ਦੂਰਦਰਸ਼ਨ ਨਿਊਜ਼ ਦੇ ਲੋਗੋ ਨੂੰ ਭਗਵਾਂ ਰੰਗ ਚੜ੍ਹਿਆ

ਨਵੀਂ ਦਿੱਲੀ: ਜਨ ਪ੍ਰਸਾਰਨ ਸੇਵਾ ਦੂਰਦਰਸ਼ਨ ਨਿਊਜ਼ ਨੇ ਆਪਣਾ ਲੋਗੋ ਲਾਲ ਤੋਂ ਭਗਵੇਂ ਰੰਗ ‘ਚ ਬਦਲ ਦਿੱਤਾ ਹੈ। ਵਿਰੋਧੀ ਧਿਰ ਨੇ ਇਸ ਫ਼ੈਸਲੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ‘ਭਾਜਪਾ ਪੱਖੀ‘ ਹੋ ਗਿਆ ਹੈ।

ਡੀ.ਡੀ. ਨਿਊਜ਼ ਨੇ ਪਿਛਲੇ ਹਫ਼ਤੇ ਨਵੀਂ ਦਿਖ ਪ੍ਰਦਾਨ ਕਰਦਿਆਂ ਲੋਗੋ ਲਾਲ ਤੋਂ ਭਗਵੇਂ ਰੰਗ ‘ਚ ਬਦਲ ਦਿੱਤਾ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਚੋਣਾਂ ਦੌਰਾਨ ਦੂਰਦਰਸ਼ਨ ਦੇ ਭਗਵੇਂਕਰਨ ਦੀ ਕੋਸ਼ਿਸ਼ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਦਾ ਭਗਵੇਂ ਪ੍ਰਤੀ ਪਿਆਰ ਸਭ ਜਾਣਦੇ ਹਨ। ਭਾਜਪਾ ਨੇ ਇਸ ਬਦਲਾਅ ਨੂੰ ਘਰ ਵਾਪਸੀ ਦੱਸਿਆ ਅਤੇ ਕਿਹਾ ਕਿ 1982 ‘ਚ ਵੀ ਇਸੇ ਰੰਗ ਦੇ ਲੋਗੋ ਦਾ ਪ੍ਰੀਖਣ ਕੀਤਾ ਗਿਆ ਸੀ। ਭਾਜਪਾ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਪਹਿਲਾਂ ਇਸ ਨੂੰ ਨੀਲਾ ਰੰਗ ਕਿਸ ਨੇ ਦਿੱਤਾ ਸੀ, ਇਹ ਪੜਤਾਲ ਹੋਣੀ ਚਾਹੀਦੀ ਹੈ।