‘ਪੰਜਾਬੀ ਟ੍ਰਿਬਿਊਨ’ ਵਿਚ ਪਹਿਲ ਤਾਜ਼ਗੀ ਬਚ ਨਾ ਸਕੀ

ਅਮੋਲਕ ਸਿੰਘ ਜੰਮੂ
‘ਪੰਜਾਬੀ ਟ੍ਰਿਬਿਊਨ’ ਦੇ ਸ਼ੁਰੂਆਤੀ ਵਰ੍ਹਿਆਂ ਦੌਰਾਨ ਸਟਾਫ ਮੈਂਬਰਾਂ ਦਾ ਆਪਸ ਵਿਚ ਬੜੇ ਸਨੇਹ ਅਤੇ ਅਪਣੱਤ ਦਾ ਰਿਸ਼ਤਾ ਸੀ। ਗੁਰਦਿਆਲ ਬੱਲ ਨੇ ਅਕਸਰ ਕਹਿਣਾ, ਜਾਪਦੈ ਜਿਵੇਂ ਪਿਛਲੇ ਜਨਮਾਂ ਤੋਂ ਵਿਛੜੇ ਇਕੋ ਟੱਬਰ ਦੇ ਜੀਅ ਕਿਸੇ ਮੇਲੇ ਵਿਚ ਅਚਾਨਕ ਇਕੱਠੇ ਹੋ ਗਏ ਹੋਣ। ਸੱਚਮੁਚ ਸੁæਰੂਆਤੀ ਦਿਨਾਂ ਵਿਚ ਆਪਸੀ ਪ੍ਰੇਮ ਹੈ ਵੀ ਬਹੁਤ ਸੀ। ਬਹੁਤੇ ਸਟਾਫ ਮੈਂਬਰਾਂ ਦੀ ਵਿਚਾਰਧਾਰਕ ਪਿਛੋਕੜ ਦੀ ਵੀ ਸਾਂਝ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਬੁਤਾਲਾ ਕਸਬੇ ਦੇ ਨਜਦੀਕ ਪਿੰਡ ਕੰਮੋਕੇ ਦਾ ਜੰਮਪਲ ਬੱਲ ਆਪ 1965-67 ਦੌਰਾਨ ਸਠਿਆਲੇ ਕਾਲਜ ਪੜ੍ਹਦਾ ਰਿਹਾ ਸੀ, ਜੋ ਕਿ ਉਨ੍ਹੀਂ ਦਿਨੀਂ ਮਾਰਕਸੀ ਵਿਚਾਰਾਂ ਵਾਲੇ ਵਿਦਿਆਰਥੀਆਂ ਦਾ ਗੜ੍ਹ ਸੀ। ਜਗਤਾਰ ਸਿੰਘ ਸਿੱਧੂ ‘ਪੰਜਾਬੀ ਟ੍ਰਿਬਿਊਨ’ ‘ਚ ਆਉਣ ਤੋਂ ਪਹਿਲਾਂ ਕਈ ਸਾਲ ਗੌਰਮਿੰਟ ਕਾਲਜ, ਲੁਧਿਆਣੇ ਸੀæਪੀæਆਈæ ਨਾਲ ਸਬੰਧਤ ਵਿਦਿਆਰਥੀ ਫੈਡਰੇਸ਼ਨ ਦਾ ਪ੍ਰਧਾਨ ਰਿਹਾ ਸੀ। ਦਲਜੀਤ ਸਿੰਘ ਸਰਾਂ ਐਮਰਜੈਂਸੀ ਦੇ ਵਰ੍ਹਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਨਰਲ ਸਕੱਤਰ ਰਿਹਾ ਸੀ। ਵਾਈਸ-ਚਾਂਸਲਰ ਕ੍ਰਿਪਾਲ ਸਿੰਘ ਨਾਰੰਗ ਨੇ ਵਿਦਿਆਰਥੀਆਂ ਨਾਲ ਸਬੰਧਤ ਕਿਸੇ ਵੀ ਮਸਲੇ ਤੇ ਦਲਜੀਤ ਨੂੰ ਵਿਸ਼ਵਾਸ ਵਿਚ ਲਏ ਬਗੈਰ ਕੋਈ ਅਹਿਮ ਫੈਸਲਾ ਕਦੀ ਘੱਟ ਵੱਧ ਹੀ ਲਿਆ ਹੋਵੇਗਾ। ਕਰਮਜੀਤ ਭਾਅ ਜੀ ਗੁਰਮਤਿ ਮਾਰਗੀ ਜ਼ਰੂਰ ਸਨ ਪ੍ਰੰਤੂ ਕਾਮਰੇਡੀ ਪਿਛੋਕੜ ਉਨ੍ਹਾਂ ਦਾ ਵੀ ਘੱਟ ਨਹੀਂ ਸੀ। ਸਾਲ 1968 ‘ਚ ਲੁਧਿਆਣੇ ਤੋਂ ਪੰਜਾਬ ਭਰ ਵਿਚ ਚੱਲੀ ਤੂਫਾਨੀ ਵਿਦਿਆਰਥੀ ਲਹਿਰ ਦੌਰਾਨ ਉਹ ਉਦੋਂ ਦੇ ਉਘੇ ਨਕਸਲੀ ਆਗੂ ਦਰਸ਼ਨ ਬਾਗੀ ਦੀ ਮੁਢਲੀ ਟੀਮ ਦੇ ਮੈਂਬਰ ਸਨ ਅਤੇ ਉਨ੍ਹਾਂ ਨੇ ਕਈ ਦਿਨ ਲੰਮੀ ਭੁੱਖ ਹੜਤਾਲ ਵਿਚ ਵੀ ਹਿੱਸਾ ਲਿਆ ਸੀ। ‘ਜਗਤ ਤਮਾਸ਼ਾ’ ਵਾਲਾ ਦਲਬੀਰ ਤਾਂ ਆਇਆ ਹੀ ਕਮਿਊਨਿਸਟਾਂ ਦੀ ਅਖਬਾਰ ‘ਨਵਾਂ ਜ਼ਮਾਨਾ’ ਵਿਚੋਂ ਸੀ ਜਿਥੇ ਉਹ ਉਸਤਾਦਾਂ ਦੇ ਉਸਤਾਦ ਸਮਝੇ ਜਾਂਦੇ ਅਖਬਾਰਨਵੀਸ ਸੁਰਜਣ ਜ਼ੀਰਵੀ ਦੀ ਛਤਰਛਾਇਆ ਹੇਠ ਕੰਮ ਕਰਦਾ ਰਿਹਾ ਸੀ।
ਹਰਭਜਨ ਹਲਵਾਰਵੀ ਬਾਰੇ ਸਭ ਨੂੰ ਪਤਾ ਹੀ ਹੈ। ਪੰਜਾਬ ਵਿਚ ਨਕਸਲੀ ਲਹਿਰ ਦੌਰਾਨ ਉਹ ਰੂਪੋਸ਼ ਹੋ ਗਿਆ ਸੀ ਅਤੇ ਅਗਲੇ ਕਈ ਸਾਲ ਨਕਸਲੀ ਰਿਸਾਲੇ ‘ਲੋਕ ਯੁੱਧ’ ਦੇ ਛਪਣ-ਛਪਾਉਣ ਦੀ ਜ਼ਿੰਮੇਵਾਰੀ ਉਸੇ ਨੇ ਓਟੀ ਰੱਖੀ ਸੀ। ਸ਼ਮਸ਼ੇਰ ਸੰਧੂ ਖੁਦ ਕਾਮਰੇਡਾਂ ਵਿਚੋਂ ਨਹੀਂ ਸੀ ਪਰ ਪੰਜਾਬ ਦੇ ਚੋਟੀ ਦੇ ਨਕਸਲੀ ਕਵੀ ਪਾਸ਼ ਦਾ ਉਹ ਪਰਮ ਮਿੱਤਰ ਸੀ। ਇਸ ਲਈ ਸੰਭਵ ਨਹੀਂ ਕਿ ਗੋਰਕੀ ਦੀ ‘ਮਾਂ’ ਤੋਂ ਉਸ ਨੇ ਵੀ ਜੀਵਨ ਦੇ ਕਿਸੇ ਮੋੜ ‘ਤੇ ਕੋਈ ਕਾਮਰੇਡੀ ਮੱਤ ਗ੍ਰਹਿਣ ਨਾ ਕੀਤੀ ਹੋਵੇ। ਇਸੇ ਤਰ੍ਹਾਂ ਗੁਰਮਤਿ ਅਧਿਆਪਕ ਰਿਹਾ ਪ੍ਰੋæ ਸ਼ਾਮ ਸਿੰਘ ਖੁਦ ਦੱਸਿਆ ਕਰਦਾ, ਵਿਦਿਆਰਥੀ ਜੀਵਨ ਦੌਰਾਨ ਉਹ ਵੀ ਕਿਸੇ ਤੋਂ ਘੱਟ ਗਰਮ ਨਹੀਂ ਸੀ। ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਚ ਐਮæਏæ ਦੀ ਪੜ੍ਹਾਈ ਦੌਰਾਨ ਵਿਦਿਆਰਥੀ ਆਗੂ ਨਰਿੰਜਣ ਸਿੰਘ ਢੇਸੀ ਦਾ ਉਹ ਖਾਸਮਖਾਸ ਸਾਥੀ ਸੀ, ਸਗੋਂ ਕਈ ਵਾਰ ਉਸ ਨੂੰ ਅਗਵਾਈ ਵੀ ਦਿੰਦਾ ਰਿਹਾ ਸੀ।
