ਗੁਰਦੇਵ ਸਿੰਘ ਸਿੱਧੂ
ਫੋਨ: +91-94170-49417
ਗੁਰਦੁਆਰਾ ਗੰਗਸਰ ਸਾਹਿਬ, ਜੈਤੋ ‘ਚ ਅਖੰਡ ਪਾਠ ਖੰਡਤ ਕਰਨ ਖਿਲਾਫ ਸਤੰਬਰ 1923 ਤੋਂ ਮੋਰਚਾ ਲੱਗਿਆ ਹੋਇਆ ਸੀ। ਚਾਰ ਮਹੀਨੇ ਲਗਾਤਾਰ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 500 ਸਿੰਘਾਂ ਦਾ ਜਥਾ ਭੇਜਣ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਤਹਿਤ ਪਹਿਲਾ ਜਥਾ 9 ਫਰਵਰੀ 1924 ਨੂੰ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ। ਪੁਲਿਸ ਨੇ 21 ਫਰਵਰੀ ਨੂੰ ਜੈਤੋ ਪੁੱਜੇ ਇਸ ਜਥੇ ’ਤੇ ਗੋਲੀ ਚਲਾ ਦਿੱਤੀ ਜਿਸ ਕਾਰਨ 21 ਸਿੰਘ ਸ਼ਹੀਦ ਅਤੇ 60 ਹੋਏ।
ਗੁਰਦੁਆਰਾ ਗੰਗਸਰ, ਜੈਤੋ ਵਿਚ 14 ਸਤੰਬਰ 1923 ਨੂੰ ਅਖੰਡ ਪਾਠ ਖੰਡਿਤ ਕੀਤੇ ਜਾਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਾਸ਼ਚਿਤ ਵਜੋਂ ਉਸੇ ਅਸਥਾਨ ਉੱਤੇ ਇੱਕ ਸੌ ਇੱਕ ਅਖੰਡ ਪਾਠ ਕਰਨ ਦਾ ਫ਼ੈਸਲਾ ਕੀਤਾ। ਇਸ ਨੂੰ ਅਮਲ ਵਿਚ ਲਿਆਉਣ ਵਾਸਤੇ 25-25 ਸਿੰਘਾਂ ਦਾ ਜਥਾ ਮੁਕਤਸਰ ਤੋਂ ਚੱਲ ਕੇ ਜੈਤੋ ਪੁੱਜਣ ਦਾ ਸਿਲਸਿਲਾ ਕਈ ਮਹੀਨਿਆਂ ਤੋਂ ਜਾਰੀ ਸੀ। ਤਿੰਨ ਹਜ਼ਾਰ ਤੋਂ ਉੱਪਰ ਸਿੰਘ ਗ੍ਰਿਫ਼ਤਾਰੀਆਂ ਦੇ ਚੁੱਕੇ ਸਨ ਪਰ ਨਾ ਪੰਜਾਬ ਸਰਕਾਰ ਅਤੇ ਨਾ ਹੀ ਨਾਭਾ ਰਿਆਸਤ ਦੇ ਪ੍ਰਸ਼ਾਸਕ ਦੇ ਕੰਨਾਂ ਉੱਤੇ ਜੂੰ ਸਰਕੀ। ਇਹ ਵੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ 500 ਸਿੰਘਾਂ ਉੱਤੇ ਆਧਾਰਿਤ ਜਥਾ ਭੇਜਣ ਦਾ ਫ਼ੈਸਲਾ ਕੀਤਾ। ਇਸ ਜਥੇ ਨੇ ‘ਕਰੋ ਜਾਂ ਸ਼ਹੀਦ ਹੋ ਜਾਓ` ਦਾ ਵਿਚਾਰ ਧਾਰਨ ਕਰ ਕੇ ਚੱਲਣਾ ਸੀ। ਇਸ ਲਈ ਇਸ ਨੂੰ ‘ਸ਼ਹੀਦੀ ਜਥੇ` ਦਾ ਨਾਂ ਦਿੱਤਾ ਗਿਆ।
ਫ਼ੈਸਲਾ ਹੋਇਆ ਕਿ ਪਹਿਲਾ ਸ਼ਹੀਦੀ ਜਥਾ 9 ਫਰਵਰੀ 1924 ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਪਿੰਡਾਂ ਵਿਚਦੀ ਪ੍ਰਚਾਰ ਕਰਦਿਆਂ 21 ਫਰਵਰੀ ਨੂੰ ਜੈਤੋ ਪਹੁੰਚੇ। ਦੋਵੇਂ ਦਿਨ ਇਤਿਹਾਸਕ ਮਹੱਤਤਾ ਵਾਲੇ ਸਨ। ਨੌਂ ਫਰਵਰੀ ਨੂੰ ਬਸੰਤ ਪੰਚਮੀ ਸੀ ਜਿਸ ਦਿਨ ‘ਧਰਮੀ ਹਕੀਕਤ ਰਾਏ` ਨੇ ਆਪਣੇ ਧਰਮ ਉੱਤੇ ਦ੍ਰਿੜ੍ਹ ਰਹਿੰਦਿਆਂ ਮੁਗ਼ਲ ਹਾਕਮਾਂ ਹੱਥੋਂ ਸ਼ਹੀਦੀ ਪ੍ਰਾਪਤ ਕੀਤੀ ਸੀ ਅਤੇ 21 ਫਰਵਰੀ ਦਾ ਦਿਨ ਤਿੰਨ ਸਾਲ ਪਹਿਲਾਂ ਵਾਪਰੇ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨਾਲ ਸੰਬੰਧਿਤ ਸੀ ਜਿਸ ਵਿਚ ਸੈਂਕੜੇ ਸਿੰਘਾਂ ਵੱਲੋਂ ਸ਼ਹੀਦੀਆਂ ਦੇਣ ਦੇ ਫਲਸਰੂਪ ਗੁਰਦੁਆਰਾ ਜਨਮ ਅਸਥਾਨ ਦਾ ਪ੍ਰਬੰਧ ਦੁਰਾਚਾਰੀ ਮਹੰਤ ਦੇ ਹੱਥੋਂ ਨਿਕਲ ਕੇ ਪੰਥ ਪ੍ਰਵਾਨਿਤ ਕਮੇਟੀ ਕੋਲ ਆਇਆ ਸੀ।
ਜਥੇ ਨੂੰ ਨਿਵੇਕਲੀ ਦਿੱਖ ਦੇਣ ਵਾਸਤੇ ਇਸ ਦੇ ਮੈਂਬਰਾਂ ਲਈ ਢੁੱਕਵਾਂ ਵਿਸ਼ੇਸ਼ ਪਹਿਰਾਵਾ- ਪੀਲਾ ਚੋਲਾ, ਕਾਲਾ ਦਸਤਾਰਾ, ਕਾਲੇ ਗਾਤਰੇ ਵਿਚ ਛੋਟੀ ਕ੍ਰਿਪਾਨ, ਕਾਲਾ ਹੀ ਕਮਰਕਸਾ, ਕਾਲੇ ਰੰਗ ਦਾ ਝੋਲਾ ਨਿੱਤਨੇਮ ਦਾ ਗੁਟਕਾ ਸਾਹਿਬ ਅਤੇ ਹੰਗਾਮੀ ਹਾਲਤ ਵਿਚ ਵਰਤਣ ਵਾਸਤੇ ਭੁੱਜੇ ਹੋਏ ਛੋਲੇ ਪਾਉਣ ਵਾਸਤੇ- ਨਿਰਧਾਰਿਤ ਕੀਤਾ ਗਿਆ। ਜਥੇ ਦੇ ਅੱਗੇ ਤਰਤੀਬ ਅਨੁਸਾਰ ਨਗਾਰਚੀ ਅਤੇ ਫ਼ੌਜੀ ਬੈਂਡ ਵਾਜਾ, ਪੰਜ ਨਿਸ਼ਾਨ ਸਾਹਿਬਾਂ ਵਾਲੇ ਸਿੰਘ, ਪੰਜ ਪਿਆਰੇ ਸ਼੍ਰੀ ਸਾਹਿਬਾਂ ਵਾਲੇ, ਫਿਰ ਸੁੰਦਰ ਸਜਾਈ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਚਾਰ ਕਹਾਰਾਂ ਦੇ ਮੋਢਿਆਂ ਉੱਤੇ ਅਤੇ ਪਾਲਕੀ ਦੇ ਪਿੱਛੇ ਸ੍ਰੀ ਗੁਰੂ ਜੀ ਦੇ ਚੌਰਬਰਦਾਰ।
ਇਸ ਪਿੱਛੋਂ ਸ਼ਹੀਦੀ ਜਥੇ ਦਾ ਹੈੱਡ ਜਥੇਦਾਰ ਸਾਹਿਬ, ਜਿਸ ਦੇ ਚੌੜੇ ਗਾਤਰੇ ਉੱਤੇ ਮਸ਼ੀਨ ਨਾਲ ਮੋਟੇ ਅੱਖਰਾਂ ਵਿਚ ‘ਹੈੱਡ ਜਥੇਦਾਰ` ਲਿਖਿਆ ਹੋਣਾ ਸੀ, ਸਹਾਇਕ ਜਥੇਦਾਰ, ਰਾਗੀ, ਕਥਾਵਾਚਕ, ਢਾਡੀ ਆਦਿ ਨੇ ਚਾਰ ਚਾਰ ਦੀ ਪੰਕਤੀ ਵਿਚ ਚੱਲ ਰਹੇ ਜਥੇ ਦੀ ਅਗਵਾਈ ਕਰਨੀ ਸੀ। ਪੰਜ ਸੌ ਦੇ ਜਥੇ ਨੂੰ ਪਹਿਲਾਂ ਪੰਜ ਕੰਪਨੀਆਂ ਅਤੇ ਫਿਰ ਹਰ ਕੰਪਨੀ ਨੂੰ ਚਾਰ ਸੈਕਸ਼ਨਾਂ ਵਿਚ ਵੰਡਿਆ ਜਾਣਾ ਸੀ। ਹਰ ਕੰਪਨੀ ਅਤੇ ਸੈਕਸ਼ਨ ਦੇ ਵੱਖੋ ਵੱਖ ਇਨਚਾਰਜ ਹੋਣੇ ਸਨ, ਅੰਤ ਵਿਚ ਡਾਕਟਰੀ ਟੀਮ, ਪੱਤਰ-ਪ੍ਰੇਰਕ, ਫੋਟੋਗਰਾਫਰ ਆਦਿ। ਜਥੇ ਦੀ ਠਹਿਰ ਵਾਸਤੇ ਲੋੜੀਂਦੇ ਸਾਏਬਾਨ, ਤੰਬੂ, ਕਨਾਤਾਂ, ਨਿੱਜੀ ਲੋੜਾਂ ਦੀਆਂ ਵਸਤਾਂ ਗੱਡਿਆਂ ਉੱਤੇ ਲੱਦ ਕੇ ਨਾਲ ਲਿਜਾਣੀਆਂ ਸਨ। ਜਥੇ ਦੀ ਤਰਤੀਬ ਫ਼ੌਜੀ ਰੂਪ ਵਿਚ ਹੋਣ ਕਾਰਨ ਗੁਰੂ ਕਾ ਬਾਗ ਦੇ ਮੋਰਚੇ ਵਿਚ ਭਾਗ ਲੈ ਚੁੱਕੇ ਸੈਨਿਕਾਂ ਨੂੰ ਜਥੇ ਵਿਚ ਸ਼ਾਮਲ ਕਰਨ ਵਿਚ ਪਹਿਲ ਦਿੱਤੀ ਗਈ।
