ਬੋਲੀ ਲਾਗੂ ਕਰਨਾ।
ਸਮੱਸਿਆ ਨਿਰੀ ਪੰਜਾਬੀ ਦੀ ਨਹੀਂ, ਇਸ ਸੂਚਨਾ ਯੁੱਗ ਵਿਚ ਤੇਜ਼-ਰਫ਼ਤਾਰ ਵਿਸ਼ਵੀਕਰਨ ਨੇ ਵਿਸ਼ਵ ਦੀਆਂ ਕਰੀਬ ਸਾਰੀਆਂ ਸਥਾਨਕ, ਯਾਨਿ ਕਿ ਖੇਤਰੀ, ਬੋਲੀਆਂ ਨੂੰ ਹੱਥਾਂ ਪੈਰਾਂ ਦੀਆਂ ਪਾ ਦਿੱਤੀਆਂ ਨੇ, ਉਨ੍ਹਾਂ ਦਾ ਮੁਕਾਬਲਾ ਸਿੱਧਾ ਰਾਸ਼ਟਰੀ ਜਾਂ/ਤੇ ਅੰਤਰ-ਰਾਸ਼ਟਰੀ ਬੋਲੀਆਂ ਨਾਲ ਪੁਆ ਕੇ। ਸਾਨੂੰ ਵਿਰਸੇ ਵਿਚ ਮਿਲਦੀ ਹੈ ‘ਗੁਲਾਮੀ ਸੋਚ’ ਅਤੇ ਉਸ ਨਾਲ ਸਬੰਧਿਤ ‘ਜੜ੍ਹਤਾ’ ਤੇ ਭੁਤਮੁਖੀ ਪਹੁੰਚ। ਪੰਜਾਬੀ ਬੰਦੇ ਦਾ ਆਪਣੇ ਵਿਰਸੇ ਸੰਗ ਇਸ ਰਿਸ਼ਤਾ, ’ਜੜ੍ਹਤਾ’ ਤੇ ਭੂਤਮੁਖੀ ਪਹੁੰਚ ਦੇ ਰੂਪ ਵਿਚ, ਪੰਜਾਬੀ ਬੋਲੀ ਉੱਪਰ ਸਰਾਪ ਬਣ ਕੇ ਡਿੱਗਦਾ ਹੈ: “ਪੰਜਾਬੀਏ, ਜੇ ਤੂੰ ਮਰੇਂਗੀ ਤਾਂ ਆਪਣੇ ‘ਪੰਜਾਬੀ ਬੰਦਿਆਂ’ ਹੱਥੋਂ ਹੀ, ’ਜੜ੍ਹਤਾ’ ਤੇ ਭੂਤਮੁਖੀ ਪਹੁੰਚ ਦੀ ਦੋਧਾਰੀ ਤਲਵਾਰ ਨਾਲ।” ਸੋ, ਪੰਜਾਬੀ ਬੋਲੀ ਦੀ ਮੌਜੂਦਾ ਸਮੱਸਿਆ ਨੂੰ ਅੱਜ ਦੇ ਸਥਾਨਕ ਹਾਲਾਤਾਂ ਵਿਚ ਰੱਖ ਕੇ ਉਸ ਦਾ ਵਿਸ਼ਲੇਸ਼ਣ ਅੱਜ ਦੇ ਵਿਸ਼ਵ ਪ੍ਰਸੰਗ ਵਿਚ ਕਰਦਿਆਂ, ਸਮੱਸਿਆ ਦਾ ਅਮਲੀ ਤੇ ਸਫ਼ਲ ਹੱਲ ਅੱਜ ਦੀ ਵਿਗਿਆਨਕ ਸੋਚ ਤੋਂ ਸੇਧ ਲੈਂਦੇ ਹੋਏ, ਵਿਗਿਆਨਕ ਤੌਰ ਤਰੀਕੇ ਵਰਤ ਕੇ ਹੀ ਲੱਭਿਆ ਤੇ ਲਾਗੂ ਕੀਤਾ ਜਾ ਸਕਦਾ ਹੈ; ਤੇ ਇੰਝ ਭੂਤਮੁਖੀ ਪਹੁੰਚ ਦੀ ਥਾਂ ਭਵਿੱਖਮੁਖੀ ਪਹੁੰਚ ਅਪਣਾਉਦੇ ਹੋਏ।
ਹਵਾਲੇ
ਡਾ. ਸੁਖਪਾਲ ਸੰਘੇੜਾ, ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ’, ਪੀਪਲਜ਼ ਫ਼ੋਰਮ,
ਪੰਜਾਬ, ਨਵੰਬਰ 2020.
ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ: ਖੁੱਲ੍ਹੇ ਭੇਤ (ਆਲੋਚਨਾ)/ ਸੰਪਾਦਕ: ਸੁਖਿੰਦਰ, ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ, 2022ਸ.