ਜੋਗੀਆ ਕੁੜਤੇ ਦੀਆਂ ਚਾਬੀਆਂ

ਜਸਵੰਤ ਦੀਦ
ਫੋਨ: +91-89680-41424
‘ਜੋਗੀਆ ਕੁੜਤੇ ਦੀਆਂ ਚਾਬੀਆਂ’ ਸ਼ਬਦ ਚਿੱਤਰ ਵਿਚ ਉਘੇ ਲਿਖਾਰੀ ਜਸਵੰਤ ਦੀਦ ਨੇ ਸਿਰਫ ਸੰਤ ਸਤਨਾਮ ਸਿੰਘ ਅਤੇ ਸੰਗੀਤ ਦੀਆਂ ਗੱਲਾਂ ਹੀ ਨਹੀਂ ਕੀਤੀਆਂ ਸਗੋਂ ਧੜਕਦੀ ਜ਼ਿੰਦਗੀ ਦਾ ਬੂਹਾ ਖੋਲ੍ਹਣ ਦਾ ਯਤਨ ਕੀਤਾ ਹੈ। ਇਸੇ ਕਰ ਕੇ ਇਨ੍ਹਾਂ ਨਾਲ ਜੁੜੀ ਹਰ ਕਥਾ ਅਤੇ ਕਹਾਣੀ ਇਸ ਅੰਦਰਲੀ ਲੈਅ ਦੀ ਗਵਾਹ ਹੋ ਨਿੱਬੜਦੀ ਹੈ। ਇਹ ਗੱਲਾਂ ਅਸਲ ਵਿਚ ਜ਼ਿੰਦਗੀ ਦਾ ਸਿਰਨਾਵਾਂ ਹਨ।

ਖਿੜਕੀ ‘ਚੋਂ ਦਿਸਦਾ ਪਿੱਪਲ ਦਾ ਘਣਾ ਫੈਲਿਆ ਦੇਹਦਾਰ ਦਰਖ਼ਤ। ਮੀਂਹ ‘ਚ ਭਿੱਜਿਆ ਪਿੱਪਲ, ਆਪ ਹੁਲਾਰੇ ਲੈਣ ਲਗ ਪੈਂਦਾ, ਮੈਨੂੰ ਹਰਾ ਭਰਾ ਕਰ ਦਿੰਦਾ। ਦਫਤਰ ਦੇ ਕਮਰੇ ‘ਚ, ਕੱਲਾ ਬੈਠਾ ਮੈਂ, ਪਿੱਪਲ ਨਾਲ ਗੱਲਾਂ ਕਰਦਾ। ਘਰ-ਬਾਹਰ, ਸਭ ਭੁੱਲ ਜਾਂਦਾ।
ਇਸ ਵਾਰ, ਨਾ ਮੀਂਹ ਪਿਆ, ਨਾ ਪਿੱਪਲ ਹਰਾ ਹੋਇਆ, ਨਾ ਮੈਂ। ਖੁਸ਼ਕ ਪਿੱਪਲ ਦੇ ਪੱਤਿਆਂ ਨੂੰ ਦੇਖ ਮੇਰਾ ਦਮ ਘੁੱਟੇ। ਜੀ ਕਰੇ ਸਾਰੇ ਪਿੱਪਲ ‘ਤੇ ਆਪਣੇ ਹੱਥੀਂ ਵੱਡੇ ਫੁਹਾਰੇ ਦਾ ਪਾਣੀ ਤ੍ਰੌਂਕ ਦਿਆਂ। ਫਸਟ ਫਲੋਰ ਦੇ ਪਿੱਪਲ-ਖਿੜਕੀ ਵਾਲੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ। ਇਕ ਭਗਵੇਂ ਕੱਪੜਿਆਂ ਵਾਲਾ ਬੰਦਾ ਆਣ ਦਾਖ਼ਲ ਹੋਇਆ। ਤਿਲ-ਚੌਲੀ ਕਰੜ-ਬਰੜੀ ਦਾਹੜੀ, ਸਿਰ `ਤੇ ਜੋਗੀਆ ਮੜ੍ਹਾਸਾ, ਗਲ਼ ਜੋਗੀਆ ਕੁੜਤਾ, ਤੇੜ ਉਸੇ ਰੰਗ ਦਾ ਚਾਦਰਾ ਤੇ ਪੈਰੀਂ ਐਡੀਡਾਸ ਦੇ ਸਪੋਰਟਸ ਬੂਟ। ਨਜ਼ਰ ਦੀਆਂ ਐਨਕਾਂ ਤੇ ਵਿਚ ਬਰੀਕ ਬਰੀਕ ਅੱਖਾਂ। ਪਿੱਛੇ ਇਕ ਵਾਕਫਕਾਰ ਪੰਜਾਬੀ ਲੇਖਕ। ਪੰਜਾਬੀ ਲੇਖਕ ਨੇ ਬੰਦੇ ਦਾ ਤੁਆਰਫ ਕਰਾਇਆ-”ਸੰਤ ਸਤਨਾਮ ਸਿੰਘ।” ਨਮਸਕਾਰ ਕਰ ਕੇ ਉਹ ਮੇਰੇ ਸਾਹਮਣੇ ਕੁਰਸੀ `ਤੇ ਬੈਠ ਗਏ। ਇੱਕ ਵਾਰ ਮੇਰੀ ਮੱਥੇ ਦੀ ਤਿਊੜੀ ਕੱਸੀ ਗਈ। ਕੋਈ ਪੁਲਿਸ ਵਾਲਾ ਜਾਂ ਇਹੋ ਜਿਹਾ ਅਟਪਟਾ ਬੰਦਾ ਜਦ ਕਦੀ ਵੀ ਮੇਰੇ ਕਮਰੇ ‘ਚ ਆਉਂਦਾ ਤਾਂ ਮੇਰੀ ਤਿਊੜੀ ਮੇਰੇ ਮੱਥੇ `ਚੋਂ ਬਾਹਰ ਆ ਜਾਂਦੀ। ਇਨ੍ਹਾਂ ਦਾ ਕਲਾ ਨਾਲ ਕੀ ਤੁਅੱਲਕ ਭਲਾ?
ਭਗਵੇਂ ਕੱਪੜਿਆਂ ਵਾਲਾ ਕਹਿੰਦਾ-ਦਰਸ਼ਨ ਅਭਿਲਾਸ਼ੀ ਹਾਂ। ਤੁਹਾਨੂੰ ਸਿਰਫ ਨਮਸਕਾਰ ਕਰਨ ਆਇਆ ਹਾਂ, ਕਰ ਕੇ ਮੁੜ ਜਾਣਾ।” ਮੈਂ ਕਿਹਾ- ਬੈਠੋ। ਸੇਵਾ ਦੱਸੋ?”
ਉਸਨੇ ਦੋ-ਚਾਰ ਗੱਲਾਂ ਕੀਤੀਆਂ ਪਰ ਮੈਂ ਬਾਹਰ ਸੁੱਕੇ ਪਿੱਪਲ ਦੇ ਅਡੋਲ ਪੱਤਿਆਂ ਵੱਲ ਝਾਕਦਾ ਰਿਹਾ। ਤੇ ਭਗਵੇਂ ਕੱਪੜਿਆਂ ਵਾਲੇ ਨੇ ਬਿਨ ਕਹੇ ਇਕ ਸੁਰ ਛੇੜਿਆ
‘ਕਬੀਰ ਮਨੁ ਪੰਖੀ ਭਇਓ, ਉਡ ਉਡ ਦਹਿ ਦਿਸ ਜਾਇ॥’
ਮੈਂ ਆਪਣਾ ਟੇਢਾ ਹੋਇਆ ਚਿਹਰਾ ਇਸ ਜੋਗੀ-ਨੁਮਾ ਬੰਦੇ ਵੱਲ ਘੁਮਾਇਆ। ਨਿੱਕੀ ਜਿਹੀ ਮੁਸਕਾਨ ਨਾਲ ਜੋਗੀ ਨੇ ਆਪਣੀ ਡੂੰਘੀ ਆਵਾਜ਼ ‘ਚ ਕਬੀਰ ਦੀ ਇਹ ਸਤਰ ਕਈ ਮੋੜ ਦੇ ਦੇ ਗਾਈ, ਸੁਰਾਂ ਦੇ ਸੈਆਂ ਰਸਤਿਆਂ ਨੂੰ ਪਾਰ ਕਰਦੀ ਇਹ ਸਤਰ ਓਨਾ ਚਿਰ ਕਮਰੇ ਅੰਦਰ ਘੁੰਮਦੀ ਰਹੀ ਜਿੰਨੀ ਦੇਰ ਮੇਰਾ ਦਹਿ ਦਿਸਾਵੀਂ ਉੜਦਾ ਮਨ ਰਾਗ ਦੀ ਮਹੀਨ ਟਾਹਣੀ `ਤੇ ਨਾ ਆਣ ਬੈਠਾ।
ਤੇ ਫੇਰ ਮੇਰੇ ਅਤੇ ਪਿੱਪਲ ਦੇ ਖੁਸ਼ਕ ਚਿਹਰੇ ਵੱਲ ਦੇਖ ਇਸੇ ਭਗਵੇਂ ਬੰਦੇ ਨੇ ਸੁਰ ਲਾਇਆ-
ਵਰਸਹੁ, ਵਰਸਹੁ…ਵਰਸਹੁ ਕਿਰਪਾ ਧਾਰਿ…
ਤੇ ਬਾਹਰ ਧੁੱਪ ਮੱਠੀ ਪੈ ਗਈ, ਮੱਠੀ ਪੈਂਦੀ ਧੁੱਪ, ਛਾਂ ਵਿਚ ਤਬਦੀਲ ਹੋ ਗਈ। ਦੇਖਦਿਆਂ ਹੀ ਦੇਖਦਿਆਂ, ਛਾਂ ਕਿਣਮਿਣ ‘ਚ ਬਦਲ ਗਈ। ਜੋਗੀ ਦਾ ਰਾਗ ਅਸਮਾਨ ਛੂਹਣ ਲੱਗਾ। ਰਾਗ, ਬੱਦਲਾਂ ‘ਚ ਕਣੀਆਂ ਭਰ ਲਿਆਇਆ। ਤੇ ਛਮਾ ਛਮ…। ਸੁੱਕਾ ਪਿੱਪਲ ਹਰਾ ਭਰਾ ਹੋ ਉੱਠਿਆ ਤੇ ਜੋਗੀ ਦਾ ਆਖਰੀ ਸੁਰ, ਪੈਂਦੇ ਮੀਂਹ ‘ਚ ਘੁਲ ਗਿਆ। ਕਲਾਸੀਕਲ ਬੰਦਿਸ਼:
ਬਾਦਰ ਗਰਜੇ ਮੇਹਾ ਬਰਸੇ, ਪੀਆ ਬਿਨ ਕਛੁ ਨਾ ਸੁਹਾਇ…
ਸੁਰ ਇਵੇਂ, ਜਿਵੇਂ ਕੋਈ ਕਰੋੜਾਂ ਮੀਲ ਡੂੰਘੇ ਤਹਿਖਾਨੇ ‘ਚੋਂ ਤੁਹਾਨੂੰ ਬੁਲਾ ਰਿਹਾ ਹੋਵੇ! ਤਹਿਖਾਨੇ ਵਾਲਾ ਜੋਗੀ ਹੱਸ ਪਿਆ। ਤੇ ਆਪਣੇ ਜੋਗੀਆ ਕੁੜਤੇ ਦੇ ਲੰਮੇ ਡੂੰਘੇ ਖੀਸੇ ‘ਚ ਹੱਥ ਪਾਈ ਬਾਹਰ ਚਲਾ ਗਿਆ। ਪਿੱਛੇ ਉਹਦੇ ਪੰਜਾਬੀ ਲੇਖਕ। ਤੇ ਬਾਹਰ ਛਮਾ ਛਮ ਮੀਂਹ `ਚ ਨੱਚਦਾ ਪਿੱਪਲ।
ਕੌਣ ਸੀ ਇਹ? ਚਲਾ ਵੀ ਗਿਆ? ਸੁੱਕਾ ਪਿੱਪਲ ਹਰਾ ਕਰ ਕੇ।
ਮੈਂ ਇਸ ਬੰਦੇ ਨੂੰ ਲੱਭਣ ਲੱਗਾ। ਲੇਖਕ ਨੂੰ ਫੋਨ ਕੀਤਾ, ਕਹਿੰਦਾ- “ਸੰਤਾਂ ਦੀ ਕੁਟੀਆ ਚੱਲਾਂਗੇ।” ‘ਸੰਤ’ ਤੇ ‘ਕੁਟੀਆ’ ਦੋਵੇਂ ਲਫ਼ਜ਼ ਮੈਨੂੰ ਬੁਰੇ ਲੱਗੇ। ਮੈਂ ਕਿਹਾ ‘ਛੱਡੋ ਪਰ੍ਹੇ’।
ਪਰ ਇਕ ਦਿਨ ਮੇਰੀ ਮਨੋਸਥਿਤੀ ਤੇ ਮੇਰੀ ਕਾਰ ਮੈਨੂੰ ਕੱਲਮ ਕੱਲੇ ਨੂੰ ਕੁਟੀਆ ਵੱਲ ਲੈ ਨਿਕਲੀ।
ਜਲੰਧਰੋਂ ਬਾਹਰਵਾਰ ਪਠਾਨਕੋਟ ਰੋਡ ‘ਤੇ ਡੇਰਾ ਬੱਲਾਂ ਪਾਰ ਕਰ ਕੇ ਪਿੰਡ ਕਿਸ਼ਨਗੜ੍ਹ। ਕੱਚੇ ਪੈਂਡੇ ਥਾਣੀਂ ਲੰਘਦੀ ਮੇਰੀ ਕਾਰ ਰੁਕੀ, ਦੋ ਵੱਡੇ ਫਟਕਿਆਂ ਵਾਲੇ ਲੋਹੇ ਦੇ ਗੇਟ ਅੱਗੇ। ਅੰਦਰੋਂ ਹਾਰਮੋਨੀਅਮ ਦੇ ਸੁਰਾਂ ਨਾਲ ਖੇਲ੍ਹਦੀ ਉਹੀ ਸੁਰੀਲੀ ਦਿਲ-ਖਿੱਚਵੀਂ ਆਵਾਜ਼ ਲੋਹੇ ਦੇ ਗੇਟ ਪਾਰ ਕਰਦੀ ਮੇਰੇ ਤੱਕ ਪੁੱਜੀ। ਸ਼ਾਇਦ ਅੰਦਰ ਜੋਗੀ ਸੰਗੀਤਕਾਰ ਰਿਆਜ਼ ਕਰ ਰਿਹਾ ਸੀ। ਮੈਂ ਕੁਟੀਆ ਦੇ ਬਾਹਰ ਚਾਰੇ ਪਾਸੇ ਨਜ਼ਰ ਦੌੜਾਈ। ਵੰਨ-ਸੁਵੰਨੇ ਰੁੱਖਾਂ ਨਾਲ ਘਿਰੀ ਹੋਈ ਕੁਟੀਆ। ਕੁਟੀਆ ਦੇ ਬਾਹਰ ਖੱਬੇ ਪਾਸੇ ਇਕ ਸੂਆ ਵਗਦਾ। ਦੂਰ ਪਰੇ ਇਕ ਪੁਲੀ, ਇਕ ਪਿੰਡ ਨੂੰ ਦੂਜੇ ਪਿੰਡ ਨਾਲ ਜੋੜਦੀ। ਚਾਰੇ ਪਾਸੇ ਖੁੱਲ੍ਹੇ ਖੇਤ। ਝੋਨੇ ਦੀ ਪਨੀਰੀ। ਆੜਾਂ ‘ਚ ਪਾਣੀ ਖੜ੍ਹਾ। ਪਰੇ ਲਹਿਰਦਾ ਕਮਾਦ ਦਾ ਭਰਮਾਂ ਖੱਤਾ। ਕੁਟੀਆ ਦੀ ਵੱਖੀ ਨਾਲ ਇਕ ਬਗੀਚੀ। ਵਿਚ ਲੱਗੀਆਂ ਘਰ ਦੀਆਂ ਸਬਜ਼ੀਆਂ। ਹਰੇ ਬੂਟੇ। ਠੰਡੀ ਹਵਾ ਦਾ ਇਕ ਬੁੱਲ੍ਹਾ ਆਇਆ ਤੇ ਹਾਰਮੋਨੀਅਮ ਦੇ ਸੁਰਾਂ ਨਾਲ ਮੈਨੂੰ ਅੰਦਰ ਲੈ ਗਿਆ। ਸੰਗੀਤਕਾਰ ਦੁਆਲੇ ਦਸ ਕੁ ਚੇਲੇ ਬਾਲਕੇ ਸ਼ਰਧਾਲੂ ਭੁੰਜੇ ਬੈਠੇ। ਸੰਗੀਤਕਾਰ ਮੇਜ਼ ਕੁਰਸੀ ‘ਤੇ। ਹਾਰਮੋਨੀਅਮ ਖੁੱਲ੍ਹਾ ਛੱਡ ਕੇ, ਮੈਨੂੰ ਉੱਠ ਕੇ ਮਿਲਿਆ। ਤਪਾਕ ਨਾਲ ਮੈਨੂੰ ਕੋਲ ਬਿਠਾਇਆ। ਮੈਂ ਸਤਿਕਾਰ ਵਜੋਂ ਚੇਲਿਆਂ ਤੋਂ ਰਤਾ ਕੁ ਹਟਵਾਂ ਭੁੰਜੇ ਬੈਠ ਗਿਆ। ਦੋ ਹੋਰ ਸ਼ਰਧਾਲੂ ਆਏ। ਸੰਤ ਦੇ ਪੈਰੀਂ ਹੱਥ ਲਾਏ, ਕੰਬਲ ਭੇਟ ਕੀਤਾ, ਇਕ ਪਗੜੀ, ਇਕ ਅਣਸੀਤਾ ਕੱਪੜਾ। ਮੈਨੂੰ ਆਪਣੇ ਆਪ ਤੋਂ ਕੋਫਤ ਹੋਈ। ਸੰਤ `ਤੇ ਖਿਝ ਚੜ੍ਹ ਗਈ। ਪਖੰਡ। ਬਕਵਾਸ। ਦਿਲ ਕੀਤਾ ਪੁੱਠੇ ਪੈਰੀਂ ਭੱਜ ਜਾਵਾਂ। ਮੈਂ ਇਸ ਬੰਦੇ ਵੱਲ ਬਰੀਕ ਝਾਕਿਆ। ਸੰਤ-ਬੰਦੇ ਨੇ, ਸਿਰ `ਤੇ ਜੋਗੀਏ ਦੀ ਥਾਂ ਸਫੇਦ ਮੜ੍ਹਾਸਾ ਮਾਰਿਆ ਹੋਇਆ ਸੀ। ਗਲ਼, ਬਗੈਰ ਬਾਹਾਂ ਦੇ ਚਿੱਟੀ ਵਾਸਕਟ (ਅਲਫ਼ੀ)। ਤੇੜ, ਧੋਤੀ-ਨੁਮਾ ਚਾਦਰਾ। ਮੈਨੂੰ ਮੇਰੇ ਪਿੰਡ ਦਾ ਪੂਰੂ ਮਰਾਸੀ, ਚੌਕ ਵਿਚ ਜੁੱਤੀਆਂ ਗੰਢਣ ਵਾਲਾ ਪ੍ਰੇਮਾ ਚਮਾਰ, ਸੇਪੀ ਦੇ ਕੱਪੜੇ ਸਿਉਣ ਵਾਲਾ ਧਰਮਾ ਦਰਜੀ, ਖੱਡੀ `ਤੇ ਮਗਨ ਬੈਠਾ ਚੰਦੀ ਜੁਲਾਹਾ, ਪਗੜੀ ਬੰਨ੍ਹ ਕੇ ਹਜਾਮਤਾਂ ਕਰਨ ਵਾਲਾ ਲੁਭਾਇਆ ਨਾਈ, ਮੰਜੀਆਂ ਠੋਕਣ ਵਾਲਾ ਤਾਇਆ ਗਿਆਨ ਸਿੰਘ ਮਿਸਤਰੀ, ਵਿਆਹਾਂ ‘ਚ ਭਾਂਡੇ ਮਾਂਜਣ ਵਾਲਾ ਕਰਮਾ ਝੀਰ ਤੇ ਗੰਨੇ ਪੀੜਦਾ ਸਰਬਣ ਜੱਟ ਯਾਦ ਆਏ! ਕੌਣ ਹੈ ਇਹ ਬੰਦਾ? ਬੰਦਾ ਸਭ ਕੁਝ ਛੱਡ ਛਡਾ ਕੇ ਮੈਨੂੰ ਕੋਠੇ ਲੈ ਗਿਆ। ਆਪਣੇ ਰਿਆਜ਼ ਵਾਲੇ ਕਮਰੇ ਵਿਚ। ਤਾਨਪੁਰਾ ਚੱਕਿਆ। ਸੁਰ ਕੀਤਾ। ਤੇ ਫੇਰ ਨਾਨਕ, ਕਬੀਰ, ਰਵਿਦਾਸ, ਨ੍ਹਾਮਾ, ਬੁੱਲਾ, ਸ਼ਾਹ ਹੁਸੈਨ…ਸੰਗੀਤ ਦੀਆਂ ਸੁਰਾਂ ਨਾਲ ਮੇਰੇ ਪਰਖੱਚੇ ਉੜਾ ਦਿੱਤੇ। ਨਵਾਂ ਜਨਮ ਜਿਵੇਂ। ਇਹ ਉੱਪਰ ਸੋਚਿਆਂ ਵਿਚੋਂ ਕੁਝ ਵੀ ਨਹੀਂ ਸੀ। ਇਹ ਤਾਂ ਨੂਰੀ ਅੱਖ ਵਾਲਾ ਫਕੀਰ ਕੋਈ, ਜੋਗੀ ਵਿਚੜਿਆ ਆਪਣੀ ਰੂਹ ਨਾਲੋਂ! ਮਿਲ ਗਿਆ ਮੈਨੂੰ, ਪਿੱਪਲ ਦੀ ਜੜ ਕੋਲ। ਪਿੱਪਲ ਦੀ ਸਿਖਰ ਤੋਂ ਵਰ੍ਹਦਾ ਮੀ੍ਹਹ! ਏਹੋ ਜਿਹੇ ਬੰਦੇ ਮੈਨੂੰ ਪਿਛਲੇ ਜਨਮਾਂ ਦੇ ਸੰਗੀ ਕਿਉਂ ਲੱਗਣ ਲੱਗ ਪੈਂਦੇ? ਬਹੁਤ ਜਨਮੁ ਕੇ ਬਿਛੜੇ ਮਾਧੋ!
ਦਿਲ ਨੇ ਕਿਹਾ-ਕਰੋ ਦੋਸਤੀ ਇਸ ਜੋਗੀ ਨਾਲ। ਦਿਮਾਗ ਨੇ ਕਿਹਾ – ਸਾਧ ਨਾਲ ਕਾਹਦੀ ਦੋਸਤੀ? ਡੇਰਿਆਂ ਨਾਲ ਕੀ ਵਾਸਤਾ? ਫਕੀਰਾਂ ਨਾਲ ਕਾਹਦੇ ਯਰਾਨੇ? ਜੋਗੀਆਂ ਨਾਲ ਕਾਹਦੀਆਂ ਜੋੜੀਆਂ? ਪਰ ਇਹ ਬੰਦਾ ਕੁਝ ਹੋਰ ਨਿਕਲਿਆ, ਨਾ ਡੇਰਾ-ਵਾਦ ਨਾ ਸਾਧ-ਗਿਰੀ। ਸੰਗੀਤ ਨੇ ਸੰਜੋਗ ਜੋੜ ਦਿੱਤਾ। ਕਦੀ ਇਹ ਬੰਦਾ ਮੇਰੇ ਘਰ, ਕਦੀ ਮੈਂ ਇਹਦੀ ਕੁਟੀਆ। ਕੁਟੀਆ ਮੈਨੂੰ ਚੰਗੀ ਲੱਗਣ ਲੱਗ ਪਈ। ‘ਸੰਤ’ ਕਹਿਣ ਨੂੰ ਮੇਰਾ ਦਿਲ ਨਾ ਕਰੇ। ਸਤਨਾਮ ਕਹਿਣਾ ਵਾਜਬ ਨਹੀਂ ਸੀ। ਸੋ ਮੈਂ ‘ਤੁਸੀਂ’ ਨਾਲ ਕੰਮ ਚਲਾਉਂਦਾ ਰਿਹਾ। ਅਸੀਂ ਹੱਥ ਮਿਲਾਉਂਦੇ, ਉੱਚਾ ਹੱਸਦੇ, ‘ਹਰ ਕਿਸਮ’ ਦੀਆਂ ਗੱਲਾਂ ਕਰਦੇ। ਕਦੇ ਵੈਰਾਗ `ਚ ਚਲੇ ਜਾਂਦੇ ਕਦੇ ਅਨੁਰਾਗ `ਚ। ਅੰਤ ਰਾਗ ਹੁੰਦਾ। ਕਦੀ ਮੈਂ ਵਜਦ ਦੇ ਲਾਡ `ਚ ਆ ਕੇ ਕਹਿਣਾ “ਸੰਤੋ! ਕਾਇਆ ਕਲਪ!” “ਸੰਤੋ! ਅੱਜ ਸੈਰ!” “ਸੰਤੋ ਅੱਜ ਚਾਹ ਪਕੌੜੇ’’ “ਸੰਤੋ ਅੱਜ ਕਬੀਰ’’; ਹੌਲੀ ਹੌਲੀ ‘ਸੰਤੋ’ ਲਫ਼ਜ਼ ਮੈਨੂੰ ਚੰਗਾ ਲੱਗਣ ਲੱਗ ਪਿਆ। ਮੈਂ ਇਕ ਵਾਰ ‘ਸੰਤੋ’ ਕਹਿ ਕੇ ਹੱਸ ਪਿਆ, ਸੰਤ ਕਹਿੰਦੇ ਕੀ ਗੱਲ ਹੱਸੇ ਕਿਉਂ? ਮੈਂ ਦੱਸਿਆ- ਬਚਪਨ ‘ਚ ਮੇਰਾ ਛੋਟਾ ਲੜਾਕਾ ਭਰਾ ਜਦ ਮੇਰੇ ਨਾਲ ਲੜ ਪੈਂਦਾ ਤਾਂ ਮੈਨੂੰ ਗੁੱਸੇ ਨਾਲ ਕਹਿੰਦਾ ‘ਸੰਤੋ, ਘੜੰਤੋ, ਜਸਵੰਤੋ!’ ਸੋ ਇਕ ਤਰੀਕੇ ਨਾਲ ਮੈਂ ਵੀ ‘ਸੰਤੋ’ ਈ ਆਂ।’ ਸੰਤ ਹੱਸੇ ਤੇ ਇਸੇ ਗੱਲ `ਤੇ ਚੇਲੇ ਨੂੰ ਚਾਹ ਪਕੌੜੇ ਬਣਾਉਣ ਲਈ ਕਿਹਾ। ਦੋਸਤੀ ਸੰਗੀਤ ਤੋਂ ਚਾਹ ਪਕੌੜਿਆਂ ਤਕ ਪੁਹੰਚ ਗਈ। ਰਿਸ਼ਤਾ ਗੂਹੜੇ ਜੋਗੀਆ ਰੰਗ ‘ਚ ਰੰਗਿਆ ਗਿਆ।
ਪਹਿਲਾਂ ਕਿਸੇ ਦੋਸਤ ਨੇ ਜਲੰਧਰ ਆਉਣਾ ਤਾਂ ਮੇਰੇ ਕੋਲ ਜਲੰਧਰ ਇਕੋ ਬੰਦਾ ਹੁੰਦਾ ਸੀ ਦਿਖਾਉਣ ਲਈ-‘ਕਹਾਣੀਕਾਰ ਪ੍ਰੇਮ ਪ੍ਰਕਾਸ਼’। ਹੁਣ ਦੋ ਹੋ ਗਏ ਕਹਾਣੀਕਾਰ ਪ੍ਰੇਮ ਪ੍ਰਕਾਸ਼ ਤੇ ਸੰਗੀਤਕਾਰ ਸੰਤ ਸਤਨਾਮ ਸਿੰਘ।
ਬਸੰਤ ਰੁੱਤੇ ਇਹ ਸੰਗੀਤਕਾਰ ਆਪਣੀ ਕੁਟੀਆ ‘ਚ ਸੰਗੀਤ-ਸਮਾਗਮ ਰੱਖਦਾ। ਮੈਂ ਸਮਾਗਮਾਂ- ਸਮਾਰੋਹਾਂ- ਪ੍ਰਧਾਨਗੀਆਂ ਤੋਂ ਭੱਜਣ ਵਾਲਾ ਬੰਦਾ। ਸੰਗੀਤਕਾਰ ਕਹਿੰਦਾ ਆਉਣਾ ਜ਼ਰੂਰ। ਅਣਮੰਨੇ ਮਨ ਨਾਲ ਗਿਆ। ਚਲਦੇ ਸੰਗੀਤ ਸਮਾਰੋਹ `ਚ ਚੁੱਪ-ਚਾਪ ਪਿਛਲੀ ਪੰਕਤੀ `ਚ ਜਾ ਬੈਠਾ। ਦੇਸੀ ਜੇਹੇ ਸ਼ਾਮਿਆਨੇ ਹੇਠ ਸੌ ਕੁ ਸ਼ਰਧਾਲੂ, ਚੇਲੇ ਬਾਲਕੇ, ਸੰਗੀਤ-ਪ੍ਰੇਮੀ, ਲੇਖਕ, ਪੱਤਰਕਾਰ ਅਤੇ ਰੰਗ ਬਰੰਗੇ ਸ੍ਰੋਤੇ, ਸੰਗੀਤ-ਮਗਨ ਬੈਠੇ। ਕਿਸੇ ਨੇ ਸਿਰ ਢਕਿਆ, ਕਿਸੇ ਨੇ ਨਹੀਂ। ਤਬਲਾ-ਵਾਦਕ ਅਕਰਮ ਖਾਂ ਤਿਗੜ ਤਾ, ਤਿਗੜ ਤਾ, ਤਬਲੇ ਦੀ ਟੁਣਕਾਰ ਨਾਲ ਕੁਟੀਆ ਗੂੰਜਣ ਲਾਈ ਬੈਠਾ। ਆਖਰੀ ਠੇਕਾ ਲਾਇਆ ਤੇ ਕੁਟੀਆ ਤਾੜੀਆਂ ਨਾਲ ਤੁੰਨੀ ਗਈ। ਗੂੰਜਦੀਆਂ ਤਾੜੀਆਂ `ਚ ਮੈਨੂੰ ਕਿਸੇ ਨੇ ਅੱਗੇ ਆ ਕੇ ਬਹਿਣ ਦਾ ਇਸ਼ਾਰਾ ਕੀਤਾ। ਮੈਂ ਦੂਰੋਂ ਹੱਥ ਜੋੜ ਦਿੱਤੇ। ਸਮਾਗਮ ਖਤਮ ਹੋਣ ਵਾਲਾ ਸੀ ਤੇ ਸੰਤ ਸਤਨਾਮ ਸਿੰਘ ਨੇ ਆਖਰ ਵਿਚ ਸ਼ਬਦ ਗਾਇਨ ਲਈ ਆਪਣਾ ਤਾਨਪੁਰਾ ਸੁਰ ਕੀਤਾ। ਪੂਰਾ ਵਾਤਾਵਰਣ ਸੁਰ ‘ਚ ਬੱਝਣਾ ਸੁæਰੂ ਹੋ ਗਿਆ। ਅੱਖਾਂ ਮੁੰਦ ਲਈਆਂ ਜੋਗੀ ਨੇ ਤੇ ਇਕ ਸੁਰ ਹਵਾ ਅੰਦਰ ਲਹਿਰਾ ਦਿੱਤਾ –
–ਬਾਬਲ ਮੋਰਾ ਨਹੀਯਰ ਛੂਟੋ ਜਾਏ…
ਚਾਰ ਕਹਾਰ ਮਿਲ, ਡੋਲੀਆ ਸਜਾਏ
ਅਪਨਾ ਬੇਗਾਨਾ ਛੂਟੋ ਜਾਏ …
ਨਵਾਬ ਵਾਜਦ ਅਲੀ ਸ਼ਾਹ ਦੀ ਇਹ ਰਚਨਾ ਇਸ ਸੰਗੀਤ ਦੇ ਸ਼ਹਿਨਸ਼ਾਹ ਨੇ ਫਕੀਰਾਨਾ ਅੰਦਾਜ਼ ‘ਚ ਗਾਈ। ਸ੍ਰੋਤੇ ਮੰਤਰ-ਮੁਗਧ ਕਰ ਦਿੱਤੇ, ਸੋ੍ਰਤੇ ਝੂਮਣ ਲਾ ਦਿੱਤੇ, ਸ੍ਰੋਤੇ ਕੀਲ ਲਏ ਵਰਗੀਆਂ ਘਸੀਆਂ ਪਿਟੀਆਂ ਕਈ ਤਸ਼ਬੀਹਾਂ ਇਸ ਅਲੋਕਾਰੀ ਆਵਾਜ਼ ਨੇ ਤਰੋੜ ਮਰੋੜ ਕੇ ਪਰੇ ਕਰ ਸੁੱਟੀਆਂ। ਮੇਰੀ ਲੱਗੀ ਸੰਗੀਤ-ਸੁਰਤੀ ਸ੍ਰੋਤਿਆਂ ਦੀ ਭੀੜ `ਚੋਂ ਉੱਠੀਆਂ ਬੇਥ੍ਹਵੀਆਂ ਤਾੜੀਆਂ ਨੇ ਤੋੜ ਦਿੱਤੀ। ਸੰਤਾਂ ਦੀ ਆਵਾਜ਼ ਆਈ- ਬੰਦ ਕਰੋ ਇਹ ਤਾੜੀਆਂ। ਸੰਗੀਤ ਨੂੰ ਮਾਣੋ ਤੇ ਸ਼ਬਦ ਨੂੰ ਸਮਝੋ। ਤਾੜੀਆਂ ਨਾ ਮਾਰੋ ਪਲੀਜ਼।” ਸੰਤਾਂ ਦੀ ਸ੍ਰੋਤਿਆਂ ਨੂੰ ਕਹੀ ਇਸ ਗੱਲ ਨੇ ਅੰਨ੍ਹੇਵਾਹ ਤਾੜੀਆਂ ਵਜਾਂਉਂਦੇ ਹੱਥਾਂ ਨੂੰ ਹੋਸ਼ ਦਾ ਜੰਦਰਾ ਮਾਰ ਦਿੱਤਾ। ਬਾਅਦ ਵਿਚ ਹਰ ਗਾਇਨ ਤੋਂ ਬਾਅਦ ਲੋਕਾਂ ਦੇ ਹੱਥ, ਆਦਤਨ ਤਾੜੀਆਂ ਲਈ ਉੱਠ ਪੈਂਦੇ ਤਾਂ ਸੰਗੀਤਕਾਰ ਹੱਸ ਪੈਂਦਾ।
ਇਕ ਦਿਨ ਮੇਰੇ ਨਾਲ ਬੈਠਿਆਂ ਸੰਗੀਤਕਾਰ ਨੇ ਹਾਰਮੋਨੀਅਮ ‘ਤੇ ਛੋਹਿਆ ਸ਼ਬਦ ‘ਮਾਨਸ ਜਨਮ ਦੁਲੰਭ ਹੈ’ ਵਿਚੇ ਰੋਕ ਦਿੱਤਾ। ਕਿਹਾ-ਇਹ ਜਿਹੜੀ ਗੱਲ ਐ ਨਾ ਕਿ ਮਾਨਸ ਜਨਮ ਦੁਲੱਭ ਹੈ, ਸੱਚ ਦੱਸਾਂ, ਮੈਨੂੰ ਤਾਂ ਇਹ ਮਾਨਸ-ਦੇਹ ਸਭ ਤੋਂ ਵੱਧ ਨਖਿੱਧ ਲਗਦੀ ਹੈ। ਬਾਕੀ ਪਸੂ ਪੰਛੀ ਕੁਦਰਤੀ ਜੰਮਦੇ ਨੇ, ਮਰ ਜਾਂਦੇ ਨੇ। ਕਦੀ ਕਿਸੇ ਡਾਕਟਰ ਕੋਲ ਨਹੀਂ ਜਾਂਦੇ। ਜਾਨਵਰ ਜੰਮਦਾ ਈ ਮਿੰਟਾਂ ‘ਚ ਤੁਰਨ ਲੱਗ ਜਾਂਦਾ। ਇਹ ਮਾਨਸ ਜੰਮਦਾ ਤਾਂ ਤੁਰਦਾ ਈ ਨਹੀਂ, ਕਦੀ ਉਂਗਲੀ ਫੜੋ, ਕਦੀ ਗਡੀਰਾ ਦਿਓ। ਫੇਰ ਇਹ ਜੰਮਦਾ ਤਾਂ ਬੋਲਦਾ ਈ ਨਹੀਂ, ਕਦੀ ਤਾਲੂ ਠੋਕੋ ਕਦੀ ਤਾੜੀ। ਮਰਜ਼ੀ ਤਾਂ ਹੈ ਈ ਨਹੀਂ ਇਹਦੀ, ਜੰਮਦੇ ਤੋਂ ਛਿੱਤਰ ਪੈਣੇ ਸ਼ੁਰੂ। ਤੁਰ, ਬੋਲ। ਇਹ ਜੰਮਦਾ, ਅੰਦਰ ਰੋਈ ਜਾਂਦਾ, ਤੇ ਬਾਹਰ ਲੋਕ ਭੰਗੜੇ ਪਾਈ ਜਾਂਦੇ। ਕਿਆ ਵਿਡੰਬਨਾ।’
ਸੰਗੀਤਕਾਰ ਦਾ ਬਚਪਨ ਜ਼ਰੂਰ ਅਜੀਬ ਹੋਵੇਗਾ। ਮੈਂ ਸੋਚਿਆ।
-ਬਚਪਨ ‘ਚ ਈ ਮੈਨੂੰ ਮੇਰੇ ਮਾਂ ਪਿਓ ਨੇ ਇਕ ਡੇਰੇ ‘ਚ ਛੱਡ ਦਿੱਤਾ। ਮੇਰੇ ਮਾਂ ਬਾਪ, ਡੇਰੇ ਦੇ ਪੱਕੇ ਸ਼ਰਧਾਲੂ ਸਨ। ਮੇਰਾ ਸਾਰਾ ਬਚਪਨ ਓਥੇ ਗੁਜ਼ਰਿਆ। ਮੈਨੂੰ ਮੇਰੇ ਆਸ ਪਾਸ ਦੇ ਕਹਿਣ ਲੱਗੇ- “ਤੇਰੀ ਸ਼ਕਲ ਤੇ ਆਵਾਜ਼ ਡੇਰੇ ਦੇ ਗੁਰੂ ਨਾਲ ਮਿਲਦੀ ਹੈ।” ਮੈਂ ਕਿਹਾ ਮੈਂ ਮਾਂ ਨੂੰ ਪੁੱਛਾਂਗਾ। ਮੈਂ ਮਾਂ ਨੂੰ ਪੁੱਛਿਆ ਤੇ ਕਿਹਾ- ਜੇ ਮੇਰਾ ਬਾਪ, ਡੇਰੇ ਦਾ ਗੁਰੂ ਹੈ ਤਾਂ ਮੈਂ ਭਾਗਾਂ ਵਾਲਾ ਹਾਂ, ਜੇ ਮੇਰਾ ਬਾਪ ਤੇਰੇ ਘਰ ਵਾਲਾ ਹੈ ਤਾਂ ਮੇਰੇ ਵਰਗਾ ਕੋਈ ਬਦਕਿਸਮਤ ਨਹੀਂ।” ਮਾਂ ਨੂੰ ਪਤਾ ਸੀ ਉਹਦਾ ਪਤੀ ਡੇਰੇ ਦਾ ਗੁਰੂ ਹੋਣਾ ਚਾਹੀਦਾ, ਸ਼ਰਧਾਲੂ ਨਹੀਂ। ਔਰਤ ਬੰਦੇ ਨੂੰ ਕੀ ਦਾ ਕੀ ਕਰ ਦਿੰਦੀ ਹੈ, ਬੰਦਾ ਬੰਦੇ ਨੂੰ ਸਵਾਹ ਕਰ ਦਿੰਦਾ।’
ਮੈਂ ਸੰਗੀਤਕਾਰ ਦੀਆਂ ਗੱਲਾਂ ਗਹੁ ਨਾਲ ਸੁਣਦਾ।
– ਮੈਂ ਦਸ ਬਾਰਾਂ ਸਾਲਾਂ ਦਾ ਸੀ ਜਦੋਂ ਘਰੋਂ ਬਾਹਰ ਹੋ ਗਿਆ। ਮੇਰੀ ਤਰਵੰਜਾ ਸਾਲ ਉਮਰ ਹੋ ਗਈ। ਚਾਲੀ ਸਾਲਾਂ ਤੋਂ ਮੈਂ ਘਰੋਂ ਬਾਹਰ ਫਿਰਦਾਂ। ਮੈਂ ਡੇਰੇ ‘ਚ ਝਾੜੂ ਫੇਰਿਆ, ਜੁੱਤੀਆਂ ਝਾੜੀਆਂ, ਗਾਲਾਂ ਖਾਧੀਆਂ, ਜੁੱਤੀਆਂ ਜਰੀਆਂ, ਗਜਾ ਕੀਤਾ, ਘਰ-ਘਰ ਮੰਗਿਆ, ਇਹ ਮੇਰਾ ਆਪਣਾ ਅਨੁਭਵ ਹੈ, ਇਹਦੇ ‘ਚੋਂ ਮੇਰਾ ਸੁਰ ਜਾਗਿਆ।’
ਓਸੇ ਅਨੁਭਵ ‘ਚੋਂ ਬਗਾਵਤ ਜਾਗੀ ਤੇ ਡੇਰੇ ਦੇ ਮੁਖੀ ਤੋਂ ਮੁੱਖ ਮੋੜ ਲਿਆ। ਚੇਲਾ ਭੱਜ ਆਇਆ। ਤੇ ਸਕੂਲ-ਮਾਸਟਰ ਬਾਪ ਨੇ ਵੱਖਰੀ ਜਗ੍ਹਾ ਲੈ ਦਿੱਤੀ। ਉਸੇ ਜਗ੍ਹਾ ਅੰਦਰ ਸੁਰਾਂ ਦਾ ਦਰਦ ਖਿੜ ਗਿਆ। ਆਸੇ ਪਾਸੇ ਬੂਟੇ ਲੱਗ ਗਏ। ਰੁੱਖ ਝੂੰਮਣ ਲੱਗ ਪਏ। ਸ਼ਰਧਾਲੂ ਤੇ ਸੰਗੀਤ ਪ੍ਰੇਮੀ ਆਉਣੇ ਸ਼ੁਰੂ ਹੋ ਗਏ। ਸੁੰਨੇ ਪਿੱਪਲ ਹੇਠ ਦੀਵੇ ਜਗਣੇ ਸ਼ੁਰੂ ਹੋ ਗਏ। ਚੇਲਾ ਸਤਨਾਮ ਸਿੰਘ, ‘ਸੰਤ ਸਤਨਾਮ ਸਿੰਘ’ ਹੋ ਗਿਆ। ਗੋਡੇ ਘੁੱਟਣ ਵਾਲਿਆਂ ਨੂੰ ਗੋਡੇ ਲੱਭ ਗਏ, ਸੰਤਾਂ ਨੂੰ ਕੁਟੀਆ ਲੱਭ ਗਈ ਪਰ ਸੰਗੀਤ ਦਾ ਸੋਨਾ ਕੁਠਾਲੀ ‘ਚ ਲਿਸ਼ਕਦਾ ਰਿਹਾ।
ਮੈਂ ਇਕ ਵਾਰ ਕਿਹਾ- ਤੁਸੀਂ ਸੰਤ ਹੋ ਕਿ ਸੰਗੀਤਕਾਰ?’
-ਜੀਣ ਲਈ ਕਈ ਪਖੰਡ ਕਰਨੇ ਪੈਂਦੇ ਨੇ।” ਜੁਆਬ ‘ਚ ਮੈਨੂੰ ਠਿੱਠ ਕਰਨ ਵਾਲਾ ਹਾਸਾ ਹੱਸਿਆ। ਮੈਂ ਮੋੜਵੇਂ ਹਾਸੇ ਨਾਲ ਕਿਹਾ-ਤੁਸੀਂ ਤਾਂ ਮੇਰੇ ਨਾਲੋਂ ਵੀ ਵੱਧ ਪਖੰਡੀ ਹੋ।”
ਉਹ ਐਡੀਡਾਸ ਦੇ ਬੂਟ ਪਾ ਸੈਰ ਕਰਦਾ, ਜੋਗੀਆ ਕੁੜਤਾ ਚਾਦਰਾ ਲਾ ਕੇ ਜੀਪ ਚਲਾਉਂਦਾ। ਖੇਤੋ ਖੇਤ, ਘਰੋ-ਘਰ, ਸ਼ਹਿਰੋ ਸ਼ਹਿਰ, ਦੇਸ ਬਦੇਸ ਘੁੰਮਦਾ। ਜਿਵੇਂ ਜੋਗੀਆ ਚਾਦਰੇ ਨਾਲ ਸਾਰੀ ਦੁਨੀਆਂ ਹੂੰਝ ਦੇਣੀ ਹੋਵੇ।
ਦੁਨੀਆਂ ਹੂੰਝਦੇ ਸੰਗੀਤਕਾਰ ਅੰਦਰ ਇਕ ਖ਼ਾਸ ਨੁਕਸ ਪੈਦਾ ਹੋਣਾ ਸ਼ੁਰੂ ਹੋ ਗਿਆ। ਸਾਹਿਤਕਾਰਾਂ ਦਾ ਸ਼ੌਕ। ਮੈਂ ਸਾਹਿਤ ਦਾ ਸ਼ੌਕ ਤਾਂ ਸੁਣਿਆ ਸੀ, ਇਹ ਸਾਹਿਤਕਾਰਾਂ ਦਾ ਸ਼ੌਕ ਕੀ ਹੋਇਆ? ਮੈਂ ਦੇਖਿਆ, ਸੰਗੀਤਕਾਰ ਨੇ, ਪੰਜਾਬੀ ‘ਗੱਗਾ ਜੱਜਾ ਲੱਲਾ, ਲੱਲੇ ਨੂੰ ਕੰਨਾਂ ਉੱਤੇ ਬਿੰਦੀ’ ਲਿਖਣ-ਗਾਉਣ ਵਾਲਿਆਂ ਦੇ ਰੰਗ ਬਰੰਗੇ ਨਾਂ ਲੈਣੇ ਸੁæਰੂ ਕਰ ਦਿੱਤੇ ਸਨ।
ਸੰਗੀਤਕਾਰ ਨੇ ਮੈਨੂੰ ਕਿਹਾ-ਮੇਰਾ ਦਿਲ ਕਰਦਾ ਆਪਾਂ ਕੁਟੀਆ ‘ਚ ਸਾਹਿਤਕਾਰਾਂ ਦਾ ਬਸੰਤ-ਮੇਲਾ ਰੱਖੀਏ। ਫਲਾਂ ਫਲਾਂ ਲੇਖਕ ਮੇਰੇ ਕਹੇ `ਤੇ ਆ ਜਾਣਗੇ। ਐਸਾ ਕਵੀ ਦਰਬਾਰ ਕਰਾਈਏ ਕਿ …।” ਮੈਂ ਕਿਹਾ- ਸੰਤੋ! ਤੁਸੀਂ ਚਾਹੁੰਦੇ ਹੋ ਆਪਾਂ ਮਿਲਣਾ ਬੰਦ ਕਰ ਦਈਏ?”
ਇਕ ਸ਼ਾਮ ਕੁਟੀਆ ਗਿਆ, ਸੰਗੀਤਕਾਰ ਨੇ ਕੋਠੇ ਬੈਠਿਆਂ ਸ਼ਾਮ ਦੇ ਘੁਸਮੁਸੇ ‘ਚ ਆਪਣੇ ਸਿਰਹਾਣੇ ਮੇਰੀ ਕਵਿਤਾਵਾਂ ਦੀ ਨਵੀਂ ਕਿਤਾਬ ਰੱਖੀ ਹੋਈ ‘ਆਵਾਗਵਣੁ’। ਪਤਾ ਨਹੀਂ ਕਿੱਥੋਂ ਲਈ! ਮੈਂ ਬੈਠਾ ਤਾਂ ਕਿਤਾਬ ਖੋਲ੍ਹ ਲਈ। ਹਾਰਮੋਨੀਅਮ ਸੁਰ ਕੀਤਾ ਤਾਂ ਕੋਠੇ ਉੱਪਰ ਛਤਰੀ ਬਣੇ ਦਰਖ਼ਤ ਵਿਚ ਪੰਛੀ ਆਣ ਜੁੜੇ। ਹਾਰਮੋਨੀਆ ਸਿੱਧਾ ਕਰ ਲਿਆ। ਅਸਮਾਨ ਚੀਰਵੀਂ ਆਵਾਜ਼ ਵਿਚ ਕਵਿਤਾ ‘ਰਾਗ ਬਸੰਤ’ ਗਾਈ –
‘ਰਹਿਣ ਦਿਓ ਇਹ ਸਜੀ ਉਜਾੜ
ਨਾ ਫੋਲੋæ ਇਸਨੂੰ
ਹੇਠਾਂ ਪਈ ਹਰਿਆਵਲ ਨੂੰ
ਦੁੱਖ ਪਹੁੰਚੇਗਾ
ਨਾ ਫੋਲੋ ਇਹ ਔੜ ਦੇ ਵਰਕੇ
ਹੇਠਾਂ ਕਣੀਆਂ ਸੁੱਤੀਆਂ ਪਈਆਂ।’
ਆਪਣਾ ਲਿਖਿਆ ਸੁਣ ਕੇ ਮੈਂ ਚੁੱਪ ਹੋ ਗਿਆ। ਸੰਗੀਤਕਾਰ ਹਲਕਾ ਜਿਹਾ ਹੱਸਿਆ। ਮਤਲਬ ਕੈਸਾ ਲੱਗਾ?” ਮੈਂ ਕਿਹਾ- ‘ਚੰਗਾ ਸੁਰ ਮਾੜੀ ਰਚਨਾ ਵੀ ਗਾਏ ਤਾਂ ਉੱਠ ਜਾਂਦੀ। ਵਾਹ ਵਾਹ!’
ਸੰਗੀਤਕਾਰ ਨੇ ਹੌਲੀ ਹੌਲੀ ਸਟੇਜਾਂ ‘ਤੇ ਹੌਲੀਆਂ ‘ਗ’ ਗਾਉਣੀਆਂ ਸੁæਰੂ ਕਰ ਦਿੱਤੀਆਂ। ਮੈਂ ਸੰਗੀਤਕਾਰ ਨੂੰ ਮਿਲਣਾ ਬੰਦ ਕਰ ਦਿੱਤਾ।
ਮਹੀਨੇ ਕੁ ਬਾਅਦ ਸੰਤ ਮੇਰੇ ਘਰ ਆਣ ਧਮਕੇ। ਭਰੇ-ਪੀਤੇ। ਨਾ-ਮਿਲਣ ਦਾ ਗਿਲਾ। ਤੇ ਕੁਟੀਆ ਆਉਣ ਦਾ ਸੱਦਾ।
ਮੈਂ ਅਸਲੀ ਗੱਲ ਕਹਿ ਦਿੱਤੀ “ਸੰਤੋ, ਤੁਹਾਡੇ ਮੁੱਖੋਂ ਕਬੀਰ, ਨਾਨਕ, ਰਵਿਦਾਸ, ਨਾੑਮਾ, ਬੁੱਲਾ, ਬਾਹੂ ਈ ਜਚਦੇ ਨੇ। ਤੁਸੀਂ ਇਲਾਹੀ ਸੁਰ ਦੇ ਫਕੀਰ ਹੋ। ਇਹ ਪੰਜਾਬੀ ਦੇ ‘ਦੀਦ-ਸ਼ੀਦ’ ‘ਕੀਟ-ਪਤੰਗ-ਪਪੀਹੇ’ ‘ਚਾਤਰ-ਸ਼ਾਤਰ’ ਗਾਉਣੇ ਬੰਦ ਕਰੋ।” ਮੇਰੀ ਤਲਖ਼ੀ ਬਾਹਰ ਆ ਗਈ।
-ਦੀਦ ਜੀ! ਬੰਦੇ ਅੰਦਰ, ਬੰਦੇ ਨੂੰ ਸ਼ੋਹਰਤ ਤੇ ਜਸ-ਮਾਣ ਬਖ਼ਸ਼ਣ ਵਾਲਾ, ਉਸਨੂੰ ਉੱਚਾ ਚੁੱਕਣ ਵਾਲਾ ਕਿਰਦਾਰ ਵੀ ਬੈਠਾ ਹੁੰਦਾ ਤੇ ਉਸੇ ਬੰਦੇ ਅੰਦਰ ਉਸਨੂੰ ਡੇਗਣ ਵਾਲਾ, ਬਦਨਾਮ ਕਰਨ ਵਾਲਾ ਤੇ ਛੋਟੇ ਕਰਨ ਵਾਲਾ ਕਿਰਦਾਰ ਵੀ ਬੈਠਾ ਹੁੰਦਾ। ਮੇਰੇ ਅੰਦਰ ਵੀ ਕਈ ਵਾਰ ਛੋਟਾ ਬੰਦਾ ਆਣ ਬੈਠਦਾ। ਪ੍ਰਭੂ ਮੈਨੂੰ ਦੋਵੇਂ ਪਾਸੇ ਦਿਖਾ ਦਿੰਦਾ। ਮੇਰੇ ਦੋਸਤ ਮਿੱਤਰ ਮੇਰੇ ਕੋਲੋਂ ਮੱਲੋਜ਼ੋਰੀ ਇਹ…ਵਗੈਰਾ ਗਵਾ ਦਿੰਦੇ ਆ। ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਹੁੰਨਾਂ ਕਿ ‘ਗਵਾ’ ਤਾਂ ਦਿੱਤਾ, ਹੁਣ ‘ਗੁਆ’ ਨਾ ਦਈਂ। ਪੰਜਾਬੀ ਲੇਖਕ ਅਨੁਭਵ ਦੀ ਗੱਲ ਨਹੀਂ ਕਰਦੇ। ਓਏ, ਅਨੁਭਵ ਦੀ ਗੱਲ ਕਰੋ, ਅਨੁਭਵ ਦੀ। ਫੇਰ ਭਾਵੇਂ ਸਲੀਬਾਂ ਚੱਕੀ ਫਿਰੋ ਭਾਵੇਂ ਝੰਡੇ ਚੱਕੀ ਫਿਰੋ। ਸਾਡੇ ਸੰਤ ਮਹਾਰਾਜ ਕਹਿੰਦੇ ਹੁੰਦੇ ਸੀ ਕਿ ਜੀਹਨੇ ਲੰਗਰ ਵਰਤਾਉਣਾ ਹੈ, ਉਹ ਪਹਿਲਾਂ ਰੱਜ ਕੇ ਖਾ ਲਵੇ। ਨਹੀਂ ਤਾਂ ਨੀਤ ਵਿਚ ਰਹਿੰਦੀ। ਜੇ ਨੀਤ ਵਿਚ ਰਹੇ ਤਾਂ ਦੂਜੇ ਨੂੰ ਆਨੰਦ ਨਹੀਂ ਆਉਂਦਾ। ਦੋ ਤਰਾਂ ਦੀ ਭੁੱਖ ਹੁੰਦੀ, ਇਕ ਮਨ ਦੀ ਇਕ ਤਨ ਦੀ। ਤੇ ਚੰਗਾ ਲਿਖ ਹੀ ਉਹ ਸਕਦਾ ਜੀਹਦੀਆਂ ਦੋਵੇਂ ਭੁੱਖਾਂ ਲੈਵਲ ‘ਚ ਆ ਗਈਆਂ ਹੋਣ। ਜਦੋਂ ਉਹ ਕਹੇ ਕਿ ਮੈਂ ਰੱਜ ਗਿਆਂ ਬਈ ਹੁਣ ਤੂੰ ਲੈ ਜਾ ਬਾਕੀ। ਮੈਂ ਕਹਿੰਨਾ ਕਿ ਤੁਸੀਂ ਆਪਣੇ ਆਪ ਨੂੰ ਚੰਗਾ ਕਹਿਣ ਵਾਲੇ, ਚੰਗੇ ਨਹੀਂ ਬਣ ਸਕਦੇ। ਕਿਉਂਕਿ ਤੁਸੀਂ ਆਪਣੇ ਆਪ ਨੂੰ ਗੰਦਾ ਮੰਨਦੇ ਈ ਨਹੀਂ। ਪਹਿਲਾਂ ਮੰਨੋ ਕਿ ਅਸੀਂ ਮੈਲੇ ਹਾਂ, ਉਜਲੇ ਤਾਂ ਈ ਬਣੋਗੇ। ਤੁਸੀਂ ਤਾਂ ਕਹਿੰਦੇ ਓ ਅਸੀਂ ਪਹਿਲਾਂ ਈ ਦੁੱਧ ਧੋਤੇ ਆਂ। ਤੁਸੀਂ ਚੰਗੇ ਸੁਆਹ ਬਣਨਾ? ਜੀਹਦੇ ਅੰਦਰ ਰਾਗ ਨਹੀਂ ਉਹਦੇ ਅੰਦਰ ਵੈਰਾਗ ਨਹੀਂ ਹੋ ਸਕਦਾ।
ਉਹ ਸਾਹਿਤਕਾਰਾਂ ਦਾ ਸੰਤ ਸੀ। ਸਾਹਿਤਕਾਰਾਂ ਨੂੰ ਸੰਤਾਂ ਦੀ ਤੇ ਸੰਤਾਂ ਨੂੰ ਸਾਹਿਤਕਾਰਾਂ ਦੀ ਲੋੜ ਕਿਉਂ ਪੈਂਦੀ? ਸ਼ਾਇਦ ਸੰਗੀਤ ਇਸ ਦੀ ਜੜ ਹੋਵੇ! ਤਾਂ ਈ ਤਾਂ ਮੈਂ ਇਕ ਦੋ ਵਾਰ, ਮਿੱਤਰ ਸਾਹਿਤਕਾਰਾਂ ਨੂੰ ਸੰਤ-ਸੰਗੀਤਕਾਰ ਨਾਲ ਮਿਲਾਉਣ ਲੈ ਗਿਆ। ਇਕ ਬੰਦਾ ਤਾਂ ਉਹਦਾ ਗਾਇਨ ਸੁਣ ਕੇ, ਬੁੱਕ ਬੁੱਕ ਰੋ ਕੇ ਆ ਗਿਆ, ਦੂਜੇ ਦੀ ਸੰਤਾਂ ਨੇ ਜਾਂਦਿਆਂ ਈ ਝੰਡ ਕਰ ਦਿੱਤੀ। ਮੈਂ ਮੁੜ ਕੇ, ਕਿਸੇ ਇਕ ਅੱਧੇ ਨੂੰ ਈ ਕੁਟੀਆ ਲੈ ਕੇ ਗਿਆ। ਫੇਰ, ਜਦ ਵੀ ਗਿਆ, ਕੱਲਾ ਗਿਆ।
‘ਕਬੀਰ ਸਾਧੂ ਕੋ ਮਿਲਨੇ ਜਾਈਏ, ਸਾਥ ਨਾ ਲੀਜੈ ਕੋਇ।’
ਪਰ ਸਾਹਿਤਕਾਰ ਓਥੇ ਟੋਲੇ ਬੰਨ੍ਹ ਬੰਨ੍ਹ ਜਾਂਦੇ ਰਹੇ। ਸੰਗੀਤਕਾਰ ਤਾਂ ਟੋਲੇ ‘ਚ ਬੈਠੇ ਬੰਦੇ ਨੂੰ ਵੀ ਕੱਲਾ ਕਰ ਦਿੰਦਾ। ਉਹਦੇ ਸੰਗੀਤ ਦਾ ਇਹੀ ਜਲਵਾ ਸੀ। ਹਰ ਅੱਛੀ ਕਿਰਤ ਬੰਦੇ ਨੂੰ ਕੱਲਾ ਕਰ ਦਿੰਦੀ। ਭੀੜ ਨਾਲੋਂ ਵੱਖ ਕਰ ਦਿੰਦੀ। ਬਾਹਰ ਨਾਲੋਂ ਤੋੜ ਦਿੰਦੀ। ਅੰਦਰ ਨਾਲ ਜੋੜ ਦਿੰਦੀ। ਸੰਗੀਤਕਾਰ ਅਦਭੁਤ ਬੰਦਾ। ਦਿਲੋਂ ਮਿੱਠਾ, ਜ਼ਬਾਨੋਂ ਕੌੜਾ। ਕੌੜੇ ਸੱਚ ਦੇ ਨੇੜੇ। ਮੈਂ ਉਸਨੂੰ ਸੰਗੀਤ ਦੇ ਮਿੱਠੇ ਜਲ-ਸਾਗਰ ਵਹਾਂਉਂਦਿਆ ਵੀ ਦੇਖਿਆ ਅਤੇ ਉਸੇ ਨੂੰ ਧੜੀ ਧੜੀ ਦੀਆਂ ਗਾਲਾਂ ਕੱਢਦੇ ਵੀ ਸੁਣਿਆ।
ਸੰਗੀਤਕਾਰ ਕੁਟੀਆ ਦੀ ਕਿਸੇ ਚੀਜ਼ ਨੂੰ ਤਾਲਾ ਨਾ ਮਾਰਦਾ। ਪਰ ਚਾਬੀਆਂ ਦਾ ਗੁੱਛਾ ਹਮੇਸ਼ਾ ਉਹਦੇ ਖਾਲੀ ਖੀਸੇ ‘ਚ ਹੁੰਦਾ। ਸੰਗੀਤਕਾਰ ਨੇ ਇਕ ਦਿਨ ਆਪਣੇ ਇਕ ਚੇਲੇ ਨੂੰ ਕਿਹਾ- ਜਦ ਮੈਂ ਮਰਿਆ, ਤੂੰ ਕਹਿਣਾ ਚੰਗਾ ਹੋਇਆ ਖਹਿੜਾ ਛੁੱਟਾ, ਐਵੇਂ ਟੰਗੀ ਰੱਖਦਾ ਸੀ।’ ਚੇਲਾ ਕਹਿੰਦਾ- ਗੁਰੂ ਜੀ ਇਹ ਮੈਂ ਕੱਲੇ ਨੇ ਥੋੜ੍ਹੋਂ, ਇਹ ਤਾਂ ਸਾਰਿਆਂ ਨੇ ਈ ਕਹਿਣਾ।’ ਸਾਰੇ ਚੇਲੇ, ਸਣੇ ਸੰਤ ਦੇ, ਖਿੜਖਿੜਾ ਕੇ ਹੱਸ ਪਏ।
ਮੈਂ ਇਨ੍ਹਾਂ ਚੇਲਿਆਂ ਨੂੰ ਸੇਵਾ ਕਰਦੇ ਦੇਖਦਾ, ਸੰਗੀਤ ਦੀਆਂ ਸੁਰਾਂ ਮੇਚਦੇ, ਸੁਰਾਂ ਚੱਕਦੇ ਦੇਖਦਾ। ਲੂਟੇ ਲੂਟੇ ਮੁੰਡੇ। ਕੋਈ ਠ੍ਹਾਰਾਂ ਵਰਿ੍ਹਆਂ ਦਾ, ਕੋਈ ਸੋਲ਼੍ਹਾਂ ਦਾ। ਚਿਹਰਿਆਂ ‘ਤੇ ਸੰਗੀਤ ਦਾ ਨੂਰ ਤੇ ਡੇਰੇ ਦੇ ਖਾਧੇ ਬਦਾਮਾਂ ਤੇ ਦੇਸੀ ਘਿਓ ਦੇ ਕੜਾਹ ਦੀ ਚਮਕ। ਮੇਰਾ ਦਿਮਾਗ ਪੁੱਠਾ ਚੱਲਣ ਲੱਗ ਪੈਂਦਾ। ਮੈਨੂੰ ਸੂਫੀ ਫਕੀਰਾਂ ਦੇ ਕਿੱਸੇ ਯਾਦ ਆਉਣ ਲੱਗ ਜਾਂਦੇ। ਸ਼ਾਹ ਹੁਸੈਨ ਤੇ ਮਾਧੋ ਦੇ ਇਸ਼ਕ ਦੀਆਂ ਬਾਤਾਂ ਉਘੜਨ ਲੱਗ ਪੈਂਦੀਆਂ। ਮੈਂ ਕੱਲਾ ਬੈਠਾ ਸੰਗੀਤਕਾਰ ਦੀ ਸੈਕਸ ਲਾਈਫ਼ ਬਾਰੇ ਸੋਚਣ ਲੱਗ ਪੈਂਦਾ। ਉਮਰ 45-50 ਸਾਲ ਹੋ ਗਈ, ਬੰਦੇ ਨੇ ਵਿਆਹ ਨਹੀਂ ਕਰਵਾਇਆ, ਕਿਵੇਂ ਗੁਜ਼ਾਰਾ ਚਲਦਾ ਹੋਊ? ਇਕ ਦਿਨ ਮੈਂ ਕੱਲੇ ਬੈਠੇ ਨੇ ਅੱਧੀ ਰਾਤੀਂ ਆਪਣੇ ਮੂੰਹ ‘ਤੇ ਥੱਪੜ ਮਾਰਿਆ-ਤੂੰ ਨਾ ਹਟੀਂ ਪਿਓ ਦਿਆ ਪੁੱਤਾ ਪੁੱਠਾ ਸੋਚਣ ਤੋਂ!’ ਤੇ ਆਖਰ ਇਕ ਦੁਪਹਿਰ, ਪੁੱਠੀ ਸੋਚ ਦਾ ਪ੍ਰਸ਼ਨ ਬਣਾ ਕੇ ਕੁਟੀਆ ‘ਚ ਖੁੱਲ੍ਹੇ ਕੋਠੇ ਦੀ ਧੁੱਪੇ ਬੈਠੇ ਸੰਤਾਂ ਅੱਗੇ ਰੱਖ ਦਿੱਤਾ। ਸੰਤ ਆਪਣੇ ਕੁੜਤੇ ਦੇ ਡੂੰਘੇ ਖੀਸੇ ਵਿਚ ਆਪਣਾ ਖਾਲੀ ਹੱਥ ਪਾ ਕੇ ਬੋਲੇ-
‘ਰਾਮ ਪਦਾਰਥ ਪਾਇ ਕੇ, ਕਬੀਰਾ ਗਾਂਠ ਨਾ ਖੋਲ੍ਹ। …ਇਹ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ। ਔਰਤ ਨੂੰ ਅਸੀਂ ਵੱਖਰਾ ਕਿਓਂ ਦੇਖਦੇ ਹਾਂ? ਇਹ ਤਾਂ ਸੰਜੋਗ ਹੈ ਕਿ ਤੁਸੀਂ ਮਿਲ ਪਏ। ਕੋਈ ਤੁਹਾਡਾ ਨਹੀਂ। ਇਹ ਸਭ ਧੋਖੇ ਨੇ। ਮੈਂ ਵੀ ਹੱਡ ਮਾਸ ਕਾ ਪੁਤਲਾ ਹਾਂ। ਮੇਰੀਆਂ ਵੀ ਕਮਜ਼ੋਰੀਆਂ। ਕਈ ਵਾਰ ਕਾਮ ਦਾ ਸਾਹਮਣਾ ਕਰਨਾ ਪਿਆ। ਮੈਨੂੰ ਦੁਨੀਆਂ ਦਾ ਡਰ ਨਹੀਂ, ਡਰ ਤਾਂ ਮੈਨੂੰ ਆਪਣੇ ਆਪ ਤੋਂ ਲਗਦਾ ਬਈ ਕਿਤੇ ਫੜੇ ਈ ਨਾ ਜਾਈਏ। ਕਹੀਦਾ, ਚੁੱਪ ਕਰ ਜਾ। ਬੰਦਾ ਬਣ ਜਾ। ਅੰਦਰ ਬਹਿ ਜਾ। ਬਾਹਰ ਤਾਂ ਲੋਕ ਤੈਨੂੰ ਫੜਨ ਲਈ ਬੈਠੇ ਨੇ। ਪਰ ਔਰਤ, ਮਰਦ ਦੇ ਮਕਾਬਲੇ ਜਾਦਾ ਕਪਟੀ ਹੈ। ਉਹਦੀ ਸਮਝ ਘੱਟ ਹੈ। ਸਮਝਾਉਣਾ ਪੈਂਦਾ।
‘ਛੋਟੀ ਮੋਟੀ ਇਸਤ੍ਰੀ, ਇਹ ਸਭ ਬਿਖ ਕੀ ਦੇਨ’।
‘ਖਸਮ ਮਰੇ ਤਾਂ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ’।
ਮੈਂ ਕਿਹਾ- ਔਰਤ ਪ੍ਰਤੀ ਸਾਡਾ ਪ੍ਰੰਪਰਕ ਨਜ਼ਰੀਆ ਸਾਡਾ ਖਹਿੜਾ ਨਹੀਂ ਛੱਡਦਾ, ਜਾਂ ਫਿਰ ਸਾਡਾ ਗਿਆਨ ਹੀ ਇਸਤ੍ਰੀ-ਵਿਰੋਧੀ ਹੈ।
-ਅਸਲ ਵਿਚ ਰਿਸ਼ਤੇ ਬੰਦੇ ਨੂੰ ਟਿਕਣ ਨਹੀਂ ਦਿੰਦੇ। ਇਹ ਤਾਂ ਤਕੜਾ ਬੰਦਾ ਈ ਇਨ੍ਹਾਂ ਦਾ ਮੁਕਾਬਲਾ ਕਰ ਸਕਦਾ। ਬੁੱਧ ਨਾਨਕ। ਅੰਦਰ ਦੀ ਯਾਤਰਾ ਕਰੋ। ਦੂਜੇ ਨੂੰ ਤੁਸੀਂ ਨਹੀਂ ਸੁਧਾਰ ਸਕਦੇ। ਆਪਣੇ ਅੰਦਰ ਝਾਕੋ, ਸ਼ਾਂਤ ਰਹੋਗੇ।’
ਇਕ ਸੁਨੱਖੀ ਚਿੱਤਰਕਾਰ, ਸੰਗੀਤਕਾਰ ਦੀ ਭਗਤਣੀ ਹੋ ਗਈ। ਮਾਲਵੇ ਦੇ ਰੇਤਲੇ ਟਿੱਬਿਆਂ ਤੋਂ ਇਕ ਸ਼ਾਮ ਕੁਟੀਆ ਦੇ ਡੇਰੇ ਆਣ ਲੱਥੀ। ਕਹਿੰਦੀ, ਘਰ-ਬਾਰ ਛੱਡ ਦੇਣਾ, ਕੁਟੀਆ ਰਹਿਣਾ। ਸੰਤਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਿੰਡ ਦੀ ਇਕ ਸ਼ਰਧਾਲੂ ਨੂੰ ਬੁਲਾ ਕੇ ਸੰਤਾਂ ਨੇ ਕਿਹਾ-ਇਹ ਬੀਬੀ ਅੱਜ ਦੀ ਰਾਤ ਤੁਹਾਡੇ ਘਰ ਰੁਕੇਗੀ।’ ਸਵੇਰੇ ਬੀਬੀ ਵਾਪਸ ਟਿੱਬਿਆਂ ਨੂੰ ਮੁੜੀ ਤਾਂ ਸੌਖਾ ਸਾਹ ਲਿਆ।
ਮਹੀਨੇ ਬਾਅਦ ਚਿੱਤਰਕਾਰ ਬੀਬੀ ਫੇਰ ਕੁਟੀਆ ਆਣ ਚਮਕੀ। ਸੰਤਾਂ ਕਿਹਾ-ਤੂੰ ਹੇਠਲੇ ਕਮਰੇ ‘ਚ ਸੌਂ ਜਾ। ਮੇਰਾ ਡੇਰਾ ਉੱਪਰ ਹੈ। ਉੱਪਰ ਨਾ ਆਈਂ।’ ਤਿੰਨ ਦਿਨ, ਤਿੰਨ ਰਾਤਾਂ ਕੁਟੀਆ ਰਹੀ, ਬਾਵਰੀ ਚਿੱਤਰਕਾਰ। ਸੰਗੀਤ ਦੇ ਵਜਦ ‘ਚ ਨੱਚਦੀ ਰਹੀ। ਰੋਂਦੀ ਰਹੀ। ਹੱਸਦੀ ਰਹੀ। ਮੀਰਾ ਬਣ ਗਈ। ਮੇਰੇ ਤੋ ਗਿਰਧਰ ਗੋਪਾਲ। ਵੱਖੋ ਵੱਖ ਰੰਗਾਂ ਨਾਲ ਉਜਲੇ ਚਿੱਤਰਾਂ ਨਾਲ ਝੋਲ ਭਰ ਗਈ। ਤੇ ਚਿੱਤਰਕਾਰ, ਕਵਿੱਤਰੀ ਹੋ ਗਈ। ਸੰਤਾਂ ਦੇ ਚਰਨ ਛੋਹ ਲਏ। ਛਮ ਛਮ ਹੰਝੂ। ਵਿਯੋਗ ਦੀਆਂ ਤਸਵੀਰਾਂ ਬਣਾਈ ਗਈ, ਸੰਜੋਗੀ ਕਵਿਤਾਵਾਂ ਲਿਖੀ ਗਈ। ਸੰਗੀਤਕਾਰ ਹੱਸਦਾ ਰਿਹਾ।
ਇੱਕ ਦੁਪਹਿਰ, ਮੈਂ ਅਚਾਨਕ ਕੁਟੀਆ ਚਲਾ ਗਿਆ। ਓਥੇ ਬੈਠੇ ਦੋ ਬਜੁæਰਗਾਂ ਨੂੰ ਪੁੱਛਿਆ-ਸੰਤ ਘਰ ਈ ਨੇ?’ ਕਹਿੰਦੇ- ਅਸੀਂ ਤਾਂ ਆਪ ਉਹਨਾਂ ਨੂੰ ਉਡੀਕਦੇ ਹਾਂ।’ ਅਚਾਨਕ ਸੰਤਾਂ ਦਾ ਫੋਨ ਆਇਆ- ਉੱਪਰ ਆ ਜਾਓ। ਉੱਪਰ। ਮੈਂ ਆਪਣੇ ਕਮਰੇ ‘ਚ ਹਾਂ। ਕਿਸੇ ਨੂੰ ਦੱਸਿਓ ਨਾ।’
ਮੈਂ ਹੈਰਾਨ, ਪੌੜੀਆਂ ਚੜ੍ਹ ਗਿਆ। ਅੰਦਰ ਏ.ਸੀ. ਵਾਲੇ ਠੰਡੇ ਕਮਰੇ ‘ਚ ਸੰਤ ਬੈਠੇ। ਹਰ ਗੱਲ ਕਰਨ ਬਾਅਦ ਬੂਹੇ ਵੱਲ ਝਾਕ ਲਿਆ ਕਰੇ ਸੰਗੀਤਕਾਰ। ਮੈਨੂੰ ਮਾਹੌਲ ਸ਼ੱਕੀ ਜਿਹਾ ਲੱਗਾ। ਸੰਗੀਤਕਾਰ ਹੱਸ ਕੇ ਕਹਿੰਦਾ- ਥੱਲੇ ਦੋ ਬਜੁæਰਗ ਬੈਠੇ ਸੀ? ਇਕ ਪਗੜੀ ਵਾਲਾ ਇਕ ਬਗ਼ੈਰ ਪਗੜੀਓਂ ? ਉਹ ਜਿਹੜਾ ਪਗੜੀ ਵਾਲਾ ਬਜੁæਰਗ ਐ, ਉਹ ਮੇਰਾ ਪਿਓ ਐ। ਮੇਰਾ ਬਾਪ। ਮੈਂ ਉਹਨੂੰ ਮਿਲਣਾ ਨਹੀਂ ਚਾਹੁੰਦਾ। ਮੈਨੂੰ ਆਪਣਾ ਬਾਪ ਕਦੇ ਨਹੀਂ ਚੰਗਾ ਲੱਗਾ। ਲੱਗੀ ਤਾਂ ਕਦੇ ਮਾਂ ਵੀ ਨਹੀਂ ਚੰਗੀ। ਮੈਂ ਇਨ੍ਹਾਂ ਨੂੰ ਕਿਹਾ ਹੋਇਆ-ਖ਼ਬਰਦਾਰ ਜੇ ਪੁੱਤ ਨੂੰ ਕੁਟੀਆ ਮਿਲਣ ਆਏ। ਹਾਂ, ਸੰਤ ਨੂੰ ਮਿਲਣਾ ਤਾਂ ਆਓ। ਮੈਂ ਹੁਣ, ਨਾ ਕਿਸੇ ਦਾ ਪੁੱਤ ਹਾਂ, ਨਾ ਕੋਈ ਮੇਰਾ ਮਾਈ ਬਾਪ। ਪਰ ਇਹ ਬਾਪ ਮੇਰਾ ਖਹਿੜਾ ਨਹੀਂ ਛੱਡਦਾ। ਬਸ ਹੁਣ ਇਹ ਜਾਣ ਈ ਵਾਲਾ ਮੈਨੂੰ ਉਡੀਕ ਉਡੀਕ ਕੇ।’ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਸੰਗੀਤਕਾਰ ਦਾ ਇਹ ਰੂਪ ਮੈਂ ਪਹਿਲੀ ਵਾਰ ਦੇਖਿਆ। ਮੈਨੂੰ, ਥੱਲੇ ਗਰਮੀ ਵਿਚ ਬੈਠੇ ਬਜੁæਰਗ ‘ਤੇ ਤਰਸ ਆਇਆ। ਜੀ ਕੀਤਾ ਉਹਨੂੰ ਜਾ ਕੇ ਹੌਸਲਾ ਦੇਵਾਂ, ਕਹਾਂ ਕਿ ਬੈਠੋ, ਸੰਤ ਆਉਣ ਈ ਵਾਲੇ ਨੇ। ਜਾਂ ਕਹਾਂ ਕਿ ਬਾਪੂ ਬੈਠ, ਤੇਰਾ ਪੁੱਤ ਹੁਣੇ ਆਂਉਂਦਾ। ਫੇਰ ਦਿਲ ਕੀਤਾ ਬਾਪੂ ਨੂੰ ਕਹਾਂ ਗੋਲੀ ਮਾਰ ਏਹੋ ਜਿਹੇ ਪੁੱਤ ਨੂੰ, ਏਹੋ ਜੇਹੇ ਪੁੱਤ ਖੁਣੋਂ ਕੀ ਥੁੜਿਆ? ਮੇਰੇ ਖਿਆਲ ਬੁੜ੍ਹਕਦੇ ਪਏ ਸੀ ਕਿ ਸੰਤਾਂ ਨੇ ਚਲਦੇ ਏ.ਸੀ. ਦੀ ਠੰਡਕ ਨਾਲ ਸ਼ਾਂਤ ਆਵਾਜ਼ ਵਿਚ ਕਿਹਾ- ਜਦੋਂ ਆਪਣਾ ਪਿਓ ਪਿਓ ਨਾ ਲੱਗੇ, ਮਾਂ ਮਾਂ ਨਾ ਲੱਗੇ, ਭਰਾ ਭਰਾ ਨਾ ਲੱਗੇ, ਭੈਣ ਭੈਣ ਨਾ ਲੱਗੇ ਤੇ ਸਾਰੇ ਈ ਮਾਂ, ਬਾਪ, ਭੈਣ, ਭਰਾ ਲੱਗਣ, ਗੱਲ ਓਦੋਂ ਬਣਦੀ ਹੁੰਦੀ ਆ। ਮੇਰੇ ਲਈ ਹੁਣ ਕੋਈ ਆਪਣਾ ਨਹੀਂ, ਕੋਈ ਪਰਾਇਆ ਨਹੀਂ। ਮੈਂ ਇਨ੍ਹਾਂ ਕਲਯੁਗੀ ਆਪਣਿਆਂ ਤੋਂ ਖਹਿੜਾ ਛੁਡਾਉਣਾ ਚਾਹੁੰਨਾਂ। ਇਹ ਤੁਹਾਨੂੰ ਮੁਕਤ ਨਹੀਂ ਹੋਣ ਦਿੰਦੇ। ਦੁਸ਼ਮਣ ਨੇ ਦੁਸ਼ਮਣ। ਮਾਂ, ਬੱਚੇ ਨੂੰ ਖਤਮ ਕਰ ਦਿੰਦੀ ਹੈ, ਬਾਪ ਵੀ। ਇਹ ਬੰਦੇ ਨੂੰ ਮਰਜ਼ੀ ਨਾਲ ਜੀਣ ਨਹੀਂ ਦਿੰਦੇ।’ ਮੈਂ ਸੰਗੀਤਕਾਰ ਦੇ ਚਿਹਰੇ ਵੱਲ ਤੱਕਿਆ, ਉਹ ਅੰਤਾਂ ਦਾ ਉਦਾਸ ਚਿਹਰਾ ਸੀ। ਮੇਰਾ ਉਸ ਵੇਲੇ ਦਾ ਚਿਹਰਾ ਅਵੱਸ਼ ਉਸ ਉਦਾਸ ਜੋਗੀ ਦੇ ਬਾਪ ਦੇ ਚਿਹਰੇ ਨਾਲ ਜਾਂ ਸ਼ਾਇਦ ਜੋਗੀ ਦੇ ਆਪਣੇ ਚਿਹਰੇ ਨਾਲ ਮਿਲਦਾ ਹੋਏਗਾ, ਅਜਿਹਾ ਮੇਰਾ ਵਹਿਮ ਹੈ!
