ਅਸੀਂ ਧਰਮ ਨਹੀਂ, ਧਾਰਮਿਕ ਕੱਟੜਪੁਣੇ ਦੇ ਖਿਲਾਫ ਹਾਂ

ਸੁਖਪਾਲ (ਕੈਨੇਡਾ)
ਕੈਨੇਡਾ ਵੱਸਦੇ ਉਘੇ ਸ਼ਾਇਰ ਸੁਖਪਾਲ ਨੇ ਧਰਮ ਅਤੇ ਮਨੁੱਖ ਬਾਰੇ ਕੁਝ ਖਾਸ ਗੱਲਾਂ ਦਾ ਵੇਰਵਾ ਦਿੰਦਿਆਂ ਧਰਮ ਅਤੇ ਧਾਰਮਿਕ ਕੱਟੜਤਾ ਵਿਚਕਾਰ ਫਰਕ ਉਜਾਗਰ ਕੀਤਾ ਹੈ। ਉਹ ਧਰਮ ਦੇ ਗਹਿਰੇ ਅਨੁਭਵ ਨੂੰ ਸਿਆਸਤ ਦੀ ਪੁੱਠ ਨਾ ਚਾੜ੍ਹਨ ਲਈ ਪ੍ਰੇਰਦਾ ਹੈ। ਸੰਸਾਰ ਵਿਚ ਦੋ ਤਰ੍ਹਾਂ ਦਾ ਧਰਮ ਹੈ। ਜਿਹੜਾ ਧਰਮ ਗਿਆਨ ਅਤੇ ਨਿਜੀ ਮਿਹਨਤ ਵਿਚੋਂ ਉਪਜਿਆ ਹੈ – ਉਹ ਨਿਰਭਉ ਕਰਦਾ ਹੈ। ਜਿਹੜਾ ਭੈ ਵਿਚੋਂ ਉਪਜਿਆ ਹੈ – ਉਹ ਹਿੰਸਾ ਕਰਦਾ ਹੈ। ਧਰਮ ਜਦੋਂ ਨਾਨਕ ਜਾਂ ਘਨ੍ਹਈਏ ਦੇ ਹੱਥਾਂ ਵਿਚੋਂ ਲੰਘਦਾ ਹੈ ਤਾਂ ਬਲਦੀਆਂ ਅੱਗਾਂ ਬੁਝ ਜਾਂਦੀਆਂ ਹਨ। ਜਦ ਕਿਸੇ ਅਤਿਵਾਦੀ, ਸਿਆਸਤਦਾਨ ਜਾਂ ਕੱਟੜ ਸੰਸਥਾ ਦੇ ਹੱਥੀਂ ਆਉਂਦਾ ਹੈ ਤਾਂ ਦੇਸ ਫੂਕਿਆ ਜਾਂਦਾ ਹੈ।

ਸਾਡੇ ਪਰਿਵਾਰ ਦਾ ਇਕ ਵਡੇਰਾ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸੀ। ਬਹਾਦਰੀ ਦੇ ਇਨਾਮ ਵਜੋਂ ਜ਼ਿਲ੍ਹਾ ਸ਼ੇਖੂਪੁਰਾ (ਹੁਣ ਦੇ ਪਾਕਿਸਤਾਨ) ਵਿਚ ਭੋਇੰ ਮਿਲੀ। ਖੇਤਾਂ ਦੀ ਰਾਖੀ ਲਈ ਦਾਦਾ ਜੀ ਨੇ ਮੁਸਲਮਾਨ ਨੌਕਰ ਰੱਖਿਆ ਸੀ। ਥਾਣੇਦਾਰ ਦੇ ਕਾਰਿੰਦੇ ਸਰਕਾਰੀ ਘੋੜੀਆਂ ਲਈ ਸਾਡੇ ਖੇਤਾਂ ਵਿਚੋਂ ਚੋਰੀ ਪੱਠੇ ਵੱਢ ਕੇ ਲੈ ਜਾਂਦੇ। ਦਾਦਾ ਜੀ ਨੇ ਸਹਿਜ ਸੁਭਾਇ ਨੌਕਰ ਨੂੰ ਕਿਹਾ: “ਜੇ ਕਿਸੇ ਨੂੰ ਪੱਠੇ ਵੱਢਦਾ ਦੇਖੇਂ ਤਾਂ ਡਾਂਗ ਮਾਰੀਂ ਉਹਦੇ ਸਿਰ ਵਿਚ।” ਉਸ ਸਿੱਧੜੇ ਬੰਦੇ ਨੇ ਸੱਚਮੁੱਚ ਹੀ ਚੋਰ ਦੇ ਸਿਰ ਵਿਚ ਡਾਂਗ ਮਾਰ ਦਿੱਤੀ। ਥਾਣੇਦਾਰ ਦਾ ਉਹ ਬੰਦਾ ਮਰ ਗਿਆ, ਉਹਨੇ ਤੁਰਤ ਫੁਰਤ ਪਰਚਾ ਦਰਜ ਕਰ ਲਿਆ। ਦਾਦਾ ਜੀ ਨੇ ਨੌਕਰ ਨੂੰ ਆਖਿਆ: “ਤੂੰ ਭੱਜ ਜਾ। ਛੇ ਜਣਿਆਂ ਦੇ ਗਰੀਬ ਘਰ ਦਾ ਤੂੰ ‘ਕੱਲਾ ਕਮਾਊ ਪੁੱਤ ਹੈਂ। ਤੇਰੇ ਟੱਬਰ ਤੋਂ ਮੁਕੱਦਮਾ ਨਹੀਂ ਲੜਿਆ ਜਾਣਾ। ਮੈਂ ਅੰਦਰ ਹੋ ਗਿਆ ਤਾਂ ਮੇਰੇ ਭਰਾ ਛੁਡਾਅ ਲੈਣਗੇ।” ਦਾਦਾ ਜੀ ਸਾਲ ਭਰ ਜੇਲ੍ਹ ਵਿਚ ਰਹੇ। ਮੁਕੱਦਮਾ ਖ਼ਾਰਜ ਹੋਇਆ ਹੀ ਸੀ ਕਿ ਪਾਕਿਸਤਾਨ ਬਣ ਗਿਆ।
ਜ਼ਿਲ੍ਹਾ ਸ਼ੇਖੂਪੁਰੇ ਮੇਰੇ ਦਾਦਾ ਜੀ ਦੇ ਨਾਂ ‘ਤੇ ਢਾਈ ਸੌ ਏਕੜ ਜ਼ਮੀਨ ਸੀ ਤੇ ਦੋ ਸੌ ਏਕੜ ਉਹ ਠੇਕੇ ਤੇ ਲੈ ਕੇ ਵਾਹੁੰਦੇ ਸਨ। ਵੰਡ ਮਗਰੋਂ ਮੇਰੇ ਅਨਪੜ੍ਹ ਦਾਦਾ ਜੀ ਨੂੰ ਹਿੰਦੋਸਤਾਨ ਆ ਕੇ ਜ਼ਮੀਨ ਲੈਣ ਲਈ ਕਾਗਜ਼ ਦਾਖ਼ਲ ਕਰਨ ਦਾ ਪਤਾ ਨਹੀਂ ਸੀ। ਪੜ੍ਹਿਆ ਲਿਖਿਆ ਵੱਡਾ ਭਰਾ ਜ਼ਿੱਦ ਕਰਨ ਲੱਗਾ- ‘ਕਾਗਜ਼ ਦਾਖ਼ਲ ਕਰ ਦਿਆਂਗਾ ਪਰ ਤੇਰੇ ਹਿੱਸੇ ਦੀ ਅੱਧੀ ਜ਼ਮੀਨ ਮੈਂ ਲਵਾਂਗਾ`। ਦਾਦਾ ਜੀ ਨੇ ਆਖਿਆ, “ਮੈਨੂੰ ਲਾਲਚ ਨਹੀਂ, ਆਪਾਂ ਤਿੰਨੇ ਭਰਾ ਜ਼ਮੀਨ ਬਰਾਬਰ ਵੰਡ ਲੈਂਦੇ ਹਾਂ, ਇਕੱਠੇ ਰਹਾਂਗੇ!” ਪਰ ਵੱਡਾ ਭਰਾ ਅੜਿਆ ਰਿਹਾ।
ਦਾਦਾ ਜੀ ਨੇ ਉਹਦੀ ਅਨਿਆਈ ਮੰਗ ਨੂੰ ਨਾਂਹ ਕਰ ਦਿੱਤੀ। ਹਿੰਦੋਸਤਾਨ ਆ ਕੇ ਕਈ ਸਾਲ ਮਜ਼ਦੂਰੀ ਕੀਤੀ, ਇੱਟਾਂ ਢੋਈਆਂ, ਗ੍ਰੰਥੀ ਲੱਗੇ ਰਹੇ। ਬਾਰਾਂ ਤੇਰਾਂ ਵਰ੍ਹੇ ਮਗਰੋਂ ਭੱਜ ਦੌੜ ਕੇ ਪੰਜ ਏਕੜ ਭੋਇੰ ਮੋਗੇ ਲਾਗੇ ਅਲਾਟ ਹੋਈ ਜਿਸ ਦਾ ਇਕ ਤਿਹਾਈ ਇਕ ਵਿਗੜੇ ਪੁੱਤਰ ਨੂੰ ਬਚਾਉਣ ਵਿਚ ਖਰਚ ਹੋ ਗਿਆ। ਬਚਦੀ ਜ਼ਮੀਨ 4 ਪੁੱਤਰਾਂ ਵਿਚ ਵੰਡੀ ਗਈ। ਉਸ ਗਰੀਬੀ ਤੋਂ ਸਾਡਾ ਪਰਿਵਾਰ ਕਦੀ ਨਹੀਂ ਉੱਠ ਸਕਿਆ।
ਇਸ ਧਰਮ ਆਧਾਰਿਤ ਦੇਸ-ਵੰਡ ਦਾ ਕਈਆਂ ਨੂੰ ਲਾਭ ਹੋਇਆ ਹੋਵੇਗਾ ਪਰ ਬਹੁਤਿਆਂ ਦਾ ਘਾਣ ਹੋਇਆ ਹੈ। ਮਾਲਵੇ ਵਿਚ ਅੱਜ ਵੀ ਪਾਕਿਸਤਾਨੋਂ ਹਿਜਰਤ ਕਰ ਕੇ ਆਏ ਪੰਜਾਬੀਆਂ ਨੂੰ ‘ਰਫਿਊਜੀ` ਕਿਹਾ ਜਾਂਦਾ ਹੈ। ਇਕੋ ਜਿਹਾ ਧਰਮ ਜਾਂ ਸਭਿਆਚਾਰ ਹੁੰਦਿਆਂ ਅਜੇ ਵੀ ਮਾਲਵੇ ਦੇ ਕਈ ਲੋਕ ਇਨ੍ਹਾਂ ‘ਰਫਿਊਜੀਆਂ` ਨਾਲ ਧੀ ਪੁੱਤ ਦਾ ਸਾਕ ਨਹੀਂ ਕਰਦੇ। ਮਨੁੱਖ ਨੂੰ ਮਨੁੱਖ ਨਾਲ ਘਿਰਣਾ ਕਰਨ ਲਈ ਦੂਜਾ ਧਰਮ ਨਹੀਂ ਚਾਹੀਦਾ, ਆਪਣਾ ਵੀ ਚੱਲ ਜਾਂਦਾ ਹੈ! ਜਿਹੜੇ ਭਰਾਵਾਂ ਨੇ ਧੋਖਾ ਦਿੱਤਾ, ਉਹ ਦਾਦਾ ਜੀ ਦੇ ਆਪਣੇ ਧਰਮ ਦੇ ਹੀ ਸਨ !!
ਮੈਂ ਦਾਦਾ ਜੀ ਨੂੰ ਅੱਖਾਂ ਭਰ ਕੇ ਕਹਿੰਦੇ ਸੁਣਿਆ: “ਮੈਨੂੰ ਤਾਂ ਕਿਸੇ ਮੁਸਲਮਾਨ ਖਾਤਰ ਮਰਨ ਤੋਂ ਵੀ ਸੰਕੋਚ ਨਹੀਂ ਸੀ। ਪਾਕਿਸਤਾਨ ਬਣਾਉਣ ਜਾਂ ਸਵੀਕਾਰ ਕਰਨ ਵਾਲੇ ਇਹ ਸਿਆਣੇ ਕਦੀ ਸਾਨੂੰ ਅਨਪੜ੍ਹਾਂ ਨੂੰ ਵੀ ਪੁੱਛ ਲੈਂਦੇ ਕਿ ਸਾਨੂੰ ਚਾਹੀਦਾ ਵੀ ਹੈ ਕਿ ਨਹੀਂ?”… ਜਿਹੜੇ ਪੜ੍ਹੇ-ਲਿਖੇ ਅੱਜ ਧਰਮ-ਆਧਾਰਿਤ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਸਟੇਟ ਬਣਾਉਣ ਨੂੰ ਫਿਰਦੇ ਹਨ, ਉਹ ਵੀ ਕਦੀ ਆਮ ਲੋਕਾਂ ਨੂੰ ਪੁੱਛ ਕੇ ਤਾਂ ਦੇਖ ਲੈਣ ਕਿ ਉਨ੍ਹਾਂ ਨੂੰ ਸੱਚੀਮੁੱਚੀਂ ਲੋੜ ਹੈ ਵੀ ਕਿ ਨਹੀਂ?
(2)
ਸੰਸਾਰ ਤਿੰਨ ਚੀਜ਼ਾਂ ਦਾ ਬਣਿਆ ਹੋਇਆ ਹੈ: ਪਦਾਰਥ, ਊਰਜਾ ਤੇ ਚੇਤਨਾ। ਪਦਾਰਥ ਕਿਸੇ ਜੀਵ ਜਾਂ ਵਸਤੂ ਨੂੰ ਰੂਪ ਅਤੇ ਆਕਾਰ ਦੇਂਦਾ ਹੈ। ਊਰਜਾ ਰਾਹੀਂ ਕਣ, ਵਸਤੂ ਜਾਂ ਜੀਵ, ਆਪਣੇ ਕੰਮ ਜਾਂ ਕਿਰਿਆਵਾਂ ਕਰਦੇ ਹਨ ਪਰ ਕਰਨਾ ਕੀ ਹੈ? ਇਹ ਨਿਰਣਾ ਚੇਤਨਾ ਕਰਦੀ ਹੈ। ਪੰਜ ਸਦੀਆਂ ਦੀ ਮਿਹਨਤ ਨਾਲ ਪੱਛਮੀ ਵਿਗਿਆਨ ਨੇ ਪਦਾਰਥ ਤੇ ਊਰਜਾ ਨੂੰ ਚੰਗੀ ਤਰ੍ਹਾਂ ਸਮਝਿਆ ਪਰ ਚੇਤਨਾ ਵੱਲ ਹੁਣ ਧਿਆਨ ਦੇਣਾ ਆਰੰਭ ਕੀਤਾ ਹੈ। ਪੂਰਬ ਨੇ ਪਦਾਰਥ ਜਾਂ ਊਰਜਾ ਨੂੰ ਸਮਝਣ ਦੀ ਖੋਜ ਨਹੀਂ ਕੀਤੀ ਪਰ ਚੇਤਨਾ ਪ੍ਰਤੀ ਬਹੁਤ ਪਹਿਲਾਂ (ਸਾਧਨਾ ਜਾਂ ਅਨੁਭਵ ਦੇ ਰੂਪ ਵਿਚ) ਕੰਮ ਆਰੰਭ ਕੀਤਾ ਸੀ।
ਚੇਤਨਾ ਨਿੱਕੇ ਅਣੂ ਦੇ ਮਹੀਨ ਹਿੱਸੇ ਤੋਂ ਲੈ ਕੇ ਵੱਡੀ ਤੋਂ ਵੱਡੀ ਹਰ ਵਸਤੂ ਅਤੇ ਜੀਅ ਵਿਚ (ਵੱਖੋ-ਵੱਖਰੀ ਮਾਤਰਾ ਵਿਚ) ਪਸਰੀ ਹੋਈ ਹੈ। ਸਾਡੀਆਂ ਪੰਜੇ ਇੰਦਰੀਆਂ ਦਾ ਕੰਮ ਕਰਨਾ, ਸਾਡਾ ਬੋਲਣਾ ਤੁਰਨਾ ਫਿਰਨਾ ਸ਼ਬਦ ਘੜਨਾ, ਰਚਨਾ ਕਰਨਾ ਸਭ ਚੇਤਨਾ ਰਾਹੀਂ ਸੰਭਵ ਹੁੰਦੇ ਹਨ, ਬੇਸ਼ਕ ਇਸ ਵਿਚ ਸਰੀਰ (ਪਦਾਰਥ) ਅਤੇ ਅੰਦਰਲੀ ਊਰਜਾ ਮਦਦ ਕਰਦੇ ਹਨ।
ਫੁੱਲ ਨੂੰ ਆਪਣੀ ਸੰਤਾਨ ਉਤਪਤੀ ਲਈ, ਪਰਾਗ ਦੂਜੇ ਫੁੱਲ ਤਕ ਲੈ ਜਾਣ ਲਈ ਤਿਤਲੀ ਜਾਂ ਮਧੂ ਮੱਖੀ ਦੀ ਲੋੜ ਹੈ। ਮਧੂ ਮੱਖੀ ਦੀ ਅੱਖ ਨੂੰ ਰੰਗ ਖਿਚਦੇ ਹਨ। ਬੂਟਿਆਂ ਨੇ ਸਦੀਆਂ ਦੇ ਜੀਵ ਵਿਕਾਸ ਨਾਲ ਆਪਣੀਆਂ ਪੱਤੀਆਂ ਨੂੰ ਰੰਗੀਨ ਬਣਾਉਣ ਲਈ ਹਵਾ-ਮਿੱਟੀ ਵਿਚੋਂ ਲਏ ਕਣਾਂ ਨੂੰ ਇਕ ਖਾਸ ਤਰੀਕੇ ਜੋੜਨਾ ਸਿੱਖਿਆ। ਲੱਖਾਂ ਕਣਾਂ ਦੇ ਉਸ ਜੋੜ ਵਿਚ ਜੇ ਚਾਰ ਅਣੂ ਵੀ ਗਲਤ ਜੁੜ ਜਾਣ ਤਾਂ ਸ਼ਾਇਦ ਅਸਲੀ ਰੰਗ ਬਣ ਨਾ ਸਕੇ। ਇਹ ਲੱਖਾਂ ਕਣ ਜੁੜਨ ਵਜੋਂ ਬਣਿਆ ਰਸਾਇਣ ਚਿੱਟੀ ਰੌਸ਼ਨੀ ਵਿਚੋਂ ਬਾਕੀ ਸਾਰੇ ਰੰਗ ਸੋਖ ਕੇ ਆਪਣਾ ਰੰਗ (ਪੀਲਾ, ਨੀਲਾ, ਲਾਲ) ਬਾਹਰ ਛੱਡ ਦਿੰਦਾ ਜਿਸ ਵਲ ਮਧੂ ਮੱਖੀ ਆਕਰਸ਼ਿਤ ਹੁੰਦੀ। ਫਿਰ ਇਹ ਗਿਆਨ ‘ਜੀਨਜ਼` ਵਿਚ ਸਾਂਭ ਕੇ ਪੁਸ਼ਤ ਦਰ ਪੁਸ਼ਤ ਅਗਲੇ ਫੁੱਲਾਂ-ਬੂਟਿਆਂ ਨੂੰ ਪੁਚਾਇਆ ਜਾਣ ਲੱਗਾ। ਕਣਾਂ ਨੂੰ ਕਿਵੇਂ ਜੋੜਨਾ ਹੈ ਕਿ ਉਹ ਖਾਸ ਰੰਗ ਬਣ ਜਾਵੇ ਫੁੱਲ ਨੂੰ ਸਾਡੇ ਵਰਗਾ ‘ਦਿਮਾਗ` ਨਾ ਹੋਣ ਦੇ ਬਾਵਜੂਦ ਵੀ ‘ਪਤਾ` ਹੈ। ਤਿਤਲੀ ਨੂੰ ਰੰਗ ਕਿਹੜੇ ਜਚਦੇ ਨੇ ਫੁੱਲ ਨੂੰ ਇਹ ਵੀ ‘ਪਤਾ` ਹੈ। ਇਹ ਪਤਾ ਹੋਣਾ ਹੀ ਚੇਤਨਾ ਹੈ।
ਪਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਉੱਡ ਕੇ ਦੂਜੀ ਥਾਂ ਜਾਂਦੇ ਹਨ। ਉਨ੍ਹਾਂ ਵਿਚ ਨਵ-ਜੰਮੇ ਵੀ ਹੁੰਦੇ ਹਨ ਜੋ ਪਹਿਲਾਂ ਉਸ ਰਾਹ ਤੇ ਕਦੀ ਨਹੀਂ ਗਏ ਹੁੰਦੇ। ਪੰਛੀਆਂ ਦੀ ਅੱਖ ਵਿਚ ਉਹ ਧਾਤ-ਕਣ ਹੁੰਦੇ ਹਨ ਜਿਹੜੇ ਧਰਤੀ ਦੇ ਮਹਾਂ-ਚੁੰਬਕ ਅਨੁਸਾਰ ‘ਐਲਾਈਨ` ਹੁੰਦੇ ਰਹਿੰਦੇ ਹਨ। ਇਨ੍ਹਾਂ ਸਦਕਾ ਪੰਛੀਆਂ ਨੂੰ ਧਰਤੀ ਦਾ ਚੁੰਬਕੀ-ਖੇਤਰ ‘ਦਿਸਦਾ’ ਹੈ ਜਿਸ ਰਾਹੀਂ ਉਹ ਆਪਣਾ ਰਾਹ ਨਿਰਧਾਰਤ ਕਰਦੇ ਹਨ।
ਅਸੀਂ ਬੂਟੇ ਖਾ ਕੇ ਜਿਊਂਦੇ ਹਾਂ। ਬੂਟੇ ਵਿਚ ਚੇਤਨਾ ਹੈ। ਬੂਟਾ ਧਰਤੀ ਅਤੇ ਹਵਾ ਦੇ ਕਣ ਖਾ ਕੇ ਜੀਂਦਾ ਹੈ ਤਾਂ ਮਿੱਟੀ ਅਤੇ ਹਵਾ ਦੇ ਕਣਾਂ ਵਿਚ ਵੀ ਚੇਤਨਾ ਮੌਜੂਦ ਹੋਣੀ ਚਾਹੀਦੀ ਹੈ।
ਇਲੈਕਟ੍ਰੌਨ ਸ੍ਰਿਸ਼ਟੀ ਦੇ ਮਹੀਨਤਰ ਕਣਾਂ ਵਿਚੋਂ ਇਕ ਹੈ। ਇਹਦੇ ਤੇ ਨੈਗੇਟਿਵ (ਰਿਣ) ਚਾਰਜ ਹੁੰਦਾ ਹੈ। ਇਹਦੇ ਬਰਾਬਰ ਸਰੀਰ ਵਾਲ਼ਾ ਕਣ ਪੋਜ਼ੀਟ੍ਰੌਨ ਹੈ ਜਿਸ ‘ਤੇ ਪਾਜ਼ੇਟਿਵ (ਧਨ) ਚਾਰਜ ਹੁੰਦਾ ਹੈ। ਹਰ ਨੈਗੇਟਿਵ ਕਣ ਦੂਜੇ ਨੈਗੇਟਿਵ ਕਣ ਨੂੰ ਪਰ੍ਹਾਂ ਧੱਕਦਾ ਹੈ, ਪਾਜ਼ੇਟਿਵ ਕਣ ਨੂੰ ਆਪਣੇ ਵੱਲ ਖਿੱਚਦਾ ਹੈ। ਸ੍ਰਿਸ਼ਟੀ ਵਿਚ ਸਭ ਰਸਾਇਣਕ ਕਿਰਿਆਵਾਂ ਇਸ ਖਿੱਚ-ਧੱਕ ਵਿਚੋਂ ਹੀ ਪੈਦਾ ਹੁੰਦੀਆਂ ਹਨ। ਕਮਾਲ ਦੀ ਗੱਲ ਇਹ ਹੈ- ਹਰ ਨੈਗੇਟਿਵ ਕਣ ਨੂੰ ਦੂਜੇ ਨੈਗੇਟਿਵ ਕਣ ਦੀ ਹੋਂਦ ਦਾ ‘ਪਤਾ` ਹੈ, ਤੇ ਦੂਜੇ ਪਾਜ਼ੇਟਿਵ ਕਣ ਦੀ ਹੋਂਦ ਦਾ ਵੀ। ਇਹ ਪਤਾ ਹੋਣਾ ਹੀ ਚੇਤਨਾ ਦਾ ਮੁਢਲਾ ਰੂਪ ਹੈ।
ਕਵਿਤਾ ਦੀ ਅੱਖ ਨਾਲ ਦੇਖੋ ਤਾਂ ਗੁਰੂਤਾ ਖਿੱਚ ਵੀ ਚੇਤਨਾ ਵਾਂਗ ਕੰਮ ਕਰਦੀ ਜਾਪਦੀ ਹੈ। ਨਿਊਟਨ ਦਾ ਸੇਬ ਧਰਤੀ ਵੱਲ ਡਿਗਦਾ ਹੈ, ਧਰਤੀ ਅਤੇ ਸੇਬ ਦੋਹਾਂ ਨੂੰ ਇਕ ਦੂਜੇ ਦਾ ‘ਪਤਾ` ਹੈ। ਸਮੁੰਦਰ ਨੂੰ ਚੰਨ ਦਾ ‘ਪਤਾ` ਹੈ ਤਾਂ ਹੀ ਉਸ ਵਿਚ ਜਵਾਰ-ਭਾਟਾ ਆਉਂਦਾ ਹੈ। ਸੂਰਜ ਦਾ ‘ਪਤਾ` ਹੋਣ ਕਰ ਕੇ ਹੀ ਧਰਤੀ ਉਹਦੇ ਦੁਆਲੇ ਅਰਬਾਂ ਵਰ੍ਹੇ ਤੋਂ ਘੁੰਮ ਰਹੀ ਹੈ। ਪਾਣੀ ਨੂੰ ‘ਪਤਾ` ਹੈ ਵਗਣ ਲਈ ਨੀਵੀਂ ਥਾਂ ਕਿੱਧਰ ਹੈ? ਸਾਨੂੰ ਸਾਰਿਆਂ ਨੂੰ ਇਹ ਦੂਜੇ ਦਾ ਪਤਾ ਹੈ ਤਾਂ ਹੀ ਐਸ ਵੇਲ਼ੇ ਇਹ ਸ਼ਬਦ ਲਿਖੇ ਤੇ ਪੜ੍ਹੇ ਜਾ ਰਹੇ ਹਨ। ਸੰਭਵ ਹੈ- ਸੂਰਜ ਨੂੰ ਵੀ ਸਾਡਾ ‘ਪਤਾ` ਹੋਵੇ ਜਿਵੇਂ ਸਾਨੂੰ ਸੂਰਜ ਦਾ। ਸਭ ਨੂੰ ਸਭ ਦਾ ‘ਪਤਾ ਹੋਣਾ` ਹੀ ਕਰਤਾਰੀ ਚੇਤਨਾ ਹੈ।
