ਗੁਲਜ਼ਾਰ ਸਿੰਘ ਸੰਧੂ
ਮੈਂ ਜਿਸ ਵਿਅਕਤੀ ਦੀ ਗੱਲ ਕਰਨ ਲੱਗਿਆ ਹਾਂ ਉਸ ਨੂੰ ਅਬੁਲ ਕਲਾਮ ਆਜ਼ਾਦ, ਜੇ ਬੀ ਕ੍ਰਿਪਲਾਨੀ, ਫਿਰੋਜ਼ ਗਾਂਧੀ, ਸ਼ ਬਲਦੇਵ ਸਿੰਘ, ਗੁਰਮੁਖ ਸਿੰਘ ਮੁਸਾਫਰ, ਸੁਚੇਤਾ ਕ੍ਰਿਪਲਾਨੀ, ਸਰਦਾਰ ਪਟੇਲ ਆਦਿ ਦਾ ਸਮਕਾਲੀ ਕਹਿਣਾ ਵਧੇਰੇ ਉਚਿਤ ਹੈ। ਉਹ ਦੇਸ਼ ਵੰਡ ਸਮੇਂ ਪੈਪਸੂ ਤੋਂ ਭਾਰਤ ਦੀ ਕਨਸਟੀਚੂਐਂਟ ਅਸੈਂਬਲੀ ਦਾ ਮੈਂਬਰ ਸੀ, 305 ਵਿਚੋਂ ਇੱਕ। ਵਿਦਿਆਰਥੀ ਹੁੰਦਿਆਂ ਉਸ ਦਾ ਨਹਿਰੂ ਪਰਿਵਾਰ ਦੀ ਜਨਕ ਕੁਮਾਰੀ ਜ਼ੁਤਸ਼ੀ ਨਾਲ ਸ਼ੂਕਦਾ ਇਸ਼ਕ ਰਿਹਾ ਤੇ ਲੰਡਨ ਵਿਖੇ ਡਾਕਟਰੇਟ ਕਰਨ ਗਿਆ ਕਿਸੇ ਗਲੋਂ ਬਰਨਾਰਡ ਸ਼ਾਅ ਨਾਲ ਤਕਰਾਰ ਵੀ। ਹਾਈਡ ਪਾਰਕ ਵਿਖੇ ਆਪਣੇ ਪ੍ਰਵਚਨ ਸਮੇਂ ਉਸ ਦੀ ਟਿੱਪਣੀ ਨੂੰ ਲੈ ਕੇ ਸ਼ਾਅ ਨੇ ਕਿਹਾ ਸੀ, ‘ਮੁਬਾਰਕ ਹੋਵੇ ਇੰਡੀਅਨ ਰਿਸ਼ੀ! ਮੈਂ ਤਾਂ ਤੈਨੂੰ ਪ੍ਰਭਾਵਤ ਕਰਨ ਵਿਚ ਅਸਫਲ ਸੀ ਪਰ ਤੂੰ ਮੈਨੂੰ ਉਲਝਾਉਣ ਵਿਚ ਪੂਰਾ ਸਫਲਾ।’ ਸ਼ਾਅ ਦੇ ਉਤਰ ਅਤੇ ਦਾੜ੍ਹੀ ਪਗੜੀ ਵਾਲੇ ਬੰਦੇ ਲਈ ਰਿਸ਼ੀ ਸ਼ਬਦ ਦੀ ਵਰਤੋਂ ਸ਼ਾਅ ਦੀ ਹਾਜ਼ਰ ਜਵਾਬੀ ਦਾ ਨਮੂਨਾ ਹੈ। ਵਿਚਾਰ ਅਧੀਨ ਵਿਅਕਤੀ ਸੇਵਾ ਮੁਕਤ ਡੀ ਜੀ ਪੀ ਜੀæਐਸ਼ ਔਜਲਾ ਦਾ ਪਿਤਾ ਸੁਚੇਤ ਸਿੰਘ ਔਜਲਾ ਸੀ।