ਸੰਤ, ਇੰਗਲੈਂਡ ਦੇ ਸ਼ਰਧਾਲੂਆਂ ਕੋਲ ਗਏ ਹੋਏ ਸਨ। ਪਿੱਛੋਂ ਬਾਪ ਦੀ ਮੌਤ ਹੋ ਗਈ। ਪਿੰਡੋਂ ਫੋਨ ਗਿਆ ਕਿ ਬਾਪ ਦੇ ਸਸਕਾਰ ਲਈ ਪਹੁੰਚੋ। ਸੰਤ-ਸੰਗੀਤਕਾਰ ਨੇ ਕਿਹਾ -ਮੇਰਾ ਤਾਂ ਮੇਰੇ ਪਿਓ ਨਾਲ ਕੋਈ ਸੰਬੰਧ ਈ ਨਹੀਂ। ਪਿੰਡ ਵਾਲੇ ਕਹਿੰਦੇ, ਤੂੰ ਵੈਸੇ ਈ ਆ ਜਾ। ਸੰਗੀਤਕਾਰ ਕਹਿੰਦਾ – ਮੈਨੂੰ ਏਦਾਂ ਈ ਜੀਣ ਦਿਓ ਬੱਸ। ਤੇ ਕੋਈ ਮੇਰੇ ਮਰਨ ‘ਤੇ ਵੀ ਨਾ ਆਇਓ।
ਸੰਗੀਤਕਾਰ ਮੈਨੂੰ ਅਨੇਕ ਉਲਝਣਾਂ ਵਾਲਾ ਬੰਦਾ ਲਗਦਾ। ਅਨੇਕ ਰੰਗਾਂ ਤੇ ਅਨੇਕ ਕੋਨਿਆਂ ਵਾਲਾ। ਉਸ ਅੰਦਰ ਇਕ ਭੋਲਾ ਭਾਲਾ ਬੱਚਾ ਸੀ ਜੋ ਉਸਦੇ ਨਿਰਛਲ ਹਾਸੇ ਤੇ ਸੁਰੀਲੀ ਆਵਾਜ਼ ਅੰਦਰੋਂ ਝਲਕਾਰੇ ਮਾਰਦਾ। ਉਸਦੀਆਂ ਝੱਲ-ਵਲੱਲੀਆਂ ਅਤੇ ਗਹਿਰ-ਗੰਭੀਰ ਗੱਲਾਂ ਤੇ ਸਾਦਗੀ ‘ਚੋਂ ਉਗਮਦੇ ਇਸ ਬੱਚੇ ਨਾਲ ਮੈਂ ਹੱਸਦਾ ਨੱਚਦਾ ਰਹਿੰਦਾ। ਪਰ ਜਦ ਉਹ ਬਹੁਤ ਉੱਛਲਦਾ, ਮੈਂ ਉਸ ਬੱਚੇ ਨੂੰ ਹਟਕ ਦਿੰਦਾ।
ਐਤਵਾਰ। ਕੁਟੀਆ ‘ਚ ਸੰਗੀਤ ਸੰਮੇਲਨ ਤੋਂ ਬਾਅਦ ਸੰਤ ਪੂਰੇ ਜਲੌਅ `ਚ ਕੋਠੇ ਉੱਪਰ ਆਪਣੇ ਸੰਗੀਆਂ ਨਾਲ ਬੈਠੇ। ਸਾਗ-ਮੱਕੀ ਦਾ ਖੁੱਲ੍ਹਾ ਲੰਗਰ ਵਰਤ ਰਿਹਾ। ਘਿਓ, ਮੱਖਣ, ਮੂਲੀਆਂ, ਹਰੀ ਮਿਰਚ, ਅਚਾਰ, ਤੇ ਲੱਸੀ। ਵਾਹ! ਚੇਲੀਆਂ-ਚੇਲੇ! ਮੈਂ ਇਕ ਪਾਸੇ ਕੁਰਸੀ `ਤੇ ਬੈਠ ਸਾਗ ਮੱਕੀ ਦੀ ਸੌਗਾਤ ਉਡੀਕਣ ਲੱਗਾ। ਸੰਤ ਮੇਰੇ ਕੋਲ ਆ ਬੈਠੇ। ਦੋ ਚਾਰ ਹੋਰ ਸੂਝਵਾਨ। ਸੰਤਾਂ ਨੇ ਆਪਣਾ ਪਰਵਚਨ ਸ਼ੁਰੂ ਕਰ ਦਿੱਤਾ। ਮੈਂ ਕਿਹਾ- ਸੰਤੋ! ਅਸੀਂ ਤੁਹਾਡਾ ਸੰਗੀਤ ਸੁਣਨ ਆਈਦਾ। ਪਰਵਚਨ ਨਹੀਂ।’ ਸੰਤ ਮੇਰੇ ਵੱਲ ਅਣਕਿਆਸਿਆ ਝਾਕੇ।
ਕਈ ਵਾਰ ਮੈਂ ਸੰਗੀਤਕਾਰ ਨਾਲ ਪੁੱਠੀਆਂ-ਸਿੱਧੀਆਂ ਗੱਲਾਂ ਕਰਦਾ। ਕਈ ਵਾਰ ਚੁੱਭਵੀਆਂ। ਮੈਨੂੰ ਚੋਭ ਮਾਰਨ ਲਈ ਕਈ ਵਾਰ ਸੰਗੀਤਕਾਰ-ਸੰਤ ਇਹ ਤੁਕ ਬੋਲਦਾ-
‘ ਹਮ ਬਡੁ ਕਵਿ ਕੁਲੀਨ, ਹਮ ਪੰਡਿਤ, ਹਮ ਜੋਗੀ ਸਨਿਆਸੀ॥’ ਮਤਲਬ ਕਿ ‘ਮੇਰੇ ਵਰਗਾ ਵੱਡਾ ਕੋਈ ਕਵੀ ਨਹੀਂ’, ਗਿਆਨੀ ਨਹੀਂ, ਜੋਗੀ ਨਹੀਂ ਸੰਨਿਆਸੀ ਨਹੀਂ।’
ਮੈਂ ਕਈ ਵਾਰ ਸੰਗੀਤਕਾਰ ਲਈ ਫਸਮੇਂ ਸੁਆਲ ਖੜੇ ਕਰ ਦਿੰਦਾ। ਉਹ ਸਪਸ਼ਟ ਜੁਆਬ ਸਾਹਮਣੇ ਰੱਖ ਦਿੰਦਾ।
– ਮੈਂ ਆਮ ਬੰਦਾ ਹਾਂ। ਕਈ ਵਾਰ ਗੱਡੀ ਵਿਚ ਤਾਨਪੂਰਾ ਰੱਖਦਾਂ, ਹਾਰਮੋਨੀਅਮ ਰੱਖਦਾਂ ਨਾਲ ਗੈਸ ਸਲੰਡਰ, ਨਾਲ ਚੇਲਾ-ਬਾਲਕਾ ਤੇ ਕਿਤੇ ਜੰਗਲ ਵੱਲ ਨਿਕਲ ਜਾਨਾਂ। ਮੀਂਹ ਪੈ ਜਾਏ ਤਾਂ ਚਾਹ ਪਕੌੜੇ ਬਣਾ ਲਈਦੇ, ਰਾਗ ਛੋਹ ਲਈਦਾ। ਕਈ ਵਾਰੀ ਮੇਰੀ ਮਾਂ ਕਹਿ ਦਿੰਦੀ ਤੂੰ ਕੀ ਬਣਿਆਂ ਫਿਰਦਾਂ? ਮੇਰੇ ਗੁਰੂ ਪੰਡਤ ਮਨੀ ਪ੍ਰਸਾਦ ਜੀ ਨੇ। ਸੰਗੀਤ ਮਹਾਰਥੀ ਨੇ। ਲਤਾ, ਆਸ਼ਾ ਉਨ੍ਹਾਂ ਦੇ ਸ਼ਾਗਿਰਦ ਨੇ। ਮੈਨੂੰ ਕਹਿੰਦੇ- ਤੇਰੇ ਸੇ ਲੋਕ ਨਾਰਾਜ਼ ਹੈਂ। ਤੂੰ ਕੌੜਾ ਬੋਲਤਾ ਹੈ। ਕਹਿੰਦੇ- ਆਦਮੀ ਹੀ ਆਦਮੀ ਕੇ ਕਾਮ ਆਤਾ ਹੈ।’ ਮੈਂ ਕਿਹਾ-‘ਨਹੀਂ। ਆਦਮੀ ਤੋ ਆਦਮੀ ਕੋ ਕਾਟਤਾ ਹੈ। ਮੈਂ ਸਾਧੂ ਹਾਂ। ਤੁਸੀਂ ਸੰਗੀਤ ਤੱਕ ਮੇਰੇ ਗੁਰੂ ਹੋ ਉਸ ਤੋਂ ਅੱਗੇ ਮੇਰਾ ਆਪਣਾ ਸਿਧਾਂਤ ਹੈ। ਉਸਤੋਂ ਅੱਗੇ ਗੜਬੜ ਹੋ ਜਾਏਗੀ।’
ਭਾਰਤੀ ਦਰਸ਼ਨ ਦੇ ਗਿਆਤਾ ਇਕ ਓਸ਼ੋਆਇਟ ਮਿੱਤਰ ਨੇ ਦੱਸਿਆ ਕਿ ਦੋ ਗਿਆਨੀ ਕਦੇ ਬਹਿਸਦੇ ਨਹੀਂ। ਅਗਿਆਨ ਹੀ ਬਹਿਸ ਦਾ ਆਧਾਰ ਹੈ।
ਬਾਅਦ ‘ਚ ਪਤਾ ਲੱਗਾ ਸੰਗੀਤਕਾਰ ਸੰਤ ਨੇ ਆਪਣੇ ਇਸ ਮਹਿਮਾਨ ਗੁਰੂ ਨੂੰ ਅੱਧੀ ਰਾਤੀਂ ਆਪਣੀ ਕੁਟੀਆ ‘ਚੋਂ ਬਾਹਰ ਕੱਢ ਦਿੱਤਾ ਸੀ।
-ਇਹ ਸੰਗੀਤ ਮਹਾਂਰਥੀ ਆਪਣੇ ਭਾਣਜਿਆਂ ਭਤੀਜਿਆਂ ਨੂੰ ਅੱਗੇ ਲੈ ਲੈ ਆਂਉਂਦੇ ਨੇ। ਹੰਸ ਤੇ ਬਗਲੇ ਦੇਖਣ ਨੂੰ ਇਕੋ ਜੇਹੇ ਲਗਦੇ। ਉਨ੍ਹਾਂ ਅੱਗੇ ਦੁੱਧ ਰੱਖ ਦਿਓ, ਬਗਲਾ ਦੁੱਧ ਗੰਧਲਾ ਕਰ ਦਏਗਾ, ਹੰਸ ਦੁੱਧ ਵੱਖਰਾ ਕਰ ਦਏਗਾ, ਪਾਣੀ ਵੱਖਰਾ। ਸਾਧੂ ਤੇ ਠੱਗ ‘ਚ ਇਹੀ ਫਰਕ ਹੈ। ਛੋੜੋ ਵੇਸ ਭੇਖ ਚਤਰਾਈ। ਮੈਂ ਤਾਂ ਆਪ ਸਾਧੂ ਲੋਕਾਂ ਨੂੰ ਲਭਦਾ ਫਿਰਦਾਂ। ਕੋਈ ਸਾਧੂ ਮਿਲੇ ਤਾਂ ਸਹੀ! ਜੇ ਮਿਲੋ ਤਾਂ ਕਹਿਣਗੇ ਲਓ ਜੀ ਮੈਂ ਸਕੂਲ ਬਣਾਤਾ, ਲਓ ਜੀ ਮੈਂ ਹਸਪਤਾਲ ਬਣਾਤਾ, ਮੈਂ ਗਰੀਬਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾ ਦਿੱਤੀਆਂ। ਇਹ ਸਾਧੂ ਲੋਕਾਂ ਦਾ ਕੰਮ ਨਹੀਂ ਹੈ। ਸਾਧੂ ਕੋਲ ਅਗੰਮੀ ਸ਼ਕਤੀ ਹੁੰਦੀ ਹੈ, ਉਹ ਵੰਡੋ। ਹਸਪਤਾਲ ਸਕੂਲ ਬਣਾਓ ਨਾ, ਇਹ ਬਣਾਉਣ ਵਾਲੇ ਲੋਕ ਤਿਆਰ ਕਰੋ। ਸੰਤ ਕਦੇ ਸੰਤ ਨਹੀਂ ਬਣਾਉਂਦਾ, ਚੇਲੇ ਬਣਾਉਂਦਾ। ਉਹਦੇ ਚੋਲਾ ਸੰਤਾਂ ਵਾਲਾ ਪੁਆ ਦਿੰਦਾ। ਗਿੱਦੜ ਨੂੰ ਸ਼ੇਰ ਦਾ ਭੇਖ ਦੇ ਦਿੰਦਾ। ਉਹ ਤਾਂ ਹੋਰ ਖ਼ਤਰਨਾਕ ਹੈ।’
ਮੈਂ ਕਿਹਾ- ਫੇਰ ਗੁਰੂ ਕੀ ਚੀਜ਼ ਹੈ?’
– ਐਂਵੇਂ ਕਹੀ ਜਾਣਗੇ ‘ਸ਼ਬਦ’ ਗੁਰੂ। ਓ ਕਰੋੜਾਂ ਸ਼ਬਦ ਨੇ। ਦੱਸੋ ਕਿਹੜਾ ਸ਼ਬਦ ਤੁਹਾਡਾ ਗੁਰੂ? ਗੱਲ ਤਾਂ ਆਪਣੇ ਅਨੁਭਵ ਦੀ ਹੈ। ਬੁੱਧ, ਕਬੀਰ, ਨਾਨਕ, ਇਨ੍ਹਾਂ ਨਾਲ ਮੇਰਾ ਕੋਈ ਵਾਸਤਾ ਨਹੀਂ। ਮੇਰਾ ਮਤਲਬ, ਪਾਸਟ ਨਾਲ ਮੇਰਾ ਵਾਸਤਾ ਨਹੀਂ, ਮੇਰਾ ਵਾਸਤਾ ਹੁਣ ਨਾਲ ਹੈ। ਮੇਰੇ ਆਪਣੇ ਅਨੁਭਵ ਨਾਲ। ਨਾਨਕ ਤਾਂ ਆਪ ਕਹਿੰਦੇ- ਮੈਂ ਕੀਤਾ ਨਾ ਜਾਤਾ ਹਰਾਮਖੋਰ!’ ‘ਕਬੀਰ ਕਹਿੰਦੇ- ਕਬੀਰ ਤੇਰਾ ਬੇੜਾ ਜਰਜਰਾ।’ ਜਿਹੜੇ ਭਾਰ ਲਈ ਜਾਂਦੇ ਸੀ ਉਹ ਡੁੱਬ ਗਏ। ਹਮ ਬਡਿ ਕਬਿ ਹਮ ਪੰਡਤ ਹਮ ਗਿਆਨੀ। ਇਹ ਕਵੀ ਚਿੱਤਰਕਾਰ, ਸਭ ਭਾਰ ਚੁੱਕੀ ਫਿਰਦੇ। ਸਾਧ ਲੋਕ ਤਾਂ ਜੀਵਨ ਦਾ ਲੁਤਫ ਲੈਣ ਆਉਂਦੇ ਨੇ। ਆਏ ਤੇ ਗਏ। ਕੋਈ ਗੁਰੂ ਆਪਣੇ ਗੁਰੂ ਦਾ ਨਾਂ ਨਹੀਂ ਦੱਸਦਾ। ਨਾ ਨਾਨਕ, ਨਾ ਕਬੀਰ, ਨਾ ਕੋਈ ਹੋਰ। ਤੇ ਸਾਨੂੰ ਕਹਿੰਦੇ ਗੁਰੂ ਕੌਣ ਐ ਤੁਹਾਡਾ? ਆਪਣਾ ਗੁਰੂ ਆਪ ਹੁੰਦਾ ਬੰਦਾ। ਧਰਮ ਗਰੰਥਾਂ ਨੂੰ ਮੰਨਣ ਦੀ ਨਹੀਂ, ਵਿਚਾਰਨ ਦੀ ਲੋੜ ਹੈ।’
ਸੰਤ ਸੱਚ ਤੇ ਹਓਂ ਨਾਲ ਜੀਣ ਵਾਲਾ ਬੰਦਾ ਸੀ। ਇਕ ਟੀ.ਵੀ ਪੋ੍ਰਡਿਊਸਰ ਨੂੰ ਅੜ੍ਹਬ ਜੋਗੀ ਕਹਿੰਦਾ- ਬੰਦ ਕਰੋ ਇਹ ਬਕਵਾਸ। ਮੈਂ ਕੋਈ ਰਕਾਰਡਿੰਗ ਨਹੀਂ ਕਰਾਉਣੀ।’
ਇਕ ਵਾਰ ਵਲੈਤੋਂ ਇਕ ਪੌਡਾਂ ਵਾਲਾ ਗਾਇਕ, ਸੰਗੀਤਕਾਰ ਕੋਲੋਂ ਸੰਗੀਤ ਸਿੱਖਣ ਆ ਗਿਆ। ਪੌਡਾਂ ਵਾਲਾ ਡੱਬਾ ਕੂੜੇ ‘ਚ ਵਗਾਹ ਮਾਰਿਆ। ਬੇਸੁਰੇ ਗਾਇਕ ਨੂੰ ਕੁਟੀਆ ਤੋਂ ਬਾਹਰ ਕਰ ਦਿੱਤਾ।
ਇੱਕ ਨੇਤਾ-ਨੁਮਾ ਕਰੋੜਪਤੀ ਨੇ ਸੰਗੀਤਕਾਰ ਨੂੰ ਆਪਣੇ ਘਰ ਰੱਖੇ ਮਹਾਂ-ਭੋਜ ‘ਤੇ ਗਾਉਣ ਦਾ ਸੱਦਾ ਦਿੱਤਾ। ਸੰਗੀਤਕਾਰ ਇਕ ਸ਼ਬਦ ਗਾਉਣ ਬਾਅਦ ਆਪਣਾ ਹਾਰਮੋਨੀਅਮ ਤਬਲਾ ਲਪੇਟ ਕੇ ਭਰੀ ਮਹਿਫਲ ‘ਚੋਂ ਉੱਠ ਆਇਆ। ਕਰੋੜਪਤੀ ਝਾਕਦਾ ਰਹਿ ਗਿਆ।
ਲੁਧਿਆਣੇ ਸੰਗੀਤਕਾਰ ਦਾ ਗਾਇਆ ਸ਼ਬਦ ਸੁਣ ਕੇ ਕਿਸੇ ਨੇ ਜੈਕਾਰਾ ਲਾਇਆ-ਬੋਲੇ ਸੋ ਨਿਹਾਲ, ‘ਸਤਿ’ ਸ੍ਰੀ ਅਕਾਲ।’ ਸੰਤ ਕਹਿੰਦੇ ਬਹਿ ਜਾਓ ਆਰਾਮ ਨਾਲ, ਕਦੀ ਸੱਚ ਬੋਲ ਕੇ ਦੇਖਿਆ ਤੁਸੀਂ?