ਪਰੂਫ ਰੀਡਿੰਗ ਸੈਕਸ਼ਨ ਦਾ ਵੀ ਇਹੋ ਹਾਲ ਸੀ। ਤਰਲੋਚਨ ਸਿੰਘ ਸ਼ੇਰਗਿੱਲ, ਸੁਰਿੰਦਰ ਸਿੰਘ ਅਤੇ ਮੂਹਰਜੀਤ ਸਾਰੇ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚਲੀ ਉਘੀ ‘ਮਾਰਕਸੀ ਨਰਸਰੀ’ ਵਿਚੋਂ ਆਏ ਸਨ। ਪ੍ਰੇਮ ਗੋਰਖੀ, ਰਾਜਿੰਦਰ ਸੋਢੀ ਅਤੇ ਰਣਜੀਤ ਰਾਹੀ ਦਾ ਪਿਛੋਕੜ ਭਾਵੇਂ ਸਿੱਧੇ ਤੌਰ ‘ਤੇ ਕਮਿਊਨਿਸਟ ਨਾ ਵੀ ਹੋਵੇ, ਪਰ ਉਹ ਵੀ ਕਹਾਣੀਕਾਰ ਹੋਣ ਨਾਤੇ ਪ੍ਰਗਤੀਵਾਦ ਲਹਿਰ ਤੋਂ ਡੂੰਘੇ ਪ੍ਰਭਾਵਿਤ ਸਨ। ਇਸ ਲਈ ਇਨ੍ਹਾਂ ਨੂੰ ਵੀ ਕਾਮਰੇਡਾਂ ਵਿਚ ਹੀ ਗਿਣਿਆ ਜਾ ਸਕਦਾ ਸੀ। ਬੱਲ ਤਾਂ ਕਿਹਾ ਕਰਦਾ ਕਿ ‘ਪੰਜਾਬੀ ਟ੍ਰਿਬਿਊਨ’ ਕਾਹਦੀ ਸ਼ੁਰੂ ਹੋਈ, ਇਹ ਤਾਂ ਕਾਮਰੇਡਾਂ ਦਾ ਇਕ ਤਰ੍ਹਾਂ ਨਾਲ ਲੰਮਾ ਸਕੂਲ ਲੱਗ ਗਿਆ। ਉਸ ਵਾਸਤੇ ਇਹ ਕਿਸੇ ਵੱਡੇ ਰੁਮਾਂਸ ਤੋਂ ਘੱਟ ਨਹੀਂ ਸੀ।
‘ਪੰਜਾਬੀ ਟ੍ਰਿਬਿਊਨ’ ਦੇ ਇਸ ਕਾਮਰੇਡੀ ਕੋੜਮੇ ਵਿਚ ਮੈਨੂੰ ਲੱਗਦਾ ਇਕੱਲਾ ਮੈਂ ਹੀ ਸਾਂ ਜਿਸ ਦਾ ਮਾਰਕਸੀ ਵਿਚਾਰਧਾਰਾ ਨਾਲ ਕੋਈ ਨੇੜਲਾ ਸਬੰਧ ਨਹੀਂ ਸੀ ਪਰ ਮੁਢਲੇ ਦਿਨਾਂ ਦੌਰਾਨ ਹੀ ਬੱਲ ਦੀ ਸਖਸ਼ੀਅਤ ਮੋਹ ਗਈ ਸੀ ਅਤੇ ਅੱਜ ਤੱਕ ਵੀ ਇਸ ਦਾ ਤਲਿਸਮ ਟੁੱਟਾ ਨਹੀਂ। ਕਰਮਜੀਤ ਭਾਅ ਜੀ ਦਾ ਪ੍ਰਭਾਵ ਕਬੂਲ ਕਰਨ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ। ਇਸ ਤਰ੍ਹਾਂ ਮੈਂ ਵੀ ਇਕ ਤਰ੍ਹਾਂ ਇਸੇ ਕੋੜਮੇ ਦਾ ਅੰਗ ਹੀ ਸਾਂ। ਵਧੀਆ ਜਗ੍ਹਾ ਤੇ ਰੁਜ਼ਗਾਰ ਮਿਲ ਜਾਣਾ ਨਿੱਕੀ ਗੱਲ ਨਹੀਂ ਸੀ ਪਰ ਇਹ ਤਾਂ ਕੋਈ ਵੱਡਾ ਚਮਤਕਾਰ ਹੀ ਸੀ ਕਿ ਰੁਜ਼ਗਾਰ ਵਾਲੀ ਥਾਂ ਤੇ ਸਾਥੀ ਵੀ ਦਿਲਾਂ ਦੇ ਜਾਨੀਆਂ ਵਰਗੇ ਜੁੜ ਗਏ ਸਨ।
ਗੁਰਦਿਆਲ ਬੱਲ ਬਾਰੇ ਪਾਠਕਾਂ ਨੂੰ ਇੰਨਾ ਕੁ ਦੱਸ ਦਿਆਂ ਕਿ ਉਹ ਆਪਣੇ ਬਚਪਨ ਤੋਂ ਹੀ ਪੜ੍ਹਨ ਦਾ ਸ਼ੁਕੀਨ ਸੀ ਅਤੇ ਇਹ ਸ਼ੌਕ ਪਿਛੋਂ ਸੈæਦਾਈਪੁਣੇ ਤਕ ਵੀ ਪਹੁੰਚ ਗਿਆ। ਸਾਰਾ ਰੂਸੀ ਕਲਾਸਿਕ ਸਾਹਿਤ ਉਸ ਦਸਵੀਂ-ਗਿਆਰਵੀਂ ਵਿਚ ਹੀ ਪੜ੍ਹ ਲਿਆ ਸੀ। ਅਜ ਵੀ ਕਿਤਾਬਾਂ ਖਰੀਦਣ ਤੇ ਪੜ੍ਹਨ ਦਾ ਇਹ ਸ਼ੁਦਾ ਕਾਇਮ ਹੈ। ਉਹ ਆਪਣਾ ਪਿੰਡ ਛਡ ਕੇ ਜਾਣ ਲਈ ਉਕਾ ਤਿਆਰ ਨਹੀਂ ਸੀ ਤੇ ਘਰਦਿਆਂ ਨੂੰ ਕਿਹਾ ਕਰਦਾ, ਮੈਨੂੰ ਸਿਰਫ ਦੋ ਫੁਲਕੇ ਸਵੇਰੇ ਸ਼ਾਮ ਦੇ ਦਿਆ ਕਰੋ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਕਬੀਲਦਾਰ ਤਾਂ ਉਹ ਉਕਾ ਹੀ ਨਹੀਂ ਸੀ ਬਣਨਾ ਚਾਹੁੰਦਾ ਅਤੇ ਨਾ ਹੀ ਅਜ ਤਕ ਬਣ ਸਕਿਆ ਹੈ। ਵਿਸ਼ਵ ਸਾਹਿਤ ਦੀ ਕਿਸੇ ਪੁਸਤਕ, ਕਿਸੇ ਫਿਲਾਸਫਰ ਦੀ ਗੱਲ ਕਰ ਲਓ, ਤੁਹਾਨੂੰ ਉਹ ਗਿਆਨ ਦਾ ਭੰਡਾਰ ਜਾਪੇਗਾ। ਪੜ੍ਹਨਾ ਤੇ ਦੋਸਤੀਆਂ ਪਾਲਣਾ ਉਸ ਦਾ ਜੀਵਨ ਮਕਸਦ ਹੈ। ਲਿਖਿਆ ਉਸ ਬਹੁਤ ਘੱਟ ਹੈ। ਉਸ ਦੇ ਦੋਸਤ ਕਿਹਾ ਕਰਦੇ ਹਨ ਕਿ ਜੇ ਉਹ ਕਿਧਰੇ ਲਿਖਣ ਵਾਲੇ ਪਾਸੇ ਤੁਰਦਾ ਤਾਂ ਜਿੰਨਾ ਪੰਜਾਬ ਦੀ ਖਾੜਕੂ ਲਹਿਰ ਬਾਰੇ ਅੰਦਰੋ-ਬਾਹਰੋਂ ਉਸ ਨੂੰ ਪਤਾ ਹੈ, ਕੋਈ ਕਮਾਲ ਵੀ ਹੋ ਸਕਦਾ ਸੀ।
