ਹਿੰਦੂ ਨਜ਼ਰੀਏ ਤੋਂ ਦਿਸਦਾ ਪੰਜਾਬ: ਵਿਨਾਇਕ ਦੱਤ ਦੀ ਕਿਤਾਬ ‘ਪੰਜਾਬ: ਫਰਾਮ ਪਰਸਪੈਕਟਿਵ ਆਫ ਪੰਜਾਬੀ ਹਿੰਦੂ’

ਜਗਜੀਤ ਸਿੰਘ ਸੇਖੋਂ
ਨੌਜਵਾਨ ਪੱਤਰਕਾਰ ਅਤੇ ਰਣਨੀਤੀਕਾਰ ਵਿਨਾਇਕ ਦੱਤ ਦੀ ਕਿਤਾਬ ‘ਪੰਜਾਬ: ਫਰਾਮ ਦਿ ਪਰਸਪੈਕਟਿਵ ਆਫ ਏ ਪੰਜਾਬੀ ਹਿੰਦੂ’ ਪੰਜਾਬ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਦਾ ਉਪਰਾਲਾ ਹੈ। ਉਹ ਆਪਣੀਆਂ ਧਾਰਨਾਵਾਂ ਦੀ ਪੁਸ਼ਟੀ ਲਈ ਤੱਥ ਇਕੱਠੇ ਕਰਦਾ ਹੈ ਅਤੇ ਇਨ੍ਹਾਂ ਤੱਥਾਂ ਨੂੰ ਆਪਣੇ ਹਿਸਾਬ ਨਾਲ ਸਮੇਟਦਾ ਹੈ। ਉਸ ਦੇ ਵਿਚਾਰਾਂ ਨਾਲ ਅਸਹਿਮਤੀ ਹੋ ਸਕਦੀ ਹੈ ਪਰ ਉਸ ਦਾ ਇਹ ਕਹਿਣਾ ਸੋਲਾਂ ਆਨੇ ਸਹੀ ਹੈ ਕਿ ਭਵਿੱਖ ਬਾਰੇ ਕਿਸੇ ਵਿਉਂਤਬੰਦੀ ਤੋਂ ਨਵੇਂ ਪੰਜਾਬ ਦੇ ਨਕਸ਼ ਘੜੇ ਨਹੀਂ ਜਾ ਸਕਦੇ।

ਵਿਨਾਇਕ ਦੱਤ ਪੰਜਾਬ ਦਾ ਨੌਜਵਾਨ ਹੈ; ਉਹ ਨੌਜਵਾਨ ਜਿਹੜਾ ਪੰਜਾਬ ਬਾਰੇ ਸੋਚਦਾ ਅਤੇ ਵਿਚਾਰਦਾ ਹੈ। ਉਹ ਖੁਦ ਨੂੰ ਬੁਨਿਆਦੀ ਰੂਪ ਵਿਚ ਇਤਿਹਾਸ ਦਾ ਵਿਦਿਆਰਥੀ ਆਖਦਾ ਹੈ। ਉਂਝ ਉਹ ਪਿਛਲੇ 15 ਸਾਲ ਤੋਂ ਬਤੌਰ ਪੱਤਰਕਾਰ ਸਰਗਰਮ ਹੈ ਅਤੇ ਉਸ ਨੇ ਸਿਆਸੀ ਰਣਨੀਤੀਕਾਰਾਂ ਵਿਚ ਵੀ ਆਪਣਾ ਨਾਂ ਦਰਜ ਕਰਵਾਇਆ ਹੈ। ਪਿੱਛੇ ਜਿਹੇ ਉਸ ਦੀ ਕਿਤਾਬ ‘ਪੰਜਾਬ: ਫਰਾਮ ਦਿ ਪਰਸਪੈਕਟਿਵ ਆਫ ਏ ਪੰਜਾਬੀ ਹਿੰਦੂ’ ਪ੍ਰਕਾਸ਼ਤ ਹੋਈ ਤਾਂ ਇਸ ਬਾਰੇ ਚਰਚਾ ਵੀ ਚੱਲੀ। ਉਹ ਅਸਲ ਵਿਚ ਪੰਜਾਬੀ ਹਿੰਦੂ ਨੂੰ ਭਾਰਤ ਦੇ ਬਾਕੀ ਹਿੰਦੂਆਂ ਨਾਲੋਂ ਨਿਖੇੜ ਕੇ ਗੱਲ ਕਰਦਾ ਹੈ। ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਿਆਸੀ ਸਰਪ੍ਰਸਤ ਜਥੇਬੰਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਜਿਹੜੇ ਹਿੰਦੂਤਵ ਦੀ ਗੱਲ ਕਰਦੀਆਂ ਹਨ ਅਤੇ ਜਿਸ ਦੇ ਆਧਾਰ ‘ਤੇ ਹਿੰਦੂ ਰਾਸ਼ਟਰ ਦੀ ਪੈਰਵਾਈ ਕਰਦੀਆਂ ਹਨ, ਵਿਨਾਇਕ ਦੱਤ ਇਨ੍ਹਾਂ ਵਿਚਾਰਾਂ ਨੂੰ ਮੂਲੋਂ ਹੀ ਰੱਦ ਕਰਦਾ ਹੈ। ਉਹ ਸਪਸ਼ਟ ਆਖਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਹਿੰਦੂਤਵ ਦਾ ਹਿੰਦੂ ਧਰਮ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ। ਭਾਰਤੀ ਜਨਤਾ ਪਾਰਟੀ ਇਹ ਸਾਰਾ ਕੁਝ ਸਿਆਸਤ ਲਈ ਕਰ ਰਹੀ ਹੈ।
ਅਸਲ ਵਿਚ ਵਿਨਾਇਕ ਦੱਤ ਲਿਬਰਟੀ, ਬਹੁਵਾਦ ਅਤੇ ਆਰਥਿਕ ਪ੍ਰਭੂਸੱਤਾ ਦੀ ਗੱਲ ਵਧੇਰੇ ਜ਼ੋਰ ਨਾਲ ਕਰਦਾ ਹੈ। ਉਹ ਨਵੀਂ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਵਿਚ ਸਥਿਤ ‘ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ’ ਦਾ ਪਾਸਆਊਟ ਹੈ। ਉਹ ਬਤੌਰ ਪੱਤਰਕਾਰ ਭਾਰਤ ਦੇ 14 ਸੂਬਿਆਂ ਵਿਚ ਕੰਮ ਕਰ ਚੁੱਕਾ ਹੈ ਜਿਨ੍ਹਾਂ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਛਤੀਸਗੜ੍ਹ, ਉਤਰ ਪ੍ਰਦੇਸ਼, ਬਿਹਾਰ, ਦਿੱਲੀ, ਅਸਾਮ ਅਤੇ ਮੇਘਾਲਿਆ ਸ਼ਾਮਿਲ ਹਨ। ਨੇਸ਼ਨ ਸਟੇਟ ਬਾਰੇ ਉਹ ਅਕਸਰ ਗੱਲਾਂ ਕਰਦਾ ਰਹਿੰਦਾ ਹੈ।