ਪੰਜਾਬੀ ਕਵੀ ਕਹਿੰਦਾ ਮੇਰੀ ‘ਗ਼’ ਤੁਸੀਂ ਭੈਰਵੀ ਰਾਗ ‘ਚ ਗਾਈ ਹੈ? ਸੰਗੀਤਕਾਰ ਕਹਿੰਦਾ- ਸ਼ੁਕਰ ਕਰ ਮੈਂ ਗਾ ਦਿੱਤੀ।
ਸੰਗੀਤਕਾਰ ਜਦੋਂ ਆਨੰਦ ‘ਚ ਹੁੰਦਾ, ਸੰਗੀਤ ਦੇ ਸੁਰ ਖੇਲ੍ਹਣ ਲਾ ਲੈਂਦਾ। ਸੁਰਾਂ ਦੀਆਂ ਬੱਚੀਆਂ ਪੁਆ ਦਿੰਦਾ। ਜਿਵੇਂ ਕੋਈ ਟੈਨਿਸ ਦੇ ਬਾਲ ਨੂੰ ਆਪਣੀ ਜੁਗਤੀ-ਪਕੜ ਵਾਲੇ ਬੈਟ ਨਾਲ ਟਕ ਟਕ, ਠਕ ਠਕ, ਜਿੱਧਰ ਚਾਹੇ ਜਿਵੇਂ ਚਾਹੇ, ਘੁਮਾਈ ਜਾਵੇ। ਜਿਵੇਂ ਕੋਈ ਕੱਲਾ ਮਸਤ ਖਿਲਾੜੀ, ਗੇਂਦ ਨੂੰ ਘੰਟਿਆਂਬੱਧੀ ਆਪਣੀਆਂ ਉਂਗਲਾਂ `ਤੇ ਹਵਾ ਅੰਦਰ ਅਡੋਲ ਨਚਾਈ ਜਾਵੇ। ਸੰਗੀਤਕਾਰ ਮੌਜ ‘ਚ ਹੁੰਦਾ ਤਾਂ ਕਲਾਸੀਕਲ ਬੰਦਸ਼ਾਂ ਗਾਉਂਦਾ, ਸੂਫੀ ਕਲਾਮ ਗਾਉਂਦਾ, ਅਮੀਰ ਖੁਸਰੋ ਗਾਉਂਦਾ, ਹੀਰ ਗਾਉਂਦਾ, ਰਫੀ ਗਾਉਂਦਾ, ਮੁਕੇਸ਼ ਗਾਉਂਦਾ, ਸੁਰਿੰਦਰ ਕੌਰ ਗਾਉਂਦਾ ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਨੇ ਆਂਦਾ, ਨੀ ਮੈਂ ਛਮ ਛਮ ਨੱਚਦੀ ਫਿਰਾਂ …ਵਾਜੇ `ਤੇ ਬੈਠਾ ਨੱਚਣ ਲੱਗ ਪੈਂਦਾ ਤੇ ਕਦੀ ਕਦਾਈਂ ਚਮਕੀਲਾ ਗਾਉਣ ਲੱਗ ਜਾਂਦਾ, ਹੱਸਣ ਲੱਗ ਪੈਂਦਾ, ਜਿਵੇਂ ਇਹ ਸਭ ਤਾਂ ਖੱਬੇ ਹੱਥ ਦਾ ਖੇਲ੍ਹ!
ਦੂਰਦਰਸ਼ਨ ਸਿæਮਲੇ ਡਾਇਰੈਕਟਰ ਹੁੰਦਿਆਂ, ਸੰਗੀਤ, ਚਿਤਰਕਾਰੀ ਤੇ ਸਾਹਿਤ ਦੇ ਆਪਸੀ ਸੰਬੰਧਾਂ ਦਾ ਮੈਂ ਚਿਰ-ਸੋਚਿਆ ਇਕ ਪ੍ਰੋਗਰਾਮ ਰੱਖਿਆ। ਰੰਗ ਸ਼ਬਦ ਸੰਗੀਤ। ਹਿੰਦੀ, ਪੰਜਾਬੀ, ਉਰਦੂ ਦੇ ਸਾਹਿਤਕਾਰ, ਸੰਗੀਤਕਾਰ, ਚਿੱਤਰਕਾਰ ਬੁਲਾਏ। ਪੰਜਾਬ ਤੋਂ ਸੰਤ-ਸੰਗੀਤਕਾਰ ਸਤਨਾਮ ਸਿੰਘ। ਦਰਸ਼ਕਾਂ ਦੀ ਹਾਜ਼ਰੀ ‘ਚ ਲਾਈਵ ਟੈਲੀਕਾਸਟ ਕੀਤਾ। ਸਾਰੇ ਸਮਾਗਮ ‘ਚ ਸੰਤਾਂ ਵੱਲ ਦੇਖੀ ਜਾਣ ਲੋਕ। ਇਹ ਕੀ ਕਰੇਗਾ ਭਗਵੇਂ ਕੱਪੜਿਆਂ ਵਾਲਾ ਸਾਧ? ਤੇ ਜਦੋਂ ਸੰਤ ਨੇ ਭਰੀ ਮਹਿਫਲ ‘ਚ ਤਾਨਪੁਰਾ ਸੁਰ ਕੀਤਾ ਤਾਂ ਸਮੇਤ ਦਰਸ਼ਕਾਂ ਦੇ ਸਾਰਾ ਸਟੂਡੀਓ ਸੰਗੀਤਕਾਰ ਦੇ ਅਲਾਪ ਅੰਦਰ ਸਮੋਅ ਗਿਆ। ਸੰਗੀਤਕਾਰ ਨੇ ਕਲਾਸੀਕਲ ਸੁਰ ਨਾਲ ਮਾਹੌਲ ਆਪਣੀ ਮੁੱਠੀ ‘ਚ ਬੰਦ ਕਰ ਲਿਆ
ਭਗਵਾ ਬ੍ਰਿਜ ਦੇਖਨ ਕੋ ਚਲੋ ਰੀ…
ਡੂੰਘੀ ਚੁੱਪ ‘ਚ ਸੰਗੀਤਕਾਰ ਨੇ ਸੁਰਾਂ ਦੀ ਬੰਦ ਮੁੱਠੀ ਮਲਕੜੇ ਜਿਹੇ ਖੋਲ੍ਹ ਦਿੱਤੀ
ਨਾਲ ਪਿਆਰੇ ਨੇਹੁੰ…
ਫਰੀਦਾ ਗਲੀਏ ਚਿੱਕੜ ਦੂਰ ਘਰ
ਨਾਲ ਪਿਆਰੇ ਨੇਹੁੰ…
ਚਲਾਂ ਤਾਂ ਭਿੱਜੇ ਕੰਬਲੀ
ਰਹਾਂ ਤਾਂ ਤੁੱਟੇ ਨੇਹੁੰ…
ਜਿਵੇਂ ਸੁਰਾਂ ਦੇ ਸਰਵਰ ਹਵਾ ‘ਚ ਉੜ ਰਹੇ ਹੋਣ ਤੇ ਇਨ੍ਹਾਂ ਅੰਦਰ ਫਹਿਰਾ ਰਹੀ ਹੋਵੇ ਸ਼ਾਇਰ ਫਰੀਦ ਦੀ ਸੂਫ਼ੀ ਕੰਬਲੀ। ਕਾਗ਼ਜ਼ ਦੀ ਕੋਈ ਕਿਸ਼ਤੀ ਰੰਗ ਬਿਰੰਗੀ ਜਿਵੇਂ ਦੂਰ ਪਾਣੀਆਂ `ਤੇ ਅਡੋਲ ਤੈਰਦੀ ਹਜ਼ਾਰਾਂ ਦ੍ਰਿਸ਼ ਪਾਰ ਕਰਦੀ ਤੁਹਾਨੂੰ ਆਪਣੇ ਨਾਲ ਰੋੜ੍ਹ ਕੇ ਲਈ ਜਾਵੇ, ਪਤਾ ਨਹੀਂ ਕਿੱਧਰ, ਕਿਸ ਦਿਸ਼ਾ, ਕਿਸ ਰਾਹੇ? ਅਗੰਮੀ ਸੁਰ ਅਗੰਮੀ ਸ਼ਬਦ। ਭਿੱਜਿਓ ਸਿੱਜਿਓ ਕੰਬਲੀ ਤੁੱਟੇ ਨਾਹੀ ਨੇਹੁੰ..
ਫਰੀਦ ਦਾ ਇਹ ਸਲੋਕ ਕੋਈ ਪਹਿਲੀ ਵਾਰ ਤਾਂ ਨਹੀਂ ਸੁਣਿਆ ਸ਼ਾਇਰਾਂ, ਚਿੱਤਰਕਾਰਾਂ ਸੰਗੀਤਕਾਰਾਂ ਨੇ! ਮੈਂ ਵੀ। ਪਰ ਇਹ ਜਿਸ ਰੂਹ, ਜਿਸ ਸੁਰ ਜਿਸ ਵਜਦ ਜਿਸ ਯੋਗ-ਵਿਯੋਗ ਨਾਲ ਗਾਇਆ ਇਸ ਸੰਗੀਤਕਾਰ ਨੇ! ਵਾਹ ਵਾਹ ਤੋਂ ਪਾਰ! ਖ਼ਾਮੋਸ਼ੀ ਦੇ ਖੰਡਰਾਂ ਦੀ ਆਵਾਜ਼! ਸਮੇਂ ਸਥਾਨ ਦੀਆਂ ਹੱਦਾਂ ਪਾਰ ਕਰਦੀ ਸੁਰਤੀ। ਬਾਬਾ ਫਰੀਦ ਆਪ ਵੀ ਸੁਣੇ ਤਾਂ ਅੱਖ ‘ਚ ਹੰਝੂ ਭਰੇ ਬਿਨਾਂ ਨਾ ਰਹੇ! ਸੰਗੀਤਕਾਰ ਦੇ ਜੋਗੀਆ ਸੁਰਾਂ ਨਾਲ ਲਾਈਵ ਟੀ.ਵੀ ਸਕਰੀਨ ਦਾ ਕੋਨਾ ਕੋਨਾ ਭਰ ਗਿਆ। ਜੋਗੀ ਦੇ ਬੋਲਾਂ, ਹਾਰਮੋਨੀਅਮ ਦੀ ਲੈਅ ਤੇ ਤਾਨਪੁਰੇ ਦੀਆਂ ਤਾਰਾਂ ਅੰਦਰੋਂ ਉੱਠੇ ਇਲਾਹੀ ਵਜਦ ਅੰਦਰ ਦਰਸ਼ਕਾਂ ਦੀਆਂ ਅੱਖਾਂ ਮੁੰਦ ਗਈਆਂ, ਸਿਰ ਝੂਮਣ ਲੱਗ ਪਏ। ਕੀ ਕਵੀ, ਕੀ ਚਿੱਤਰਕਾਰ, ਕੀ ਕੈਮਰਾਮੈਨ, ਕੀ ਤਕਨੀਸੀæਅਨ, ਕੀ ਪੈਨਲ `ਤੇ ਬੈਠੀ ਪਹਾੜਨ ਪ੍ਰੋਡਿਊਸਰ, ਕੀ ਮੈਂ, ਸਭ ਕਿਸੇ ਹੋਰ ਦੁਨੀਆਂ ਵਿਚ ਲੈ ਗਿਆ ਸੰਗੀਤਕਾਰ। ਰੰਗ ਸ਼ਬਦ ਸੰਗੀਤ ਦਾ ਮੁਜੱਸਮਾ ਇੱਕੋ ਥਾਂ ਬੰਨ੍ਹ ਦਿੱਤਾ ਜੋਗੀ ਨੇ। ਪ੍ਰੋਗਰਾਮ ਜਿਵੇਂ ਸੰਤ-ਸੰਗੀਤਕਾਰ ਦੇ ਨਾਮ ਹੋ ਗਿਆ। ਟੈਲੀਕਾਸਟ ਤੋਂ ਫੌਰਨ ਬਾਅਦ, ਸਭ ਸੰਤਾਂ ਦੁਆਲੇ ਕੱਠੇ ਹੋ ਗਏ। ਪ੍ਰੋਗਰਾਮ ਦੀ ਸੋਹਣੀ ਪਹਾੜਨ ਪ੍ਰੋਡਿਊਸਰ ਪੈਨਲ ਤੋਂ ਸਿੱਧੀ ਸੰਤਾਂ ਨੂੰ ਪ੍ਰਣਾਮ ਕਰਨ ਆਈ। ਸੰਤ ਸਿਰਫ਼ ਮੁਸਕਰਾਏ। ਬਾਅਦ ਵਿਚ ਪੰਜਾਬੀ ਦੇ ਲੇਖ਼ਕ ਕਹਿੰਦੇ ਇਕੋ ਸੋਹਣੀ ਸ਼ਕਲ ਸੀ, ਉਹੀ ਸੰਤਾਂ ਨੇ ਵੱਸ ਕਰ ਲਈ।’
ਨੌਕਰੀ ਛੱਡ ਛਡਾ ਕੇ ਕੈਨੇਡਾ ਜਾ ਵਸਿਆ ਮੈਂ। ਵਾਪਸ ਆਇਆ ਤਾਂ ਸੰਤ ਕਹਿੰਦੇ ਤੁਸੀਂ ਕੈਨੇਡਾ ਵਾਸਤੇ ਨਹੀਂ ਬਣੇ। ਤੁਸੀਂ ਕੱਲੀ ਰੂਹ ਹੋ, ਭੀੜ ਤੋਂ ਅੱਡ ਰਹਿਣ ਵਾਲੀ ਰੂਹ, ਛੱਡੋ ਸਭ ਤੇ ਮੇਰੇ ਕੋਲ ਕੁਟੀਆ ਆ ਜਾਓ। ਦਰਵੇਸਾਂ ਨੂੰ ਲੋੜੀਏ, ਰੁੱਖਾਂ ਦੀ ਜੀਰਾਂਦ। ’
ਕੈਨੇਡਾ ਦੋ-ਚਾਰ ਸਾਲ ਅੱਧ-ਪਚੱਧੇ ਮਨ ਨਾਲ ਕੱਟੇ। ਅੱਧਾ ਇੰਡੀਆ ਅੱਧਾ ਕੈਨੇਡਾ। ਪਿਛਲੇ ਵਰ੍ਹੇ ਇੰਡੀਆ ਆਇਆ ਤਾਂ ਪੀ.ਟੀ.ਸੀ; ਵਾਸਤੇ ਫਿਲਮ ‘ਜ਼ਮੀਰ’ ਦੀ ਸੂæਟਿੰਗ ਲਈ ਸੰਤਾਂ ਦਾ ਪਿੰਡ ਚੁਣਿਆ, ਕਿਸ਼ਨਗੜ੍ਹ। ਸੰਤਾਂ ਦੇ ਵਿਦੇਸ਼ ਵਸਦੇ ਇਕ ਚੇਲੇ ਦੀ ਕੋਠੀ ਵਿਹਲੀ ਪਈ ਸ਼ੂਟਿੰਗ ਵਾਸਤੇ। ਸੰਤਾਂ ਦਾ ਹੁਕਮ ਕਈ ਘਰਾਂ ‘ਚ ਚਲਦਾ। ਸ਼ੂਟਿੰਗ ਸੌਖੀ ਹੋ ਗਈ। ਇਕ ਸੀਨ ਸੰਤ-ਸੰਗੀਤਕਾਰ ਦਾ ਪਾਇਆ। ਸ਼ਾਮ ਦੇ ਘੁਸਮੁਸੇ ‘ਚ ਕੁਟੀਆ ਅਤੇ ਰਾਤ ਦੇ ਘੁੱਪ ਹਨ੍ਹੇਰੇ ‘ਚ ਪਿੰਡ ਦੀ ਇਕ ਹਵੇਲੀ-ਨੁਮਾ ਲੋਕੇਸ਼ਨ ‘ਚ ਬੈਠੇ ਸੰਤ ਸੰਗੀਤਕਾਰ ਦੀ ਸੂæਟਿੰਗ ਕੀਤੀ। ਫੋਲਡ ਬੈਕ ਤੇ ਆਡੀਓ ਪਲੇਅ ਕੀਤਾ-
–ਪ੍ਰੇਮ ਜੋਗਨ ਬਨ ਜਾਓੂਂ, ਸਈਆਂ ਤੋਰੇ ਕਾਰਨ
ਭਈ ਬੈਰਾਗਨ ਤੋਰੇ ਕਾਰਨ…
ਅੱਧੇ ਯੂਨਿਟ ਨੂੰ ਸ਼ੂਟਿੰਗ ਦਾ ਖਿਆਲ ਭੁੱਲ ਗਿਆ, ਸਭ, ਸੰਗੀਤਕਾਰ ਦੀ ਸੰਘਣੇ ਹਨੇ੍ਹਰੇ ਦੀਆਂ ਜੂਹਾਂ ਪਾਰ ਕਰਦੀ ਰੂਹਾਨੀ ਆਵਾਜ਼ ਅੰਦਰ ਗੁਆਚ ਗਏ। ਫਿਲਮ ਨੂੰ ਸੰਗੀਤਕਾਰ ਦੇ ਇਸ ਦ੍ਰਿਸ਼ ਨੇ ਨਵਾਂ ਮੋੜ ਦੇ ਦਿੱਤਾ।
ਸੰਗੀਤਕਾਰ ਦਾ ਅਸਲੀ ਖ਼ਜ਼ਾਨਾ ਤਾਂ ਸੰਗੀਤਕਾਰ ਦੇ ਆਪਣੇ ਅੰਦਰ ਹੀ ਪਿਆ, ਯੂਟਿਊਬ ਜਾਂ ਲੋਕਾਂ ਕੋਲ ਨਹੀਂ। ਅਗਲੀ ਵਾਰ ਇਸ ਸੰਗੀਤਕਾਰ ਦੀ ਰੂਹ ਦੀ ਆਵਾਜ਼ ਦੇ ਸ਼ਬਦ/ ਸੂਫ਼ੀਆਨਾ ਨਗ਼ਮੇ ਰੀਕਾਰਡ ਕਰਨ ਦੇ ਖਿਆਲ ਨਾਲ ਮੈਂ ਕੈਨੇਡਾ ਵਾਪਸ ਚਲਾ ਗਿਆ। ਇਸ ਵਾਰ ਸੰਗੀਤਕਾਰ, ਗੱਲ ਗੱਲ ‘ਤੇ ਐਂਵੇਂ ਯਾਦ ਆਈ ਜਾਵੇ। ਮਨ ਕੁਟੀਆ ਵੱਲ ਨੂੰ ਦੌੜੇ। ਸੰਤ ਵਾਜਾਂ ਮਾਰਨ। ਬੇਸਮੈਂਟ ‘ਚ, ਕੁਟੀਆ ‘ਤੇ ਲਿਖੀ ਪੁਰਾਣੀ ਕਵਿਤਾ ਖੋਲ੍ਹ ਕੇ ਬੈਠ ਗਿਆ- ਇਸ ਕੁਟੀਆ ਮੇਰਾ ਆਉਣਾ ਜਾਣਾ ਕਈ ਜਨਮਾਂ ਤੋਂ!’ ਕਵਿਤਾ ਅਜੇ ਅੱਧ ਵਿਚਕਾਰ ਈ ਸੀ ਕਿ ਕੈਨੇਡਾ ਦੀ ਬੇਸਮੈਂਟ ‘ਚ ਅੱਧੀ ਰਾਤੇ ਉਸੇ ਸੁਨੱਖੀ ਬਾਵਰੀ ਚਿੱਤਰਕਾਰ ਦਾ ਵਟਸਐਪ ਮੈਸੇਜ, ਅਸਮਾਨੀ ਬਿਜਲੀ ਵਾਂਗ, ਮੋਬਾਈਲ ਅੰਦਰ ਲਿਸ਼ਕਿਆ-”ਸੰਤ ਸਤਨਾਮ ਸਿੰਘ ਨਹੀਂ ਰਹੇ। ਦਿਲ ਦਾ ਦੌਰਾ ਪੈਣ ਨਾਲ ਮੌਤ।” ਮੇਰੀ ਬੇਸਮੈਂਟ ਹਿੱਲ ਗਈ। ਕੁਟੀਆ ‘ਤੇ ਲਿਖੀ ਕਵਿਤਾ ਕੰਬ ਗਈ। ਸਾਰੀ ਰਾਤ ਮੈਂ ਬੇਸਮੈਂਟ ਦੀ ਛੱਤ ਨਾਲ ਚਿੰਮੜੇ ਹਨੇਰੇ ਨੂੰ ਖੁਰਚਦਾ ਰਿਹਾ। ਸੰਤਾਂ ਦਾ ਗਾਇਆ ਕਬੀਰ ਯਾਦ ਆਇਆ-
‘ ਕਬੀਰ ਸੰਤ ਮੁਏ ਕਿਆ ਰੋਈਏ, ਜੋ ਅਪਨੇ ਗ੍ਰਿਹ ਜਾਇ
ਰੋਵੋ ਸਾਕਿ ਸਵੋਪਰੇ, ਜੋ ਹਾਟੇ ਹਾਟ ਬਿਕਾਏ ॥’
ਸੰਗੀਤਕਾਰ ਲੰਮੀ ਯਾਤਰਾ ‘ਤੇ ਨਿਕਲ ਗਿਆ। ਕਹਾਣੀ ਖ਼ਤਮ। ਪਰ ਨਹੀਂ, ਕਹਾਣੀ ਤਾਂ ਮੌਤ ਤੋਂ ਬਾਅਦ ਸ਼ੁਰੂ ਹੁੰਦੀ।
ਮੈਂ ਕੈਨੇਡਾ ਤੋਂ ਵਾਪਸ ਮੁੜਿਆ ਤਾਂ ਮੇਰਾ ਜਲੰਧਰ ਇਸ ਵਾਰ ਅੱਧਾ ਰਹਿ ਗਿਆ!