ਪੰਜਾਬ ਸਰਕਾਰ ਦੀਆਂ ਪੇਸ਼ਬੰਦੀਆਂ
ਪੰਜਾਬ ਸਰਕਾਰ ਨੂੰ ਅਕਾਲੀਆਂ ਦੇ ਇਸ ਪ੍ਰੋਗਰਾਮ ਦੀ ਭਿਣਕ ਪਈ ਤਾਂ ਇਸ ਜਥੇ ਨਾਲ ਨਿਪਟਣ ਵਾਸਤੇ ਸੋਚ ਵਿਚਾਰ ਹੋਣ ਲੱਗੀ। ਛੇ ਫਰਵਰੀ 1924 ਨੂੰ ਗਵਰਨਰ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਗਵਰਨਰ ਕੌਂਸਲ ਦੇ ਵਿੱਤ ਮੈਂਬਰ, ਪੰਜਾਬ ਦੀਆਂ ਰਿਆਸਤਾਂ ਵਾਸਤੇ ਗਵਰਨਰ ਜਨਰਲ ਦੇ ਏਜੰਟ, ਕਮਿਸ਼ਨਰ ਲਾਹੌਰ, ਲਾਹੌਰ ਬ੍ਰਿਗੇਡ ਦੇ ਕਰਨਲ ਕਮਾਂਡਰ, ਨਾਭਾ ਰਿਆਸਤ ਦਾ ਪ੍ਰਸ਼ਾਸਕ, ਡਿਪਟੀ ਕਮਿਸ਼ਨਰ ਲਾਹੌਰ, ਸੀ.ਆਈ.ਡੀ. ਦਾ ਡਿਪਟੀ ਇੰਸਪੈਕਟਰ ਜਨਰਲ, ਲਾਹੌਰ ਪੁਲਿਸ ਦਾ ਸੀਨੀਅਰ ਸੁਪਰਡੈਂਟ ਅਤੇ ਮੁੱਖ ਸਕੱਤਰ ਪੰਜਾਬ ਨੇ ਭਾਗ ਲਿਆ।
ਸਵਾਲ ਇਹ ਸੀ ਕਿ ਜਥੇ ਨੂੰ ਅੱਗੇ ਜਾਣ ਤੋਂ ਰੋਕਣ ਵਾਸਤੇ ਗ੍ਰਿਫ਼ਤਾਰ ਕਰਨ ਜਾਂ ਖਿੰਡਾਉਣ ਦਾ ਕੰਮ ਅੰਗਰੇਜ਼ੀ ਇਲਾਕੇ ਵਿਚ ਕੀਤਾ ਜਾਵੇ ਜਾਂ ਰਿਆਸਤੀ ਇਲਾਕੇ ਵਿਚ। ਮਸਲੇ ਦੇ ਸਾਰੇ ਪੱਖ ਵਿਚਾਰ ਕੇ ਫ਼ੈਸਲਾ ਇਹ ਕੀਤਾ ਗਿਆ ਕਿ ਜਥੇ ਨੂੰ ਅੰਗਰੇਜ਼ੀ ਇਲਾਕੇ ਵਿਚ ਰੋਕਣ ਦੀ ਥਾਂ ਜੈਤੋ ਪਹੁੰਚਣ ਦਿੱਤਾ ਜਾਵੇ। ਜੈਤੋ ਪੁੱਜਣ ਉੱਤੇ ਰਿਆਸਤੀ ਅਧਿਕਾਰੀ ਸ਼ਹੀਦੀ ਜਥੇ ਦੇ ਜਥੇਦਾਰ ਨੂੰ ਇਹ ਸਪਸ਼ਟ ਕਰ ਦੇਣ ਕਿ ਉਨ੍ਹਾਂ ਵਿਚੋਂ ਕੁਝ ਕੁ ਵਿਅਕਤੀਆਂ ਨੂੰ ਲਿਖਤੀ ਰੂਪ ਵਿਚ ਇਹ ਸ਼ਰਤ ਪ੍ਰਵਾਨ ਕਰਨ ਉੱਤੇ ਗੁਰਦੁਆਰਾ ਗੰਗਸਰ ਵਿਚ ਅਖੰਡ ਪਾਠ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ ਕਿ ਉੱਥੇ ਕੋਈ ਰਾਜਸੀ ਭਾਸ਼ਨ ਨਹੀਂ ਹੋਵੇਗਾ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਹਦਾਇਤ ਕੀਤੀ ਗਈ ਕਿ ਜਥੇ ਬਾਰੇ ਮੁਕੰਮਲ ਜਾਣਕਾਰੀ ਗਵਰਨਰ ਜਨਰਲ ਦੇ ਏਜੰਟ ਨੂੰ ਭੇਜੇ ਅਤੇ ਜਥੇ ਨਾਲ ਸਾਦੇ ਕੱਪੜਿਆਂ ਵਿਚ ਪੁਲਿਸ ਕਰਮੀ ਤਾਇਨਾਤ ਕਰੇ। ਨੌਂ ਫਰਵਰੀ 1924 ਨੂੰ ਮੁੜ ਗਵਰਨਰ ਦੀ ਪੱਧਰ ਉੱਤੇ ਕੀਤੀ ਮੀਟਿੰਗ ਵਿਚ ਪਿਛਲੇ ਫ਼ੈਸਲੇ ਵਿਚ ਸੋਧ ਕਰਦਿਆਂ ਪਹਿਲੀ ਸ਼ਰਤ ਉੱਤੇ ਹੀ ਸ਼ਹੀਦੀ ਜਥੇ ਵਿਚੋਂ 50 ਜਣਿਆਂ ਨੂੰ ਗੁਰਦੁਆਰਾ ਗੰਗਸਰ ਸਾਹਿਬ ਜਾ ਕੇ ਅਖੰਡ ਪਾਠ ਕਰਨ ਵਾਸਤੇ 60 ਘੰਟੇ ਉੱਥੇ ਠਹਿਰਨ ਦੀ ਖੁੱਲ੍ਹ ਦੇਣਾ ਪ੍ਰਵਾਨ ਕੀਤਾ ਗਿਆ। ਸ਼ਰਤ ਨਾ ਮੰਨੇ ਜਾਣ ਦੀ ਸੂਰਤ ਵਿਚ ਸਥਿਤੀ ਅਨੁਸਾਰ ਜ਼ਬਾਨੀ ਕਲਾਮੀ ਸਮਝਾਉਣ ਤੋਂ ਲੈ ਕੇ ‘ਰਿੰਗ ਲੀਡਰਾਂ` ਨੂੰ ਗ੍ਰਿਫ਼ਤਾਰ ਕਰਨ ਅਤੇ ਅਣਸਰਦੇ ਨੂੰ ਹਿੰਦੋਸਤਾਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਘੱਟੋ ਤੋਂ ਘੱਟ ਤਾਕਤ ਵਰਤਣ ਬਾਰੇ ਸਹਿਮਤੀ ਬਣੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੇ ਸ਼ਹੀਦੀ ਜਥੇ ਦੇ ਮਹੱਤਵ ਨੂੰ ਧਿਆਨ ਗੋਚਰੇ ਰੱਖਦਿਆਂ ਫ਼ੈਸਲਾ ਕੀਤਾ ਕਿ ਇਸ ਜਥੇ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਊਧਮ ਸਿੰਘ ਜੀ ਨਾਗੋਕੇ ਕਰਨ। ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਜਥੇਦਾਰ ਨਾਗੋਕੇ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਫਲਸਰੂਪ ਜਥੇਦਾਰ ਨਾਗੋਕੇ ਦੀ ਥਾਂ ਇਹ ਜ਼ਿੰਮੇਵਾਰੀ ਜਥੇਦਾਰ ਊਧਮ ਸਿੰਘ ਵਰਪਾਲ ਨੂੰ ਸੌਂਪੀ ਗਈ।
ਸ਼ਹੀਦੀ ਜਥੇ ਦੀ ਰਵਾਨਗੀ ਦੇ ਦਿਨ 9 ਫਰਵਰੀ ਨੂੰ ਸਿੱਖ ਸੰਗਤ ਵਿਚ ਭਾਰੀ ਉਤਸ਼ਾਹ ਸੀ। ਇਸ ਕਾਰਨ ਸਵੇਰੇ ਅੱਠ ਵਜੇ ਤੱਕ ਪੰਦਰਾਂ ਹਜ਼ਾਰ ਦੇ ਕਰੀਬ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਇਕੱਠੀ ਹੋ ਗਈ। ਗਿਆਰਾਂ ਵਜੇ ਡਾਕਟਰ ਕਿਚਲੂ ਅਤੇ ਪੰਡਤ ਦੀਨਾ ਨਾਥ ਦੇ ਆਉਣ ਨਾਲ ਪ੍ਰੋਗਰਾਮ ਸ਼ੁਰੂ ਹੋਇਆ। ਕੁਝ ਹੋਰਨਾਂ ਦੇ ਭਾਸ਼ਨਾਂ ਪਿੱਛੋਂ ਇਨ੍ਹਾਂ ਦੋਵਾਂ ਨੇ ਤਕਰੀਰਾਂ ਕੀਤੀਆਂ ਅਤੇ ਅਕਾਲੀਆਂ ਨੂੰ ਸ਼ਾਂਤਮਈ ਅੰਦੋਲਨ ਕਰਨ ਦੀ ਵਧਾਈ ਦਿੱਤੀ। ਛੇਤੀ ਪਿੱਛੋਂ ਸ਼ਹੀਦੀ ਜਥਾ ਹਾਜ਼ਰ ਹੋ ਗਿਆ। ਜਥੇ ਦੇ ਸਾਰੇ ਮੈਂਬਰ ਵਿਸ਼ੇਸ਼ ਪਹਿਰਾਵੇ ਵਿਚ ਸਨ। ਜਥੇਦਾਰ ਵਰਪਾਲ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਥੇ ਦੇ ਹਰ ਹਾਲਤ ਵਿਚ ਸ਼ਾਂਤਮਈ ਰਹਿਣ ਦਾ ਸੰਦੇਸ਼ ਦਿੱਤਾ। ਇਸ ਉਪਰੰਤ ਜਥੇ ਵਿਚ ਜਾਣ ਵਾਲੇ ਸਿੰਘਾਂ ਨੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ਵਿਚ ਸੀਸ ਝੁਕਾ ਕੇ ਸ਼ਾਂਤਮਈ ਰਹਿਣ ਦਾ ਪ੍ਰਣ ਲਿਆ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਰੋਸਾ ਦਿੱਤਾ ਕਿ ਹਰ ਇੱਕ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਉੱਤੇ ਫੁੱਲ ਚੜ੍ਹਾਵੇਗਾ।
ਸੰਗਤ ਨੇ ਬੜੇ ਚਾਅ ਅਤੇ ਹੁਲਾਸ ਨਾਲ ਜਥੇ ਨੂੰ ਵਿਦਾ ਕੀਤਾ। ਜਥਾ 9 ਫਰਵਰੀ ਨੂੰ ਅੰਮ੍ਰਿਤਸਰ ਤੋਂ ਚੱਲ ਕੇ ਇੱਕ ਇੱਕ ਦਿਨ ਚੱਬਾ, ਸ੍ਰੀ ਤਰਨਤਾਰਨ ਸਾਹਿਬ, ਨੌਸ਼ਹਿਰਾ, ਸਰਹਾਲੀ, ਮਰਹਾਣਾ, ਫਿਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡਾਂ ਮਖੂ, ਜੀਰਾ, ਤਲਵੰਡੀ ਭਾਈ, ਰੋਡੇ ਰੁਕਦਾ ਹੋਇਆ 20 ਫਰਵਰੀ ਨੂੰ ਆਪਣੇ ਆਖ਼ਰੀ ਪੜਾਅ ਬਰਗਾੜੀ (ਰਿਆਸਤ ਫ਼ਰੀਦਕੋਟ) ਪੁੱਜਿਆ। ਪਿਛਲੇ ਪੜਾਵਾਂ ਤੋਂ ਸੰਗਤ ਜਥੇ ਨਾਲ ਜੁੜ ਰਹੀ ਸੀ। ਬਰਗਾੜੀ ਤਾਂ ਸੰਗਤ ਦਾ ਹੜ੍ਹ ਹੀ ਆ ਗਿਆ।
ਸ਼ਹੀਦੀ ਜਥੇ ਦੀ ਬਰਗਾੜੀ ਤੋਂ ਰਵਾਨਗੀ
ਬਰਗਾੜੀ ਵਿਚ ਸਵੇਰ ਦੇ ਦੀਵਾਨ ਦੀ ਸਮਾਪਤੀ ਪਿੱਛੋਂ ਲੰਗਰ ਛਕ ਕੇ 12 ਕੁ ਵਜੇ ਜਥਾ ਜੈਤੋ ਲਈ ਚੱਲ ਪਿਆ। ਅੱਧਾ ਸ਼ਹੀਦੀ ਜਥਾ ਅੱਗੇ ਸੀ ਅਤੇ ਅੱਧਾ ਪਿੱਛੇ, ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਰੱਖਣ ਖਾਤਰ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਸ਼ਹੀਦੀ ਜਥੇ ਦੇ ਦੋਹੀਂ ਪਾਸੀਂ, ਪਰ ਸਵਾਰੀ ਤੋਂ ਪਿਛਾਂਹ ਸੀ। ਜਿਉਂ ਹੀ ਨਾਭਾ ਰਿਆਸਤ ਦੇ ਪ੍ਰਸ਼ਾਸਕ ਮਿਸਟਰ ਉਗਲਵੀ ਨੂੰ ਸੂਹੀਆਂ ਰਾਹੀਂ ਜਾਣਕਾਰੀ ਮਿਲੀ ਤਾਂ ਉਸ ਨੇ ਜਥੇ ਨੂੰ ਰੋਕਣ ਲਈ ਵਿਉਂਤਬੰਦੀ ਕਰ ਲਈ। ਉਸ ਨੇ ਬਰਗਾੜੀ ਤੋਂ ਆ ਕੇ ਗੁਰਦੁਆਰਾ ਗੰਗਸਰ ਸਾਹਿਬ ਜਾਣ ਦਾ ਆਮ ਰਾਹ ਰੋਕਦਿਆਂ ਫ਼ੌਜ ਤਾਇਨਾਤ ਕਰ ਅਤੇ ਕੰਡਿਆਲੀ ਤਾਰ ਲਾ ਕੇ ਨਵਾਂ ਰਾਹ ਇਸ ਤਰ੍ਹਾਂ ਬਣਾਇਆ ਜੋ ਗੁਰਦੁਆਰਾ ਗੰਗਸਰ ਸਾਹਿਬ ਪੁੱਜਣ ਤੋਂ ਪਹਿਲਾਂ ਜੈਤੋ ਦੇ ਕਿਲ੍ਹੇ ਕੋਲ ਦੀ ਲੰਘਦਾ ਸੀ। ਪ੍ਰਸ਼ਾਸਕ ਦੀ ਵਿਉਂਤ ਸੀ ਕਿ ਕਿਲ੍ਹੇ ਦੇ ਨੇੜੇ ਪਹੁੰਚਦਿਆਂ ਹੀ ਜਥੇ ਨੂੰ ਗ੍ਰਿਫ਼ਤਾਰ ਕਰਕੇ ਕਿਲ੍ਹੇ ਅੰਦਰ ਬੰਦ ਕਰ ਦਿੱਤਾ ਜਾਵੇ।
ਸ਼ਹੀਦੀ ਜਥਾ ਰਿਆਸਤ ਫ਼ਰੀਦਕੋਟ ਦੀ ਹੱਦ ਪਾਰ ਕਰ ਕੇ ਰਿਆਸਤ ਨਾਭਾ ਦੇ ਇਲਾਕੇ ਵਿਚ ਦਾਖਲ ਹੋ ਗਿਆ। ਉਸ ਵੇਲੇ ਸੰਗਤ ਜਥੇ ਦੇ ਦੋਵੀਂ ਪਾਸੀਂ ਦੂਰ ਦੂਰ ਤੱਕ ਫੈਲੀ ਹੋਈ ਸੀ। ਇਉਂ ਲੰਬਾਈ ਅੰਦਾਜ਼ਨ 700 ਗਜ਼ ਦੇ ਨੇੜ ਹੋ ਗਈ ਸੀ। ਪ੍ਰਸ਼ਾਸਕ ਨੇ ਖ਼ੁਦ ਅੱਗੇ ਆ ਕੇ ਸ਼ਹੀਦੀ ਜਥੇ ਅਤੇ ਸੰਗਤ ਨੂੰ ਰੁਕਣ ਦਾ ਹੁਕਮ ਦਿੱਤਾ ਪਰ ਜਥਾ ਉਸ ਦੇ ਹੁਕਮ ਪ੍ਰਤੀ ਲਾਪ੍ਰਵਾਹੀ ਵਿਖਾਉਂਦਿਆਂ ਅੱਗੇ ਨਿਕਲ ਗਿਆ। ਜਥਾ ਸੰਗਤ ਸਮੇਤ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਉਸ ਸਥਾਨ ਉੱਤੇ ਪੁੱਜ ਗਿਆ ਜਿੱਥੇ ਰਸਾਲੇ ਨੇ ਰਸਤਾ ਰੋਕਿਆ ਹੋਇਆ ਸੀ। ਜਥੇ ਦੇ ਆਗੂਆਂ ਨੂੰ ਪ੍ਰਸ਼ਾਸਕ ਦੇ ਮਨਸੂਬਿਆਂ ਦੀ ਭਿਣਕ ਲੱਗ ਗਈ ਸੀ। ਇਸ ਲਈ ਆਗੂ ਸਾਵਧਾਨੀ ਨਾਲ ਅੱਗੇ ਵਧ ਰਹੇ ਸਨ। ਕੁਝ ਸੈਂਕੜੇ ਗਜ਼ ਅਹਿਲਕਾਰਾਂ ਵੱਲੋਂ ਨਿਰਧਾਰਤ ਰਾਹ ਉੱਤੇ ਚੱਲਣ ਪਿੱਛੋਂ ਆਗੂਆਂ ਨੇ ਸੱਜੇ ਹੱਥ ਰਸਾਲੇ ਦੀ ਤਾਇਨਾਤੀ ਵਾਲੀ ਜਗ੍ਹਾ ਵਿਚ ਖਾਲੀ ਥਾਂ ਵੇਖੀ ਤਾਂ ਇਸ ਥਾਂ ਤੋਂ ਰਸਾਲੇ ਦੀ ਘੇਰਾਬੰਦੀ ਵਿਚੋਂ ਨਿਕਲ ਕੇ ਸਿੱਧੇ ਗੁਰਦੁਆਰਾ ਟਿੱਬੀ ਸਾਹਿਬ ਵੱਲ ਤੁਰ ਪਏ।
ਇਸ ਸਥਿਤੀ ਵਿਚ ਪ੍ਰਸ਼ਾਸਕ ਨੇ ਆਪਣੇ ਮਨਸੂਬੇ ਫੇਲ ਹੁੰਦੇ ਦੇਖੇ ਅਤੇ ਘੋੜਾ ਦੌੜਾਉਂਦਿਆਂ ਜਥੇ ਦੇ ਅੱਗੇ ਪਹੁੰਚ, ਜਥੇ ਨੂੰ ਖਿੰਡ ਜਾਣ ਦਾ ਹੁਕਮ ਦਿੱਤਾ। ਉਸ ਨੇ ਐਲਾਨ ਕਰ ਦਿੱਤਾ ਕਿ ਜੇ ਜਥੇ ਨੇ ਉਸ ਦੇ ਹੁਕਮ ਦੀ ਪਾਲਣਾ ਨਾ ਕੀਤੀ ਤਾਂ ਉਹ ਗੋਲੀ ਚਲਾਉਣ ਦਾ ਹੁਕਮ ਦੇਣ ਵਾਸਤੇ ਮਜਬੂਰ ਹੋਵੇਗਾ। ਜਥੇ ਨੇ ਪਵਿੱਤਰ ਗੁਰਦੁਆਰੇ ਦੀ ਯਾਤਰਾ ਕਰਨ ਅਤੇ ਅਖੰਡ ਪਾਠ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਇਸ ਲਈ ਉਹ ਗੁਰਦੁਆਰਾ ਟਿੱਬੀ ਸਾਹਿਬ ਵੱਲ ਵਧਿਆ। ਬੇਸ਼ੁਮਾਰ ਸੰਗਤ ਜਥੇ ਦੇ ਪਿੱਛੇ ਪਿੱਛੇ ਜਾ ਰਹੀ ਸੀ। ਇਹ ਦੇਖ ਕੇ ਪ੍ਰਸ਼ਾਸਕ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਸਿੱਖ ਸ਼ਰਧਾਲੂਆਂ ਦਾ ਵੱਡਾ ਜਥਾ, ਜਿਸ ਵਿਚ ਇਸਤਰੀਆਂ ਤੇ ਬਿਰਧ ਸਿੰਘ ਵੀ ਸਨ, ਗੁਰੂ ਦੇ ਸ਼ਬਦ ਕੀਰਤਨ ਕਰਦਾ ਬਾਂਹਾਂ ਉੱਪਰ ਕਰ ਕੇ ਗੋਲੀਆਂ ਦੀ ਬਾਰਸ਼ ਹੇਠ ਗੁਰਦੁਆਰੇ ਵੱਲ ਵਧਦਾ ਗਿਆ। ਕਈ ਸਿੰਘ ਸ਼ਹੀਦ ਜਾਂ ਸਖ਼ਤ ਫੱਟੜ ਹੋ ਕੇ ਰਸਤੇ ਵਿਚ ਡਿੱਗਦੇ ਗਏ ਪਰ ਕਿਸੇ ਨੇ ਕਦਮ ਪਿੱਛੇ ਨਾ ਹਟਾਇਆ। ਇੱਥੇ ਦੂਜੇ ਪਾਸਿਉਂ ਗੋਲਾਬਾਰੀ ਹੋਈ ਜੋ ਰੁਕ ਰੁਕ ਕੇ ਕਈ ਵਾਰ ਹੋਈ। ਜਥਾ ਸ਼ਹੀਦਾਂ ਤੇ ਫੱਟੜ ਸਾਥੀਆਂ ਨੂੰ ਚੁੱਕ ਕੇ ਸਿੱਧਾ ਟਿੱਬੀ ਸਾਹਿਬ ਦੇ ਉੱਚੇ ਸਥਾਨ ਪਰ ਜਾ ਪੁੱਜਾ। ਸੰਗਤ ਗੁਰਦੁਆਰਾ ਟਿੱਬੀ ਸਾਹਿਬ ਦੇ ਅੰਦਰ ਦਾਖਲ ਹੋ ਗਈ।
ਸ਼ਹੀਦ ਤੇ ਫੱਟੜ ਸਾਥੀਆਂ ਨੂੰ ਗੁਰਦੁਆਰੇ ਵਿਚ ਨਿਵਾਸ ਦੇ ਕੇ ਸ਼ਹੀਦੀ ਜਥਾ ਟਿੱਬੀ ਸਾਹਿਬ ਦੀ ਪਰਿਕਰਮਾ ਕਰ ਕੇ ਗੁਰਦੁਆਰਾ ਗੰਗਸਰ ਵੱਲ ਅੱਗੇ ਵਧਿਆ ਪਰ ਰਸਾਲੇ ਦੇ ਇੱਕ ਦਸਤੇ ਨੇ ਰਸਤਾ ਬੰਦ ਕਰ ਕੇ ਉਨ੍ਹਾਂ ਨੂੰ ਅੱਗੇ ਜਾਣੋਂ ਰੋਕ ਲਿਆ। ਰਸਾਲੇ ਦੇ ਇੱਕ ਦਸਤੇ ਨੇ ਗੁਰਦੁਆਰਾ ਟਿੱਬੀ ਸਾਹਿਬ ਦੁਆਲੇ ਇਕੱਤਰ ਹੋਈ ਸੰਗਤ ਪੁਰ ਧਾਵਾ ਕੀਤਾ ਅਤੇ ਸਵਾਰਾਂ ਨੇ ਕਈ ਮੀਲਾਂ ਤਕ ਸੰਗਤ ਦਾ ਪਿੱਛਾ ਕਰ ਕੇ ਚਹੁੰ ਪਾਸੀ ਖਿੰਡਾ ਦਿੱਤਾ। ਸਾਰੇ ਹਾਲਾਤ ਨੂੰ ਕਾਬੂ ਕਰਨ ਪਿੱਛੋਂ ਪੁਲਿਸ ਅਤੇ ਫ਼ੌਜ ਨੇ ਜਥੇ ਵਿਚੋਂ 450 ਅਤੇ ਜਥੇ ਦੇ ਨਾਲ ਆਈ ਸੰਗਤ ਵਿਚੋਂ 385 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਵਿਅਕਤੀਆਂ ਨੂੰ ਰੱਸਿਆਂ ਨਾਲ ਨੂੜ ਕੇ ਗੱਡਿਆਂ ਵਿਚ ਸੁੱਟਿਆ ਅਤੇ ਕਿਲ੍ਹੇ ਅੰਦਰ ਬਣਾਏ ਕੰਡਿਆਲੀ ਤਾਰ ਦੇ ਵਾਗਲੇ ਵਿਚ ਬੰਦ ਕਰ ਦਿੱਤਾ।
ਬਰਗਾੜੀ ਵਿਚ ਸ਼ਹੀਦੀ ਜਥੇ ਨਾਲ ਡਾਕਟਰ ਕਿਚਲੂ, ਪ੍ਰਿੰਸੀਪਲ ਗਿਡਵਾਨੀ ਅਤੇ ਅਮਰੀਕਾ ਦੇ ਅਖ਼ਬਾਰ ‘ਨਿਊਯਾਰਕ ਟਾਈਮਜ਼` ਦਾ ਪ੍ਰਤੀਨਿਧ ਮਿਸਟਰ ਜ਼ਿਮੰਡ ਵੀ ਹਾਜ਼ਰ ਸਨ। ਉਹ ਜਥੇ ਦੇ ਨਾਭੇ ਦੀ ਹੱਦ ਉੱਤੇ ਪਹੁੰਚਣ ਤੋਂ ਪਹਿਲਾਂ ਉੱਥੇ ਪੁੱਜ ਗਏ ਪਰ ਉੱਥੇ ਤਾਇਨਾਤ ਨਾਭੇ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਆਗਿਆ ਨਾ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਉੱਥੇ ਹੀ ਰੁਕਣਾ ਪਿਆ। ਗੋਲੀਆਂ ਚੱਲਣ ਦੀ ਆਵਾਜ਼ ਆਉਣ `ਤੇ ਡਾ. ਕਿਚਲੂ ਤੇ ਮਿਸਟਰ ਗਿਡਵਾਨੀ ਜਥੇ ਕੋਲ ਪਹੁੰਚਣ ਵਾਸਤੇ ਰਿਆਸਤ ਦੀ ਹੱਦ ਅੰਦਰ ਦਾਖਲ ਹੋਏ ਤੇ ਗ੍ਰਿਫ਼ਤਾਰ ਕੀਤੇ ਗਏ। ਮਿਸਟਰ ਜ਼ਿਮੰਡ ਵਾਪਸ ਮੁੜ ਗਿਆ।