ਸ੍ਰਿਸ਼ਟੀ ਹਜ਼ਾਰਾਂ ਹੀ ਨਿਯਮਾਂ ਅਧੀਨ ਕੰਮ ਕਰਦੀ ਹੈ। ਉਦਾਹਰਨ ਵਜੋਂ ਸ੍ਰਿਸ਼ਟੀ ਵਿਚ ਇੰਨੇ ਕੁ ਇਲੈਕਟ੍ਰੌਨ ਹਨ ਜਿਨ੍ਹਾਂ ਦੀ ਗਿਣਤੀ 1 ਦੇ ਨਾਲ 80 ਸਿਫ਼ਰਾਂ ਲਾਉਣ ਤੇ ਬਣਦੀ ਹੈ। ਪਰ ਹਰ ਇਲੈਕਟ੍ਰੌਨ ਦਾ ਪੁੰਜ (ਅੰਦਰਲੇ ਪਦਾਰਥ ਦੀ ਮਾਤਰਾ) ਬਿਲਕੁਲ ਇਕੋ ਜਿੰਨੀ ਹੈ। ਇਉਂ ਜਾਪਦਾ ਹੈ ਜਿਵੇਂ ਸਾਰੇ ਹੀ ਅਰਬਾਂ ਖਰਬਾਂ ਇਲੈਕਟ੍ਰੌਨ ਇਕੋ ਸੱਚੇ ਵਿਚੋਂ ਘੜੇ ਗਏ ਹੋਣ। ਉਹ ਸੱਚਾ ਕਿਹੜਾ ਹੈ? ਉਹ ਸੱਚਾ- ਸ੍ਰਿਸ਼ਟੀ ਵਿਚਲਾ ਨਿਯਮ ਹੈ ਜੋ ਨਿਰਣਾ ਕਰਦਾ ਹੈ ਕਿ ਸ੍ਰਿਸ਼ਟੀ ਵਿਚ ਉਪਜ ਰਹੇ ਸਭ ਕਣ ਕਿਸ ਤਰ੍ਹਾਂ ਦੇ ਹੋਣਗੇ? ਜਦ ਸ੍ਰਿਸ਼ਟੀ ਉਪਜਣ ਲੱਗੀ ਤਾਂ ਇਹ ਸੱਚਾ/ਨਿਯਮ ਪਹਿਲਾਂ ਮੌਜੂਦ ਹੋਣਾ ਚਾਹੀਦਾ ਸੀ ਤਾਂ ਹੀ ਸਾਰੇ ਇਲੈਕਟ੍ਰੌਨ ਇਕੋ ਜਿਹੇ ਹੋ ਸਕਦੇ ਹਨ। ਨਿਯਮ- ਨਾ ਤਾਂ ਪਦਾਰਥ ਹੈ, ਨਾ ਊਰਜਾ ਹੈ; ਤਾਂ ਫਿਰ ਪਹਿਲਾਂ ਮੌਜੂਦ ਨਿਯਮ ਕਿੱਥੇ ਪਿਆ ਸੀ? ਸ੍ਰਿਸ਼ਟੀ ਵਿਚ ਜੋ ਕਰਤਾਰੀ ਚੇਤਨਾ ਦਾ ਭੰਡਾਰ ਹੈ ਨਿਯਮ ਓਸ ਵਿਚ ਪਏ ਹਨ। ਜੇ ਅਸੀਂ ਵੀ ਘਰ ਵਿਚ, ਕੰਮ ਤੇ ਜਾਂ ਆਲੇ ਦੁਆਲੇ ਲਈ ਕੋਈ ਨਿਯਮ ਬਣਾਉਣਾ ਹੋਵੇ ਤਾਂ ਆਪਣੀ ਸੂਝ ਨੂੰ ਵਰਤਾਂਗੇ। ਸੂਝ, ਚੇਤਨਾ ਦਾ ਖੇਤਰ ਹੈ।
(3)
ਵਿਗਿਆਨ ਦਾ ਸਿਧਾਂਤ ਹੈ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਨਸ਼ਟ ਨਹੀਂ ਕਰ ਸਕਦੇ, ਸਿਰਫ਼ ਉਹਨੂੰ ਇਕ ਤੋਂ ਦੂਜੇ ਰੂਪ ਵਿਚ ਬਦਲ ਸਕਦੇ ਹੋ। ਪਿਛਲੀ ਸਦੀ ਦੇ ਵਿਗਿਆਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸਾਬਤ ਕਰਨਾ ਸੀ ਕਿ ਪਦਾਰਥ ਅਤੇ ਊਰਜਾ ਵੀ ਆਪੋ ਵਿਚ ਤਬਦੀਲ ਹੋ ਜਾਂਦੇ ਹਨ; ਅਰਥਾਤ, ਉਹ ਇਕੋ ਹੀ ਚੀਜ਼ ਹੈ ਜੋ ਪਦਾਰਥ ਵੀ ਬਣ ਸਕਦੀ ਹੈ, ਊਰਜਾ ਵੀ। ਐਟਮ ਬੰਬ ਇਸੇ ਨਿਯਮ ਤੇ ਬਣਿਆ ਸੀ। ਪਦਾਰਥ ਦਾ ਬਹੁਤ ਮਹੀਨ ਹਿੱਸਾ ਪੂਰਾ ਨਸ਼ਟ ਕਰ ਦਿੱਤਾ ਜਾਵੇ ਤਾਂ ਟਨਾਂ ਮੂੰਹੀਂ ਊਰਜਾ ਉਸ ਵਿਚੋਂ ਨਿਕਲਦੀ ਹੈ। ਚਾਹੋ ਤਾਂ ਬੰਬ ਬਣਾ ਕੇ ਲੱਖ ਬੰਦਾ ਮਾਰ ਦਿਓ, ਚਾਹੋ ਤਾਂ ਉਸੇ ਊਰਜਾ ਨੂੰ ਬਿਜਲੀ ਵਿਚ ਬਦਲ ਕੇ ਕਰੋੜਾਂ ਨੂੰ ਚਾਨਣ ਕਰ ਦਿਓ।
ਕੋਈ ਹੈਰਾਨੀ ਨਹੀਂ ਹੋਵੇਗੀ ਜੇ ਇਸ ਸਦੀ ਦੇ ਅੰਤ ਤਕ ਵਿਗਿਆਨ ਇਹ ਵੀ ਸਾਬਤ ਕਰ ਦਏ ਕਿ ਪਦਾਰਥ ਅਤੇ ਊਰਜਾ ਦੋਵੇਂ ਚੇਤਨਾ ਵਿਚੋਂ ਹੀ ਜਨਮ ਲੈਂਦੇ ਹਨ; ਅਰਥਾਤ, ਚੇਤਨਾ ਹੀ ਕੋਈ ਕਾਰਜ ਕਰਨ ਲਈ ਲੋੜੀਂਦਾ ਰੂਪ ਅਖ਼ਤਿਆਰ ਕਰਨ ਵਾਸਤੇ ਪਦਾਰਥ ਬਣ ਜਾਂਦੀ ਹੋਵੇ ਜਾਂ ਊਰਜਾ ਵਿਚ ਬਦਲ ਜਾਂਦੀ ਹੋਵੇ। ਖ਼ੈਰ, ਹੁਣ ਦੇ ਇਸ ਪਲ ਵਿਚ ਇਹ ਸਿਰਫ਼ ‘ਹਾਈਪੌਥਿਸਿਸ` ਹੈ…।
ਜਾਣਨ ਵਾਲਿਆਂ ਨੇ ਸ੍ਰਿਸ਼ਟੀ ਵਿਚ ਪਸਰੀ ਕੁੱਲ ਚੇਤਨਾ ਨੂੰ ਹੀ ਰੱਬ ਕਿਹਾ ਹੈ… ਤੇ ਧਰਮ ਸਾਰੀ ਹੀ ਸ੍ਰਿਸ਼ਟੀ ਵਿਚ ਪਸਰੀ ਹੋਈ ਚੇਤਨਾ ਦਾ ਸਿੱਧਾ ਸਾਖਿਅਤਕਾਰ ਕਰਨ ਦੀ ਵਿਧੀ ਹੈ। ਸਾਧਾਰਨ ਬੰਦਾ ਪਾਣੀ ਨੂੰ ਪੀਂਦਾ ਵਰਤਦਾ ਹੈ, ਅਸਲੀ ਧਰਮ ਸ਼ਾਇਦ ਸਮੁੰਦਰ ਵਿਚ ਡੁੱਬ ਕੇ ਪਾਣੀ ਦੇ ਕੁਲ ਪਸਾਰ, ਸਮੁੱਚਤਾ ਅਤੇ ਮਹਾਨਤਾ ਨੂੰ ਸਿੱਧਿਆਂ ਅਨੁਭਵ ਕਰਨ ਵਰਗੀ ਕੋਈ ਘਟਨਾ ਹੈ। ਨਾਨਕ ਬੁੱਧ ਕਬੀਰ ਰੂਮੀ ਈਸਾ ਵਰਗੇ – ਜਿਨ੍ਹਾਂ ਨੂੰ ਇਹ ਅਨੁਭਵ ਹੋਇਆ, ਉਨ੍ਹਾਂ ਨੂੰ ਸਾਰਾ ਸੰਸਾਰ ਇਕੋ ਚੇਤਨਾ ਦਾ ਉਵੇਂ ਹੀ ਬਣਿਆ ਦਿਸਿਆ, ਜਿਵੇਂ ਧਰਤੀ ਉਪਰ ਅੱਡੋ-ਅੱਡ ਉਗੇ ਰੁੱਖ ਧਰਤੀ ਹੇਠਾਂ ਜੜ੍ਹਾਂ ਰਾਹੀ ਸਦਾ ਇਕ ਦੂਜੇ ਨਾਲ ਜੁੜੇ ਹੁੰਦੇ ਹਨ ਤੇ ਇਕ ਦੂਜੇ ਨੂੰ ਸੁਨੇਹੇ ਵੀ ਭੇਜਦੇ ਹਨ। ਇਹ ਮਹਾਂਪੁਰਖ ਧਰਮ ਦਾ ਗਹਿਰਾ ਅਨੁਭਵ ਕਰਨ ‘ਤੇ – ਗਹਿਰੇ ਆਨੰਦ, ਪ੍ਰੇਮ, ਕਰੁਣਾ ਅਤੇ ਦੂਰ-ਦ੍ਰਿਸ਼ਟੀ ਨਾਲ ਭਰ ਗਏ ਤੇ ਉਨ੍ਹਾਂ ਸਾਨੂੰ ਵੀ ਆਪੋ ਵਿਚ ਇਕ ਕਰ ਦਿੱਤਾ। ਉਨ੍ਹਾਂ ਦਾ ਉਸ ਸਿਖ਼ਰੀ ਅਨੁਭਵ ਦਾ ਆਨੰਦ ਇੰਨਾ ਵੱਡਾ ਸੀ ਕਿ ਉਸ ਸਾਹਮਣੇ ਹੋਰ ਸਾਰੇ ਰਸ ਫਿੱਕੇ ਪੈ ਗਏ। ਬੁੱਧ ਨੂੰ ਰਾਜਮਹਿਲ ਦੀ ਲੋੜ ਮੁੱਕ ਗਈ, ਨਾਨਕ ਨੂੰ ਉੱਚੀ ਜਾਤ ਦਾ ਹੰਕਾਰ ਨਿਗੂਣਾ ਲੱਗਾ, ਕਬੀਰ ਨੂੰ ਨੀਵੀਂ ਜਾਤ ਦ ਭਉ ਨਾ ਰਿਹਾ। ਏਹ ਲੋਕ ਫ਼ਕੀਰਾਂ ਤਰ੍ਹਾਂ, ਘੱਟੋ-ਘੱਟ ‘ਤੇ ਗੁਜ਼ਾਰਾ ਕਰਦਿਆਂ ਵੀ ਅਨੰਤ ਪ੍ਰਸੰਨਤਾ ਵਿਚ ਜੀਵੇ…।
ਇਸ ਆਨੰਦ ਨੂੰ ਅਨੁਭਵ ਕਰਨ ਲਈ ਰੱਬ ਦੀ ਹੋਂਦ ਵਿਚ ਵਿਸ਼ਵਾਸ ਕਰਨਾ ਵੀ ਜ਼ਰੂਰੀ ਨਹੀਂ। ਪੂਰਬ ਦੇ ਤਿੰਨ ਵੱਡੇ ਮਨੁੱਖ ਬੁੱਧ, ਮਹਾਂਵੀਰ ਅਤੇ ਪਤੰਜਲੀ ਜਿਨ੍ਹਾਂ ਨੇ ਸਾਧਨਾ ਰਾਹੀਂ ਇਸ ਕਰਤਾਰੀ ਚੇਤਨਾ ਨੂੰ ਆਪਣੇ ਅੰਦਰੋਂ ਜਾਣਨ ਦੀਆਂ ਵਿਧੀਆਂ ਸਾਨੂੰ ਦੱਸੀਆਂ, ਤਿੰਨੇ ਹੀ ਰੱਬ ਦਾ ਜ਼ਿਕਰ ਨਹੀਂ ਕਰਦੇ ਪਰ ਉਨ੍ਹਾਂ ਦੇ ਅਨੁਭਵ ਨੂੰ ਅਸੀਂ ਰੱਬੀ ਅਨੁਭਵ ਆਖ਼ਦੇ ਹਾਂ ਤੇ ਉਨ੍ਹਾਂ ਦਾ ਰਾਹ ‘ਧਰਮ` ਦਾ ਰਾਹ ਗਿਣਿਆ ਜਾਂਦਾ ਹੈ…।
ਰੱਬ ਨੂੰ ਜਾਣਨ ਦਾ ਅਰਥ ਇਹ ਵੀ ਹੈ – ਕਰਤਾਰੀ ਚੇਤਨਾ ਵਿਚ ਲੁਕੇ ਉਨ੍ਹਾਂ ਨਿਯਮਾਂ ਨੂੰ ਸਪਸ਼ਟ ਦੇਖਣਾ ਜਿਨ੍ਹਾਂ ਨੂੰ ਪਾਲਣ ਨਾਲ ਜੀਵਨ ਸੁੱਖ (ਸਵਰਗ) ਵਿਚ ਰਹਿੰਦਾ ਹੈ ਪਰ ਨਾ ਮੰਨਣ ਨਾਲ ਦੁੱਖ (ਨਰਕ) ਪੈਦਾ ਹੁੰਦਾ ਹੈ। ਨਿਯਮ ਕਿਸੇ ਦੇ ਵਿਰੁੱਧ ਨਹੀਂ, ਇਹ ਇਸ ਸ੍ਰਿਸ਼ਟੀ ਦੀ ਹੋਂਦ ਅਤੇ ਜੀਵਨ ਨੂੰ ਕਾਇਮ ਰਖਣ ਲਈ ਹਨ। ਅਸੀਂ ਚੇਤਨਾ (ਰੱਬ) ਦੀ ਪੂਜਾ ਕਰੀਏ, ਨਾ ਕਰੀਏ, ਇਹਦੇ ਨਿਯਮ ਪਲ ਪਲ ਕਾਰਜ ਕਰਦੇ ਰਹਿੰਦੇ ਹਨ। ਪੂਜਾ ਕਰਨ ਨਾਲ ਨਿਯਮ ਸਾਡੇ ਹੱਕ ਵਿਚ ਨਹੀਂ ਹੋ ਜਾਂਦੇ, ਨਾ ਕਰਨ ਨਾਲ ਸਾਡੇ ਵਿਰੁੱਧ ਨਹੀਂ ਹੋ ਜਾਂਦੇ। ਪੂਜਾ ਜਾਂ ਧਿਆਨ ਸਾਧਨਾ – ਸਿਰਫ਼ ਸਾਨੂੰ ਚੇਤੰਨ-ਮਈ ਕਰਨ ਲਈ, ਚੇਤਨਾ ਵਿਚ ਗਹਿਰਾ ਹੋਰ ਗਹਿਰਾ ਉਤਾਰਨ ਲਈ ਬਣੇ ਹਨ ਪਰ ਇਸ ਲਈ ਕਿਸੇ ਪੁਜਾਰੀ ਦੀ ਲੋੜ ਨਹੀਂ। ਸਾਨੂੰ ਭੁੱਖ ਲੱਗੀ ਹੈ ਤਾਂ ਕਿਸੇ ਦੇ ਰੋਟੀ ਖਾਣ ਨਾਲ ਸਾਡੀ ਭੁੱਖ ਨਹੀਂ ਮਿਟਣ ਲੱਗੀ। ਭਾਈ ਜੀ ਦਾ ਕੀਤਾ ਅਖੰਡ ਪਾਠ ਕਿਵੇਂ ਵੀ ਮੈਨੂੰ ਲਾਭ ਨਹੀਂ ਪੁਚਾ ਸਕਦਾ।
(4)
ਇਸ ਪ੍ਰਸੰਨਤਾ ਵਿਚ ਜੀਣਾ ਸਾਡੇ ਸਾਰਿਆਂ ਲਈ ਸੰਭਵ ਹੈ। ਧਰਮ ਦਾ ਇਹ ਗਹਿਰਾ ਅਨੁਭਵ ਬਿਲਕੁਲ ਨਿਜੀ ਹੈ। ਇਹ ਅਨੁਭਵ ਬੁੱਧ ਵਰਗੇ ਰਾਜਕੁਮਾਰ ਨੂੰ ਵੀ ਹੋ ਸਕਦਾ ਹੈ ਤੇ ਘੋਰ ਗਰੀਬ ਨੀਵੀਂ ਜਾਤ ਦੇ ਕਬੀਰ ਜੀ ਨੂੰ ਵੀ। ਕੁਦਰਤ ਵਿਤਕਰਾ ਨਹੀਂ ਕਰਦੀ, ਜਿਹੜਾ ਵੀ ਮਿਹਨਤ ਕਰੇ ਇਸ ਨੂੰ ਪਾ ਲਵੇ! ਨਾ ਕੋਈ ਦੂਜਾ ਬੰਦਾ ਇਹ ਅਨੁਭਵ ਸਾਨੂੰ ਦੇ ਸਕਦਾ ਹੈ, ਨਾ ਉਹ ਸਾਡੇ ਅਨੁਭਵ ਵਿਚ ਰੁਕਾਵਟ ਪਾ ਸਕਦਾ ਹੈ। ਇਸ ਲਈ – ਕਿਸੇ ਧਾਰਮਿਕ ਮਨੁੱਖ ਨੂੰ ਦੂਜੇ ਧਾਰਮਿਕ ਮਨੁੱਖ ਤੋਂ ਕੋਈ ਖ਼ਤਰਾ ਨਹੀਂ, ਕਦੀ ਵੀ ਨਹੀਂ, ਨਾ ਹੀ ਕਦੀ ਹੋਣਾ ਸੰਭਵ ਹੈ!
ਇਸ ਅਨੁਭਵ ਲਈ ਵਧੇਰੇ ਕੰਮ ਹਰ ਬੰਦੇ ਨੇ ਆਪਣੇ ਅੰਦਰ ਕਰਨਾ ਹੁੰਦਾ ਹੈ। ਸੁਰਤ – ਇਕ ਵੇਲੇ ਜਾਂ ਤਾਂ ਅੰਦਰ ਜਾ ਸਕਦੀ ਹੈ ਜਾਂ ਬਾਹਰ ਦੀ ਚੀਜ਼ ਦੇਖ ਸਕਦੀ ਹੈ। ਧਰਮ ਵਿਚ ਦਾਖ਼ਲ ਹੋਣ ਵੇਲ਼ੇ ਸੁਰਤ ਨੇ ਆਪਣੇ ਅੰਦਰ ਜਾ ਕੇ ਪੂਰੀ ਤਰ੍ਹਾਂ ਅੰਦਰਲੀ ਚੇਤਨਾ ਦੀ ਜੜ੍ਹ ਨੂੰ ਦੇਖਣਾ ਹੁੰਦਾ ਹੈ। ਇਸ ਲਈ ਧਰਮ ਨੂੰ ਬਾਹਰ ਜਾਂ ਬਾਜ਼ਾਰ ਵਿਚ ਲਿਆਉਣਾ ਹੀ ਮੁਢਲੇ ਤੌਰ ‘ਤੇ ਧਰਮ ਤੋਂ ਉਲਟ ਦਿਸ਼ਾ ਵਿਚ ਜਾਣ ਵਾਲੀ ਗੱਲ ਹੈ। ਜਿਹੜੇ ਆਪਣੇ ਅੰਦਰ ਜਾ ਕੇ ਮਿਹਨਤ ਕਰਨੋਂ ਝਿਜਕਦੇ ਹਨ, ਜਾਂ ਧਰਮ ਨੂੰ ਸਿਰਫ਼ ਨਿਜੀ ਲਾਭ ਲਈ ਵਰਤਣਾ ਚਾਹੁੰਦੇ ਹਨ – ਉਹੀ ਧਰਮ ਨੂੰ ਬਾਹਰਲੀਆਂ ਰੀਤਾਂ ਰਸਮਾਂ ਸੰਸਕਾਰਾਂ ਅਤੇ ਨਫ਼ਰਤਾਂ ਵਿਚ ਬੰਨ੍ਹ ਕੇ ਸਾਨੂੰ ਪੇਸ਼ ਕਰਦੇ ਹਨ। ਉਹੀ ਸਾਧਾਰਨ ਬੰਦੇ ਨੂੰ ਡਰਾ ਕੇ ਧਰਮ ਦੇ ਲੜ ਲਾਉਂਦੇ ਹਨ। ਇਸ ਕਰ ਕੇ – ਸੰਸਾਰ ਵਿਚ ਦੋ ਤਰ੍ਹਾਂ ਦਾ ਧਰਮ ਹੈ। ਜਿਹੜਾ ਧਰਮ ਗਿਆਨ ਅਤੇ ਨਿਜੀ ਮਿਹਨਤ ਵਿਚੋਂ ਉਪਜਿਆ ਹੈ – ਉਹ ਨਿਰਭਉ ਕਰਦਾ ਹੈ। ਜਿਹੜਾ ਭੈ ਵਿਚੋਂ ਉਪਜਿਆ ਹੈ – ਉਹ ਹਿੰਸਾ ਕਰਦਾ ਹੈ। ਧਰਮ ਜਦੋਂ ਨਾਨਕ ਜਾਂ ਘਨ੍ਹਈਏ ਦੇ ਹੱਥਾਂ ਵਿਚੋਂ ਲੰਘਦਾ ਹੈ ਤਾਂ ਬਲਦੀਆਂ ਅੱਗਾਂ ਬੁਝ ਜਾਂਦੀਆਂ ਹਨ। ਜਦ ਕਿਸੇ ਅਤਿਵਾਦੀ, ਸਿਆਸਤਦਾਨ ਜਾਂ ਕੱਟੜ ਸੰਸਥਾ ਦੇ ਹੱਥੀਂ ਆਉਂਦਾ ਹੈ ਤਾਂ ਦੇਸ ਫੂਕਿਆ ਜਾਂਦਾ ਹੈ। ਧਰਮ ਜਦ ਕਿਸੇ ‘ਖੋਜ’ ਵਾਂਗ ਅੰਦਰੋਂ ਜਾਗਦਾ ਹੈ ਤਾਂ ਉਸ ਨਾਲੋਂ ਖੂਬਸੂਰਤ ਘਟਨਾ ਕੋਈ ਨਹੀਂ। ਧਰਮ ਜਦ ਕਿਸੇ ਕਾਢ ਵਾਂਗ ਬਾਹਰੋਂ ਕਿਸੇ ਵਿਦਵਾਨ, ਸਿਆਸਤਦਾਨ ਜਾਂ ਖਾੜਕੂ ਵੱਲੋਂ ਲਾਗੂ ਕੀਤਾ ਜਾਂਦਾ ਹੈ ਤਾਂ ਉਸ ਵਰਗੀ ਭਿਆਨਕਤਾ ਕੋਈ ਨਹੀਂ। ਉਵੇਂ ਹੀ ਜਿਵੇਂ – ਵਿਗਿਆਨ ਕਿਸੇ ਡਾਕਟਰ ਦੇ ਹੱਥੋਂ ਲੰਘੇ ਤਾਂ ਇਲਾਜ ਬਣਦਾ ਹੈ ਪਰ ਜੇ ਇੰਡਸਟਰੀ ਅਤੇ ਕਾਰਪੋਰੇਸ਼ਨਾਂ ਦੇ ਹੱਥਾਂ ਵਿਚੋਂ ਲੰਘੇ ਤਾਂ ਬਾਰੂਦ ਬਣ ਕੇ ਫ਼ਟਦਾ ਹੈ, ਇਸ਼ਤਿਹਾਰ ਬਣ ਕੇ ਸਾਨੂੰ ਅੰਨ੍ਹਾ ਕਰਦਾ ਹੈ ਜਾਂ ਮਹਿੰਗੀਆਂ ਵਸਤੂਆਂ ਦੀ ਅਣਲੋੜੀਂਦੀ ਮੰਗ ਬਣ ਕੇ ਸਾਨੂੰ ਗਰੀਬ ਕਰਦਾ ਹੈ।
ਡੇਢ ਸਦੀ ਪਹਿਲਾਂ ਰਾਮਕ੍ਰਿਸ਼ਨ ਪਰਮਹੰਸ ਨੇ ਮਨੁੱਖੀ ਇਤਿਹਾਸ ਵਿਚ ਅਨੋਖਾ ਤਜਰਬਾ ਪਹਿਲੀ ਵਾਰੀ ਕੀਤਾ। ਉਨ੍ਹਾਂ ਵੱਖੋ-ਵੱਖਰੇ ਧਰਮਾਂ ਦੀ ਸਾਧਨਾ ਵਿਧੀ ਨੂੰ ਵਾਰੋ-ਵਾਰੀ ਪੂਰੀ ਸ਼ਿੱਦਤ ਨਾਲ ਅੰਤਮ ਅਨੁਭਵ ਤਕ ਕੀਤਾ ਤੇ ਦੱਸਿਆ ਹਰ ਵਿਧੀ (ਧਰਮ) ਨਾਲ ਪ੍ਰਾਪਤ ਹੋਣ ਵਾਲ਼ਾ ਅੰਤਮ ਅਨੁਭਵ ਇੱਕੋ ਹੀ ਸੀ; ਅਰਥਾਤ, ਗਹਿਰਾਈ ਨਾਲ ਪਾਲਿਆਂ – ਸਭ ਧਰਮ ਇੱਕੋ ਥਾਵੇਂ ਪੁਚਾਉਂਦੇ ਹਨ!