ਕੁਟੀਆ ਵੱਲ ਜਾਣ ਨੂੰ ਦਿਲ ਔਹੜਿਆ, ਕਦਮ ਠਿਠਕ ਗਏ। ਇਮਾਰਤਾਂ ਨੂੰ ਮਿਲਣ ਦਾ ਕੀ ਅਰਥ?
ਸੰਗੀਤਕਾਰ ਦੇ ਆਖਰੀ ਵਕਤ ਜਿਹੜਾ ‘ਸਿæਸ਼’ ਨਾਲ ਸੀ ਉਸ ਨਾਲ ਅਚਾਨਕ ਮੇਲ ਹੋ ਗਿਆ। ਉਸਨੇ ਦੱਸਿਆ ਇਕ ਦਿਨ ਪਹਿਲਾਂ ਅਚਾਨਕ ਸੰਤਾਂ ਦਾ ਫੋਨ ਆ ਗਿਆ-ਚਲੋ! ਦਿੱਲੀ ਜਾਣਾ। ਤਿਆਰ ਹੋ ਪਏ। ਗੱਡੀ ਫੜ ਲਈ ਦਿੱਲੀ ਦੀ। ਦੋ ਚੇਲੇ, ਇਕ ਸੰਤ। ਕਿਸੇ ਵਾਕਫ ਦੇ ਘਰ ਦੋ ਰਾਤਾਂ ਰਹੇ। ਵਾਪਸ ਮੁੜਨ ਲਈ ਗੱਡੀ ਚੜ੍ਹੇ। ਸੰਤਾਂ ਦੀ ਤਬੀਅਤ ਖਰਾਬ ਹੋ ਗਈ। ਉਲਟੀਆਂ ਬੇਹੋਸ਼ੀ। ਚੇਲੇ ਨੇ ਕਿਹਾ-ਡਾਕਟਰ ਕੋਲ ਚੱਲੀਏ?
-ਖ਼ਬਰਦਾਰ ਜੇ ਮੈਨੂੰ ਕਿਧਰੇ ਲੈ ਕੇ ਗਿਆ। ਚਲੋ ਕੁਟੀਆ।” ਚਲਦੀ ਗੱਡੀ ‘ਚ ਸੰਤ ਸ਼ੇਰ ਬਣ ਗਰਜੇ। ਸ਼ੇਰ-ਸੰਤ ਨੂੰ ਦਿਲ ਦਾ ਦੌਰਾ ਪਿਆ। ਬੇਹੋਸ਼। ਲੋਕਾਂ ਲੁਧਿਆਣੇ ਹਸਪਤਾਲ ਲੈ ਆਂਦਾ। ਡਾਕਟਰ ਨੇ ਸਿæਸ਼ ਨੂੰ ਕਿਹਾ- ਕਾਕਾ, ਤੇਰੇ ਸਾਹਮਣੇ ਦਿਲ ਦਾ ਦੌਰਾ ਪਿਆ ਤੂੰ ਉਸੇ ਵੇਲੇ ਡਾਕਟਰ ਕੋਲ ਲੈ ਕੇ ਜਾਂਦਾ ਇਹਨਾਂ ਨੂੰ।’ ਨੱਕ ਮੂੰਹ ‘ਚ ਲੱਗੀਆਂ ਨਾਲੀਆਂ ਸਮੇਤ ਸੰਤ ਉੱਠ ਖਲੋਏ – ਖ਼ਬਰਦਾਰ, ਜੇ ਏਸ ਮੁੰਡੇ ਨੂੰ ਕੁਝ ਕਿਹਾ ਤਾਂ!’ ਤੇ ਸੰਤਾਂ ਨੇ ਸੀ.ਐਮ.ਸੀ. ਲੁਧਿਆਣੇ ਦਮ ਤੋੜ ਦਿੱਤਾ। ਦਮ ਤਾਂ ਉਹ ਕੁਟੀਆ ਈ ਤੋੜ ਆਇਆ ਸੀ। ਦਿੱਲੀਓਂ ਕਾਹਲੀ ਨਾਲ ਕੁਟੀਆ ਦਮ ਤੋੜਨ ਈ ਤਾਂ ਆਇਆ ਸੀ ਇਸ ਵਾਰ ਜੋਗੀ। ਸਵੈ-ਇੱਛਾ। ਫੋਨ `ਤੇ ਹੰਝੂ ਕੇਰਦੀ ਚਿੱਤਰਕਾਰ ਨੇ ਦੱਸਿਆ- ਮੈਂ ਸੰਤਾਂ ਦੀ ਮੋਈ ਦੇਹ ਨੂੰ ਦੇਖਿਆ। ਜਿਸ ਸਰੀਰ ਨੂੰ ਮੈਂ ਕਦੀ ਨਹੀਂ ਸੀ ਛੋਹਿਆ, ਉਸ ਦੇਹ ਨੂੰ ਛੋਹ ਕੇ ਦੇਖਿਆ। ਮੈਂ ਜਿਸ ਜਿਸਮ, ਰੂਹ, ਸੰਪੂਰਨ ਸ਼ਖ਼ਸ ਨੂੰ ਜੀਂਦੇ ਨੂੰ ਛੋਹ ਕੇ ਵੇਖਣਾ ਚਹੁੰਦੀ ਸਾਂ, ਉਸਦੀ ਮੋਈ ਵਿਸ਼ਾਲ ਦੇਹ ਮੇਰੇ ਹੱਥਾਂ ‘ਚ ਠੰਡੀ ਹੋਈ ਪਈ ਸੀ। ਮੇਰੇ ਚਿੱਤਰਕਾਰ- ਪੋਟਿਆਂ ਦਾ ਲਹੂ ਉਸਨੂੰ ਜੀਉਂਦਾ ਮਹਿਸੂਸ ਕਰ ਰਿਹਾ ਸੀ। ਮੈਂ ਸੰਤਾਂ ਦੇ ਪੈਰ ਛੂਹੇ। ਮੈਂ ਜੋਗੀ ਦੇ ਕੇਸਾਂ ‘ਚ ਆਪਣੇ ਪੋਟੇ ਘੁਮਾਏ। ਸਹਿਲਾਇਆ। ‘ਜੋਗੀ ਦੇ ਕਿੰਨੇ ਸੋਹਣੇ ਕੇਸ, ਕੇਸ ਕੁੜੇ! ਦਹੀਆਂ ਕਟੋਰੇ ਜੋਗੀ ਨ੍ਹਾਂਵਦਾ … ਜਾ ਬੈਠਾ ਪ੍ਰਦੇਸ, ਪ੍ਰਦੇਸ ਕੁੜੇ, ਜੋਗੀ ਦੇ ਕਿੰਨੇ ਸੋਹਣੇ ਕੇਸ…!’ ਮੈਂ ਆਪਣੇ ਹੰਝੂਆਂ ਦੀ ਝੜੀ ਹੇਠ ਸੰਤਾਂ ਦੀ ਅੰਤਮ ਦੇਹ ਸਾਹਮਣੇ ਬੈਠੀ ਸਾਂ। ਬੇਵੱਸ! ਮੈਂ ਸੰਤਾਂ ਨੂੰ ਪਿਆਰ ਕਰਦੀ ਸਾਂ। ਮੇਰੇ ਕੋਲ ਹੌਸਲਾ ਨਹੀਂ ਸੀ ਉਨ੍ਹਾਂ ਨੂੰ ਜੀਉਂਦੇ ਜੀ ਦੱਸਣ ਦਾ।’ ਬਾਵਰੀ ਚਿੱਤਰਕਾਰ ਦਾ ਹਉਕਾ, ਸੰਗੀਤਕਾਰ ਦੀ ਸੁੰਨੀ ਕੁਟੀਆ ਜਾ ਪੁੱਜਾ।
ਆਖਰੀ ਵਕਤ ਨਾਲ ਵਾਲੇ ਸਿæਸ਼ ਨੇ ਸੰਤਾਂ ਕੋਲੋਂ ਆਖਰੀ ਸੁਆਲ ਜੋ ਪੁੱਛਿਆ, ਉਹ ਸੀ- ‘ਗੁਰੂ ਜੀ ਸੰਤ ਕਿਵੇਂ ਬਣਿਆ ਜਾ ਸਕਦਾ?’
ਜਿਹੜਾ ਸੰਤਾਂ ਦਾ ਆਖਰੀ ਜੁਆਬ ਸੀ, ਉਹ ਸੀ- ‘ਸਿਰਫ ਔਰਤ, ਬੰਦੇ ਨੂੰ ਸੰਤ ਬਣਾ ਸਕਦੀ।’
ਸੰਗੀਤਕਾਰ ਦਾ ਸਿæਮਲੇ ਰੀਕਾਰਡ ਹੋਇਆ ਫਰੀਦ ਯਾਦ ਆਇਆ- ਨਾਲ ਪਿਆਰੇ ਨੇਹੁ…। ਸੰਤਾਂ ਨੂੰ ਦੁਬਾਰਾ ਦੇਖਣ ਨੂੰ ਦਿਲ ਆਇਆ। ਬਹੁਤ ਕੋਸਿæਸ਼ਾਂ ਬਾਅਦ ਸਿæਮਲੇ ਵਾਲੀ ਰੀਕਾਰਡਿੰਗ ਮਿਲ ਗਈ। ਯੂ-ਟਿਊਬ ‘ਤੇ ਉਪਲਬਧ ਕਰਵਾ ਦਿੱਤੀ। (ਹੇਠਾਂ ਦਰਜ ਲਿੰਕ ਦੇਖੋ)
ਰੀਕਾਰਡਿੰਗ ਬਾਰ ਬਾਰ ਸੁਣੀ। ਸਿæਮਲੇ ਲਾਈਵ ਟੈਲੀਕਾਸਟ ਵੇਲੇ ਸੰਗੀਤਕਾਰ ਦਾ ਗਾਇਆ ਫਰੀਦ ਸੁਣ ਕੇ ਜਿਹੜਾ ਹੰਝੂ ਮੇਰੀ ਅੱਖ ‘ਚੋਂ ਕਿਰਿਆ ਸੀ, ਉਹੀ ਅੱਜ ਫੇਰ ਕਿਰਿਆ। ਇਹ ਹੰਝੂ ਸੰਗੀਤਕਾਰ ਦੀ ਉਪਜ ਸੀ ਕਿ ਸੰਤ ਦੀ? ਕਿ ਮੀਂਹ ‘ਚ ਭਿੱਜਦੀ ਕੰਬਲੀ ਦੀ ਕੰਪਨ? ਕਿ ਸ਼ਾਇਰ ਫਰੀਦ ਦੀ ਸ਼ਾਇਰੀ ਦਾ ਕ੍ਰਿਸ਼ਮਾ? ਕਿ ਮੇਰਾ ਆਪਣਾ ਦੁੱਖ ਅਟਕਿਆ ਹੋਇਆ ਸਦੀਆਂ ਤੋਂ ਮੇਰੀਆਂ ਰਗਾਂ ਅੰਦਰ? ਹੰਝੂ ਕੁਟੀਆ ਅੰਦਰ ਛਿਪਿਆ ਕਿ ਕੁਟੀਆ ਇਸ ਅਗੰਮੀ ਹੰਝੂ ਅੰਦਰ ਬੰਦ? ਇਸ ਰਹੱਸ ਦੀ ਬੁਨਿਆਦ ਕੀ ਹੈ? ਬੁਨਿਆਦੀ ਸੁਆਲ ਹੈ ਕੀ ਆਖ਼ਰ?
ਇਕ ਦੁਪਹਿਰ, ਕੁਟੀਆ ਵਾਜਾਂ ਮਾਰਨ ਲੱਗ ਪਈ। ਜਿਸ ਲੇਖਕ ਨਾਲ ਸੰਤ ਪਹਿਲੀ ਵਾਰ ਮੇਰੇ ਦਫਤਰੀ-ਕਮਰੇ ‘ਚ ਮਿਲੇ ਸਨ ਤੇ ਖੁਸ਼ਕ ਪੱਤਿਆਂ ਵਾਲੇ ਪਿੱਪਲ ਨੂੰ ਮੀਂਹ ਨਾਲ ਲਿਸ਼ਕਣ ਲਾ ਗਏ ਸਨ, ਉਸੇ ਮਿੱਤਰ ਪੰਜਾਬੀ ਲੇਖਕ ਨੂੰ ਨਾਲ ਲੈ, ਮੈਂ ਕੁਟੀਆ ਜਾ ਪੁੱਜਾ। ਸਿੱਧੇ ਕੁਟੀਆ ਦੇ ਕੋਠੇ ਚੜ੍ਹ ਗਏ। ਕੋਠੇ ਦੀਆਂ ਪੌੜੀਆਂ ਚੜ੍ਹਦਿਆਂ ਮੈਨੂੰ ਠੁਮਰੀ ਦਾਦਰਾ ਸੁਣਨ ਲੱਗ ਪਏ। ਲੱਗਾ ਜਿਵੇਂ ਲਖਨਊ ਦੇ ਕਿਸੇ ‘ਕੋਠੇ’ ਆ ਗਿਆ ਹੋਵਾਂ। ਤਬਲੇ, ਸਾਰੰਗੀਆਂ ਘੁੰਗਰੂਆਂ ਦੀ ਆਵਾਜ਼ ਗੂੰਜਣ ਲੱਗ ਪਈ। ਕੁਟੀਆ ਕਿਸੇ ਪੁਰਾਤਨ ਹਵੇਲੀ ਵਾਂਗ ਗੂੰਜਣ ਲੱਗ ਪਈ। ਜਿਵੇਂ ਪੁਰਾਤਨ ਰੂਹਾਂ ਉੜਦੀਆਂ ਹੋਣ ਖੰਡਰਾਂ ਅੰਦਰ ! ਨਵਾਬ ਵਾਜਦ ਅਲੀ ਦੀ ਠੁਮਰੀ ਗੂੰਜੀ- ਬਾਬਲ ਮੋਰੋ ਨੇਹੀਯਰ ਛੂਟੋ ਜਾਇ।’ ਸੰਤ ਆਪਣੇ ਬੰਦ ਕਮਰੇ `ਚੋਂ ਹੱਸਦੇ ਸੁਣਨ ਲੱਗ ਪਏ। ਸੰਗੀਤਕਾਰ ਦਾ ਅਜਬ ਗਾਇਆ ਸ਼ਾਹ ਮੁਹੰਮਦ ਗੂੰਜਿਆ-
‘ਜਿੰਦੇ ਨੀ ਤੇਰਾ ਕੋਈ ਨਾਹੀਂ, ਐਂਵੇਂ ਕੂੜ ਹਵੇਲੀਆਂ ਮੱਲੀਆਂ ਨੀ….
