ਛਾਤੀ ਅੰਦਰਲੇ ਥੇਹ (5)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ
ਗੁਰਦਿਆਲ ਦਲਾਲ
ਫੋਨ: 91-98141-85363
ਸਰਹਿੰਦ ਨਹਿਰ ਦੇ ਸੱਜੇ ਕੰਢੇ ਵਸਿਆ ਸਾਡਾ ਪਿੰਡ ਪੰਜਾਹ ਕੁ ਵਰ੍ਹੇ ਪਹਿਲਾਂ ਜੰਗਲਾਂ ਨਾਲ ਘਿਰਿਆ ਹੁੰਦਾ ਸੀ। ਚਾਰੇ ਪਾਸੇ ਖਜੂਰਾਂ, ਕਿੱਕਰਾਂ, ਟਾਹਲੀਆਂ, ਜਾਮਣਾਂ, ਜਮੋਇਆਂ, ਤੂਤਾਂ, ਫਲਾਹੀਆਂ ਅਤੇ ਪਹਾੜੀ ਕਿੱਕਰਾਂ ਦੀ ਭਰਮਾਰ ਹੁੰਦੀ ਸੀ। ਇਨ੍ਹਾਂ ਦਰਖ਼ਤਾਂ ਵਿਚਾਲੇ ਜਿਹੜੀ ਖਾਲੀ ਜਗ੍ਹਾ ਬਚਦੀ, ਉਸ ਵਿਚ ਕਾਹੀ, ਸਰਕੜਾ ਅਤੇ ਨੜੇ ਉੱਗ ਪੈਂਦੇ। ਸੱਪਾਂ ਦੀ ਭਰਮਾਰ ਹੁੰਦੀ। ਥਾਂ ਪੁਰ ਥਾਂ ਜ਼ਹਿਰੀਲੇ ਭੜਪਿੱਸੂਆਂ ਦੇ ਛੱਤੇ ਹੁੰਦੇ। ਲੋਕ ਐਨੇ ਜਾਂਗਲੀ ਕਿ ਬਿਨਾਂ ਕਿਸੇ ਡਰ ਭੈਅ ਦੇ ਇਨ੍ਹਾਂ ਜੰਗਲਾਂ ਨੂੰ ਚੀਰਦੇ ਲੰਘ ਜਾਂਦੇ। ਇਲਾਕਾ ਸੇਮ ਦਾ ਮਾਰਿਆ ਹੋਇਆ ਸੀ। ਕਈ ਥਾਂਵਾਂ ‘ਤੇ ਧਰਤੀ ਵਿਚੋਂ ਪਾਣੀ ਆਪ ਮੁਹਾਰੇ ਫੁੱਟਦਾ ਰਹਿੰਦਾ। ਤੀਵੀਆਂ ਇਨ੍ਹਾਂ ਬੁੰਬਾਂ ‘ਤੇ ਰੇਹੀ (ਸ਼ੋਰੇ ਵਾਲੀ ਮਿੱਟੀ) ਨਾਲ ਕੱਪੜੇ ਧੋਂਦੀਆਂ। ਬਹੁਤੀ ਖੇਤੀ ਇੱਖ, ਧਾਨ, ਚਰ੍ਹੀ, ਬਾਜਰਾ, ਲਸਣ, ਪਿਆਜ਼ ਆਦਿ ਦੀ ਹੁੰਦੀ। ਸਾਲ ਦਾ ਅੱਧਾ ਸਮਾਂ ਲੋਕ ਵਿਹਲੇ ਹੀ ਰਹਿੰਦੇ। ਉਹ ਖੁੰਢਾਂ ‘ਤੇ ਬੈਠ ਟਿੱਚਰ, ਮਖੌਲ ਤੇ ਚੁਗਲੀਆਂ ਕਰਦੇ; ਤਾਸ਼ ਕੁੱਟਦੇ, ਸਰਦਾਈਆਂ ਘੋਟਦੇ; ਰੂੜੀ-ਮਾਰਕਾ ਸ਼ਰਾਬ ਕੱਢਦੇ ਜਾਂ ਫਿਰ ਕਿਸੇ ਜੰਗਲੀ ਸ਼ਿਕਾਰ ਦੀ ਭਾਲ ਵਿਚ ਨਿਕਲੇ ਰਹਿੰਦੇ।