ਬੱਲ ਨੇ ਸ਼ੋਸ਼ਿਆਲੋਜੀ ਦੀ ਐਮæਏæ 1973 ‘ਚ ਕੀਤੀ ਸੀ ਅਤੇ ਫਿਰ ਉਸੇ ਵਰ੍ਹੇ ਗਲਤੀ ਨਾਲ ਡਾਕਖਾਨੇ ਵਿਚ ਕਲਰਕੀ ਦੀ ਨੌਕਰੀ ਕਰ ਲਈ। ਤਿੰਨ ਮਹੀਨੇ ਦੀ ਟਰੇਨਿੰਗ ਸੀ ਅਤੇ ਤਿੰਨ ਮਹੀਨੇ ਹੀ ਬਾਬੇ ਨੇ ਨੌਕਰੀ ਕੀਤੀ ਅਤੇ ਉਸ ਨੌਕਰੀ ਦੀ ਸ਼ਰਤ ਅਨੁਸਾਰ ਤੀਸਰੇ ਮਹੀਨੇ ਦੀ ਤਨਖਾਹ ਮਹਿਕਮੇ ਨੂੰ ਜਮ੍ਹਾਂ ਕਰਵਾ ਕੇ ਡਾਕ ਮਹਿਕਮੇ ਨੂੰ ਅਲਵਿਦਾ ਆਖ ਦਿੱਤੀ।
ਬੱਲ ਦਾ ਰੱਬ ਜਾਂ ਧਰਮ ਵਿਚ ਵਿਸ਼ਵਾਸ ਨਹੀਂ ਹੈ ਪਰ ਉਸ ਦਾ ਪੱਕਾ ਅਕੀਦਾ ਹੈ ਕਿ ਆਦਮੀ ਦੀ ਹਸਤੀ ਵਿਚ ਲਾਜ਼ਮੀ ਤੌਰ ‘ਤੇ ਇਕ ਅਤਿ ਕੀਮਤੀ ਦੈਵੀ ਅੰਸ਼ ਹੁੰਦਾ ਹੈ ਅਤੇ ਬੰਦੇ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਇਹ ਹੈ ਕਿ ਉਹ ਹਰ ਕੀਮਤ ‘ਤੇ ਉਸ ਦੈਵੀ ਅੰਸ਼ ਦੀ ਰਖਿਆ ਕਰੇ ਤੇ ਉਹ ਆਪਣੀ ਹਸਤੀ ਦਾ ਚਰਵਾਹਾ ਬਣੇ। ਉਸ ਦੇ ਹਿਸਾਬ ਚਰਵਾਹਾ ਬਣ ਕੇ ਜਿਊਣ ਦਾ ਹੀ ‘ਟ੍ਰਿਬਿਊਨ’ ਦੀ ਨੌਕਰੀ ਨੇ ਧਰਾਤਲ ਸਿਰਜ ਦਿੱਤਾ ਸੀ। ਇਹ ਬਰਜਿੰਦਰ ਸਿੰਘ ਦੇ ਸੰਪਾਦਕ ਬਣ ਜਾਣ ਸਦਕਾ ਹੀ ਸੰਭਵ ਹੋਇਆ ਸੀ।
ਪਿਛਲੇ ਸਾਲ ਬੱਲ ਮੇਰੇ ਕੋਲ ਆਇਆ ਤਾਂ ਇਕ ਸ਼ਾਮ ਮੈਂ ਆਪਣੇ ਬਜ਼ੁਰਗ ਸਨੇਹੀ ਪ੍ਰੋ ਜੋਗਿੰਦਰ ਸਿੰਘ ਰਮਦੇਵ ਨੂੰ ਵੀ ਉਸ ਨੂੰ ਮਿਲਾਉਣ ਲਈ ਉਚੇਚੇ ਤੌਰ ਤੇ ਬੁਲਾ ਲਿਆ। ਇਸ ਤੋਂ ਕੁਝ ਸਾਲ ਪਹਿਲਾਂ ਨਰਿੰਦਰ ਭੁੱਲਰ ਜਦੋਂ ਤਿੰਨ ਕੁ ਮਹੀਨਿਆਂ ਲਈ ਮੇਰੇ ਕੋਲ ਆ ਕੇ ਠਹਿਰਿਆ ਸੀ ਤਾਂ ਪ੍ਰੋ ਰਮਦੇਵ ਨਾਲ ਉਸ ਦੀ ਵੀ ਨਿੱਘੀ ਸਾਂਝ ਪੈ ਗਈ ਸੀ। ਸਾਂਝ ਦਾ ਵੱਡਾ ਕਾਰਨ ਫਰਾਂਸੀਸੀ ਲੇਖਕ ਫਲਾਬੇਅਰ ਦਾ ਨਾਵਲ ‘ਮਾਦਾਮ ਬਾਵਾਰੀ’ ਸੀ। ਬੱਲ ਦਾ ਕਹਿਣਾ ਹੈ ਕਿ ਉਸ ਲਈ ਇਹ ਨਾਵਲ ਕਿਸੇ ਮੁਕੱਦਸ ਕਿਤਾਬ ਤੋਂ ਘੱਟ ਨਹੀਂ ਅਤੇ ਨਰਿੰਦਰ ਭੁੱਲਰ ਵੀ ਇਸ ਨਾਵਲ ਦੀ ਨਾਇਕਾ ਦੇ ਕਿਰਦਾਰ ਦਾ ਬੜਾ ਕਾਇਲ ਸੀ। ਸੰਯੋਗਵਸ 50-60 ਸਾਲ ਪਹਿਲਾਂ ਪੰਜਾਬੀ ਵਿਚ ਇਸ ਨਾਵਲ ਦਾ ਅਨੁਵਾਦ ਪ੍ਰੋ ਰਮਦੇਵ ਨੇ ਹੀ ਕੀਤਾ ਸੀ ਅਤੇ ਬੱਲ ਅਤੇ ਨਰਿੰਦਰ ਨੇ ਇਹ ਅਨੁਵਾਦ ਪੜ੍ਹਿਆ ਹੋਇਆ ਸੀ।
ਉਸ ਦਿਨ ਗੱਲਬਾਤ ਦੇ ਸ਼ੁਰੂ ਵਿਚ ਹੀ ਮੈਂ ਅਤੇ ਪ੍ਰੋæ ਰਮਦੇਵ ਨੇ ਬੱਲ ਨੂੰ ਬੜਾ ਜ਼ੋਰ ਦੇ ਕੇ ਆਖਿਆ ਕਿ ਉਹ ਹੁਣ ਪਟਿਆਲੇ ਦਾ ਖਹਿੜਾ ਛੱਡੇ ਅਤੇ ਕਨੇਡਾ ਆਪਣੇ ਪਰਿਵਾਰ ਕੋਲ ਜਾਂ ਸ਼ਿਕਾਗੋ ਸਾਡੇ ਕੋਲ ਪੱਕੇ ਤੌਰ ਤੇ ਰਹਿ ਜਾਵੇ। ਬੱਲ ਨੇ ਇਕ ਪਲ ਵੀ ਸੋਚੇ ਬਿਨਾਂ ਨਾਂਹ ਵਿਚ ਸਿਰ ਹਿਲਾ ਦਿੱਤਾ। ਉਲਟਾ ਉਹ ਪ੍ਰੋæ ਰਮਦੇਵ ਨੂੰ ਪੁੱਛਣ ਲੱਗਾ ਕਿ ‘ਮਾਦਾਮ ਬਾਵਾਰੀ’ ਪਾਠਕਾਂ ਨੂੰ ਭਲਾ ਅੱਜ ਤੱਕ ਇੰਨੀ ਜ਼ਿਆਦਾ ਹਾਂਟ ਕਿਉਂ ਕਰਦੀ ਹੈ? ਫਿਰ ਬੱਲ ਖੁਦ ਹੀ ਕਹਿਣ ਲੱਗਾ, ਈਮਾ ਬਾਵਾਰੀ ਲਈ ਅਸੀਮ ਖਿੱਚ ਦਾ ਰਹੱਸ ਉਸਦੇ ਮੂੰਹ ਜ਼ੋਰ ਕਾਮਕ ਵੇਗ ਦੀ ਪੇਸ਼ਕਾਰੀ ਵਿਚ ਬਿਲਕੁਲ ਨਹੀਂ ਬਲਕਿ ਉਸ ਦੀ ਆਤਮਾ ਦੀ ਅਤਿ ਉਦਾਤ ਕਿਸਮ ਦੀ ਚਾਹਤ ਦੇ ਵਰਣਨ ਵਿਚ ਹੈ। ਜਿਸ ਕਿਸਮ ਦੀ ਟੈਂਡਰਨੈਸ (ਸੰਵੇਦਨਾ) ਨਾਲ ਆਪਣੇ ਨਾਵਲ ਦੀ ਨਾਇਕਾ ਦੀ ਅੰਤਰੀਵ ਆਤਮਾ ਦੀ ਦੈਵੀ ਚਾਹਤ ਅਤੇ ਉਸ ਤੋਂ ਉਪਜਣ ਵਾਲੇ ਦੁਖਾਂਤ ਦਾ ਵਰਣਨ ਫਲਾਬੇਅਰ ਨੇ ਕੀਤਾ ਹੈ, ਉਸ ਕਿਸਮ ਦਾ ਜਲਵਾ ਦਾਸਤੋਵਸਕੀ, ਟਾਲਸਟਾਏ ਜਾਂ ਫਰਾਂਜ਼ ਕਾਫਕਾ ਨਾਂ ਦੇ ਦੋ ਤਿੰਨ ਨਾਵਲਕਾਰਾਂ ਤੋਂ ਬਿਨਾਂ ਵਿਸ਼ਵ ਸਾਹਿਤ ਵਿਚ ਸ਼ਾਇਦ ਹੀ ਹੋਰ ਕਿਸੇ ਵੱਲੋਂ ਅੱਜ ਤੱਕ ਖੜ੍ਹਾ ਕੀਤਾ ਜਾ ਸਕਿਆ ਹੋਵੇ। ਬੱਲ ਛਿੜਿਆ ਜਾ ਰਿਹਾ ਸੀ, ਪੱਛਮੀ ਜਾਂ ਅਮਰੀਕਨ ਸਭਿਅਤਾ ਦੇ ਵਿਕਾਸ ਨੇ ਬੰਦੇ ਨੂੰ ਸੁਖ ਸਹੂਲਤਾਂ ਦੇ ਰੂਪ ਵਿਚ ਬੜਾ ਕੁਝ ਦਿੱਤਾ ਹੈ ਪਰ ਉਸ ਰਹੱਸਮਈ ਚਾਹਤ ਦੀ ਸਮਰੱਥਾ ਖੋਹ ਲਈ ਹੈ ਜੋ ਇਨਸਾਨੀ ਹਸਤੀ ਦੇ ਤਲਿਸਮ ਦਾ ਕੇਂਦਰੀ ਨੁਕਤਾ ਸੀ ਜਿਸ ਖਾਤਰ ਈਮਾ ਬਾਵਾਰੀ ਵੱਲੋਂ ਸ਼ਹਾਦਤ ਦਿੱਤੀ ਗਈ ਸੀ।
ਪ੍ਰੋæ ਰਮਦੇਵ ਚੁੱਪ ਸਨ ਤੇ ਮੈਂ ਇਹ ਦਿਲਚਸਪ ਗੱਲਬਾਤ ਆਪਣੇ ਚੇਤਿਆਂ ਵਿਚ ਸਾਂਭ ਲੈਣ ਲਈ ਜ਼ੋਰ ਲਾ ਰਿਹਾ ਸਾਂ। ਬੱਲ ਦੱਸੀ ਜਾ ਰਿਹਾ ਸੀ, ‘ਈਮਾ ਬਾਵਾਰੀ’ ਅਤੇ ‘ਅੰਨਾ ਕਾਰਨਿਨਾ’ ਉਸ ਨੂੰ ਆਪਣੀਆਂ ਸੋਲ ਮੇਟ ਜਾਂ ਸਕੀਆਂ ਭੈਣਾਂ ਹੀ ਲੱਗਦੀਆਂ ਸਨ। ਇਹ ਦੋਵੇਂ ਨਾਵਲ ਬੱਲ ਨੇ ਭਲੇ ਵੇਲਿਆਂ ਵਿਚ ਇਕ ਤਰ੍ਹਾਂ ਜਬਰਨ ਹੋਰ ਬਹੁਤ ਸਾਰੇ ਕਲਾਸਿਕ ਸਾਹਿਤ ਦੇ ਨਾਲ ਮੈਨੂੰ ਵੀ ਪੜ੍ਹਾਏ ਹੋਏ ਸਨ ਪ੍ਰੰਤੂ ਮੇਰੇ ਜ਼ਿਹਨ ਵਿਚ ਉਨ੍ਹਾਂ ਦੇ ਥੀਮ ਇਸ ਤਰ੍ਹਾਂ ਤਾਜ਼ਾ ਨਹੀਂ ਸਨ। ਇਨਸਾਨ ਦੀ ‘ਹੋਣੀ ਅਤੇ ਹਸਤੀ’ ਦੇ ਵਿਸ਼ੇ ਦੇ ਨਾਲ ਹੀ ਗੱਲਾਂ ਰੂਸ ਵਿਚ ਸਮਾਜਵਾਦੀ ਤਜ਼ਰਬੇ ਦੀ ਅਸਫਲਤਾ, ਨਾਜੀਵਾਦ ਅਤੇ ਤਾਲਿਬਾਨੀ ਜਹਾਦੀਆਂ ਦੀ ਜੱਦੋਜਹਿਦ ਦੀ ਸੀਮਾ ਤੇ ਸੰਭਾਵਨਾਵਾਂ ਬਾਰੇ ਹੋਣ ਲੱਗ ਗਈਆਂ। ਬੱਲ ਦਾ ਕਹਿਣਾ ਸੀ ਕਿ ਮਨੁੱਖੀ ਸ਼ਾਨ ਦੀ ਬਹਾਲੀ ਦੇ ਨਾਂ ਤੇ ਜ਼ਿੰਦਗੀ ਦੀ ਜਿਸ ਕਿਸਮ ਦੀ ਜਾਹਰਾਨਾ ਤੌਹੀਨ ਇਨ੍ਹਾਂ ਸਾਰੇ ਤਜ਼ਰਬਿਆਂ ਦੌਰਾਨ ਹੋਈ ਸੀ, ਉਨੀਂ ਪੂਰਬਲੇ ਇਤਿਹਾਸ ਦੇ ਕਿਸੇ ਵੀ ਪੜਾਅ ਤੇ ਪਹਿਲਾਂ ਸ਼ਾਇਦ ਹੀ ਕਦੀ ਹੋਈ ਹੋਵੇ।
ਦੋਵੇਂ ਸੱਜਣ ਸਹਿਮਤ ਸਨ ਕਿ ਸੁਕਰਾਤ ਜਾਂ ਭਗਵਾਨ ਬੁੱਧ ਦੇ ਸਮਿਆਂ ਤੋਂ ਲੈ ਕੇ ਹਰੇਕ ਨਿੱਕੇ ਵੱਡੇ ਚਿੰਤਕ ਜਾਂ ਰਹਿਨੁਮਾ ਨੇ ਆਦਮੀ ਨੂੰ ਆਪਣੇ ਅੰਦਰਲੇ ਦੈਵੀ ਅੰਸ਼ ਨੂੰ ਪਛਾਣਦਿਆਂ ਕੁਦਰਤ ਦੇ ਵੱਡੇ ਵਿਧਾਨ ਨਾਲ ਇਕਸੁਰ ਰਹਿੰਦਿਆਂ ਸਰਬੱਤ ਦੇ ਭਲੇ ਨੂੰ ਚਿਤਾਰ ਕੇ ਜ਼ਿੰਦਗੀ ਜਿਉਣ ਦੀ ਸਲਾਹ ਹੀ ਦਿੱਤੀ ਸੀ। ਰੌਲੇ ਸਾਰੇ ਦੈਵੀ ਵਿਧਾਨ ਨੂੰ ਧਰਤੀ ਤੇ ਉਤਾਰਨ ਦੇ ਢੰਗ ਤਰੀਕਿਆਂ ਉਪਰ ਹੀ ਪੈਂਦੇ ਰਹੇ ਸਨ। ਬੱਲ ਬੜੇ ਜੋਰ ਨਾਲ ਕਹਿ ਰਿਹਾ ਸੀ, ਜੇਕਰ ਸੁਕਰਾਤ, ਕਾਰਲ ਮਾਰਕਸ ਜਾਂ ਨੀਟਸ਼ੇ ਵਰਗੇ ਦਿਗੰਬਰ ਚਿੰਤਕਾਂ ਦੇ ਵਿਚਾਰਾਂ ਦੇ ਨਾਂ ਤੇ ਇੰਨੀ ਅਸਾਨੀ ਨਾਲ ਅਕਹਿ ਖਿਲਵਾੜ ਸੰਭਵ ਹੋ ਜਾਂਦੇ ਰਹੇ ਸਨ ਤਾਂ ਕਰਮਜੀਤ ਭਾਅ ਜੀ ਅਤੇ ਉਨ੍ਹਾਂ ਦੇ ਸਾਥੀਆਂ ਦਾ ‘ਕੱਚਾ ਚਿੰਤਨ’ ਅਮਲ ਵਿਚ ਕਿਸ ਕਿਸਮ ਦੇ ਚੰਦ ਚੜ੍ਹਾ ਸਕਦਾ ਸੀ, ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਗੱਲਾਂ ਦਾ ਰੁੱਖ ਹੌਲੀ ਹੌਲੀ ਸਟਾਲਿਨ, ਬਿਨ-ਲਾਦਿਨ ਅਤੇ ਕਰਮਜੀਤ ਭਾਅ ਜੀ ਦੀ ‘ਸਿੱਖੀ’ ਤੋਂ ਸਰਵੋਤਮ ਸਾਹਿਤ ਦੀ ਭੂਮਿਕਾ ਵੱਲ ਮੁੜ ਪਿਆ। ਪ੍ਰੋæ ਰਮਦੇਵ ਨੇ ਕਿਧਰੇ ਨਾਰਵੇ ਦੇ ਨਾਟਕਕਾਰ ਅਗਸਟ ਸਟਰਿੰਡਬਰਗ ਦਾ ਨਾਂ ਲੈ ਲਿਆ। ਦੋਵਾਂ ਦੀ ਸਹਿਮਤੀ ਸੀ ਕਿ ਦੁਨੀਆਂ ਵਿਚ ਨੌਜਵਾਨ ਕੁੜੀਆਂ ਨੂੰ ਆਪਣੀ ਹਸਤੀ ਜਾਂ ਹੋਂਦ ਵਿਚ ਨਿਹਿਤ ਦੈਵੀ ਅੰਸ਼ ਦੇ ਸਵੈ ਪ੍ਰਗਟਾਵੇ ਲਈ ਅੱਜ ਜਿਸ ਕਿਸਮ ਦੀ ਸੁਤੰਤਰਤਾ ਨਸੀਬ ਹੋ ਰਹੀ ਹੈ ਉਸ ਲਈ ਸਮੂਹਿਕ ਮਾਨਸਿਕਤਾ ਤਿਆਰ ਕਰਨ ਵਿਚ ਟਾਲਸਟਾਏ, ਇਬਸਨ, ਡੀæਐਸ਼ ਲਾਰੰਸ ਅਤੇ ਸਟਰਿੰਡਬਰਗ ਵਰਗੇ ਸਾਹਿਤਕਾਰਾਂ ਘਾਲਣਾ ਨੇ ਹੀ ਮੁੱਖ ਭੂਮਿਕਾ ਨਿਭਾਈ ਸੀ।
ਸਟਰਿੰਡਬਰਗ ਦੇ ਇਕ ਛੋਟੇ ਜਿਹੇ ਇਕਾਂਗੀ ਨਾਟਕ ਦੀ ਨਾਇਕਾ ਜੀਨ ਦੇ ਹਵਾਲੇ ਨਾਲ ਬੱਲ ਕਹਿਣ ਲੱਗਾ ਕਿ ਦਾਸਤੋਵਸਕੀ ਦੇ ਜਗਤ ਪ੍ਰਸਿੱਧ ਨਾਵਲ ‘ਕਾਰਾਮਾਜੋਵ ਭਰਾ’ ਦੇ ਨੇਹਵਾਦੀ ਨਾਇਕ ਇਵਾਨ ਦਾ ਐਲਾਨ ਹੈ ਕਿ ਦੁਨੀਆਂ ਅੰਦਰ ਕਿਸੇ ਇਕ ਮਾਸੂਮ ਬੱਚੇ ਦੀਆਂ ਅੱਖਾਂ ਵਿਚ ਵੀ ਜੇ ਅੱਥਰੂ ਹਨ ਤਾਂ ਉਹ ਰੱਬ ਦੀ ਹੋਂਦ ਤੋਂ ਇਨਕਾਰੀ ਹੈ। ਇਹ ਦੱਸਦਿਆਂ ਬੱਲ ਉਠ ਕੇ ਖੜ੍ਹਾ ਹੋ ਗਿਆ ਅਤੇ ਪੂਰੀ ਸ਼ਿੱਦਤ ਨਾਲ ਬੋਲਿਆ, ਉਸ ਨੂੰ ਕਿਸੇ ਵੀ ਸੂਰਤ ਵਿਚ ਕੋਈ ਵੀ ਐਸੀ ਧਾਰਮਿਕ ਜਾਂ ਸੈਕੂਲਰ ਵਿਚਾਰਧਾਰਾ ਸਵੀਕਾਰ ਨਹੀਂ ਜਿਸ ਦੇ ਅਮਲੀ ਕੋਡ ਵਿਚ ਜੀਨ ਵਰਗੀ ਕਿਸੇ ਇਕ ਕੁੜੀ ਦੀ ਅੰਤਰੀਵੀ ਚਾਹਤ ਨੂੰ ਕੁਰਬਾਨ ਕਰ ਦਿੱਤੇ ਜਾਣ ਦੀ ਦੁਰੇਡੀ ਸੰਭਾਵਨਾ ਵੀ ਨਿਹਿਤ ਹੋਵੇ। ਅਫਗਾਨਿਸਤਾਨ ਵਿਚ ਤਾਲਿਬਾਨੀ ਜਹਾਦੀਆਂ ਜਾਂ ਉਸ ਤੋਂ ਪਹਿਲਾਂ ਇਰਾਨ ਵਿਚ ਆਇਤਉਲਾ ਖੋਮੀਨੀ ਦੇ ਪੈਰੋਕਾਰਾਂ ਨੇ ਜੀਨ ਵਰਗੀਆਂ ਆਤਮਾਵਾਂ ਦੀ ਕਿਸ ਤਰ੍ਹਾਂ ਦੀ ਦੁਰਦਸ਼ਾ ਕੀਤੀ, ਉਹ ਕੀਹਨੂੰ ਭੁੱਲੀ ਹੋਈ ਹੈ। ਨਾਲ ਹੀ ਬੱਲ ਆਪਣੇ ਥੈਲੇ ਵਿਚੋਂ ਇਰਾਨੀ ਲੇਖਿਕਾ ਅਜ਼ਰਾ ਨਫੀਸੀ ਦੀ ਕਿਤਾਬ ‘ਰੀਡਿੰਗ ਲੋਲਿਤ ਇਨ ਤਹਿਰਾਨ’ ਕੱਢ ਕੇ ਪ੍ਰੋæ ਰਮਦੇਵ ਨੂੰ ਵਿਖਾ ਰਿਹਾ ਸੀ ਅਤੇ ਉਨ੍ਹਾਂ ਨੂੰ ਉਚੇਚੇ ਤੌਰ ਤੇ ਪੜ੍ਹਨ ਤੇ ਹੋਰਨਾਂ ਨੂੰ ਪੜ੍ਹਾਉਣ ਲਈ ਕਹਿ ਰਿਹਾ ਸੀ।
ਮਹਿਫਲ ਲੰਮੀ ਹੋ ਗਈ ਸੀ। ਮੈਂ ਤੇ ਪ੍ਰੋæ ਰਮਦੇਵ ਕੁਝ ਥੱਕੇ ਮਹਿਸੂਸ ਕਰਨ ਲੱਗੇ ਕਿ ਪਤਾ ਨਹੀਂ ਕਿਸ ਸੰਦਰਭ ਵਿਚ ਗਾਲਿਬ ਦੀਆਂ ਗਜ਼ਲਾਂ ਦੀ ਗੱਲ ਛਿੜ ਪਈ। ਬੇਗਮ ਅਖਤਰ ਦੀ ਅਵਾਜ਼ ਵਿਚ ਮਿਰਜ਼ਾ ਗਾਲਿਬ ਦੀਆਂ ਗਜ਼ਲਾਂ ਦੀ ਸੀæਡੀæ ਵੀ ਅਸਾਨੀ ਨਾਲ ਮਿਲ ਗਈ ਤੇ ਪਲਾਂ ਵਿਚ ਹੀ ਬੇਗਮ ਦੀ ਸੋਜ਼ ਭਰੀ ਆਵਾਜ਼ ਸੁਣਨ ਲੱਗੀ,
‘ਆਹ ਕੋ ਚਾਹੀਏ ਇਕ ਉਮਰ ਅਸਰ ਹੋਨੇ ਤਕ’
ਵਾਲੀ ਗਜ਼ਲ ਦੇ ਬੋਲ ਤੈਰਨ ਲਗ ਗਏ।
ਦੁਨੀਆਂ ਵਿਚ ਬੜੇ ਮਹਾਨ ਕਵੀ ਹੋਏ ਹਨ ਪਰ ਇਨਸਾਨੀ ਹਸਤੀ ਦੀ ਜੀਨ ਜਾਂ ਈਮਾ ਵਰਗੀ ਚਾਹਤ ਨੂੰ ਜਿਸ ਕਿਸਮ ਦੀ ਬੁਲੰਦ ਅਭਿਵਿਅਕਤੀ ਗਾਲਿਬ ਨੇ ਦਿੱਤੀ ਹੈ, ਉਹ ਹੋਰ ਕਿਸੇ ਸ਼ਾਇਰ ਦੇ ਹਿੱਸੇ ਨਹੀਂ ਆਈ ਅਤੇ ਗਾਲਿਬ ਦੇ ਸ਼ਬਦਾਂ ਨੂੰ ਜੋ ਸ਼ਿੱਦਤ ਬੇਗਮ ਅਖਤਰ ਅਤੇ ਮਲਿਕਾ ਪੁਖਰਾਜ ਨੇ ਆਪਣੇ ਬੋਲਾਂ ਰਾਹੀਂ ਦਿੱਤੀ ਹੈ, ਉਸ ਦਾ ਵੀ ਕੋਈ ਤੋੜ ਨਹੀਂ।
ਬੱਲ ਦਾ ਵਿਸ਼ਵਾਸ ਹੈ ਕਿ ਕਾਰਲ ਮਾਰਕਸ ਦੇ ਸਾਰੇ ਚਿੰਤਨ ਵਿਚ ਅਜਿਹੇ ਸਮਾਜ ਦੀ ਸਿਰਜਣਾ ਦਾ ਖੁਆਬ ਅੰਕਿਤ ਹੈ ਜਿਸ ਵਿਚ ਦੁਨੀਆਂ ਦੇ ਕਿਸੇ ਵੀ ਔਰਤ ਜਾਂ ਮਰਦ ਨੂੰ ਜਿਊਣ ਦੇ ਜੁਗਾੜ ਦੇ ਆਹਰ ਵਿਚ ਮਸ਼ੀਨ ਦੇ ਕਿਸੇ ਮੁਰਦਾ ਪੁਰਜੇ ਹਾਰ ਆਪਣੀ ਮਾਨਵੀ ਹੋਂਦ ਨੂੰ ਮਨਫੀ ਨਾ ਕਰਨਾ ਪਵੇ, ਜਿਥੇ ‘ਵਿਸਮਾਦੀ ਪੂੰਜੀ’ ਦਾ ਚਲਨ ਹੋਵੇ ਅਤੇ ਹਰ ਕਿਸੇ ਨੂੰ ਹੀ ਜ਼ਿੰਦਗੀ ਦੀ ਸ਼ਾਇਰੀ ਅਤੇ ਸੰਗੀਤ ਨੂੰ ਨਿਹਾਰਨ ਦਾ ਅਵਸਰ ਨਸੀਬ ਹੋਵੇ। ਪੰਜਾਬੀ ਟ੍ਰਿਬਿਊਨ ਵਿਚ ਆਉਣ ਪਿਛੋਂ ਉਸ ਨੂੰ ਲਗਦਾ ਕਿ ‘ਪੰਜਾਬੀ ਟ੍ਰਿਬਿਊਨ’ ਦੇ ਅਪਣੱਤ ਭਰੇ ਮਾਹੌਲ ਵਿਚ ਆਉਣ ਨਾਲ ਉਸ ਲਈ ਅਤੇ ਘੱਟੋ ਘੱਟ ਉਸ ਦੇ ਕੁਝ ਸਾਥੀਆਂ ਲਈ ਅਜਿਹੀ ਸੰਭਾਵਨਾ ਨਿਸ਼ਚੇ ਹੀ ਪੈਦਾ ਹੋ ਗਈ ਸੀ। ਉਸ ਦਾ ਲਾਲਚ ਜਾਂ ਜ਼ਬਰਦਸਤ ਦਿਲੀ ਤਾਂਘ ਇਹ ਸੀ ਕਿ ਵਿਭਾਗੀ ਤਰੱਕੀਆਂ ਦੀ ਬੇਲੋੜੀ ਖਿੱਚ ਧੂਹ ਕਾਰਨ ਸਵਰਗ ਵਰਗਾ ਇਹ ਮਾਹੌਲ ਬਰਬਾਦ ਨਾ ਹੋ ਜਾਵੇ।
ਪਾਠਕ ਸਵਾਲ ਕਰ ਸਕਦੇ ਹਨ ਕਿ ਨਵੇਂ ਅਦਾਰੇ ਵਿਚ ਪਰਿਵਾਰ ਵਰਗੇ ਮਾਹੌਲ ਤੋਂ ਮੁਰਾਦ ਕੀ ਹੈ? ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਅਖਬਾਰ ਦੇ ਮੁਢਲੇ ਸਟਾਫ ਵਿਚੋਂ ਦਲਜੀਤ ਸਰਾਂ, ਤਰਲੋਚਨ ਸ਼ੇਰਗਿੱਲ ਅਤੇ ਸੁਰਿੰਦਰ, ਤਿੰਨੇ ਕਾਮਰੇਡਾਂ ਦੀ ਪੀæਐਸ਼ਯੂæ ਦੇ ਸਰਗਰਮ ਮੈਂਬਰ ਸਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਇਕੱਠੇ ਹੀ ਪੜ੍ਹਦੇ ਰਹੇ ਸਨ। ਇਹ ਤਿੰਨੇ ਚੰਡੀਗੜ੍ਹ ਆ ਕੇ ਵੀ ਪਹਿਲੇ ਪੂਰੇ ਸਾਲ ਦੌਰਾਨ ਸਾਂਝੇ ਕਮਿਊਨ ਵਰਗੇ ਮਾਹੌਲ ਵਿਚ ਹੀ ਰਹਿੰਦੇ ਰਹੇ ਸਨ। ਗੁਰਦਿਆਲ ਬੱਲ ਨਾਲ ਜਗਤਾਰ ਸਿੱਧੂ ਨੂੰ ਪਤਾ ਨਹੀਂ ਕਿਸ ਕਿਸਮ ਦੀ ਖਿੱਚ ਮਹਿਸੂਸ ਹੋਈ ਕਿ ਉਹ ਪਹਿਲੇ ਦਿਨ ਹੀ ਆਪਣੀ ਟਿੰਡ ਫੂੜ੍ਹੀ ਚੁਕ ਕੇ ਬੱਲ ਦੇ ਕਿਰਾਏ ਵਾਲੇ ਕਮਰੇ ਵਿਚ ਲੈ ਗਿਆ। ਅਗਲਾ ਸਾਲ-ਡੇਢ ਸਾਲ ਉਨ੍ਹਾਂ ਦਾ ਇਹ ਆਦਰਸ਼ ਰੈਣ ਬਸੇਰਾ ਸੀ। ਕਿਸੇ ਕਿਸਮ ਦੀ ਤੇਰ ਮੇਰ ਦਾ ਕਿਸੇ ਨੂੰ ਕਦੀ ਚਿਤ ਚੇਤਾ ਵੀ ਨਹੀਂ ਸੀ। ਉਂਜ ਉਸ ਤੋਂ ਬਾਅਦ ਦੇ 15-20 ਵਰ੍ਹਿਆਂ ‘ਤੇ ਪਿਛਲਝਾਤ ਮਾਰਿਆਂ ਹੈਰਾਨੀ ਹੁੰਦੀ ਹੈ ਕਿ ਜਗਤਾਰ ਵਰਗਾ ਖੁਦਗਰਜ਼ ਆਦਮੀ ਬੱਲ ਵਰਗੇ ਘੁਮੱਕੜ ਬੰਦੇ ਨਾਲ ਅਜਿਹੀ ਅਪਣੱਤ ਅਤੇ ਬੇਗਰਜ਼ ਸਾਦਗੀ ਨਾਲ ਇੰਨਾ ਲੰਮਾ ਸਮਾਂ ਕਿਵੇਂ ਰਹਿ ਗਿਆ? ਇਸ ‘ਤੇ ਸਭ ਤੋਂ ਵੱਧ ਹੈਰਾਨ ਸਾਡਾ ਅਤਿ ਪਿਆਰਾ ਮਰਹੂਮ ਮਿੱਤਰ ਨਰਿੰਦਰ ਭੁੱਲਰ ਵੀ ਹੁੰਦਾ ਰਿਹਾ ਸੀ। ਉਸ ਨੂੰ ਬੱਲ ਦੀ ਇਹ ਸਭ ਤੋਂ ਅਦਭੁਤ ‘ਲੀਲਾ’ ਲਗਦੀ।