ਚਰਖੇ ਤੰਦ ਨਾ ਪਾਵਣਾ ਮਿਲੂ ਤੈਨੂੰ, ਜਦ ਕੰਤ ਨੇ ਚਿੱਠੀਆਂ ਘੱਲੀਆਂ ਨੀ…
ਸਦਾ ਨਹੀਂ ਇਹ ਦੌਲਤਾਂ ਪੀਲ ਘੋੜੇ, ਸਦਾ ਨਹੀਂ ਇਹ ਰਾਜਿਆਂ ਦੇਸ ਮੀਆਂ,
ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ, ਸਦਾ ਰਹਿਣ ਨਾ ਕਾਲੜੇ ਕੇਸ ਮੀਆਂ …।’
ਸੰਗੀਤਕਾਰ ਦੇ ਚੇਲੇ ਤੇ ਅਸੀਂ, ਚਾਰ-ਪੰਜ ਘੰਟੇ ਸਿਰਫ਼ ਸੰਗੀਤਕਾਰ-ਸੰਤ ਦੀਆਂ ਗੱਲਾਂ ਕਰਦੇ ਰਹੇ।
-ਸੰਤ ਕਹਿੰਦੇ- ‘ਹੁਣ ਪਾਠ ‘ਚ ਮਨ ਨਹੀਂ ਲਗਦਾ। ਬੰਦਾ ਕੱਲਾ ਈ ਹੁੰਦਾ ਹਮੇਸ਼ਾ। ਸਿਰਫ ਅਨੁਭਵ ਉਸਦਾ ਸਾਥੀ। ਸੰਗੀਤ ਸਾਹਿਤ ਬਿਨਾ ਅਧੂਰਾ। ਅਸੀਂ ਸ਼ਬਦ ਦਾ ਸਤਿਕਾਰ ਗੁਆ ਲਿਆ ਹੈ। ਤੁਸੀਂ ਦਸਾਂ ਦਾ ਨੋਟ ਕਦੇ ਰੁਲਦਾ ਨਹੀਂ ਦੇਖੋਗੇ, ਤੁਸੀਂ ਮਹਾਨ ਗ੍ਰੰਥਾਂ ਦੇ ਪੰਨੇ ਪਾੜਨ-ਰੁਲਣ ਲਾ ਦਿੱਤੇ। ਧ੍ਰਿਗ ਹੈ ਇਹ ਜੀਵਨ।’
ਸਿæਸ਼ ਨੇ ਦੱਸਿਆ- ਸੰਤਾਂ ਦੇ ਹੁੰਦਿਆਂ ਕੁਟੀਆ ‘ਚ ਸੱਪਾਂ ਦੇ ਜੋੜੇ ਘੁੰਮਦੇ ਰਹਿੰਦੇ। ਕੋਈ ਕੰਧਾਂ ਤੇ ਕੋਈ ਰਸੋਈ ‘ਚ। ਕੋਈ ਕਿਤੇ ਕੋਈ ਕਿਤੇ। ਅਸੀਂ ਕਹਿਣਾ ਸੱਪ! ਸੰਤਾਂ ਕਹਿਣਾ ਤੈਨੂੰ ਕੁਝ ਕਹਿੰਦਾ? ਮੌਜ ਕਰਨ ਦੇ।’ ਸੰਤਾਂ ਦੇ ਜਾਣ ਬਾਅਦ ਨਾ ਹੁਣ ਸੱਪ ਆਉਂਦੇ ਏਥੇ, ਨਾ ਓਦਾਂ ਪੰਛੀ ਈ ਬੋਲਦੇ। ਸਿæਸ਼ ਉਦਾਸ ਹੋ ਗਿਆ।
ਗੱਲਾਂ ਕਰਦਿਆਂ ਚਾਹ ਪਕੌੜੇ ਆਏ। ਬੇ-ਸੁਆਦ। ਚਾਹ-ਪਕੌੜਿਆਂ ਵਾਲਾ ਸੰਤ ਹੋਰ ਸੀ, ਚਲਾ ਗਿਆ! ਚਾਹ ਤੇ ਸਲੂਣੇ ਅੰਦਰ ਜੋ ਪ੍ਰੇਮ-ਰਸ ਤੇ ਕਰਾਰਾ-ਹਾਸਾ ਸੀ, ਕੁਟੀਆ ਨੂੰ ਕਦੇ ਤਾਲਾ ਨਾ ਮਾਰਨ ਵਾਲਾ ਭਗਵੇਂ ਕੱਪੜਿਆਂ ਵਾਲਾ ਬੰਦਾ, ਜਾਂਦਾ ਜਾਂਦਾ ਉਸਨੂੰ ਪੱਕਾ ਜੰਦਰਾ ਮਾਰ ਗਿਆ। ਗੱਲਾਂ ਕਰਦਿਆਂ ਕੁਟੀਆ ਦੇ ਕੋਠੇ ਦੀਆਂ ਕੰਧਾਂ ਤੋਂ ਧੁੱਪ ਉੱਤਰਨੀ ਸ਼ੁਰੂ ਹੋ ਗਈ। ਕੁਟੀਆ ਦੀ ਸ਼ਾਮ, ਤੇ ਕੋਈ ਪੰਛੀ ਨਾ ਬੋਲੇ? ਕੀਹਦੇ ਲਈ ਬੋਲਣ ਪੰਛੀ? ਮੈਂ ਭਾਂ-ਭਾਂ ਕਰਦੀ ਹਵੇਲੀ ਦੇ ਚਾਰੇ ਪਾਸੇ ਫੇਰ ਨਜ਼ਰ ਦੌੜਾਈ ਤੇ ਅਸੀਂ ਜਾਣ ਲਈ ਪੌੜੀਆਂ ਉੱਤਰ ਆਏ।
–ਇਸ ਕੁਟੀਆ ਮੇਰਾ ਆਉਣਾ ਜਾਣਾ, ਕਈ ਜਨਮਾਂ ਤੋਂ …’
ਜਦ ਵੀ ਜਾਣਾ, ਸੰਗੀਤਕਾਰ ਨੇ ਬਾਹਰ ਤੱਕ ਛੱਡਣ ਆਉਣਾ। ਅੱਜ ਫੁੱਲਾਂ-ਬੂਟਿਆਂ ਦੇ ਵਿਚਕਾਰੋਂ ਜੋਗੀਆ ਰੰਗ ਝਾਕੀ ਜਾਂਦਾ।
ਮੁੜਨ ਤੋਂ ਪਹਿਲਾਂ, ਸੰਗੀਤਕਾਰ-ਸਿæਸ਼ ਨੇ ਕੁਟੀਆ ਦੇ ਖੱਬੇ ਪਾਸੇ ਸੰਤਾਂ ਦੇ ਬੀਜੇ ਫੁੱਲਾਂ ਬੂਟਿਆਂ ਵੱਲ ਉਂਗਲ ਕਰਕੇ ਦੱਸਿਆ- ਸੰਤਾਂ ਦੇ ਇਨ੍ਹਾਂ ਫੁੱਲਾਂ ਬੂਟਿਆਂ ਦੇ ਵਿਚਕਾਰ ਹੀ ਸੰਤਾਂ ਦਾ ਦਾਹ-ਸੰਸਕਾਰ ਕੀਤਾ ਗਿਆ।’ ਉਸੇ ਥਾਂ ਜਿੱਥੇ ਸੰਗੀਤਕਾਰ ਅਗਲੇ ਜਨਮ ਖ਼ਾਤਰ ਬੀ-ਬੂਟੇ ਬੀਜਦਾ ਹੁੰਦਾ ਸੀ, ਜਿੱਥੇ ਸੰਗੀਤਕਾਰ ਰੰਗ ਬਰੰਗੇ ਫੁੱਲ ਉਗਾਉਂਦਾ ਹੁੰਦਾ ਸੀ, ਉਸੇ ਥਾਂ ਜਿੱਥੋਂ ਸੰਗੀਤਕਾਰ ਤਾਜ਼ੇ ਫੁੱਲਾਂ ਸਬਜੀæਆਂ ਦੀ ਸੌਗ਼ਾਤ ਮੇਰੀ ਕਾਰ ਦੇ ਕੋਨੇ ਸਜਾ ਦਿੰਦਾ ਸੀ, ਉਸੇ ਥਾਂ ਜਿੱਥੇ ਉਹ ਸ਼ਾਮ-ਸ਼ਵੇਤ ਚਾਂਦੀ-ਰੰਗੇ ਵਾਲਾਂ ਵਾਲਾ ਕਿਸੇ ਨਿਰਛਲ ਬਾਲ ਵਾਂਗ ਹੱਸਦਾ ਸੀ, ਉਸੇ ਥਾਂ ਜਿੱਥੇ ਉਹ ਜੋਗੀ ਸੰਗੀਤਕਾਰ ਆਪਣੀ ਜ਼ਮੀਨ ਦੇ ਨਿੱਕੇ ਜਿਹੇ ਟੁਕੜੇ ‘ਤੇ ਦੁਨੀਆਂ ਦੇ ਕਿਸੇ ਉੱਚਤਮ ਰਈਸ ਵਾਂਗ ਕਦਮ ਰੱਖਦਾ ਸੀ, ਉਸੇ ਥਾਂ ਉਸਦਾ ਦਾਹ-ਸੰਸਕਾਰ? ਇਹੀ ਹੈ ਮਨੁੱਖਾ ਜੀਵਨ! ਇਹੀ ਹੈ ਅੰਤ? ਕੀ ਸੰਤ ਕੀ ਸਿæਸ਼? ਕੀ ਭਗਵਾ ਕੀ ਬੇਰੰਗ? ਅੱਗ ਦਾ ਰੰਗ ਇਕੋ। ਲਾਲੀ ਮੇਰੇ ਲਾਲ ਕੀ, ਜਿਤ ਦੇਖੇ ਸੋ ਲਾਲ! ਰੰਗ ਹੱਸੇ ਰੰਗ ਰੋਏ ਅਰ ਚੁੱਪ ਵੀ ਕਰ ਜਾਹ! ਚਿੰਤਨ-ਵੱਸ, ਮੈਂ ਕੁਟੀਆ ਉੱਪਰਲੇ ਨੀਲੇ ਗੂਹੜੇ ਹੁਣ ਤੱਕ ਫਿੱਕੇ ਪੈ ਚੁੱਕੇ ਆਕਾਸ਼ ‘ਚ ਦੇਖਿਆ। ਜੋਗੀਆ ਸੂਰਜ ਡੁੱਬ ਰਿਹਾ ਸੀ। ਗਾਹੜੀ ਜੋਗੀਆ ਸ਼ਾਮ, ਗੂਹੜੀ ਸਿਆਹ ਰਾਤ ‘ਚ ਬਦਲ ਗਈ। ਮੈਂ ਤੇ ਲੇਖਕ ਗੂਹੜੀ ਸਿਆਹ ਡੂੰਘੀ ਖ਼ਾਮੋਸ਼ ਰਾਤ ‘ਚ ਸੰਤਾਂ ਦੇ ਅਨੇਕ ਰੰਗਾਂ ਦੀਆਂ ਫੁਲਝੜੀਆਂ ਜਗਾਉਂਦੇ, ਰੰਗੀਨ ਧਾਰੀਆਂ ਫੜਦੇ, ਤੈਹਾਂ ਫੋਲਦੇ, ਹੱਸਦੇ ਚੁੱਪ ਹੁੰਦੇ, ਸੰਘਣੇ ਹਨੇਰਿਆਂ ‘ਚ ਉੱਸਰੇ ਆਪਣੇ ਘਰੀਂ ਪਹੁੰਚ ਗਏ।
ਕਹਿੰਦੇ, ਸੰਤਾਂ ਨੂੰ ਪਤਾ ਸੀ ਉਸ ਹੁਣ ਚਲੇ ਜਾਣਾ। ਸਭ ਸੰਗੀ ਸਾਥੀ ਇਹੀ ਕਹਿੰਦੇ। ਕੈਨੇਡਾ ਜਾਣ ਤੋਂ ਪਹਿਲਾਂ ਜਦ ਪਿਛਲੀ ਵਾਰ ਮੈਂ ਕੁਟੀਆ ਗਿਆ, ਸੰਤਾਂ ਨੇ ਮੇਰਾ ਹੱਥ ਫੜ ਲਿਆ, ਕਹਿੰਦੇ- ‘ਬਸ ਹੁਣ ਤਿਆਰੀ ਹੈ। ਸਭ ਦੇਖ ਲਿਆ। ਪੈਸਾ ਧੇਲਾ, ਮਾਣ ਸ਼ੋਹਰਤ। ਬਸ ਹੁਣ ਇਸ ਕੁਟੀਆ ਦੀਆਂ ਚਾਬੀਆਂ ਦੇਣੀਆਂ, ਬੰਦਾ ਈ ਨਹੀਂ ਲਭਦਾ ਕੋਈ। ਸੱਚ ਕਹਿੰਨਾਂ, ਤੁਸੀਂ ਇਸ ਕੁਟੀਆ ਦੀਆਂ ਚਾਬੀਆਂ ਸਾਂਭ ਲਵੋ।’ ਤੇ ਗੰਭੀਰ ਹੱਸਦੇ ਸੰਤਾਂ ਨੇ ਇਕ ਅਣਸੀਤਾ ਜੋਗੀਆ ਟੈਰੀਕਾਟ ਦਾ ਖੁੱਲ੍ਹਾ ਥਾਨ-ਨੁਮਾ ਕੱਪੜਾ ਮੇਰੀ ਝੋਲੀ ਰੱਖ ਦਿੱਤਾ। ਕਿਹਾ- ‘ਤੁਹਾਨੂੰ ਜੋਗੀਆ ਕੁੜਤਾ ਪਜਾਮਾ ਸੋਹਣਾ ਲੱਗੇਗਾ।’ ਕੈਨੇਡਾ ਜਾਣ ਲੱਗਿਆਂ ਮੈਂ ਇਹ ਜੋਗੀਆ ਕੱਪੜਾ ਆਪਣੀ ਅਲਮਾਰੀ ਅੰਦਰ ਰੱਖ ਗਿਆ। ਵਾਪਸ ਆਇਆ ਤਾਂ ਸੰਤਾਂ ਦੀ ਮੌਤ ਬਾਅਦ ਬਾਰੀ ਖੋਲ੍ਹ ਕੇ ਦੇਖੀ, ਸੰਗੀਤਕਾਰ ਦੀ ਮੁਹੱਬਤ ਜਾਂ ਨਸੀਹਤ ਦੀ ਨਿਸ਼ਾਨੀ। ਅਲਮਾਰੀ ਬੰਦ ਕਰ ਦਿੱਤੀ। ਫੇਰ ਕੁਝ ਦਿਨਾਂ ਬਾਅਦ ਮੈਨੂੰ ਬੁਰੇ ਸੁਪਨੇ ਆਉਣੇ ਸੁæਰੂ ਹੋ ਗਏ। ਕੱਲੇ ਨੂੰ ਅੱਧੀ ਰਾਤ ਬਾਰੀ ਖੋਲ੍ਹਦਿਆਂ ਡਰਾਵਣੀਆਂ ਸ਼ਕਲਾਂ ਦਿਸਣੀਆਂ ਸੁæਰੂ ਹੋ ਗਈਆਂ। ਮੈਂ ਅਲਮਾਰੀ ਨੂੰ ਜੰਦਰਾ ਮਾਰ ਕੇ ਸੌਣ ਲੱਗ ਪਿਆ। ਅਲਮਾਰੀ ਅੰਦਰ ਬੰਦ ਅਣਸੀਤੇ ਜੋਗੀਆ ਕੱਪੜੇ ਅੰਦਰੋਂ ਕਿਸੇ ਦੇ ਰੋਣ ਦੀ ਆਵਾਜ਼ ਸੁਣਨ ਲੱਗ ਪਈ। ਤੇ ਇਕ ਦਿਨ ਮੈਂ ਇਹ ਅਣਸੀਤਾ ਕੱਪੜਾ ਆਪਣੀ ਬਿਰਧ ਕੰਮ ਵਾਲੀ ਨੂੰ ਚਕਾ ਦਿੱਤਾ। ਉਹ ਅਗਲੇ ਮਹੀਨੇ ਉਹਦਾ ਸੂਟ ਸਵਾ ਕੇ ਮੇਰੇ ਕੰਮ ਕਰਨ ਆਈ ਮੈਨੂੰ ਸੀਸਾਂ ਦੇਣ ਲੱਗ ਪਈ। ਦੇਖਦਿਆਂ ਹੀ ਦੇਖਦਿਆਂ ਉਹਦੇ ਚਿਹਰੇ ਨੂੰ ਇਕ ਬੁੱਢੀ ਚੁੜੇਲ ਦਾ ਮੂੰਹ ਲੱਗ ਗਿਆ। ਮੈਂ ਉਹਨੂੰ ਧੱਕਾ ਮਾਰ ਕੇ ਪਾਸੇ ਕਰ ਦਿੱਤਾ। ਉਹਨੂੰ ਕਿਹਾ- ਇਹ ਸੂਟ ਤੈਨੂੰ ਮੈਂ ਆਉਣ-ਜਾਣ ਲਈ ਦਿੱਤਾ, ਕੰਮ `ਤੇ ਪਾਉਣ ਲਈ ਨਹੀਂ।’ ਇਕ ਦਿਨ ਆ ਕੇ ਕਹਿਣ ਲੱਗੀ ਕਾਕਾ! ਜਿਹੜਾ ਸੂਟ ਤੂੰ ਮੈਨੂੰ ਆਉਣ ਜਾਣ ਲਈ ਦਿੱਤਾ ਉਹਨੂੰ ਪਤਾ ਨਹੀਂ ਮੇਰੇ ਟਰੰਕ ‘ਚ ਪਏ ਨੂੰ ਕੌਣ ਕੈਂਚੀ ਨਾਲ ਕੱਟ ਗਿਆ।’ ਕੰਮ ਵਾਲੀ ਡਰੀ ਹੋਈ ਸੀ ਤੇ ਮੈਂ ਉਹਦੇ ਨਾਲੋਂ ਵੀ ਵੱਧ। ਬਾਅਦ ‘ਚ ਪਤਾ ਲੱਗਾ ਕਿ ਕੰਮ ਵਾਲੀ ਦੀ ਕੁਪੱਤੀ ਨੂੰਹ ਨੇ ਕੈਂਚੀ ਵਾਲਾ ਕੰਮ ਕੀਤਾ ਸੀ।
ਮੈਨੂੰ ਪਤਾ, ਇਹ ਚਾਬੀਆਂ ਸੌਂਪਣ ਵਾਲੀ ਗੱਲ ਸੰਗੀਤਕਾਰ ਨੇ ਕਈ ਹੋਰਨਾਂ ਨੂੰ ਵੀ ਕਹੀ ਹੋਵੇਗੀ ਅਵੱਸ਼। ਇਹ ਗੱਲ ਉਨ੍ਹਾਂ ਚਿੱਤਰਕਾਰ ਕਵਿੱਤਰੀ ਨੂੰ ਵੀ ਕਹੀ। ਸ਼ਾਇਦ ਮਿੱਤਰ ਪੰਜਾਬੀ ਲੇਖਕ ਨੂੰ ਵੀ! ਮੈਨੂੰ ਇਲਮ ਸੀ, ਇਸ ਕੁਟੀਆ ਦੀਆਂ ਚਾਬੀਆਂ ਉਹ ਕਿਸੇ ਨੂੰ ਵੀ ਨਹੀਂ ਦੇ ਕੇ ਜਾਵੇਗਾ। ੳਹੀ ਹੋਇਆ। ਕੋਈ ਵਸੀਅਤਨਾਮਾ ਨਹੀਂ, ਕੋਈ ਗੱਦੀ-ਨਸੀæਂ ਨਹੀਂ। ਕੱਲਾ ਆਇਆ, ਕੱਲਾ ਤੁਰ ਗਿਆ। ‘ਸੰਤੋ ਮਾਖਨੁ ਖਾਇਆ, ਸ਼ਾਸ਼ ਪੀਏ ਸੰਸਾਰ।’ ਅਦਭੁਤ ਜੋਗੀ, ਅਣਦੇਖੇ ਨਗਰ ਨਿਕਲ ਗਿਆ, ਪਿੱਛੇ ਕੁਟੀਆ ਦੇ ਗੂੜ੍ਹੇ ਸਿਆਹ ਹਨੇਰੇ ਅੰਦਰ ਛੱਡ ਗਿਆ ਸੰਗੀਤ ਤੇ ਸ਼ਬਦ ਦੀਆਂ ਰੰਗੀਨ ਧਾਰੀਆਂ, ਜਿਹਨਾਂ ਨਾਲ ਸਵੇਰ ਸ਼ਾਮ ਕੁਟੀਆ ਉੱਪਰਲੇ ਸੱਖਣੇ ਨੀਲੇ ਆਕਾਸ਼ `ਤੇ ਜੋਗੀਆ ਸਤਰੰਗੀਆਂ ਬਣਦੀਆਂ ਮਿਟਦੀਆਂ। ਝਪੱਟ ਖੁੱਲ੍ਹੇ ਬੂਹਿਆਂ ਵਾਲੀ ਕੁਟੀਆ ਦੀਆਂ ਚਾਬੀਆਂ ਤਾਂ ਸੰਗੀਤਕਾਰ ਨਾਲ ਈ ਲੈ ਗਿਆ। ਆਪਣੇ ਡੂੰਘੇ ਖੀਸੇ ਅੰਦਰ। ਹੁਣ ਤਾਂ ਓਥੇ ਸਿਰਫ ਕੁਟੀਆ ਦੀ ਇਮਾਰਤ ਖਲੋਤੀ, ਜਿੱਥੇ ਡੂੰਘੀ ਸ਼ਾਮ ਗਏ, ਕੁਟੀਆ ਉੱਪਰਲੇ ਸੱਖਣੇ ਨੀਲੇ ਅਸਮਾਨ ਉੱਤੇ ਤੁਸੀਂ ਅਜੇ ਵੀ ਰੱਬ ਦੇ ਗਲ ਪਾਇਆ ਇਕ ਜੋਗੀਆ ਕੁੜਤਾ ਲਟਕਦਾ ਦੇਖ ਸਕਦੇ, ਜੀਹਦੇ ਹਜ਼ਾਰਾਂ ਖਾਨਿਆਂ ਵਾਲੇ ਖੀਸੇ ਅੰਦਰੋਂ ਚਾਬੀਆਂ ਦੀ ਖਣਕਾਰ ਕਿਸੇ ਵਿਰਲੇ ਨੂੰ ਅਜੇ ਵੀ ਸੁਣ ਸਕਦੀ!
ਸੰਤ ਇਕ ਰਾਤ ਮੈਨੂੰ ਸੁਪਨੇ ‘ਚ ਮਿਲੇ, ਪੁੱਛਦੇ- ‘ਉਹ ਜੋਗੀਆਂ ਕੁੜਤਾ ਪਜਾਮਾ ਤੁਸੀਂ ਸਵਾਂਇਆਂ ਅਜੇ ਤਕ?