ਚੰਡੀਗੜ੍ਹ: ਇਸ ਵਾਰ ਲੋਕ ਸਭਾ ਚੋਣਾਂ ਪੰਜਾਬ ਦੀਆਂ ਰਵਾਇਤੀ ਧਿਰਾਂ (ਕਾਂਗਰਸ ਤੇ ਅਕਾਲੀ ਦਲ) ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਦੋਵਾਂ ਧਿਰਾਂ ਵੱਲੋਂ ਜਿਵੇਂ-ਜਿਵੇਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਪਾਰਟੀ ਅੰਦਰ ਬਾਗੀ ਸੁਰਾਂ ਤਿੱਖੀਆਂ ਹੋ ਰਹੀਆਂ ਹਨ। ਅਕਾਲੀ ਦਲ ਅਤੇ ਕਾਂਗਰਸ ਲਈ ਸਭ ਤੋਂ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਟਕਸਾਲੀ ਆਗੂਆਂ ਦਾ ਵੱਡਾ ਧੜਾ ਬਾਹਰੀ ਜਾਂ ਦਲ ਬਦਲੂ ਉਮੀਦਵਾਰਾਂ ਨੂੰ ਅੱਗੇ ਕਰਨ ਤੋਂ ਨਾਰਾਜ਼ ਹੈ।
ਅਕਾਲੀ ਦਲ ਲਈ ਸਭ ਤੋਂ ਵੱਡੀ ਚੁਣੌਤੀ ਢੀਂਡਸਾ ਪਰਿਵਾਰ ਬਣ ਗਿਆ ਹੈ ਜਿਸ ਨੇ ਇਸ ਦੇ ਸੰਗਰੂਰ ਤੋਂ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੂੰ ਹਮਾਇਤ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਢੀਂਡਸਾ ਪਰਿਵਾਰ ਸੰਗਰੂਰ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਹੈ। ਇਹੀ ਹਾਲ ਕਾਂਗਰਸ ਦਾ ਹੈ ਜਿਸ ਦੇ ਪਟਿਆਲਾ ਤੋਂ ਧਰਮਵੀਰ ਗਾਂਧੀ ਅਤੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਨੇ ਫ਼ਰੀਦਕੋਟ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਹੈ ਅਤੇ ਫ਼ਰੀਦਕੋਟ (ਰਾਖਵਾਂ) ਤੋਂ ਅਮਰਜੀਤ ਕੌਰ ਸਾਹੋਕੇ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਹਲਕਾ ਹੁਸ਼ਿਆਰਪੁਰ (ਰਾਖਵਾਂ) ਤੋਂ ਯਾਮਿਨੀ ਗੋਮਰ ਨੂੰ ਉਮੀਦਵਾਰ ਬਣਾਇਆ ਹੈ। ਇਹ ਦੋਵੇਂ ਹਲਕਿਆਂ ਤੋਂ ਦਲ-ਬਦਲੂ ਨੇਤਾਵਾਂ ਨੂੰ ਉਮੀਦਵਾਰ ਬਣਾਇਆ ਹੈ ਜਿਸ ਤੋਂ ਟਕਸਾਲੀ ਆਗੂ ਔਖੇ ਹਨ।
ਕਾਂਗਰਸ ਨੇ ਪਹਿਲੀ ਸੂਚੀ ਜਲੰਧਰ ਤੋਂ ਚਰਨਜੀਤ ਚੰਨੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਬਠਿੰਡਾ ਤੋਂ ਜੀਤ ਮਹਿੰਦਰ ਸਿੱਧੂ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਤੇ ਫ਼ਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਨੂੰ ਉਮੀਦਵਾਰ ਐਲਾਨਿਆ ਸੀ। ਕਾਂਗਰਸ ਹੁਣ ਤੱਕ ਅੱਠ ਉਮੀਦਵਾਰ ਐਲਾਨ ਚੁੱਕੀ ਹੈ; ਬਾਕੀ ਪੰਜ ਹਲਕਿਆਂ ‘ਤੇ ਪੇਚ ਫਸਦਾ ਨਜ਼ਰ ਆ ਰਿਹਾ ਹੈ। ਸੰਭਾਵਨਾ ਦੇ ਉਲਟ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੀ ਟਿਕਟ ਦਾ ਐਲਾਨ ਦੂਜੀ ਸੂਚੀ ਵਿਚ ਨਹੀਂ ਹੋ ਸਕਿਆ ਹੈ। ਕਾਂਗਰਸ ਨੇ ਹਲਕਾ ਖਡੂਰ ਸਾਹਿਬ, ਅਨੰਦਪੁਰ ਸਾਹਿਬ, ਫ਼ਿਰੋਜ਼ਪੁਰ, ਗੁਰਦਾਸਪੁਰ ਅਤੇ ਹਲਕਾ ਲੁਧਿਆਣਾ ਤੋਂ ਅਜੇ ਆਪਣੇ ਉਮੀਦਵਾਰ ਐਲਾਨਣੇ ਹਨ। ਰਾਣਾ ਗੁਰਜੀਤ ਸਿੰਘ ਆਪਣੇ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਲਈ ਵੀ ਟਿਕਟ ਦੇ ਚਾਹਵਾਨ ਹਨ। ਗੁਰਦਾਸਪੁਰ ਹਲਕੇ ਤੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਰਿੰਦਰਮੀਤ ਸਿੰਘ ਪਾਹੜਾ ਦੇ ਨਾਮ ਦੀ ਚਰਚਾ ਹੈ। ਖਡੂਰ ਸਾਹਿਬ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੇ ਖ਼ੁਦ ਹੀ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਹੈ।
ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇਣ ਖ਼ਿਲਾਫ਼ ਰਾਜਪੁਰਾ ਵਿਚ ਰੱਖੀ ਟਕਸਾਲੀ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੀ ਰੈਲੀ ਵਿਚ ਤੈਅ ਹੋਇਆ ਕਿ ਗਾਂਧੀ ਲਈ ਵੋਟਾਂ ਮੰਗਣ ਨਹੀਂ ਤੁਰਨਗੇ। ਇਥੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਉਮੀਦਵਾਰ ਬਣਾਉਣ ਦੀ ਮੰਗ ਉਠ ਰਹੀ ਹੈ। ਕੰਬੋਜ ਨੇ ਸਵਾਲ ਵੀ ਕੀਤਾ ਕਿ ਡਾ. ਗਾਂਧੀ ਬਾਰੇ ਪਾਰਟੀ ਹਾਈਕਮਾਨ ਦਾ ਕਹਿਣਾ ਹੈ ਕਿ ਡਾ. ਗਾਂਧੀ ਇਮਾਨਦਾਰ ਹਨ; ਕੀ ਉਹ (ਸਾਰੇ ਟਕਸਾਲੀ) ਬੇਈਮਾਨ ਹਨ? ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਨੇ ਉਨ੍ਹਾਂ ਦੀ ਇਮਾਨਦਾਰੀ ਅਤੇ ਮਿਹਨਤ ‘ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਸਾਬਕਾ ਮੰਤਰੀ ਲਾਲ ਸਿੰਘ ਦਾ ਕਹਿਣਾ ਹੈ ਕਿ ਡਾ. ਗਾਂਧੀ ਨੂੰ ਟਿਕਟ ਦੇਣ ਦਾ ਉਨ੍ਹਾਂ ਨੂੰ ਰੋਸ ਹੈ ਅਤੇ ਰਹੇਗਾ ਪਰ ਉਹ ਪਾਰਟੀ ਤੋਂ ਬਾਹਰ ਨਹੀਂ ਹਨ ਅਤੇ ਪਾਰਟੀ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉਣਗੇ।
ਕਾਂਗਰਸ ਲਈ ਲੁਧਿਆਣਾ ਸੀਟ ਵੀ ਵੱਡੀ ਵੰਗਾਰ ਬਣ ਗਈ ਹੈ। ਇਥੇ ਕਾਂਗਰਸ ਦੇ ਪਿਛਲੀ ਵਾਰ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭਾਜਪਾ ਵੱਲੋਂ ਚੋਣ ਮੈਦਾਨ ‘ਚ ਡਟੇ ਹੋਏ ਹਨ। ਹੁਣ ਕਾਂਗਰਸ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ‘ਚ ਹੈ। ਬਿੱਟੂ ਅਤੇ ਆਸ਼ੂ ਦੀ ਜੋੜੀ ਪਿਛਲੇ 10 ਸਾਲ ਤੋਂ ਲਗਾਤਾਰ ਇਕੱਠੇ ਚੋਣ ਮੈਦਾਨ ਵਿਚ ਉੱਤਰਦੀ ਸੀ। ਕਾਂਗਰਸ ਵਿਚ ਆਨੰਦਪੁਰ ਸਾਹਿਬ ਤੋਂ ਸਾਲ 2014 ਵਿਚ ਟਿਕਟ ਮਿਲਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੀ ਯਾਰੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਪਈ ਸੀ। ਹੁਣ ਇਹ ਦੋਵੇਂ ਆਗੂ ਇਥੋਂ ਆਹਮੋ-ਸਾਹਮਣੇ ਹੋਣਗੇ। ਇਹੀ ਨਹੀਂ, ਕਾਂਗਰਸ ਵੱਲੋਂ ਚੰਡੀਗੜ੍ਹ ਵਿਚ ਬਾਹਰੋਂ ਲਿਆ ਕੇ ਉਤਾਰੇ ਮਨੀਸ਼ ਤਿਵਾੜੀ ਖਿਲਾਫ ਵੱਡੇ ਪੱਧਰ ਉਤੇ ਬਗਾਵਤ ਖੜ੍ਹੀ ਹੋਈ ਹੈ ਅਤੇ 100 ਤੋਂ ਵੱਧ ਆਗੂ ਪਾਰਟੀ ਨੂੰ ਅਲਵਿਦਾ ਆਖ ਗਏ ਹਨ। ਮੌਜੂਦਾ ਹਾਲਾਤ ਦੱਸ ਰਹੇ ਹਨ ਕਿ ਕਾਂਗਰਸ ਅਤੇ ਅਕਾਲੀ ਦਲ ਲਈ ਅੰਦਰੂਨੀ ਬਗਾਵਤ ਵੱਡੀ ਚੁਣੌਤੀ ਖੜ੍ਹੀ ਕਰ ਸਕਦੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਵੱਲੋਂ ਬੜੀ ਝਿਜਕ ਨਾਲ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਭਾਜਪਾ ਬਾਰੇ ਸੁਰ ਤਿੱਖੇ ਕੀਤੇ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੇ ਸਿਆਸੀ ਹਾਲਾਤ ਵਿਚ ਸਿਰਫ ਇਕ ਖੇਤਰੀ ਪਾਰਟੀ ਹੀ ਪੰਜਾਬੀਆਂ ਦੀਆਂ ਆਸਾਂ ‘ਤੇ ਖਰੀ ਉਤਰ ਸਕਦੀ ਹੈ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਘੱਟਗਿਣਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੱਟ ਗਿਣਤੀਆਂ ਦੇ ਵਿਰੁੱਧ ਬਿਆਨ ਨਹੀਂ ਦੇਣਾ ਚਾਹੀਦਾ ਸੀ। ਭਾਜਪਾ ਦੀ ਇਕ ਭਾਈਚਾਰੇ ਨੂੰ ਦੂਜੇ ਨਾਲ ਭਾਈਚਾਰੇ ਨਾਲ ਲੜਾਉਣ ਦੀ ਨੀਤੀ ਦੇਸ਼ ਦੇ ਹਿੱਤ ਵਿਚ ਨਹੀਂ ਹੈ।