ਵਿਨਾਇਕ ਦੱਤ ਨੇ ਇਸ ਕਿਤਾਬ ਦੇ ਕੁੱਲ 14 ਅਧਿਆਇ ਬਣਾਏ ਹਨ ਅਤੇ ਸ਼ੁਰੂਆਤ ‘ਦਿ ਲਾਹੌਰ ਦਰਬਾਰ’ ਤੋਂ ਕੀਤੀ ਹੈ। ਅਧਿਆਇ ਵੰਡ ਹੀ ਦੱਸ ਦਿੰਦੀ ਹੈ ਕਿ ਉਸ ਨੇ ਕਿਤਾਬ ਕਿਸ ਮਕਸਦ ਲਈ ਲਿਖੀ ਹੈ। ਮੁੱਖਬੰਦ ਵਿਚ ਉਹ ਦਾਅਵਾ ਕਰਦਾ ਹੈ ਕਿ ਇਸ ਕਿਤਾਬ ਰਾਹੀਂ ਪੰਜਾਬ ਦੀ ਅੱਜ ਤੱਕ ਦੀ ਤਸਵੀਰ ਖਿੱਚਣ ਦਾ ਯਤਨ ਕੀਤਾ ਗਿਆ ਹੈ। ਉਹ ਲਿਖਦਾ ਹੈ: “ਪੰਜਾਬ ਪੰਜਾਬ ਹੈ ਅਤੇ ਇਸ ਨੂੰ ਸਮਝਣ, ਇਸ ਦੀਆਂ ਘੁੰਢੀਆਂ ਖੋਲ੍ਹਣ ਅਤੇ ਫਿਰ ਇਸ ਨੂੰ ਇਸ ਦੇ ਆਪਣੇ ਨਿਵੇਕਲੇ ਸਫਰ ‘ਤੇ ਤੋਰਨ ਦੀ ਲੋੜ ਹੈ।” ਵਾਕਈ ਹੀ, ਪੰਜਾਬ ਦੀ ਪਛਾਣ ਸਮੁੱਚੇ ਮੁਲਕ ਨਾਲੋਂ ਬਿਲਕੁਲ ਵੱਖਰੀ ਹੈ, ਐਨ ਉਵੇਂ ਹੀ ਜਿਵੇਂ ਵਿਨਾਇਕ ਦੱਤ ਪੰਜਾਬ ਦੇ ਹਿੰਦੂਆਂ ਦੀ ਪਛਾਣ ਮੁਲਕ ਦੇ ਦੂਜੇ ਖਿੱਤਿਆਂ ਦੇ ਹਿੰਦੂਆਂ ਤੋਂ ਵੱਖਰੀ ਦਰਸਾਉਂਦਾ ਹੈ। ਆਪਣੇ ਇਨ੍ਹਾਂ ਵਿਚਾਰਾਂ ਦੀ ਪੈਰਵਾਈ ਲਈ ਉਹ ਇਤਿਹਾਸ ਵਿਚੋਂ ਮਿਸਾਲਾਂ ਕੱਢ-ਕੱਢ ਕੇ ਲਿਆਉਂਦਾ ਹੈ। ਉਹ ਪੰਜਾਬ ਅਤੇ ਪੰਜਾਬੀਅਤ ਦੀ ਪਛਾਣ ਨੂੰ ਆਪਣੇ ਨੁਕਤਿਆਂ ਤੋਂ ਵਡਿਆਉਂਦਾ ਹੈ। ਇਸੇ ਵਿਚ ਹੀ ਵਿਨਾਇਕ ਦੱਤ ਦੀ ਵੀ ਵਡਿਆਈ ਹੈ।
ਵਿਨਾਇਕ ਦੱਤ ਨੇ ਆਪਣੀ ਕਿਤਾਬ ਦੀ ਬਹੁਤੀ ਸਮੱਗਰੀ ਨੂੰ ਭਾਵੇਂ ਪੰਜਾਬੀ ਹਿੰਦੂਆਂ ਦੇ ਯੋਗਦਾਨ ਨਾਲ ਜੋੜ ਕੇ ਦਰਸਾਉਣ ਦਾ ਯਤਨ ਕੀਤਾ ਹੈ ਪਰ ਉਹ ਅਜਿਹਾ ਕਰਦਿਆਂ ਇਹ ਨਹੀਂ ਭੁੱਲਦਾ ਕਿ ਅੱਜ ਪੰਜਾਬ ਜਿਸ ਥਾਂ ‘ਤੇ ਖੜ੍ਹ ਨਜ਼ਰੀਂ ਪੈਂਦਾ ਹੈ, ਉਸ ਵਿਚ ਸਭ ਧਰਮਾਂ ਅਤੇ ਤਬਕਿਆਂ ਨਾਲ ਜੁੜੇ ਲੋਕਾਂ ਦਾ ਯੋਗਦਾਨ ਹੈ। ਇਸੇ ਕਰ ਕੇ ਉਹ ਅੱਜ ਦੇ ਪੰਜਾਬ ਦੀ ਲੀਡਰਸ਼ਿਪ ਲਈ ਸਵਾਲ ਖੜ੍ਹੇ ਕਰਦਾ ਹੈ ਬਲਕਿ ਲੀਡਰਸ਼ਿਪ ਨੂੰ ਨਵੇਂ ਸਿਰਿਓਂ ਸ਼ੁਰੂਆਤ ਕਰਨ ਲਈ ਪ੍ਰੇਰਦਾ ਹੈ। ਉਹ ਜ਼ੋਰ ਦਿੰਦਾ ਹੈ ਕਿ ਅੱਜ ਪੰਜਾਬ ਨੂੰ ਨਿਖੇੜ ਕੇ ਦੇਖਣ ਦੀ ਬਜਾਇ ਸਮੁੱਚਤਾ ਵਿਚ ਦੇਖਣ ਦੀ ਲੋੜ ਹੈ। ਉਹ ਸਮੁੱਚੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਦੇ ਭੂ-ਸਿਆਸੀ (ਜੀਓ-ਪੁਲੀਟੀਕਲ) ਹਾਲਾਤ ਨੂੰ ਸਮਝ ਕੇ ਅਗਲੀ ਰਣਨੀਤੀ ਤੈਅ ਕਰਨ ਦਾ ਹਾਮੀ ਹੈ।
ਇਸ ਦੇ ਨਾਲ ਹੀ ਵਿਨਾਇਕ ਦੱਤ ਪੰਜਾਬ ਦੀ ਅਸਲ ਤਾਕਤ ਅਤੇ ਜੀਵਨ ਦੇ ਅਗਾਂਹਵਧੂ ਪਹਿਲੂਆਂ ਬਾਰੇ ਚਰਚਾ ਕਰਦਾ ਹੈ ਅਤੇ ਟਿੱਪਣੀ ਕਰਦਾ ਹੈ ਕਿ ਇਸ ਰਾਹ ਉਤੇ ਪੈ ਕੇ ਹੀ ਭਵਿੱਖ ਦੇ ਪੰਜਾਬ ਦੇ ਨਕਸ਼ ਘੜੇ ਜਾ ਸਕਦੇ ਹਨ। ਇਸੇ ਸੋਚ-ਵਿਚਾਰ ਵਿਚੋਂ ਉਹ ਇਹ ਸਵਾਲ ਕਰਦਾ ਹੈ ਕਿ ਨੇੜ ਭਵਿੱਖ ਵਿਚ ਪੰਜਾਬ ਅਜੇ ਕੈਨੇਡਾ ਕਿਉਂ ਨਹੀਂ ਬਣ ਸਕਦਾ? ਇਸ ਲਈ ਉਹ ਦੂਰ-ਦ੍ਰਿਸ਼ਟੀ ਅਤੇ ਕਾਰਗਰ ਵਿਉਂਤਬੰਦੀ ਦੀ ਘਾਟ ਨੂੰ ਮੁੱਖ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਾ ਹੈ। ਇਸ ਪ੍ਰਸੰਗ ਵਿਚ ਉਹ ਦੋ ਪ੍ਰਸ਼ਾਸਕਾਂ ਦੀ ਮਿਸਾਲ ਦਿੰਦਾ ਹੈ: ਮਹਾਰਾਜਾ ਰਣਜੀਤ ਸਿੰਘ ਅਤੇ ਅਕਬਰ। ਉਸ ਮੁਤਾਬਿਕ, ਇਹ ਸ਼ਾਸਕ ਇਸ ਕਰ ਕੇ ਖਾਸ ਪੂਰਨੇ ਪਾ ਸਕੇ ਕਿਉਂਕਿ ਇਹ ਬਹੁਤ ਅਗਾਂਹ ਦੀ ਸੋਚਦੇ ਹਨ। ਇਸ ਦੇ ਨਾਲ ਹੀ ਉਹ ਇਹ ਦੱਸਣਾ ਵੀ ਨਹੀਂ ਭੁੱਲਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਹਿੰਦੂ ਪੰਜਾਬੀਆਂ ਦਾ ਕਿੰਨਾ ਵੱਡਾ ਯੋਗਦਾਨ ਸੀ।
ਆਪਣੀ ਇਸ ਕਿਤਾਬ ਵਿਚ ਵਿਨਾਇਕ ਦੱਤ ਪੰਥਕ ਅਤੇ ਅੰਗਰੇਜ਼ ਇਤਿਹਾਸਕਾਰਾਂ ਬਾਰੇ ਵੀ ਟਿੱਪਣੀ ਕਰਦਾ ਹੈ। ਉਹ ਲਿਖਦਾ ਹੈ ਕਿ ਅਜਿਹੇ ਇਤਿਹਾਸਕਾਰਾਂ ਨੇ ਸਿੱਖਾਂ ਨੂੰ ਸੁਪੀਰੀਅਰ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਜਿਸ ਕਾਰਨ ਹੌਲੀ-ਹੌਲੀ ਕਰ ਕੇ ਹਿੰਦੂਆਂ ਦੇ ਯੋਗਦਾਨ ਨੂੰ ਘਟਾ ਕੇ ਪੇਸ਼ ਕੀਤਾ ਜਾਣ ਲੱਗਾ। ਉਸ ਅਨੁਸਾਰ 1966 ਵਿਚ ਪੰਜਾਬ ਦੀ ਅਗਾਂਹ ਵੰਡ ਤੋਂ ਬਾਅਦ ਪੰਜਾਬੀ ਹਿੰਦੂ ਇਕ ਤਰ੍ਹਾਂ ਬਹੁਤ ਪਿਛਾਂਹ ਛੁੱਟ ਗਿਆ।
‘ਪੰਜਾਬ: ਫਰਾਮ ਦਿ ਪਰਸਪੈਕਟਿਵ ਆਫ ਏ ਪੰਜਾਬੀ ਹਿੰਦੂ’ ਪੰਜਾਬ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਦਾ ਉਪਰਾਲਾ ਹੈ। ਉਹ ਆਪਣੀਆਂ ਧਾਰਨਾਵਾਂ ਦੀ ਪੁਸ਼ਟੀ ਲਈ ਤੱਥ ਇਕੱਠੇ ਕਰਦਾ ਹੈ ਅਤੇ ਇਨ੍ਹਾਂ ਤੱਥਾਂ ਨੂੰ ਆਪਣੇ ਹਿਸਾਬ ਨਾਲ ਸਮੇਟਦਾ ਹੈ। ਉਸ ਦੇ ਵਿਚਾਰਾਂ ਨਾਲ ਅਸਹਿਮਤੀ ਹੋ ਸਕਦੀ ਹੈ ਪਰ ਉਸ ਦਾ ਇਹ ਕਹਿਣਾ ਸੋਲਾਂ ਆਨੇ ਸਹੀ ਹੈ ਕਿ ਭਵਿੱਖ ਬਾਰੇ ਕਿਸੇ ਵਿਉਂਤਬੰਦੀ ਤੋਂ ਨਵੇਂ ਪੰਜਾਬ ਦੇ ਨਕਸ਼ ਘੜੇ ਨਹੀਂ ਜਾ ਸਕਦੇ।