ਅਕਾਲੀ ਦਲ ਵੱਲੋਂ ਇਨੈਲੋ ਦੀ ਹਮਾਇਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਅਕਾਲੀ ਦਲ ਦੀ ਹਰਿਆਣਾ ਯੂਨਿਟ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਅਤੇ ਇਨੈਲੋ ਦੇ ਜਨਰਲ ਸਕੱਤਰ ਅਭੈ ਚੌਟਾਲਾ ਨੇ ਮੀਟਿੰਗ ਕਰ ਕੇ ਕੀਤਾ ਹੈ। ਸ੍ਰੀ ਚੌਟਾਲਾ ਨੇ ਅਕਾਲੀ ਦਲ ਦੀ ਹਰਿਆਣਾ ਇਕਾਈ ਵੱਲੋਂ ਇਨੈਲੋ ਦੀ ਹਮਾਇਤ ਕਰਨ ਦੇ ਫ਼ੈਸਲੇ ਲਈ ਧੰਨਵਾਦ ਕੀਤਾ।

ਸ੍ਰੀ ਚੌਟਾਲਾ ਨੇ ਕਿਹਾ ਕਿ ਇਨੈਲੋ ਅਤੇ ਅਕਾਲੀ ਦਲ ਰਵਾਇਤੀ ਗੱਠਜੋੜ ਦੇ ਭਾਈਵਾਲ ਹਨ ਅਤੇ ਇਨ੍ਹਾਂ ਦੀ ਏਕਤਾ ਸਦਕਾ ਆਉਂਦੀਆਂ ਚੋਣਾਂ ਵਿਚ ਇਨੈਲੋ ਸਾਰੀਆਂ ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਦੇਸ਼ ਦੀਆਂ ਵੱਡੀਆਂ ਸਿਆਸੀ ਧਿਰਾਂ ਵੱਲੋਂ ਖੇਤਰੀ ਪਾਰਟੀਆਂ ਨੂੰ ਹਾਸ਼ੀਏ ‘ਤੇ ਲਿਆ ਕੇ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਿਰਫ਼ ਖੇਤਰੀ ਪਾਰਟੀਆਂ ਹੀ ਖਿੱਤੇ ਦੇ ਲੋਕਾਂ ਦੀਆਂ ਆਸਾਂ ਪੂਰੀਆਂ ਕਰ ਸਕਦੀਆਂ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਨੈਲੋ ਅਤੇ ਅਕਾਲੀ ਦਲ ਦੇ ਹੱਥ ਮਿਲਾਉਣ ਨਾਲ ਹਰਿਆਣਾ ਦੇ ਲੋਕਾਂ ਦੀਆਂ ਆਸਾਂ ਪੂਰੀਆਂ ਹੋ ਸਕਣਗੀਆਂ। ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਰਟੀ ਨੇ ਹਰਿਆਣਾ ਵਿਚ ਆਪਣੇ ਵਰਕਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਨੈਲੋ ਹੀ ਇਕਲੌਤੀ ਪਾਰਟੀ ਹੈ ਜੋ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ-ਨਾਲ ਦਬੇ ਕੁਚਲੇ ਲੋਕਾਂ ਲਈ ਖੜ੍ਹਦੀ ਹੈ। ਪਾਰਟੀ ਜਲਦੀ ਹੀ ਆਪਣੀ ਹਰਿਆਣਾ ਟੀਮ ਨੂੰ ਫੀਲਡ ਵਿਚ ਤਾਇਨਾਤ ਕਰੇਗੀ ਅਤੇ ਇਨੈਲੋ ਦੀ ਹਮਾਇਤ ਵਾਸਤੇ ਡਿਊਟੀਆਂ ਲਾਈਆਂ ਜਾਣਗੀਆਂ।