ਧਰਮਾਂ ਦਾ ਜੋ ਫ਼ਰਕ ਸਾਨੂੰ ਦਿਸਦਾ ਹੈ, ਉਹ ਸਤਹੀ ਹੈ। ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਘਰ ਜੰਮੇ ਹਾਂ, ਕੀ ਬਣਾ ਦਿੱਤੇ ਗਏ ਹਾਂ, ਜਾਂ ਕਿਸ ਥਾਂ ‘ਤੇ ਖੜ੍ਹੇ ਹਾਂ? ਜਿਹੜਾ ਫ਼ਾਜ਼ਿਲਕਾ ਤੋਂ ਚੰਡੀਗੜ੍ਹ ਆ ਰਿਹਾ ਹੈ, ਉਹਦਾ ਮੂੰਹ ਪੂਰਬ ਵੱਲ ਹੈ। ਜਿਹੜਾ ਦੇਹਰਾਦੂਨ ਤੋਂ ਚੰਡੀਗੜ੍ਹ ਆ ਰਿਹਾ ਹੈ, ਉਹਦਾ ਮੂੰਹ ਪੱਛਮ ਵੱਲ ਹੈ। ਦੋਵੇਂ ਇਕ ਦੂਜੇ ਤੋਂ ਉਲਟ ਦਿਸ਼ਾ ਵਿਚ ਜਾਂਦੇ ਜਾਪਦੇ ਵੀ ਇਕੋ ਥਾਂ ‘ਤੇ ਪਹੁੰਚ ਜਾਣਗੇ। ਜੇ ਉਹ ਦੋਸਤ ਹੋਣ ਅਤੇ ਆਪੋ-ਆਪਣੀ ਥਾਂ ਤੋਂ ਤੁਰਨ ਵੇਲ਼ੇ ਦਿਸ਼ਾ ਦਾ ਝਗੜਾ ਕਰਨ ਲੱਗਣ ਤਾਂ ਉਹ ਝੱਲੇ ਹਨ। ਸਭ ਧਰਮ ਇਕੋ ਰੱਬ ਦੀ ਹੋਂਦ ਸਵੀਕਾਰ ਕਰਦੇ ਹਨ। ਇਸ ਅਨੁਸਾਰ ਵੀ – ਹਰ ਧਰਮ ਦੇ ਰਾਹ ਚਲਣ ਵਾਲਾ ਬੰਦਾ ਫਿਰ ਇਕੋ ਪਾਸੇ ਹੀ ਜਾ ਰਿਹਾ ਹੈ… ਤਾਂ ਫਿਰ ਝਗੜਾ ਕਾਹਦਾ ਹੈ?
(5)
ਧਰਮ ਬੇਸ਼ਕ ਹੋਵੇ ਪਰ ਸਟੇਟ ਕਦੀ ਵੀ ਧਰਮ-ਆਧਾਰਿਤ ਨਹੀਂ ਸਗੋਂ ਲੋਕ-ਆਧਾਰਿਤ ਹੋਣੀ ਚਾਹੀਦੀ ਹੈ – ਭਾਵੇਂ ਉਥੇ ਇਕੋ ਧਰਮ ਦੇ ਲੋਕ ਹੀ ਵਸਦੇ ਹੋਣ। ਧਰਮ-ਆਧਾਰਿਤ ਸਟੇਟ ਗੈਰ-ਧਰਮੀਆਂ ਨਾਲ ਤਾਂ ਵਿਤਕਰਾ ਕਰੇਗੀ ਹੀ, ਖ਼ੁਦ ਇਕੋ ਧਰਮ ਵਾਲੇ ਵੀ ਉਸ ਵਿਚ ਸੁਰੱਖਿਅਤ ਨਹੀਂ। ਪਾਕਿਸਤਾਨ ਵਿਚ ਇਕੋ ਧਰਮ ਦੇ ਹੁੰਦਿਆਂ ਵੀ ਸੂਫ਼ੀ ਅਤੇ ਅਹਿਮਦੀਏ ਸਮਾਜਿਕ ਹਿੰਸਾ ਦਾ ਸ਼ਿਕਾਰ ਹੋ ਗਏ। ਰਵਾਂਡਾ ਵਿਚ ਕੁਝ ਦਹਾਕੇ ਪਹਿਲਾਂ ਹੋਈ ਕਤਲੋ-ਗ਼ਾਰਤ ਵਿਚ ਦਸ ਲੱਖ ਬੰਦੇ ਤਿੰਨ ਸਾਲਾਂ ਦੌਰਾਨ ਕੁਹਾੜੀਆਂ ਨਾਲ ਵੱਢ ਦਿੱਤੇ ਗਏ। ਮਾਰਨ ਤੇ ਮਰਨ ਵਾਲੇ, ਦੋਵੇਂ ਮੁਸਲਮਾਨ ਸਨ। ਮਾਰਨ ਵਾਲੇ ਅਰਬੀ ਮੂਲ ਦੇ, ਮਰਨ ਵਾਲੇ ਅਫ਼ਰੀਕੀ ਮੂਲ ਦੇ। ਪਿਛਲੇ ਪੰਜ ਸਾਲਾਂ ਦੌਰਾਨ ਚਾਰ ਲੱਖ ਜਣੇ ਬੰਬਾਂ ਗੋਲੀਆਂ ਅਤੇ ਭੁੱਖ ਨਾਲ ਯਮਨ ਵਿਚ ਮਰ ਗਏ ਜਿਨ੍ਹਾਂ ਵਿਚ ਅੱਧਿਓਂ ਬਹੁਤੇ ਬੱਚੇ ਹਨ। ਮਾਰਨ ਵਾਲੇ ਸਾਊਦੀ ਅਰਬ ਸਮਰਥਕ ਸੁੰਨੀ ਮੁਸਲਮਾਨ ਹਨ, ਮਰਨ ਵਾਲੇ ਇਰਾਨ ਸਮਰੱਥਕ ਸ਼ੀਆ ਮੁਸਲਮਾਨ। ਯੂਕਰੇਨ ਵਿਚ ਅੱਜ ਲੜਨ ਵਾਲ਼ੀਆਂ ਦੋਵੇਂ ਧਿਰਾਂ ਇਸਾਈ ਹਨ। ਮਹਾਂਭਾਰਤ ਵਿਚ ਦੋਵੇਂ ਪਾਸਿਓਂ ਲੜਨ ਵਾਲ਼ੇ ਇਕੋ ਧਰਮ ਦੇ ਸਨ। ਸਾਡੇ ਆਪਣੇ ਪੰਜਾਬ ਵਿਚ ਚੱਲੀ ਪਿਛਲੀ ਹਿੰਸਾ ਦੌਰਾਨ ਮਾਰਨ ਤੇ ਮਰਣ ਵਾਲੇ ਕਿੰਨੇ ਹੀ ਜਣੇ ਇਕੋ ਧਰਮ ਦੇ ਸਨ ਪਰ ਕਿਸੇ ਨੇ ਕਿਸੇ ‘ਤੇ (ਇਕੋ ਧਰਮ ਦਾ ਹੋਣ ਕਰ ਕੇ) ਤਰਸ ਨਾ ਕੀਤਾ। ਸਿੱਖ ਹੋਣ ਨੇ ਜਨਰਲ ਬਰਾੜ ਨੂੰ ਦਰਬਾਰ ਸਾਹਿਬ ਤੇ ਹਮਲੇ ਦੀ ਅਗਵਾਈ ਕਰਨ ਤੋਂ ਨਹੀਂ ਅਟਕਾਇਆ, ਨਾ ਕੇ.ਪੀ.ਐਸ. ਗਿੱਲ ਨੂੰ ਆਪਣਾ ‘ਕੰਮ’ ਕਰਨ ਤੋਂ, ਨਾ ਖਾੜਕੂਆਂ ਨੂੰ ਆਪਣੇ ਤੋਂ ਵੱਖਰੀ ਸੋਚ ਵਾਲ਼ੇ ਸਿੱਖਾਂ (ਪਾਸ਼ ਜਾਂ ਸੁਮੀਤ ਸਿੰਘ) ਨੂੰ ਮਾਰਨ ਤੋਂ ਰੋਕਿਆ।
ਵਧਦੀ ਆਬਾਦੀ ਅਤੇ ਸੀਮਤ ਵਸੀਲਿਆਂ ਕਰ ਕੇ ਸੰਸਾਰ ਦੇ 90% ਲੋਕਾਂ ਲਈ ਹੁਣ ਇਹ ‘ਸਰਵਾਈਵਲ` ਦੀ ਲੋੜ ਹੈ ਕਿ ਉਹ ਧਰਤੀ ਉਤੇ ਕਿਤੇ ਵੀ ਜਾ ਕੇ ਰਹਿ ਸਕਣ ਜਿੱਥੇ ਰੁਜ਼ਗਾਰ, ਵਿਦਿਆ, ਸਿਹਤ ਅਤੇ ਚੰਗਾ ਵਾਤਾਵਰਨ ਮਿਲਦਾ ਹੋਵੇ। ਰੋਟੀ ਖ਼ਾਤਰ ਪੰਜਾਬੀ ਪਿਛਲੀ ਇਕ ਸਦੀ ਤੋਂ ਹਿੰਦੋਸਤਾਨ ਵਿਚੋਂ ਹਿਜਰਤ ਕਰ ਰਹੇ ਹਨ। ਕੈਨੇਡਾ ਤੇ ਇੰਗਲੈਂਡ, ਦੋਹੀਂ ਥਾਈਂ ਘੱਟੋ-ਘੱਟ 8-8 ਲੱਖ ਪੰਜਾਬੀ ਵਸਦੇ ਹਨ। ਕੀ ਉਹ ਵਸ ਸਕਦੇ ਸਨ ਜੇ ਕੈਨੇਡਾ ਜਾਂ ਇੰਗਲੈਂਡ ਧਰਮ-ਆਧਾਰਿਤ ਇਸਾਈ-ਸਟੇਟ ਹੁੰਦੇ?
ਜੇ ਅਸੀਂ ਧਰਤੀ ਦੇ ਖਿੱਤਿਆਂ ਨੂੰ ਖਾਸ-ਖਾਸ ਧਰਮ ਬੋਲੀ ਰੰਗ ਜਾਂ ਸਭਿਆਚਾਰ ਦੇ ਲੋਕਾਂ ਲਈ ਰਾਖਵੀਂ ਕਰਨ ਲੱਗ ਪਏ ਤਾਂ ਵਾਰੀ-ਵਾਰੀ ਕਰ ਕੇ ਇਕ ਦੂਜੇ ਨੂੰ ਕੱਢ ਕੇ ਮਾਰ ਕੇ, ਆਖ਼ਰ ਸਾਰੇ ਹੀ ਮਾਰੇ ਜਾਵਾਂਗੇ। ਹਿੰਸਾ ਦਾ ਸੰਕੀਰਨ ਸੁਦਰਸ਼ਨ ਚੱਕਰ ਜੇ ਹਰ ‘ਪਰਾਏ’ ਨੂੰ ਮਾਰਨ ਲਈ ਅੰਨ੍ਹੇਵਾਹ ਘੁੰਮਣਾ ਸ਼ੁਰੂ ਹੋ ਗਿਆ ਤਾਂ ਅੰਤਮ ਬੰਦੇ ਦੀ ਜਾਨ ਲੈਣ ਤੋਂ ਬਾਅਦ ਰੁਕੇਗਾ, ਕਿਉਂਕ ਉਸ ਚੱਕਰ ਲਈ ਤਾਂ ਆਪਣੇ ਆਪ ਨੂੰ ਛਡ ਕੇ ਹਰ ਬੰਦਾ ਪਰਾਇਆ ਹੈ। ਕੁਦਰਤ ਨੇ ਤਾਂ ਮਨੁੱਖ ਨੂੰ ਇਕੋ ਹੀ ਧਰਤੀ ‘ਤੇ ਪੈਦਾ ਕੀਤਾ ਸੀ। ਸਾਡੇ ਧਰਮ ਅਤੇ ਧਰਮ-ਆਧਾਰਿਤ ਵੰਡਾਂ ਸਾਡੀ ਕਾਢ ਹਨ, ਕਿਸੇ ਰੱਬ ਦੀ ਨਹੀਂ। ਮਨੁੱਖ ਨੂੰ ਉਸੇ ਦੀ ਧਰਤੀ ਤੇ ਵੱਸਣ ਤੋਂ ਰੋਕਣਾ ਜਾਂ ਸੰਨ 47 ਵਾਂਗ ਕਿਸੇ ਵਸਦੇ ਹੋਏ ਨੂੰ ਧਰਮ ਦੇ ਨਾਂ ‘ਤੇ ਉਜਾੜਨਾ – ਮੂਲੋਂ ਹੀ ਅਧਾਰਮਿਕ ਕਰਮ ਹੈ।
ਟੋਰਾਂਟੋ ਲਾਗਲੇ ਸ਼ਹਿਰ ਹੈਮਿਲਟਨ ਵਿਚ ਅੱਜ ਤੋਂ 30 ਸਾਲ ਪਹਿਲਾਂ ਤਕ ਸਕੂਲਾਂ ਵਿਚ ਸਵੇਰੇ ਇਸਾਈ ਪ੍ਰਾਰਥਨਾ ਹੁੰਦੀ ਸੀ। ਯਹੂਦੀ ਅਤੇ ਮੁਸਲਮਾਨ ਲੋਕਾਂ ਨੇ ਇਤਰਾਜ਼ ਕੀਤਾ ਤਾਂ ਦੋ-ਤਿਹਾਈ ਇਸਾਈ ਵਸੋਂ ਹੋਣ ਦੇ ਬਾਵਜੂਦ ਧਾਰਮਿਕ ਸਹਿਹੋਂਦ ਦਾ ਸਬੂਤ ਦਿੰਦਿਆਂ ਇਸਾਈ ਬਹੁਗਿਣਤੀ ਵਾਲ਼ੇ ਸਕੂਲ-ਬੋਰਡ ਵੱਲੋਂ ਪ੍ਰਾਰਥਨਾ ਬੰਦ ਕਰ ਦਿੱਤੀ ਗਈ। ਮੇਰਾ ਪੁੱਤਰ ਜਿਸ ਕੈਨੇਡੀਅਨ ਸਕੂਲ ਵਿਚ ਪੜ੍ਹਦਾ ਹੈ, ਉਥੇ 500 ਵਿਚੋਂ ਸਿਰਫ਼ 15 ਬੱਚੇ ਹਿੰਦੋਸਤਾਨੀ ਹਨ ਪਰ ਦੀਵਾਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਜ਼ਿਕਰ ਹਰ ਸਾਲ ਸਮਾਂ ਆਉਣ ਤੇ ਸਕੂਲ ਦੀ ਸਵੇਰ ਵਾਲੀ ਅਸੈਂਬਲੀ ਵਿਚ ਕੀਤਾ ਜਾਂਦਾ ਹੈ। ਸਾਨੂੰ ਇਨ੍ਹਾਂ ਤੋਂ ਸਿੱਖਣ ਦੀ ਲੋੜ ਹੈ ਕਿ ਆਪਣਾ ਬਹੁ-ਗਿਣਤੀ-ਅਧਿਕਾਰ ਦੂਜੇ (ਘਟ-ਗਿਣਤੀ ਵਾਲੇ) ਨੂੰ ਸੌਖਾ ਕਰਨ ਲਈ ਕਿਵੇਂ ਪਾਸੇ ਰੱਖਣਾ ਹੈ। ਕਿਸੇ ਨੂੰ ਸੌਖਾ ਕਰਨਾ ਉਸ ਅੱਗੇ ਝੁਕਣਾ ਨਹੀਂ ਹੁੰਦਾ। ਜਦੋਂ ਅਸੀਂ ਆਪਣੇ ਬੱਚੇ, ਪਤਨੀ ਪਰਵਾਰ ਜਾਂ ਮਿੱਤਰ ਦੀ ਸੌਖਿਆਈ ਲਈ ਆਪ ਔਖੇ ਹੋ ਕੇ ਕੋਈ ਕੰਮ ਕਰਦੇ ਹਾਂ ਤਾਂ ਕੀ ਉਨ੍ਹਾਂ ਅੱਗੇ ਝੁਕ ਰਹੇ ਹੁੰਦੇ ਹਾਂ…? ਨਹੀਂ, ਅਸੀਂ ਉਸ ਪਲ ਪਿਆਰ ਅੱਗੇ ਝੁਕ ਰਹੇ ਹੁੰਦੇ ਹਾਂ…।
