ਮੋਗਾ: ਫ਼ਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੰਸ ਰਾਜ ਹੰਸ ਅੱਜ ਬਾਘਾਪੁਰਾਣਾ ਵਿਚ ਚੋਣ ਪ੍ਰਚਾਰ ਕਰਨ ਪੁੱਜੇ ਸਨ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਆਗੂ ਚਮਕੌਰ ਸਿੰਘ ਰੋਡੇ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨ ਵਿਰੋਧ ਕਰਨ ਲਈ ਡਟ ਗਏ ਤਾਂ ਪੁਲਿਸ ਨੇ ਕਰੀਬ ਦੋ ਦਰਜਨ ਕਿਸਾਨਾਂ ਨੂੰ ਗੱਡੀਆਂ ‘ਚ ਬਿਠਾ ਕੇ ਥਾਣੇ ਬੰਦ ਕਰ ਦਿੱਤਾ।
ਇਸ ਮਗਰੋਂ ਉਹ ਨਿਹਾਲ ਸਿੰਘ ਵਾਲਾ ਵਿੱਚ ਅਗਰਵਾਲ ਧਰਮਸ਼ਾਲਾ ਵਿਚ ਚੋਣ ਪ੍ਰਚਾਰ ਕਰਨ ਲਈ ਪੁੱਜੇ, ਜਿੱਥੇ ਬੀ.ਕੇ.ਯੂ. ਏਕਤਾ ਉਗਰਾਹਾਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬੀ.ਕੇ.ਯੂ. ਆਜ਼ਾਦ ਜ਼ਿਲ੍ਹਾ ਪ੍ਰਧਾਨ ਇੰਦਰਮੋਹਨ ਸਿੰਘ ਪੱਤੋ ਹੀਰਾ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਨੇ ਕਰੀਬ 30 ਕਿਸਾਨਾਂ ਨੂੰ ਥਾਣੇ ‘ਚ ਡੱਕ ਦਿੱਤਾ। ਇਸ ਮਗਰੋਂ ਹੰਸ ਰਾਜ ਹੰਸ ਮੋਗਾ ਦੀ ਪੁਰਾਣੀ ਅਨਾਜ ਮੰਡੀ ਵਿਚ ਚੋਣ ਪ੍ਰਚਾਰ ਕਰਨ ਲਈ ਪੁੱਜੇ। ਪੁਲਿਸ ਨੇ ਇਸ ਅਨਾਜ ਮੰਡੀ ਨੂੰ ਜਾਂਦੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ, ਜਿਸ ਕਾਰਨ ਇਥੇ ਕਾਰੋਬਾਰੀਆਂ ਤੇ ਸਬਜ਼ੀ ਵੇਚਣ ਵਾਲਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਆਗੂ ਜਗਜੀਤ ਸਿੰਘ ਮੱਦੋਕੇ ਅਤੇ ਜਸਵਿੰਦਰ ਸਿੰਘ ਘਾਲੀ ਸਣੇ ਬੀਕੇਯੂ ਕਰਾਂਤੀ ਜਥੇਬੰਦੀ ਦੇ ਕਰੀਬ 20 ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਸਦਰ ਅੰਦਰ ਡੱਕ ਦਿੱਤਾ।
ਬੀ.ਕੇ.ਯੂ. ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਪੁਲਿਸ ਨੇ ਹਿਰਾਸਤ ਵਿਚ ਲਏ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਹੈ ਪਰ ਥਾਣਾ ਸਦਰ ਪੁਲਿਸ ਨੇ ਕਿਸਾਨਾਂ ਨੂੰ ਹਾਲੇ ਤੱਕ ਰਿਹਾਅ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਰਿਹਾਈ ਲਈ ਪੁਲਿਸ ਨੂੰ ਚਿਤਾਵਨੀ ਦਿੱਤੀ ਗਈ ਹੈ, ਜੇ ਰਿਹਾਅ ਨਾ ਕੀਤੇ ਤਾਂ ਉਹ ਥਾਣਾ ਸਦਰ ਅੱਗੇ ਮੋਗਾ-ਫ਼ਿਰੋਜਪੁਰ ਕੌਮੀ ਮਾਰਗ ‘ਤੇ ਚੱਕਾ ਜਾਮ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਤੇ ਕਿਸਾਨ-ਮਜ਼ਦੂਰ ਵਿਰੋਧੀ ਹਨ। ਇਸ ਲਈ ਭਾਜਪਾ ਦੇ ਉਮੀਦਵਾਰ ਜਦੋਂ ਵੀ ਕਿਸੇ ਪਿੰਡ ਜਾਂ ਸ਼ਹਿਰ ਵਿਚ ਵੋਟਾਂ ਮੰਗਣ ਆਉਣ ਤਾਂ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਸ਼ਾਂਤਮਈ ਰਹਿੰਦੇ ਹੋਏ ਭਾਜਪਾ ਉਮੀਦਵਾਰਾਂ ਨੂੰ ਕਿਸਾਨੀ ਮੰਗਾਂ ਸਬੰਧੀ ਸਵਾਲ ਕਰਨ।