ਸ਼ਹੀਦਾਂ ਅਤੇ ਜ਼ਖ਼ਮੀਆਂ ਦੀ ਗਿਣਤੀ
21 ਫਰਵਰੀ ਨੂੰ ਜੈਤੋ ਵਿਚ ਫ਼ੌਜ ਅਤੇ ਪੁਲਿਸ ਵੱਲੋਂ ਪਹਿਲੇ ਸ਼ਹੀਦੀ ਜਥੇ ਉੱਤੇ ਚਲਾਈ ਗੋਲੀ ਵਿਚ ਕਿੰਨੇ ਸਿੰਘ ਸ਼ਹੀਦ ਹੋਏ? ਇਸ ਪ੍ਰਸ਼ਨ ਦਾ ਤਸੱਲੀਬਖਸ਼ ਉੱਤਰ ਨਹੀਂ ਮਿਲਦਾ। ਇਸ ਵਾਰਦਾਤ ਵਿਚ ਹੋਏ ਜਾਨੀ ਨੁਕਸਾਨ ਬਾਰੇ ਸਭ ਤੋਂ ਪਹਿਲਾਂ ਕਮਾਂਡਿੰਗ ਟਰੁਪਸ ਦੇ ਲੈਫਟੀਨੈਂਟ ਕਰਨਲ ਨੇ ਗੁਪਤ ਪੱਤਰ ਨੰਬਰ: ਜੇ. 11 ਮਿਤੀ 22 ਫਰਵਰੀ 1924 ਦੁਆਰਾ ਉੱਚ-ਸੈਨਿਕ ਅਧਿਕਾਰੀਆਂ ਨੂੰ ਭੇਜੀ ਰਿਪੋਰਟ ਵਿਚ 14 ਮੌਤਾਂ ਅਤੇ 34 ਵਿਅਕਤੀਆਂ ਦੇ ਜ਼ਖ਼ਮੀ ਹੋਣ ਬਾਰੇ ਦੱਸਿਆ ਸੀ। ਜਿਉਂ ਜਿਉਂ ਦਿਨ ਲੰਘਦੇ ਗਏ ਗੰਭੀਰ ਜ਼ਖ਼ਮੀਆਂ ਦੇ ਚੱਲ ਵਸਣ ਕਾਰਨ ਸ਼ਹੀਦਾਂ ਦੀ ਗਿਣਤੀ ਵਧਦੀ ਅਤੇ ਜ਼ਖ਼ਮੀਆਂ ਦੀ ਸੰਖਿਆ ਘਟਦੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਅਤੇ 26 ਫਰਵਰੀ ਦੇ ‘ਸਿਵਲ ਐਂਡ ਮਿਲਟਰੀ ਗਜ਼ਟ` ਵਿਚ ਛਪੇ ਐਲਾਨ ਵਿਚ 18 ਅਕਾਲੀ ਸ਼ਹੀਦ ਅਤੇ 60 ਜ਼ਖ਼ਮੀ ਹੋਏ ਦੱਸੇ ਗਏ ਸਨ। ਸ਼ਹੀਦਾਂ ਵਿਚੋਂ 4 ਤੇ ਜ਼ਖਮੀਆਂ ਵਿਚੋਂ 12 ਸ਼ਹੀਦੀ ਜਥੇ ਵਿਚੋਂ ਸਨ ਅਤੇ ਬਾਕੀ ਜਥੇ ਨਾਲ ਆਈ ਸੰਗਤ ਵਿਚੋਂ। ਸਤਾਈ ਫਰਵਰੀ 1924 ਦੇ ‘ਅਕਾਲੀ ਤੇ ਪ੍ਰਦੇਸੀ` ਅਖ਼ਬਾਰ ਵਿਚ 22 ਸ਼ਹੀਦ ਹੋਏ ਦੱਸੇ ਹਨ। ਇਸ ਅਖਬਾਰ ਦੇ 3 ਮਾਰਚ ਵਾਲੇ ਅੰਕ ਵਿਚ ਦੱਸਿਆ ਗਿਆ ਕਿ “ਜਥੇ ਵਿਚੋਂ 21 ਆਦਮੀ ਸ਼ਹੀਦ ਹੋਏ ਹਨ ਜਿਨ੍ਹਾਂ ਦਾ ਸਸਕਾਰ ਟਿੱਬੀ ਸਾਹਿਬ ਦੇ ਨਾਲ ਹੀ ਅਸ਼ਨਾਨ ਕਰਾ ਕੇ ਕਛੈਹਰੇ ਨਵੇਂ ਪਹਿਨਾਣ ਤੋਂ ਬਾਹਦ ਕੀਤਾ ਗਿਆ ਹੈ।”
ਹਾਕਮਾਂ ਦੀ ਇਹ ਵਹਿਸ਼ੀ ਕਰਤੂਤ ਸਿੱਖ ਹਿਰਦਿਆਂ ਵਿਚ ਜੋਸ਼ ਭਰਨ ਦਾ ਕਾਰਨ ਬਣੀ ਜਿਸ ਦੇ ਫਲਸਰੂਪ ਸਥਾਨਕ 17 ਸ਼ਹੀਦੀ ਜਥਿਆਂ ਤੋਂ ਬਿਨਾਂ ਕੈਨੇਡਾ, ਸ਼ੰਘਾਈ ਆਦਿ ਤੋਂ ਆਏ ਜਥਿਆਂ ਨੇ ਇਸ ਮੋਰਚੇ ਵਿਚ ਭਾਗ ਲਿਆ।