ਮੈਨੂੰ ਇਸ ਹਸਤੀ ਦੀ ਦਲੀਲਬਾਜ਼ੀ, ਭਾਸ਼ਾ ਤੇ ਸ਼ਖਸੀਅਤ ਦੇ ਦਰਸ਼ਨ ਪੁਤਰ ਵਲੋਂ ਅੰਗਰੇਜ਼ੀ ਵਿਚ ਲਿਖੀ ਪਿਤਾ ਦੀ ਜੀਵਨੀ ‘ਏ ਫਿਊ ਮੋਰ ਪੈਟਰੀਆਟਸ’ ਵਿਚੋਂ ਹੋਏ ਹਨ। ਇਸ ਵਿਚ ਬੇਟੇ ਨੇ ਪਿਤਾ ਦੀ ਡਾਇਰੀ, ਦਸਤਾਵੇਜ਼ਾਂ ਤੇ ਚਿੱਠੀਆਂ ਵਿਚੋਂ ਉਹ ਟੂਕਾਂ ਦਿੱਤੀਆਂ ਹਨ ਜਿਨ੍ਹਾਂ ਦਾ ਟੁਟਵਾਂ ਵੇਰਵਾ ਦੀਵਾਨ ਜਰਮਨੀ ਦਾਸ ਦੀ ਰਚਨਾ ਮਹਾਰਾਜਾ ਵਿਚ ਵੀ ਮਿਲਦਾ ਹੈ। ਖਾਸ ਕਰਕੇ ਉਸ ਮਹਾਰਾਜਾ ਬਾਰੇ ਜਿਸ ਦੇ ਨਾਲ ਪਿਤਾ ਔਜਲਾ ਕੰਮ ਕਰਦਾ ਰਿਹਾ ਹੈ।
ਜੀ ਐਸ ਔਜਲਾ ਨੂੰ ਇਨ੍ਹਾਂ ਵਿਚੋਂ ਕੁਝ ਦਸਤਾਵੇਜ਼ ਵੇਖਣ ਲੰਡਨ ਵੀ ਜਾਣਾ ਪਿਆ। ਭਾਰਤ ਦੀ ਖੁਰਾਕ ਸਮੱਸਿਆ ਬਾਰੇ ਉਸ ਦਾ ਭਾਰਤੀ ਕਿਸਾਨੀ ਦੀਆਂ ਕੁੱਲੀ, ਗੁੱਲੀ, ਜੁੱਲੀ ਨਾਲ ਸਬੰਧਤ ਲੋੜਾਂ ਵਾਲਾ ਭਾਸ਼ਣ ਤੇ ਵੇਰਵਾ ਪੇਂਡੂ ਕਰਜ਼ਦਾਰੀ ਬਾਰੇ ਲਿਖੇ ਐਮ ਐਲ ਡਾਰਲਿੰਗ ਦੇ ਦਸਤਾਵੇਜ਼ ਨੂੰ ਮਾਤ ਪਾਉਂਦਾ ਹੈ।
ਸੁਚੇਤ ਸਿੰਘ ਔਜਲਾ ਨੇ 1928 ਵਿਚ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੀ ਐਮ ਏ ਕਰਨ ਉਪਰੰਤ ਲੰਡਨ ਜਾ ਕੇ ਆਈ ਸੀ ਐਸ ਦਾ ਲਿਖਤੀ ਇਮਤਿਹਾਨ ਵੀ ਪਾਸ ਕੀਤਾ ਹੋਇਆ ਸੀ। ਉਹ ਕਪੂਰਥਲਾ ਦੇ ਪਿੰਡ ਔਜਲਾ ਦਾ ਜੰਮਪਲ ਸੀ ਤੇ ਉਸ ਨੇ ਲਗਭਗ ਪੌਣੀ ਸਦੀ ਕਪੂਰਥਲਾ ਦੀ ਰਿਆਸਤ ਉਤੇ ਰਾਜ ਕਰਨ ਵਾਲੇ ਮਹਾਰਾਜਾ ਜਗਤਜੀਤ ਸਿੰਘ ਨਾਲ, ਡੀ ਐਸ ਪੀ, ਆਈ ਜੀ ਪੀ, ਚੋਣ ਅਧਿਕਾਰੀ, ਜੱਜ, ਨਿਰਦੇਸ਼ਕ ਤੇ ਸਕੱਤਰ ਦੀ ਪਦਵੀ ‘ਤੇ ਕੰਮ ਕੀਤਾ ਸੀ। ਰਿਆਸਤੀ ਮਾਣ ਸਨਮਾਨ ਦੇ ਹੁੰਦਿਆਂ ਸੁੰਦਿਆਂ ਉਹ ਮਨ ਮਰਜ਼ੀ ਨਾਲ ਅਸਤੀਫਾ ਦੇ ਕੇ ਪਰਜਾ ਮੰਡਲ ਵਿਚ ਜਾ ਕੁੱਦਿਆ ਸੀ। ਇਸ ਕੁਰਬਾਨੀ ਸਦਕਾ ਉਹ ਦੇਸ਼ ਭਗਤਾਂ ਵਿਚ ਗਿਣਿਆ ਗਿਆ ਜਿਹੜਾ ਕਿ ਔਜਲਾ ਦੀ ਜੀਵਨੀ ਦਾ ਸਿਰਲੇਖ ਹੈ। 284 ਮੈਂਬਰਾਂ ਦੇ ਦਸਤਖਤਾਂ ਵਾਲੇ ਭਾਰਤੀ ਸੰਵਿਧਾਨ ਦੇ ਹਿੰਦੀ ਅਨੁਵਾਦ ਉਤੇ ਪੰਜਾਬੀ ਵਿਚ ਦਸਤਖਤ ਕਰਨ ਵਾਲੇ ਕੇਵਲ ਚਾਰ ਮੈਂਬਰਾਂ ਵਿਚੋਂ ਇਕ ਉਹ ਵੀ ਸੀ। ਦੂਜੇ ਮੈਂਬਰ, ਸ਼ ਬਲਦੇਵ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਰ ਤੇ ਸਰਦਾਰ ਬਹਾਦਰ ਰਣਜੀਤ ਸਿੰਘ ਸਨ। ਚੇਤੇ ਰਹੇ ਕਿ ਇਸ ਕਾਪੀ ਉਤੇ ਸ਼ੇਖ ਮੁਹੰਮਦ ਅਬਦੁੱਲਾ ਤੇ ਸਰ ਜੋਗਿੰਦਰ ਸਿੰਘ ਨੇ ਰਾਜਿੰਦਰ ਪ੍ਰਸ਼ਾਦ, ਪੰਡਤ ਨਹਿਰੂ ਤੇ ਸਰਦਾਰ ਪਟੇਲ ਵਾਂਗ ਹਿੰਦੀ ਵਿਚ ਦਸਤਖਤ ਕੀਤੇ ਸਨ।
ਪੁਸਤਕ ਵਿਚ ਸਰਦਾਰ ਸੁਚੇਤ ਸਿੰਘ ਦੇ ਵੇਰਵਿਆਂ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਹੈ। ਮਹਾਰਾਜਾ ਜਗਤਜੀਤ ਸਿੰਘ ਦੀ ਭਵਨ ਉਸਾਰੀ ਵਿਚ ਸਿਖਰ ਦੀ ਦਿਲਚਸਪੀ ਤੋਂ ਬਿਨਾਂ ਉਨ੍ਹਾਂ ਨਿਰਦੇਸ਼ਾਂ ਦਾ ਵੀ ਵਰਣਨ ਹੈ ਜਿਨ੍ਹਾਂ ਰਾਹੀਂ ਦੀਵਾਨ ਜਰਮਨੀ ਦਾਸ ਨੂੰ ਸਜ਼ਾਵਾਂ ਜਾਂ ਮੁਆਫੀਆਂ ਦਿੱਤੀਆਂ ਗਈਆਂ ਸਨ। ਇਹ ਦਸਤਾਵੇਜ਼ ਪੁੱਤਰ ਨੂੰ ਪਿਤਾ ਦੀਆਂ ਫਾਈਲਾਂ ਵਿਚੋਂ ਮਿਲੇ ਹਨ। ਪੁਸਤਕ ਦਸਦੀ ਹੈ ਕਿ ਮਹਾਰਾਜਾ ਨੇ ਸਾਰੇ ਭਵਨ ਯੂਰਪ ਤੋਂ ਉਚ ਕੋਟੀ ਦੇ ਆਰਕੀਟੈਕਟ ਬੁਲਾ ਕੇ ਉਨ੍ਹਾਂ ਨੂੰ ਭਾਰਤੀ ਮਾਹਰਾਂ ਦੀ ਸੰਗਤ ਪ੍ਰਦਾਨ ਕਰਕੇ ਤਿਆਰ ਕਰਵਾਏ ਸਨ। ਕੀ ਰਾਜ ਮਹੱਲ ਤੇ ਕੀ ਗੁਰਦੁਆਰਾ, ਮਸਜਿਦ, ਕਲੱਬ ਅਤੇ ਜਲਾਓ ਖਾਨਾ। ਸਾਰੇ ਦੇ ਸਾਰੇ। ਇਨ੍ਹਾਂ ਵਿਚੋਂ ਇਕ ਨੂੰ ਹੁਣ ਕੌਮੀ ਯਾਦਗਾਰ ਦਾ ਦਰਜਾ ਮਿਲ ਚੁੱਕਿਆ ਹੈ।
ਜੀ ਐਸ ਔਜਲਾ ਖੁਦ ਅੰਗਰੇਜ਼ੀ ਦੀ ਐਮ ਏ ਹੈ। ਪੁਸਤਕ ਦੀ ਭਾਸ਼ਾ, ਦਿੱਖ ਤੇ ਪੇਸ਼ਕਾਰੀ ਵਿਚੋਂ ਪਿਤਾ ਦੀ ਸੂਰਤ ਤੇ ਸੀਰਤ ਦਾ ਭੁਲੇਖਾ ਪੈਣਾ ਕੁਦਰਤੀ ਹੈ। ਉਹ ਕਿਸੇ ਜੀ ਬੀ ਸ਼ਾਅ ਨਾਲ ਵਾਦ-ਵਿਵਾਦ ਕਰਨ ਦੀ ਯੋਗਤਾ ਰੱਖੇ ਨਾ ਰਖੇ, ਬਹੁਤਾ ਘੱਟ ਵੀ ਨਹੀਂ। ਪੁਸਤਕ ਪੜ੍ਹਨ ਤੇ ਮਾਨਣ ਵਾਲੀ ਹੈ।
ਬਰਮਿੰਘਮ ਵਿਚ ਚੱਪਣ ਕੱਦੂ: ਕੀ ਤੁਸੀਂ ਜਾਣਦੇ ਹੋ ਕਿ ਬਰਮਿੰਘਮ (ਯੂ ਕੇ) ਵਿਚ ਪੰਜਾਬ ਦਾ ਚੱਪਣ ਕੱਦੂ ਖੂਬ ਹੁੰਦਾ ਹੈ। ਪੈਦਾ ਕਰਨ ਵਾਲਾ ਫਲੌਰ ਨੇੜਲੇ ਪਿੰਡ ਕੰਗ ਜਗੀਰ ਦਾ ਦੀਦਾਰ ਸਿੰਘ ਹੈ। ਉਹ 1968 ਦਾ ਉਥੇ ਗਿਆ ਹੋਇਆ ਹੈ। ਉਦੋਂ ਸਾਡੇ ਲੋਕ ਬਰਮਿੰਘਮ ਨੂੰ ਬਰਮੀਂ ਗਾਓਂ ਕਿਹਾ ਕਰਦੇ ਸਨ। ਉਥੇ ਦੀਦਾਰ ਸਿੰਘ ਜਾਰਜ ਮੌਰਿਸ ਦੀ ਸੰਗਤ ਵਿਚ ਉਸ ਦੇ ਮੂਰ ਗਰੀਨ ਫਾਰਮ ਵਿਚ ਸਬਜ਼ੀਆਂ ਪੈਦਾ ਕਰਦਾ ਹੈ। ਇਨ੍ਹਾਂ ਵਿਚ ਲਾਲ ਮਿਰਚ, ਬੰਦ ਗੋਭੀ, ਫੁੱਲ ਗੋਭੀ, ਆਲੂ, ਮੇਥੀ, ਪਾਲਕ ਤੇ ਗੰਢੇ ਵੀ ਹੁੰਦੇ ਹਨ ਪਰ ਭਾਰਤੀ ਚੱਪਣ ਕੱਦੂ ਦੀ ਸਰਦਾਰੀ ਹੈ। ਕਈ ਵਾਰੀ ਇਹ ਹੱਥਾਂ ਨਾਲ ਚੁਕਿਆ ਵੀ ਨਹੀਂ ਜਾਂਦਾ। ਦੀਦਾਰ ਤੇ ਜਾਰਜ ਦੋਨੋਂ ਸ਼ੋਰਬੇ ਵਾਲੇ ਪਕਵਾਨਾਂ ਦੇ ਸ਼ੌਕੀਨ ਹਨ। ਅਜ ਬਰਮਿੰਘਮ ਵਿਚ ਉਨ੍ਹਾਂ ਦੀ ਚੜ੍ਹਤ ਮੀਡੀਆ ਵੀ ਪਰਵਾਨ ਕਰਦਾ ਹੈ। ਦੀਦਾਰ ਸਿੰਘ ਇਥੋਂ ਦੇ ਬੀਜ ਉਥੇ ਜਾ ਕੇ ਬੀਜਦਾ ਹੈ। ਜਦੋਂ ਗੰਢਿਆਂ ਦੀ ਗੱਲ ਹੋਈ ਤਾਂ ਮੈਂ ਉਹਦੇ ਕੋਲ ਆਪਣੇ ਗੰਢੇ ਮਹਿੰਗੇ ਹੋਣ ਦਾ ਰੋਣਾ ਰੋਇਆ। ‘ਤੁਹਾਡੇ ਗੰਢੇ ਮਹਿੰਗੇ ਨਹੀਂ ਹੋਏ ਤੁਹਾਡਾ ਰੁਪਈਆ ਸਸਤਾ ਹੋ ਗਿਆ ਹੈ’, ਉਸ ਨੇ ਹੱਸ ਕੇ ਉਤਰ ਦਿੱਤਾ। ਉਹ ਹਰ ਸਾਲ ਆਪਣੇ ਪਿੰਡ ਕੰਗ ਜਗੀਰ ਆਉਂਦਾ ਹੈ। ਇਹ ਮੇਰੀ ਭੂਆ ਦਾ ਪਿੰਡ ਹੈ। ਇਥੋਂ ਬੜੇ ਬੰਦੇ ਵਲਾਇਤ ਜਾ ਕੇ ਪੌਂਡ ਕਮਾ ਰਹੇ ਹਨ। ਸੌ ਸੌ ਰੁਪਏ ਦਾ ਪੌਂਡ। ਬਰਮਿੰਘਮ ਵਿਚ ਇਹ ਪੌਂਡ ਪੰਜਾਬ ਦਾ ਚੱਪਣ ਕੱਦੂ ਪੈਦਾ ਕਰਦਾ ਹੈ।
ਅੰਤਿਕਾ: (ਹਰਿਭਜਨ ਸਿੰਘ)
ਮੈਂ ਗ਼ਮ ਦੇ ਸਮੁੰਦਰ ‘ਚ ਡੁੱਬਦਾ ਨਹੀਂ ਹਾਂ
ਤੇਰੇ ਗ਼ਮ ਦੇ ਮੈਨੂੰ ਸਹਾਰੇ ਬੜੇ ਨੇ।
ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ
ਅੜੇ ਮੇਰੇ ਪੈਰੀਂ ਕਿਨਾਰੇ ਬੜੇ ਨੇ।
Leave a Reply