ਇਹ ਜਲਵਾ ਜਦੋਂ ਆਪਸੀ ਖਿੱਚੋਤਾਣ ਦੀ ਭੇਂਟ ਚੜ੍ਹ ਗਿਆ ਤਾਂ ਇਸ ਦਾ ਪਹਿਲਾ ਸੇਕ ਵੀ ਬੱਲ ਨੂੰ ਹੀ ਲੱਗਾ। ਅਖਬਾਰ ਦਾ ਕੰਮ ਸ਼ਿਫਟਾਂ ਵਿਚ ਚਲਦਾ ਸੀ ਅਤੇ ਕਿਸੇ ਕੰਮ ਧੰਦੇ ਵੇਲੇ ਸਬ ਐਡੀਟਰ ਅਤੇ ਪਰੂਫ ਰੀਡਰ ਕਾਗਜ਼ ਦੇ ਕਿਸੇ ਮਾਮੂਲੀ ਟੁਕੜੇ ‘ਤੇ ਚਾਰ ਅੱਖਰ ਝਰੀਟ ਕੇ ਆਪਸ ਵਿਚ ਡਿਊਟੀ ਬਦਲ ਲਿਆ ਕਰਦੇ ਸਨ। ਚੀਫ ਸਬ ਐਡੀਟਰਾਂ ਦੀ ਚੋਣ ਦਾ ਤਮਾਸ਼ਾ ਖਤਮ ਹੋਇਆਂ ਅਜੇ ਹਫਤਾ ਕੁ ਹੀ ਹੋਇਆ ਸੀ ਕਿ ਲੋੜ ਪੈਣ ‘ਤੇ ਦਲਜੀਤ ਅਤੇ ਬੱਲ ਨੇ ਡਿਊਟੀ ਬਦਲੀ  ਅਤੇ ‘ਅਰਜ਼ੀ’ ਨਿਊਜ਼ ਐਡੀਟਰ ਜਗਜੀਤ ਸਿੰਘ ਬੀਰ ਦੇ ਮੇਜ਼ ਉਪਰ ਪਏ ਸ਼ੀਸ਼ੇ ਦੇ ਹੇਠਾਂ ਧਰ ਦਿੱਤੀ। ਦਲਬੀਰ ਸਿੰਘ ਇਨਚਾਰਜ ਸੀ ਅਤੇ ਉਸ ਦਿਨ, ਉਸ ਦੇ ਨਾਲ ਦਲਜੀਤ ਦੀ ਥਾਂ ਇਕੱਲਾ ਬੱਲ ਹੀ ਡਿਊਟੀ ‘ਤੇ ਹਾਜ਼ਰ ਸੀ। ਬਰਜਿੰਦਰ ਸਿੰਘ ਬਹੁਤ ਚੁਕੰਨਾ ਬੌਸ ਸੀ। ਦਫਤਰ ਵਿਚ ਮੁੱਖ ਸੰਪਾਦਕ ਨਾਲ ਰਵਾਇਤੀ ਮੀਟਿੰਗ ਤੋਂ ਵਿਹਲਾ ਹੁੰਦਿਆਂ ਹੀ ਸਵੇਰੇ 11 ਕੁ ਵਜੇ ਉਸ ਨੇ ਨਿਊਜ਼ ਰੂਮ ਦੀ ਖਬਰ ਰੱਖਣ ਲਈ ਫੋਨ ਕੀਤਾ। ਦਲਬੀਰ ਦੇ ਇਹ ਦੱਸਣ ਕਿ ਉਸ ਦੇ ਨਾਲ ਇਕੱਲਾ ਬੱਲ ਸੀ, ਸੰਪਾਦਕ ਨੇ ਤੁਰੰਤ ਕਿੰਤੂ ਉਠਾਇਆ ਕਿ ਡਿਊਟੀ ਚਾਰਟ ਵਿਚ ਤਾਂ ਦਲਜੀਤ ਸਿੰਘ ਦਾ ਨਾਂ ਹੈ। ਸੰਪਾਦਕ ਨੇ ਫਟ ਬੱਲ ਨੂੰ ਤੀਸਰੀ ਮੰਜ਼ਿਲ ‘ਤੇ ਆਪਣੇ ਦਫਤਰ ਤਲਬ ਕਰ ਲਿਆ। ਡਿਊਟੀ ਬਦਲੀ ਦੀ ਅਰਜ਼ੀ ਉਪਰ ਨਿਊਜ਼ ਐਡੀਟਰ ਦੀ ਮਨਜ਼ੂਰੀ ਵਾਲੀ ਘੁੱਗੀ ਵਜੀ ਹੋਈ ਨਹੀਂ ਸੀ। ਬਰਜਿੰਦਰ ਹੋਰੀਂ ਅਜਿਹੀ ਹੀ ਕਿਸੇ ਕੁਤਾਹੀ ਦੀ ਤਾੜ ਵਿਚ ਸਨ। ਦਲਬੀਰ ਨੂੰ ਵੀ ਬੁਲਾ ਲਿਆ ਅਤੇ ਹੱਥ ਮਿਲਾ ਕੇ ਕੁਰਸੀ ‘ਤੇ ਬੈਠਣ ਲਈ ਇਸ਼ਾਰਾ ਕਰ ਦਿੱਤਾ ਪਰ ਬੱਲ ਨੂੰ ਬੈਠਣ ਲਈ ਬਿਲਕੁਲ ਨਾ ਕਿਹਾ। ਸੰਪਾਦਕ ਨੇ ਅਰਜੀ ਦੋ ਤਿੰਨ ਵਾਰੀ ਹਵਾ ਵਿਚ ਉਛਾਲਦਿਆਂ ਕਿਹਾ ਕਿ ਇਸ ‘ਤੇ ਨਿਊਜ਼ ਐਡੀਟਰ ਦੀ ਸਹੀ ਨਾ ਪਈ ਹੋਣ ਕਰਕੇ ਇਸ ਦਾ ਕੋਈ ਮੁੱਲ ਨਹੀਂ। ਫਿਰ ਸੰਪਾਦਕ ਨੇ ਦਲਬੀਰ ਨੂੰ ਇਹ ਕਹਿੰਦਿਆਂ ਹੇਠਾਂ ਨਿਊਜ਼ ਰੂਮ ਵਲ ਤੋਰ ਦਿੱਤਾ ਕਿ ਚਲੋ ਜਾ ਕੇ ਕੰਮ ਕਰੋ ਅਤੇ ਦੁਪਹਿਰ ਦੀ ਡਿਊਟੀ ਤੇ ਆਉਂਦਿਆਂ ਹੀ ਦਲਜੀਤ ਨੂੰ ਉਪਰ ਭੇਜ ਦੇਣਾ।
ਸੰਪਾਦਕ ਨੂੰ ਬੱਲ ਉਪਰ ਸ਼ਾਇਦ ਇਸ ਗੱਲ ਦਾ ਗੁੱਸਾ ਸੀ ਕਿ ਬਾਂਸਲ ਵੱਲੋਂ ਬੀਂਡੀ ਜੁਪ ਕੇ ਸਬ ਐਡੀਟਰਾਂ ਦੀ ਲੇਬਰ ਕੋਰਟ ਵੱਲ ਲਵਾਈ ‘ਚੂਹਾ ਦੌੜ’ ਦਾ ਅਸਲ ਸੂਤਰਧਾਰ ਗੁਰਦਿਆਲ ਬੱਲ ਹੀ ਸੀ, ਜਦੋਂ ਕਿ ਉਹ ਤਾਂ ਇਹਦੇ ਬਿਲਕੁਲ ਹੀ ਉਲਟ ਸੀ। ਬੱਲ ਦੇ ਮਨ ਵਿਚ ਬਰਜਿੰਦਰ ਭਾਅ ਜੀ ਲਈ ਅਜੇ ਵੀ ਉਨਾ ਹੀ ਸਤਿਕਾਰ ਸੀ ਅਤੇ ਅਜਿਹੇ ਅਣਕਿਆਸੇ ਵਰਤਾਓ ਕਾਰਨ ਉਹ ਅਚਾਨਕ ਹੀ ਸਿਰ ਤੇ ਆ ਵੱਜੇ ਮੋਹਲੇ ਦੀ ਸੱਟ ਵਾਂਗ ਚਕਰਾਇਆ ਹੋਇਆ ਮਹਿਸੂਸ ਕਰ ਰਿਹਾ ਸੀ। ਪੌੜੀਆਂ ਉਤਰਦਿਆਂ ਉਹ ਇਹੋ ਸੋਚ ਕੇ ਕੰਬੀ ਗਿਆ ਕਿ ਦਲਜੀਤ ਨੂੰ ਬਿਨਾਂ ਕਸੂਰ ਉਹਦੇ ਵਾਂਗ ਸੰਪਾਦਕ ਮੂਹਰੇ ਖੜ੍ਹਨਾ ਪੈ ਗਿਆ ਤਾਂ ਕੀ ਕੋਈ ਵੱਡਾ ਕਹਿਰ ਨਹੀਂ ਹੋ ਜਾਵੇਗਾ। ਮਾੜੀ ਕਿਸਮਤ ਨੂੰ ਅਰਜ਼ੀ ਵੀ ਦਲਜੀਤ ਦੇ ਹੱਥਾਂ ਦੀ ਲਿਖੀ ਹੋਈ ਸੀ। ਉਸ ਦੇ ਮਨ ਵਿਚ ਅਚਾਨਕ ਫੁਰਨਾ ਫੁਰਿਆ ਅਤੇ ਉਹ ਚਾਬੀ ਲੱਗੇ ਖਿਡਾਉਣੇ ਵਾਂਗ ਅੱਖ ਦੇ ਫੋਰ ਵਿਚ ਛਾਲਾਂ ਮਾਰਦਾ ਵਾਪਸ ਸੰਪਾਦਕ ਦੀ ਹਜ਼ੂਰੀ ਵਿਚ ਜਾ ਹਾਜ਼ਰ ਹੋਇਆ। ਕਹਿਣ ਲੱਗਾ, ਅਰਜ਼ੀ ਵਾਲੀ ਕੁਤਾਹੀ ਬਦਲੇ ਉਸ ਦੀ ਹੀ ਬੇਇਜ਼ਤੀ ਉਹ ਇਕ ਵਾਰ ਮੁੜ ਕਰ ਲੈਣ-ਦਲਜੀਤ ਨੂੰ ਨਾ ਬੁਲਾਉਣ। ਬਰਜਿੰਦਰ ਭਾਅ ਜੀ ਦਾ ਆਪ ਮੁਹਾਰੇ ਹੀ ਆਪਣੇ ਖਾਸ ਅੰਦਾਜ਼ ਵਿਚ ਉਚੀ ਉਚੀ ਹਾਸਾ ਨਿਕਲ ਗਿਆ। ਕਹਿਣ ਲੱਗੇ, ਬੈਠ ਫਿਰ ਚਾਹ ਪੀਨੇ ਆਂ ਅਤੇ ਫਿਰ ਉਨ੍ਹਾਂ ਚਪੜਾਸੀ ਨੂੰ ਬੁਲਾਉਣ ਲਈ ਘੰਟੀ ਵਜਾ ਦਿਤੀ। ਇਹ ਵੀ ਬਰਜਿੰਦਰ ਹੁਰਾਂ ਦਾ ਇਕ ਖਾਸ ਅੰਦਾਜ਼ ਸੀ ਕਿ ਪਹਿਲਾਂ ਕਿਸੇ ਮੁਲਾਜ਼ਮ ਨੂੰ ਪੂਰਾ ਝਾੜ ਦੇਣਾ ਤੇ ਫਿਰ ਚਾਹ ਪਿਆ ਕੇ ਠੰਡੇ ਵੀ ਕਰ ਦੇਣਾ। ਬੱਲ ਇਸ ਗੱਲ ‘ਤੇ ਖੁਸ਼ ਸੀ ਕਿ ਉਸ ਦਲਜੀਤ ਵਰਗੇ ਸੰਵੇਦਨਸ਼ੀਲ ਸਾਥੀ ਨੂੰ ਕੱਚਾ ਕਰਨ ਦੇ ਸੰਪਾਦਕ ਦੇ ਮਨਸੂਬੇ ਤੋਂ ਬਚਾ ਲਿਆ।
ਇਹ ਕਹਾਣੀ ਮੈਂ ਕੇਵਲ ਇਸ ਲਈ ਦੱਸੀ ਹੈ ਕਿ ਜ਼ਰਾ ਕੁ ਜਿੰਨੀ ਆਪਾਧਾਪੀ ਨਾਲ ਕਿਵੇਂ ਵਧੀਆ ਤੋਂ ਵਧੀਆ ਮਾਹੌਲ ਵੀ ਦੂਸ਼ਤ ਹੋ ਜਾਂਦਾ ਹੈ। ‘ਪੰਜਾਬੀ ਟ੍ਰਿਬਿਊਨ’ ਦੀ ਆਪਸੀ ਭਾਈਚਾਰਕ ਪਹਿਲਤਾਜ਼ਗੀ ਇਸੇ ਤਰ੍ਹਾਂ ਨਸ਼ਟ ਹੋਈ। ਇਸੇ ਦੌਰਾਨ ਪਰੂਫ ਰੀਡਿੰਗ ਸੈਕਸ਼ਨ ਅੰਦਰ ਵੀ ਲਾਗਤਬਾਜ਼ੀ ਦੀ ਸ਼ੁਰੂਆਤ ਹੋ ਗਈ। ਸੈਕਸ਼ਨ ਦਾ ਮੁਖੀ ਪ੍ਰੇਮ ਗੋਰਖੀ ਬੜਾ ਸਮਰੱਥ ਕਾਮਾ ਸੀ; ਚੰਗਾ ਕਹਾਣੀਕਾਰ ਸੀ ਪਰ ਅਕਾਦਮਿਕ ਯੋਗਤਾ ਪੱਖੋਂ ਦਸਵੀਂ ਪਾਸ ਵੀ ਨਹੀਂ ਸੀ ਜਿਸ ਕਰਕੇ ਅੰਦਰੇ ਅੰਦਰ ਕਿਸੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਸੀ। ਉਸ ਨੇ ਤੰਗ ਤਾਂ ਸਾਰੇ ਸੈਕਸ਼ਨ ਨੂੰ ਕੀਤਾ ਪ੍ਰੰਤੂ ਮੈਨੂੰ ਅਤੇ ਤਰਲੋਚਨ ਸ਼ੇਰਗਿੱਲ ਨੂੰ ਮਿਥ ਕੇ ਆਪਣੀ ਈਰਖਾ ਦਾ ਸ਼ਿਕਾਰ ਬਣਾਇਆ। ਤਰਲੋਚਨ ਤਾਂ ਫਿਰ ਵੀ ਸੰਭਾਲ ਲੈਂਦਾ ਪਰ ਮੈਂ ਪ੍ਰੇਸ਼ਾਨ ਹੁੰਦਾ ਰਹਿੰਦਾ। ਸੰਪਾਦਕ ਮੂਹਰੇ ਜਿਸ ਕਿਸਮ ਦੀ ਪੇਸ਼ੀ ਤੋਂ ਦਲਜੀਤ ਨੂੰ ਬਚਾ ਕੇ ਬੱਲ ਸਮਝਦਾ ਸੀ ਕਿ ਉਸ ਨੇ ਕੋਈ ਵੱਡੀ ਮੱਲ ਮਾਰ ਲਈ ਸੀ, ਉਸ ਕਿਸਮ ਦੀਆਂ ਪੇਸ਼ੀਆਂ ਗੋਰਖੀ ਸਾਡੀਆਂ ਅਕਸਰ ਹੀ ਪਵਾਈ ਰੱਖਦਾ।। ਕਈ ਵਾਰ ਤਾਂ ਖਾਹ ਮਖਾਹ ਹੀ ਜ਼ਲੀਲ ਕਰਵਾ ਦਿੰਦਾ। ਪਰ ਫਿਰ ਵੀ ਪਹਿਲਾਂ ਪ੍ਰੇਮ ਗੋਰਖੀ ਅਤੇ ਪਿਛੋਂ ਜਗਤਾਰ ਸਿੰਘ ਸਿੱਧੂ ਅਤੇ ਸੁਰਿੰਦਰ ਵਾਲੀ ਯੂਨੀਅਨ ਦੇ ਸਾਰੇ ਹੱਥਕੰਡਿਆਂ ਅੱਗੇ ਮੈਂ ਹਿੰਮਤ ਨਾ ਹਾਰੀ ਅਤੇ ਆਪਣੀ ਤਾਕਤ ਪੜ੍ਹਾਈ ਵਲ ਲਾਈ ਰਖੀ। ‘ਪੰਜਾਬੀ ਟ੍ਰਿਬਿਊਨ’ ‘ਚ ਨੌਕਰੀ ਦੇ ਵਰ੍ਹਿਆਂ ਦੌਰਾਨ ਪਹਿਲਾਂ ਐਮæਫਿਲ਼ ਦੀ ਡਿਗਰੀ ਮੁਕੰਮਲ ਕੀਤੀ, ਲਾਅ ਦੀ ਡਿਗਰੀ ਲਈ; ਟਰਾਂਸਲੇਸ਼ਨ ਦਾ ਡਿਪਲੋਮਾ ਕੀਤਾ ਅਤੇ ਫਿਰ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਹਾਸਲ ਕੀਤੀ।

Be the first to comment

Leave a Reply

Your email address will not be published.