(6)
ਪੰਜਾਬ ਸ਼ਾਇਦ ਮਨੁੱਖੀ ਇਤਿਹਾਸ ਦਾ ਹੀ ਸਭ ਤੋਂ ਵੱਡਾ ਡੈਮੋਕ੍ਰੈਟਿਕ ਤਜਰਬਾ ਸੀ। ਇਥੇ 5 ਤੋਂ ਵਧ ਧਰਮਾਂ ਦੇ ਲੋਕ ਵਖਰੇਵਿਆਂ ਦੇ ਬਾਵਜੂਦ ਸਦੀਆਂ ਤਕ ਇਕੱਠੇ ਵਸਦੇ ਰਹੇ ਹਨ। ਉਨ੍ਹਾਂ ਵਿਚ ਝਗੜੇ ਵੀ ਹੋਏ, ਹਥਿਆਰਬੰਦ ਲੜਾਈਆਂ ਵੀ ਪਰ ਕਿਸੇ ਨੇ ਕਦੀ ਧਰਮ-ਆਧਾਰਿਤ ਵੱਖੋ-ਵੱਖਰਾ ਦੇਸ ਬਣਾ ਕੇ ਰਹਿਣ ਬਾਰੇ ਕਦੀ ਸੋਚਿਆ ਵੀ ਨਹੀਂ। ਉਦੋਂ ਤਕ ਨਹੀਂ ਸੋਚਿਆ ਜਦ ਤਾਈਂ ਅੰਗਰੇਜ਼ਾਂ ਨੇ ਇਹ ‘ਕਾਢ’ ਸਾਡੇ ਦਿਮਾਗਾਂ ਵਿਚ ਨਹੀਂ ਭਰ ਦਿੱਤੀ। ਸਿੱਖਾਂ ਦੀ ਅਰਦਾਸ ਵਿਚ ਅੱਜ ਵੀ ਮੁਸਲਮਾਨਾਂ ਵੱਲੋਂ ਚਰਖੜੀਆਂ ‘ਤੇ ਚੜ੍ਹਾਏ, ਦੇਗਾਂ ਵਿਚ ਉਬਾਲੇ, ਕੀਮਾ-ਕੀਮਾ ਕੀਤੇ ਗਏ ਆਪਣੇ ਸਿੱਖ ਪੂਰਵਜਾਂ ਨੂੰ ਹਰ ਗੁਰਦੁਆਰੇ ਵਿਚ ਹਰ ਦਿਨ ਰਾਤ ਯਾਦ ਕੀਤਾ ਜਾਂਦਾ ਹੈ ਪਰ ਉਨ੍ਹਾਂ ਸ਼ਹੀਦ ਹੋਣ ਵਾਲਿਆਂ ਦੇ ਗੁਰੂਆਂ ਜਾਂ ਜਰਨੈਲਾਂ ਨੇ ਸਿਰਫ਼ ਅਨਿਆਂ ਵਿਰੁੱਧ ਲੜਾਈ ਕੀਤੀ ਪਰ ਕਦੀ ਸਿੱਖਾਂ ਵਾਸਤੇ ਵੱਖਰਾ ਰਾਜ ਬਣਾਉਣ ਦਾ ਉਪਰਾਲਾ ਨਹੀਂ ਕੀਤਾ।
ਪਾਕਿਸਤਾਨ ਵਿਚ ਦੋ ਸਿੱਖ ਹਸਤੀਆਂ ਦਾ ਸਭ ਤੋਂ ਵਧ ਆਦਰ ਅੱਜ ਵੀ ਕੀਤਾ ਜਾਂਦਾ ਹੈ, ਬਾਬਾ ਨਾਨਕ ਅਤੇ ਮਹਾਰਾਜਾ ਰਣਜੀਤ ਸਿੰਘ। ਇਸ ਲਈ ਕਿ ਦੋਹਾਂ ਨੇ ਹਿੰਦੂ ਮੁਸਲਮਾਨ ਦਾ ਫ਼ਰਕ ਨਹੀਂ ਸੀ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਦੂਰਅੰਦੇਸ਼ੀ ਇਹੀ ਸੀ ਕਿ ਉਹਨੇ ਆਪਣੇ ਰਾਜ ਨੂੰ ਅਖੌਤੀ ਸਿੱਖ ਰਾਜ ਬਣਾਉਣ ਦਾ ਯਤਨ ਨਹੀਂ ਕੀਤਾ, ਨਾ ਮੁਸਲਮਾਨਾਂ ਤੋਂ ਗਿਣ-ਗਿਣ ਕੇ ਆਪਣੇ ਬਜ਼ੁਰਗਾਂ ਦੇ ਬਦਲੇ ਲਏ। ਖਾਲਸਾ ਰਾਜ ਆਖਣ ਦੇ ਬਾਵਜੂਦ ਮਹਾਰਾਜੇ ਨੇ ਆਪਣੀ ਸੱਤਾ ਵਿਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਬਰਾਬਰ ਦੀ ਭਾਈਵਾਲੀ ਦਿੱਤੀ। ਉਹ ਜਾਣਦਾ ਸੀ- ਇਹ ਧਰਤੀ ਸਭ ਧਰਮਾਂ ਦੀ ਸਾਂਝੀ ਹੈ। ਉਹਨੇ ਇਸ ਸਾਂਝ ਦਾ ਆਦਰ ਕੀਤਾ। ਅੱਜ ਇਸੇ ਸਾਂਝ ਦਾ ਆਦਰ ਕੀਤੇ ਬਿਨਾ ਅਸੀਂ ਉਹਦੇ ਵਾਰਸ ਕਿਵੇਂ ਹੋ ਸਕਦੇ ਹਾਂ, ਜਾਂ ਉਹ ਸਾਡੀ ਪ੍ਰੇਰਨਾ ਕਿਵੇਂ ਹੋ ਸਕੇਗਾ, ਜਾਂ ਅਸੀਂ ਉਹਨੂੰ ‘ਆਪਣਾ’ ਕਿਵੇਂ ਕਹਿ ਸਕਾਂਗੇ? ਇਸ ਸਾਂਝ ਦਾ ਆਦਰ ਕੀਤੇ ਬਿਨਾ ਅਸੀਂ ਨਾਨਕ ਨੂੰ ‘ਆਪਣਾ’ ਕਿਵੇਂ ਕਹਿ ਸਕਾਂਗੇ?
ਪੰਜਾਬ ਤਾਂ ਇੱਕੋ ਹੀ ਧਰਤੀ ਸੀ ਜਿਸ ਦੇ ਵਸਨੀਕ ਕਈ ਹਜ਼ਾਰ ਸਾਲ ਪਹਿਲਾਂ ਵੈਦਿਕ ਸਭਿਆਚਾਰ ਦੇ ਪ੍ਰਭਾਵ ਹੇਠ ਆਏ, ਸਮਾਂ ਪਾ ਕੇ ਕੁਝ ਜਣੇ ਬੋਧੀ ਹੋ ਗਏ, ਹੋਰ ਵਕਤ ਬੀਤਣ ਤੇ ਕਈ ਮੁਸਲਮਾਨ ਹੋ ਗਏ, ਤੇ ਇਵੇਂ ਹੀ ਉਨ੍ਹਾਂ ਵਿਚੋਂ ਕੁਝ ਸਿੱਖ ਤੇ ਫਿਰ ਇਸਾਈ ਬਣੇ। ਬਾਹਰੋਂ ਆਏ ਥੋੜ੍ਹੇ ਜਿਹੇ ਜਣਿਆਂ ਨੂੰ ਛਡ ਕੇ ਇਹ ਇਕ ਹੀ ਵੱਸੋਂ ਸੀ ਜਿਹੜੀ ਵੱਖੋ-ਵੱਖਰੇ ਧਰਮ ਅਪਣਾਉਂਦੀ ਰਹੀ ਪਰ ਉਨ੍ਹਾਂ ਦਾ ਖਾਣਾ-ਪੀਣਾ, ਪਹਿਨਣਾ, ਸਭਿਆਚਾਰ, ਮੇਲੇ, ਬੋਲੀ ਤੇ ਜੀਣ ਦਾ ਤਰੀਕਾ ਉਹੀ ਰਿਹਾ। ਧਰਮ ਨਹੀਂ, ਉਹ ਭਾਸ਼ਾ ਅਤੇ ਸਭਿਆਚਾਰ ਹੀ ਪੰਜਾਬੀਆਂ ਦੀ ਧੁਰੀ ਹੈ ਜਿਸ ਦੁਆਲੇ ਉਹ ਅਜ ਵੀ ਘੁੰਮਦੇ ਹਨ। ਪੰਜਾਬੀਆਂ ਨੇ ਧਰਮ ਨੂੰ ਪਿਆਰ ਕੀਤਾ ਹੈ ਪਰ ਜੀਣ ਨੂੰ ਸਦਾ ਧਰਮ ਨਾਲੋਂ ਵੱਡਾ ਸਮਝਿਆ ਹੈ।
ਨਵਤੇਜ ਭਾਰਤੀ ਦਸਦੇ ਹਨ: “ਸਾਡੇ ਪਿੰਡ ਰੋਡੇ ਵਿਚ ਹਿੰਦੂ ਤੇ ਸਿੱਖ ਵੀ ਕਿਸੇ ਮੁਸਲਮਾਨ ਜਾਂ ਗੁੱਗੇ ਪੀਰ ਦੀ ਸਮਾਧ ਕੋਲੋਂ ਲੰਘਦਿਆਂ ਮੱਥਾ ਝੁਕਾ ਲੈਂਦੇ ਸਨ। ਜੇ ਨੈਣਾਂ ਦੇਵੀ ਲਈ ਜੱਥਾ ਜਾ ਰਿਹਾ ਹੁੰਦਾ ਤਾਂ ਸਿੱਖ ਵੀ ਨਾਲ ਚਲੇ ਜਾਂਦੇ ਜੇ ਉਨ੍ਹੀਂ ਦਿਨੀਂ ਖੇਤੀ ਕੰਮੋਂ ਵਿਹਲੇ ਹੁੰਦੇ। ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਟਰੱਕ ਟੈਂਪੂ ਜਾਣ ਲਗਦਾ ਤਾਂ ਜਿਹੜਾ ਹਿੰਦੂ ਜਾ ਸਕਦਾ, ਚਲਾ ਜਾਂਦਾ। ਸੰਨ 1936 ਵਿਚ ਕਾਲ਼ ਪੈ ਗਿਆ। ਸਿੱਖਾਂ ਦੀ ਬਹੁਗਿਣਤੀ ਸੀ ਪਰ ਪਿੰਡ ਨੇ ਰਲ ਕੇ ਨਿਰਣਾ ਕੀਤਾ ਕਿ ਮੀਂਹ ਪੁਆਉਣ ਲਈ ਯੱਗ ਕੀਤਾ ਜਾਵੇ। ਦੂਰ-ਦੂਰ ਤੋਂ ਪੰਡਤ ਆਏ, ਕਈ ਦਿਨ ਪੂਰੀ ਵੈਦਿਕ ਰੀਤੀ ਨਾਲ਼ ਯੱਗ ਚੱਲਿਆ, ਸਾਰੇ ਪਿੰਡ ਵਾਸੀਆਂ ਹਵਨ ਲਈ ਸਮੱਗਰੀ ਦਿੱਤੀ, ਤੇ ਸ਼ਾਮਲ ਵੀ ਹੋਏ। ਕੁਝ ਸਾਲਾਂ ਮਗਰੋਂ ਵੱਡੀ ਬਿਮਾਰੀ ਫ਼ੈਲੀ ਤਾਂ ਪਿੰਡ ਨੇ ਨਿਰਣਾ ਕੀਤਾ- ‘ਇੱਕੋਤਰੀ` ਕੀਤੀ ਜਾਵੇ; ਅਰਥਾਤ, 101 ਅਖੰਡ ਪਾਠ ਕੀਤੇ ਜਾਣ। ਪਿੰਡ ਦੇ ਹਿੰਦੂਆਂ ਵੀ ਪਾਠ ਕੀਤਾ। ਸਾਲ ਭਰ ਲੱਗਾ ਇਕੋਤਰੀ ਪੂਰੀ ਕਰਦਿਆਂ ਜਿਸ ਵਿਚ ਦੂਰੋਂ ਦੂਰੋਂ ਸੰਤ ਆਏ। ਪਿੰਡ ਦੇ ਇਕੋ-ਇਕ ਬ੍ਰਾਹਮਣ ਪੰਡਤ ਦੀ ਧੀ ਸੀਤੋ ਦਾ ਵਿਆਹ ਧਰਿਆ ਗਿਆ ਤਾਂ ਇਕ ਕੂਕੇ ਅਤੇ ਇਕ ਨਿਰਮਲੇ ਸਿੱਖ ਨੇ ਰਲ਼ ਕੇ ਘਰ-ਘਰ ਜਾ ਕੇ ਧਨ ਇਕੱਠਾ ਕੀਤਾ। ਸਭ ਨੇ ਪੈਸੇ ਦਿੱਤੇ, ਸਿਵਾਇ ਬਚਨੇ ਛੜੇ ਤੋਂ। ਬਚਨਾ ਕਹਿੰਦਾ- ‘ਕਾਹਦੇ ਪੈਸੇ ਦਵਾਂ? ਸੀਤੋ ਕਿਹੜਾ ਮੇਰੇ ਮੁੰਡੇ ਦਾ ਜੂੜਾ ਬੁਣਦੀ ਰਹੀ ਐ?` ਛੜਾ ਹੋਣ ਕਰ ਕੇ ਬਚਨੇ ਨੂੰ ਕਿਸੇ ਦਾ ਵਿਆਹ ਨਹੀਂ ਸੀ ਸੁਖਾਉਂਦਾ!
ਸਾਕਾ ਨੀਲਾ ਤਾਰਾ ਤੋਂ ਪਹਿਲਾਂ ਤੜਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਕੰਮ ‘ਤੇ ਜਾਣ ਵਾਲਿਆਂ ਵਿਚ ਹਿੰਦੂਆਂ ਦੀ ਗਿਣਤੀ ਸ਼ਾਇਦ ਸਿੱਖਾਂ ਜਿੰਨੀ ਹੀ ਸੀ। ਵੰਡ ਤੋਂ ਪਹਿਲਾਂ ਮੇਰੀ ਨਾਨੀ ਲਾਇਲਪੁਰ ਰਹਿੰਦੀ ਸੀ। ਕੁਝ ਬਲਵਈ ਪਿੰਡ ਦਾ ਗੁਰਦੁਆਰਾ ਲੁੱਟਣ ਆ ਗਏ। ਪਿੰਡ ਦੇ ਸਿੱਖ ਬਾਹਰ ਖੇਤਾਂ ਵਿਚ ਸਨ। ਹਿੰਦੂਆਂ ਅਤੇ ਮੁਸਲਮਾਨਾਂ ਨੇ ਰਲ ਕੇ ਉਸ ਗੁਰਦੁਆਰੇ ਦੀ ਰਾਖੀ ਕੀਤੀ ਜਿਸ ਵਿਚ ਮੁਸਲਮਾਨ ਰਬਾਬੀ ਕੀਰਤਨ ਕਰਨ ਆਉਂਦੇ ਸਨ। ਮੇਰੇ ਅੱਧੇ ਮਿੱਤਰ ਹਿੰਦੂ ਤੇ ਅੱਧੇ ਸਿੱਖ ਹਨ। ਮੇਰੀ ਪਤਨੀ ਦਾ ਪਰਿਵਾਰ ਅੱਧਾ ਸਿੱਖ ਤੇ ਅੱਧਾ ਹਿੰਦੂ ਹੈ। ਮੈਂ ਉਸ ਭੀੜ ਵਿਚ ਕਦਾਚਿਤ ਖੜ੍ਹਾ ਨਹੀਂ ਹੋਣਾ ਜਿਹੜੀ ਮੇਰੇ ਮਿੱਤਰਾਂ ਜਾਂ ਮੇਰੇ ਹੀ ਪਰਵਾਰ ਦੀ ਮਾਰ-ਕਾਟ ਜਾਂ ਉਜਾੜੇ ਦਾ ਕਾਰਨ ਬਣੇਗੀ…।
(7)
ਪੰਜਾਬੀ ਮਾਣਯੋਗ ਕੌਮ ਹਨ। ਮਾਣਯੋਗ ਕੌਮਾਂ ਜੀਣ ਲਈ ਮਾਣ ਲੱਭਦੀਆਂ ਹਨ। ਬਦਕਿਸਮਤੀ ਨਾਲ਼ ਜਿਹੜੀ ਸਭਿਅਤਾ ਜਾਂ ਕੌਮ ਆਪਣੇ ਵਰਤਮਾਨ ਤੇ ਮਿਹਨਤ ਨਾ ਕਰੇ, ਜਾਂ ਉਸ ਕੋਲ ਵਰਤਮਾਨ ਵਿਚ ਮਾਣ ਕਰਨ ਲਈ ਕੁਝ ਨਾ ਹੋਵੇ ਤਾਂ ਉਹ ਵਾਰ-ਵਾਰ ਇਤਿਹਾਸ ਵਿਚ ਪਰਤਦੀ ਹੈ। ਉਹ ਇਤਿਹਾਸ ਵਿਚਲੇ ਉਹ ਕੰਮ ਮੁੜ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਸ ਨਾਲ ਕਦੀ ਮਾਣ ਹਾਸਲ ਹੋਇਆ ਹੋਵੇ। ਅੱਜ ਦਾ ਪੰਜਾਬ ਸ਼ਾਇਦ ਅਜਿਹੀ ਘੁੰਮਣ-ਘੇਰੀ ਵਿਚ ਹੀ ਫਸ ਗਿਆ ਹੈ। ਹਰੇ ਇਨਕਲਾਬ ਤੋਂ ਬਾਅਦ ਇਹਦੇ ਕੋਲ ਮਾਣਯੋਗ ਪ੍ਰਾਪਤੀ ਦੀ ਕਮੀ ਵਾਪਰ ਗਈ ਹੈ। ਅਸੀਂ ਮਾਨਸਿਕ ਤੌਰ ‘ਤੇ ਬੀਤੇ ਵਿਚ ਪਰਤ ਕੇ ਅੱਜ ਦੇ ਵਰਤਮਾਨ ਵਿਚ ਮੁੜ-ਮੁੜ ਕੇ ਸ਼ਹੀਦ ਹੋਣ ਦੇ ਨਵੇਂ-ਨਵੇਂ ਕਾਰਨ ਅਤੇ ਰਾਹ ਲੱਭਣ ਲੱਗ ਗਏ ਹਾਂ। ਸਾਨੂੰ ਭੁੱਲ ਗਿਆ ਹੈ ਕਿ ਇਤਿਹਾਸ ਵਰਤਮਾਨ ਲਈ ਪ੍ਰੇਰਨਾ ਤਾਂ ਬਣ ਸਕਦਾ ਹੈ ਪਰ ਸਾਡਾ ਵਰਤਮਾਨ ਨਹੀਂ ਬਣ ਸਕਦਾ!
ਰਾਜਨੀਤਕ ਪ੍ਰਬੰਧ ਬਦਲਦਾ ਹੈ ਤਾਂ ਲੜਨ ਦਾ ਤਰੀਕਾ ਵੀ ਬਦਲਦਾ ਹੈ। ਔਰੰਗਜ਼ੇਬ ਦੇ ਰਾਜ ਵਿਚ ਤਲਵਾਰ ਨਾਲ ਵਾਪਰਦਾ ਜ਼ੁਲਮ ਸ਼ਸਤਰਧਾਰੀ ਹੋ ਕੇ ਲੜਿਆ ਜਾ ਸਕਦਾ ਸੀ। ਡੈਮੋਕ੍ਰੇਸੀ ਵਿਚ ਯੁੱਧ ਨੂੰ ਹੁਣ ਵਿਚਾਰ-ਵਟਾਂਦਰਾ, ਪਰਚਾਰ, ਮੀਡੀਆ, ਜਾਣਕਾਰੀ, ਕਾਨੂੰਨੀ ਸੰਘਰਸ਼ ਅਤੇ ਸ਼ਾਂਤਮਈ ਏਕੇ ਨਾਲ ਲੜਿਆ ਜਾਂਦਾ ਹੈ। ਪੰਜਾਬ ਨੇ ਕਿਸਾਨ ਮੋਰਚੇ ਦੇ ਰੂਪ ਵਿਚ ਇਹ ਕੰਮ ਕਰ ਕੇ ਦਿਖਾਉਣ ਦੀ ਉਦਾਹਰਨ ਤਾਂ ਅਜੇ ਨਵੀਂ ਤੇ ਨਰੋਈ ਹੈ। ਫ਼ਰਕ ਇੰਨਾ ਹੈ ਤਲਵਾਰ ਦੀ ਲੜਾਈ ਛੇਤੀ ਮੁੱਕ ਜਾਂਦੀ ਹੈ, ਡੈਮੋਕ੍ਰੇਟਿਕ ਸੰਘਰਸ਼ ਲੰਮੇ ਦਾਈਏ ਦਾ ਕੰਮ ਹੈ।
ਜਿਹੜੇ ਲੋਕ ਅੱਜ ਹਿੰਦੋਸਤਾਨ ‘ਤੇ ਰਾਜ ਕਰਦਿਆਂ ਇਹਨੂੰ ਹਿੰਦੂ ਸਟੇਟ ਬਣਾਉਣ ਦੀ ਕੋਸ਼ਿਸ਼ ਵਿਚ ਹਨ, ਉਨ੍ਹਾਂ ਨਾਲ ਸਾਡੀ ਅਸਹਿਮਤੀ ਹੈ। ਪੰਜਾਬ ਵਿਚ ਸਿੱਖ ਸਟੇਟ ਦੀ ਮੰਗ ਦੇਸ ਵਿਚ ਹਿੰਦੂ ਸਟੇਟ ਦਾ ਵਿਰੋਧ ਨਹੀਂ ਕਰਦੀ ਸਗੋਂ ਹਿੰਦੂ ਸਟੇਟ ਨੂੰ ਨੈਤਿਕ ਤੌਰ ‘ਤੇ ‘ਜਸਟੀਫ਼ਾਈ` ਕਰਦੀ ਹੈ। ਨਾ ਇਹ ਸਹੀ ਹੈ, ਨਾ ਇਹ ਲੋੜੀਂਦਾ ਹੈ, ਨਾ ਇਹ ਵਾਪਰਨਾ ਚਾਹੀਦਾ ਹੈ, ਨਾ ਅਸੀਂ ਵਸ ਲੱਗੇ ਵਾਪਰਨ ਦੇਣਾ ਹੈ।
ਪਿਛਲੇ ਦੋ ਦਹਾਕਿਆਂ ਤੋਂ ਸਾਰੇ ਸੰਸਾਰ ਵਿਚ ਨਵਾਂ ਫ਼ਾਰਮੂਲਾ ਸੱਤਾ ਹਥਿਆਉਣ ਲਈ ਵਰਤਿਆ ਜਾ ਰਿਹਾ ਹੈ। ਇਸ ਨੂੰ ਵਰਤਣ ਵਾਲੀ ਪਾਰਟੀ ਦੇਸ ਦੇ ਵਧੀਕ (ਮੇਜੌਰਿਟੀ) ਗਿਣਤੀ ਵਾਲੇ ਲੋਕਾਂ ਨੂੰ ਘਟ ਗਿਣਤੀ (ਮਾਇਨੌਰਿਟੀ ਧਰਮ ਜਾਂ ਸਭਿਆਚਾਰ) ਵਾਲਿਆਂ ਤੋਂ ਖ਼ਤਰਾ ਦਿਖਾਉਂਦੀ ਹੈ ਤੇ ਉਨ੍ਹਾਂ ਨੂੰ ਦੇਸ ਵਿਰੋਧੀ ਗਰਦਾਨਦੀ ਹੈ। ਅਮਰੀਕਾ ਵਿਚ ਡੋਨਾਲਡ ਟਰੰਪ ਨੇ 76% ਗੋਰੀ ਵੱਸੋਂ ਨੂੰ ‘ਬਾਹਰਲਿਆਂ` (ਦੱਖਣੀ ਅਮਰੀਕੀ ਏਸ਼ੀਅਨ ਤੇ ਕਾਲੇ) ਲੋਕਾਂ ਤੋਂ ਡਰਾਇਆ, ਬ੍ਰਾਜ਼ੀਲ ਵਿਚ ਜਾਇਰ ਬੋਲਸੋਨਾਰੋ ਨੇ 47% ਗੋਰਿਆਂ ਨੂੰ 41% ਕਾਲਿਆਂ ਤੋਂ, ਤੇ ਭਾਰਤ ਵਿਚ ਮੌਜੂਦਾ ਹੁਕਮਰਾਨਾਂ ਨੇ 80% ਹਿੰਦੂਆਂ ਨੂੰ 15% ਮੁਸਲਮਾਨਾਂ ਤੋਂ ਖ਼ਤਰਾ ਦਿਖਾਇਆ ਹੈ।
ਅਜਿਹੀ ਪਾਰਟੀ ਆਪਣੇ ਪੁਜਾਰੀ ਵਰਗ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਦੇਸ ਦੇ ਕੁਝ ਕੁ ਅਮੀਰ ਲੋਕਾਂ ਨਾਲ ਗੰਢ-ਸੰਢ ਕਰਦੀ ਹੈ। ਉਨ੍ਹਾਂ ਤੋਂ ਲਏ ਖੁਲ੍ਹੇ ਪੈਸੇ ਨਾਲ ਚੋਣਾਂ ਲੜਦੀ ਤੇ ਆਪਣੇ ਹੱਕ ਵਿਚ ਪ੍ਰਚਾਰ ਲਈ ਮੀਡੀਆ ਖ਼ਰੀਦਦੀ ਹੈ। ਸੱਤਾ ਹਾਸਲ ਕਰਨ ਮਗਰੋਂ ਲੋਕਤੰਤਰੀ ਅਦਾਰੇ (ਅਦਾਲਤਾਂ, ਅਖ਼ਬਾਰਾਂ, ਪੁਲਿਸ, ਫੌਜ, ਸੂਹੀਆ ਏਜੰਸੀਆਂ) ਨੂੰ ਦਬਕੇ ਅਤੇ ਲਾਲਚ ਦੇ ਕੇ ਆਪਣੇ ਵਸ ਕਰਦੀ ਹੈ। ਜਿਨ੍ਹਾਂ ਅਮੀਰਾਂ ਤੋਂ ਪੈਸੇ ਲਏ ਹੁੰਦੇ ਹਨ, ਬਦਲੇ ਵਿਚ ਦੇਸ ਦੀਆਂ ਸੰਸਥਾਵਾਂ ਅਤੇ ਆਰਥਿਕਤਾ ਉਨ੍ਹਾਂ ਨੂੰ ਵੇਚ ਦਿੰਦੀ ਹੈ। ਇਕ ਦੂਜੇ ਦੇ ਗਲ਼ ਪਏ ਲੋਕਾਂ ਨੂੰ ਵਿਕਦਾ ਅਤੇ ਗਰਕ ਹੁੰਦਾ ਜਾਂਦਾ ਦੇਸ ਦਿਸਦਾ ਹੀ ਨਹੀਂ। ਹਕੀਕਤ ਵਿਚ ਕਿਸੇ ਨੂੰ ਕਿਸੇ ਤੋਂ ਖ਼ਤਰਾ ਨਹੀਂ। ਜਿਹੜੇ ਧਰਮ ਨੂੰ ਖ਼ਤਰਾ ਦਸ ਕੇ ਕੁਰਬਾਨੀਆਂ ਦੀ ਮੰਗ ਕਰਦੇ ਹਨ, ਉਹ ਸਾਡੀਆਂ ਲੋਥਾਂ ਨੂੰ ਪਾਵਿਆਂ ਵਾਂਗ ਵਰਤ ਕੇ ਉਸਾਰੇ ਜਾਣ ਵਾਲ਼ੇ ਤਖ਼ਤ ਉਤੇ ਆਪ ਬਹਿਣ ਦਾ ਪ੍ਰਬੰਧ ਕਰ ਰਹੇ ਹਨ।