ਸਾਧੂ ਛੜਾ ਅਤੇ ਰਾਜਾ ਪਿਆਰਾ ਸਾਰਾ ਦਿਨ ਜਾਲ ਚੁੱਕੀ ਖਰਗੋਸ਼ ਫੜਦੇ ਰਹਿੰਦੇ। ਰਿਖੀ ਮੱਛੀਆਂ ਫੜਨ ਲਈ ਕੁੰਡੀ ਸੁੱਟੀ ਨਹਿਰ ਦੇ ਕੰਢੇ ਬੈਠਾ ਚਿਲਮ ਪੀਂਦਾ ਰਹਿੰਦਾ। ਕਪਤਾਨ ਤੇਜਾ ਸਿੰਘ ਨਿੱਤ ਤਿੱਤਰ ਮਾਰ ਕੇ ਲਿਆਉਂਦਾ। ਅਸੀਂ ਦਾਣੇ ਖਿਲਾਰ ਟੋਕਰਿਆਂ ਹੇਠ ਕਬੂਤਰ ਦੱਬ ਲੈਂਦੇ। ਕਈ ਰਫ਼ਲਾਂ ਚੁੱਕੀ ਪਰਵਾਸੀ ਕੂੰਜਾਂ, ਮਘਾਂ ਨੂੰ ਮਾਰਨ ਲਈ ਜੱਜਲਾਂ ਵਿਚ ਘੁੰਮਦੇ ਰਹਿੰਦੇ। ਕਮਾਦ ਦੀ ਬਹੁਤੀ ਖੇਤੀ ਕਰ ਕੇ ਸੂਰਾਂ, ਪਾੜ੍ਹਿਆਂ ਦੀ ਆਵਾਜਾਈ ਆਮ ਰਹਿੰਦੀ। ਸਾਰੇ ਲੋਕ ਮਾਸਾਹਾਰੀ ਸਨ। ਗਾਜਰ-ਮੂਲੀ ਵਾਂਗ ਜਾਨਵਰ ਨੂੰ ਜਿਬ੍ਹਾ ਕਰਨਾ ਉਨ੍ਹਾਂ ਲਈ ਮਾਮੂਲੀ ਗੱਲ ਸੀ। ਲੋਕ ਰੂੜੀ ਮਾਰਕਾ ਸ਼ਰਾਬ ਪੀਂਦੇ। ਖੂਬ ਤੁੜਕੇ ਲਾ ਕੇ ਮੀਟ ਰਿੰਨ੍ਹਦੇ। ਬਹੁਤੀਆਂ ਤੀਵੀਆਂ ਮੀਟ ਦੀ ਤਰੀ ਤਰੀ ਹੀ ਲੈਂਦੀਆਂ ਤੇ ਵਿਚਾਰੇ ਮਾਰੇ ਗਏ ਜਾਨਵਰ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਵੀ ਮਾਰੀ ਜਾਂਦੀਆਂ।