(8)
ਧਰਮ ਦੇ ਆਧਾਰ ‘ਤੇ ਵੰਡੇ ਹਿੰਦੋਸਤਾਨ ਅਤੇ ਪਾਕਿਸਤਾਨ ਦਰਮਿਆਨ ਹੋਈਆਂ 4 ਜੰਗਾਂ ਵਿਚ ਇਕ ਲੱਖ ਟੱਬਰਾਂ ਦੇ ਬੰਦੇ ਮਰੇ, ਜ਼ਖ਼ਮੀ ਜਾਂ ਬੇਘਰੇ ਹੋਏ। ਮਰਨ ਵਾਲਿਆਂ ਵਿਚ 13,000 ਹਿੰਦੋਸਤਾਨੀ ਤੇ 22,000 ਪਾਕਿਸਤਾਨੀ ਫੌਜੀ ਸਨ।
ਜੇ ਹਿੰਦੋਸਤਾਨ ਦੀ ਵੰਡ ਨਾ ਹੋਈ ਹੁੰਦੀ ਤਾਂ ਅਸੀਂ ਕਿਤੇ ਵਧ ਖੁਸ਼ਹਾਲ ਅਤੇ ਤਾਕਤਵਰ ਦੇਸ ਹੁੰਦੇ। ਪੂਰਬੀ ਪੰਜਾਬ ਕੋਲੋਂ ਲਾਹੌਰ ਖੁੱਸ ਗਿਆ ਤਾਂ ਅਸੀਂ ਸਭਿਆਚਾਰਕ ਤੌਰ ‘ਤੇ ਗਰੀਬ ਹੋ ਗਏ। ਧਾਰਮਿਕ ਵੰਡ ਸਦਕਾ ਗੁਰਦੁਆਰੇ ਖੁੱਸ ਗਏ ਤਾਂ ਸਿੱਖ ਧਰਮ ਆਪਣੀ ਪਹੁੰਚ ਤੇ ਪਸਾਰ ਵਿਚ ਗਰੀਬ ਹੋ ਗਿਆ, ਮੁਸਲਮਾਨ ਅਜਮੇਰ ਸ਼ਰੀਫ ਤੋਂ ਵਿੱਛੜ ਗਿਆ। ਲੱਖਾਂ ਹਿੰਦੂਆਂ ਦੇ ਕਾਰੋਬਾਰ ਰੁਲ਼ ਗਏ। ਜ਼ਮੀਨਾਂ ਹੀ ਨਹੀਂ, ਸਾਡੇ ਗੀਤ ਰਾਗ ਮੇਲੇ ਅਤੇ ਸਾਹਿਤ ਵੀ ਉਧਰ ਰਹਿ ਗਏ। ਦੇਸ ਕੋਲੋਂ ਧਰਤੀ, ਪਾਣੀ, ਪਹਾੜ, ਬੰਦਰਗਾਹਾਂ ਜਿਹੇ ਅਣਗਿਣਤ ਵਸੀਲੇ ਛੁੱਟ ਗਏ। ਪਾਕਿਸਤਾਨ ਦੀ ਤਾਂ ਆਰਥਿਕਤਾ ਹੀ ਗਰਕ ਹੋ ਗਈ। ਪੰਦਰਾਂ ਸਾਲ ਪਹਿਲਾਂ ਪਾਕਿਸਤਾਨ ਦੀ ਕੁਲ ਆਮਦਨ ਦਾ 89% ਪੈਸਾ ਆਲਮੀ ਕਰਜ਼ਿਆਂ ਦੀਆਂ ਕਿਸ਼ਤਾਂ ਅਤੇ ਵਿਆਜ ਦੇਣ ਤੇ ਖਰਚ ਹੋ ਰਿਹਾ ਸੀ, ਬਚਦੇ 11% ਵਿਚੋਂ ਅੱਧੇ ਪੈਸੇ ਸਿਆਸਤਦਾਨ ਰਿਸ਼ਵਤ ਵਜੋਂ ਖਾ ਰਹੇ ਸਨ, ਮੁਲਕ ਸਿਰਫ਼ 5-6% ਪੈਸੇ ਤੇ ਚਲ ਰਿਹਾ ਸੀ। ਹੁਣ ਸ਼ਾਇਦ ਏਦੂੰ ਬੁਰੀ ਹਾਲਤ ਹੋਵੇ।
ਦੋਹਾਂ ਦੇਸਾਂ ਦਰਮਿਆਨ ਹੋਈ ਸਿਰਫ਼ ਇਕ ਫੌਜੀ ਮਸ਼ਕ ਆਪ੍ਰੇਸ਼ਨ ‘ਪ੍ਰਾਕਰਮ` (2001) ਦਾ ਖਰਚਾ ਇਕ ਖਰਬ ਭਾਰਤੀ ਰੁਪਈਏ ਸੀ। ਕਾਰਗਿਲ ਦੀ ਲੜਾਈ ਵੇਲ਼ੇ ਹਿੰਦੋਸਤਾਨ ਦਾ ਰੋਜ਼ਾਨਾ ਖਰਚਾ ਸਾਢੇ 14 ਅਰਬ ਅਤੇ ਪਾਕਿਸਤਾਨ ਦਾ ਪੌਣੇ 4 ਅਰਬ ਰੁਪਈਏ ਸੀ। ਪੁਲਵਾਮਾ ਹਮਲੇ ਮਗਰੋਂ ਬਦੇਸੀ ਕੰਪਨੀਆਂ ਨੇ 3000 ਕਰੋੜ ਰੁਪਏ ਦਾ ਸਰਮਾਇਆ ਭਾਰਤ ਵਿਚੋਂ ਵਾਪਸ ਕੱਢ ਲਿਆ। ਦੋਹਾਂ ‘ਧਾਰਮਿਕ` ਦੇਸਾਂ ਦਰਮਿਆਨ ਜੇ ਨਿਊਕਲੀਅਰ ਜੰਗ ਲੱਗੇ ਤਾਂ ਮਰਨ ਵਾਲiLਆਂ ਦੀ ਗਿਣਤੀ ਘੱਟੋ-ਘੱਟ ਸਵਾ 2 ਕਰੋੜ ਹੋਵੇਗੀ, ਤੇ ਸਾਨੂੰ ਸੂਰਜ ਦੀਆਂ ਹਾਨੀਕਾਰਕ ਅਲਟ੍ਰਾ-ਵਇਓਲੈਟ ਕਿਰਨਾਂ ਤੋਂ ਬਚਾਉਣ ਵਾਲ਼ੀ ਕੁੱਲ ਵਾਤਾਵਰਣ ਉਪਰ ਪਸਰੀ ਓਜ਼ੋਨ ਪਰਤ ਅੱਧੀ ਕੁ ਬਰਬਾਦ ਹੋ ਜਾਵੇਗੀ ਜਿਸ ਦਾ ਅਸਰ ਲਗਭਗ ਹਰ ਦੇਸ ਦੇ ਬੰਦੇ ‘ਤੇ ਪਵੇਗਾ। ਹਿੰਦੋਸਤਾਨ ਅੱਜ ਦੀ ਤਾਰੀਖ਼ ਵਿਚ ਹਰ ਵਰ੍ਹੇ 75 ਅਰਬ ਡਾਲਰ ਫੌਜੀ ਰਾਖੀ ਲਈ ਖਰਚ ਰਿਹਾ ਹੈ। ਇਨ੍ਹਾਂ ਪੈਸਿਆਂ ਨਾਲ ਕਿੰਨੇ ਸਕੂਲ, ਘਰ, ਸੜਕਾਂ, ਕਾਰਖਾਨੇ, ਹਸਪਤਾਲ, ਕਾਰੋਬਾਰ ਤੇ ਰੁਜ਼ਗਾਰ ਬਣ ਸਕਦੇ ਸਨ। ਸੰਸਾਰ ਬੈਂਕ ਅਨੁਸਾਰ ਜੇ ਹਿੰਦੋਸਤਾਨ-ਪਾਕਿਸਤਾਨ ਵਿਚ ਤਣਾਅ ਜਾਂ ਵਪਾਰਕ ਟੈਰਿਫ਼ ਨਾ ਹੋਣ ਤਾਂ ਆਪਸੀ ਵਪਾਰ 37 ਅਰਬ ਡਾਲਰ ਸਾਲਾਨਾ ਦਾ ਹੋਵੇਗਾ…।
(9)
ਤੀਹ ਸਾਲ ਪਹਿਲਾਂ ਜਦ ਮੈਂ ਪੜ੍ਹਨ ਲਈ ਕੈਨੇਡਾ ਆਇਆ ਤਾਂ ਕਾਲਜ ਦਾ ਮਾਹੌਲ ਬੜਾ ਮਾਰੂ, ਥਕਾਊ, ਇਕੱਲਾ ਤੇ ਉਦਾਸ ਲੱਗਾ। ਦੋ ਮਹੀਨੇ ਮਗਰੋਂ ਮੈਂ ਪਰਤ ਜਾਣ ਬਾਰੇ ਸੋਚ ਹੀ ਰਿਹਾ ਸਾਂ ਕਿ ਕਾਲਜ ਦੇ ਇੱਕੋ-ਇੱਕ ਯਹੂਦੀ ਪ੍ਰੋਫੈਸਰ ਤੇ ਸਰਜਨ ਮਾਰਕ ਹਰਟਿਗ ਨੇ ਮੈਨੂੰ ਹੱਲਾਸ਼ੇਰੀ ਦੇ ਕੇ ਆਖਿਆ- “ਤੂੰ ਚੰਗਾ ਕੰਮ ਕਰਦਾ ਹੈਂ, ਪਰਦੇਸ ਵਿਚ ਦਿਲ ਨਾ ਛੱਡੀਂ।”… ਸਾਡੀ ਦੋਸਤੀ ਦੇ ਕੁਝ ਸਾਲਾਂ ਮਗਰੋਂ ਇਕ ਦਿਨ ਉਸ ਕਿਹਾ: “ਅੰਗਰੇਜ਼ਾਂ ਨੇ ਬੜਾ ਉਪਕਾਰ ਕੀਤਾ ਤੁਹਾਡੇ ‘ਤੇ; ਵਰਨਾ ਤੁਹਾਡੇ ਕੋਲ ਨਾ ਡਾਕਖਾਨਾ ਹੋਣਾ ਸੀ, ਨਾ ਰੇਲ-ਗੱਡੀਆਂ ਨਾ ਕਾਲਜ ਨਾ ਵਿਦਿਆ।”
ਮੈਂ ਆਖਿਆ: “ਮਾਰਕ! ਮੈਂ ਸੌਦਾ ਕਰਨ ਨੂੰ ਤਿਆਰ ਹਾਂ। ਅੰਗਰੇਜ਼ਾਂ ਨੂੰ ਕਹਿ ਆਪਣੀਆਂ ਸਾਰੀਆਂ ਗੱਡੀਆਂ, ਸਮੇਤ ਪਟੜੀਆਂ, ਮੇਰੇ ਦੇਸੋਂ ਚੁੱਕ ਕੇ ਲੈ ਜਾਣ। ਡਾਕਖਾਨੇ ਤੇ ਕਾਲਜ ਵੀ ਲੈ ਜਾਣ। ਸਾਡਾ ਕੋਈ ਬੰਦਾ ਅੰਗਰੇਜ਼ੀ ਨਹੀਂ ਬੋਲੇਗਾ। ਮੇਰੇ ਟੱਬਰ ਦੀ ਢਾਈ ਸੌ ਕਿੱਲੇ ਪੈਲ਼ੀ ਵੀ ਰੱਖ ਲੈਣ ਪਰ ਬਦਲੇ ਵਿਚ ਮੈਨੂੰ ਮੇਰਾ ਅਣਵੰਡਿਆ ਦੇਸ ਮੋੜ ਦੇਣ! ਉਸ ਬਿਨਾ ਅਸੀਂ ਅੱਜ ਤਕ ਵੀ ਉਦਾਸ ਤੇ ਅਧੂਰੇ ਹਾਂ…।”