ਇਕ ਦਿਨ ਕਿਸੇ ਪੈੜੂ ਨੇ ਕਮਾਦਾਂ ਵਿਚ ਵੜੇ ਸੂਰਾਂ ਦੇ ਟੋਲੇ ਦੀਆਂ ਤਾਜ਼ੀਆਂ ਪੈੜਾਂ ਦੇਖੀਆਂ ਤੇ ਪਿੰਡ ਆ ਕੇ ਰੌਲ਼ਾ ਪਾ ਦਿੱਤਾ। ਪਲਾਂ ਵਿਚ ਹੀ ਲੋਕ ਡਾਂਗਾਂ, ਬਰਛੇ ਚੁੱਕੀ ਝਾੜ ਪਾਉਣ ਲਈ ਇਕੱਠੇ ਹੋ ਗਏ। ਮੋਢਿਆਂ ਨਾਲ ਰਫ਼ਲਾਂ ਲਟਕਾਈ ਤਾਰਾ ਸਿੰਘ ਸਫੈਦਪੋਸ਼ ਅਤੇ ਕਰੋੜੀ ਵੀ ਆ ਗਏ। ਇੱਖਾਂ ਲਾਗੇ ਜਾ, ਕੁਝ ਜਣਿਆਂ ਨੇ ਟਾਹਲੀਆਂ ‘ਤੇ ਚੜ੍ਹ ਹਾਲਾਤ ਦਾ ਜਾਇਜ਼ਾ ਲਿਆ ਤੇ ਝਾੜ ਪਾਉਣ ਦਾ ਖਾਕਾ ਉਲੀਕਿਆ। ਜਿਥੋਂ ਸੂਰਾਂ ਦੇ ਨਿਕਲਣ ਦੀ ਸੰਭਾਵਨਾ ਸੀ, ਉਥੇ ਰਫ਼ਲਾਂ ਵਾਲੇ ਲੁਕ ਕੇ ਬੈਠ ਗਏ। ਅਸੀਂ ਤਿੰਨੋਂ ਭਰਾ ਹੰਸੂ, ਬੰਤਾ ਤੇ ਛੋਟੂ (ਅਜੀਤ, ਜਸਵੰਤ ਅਤੇ ਗੁਰਦਿਆਲ) ਵੀ ਝਾੜ ਪਾਉਣ ਵਾਲਿਆਂ ਵਿਚ ਸ਼ਾਮਲ ਸਾਂ। ਸਾਰੇ ਜਣੇ ਇਕ ਸਿਰਿਉਂ ਇੱਖਾਂ ਵਿਚ ਵੜ ਗਏ ਤੇ ਗੰਨਿਆਂ ਉਤੇ ਸੋਟੀਆਂ ਮਾਰਦੇ ‘ਹੋਏ ਹੋਏ’ ਕਾਰਨ ਲੱਗੇ। ਅਚਾਨਕ ਇਕ ਮੋਟੇ ਤਾਜ਼ੇ ਜੰਗਲੀ ਸੂਰ ਨੇ ਸਾਡੇ ਨਾਲ ਤੁਰੇ ਜਾਂਦੇ ਨਸੀਬੂ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਲਿਆ ਅਤੇ ਕਾਫੀ ਜ਼ਿਆਦਾ ਮਧੋਲ ਦਿੱਤਾ। ਨਸੀਬੂ ਵੀ ਦੇਹ ਦਾ ਭਾਰਾ ਤੇ ਤਕੜਾ ਸੀ। ‘ਊਈ ਮਾਮਾ ਜੀ, ਮਾਰ ਸੁੱਟਿਆ ਈæææ ਊਈ ਮਾਮਾ ਜੀ, ਮਾਰ ਸੁੱਟਿਆ ਈ’ æææ ਉਹ ਉਚੀ ਉਚੀ ਰੌਲਾ ਵੀ ਪਾਉਂਦਾ ਰਿਹਾ ਤੇ ਸੂਰ ਨਾਲ ਹੇਠ ਉਪਰ ਵੀ ਹੁੰਦਾ ਰਿਹਾ। ਉਸ ਨੇ ਸੂਰ ਦੀ ਲੱਤ ਨਾਲ ਅਜਿਹਾ ਜੱਫਾ ਮਾਰਿਆ ਕਿ ਅਸੀਂ ਉਸ ਦੇ ਨੇੜੇ ਪਹੁੰਚ ਕੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਜੇ ਸੂਰ ਦੇ ਇਕ ਵੱਜਦੀ ਤਾਂ ਨਸੀਬੂ ਦੇ ਚਾਰ ਵੱਜਦੀਆਂ। ਉਹ ਲਗਾਤਾਰ ‘ਊਈ ਮਾਮਾ ਜੀ, ਮਾਰ ਸੁਟਿਆ ਈ’ ਚਿੱਲਾਈ ਗਿਆ। ਲੱਤ ਜ਼ਖ਼ਮੀ ਕਰਵਾ ਕੇ ਸੂਰ ਉਸ ਕੋਲੋਂ ਛੁੱਟ ਗਿਆ। ਅਸੀਂ ਸਾਰੇ ‘ਹੋਏ ਹੋਏ’ ਦੀ ਥਾਂ ‘ਤੇ ‘ਊਈ ਮਾਮਾ ਜੀ ਮਾਰ ਸੁੱਟਿਆ ਈ’ ਕਹਿੰਦੇ ਝਾੜ ਪਾਉਂਦੇ ਰਹੇ। ਜ਼ਖ਼ਮੀ ਸੂਰ ਭਟਕ ਕੇ ਤਾਰਾ ਸਿੰਘ ਦੀ ਸ਼ਿਸ਼ਤ ਵਿਚ ਆ ਗਿਆ। ਫਾਇਰ ਹੋਇਆ ਤਾਂ ਅਸੀਂ ਸਾਰੇ ‘ਊਈ ਮਾਮਾ ਜੀ, ਮਾਰ ਸੁੱਟਿਆ ਈ’ ਕਹਿ ਕੇ ਕਿਲਕਾਰੀਆਂ ਮਾਰਨ ਲੱਗੇ। ਫੁੰਡੇ ਹੋਏ ਸੂਰ ਕੋਲ ਪੁੱਜ, ਲਹੂ ਲੁਹਾਣ ਹੋਏ ਨਸੀਬੂ ਦਾ ਖਿੜਿਆ ਚਿਹਰਾ ਦੇਖਿਆਂ ਹੀ ਬਣਦਾ ਸੀ। ਬਾਕੀ ਦੇ ਸੂਰ ਗੋਲੀ ਵਾਂਗ ਦੌੜੇ ਤੇ ਅੱਖਾਂ ਤੋਂ ਓਝਲ ਹੋ ਗਏ। ਪੈੜਾਂ ਦਾ ਪਿੱਛਾ ਕਰਦਿਆਂ ਅਸੀਂ ਸਾਰੇ ਬੇਲੇ ਵਾਲੀ ਸੜਕ ‘ਤੇ ਜਾ ਚੜ੍ਹੇ। ਬਾਕੀ ਦੇ ਸੂਰ ਸਰਕੜਿਆਂ, ਨੜਿਆਂ ਵਿਚ ਛੁਪ ਗਏ ਸਨ।
ਨਵੇਂ ਸਿਰਿਉਂ ਵਿਉਂਤ ਬਣਾ ਕੇ ਝਾੜ ਫਿਰ ਸ਼ੁਰੂ ਕੀਤਾ ਗਿਆ। ਸ਼ਾਮ ਹੋਣ ਤੱਕ ਇਕ ਸੂਰ ਹੋਰ ਫੁੰਡ ਲਿਆ ਗਿਆ। ਦੋਹਾਂ ਸੂਰਾਂ ਨੂੰ ਚਮਕੌਰ ਸਰਹਿੰਦ ਨਹਿਰ ਦੇ ਪੁਲ਼ ‘ਤੇ ਲਿਆ ਕੇ ਧੂਣੀ ਬਾਲ ਉਨ੍ਹਾਂ ਦੇ ਵਾਲ ਜਲਾਏ ਗਏ ਤੇ ਫਿਰ ਸਫਾਈ ਕਰ ਕੇ ਵੱਢ-ਟੁੱਕ ਕਰ ਦਿੱਤੀ ਗਈ। ਹਨ੍ਹੇਰ ਪੱਖ ਹੋਣ ਕਰ ਕੇ ਛੇਤੀ ਹੀ ਹਨ੍ਹੇਰਾ ਹੋਣ ਲੱਗਾ। ਕੋਲੋਂ ਲੰਘਿਆ ਜਾਂਦਾ ਮਾਣੇ ਮਾਜਰੇ ਦਾ ਟਾਂਗੇ ਵਾਲਾ ਮਲ੍ਹਾਰਾ ਲੋਕਾਂ ਦਾ ਰੌਲਾ ਸੁਣ ਕੇ ਲਾਗੇ ਆ ਗਿਆ ਤੇ ਮੀਟ ਦੀ ਇਕ ਢੇਰੀ ਬਦਲੇ ਆਪਣੀ ਲਾਲਟੈਣ ਦੇਣ ਦੀ ਪੇਸ਼ਕਸ਼ ਕੀਤੀ। ਆਮ ਸਹਿਮਤੀ ਮਗਰੋਂ ਉਸ ਨੇ ਲਾਲਟੈਣ ਬਾਲ ਪੁਲ ਦੀ ਮਢੌਲ ਉਤੇ ਰੱਖ ਦਿੱਤੀ। ਝਾੜ ਵਾਲੇ ਬੰਦਿਆਂ ਨੂੰ ਲਾਈਨ ਵਿਚ ਖੜ੍ਹੇ ਕਰ ਕੇ ਗਿਣਤੀ ਕੀਤੀ ਗਈ। ਫੋਸ ਖਾਣਿਆਂ ਦੇ ਥੁੱਕੂ ਅਤੇ ਚਾਰ ਪੰਜ ਹੋਰਾਂ ਨੂੰ ਉਥੋਂ ਭਜਾ ਦਿੱਤਾ ਗਿਆ, ਕਿਉਂਕਿ ਉਹ ਝਾੜ ਵਿਚ ਸ਼ਾਮਿਲ ਹੀ ਨਹੀਂ ਸਨ। ਫਿਰ ਗਿਣਤੀ ਮੁਤਾਬਕ ਮੀਟ ਦੀਆਂ ਢੇਰੀਆਂ ਬਣਾਈਆ ਗਈਆਂ। ਲੋਕ ਢੇਰੀਆਂ ਲਾਉਣ ਵਾਲਿਆਂ ਨੂੰ ਟੋਕਦੇ ਰਹੇ, “ਇਹਦੇ ਵਿਚ ਵੱਧ ਆ ਬਈ, ਇਹਦੇ ‘ਚ ਘੱਟ ਆ ਬਈ।”
ਜਦੋਂ ਬੰਦੂਕਾਂ ਵਾਲਿਆਂ ਲਈ ਸਿਰੀ ਅਤੇ ਇਕ ਇਕ ਵਾਧੂ ਢੇਰੀ ਲਾਈ ਗਈ ਤਾਂ ਮਲ੍ਹਾਰਾ ਬੋਲ ਪਿਆ, “ਮੈਨੂੰ ਵੀ ਦੋ ਢੇਰੀਆਂ ਲਾਉ, ਇਕ ਮੇਰੀ, ਇਕ ਲਾਲਟੈਣ ਦੀ।” ਸਾਰੇ ਜਣੇ ਹੱਸਣ ਲੱਗੇ ਤੇ ਉਸ ਦਾ ਮਜ਼ਾਕ ਉਡਾਉਣ ਲੱਗੇ ਪਰ ਮਲ੍ਹਾਰਾ ਇਸ ਗੱਲ ‘ਤੇ ਅੜ ਗਿਆ ਕਿ ਉਹ ਤਾਂ ਦੋ ਢੇਰੀਆਂ ਹੀ ਲਵੇਗਾ। ਲੋਕ ਖੁਸ਼ੀ ਕਰ ਕੇ ਮਜ਼ਾਕ ਦੇ ਮੂਡ ਵਿਚ ਸਨ। ਕਿਸੇ ਨੇ ਟਿੱਚਰ ਕਰ ਦਿੱਤੀ, “ਇਹਦੀਆਂ ਦੋ ਨਹੀਂ ਬਈ, ਚਾਰ ਢੇਰੀਆਂ ਲਾਉ। ਇਕ ਘੋੜੀ ਦੀ ਤੇ ਇਕ ਟਾਂਗੇ ਦੀ ਹੋਰ।” ਵਿਚੋਂ ਹੀ ਕੋਈ ਹੋਰ ਬੁੜ੍ਹਕਿਆ, “ਉਇ ਚਾਰ ਨਹੀਂ ਪੰਜ ਲਾਉ, ਇਕ ਇਹਦੇ ਬੁੜ੍ਹੇ ਦੀ। ਉਹ ਅੱਜ ਅਰਦਾਸ ਕਰਦਾ ਰਿਹਾ ਏ ਬਈ ਦੋ ਸੂਰ ਮਾਰੇ ਜਾਣ।” ਸੁਣਦੇ ਸਾਰ ਭੀੜ ਵਿਚ ਹਾਸਾ ਮਚ ਗਿਆ। ਮਲ੍ਹਾਰਾ ਵੀ ਮਚ ਗਿਆ। ਉਸ ਨੇ ਖੜ੍ਹਾ ਹੁੰਦਿਆਂ ਸਾਰਿਆਂ ਨੂੰ ‘ਥੋਡੀ ਉਇæææ’ ਕਹਿ ਕੇ ਗਾਲ੍ਹ ਕੱਢੀ ਤੇ ਢਿੰਬਰੀ ਘੁਮਾ ਕੇ ਲਾਲਟੈਣ ਬੁਝਾ ਦਿੱਤੀ। ਇਕਦਮ ਹਨ੍ਹੇਰਾ ਹੁੰਦੇ ਸਾਰ ਜਿਵੇਂ ਭੂਚਾਲ ਹੀ ਆ ਗਿਆ। ਸਾਰੀ ਭੀੜ ਮੀਟ ਉਤੇ ਟੁੱਟ ਕੇ ਪੈ ਗਈ। ਆਪਸ ਵਿਚ ਸਿਰ ਭਿੜਨ ਲੱਗੇ। ਘਸੁੰਨ-ਮੁੱਕੇ ਚੱਲਣ ਲੱਗੇ। ਘਮਸਾਣ ਬੜੀ ਦੇਰ ਤੱਕ ਚਲਦਾ ਰਿਹਾ। ਸਾਡੇ ਤਿੰਨਾਂ ਭਰਾਵਾਂ ਦੇ ਵੀ ਕਾਫ਼ੀ ਸੱਟਾਂ ਵੱਜੀਆਂ, ਪਰ ਫਿਰ ਵੀ ਅਸੀਂ ਖ਼ੁਸ਼ ਸਾਂ ਕਿਉਂਕਿ ਅਸੀਂ ਮੀਟ ਨਾਲ ਪੱਲੇ ਭਰ ਕੇ ਘਰ ਪੁੱਜੇ। ਮਾਂ (ਨਾਨੀ) ਨੇ ਮਸਾਲਾ ਕੁੱਟਿਆ, ਬੇਬੇ ਨੇ ਤੁੜਕਾ ਲਾਇਆ ਤੇ ਮਾਮੀ ਚੁੰਨੀ ਨਾਲ ਨੱਕ ਬੰਦ ਕਰੀ ਚੁੱਲ੍ਹੇ ਮੂਹਰੇ ਬੈਠੀ ਰਹੀ। ਮਾਮਾ ਗਾਲੂ ਤੋਂ ਢੇਰ ਮਾਰਕੇ ਦੀ ਬੋਤਲ ਫੜ ਲਿਆਇਆ। ਅਸੀਂ ਸਾਰਿਆਂ ਨੇ ਪੀਤੀ। ਅੱਧੀ ਰਾਤ ਤੱਕ ਘਰ ਵਿਚ ਜਸ਼ਨ ਚਲਦਾ ਰਿਹਾ। ਪਿੰਡ ਵਿਚੋਂ ਲਲਕਾਰਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਲਾਲਚ ਵਸ ਅਗਲੇ ਦਿਨ ਅਸੀਂ ਤੜਕੇ ਹੀ ਉਠੇ ਤੇ ਘਮਸਾਣ ਵਾਲੀ ਥਾਂ ‘ਤੇ ਪੁੱਜ ਗਏ ਕਿ ਸ਼ਾਇਦ ਮੀਟ ਦੀ ਕੋਈ ਬੋਟੀ ਹੋਰ ਲੱਭ ਜਾਵੇ, ਪਰ ਉਥੇ ਤਾਂ ਭੂਰੀ ਕੀੜੀ ਫਿਰ ਗਈ ਸੀ।
ਇਸ ਘਟਨਾ ਮਗਰੋਂ ਨਸੀਬੂ ਜਦ ਵੀ ਕਿਸੇ ਦੇ ਸਾਹਮਣੇ ਆਉਂਦਾ ਤਾਂ ਅਗਲਾ ਜ਼ਰੂਰ ਕਹਿੰਦਾ, ‘ਊਈ ਮਾਮਾ ਜੀ, ਮਾਰ ਸੁੱਟਿਆ ਈ।’ ਕਿਉਂਕਿ ਉਹ ਇਸ ਗੱਲੋਂ ਖਿਝਣ ਲੱਗ ਪਿਆ ਸੀ, ਇਹ ਉਸ ਦੀ ਅੱਲ ਹੀ ਪੈ ਗਈ।
—
ਪੁਲ਼ ਦੀ ਮਢੌਲ ਜਿੱਥੇ ਮਲ੍ਹਾਰੇ ਦੀ ਲਾਲਟੈਣ ਜਗ ਰਹੀ ਸੀ, ਅੱਜ ਵੀ ਉਵੇਂ ਬਰਕਰਾਰ ਹੈ। ਮੈਂ ਇਕ ਦਿਨ ਪਿੰਡ ਗਿਆ ਤੇ ਉਥੇ ਬੈਠਾ ਕਾਫ਼ੀ ਦੇਰ ਆਪਣੇ ਬਚਪਨ ਦੇ ਦੋਸਤਾਂ ਨੂੰ ਯਾਦ ਕਰਦਾ ਰਿਹਾ। ਬੀਰੂ, ਕੀੜੂ, ਬਲਜੀਤ, ਸੱਜਣ, ਸਰੂਪ, ਮਿਹਰੂæææ ਇਸ ਜਹਾਨ ਤੋਂ ਤੁਰ ਗਏ। ਬਾਕੀ ਕਬੀਲਦਾਰੀ ਵਿਚ ਸਭ ਕੁਝ ਭੁੱਲ-ਭੁਲਾ ਗਏ। ਤਾਰਾ ਸਿੰਘ, ਕਰੋੜੀ, ਤੇਜਾ ਸਿੰਘ, ਹਰੀ ਸਿੰਘ, ਜੁਗਿੰਦਰ, ਸਰਬਣ, ਸਾਧੂ, ਰਾਜਾ ਪਿਆਰਾ ਤੇ ਮਾਮਾ ਅਮੀ ਚੰਦ ਮੇਰੀਆਂ ਅੱਖਾਂ ਅੱਗਿਉਂ ਲੰਘੇ। ਅੱਖਾਂ ਭਰ ਆਈਆਂ। ਤਦੇ ਨਸੀਬੂ ਚੇਤੇ ਆਇਆ। ਮੇਰੇ ਵਾਂਗ ਉਹ ਵੀ ਇਸ ਪਿੰਡ ਦਾ ਦੋਹਤਮਾਨ ਸੀ। ‘ਊਈ ਮਾਮਾ ਜੀ, ਮਾਰ ਸੁੱਟਿਆ ਈ।’ ਮੇਰੇ ਬੁੱਲ੍ਹਾਂ ‘ਤੇ ਮੁਸਕਰਾਹਟ ਤੈਰ ਗਈ।
Leave a Reply