ਚਹੁੰ ਜ਼ਿਲਿ੍ਹਆਂ ਦੇ ਚਾਰ ਪਿੰਡਾਂ ਦੀ ਗੱਲ

ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਇਹ ਸਬੱਬ ਦੀ ਗੱਲ ਹੈ ਕਿ ਇਨ੍ਹਾਂ ਸਤਰਾਂ ਦੇ ਲੇਖਕ ਦਾ ਪਿਛਲੇ ਹਫਤੇ ਜਿਨ੍ਹਾਂ ਪਿੰਡਾਂ ਨਾਲ ਵਾਹ ਪਿਆ ਉਨ੍ਹਾਂ ਵਿਚੋਂ ਚਾਰ ਵੱਖੋ ਵੱਖਰੇ ਕਾਰਨਾਂ ਹਿੱਤ ਚਰਚਾ ਵਿਚ ਹਨ| ਗੁਰਦਾਸਪੁਰ ਜ਼ਿਲ੍ਹੇ ਦੀ ਧਾਰੀਵਾਲ ਤਹਿਸੀਲ ਦਾ ਪਿੰਡ ਲਹਿਲ ਕਲਾਂ ਉਸ ਪਿੰਡ ਦੇ ਜੰਮਪਲ ਲਿਖਾਰੀ ਡਾ. ਸਰਬਜੀਤ ਸਿੰਘ ਛੀਨਾ ਸਦਕਾ ਚਰਚਾ ਵਿਚ ਹੈ|

ਉਸਦੀ ਆਪਣੇ ਪਿੰਡ ਬਾਰੇ ਲਿਖੀ ਪੰਜਾਬੀ ਪੁਸਤਕ ‘ਮੇਰਾ ਪਿੰਡ ਆਪਣੇ ਲੋਕ’ ਦਾ ਅੰਗਰੇਜ਼ੀ ਅਨੁਵਾਦ ਐਮਾਜ਼ੋਨ ਨੇ ਅਪਣਾ ਲਿਆ ਹੈ ਤੇ ਸੈਂਕੜੇ ਦੇਸ਼ਾਂ ਵਿਚ ਚਰਚਿਤ ਹੈ| ਹੁਣ ਇਸ ਪਿੰਡ ਦੀ ਰਹਿਣੀ-ਸਹਿਣੀ ਤੇ ਸਭਿਆਚਾਰ ਨੂੰ ਚਾਰ ਚੰਨ ਲੱਗ ਚੁੱਕੇ ਹਨ| ਲੰਘੇ ਹਫਤੇ ਉਸ ਨੂੰ ਟੈਲੀਫੋਨ ਮਿਲਾਇਆ ਤਾਂ ਉਹ ਇਸ ਹੀ ਪਿੰਡ ਤੋਂ ਬੋਲ ਰਿਹਾ ਸੀ| ਉਥੇ ਵਿਸਾਖੀ ਦਾ ਮੇਲਾ ਮਨਾਇਆ ਜਾ ਰਿਹਾ ਸੀ ਜਿਹੜਾ ਮੁੱਢ ਕਦੀਮੋਂ ਏਥੇ ਲੱਗਦਾ ਆ ਰਿਹਾ ਹੈ| ਗਵਾਂਢੀ ਪਿੰਡਾਂ ਦੇ ਲੋਕ ਪੈਰਾਂ ਨਾਲੋਂ ਭਾਰੇ ਘੁੰਗਰੂ ਪਹਿਨ ਕੇ ਭੰਗੜਾ ਪਾਉਂਦੇ ਹਨ| ਉਨ੍ਹਾਂ ਦਾ ਅੰਗ-ਅੰਗ ਘੁੰਗਰੂਆਂ ਨਾਲ ਲੱਦਿਆ ਹੁੰਦਾ ਹੈ| ਰੌਣਕ ਦੀ ਕੋਈ ਹੱਦ ਨਹੀਂ ਰਹਿੰਦੀ|
ਇਸ ਪਿੰਡ ਵਿਚ ਤਪੱਸਵੀ ਬਾਬਾ ਕੌਲ ਦਾਸ ਦਾ ਮੰਦਰ ਵੀ ਹੈ ਜਿੱਥੇ ਹਰ ਰੋਜ਼ ਲੰਗਰ ਲਗਦਾ ਹੈ ਜਿੱਥੇ ਹਿੰਦੂ, ਸਿੱਖ, ਈਸਾਈ ਰਲ-ਮਿਲ ਖਾਣਾ ਖਾਂਦੇ ਹਨ| ਏਥੇ ਉਨ੍ਹਾਂ ਦੇ ਰਹਿਣ ਦਾ ਉਚੇਚਾ ਪ੍ਰਬੰਧ ਹੈ| ਜਿਸ ਵੇਲੇ ਡਾਕਟਰ ਛੀਨਾ ਨਾਲ ਗੱਲ ਹੋਈ ਕੱਬਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ| ਹੋਰ ਟੂਰਨਾਮੈਂਟ ਵੀ ਹੁੰਦੇ ਰਹਿੰਦੇ ਹਨ| ਇਸ ਮੇਲੇ ਦੀ ਮੁੱਖ ਵਿਲੱਖਣਤਾ ਇਸਦੇ ਅੰਤਲੇ ਦਿਨ ਸਦਕਾ ਹੈ ਜਿੱਥੇ ਔਰਤਾਂ ਤੋਂ ਬਿਨਾ ਕੋਈ ਹੋਰ ਸ਼ਾਮਲ ਨਹੀਂ ਹੋ ਸਕਦਾ| ਇਕ ਧਾਰਨਾ ਅਨੁਸਾਰ ਬਾਬਾ ਕੌਲ ਦਾਸ ਨੂੰ ਜਹਾਂਗੀਰ ਬਾਦਸ਼ਾਹ ਨੇ ਜਗੀਰ ਦਿੱਤੀ ਸੀ ਜਿਸ ਵਿਚ 40 ਏਕੜ ਜ਼ਮੀਨ ਵੀ ਸ਼ਾਮਲ ਸੀ|
ਡਾ. ਛੀਨਾ ਨੇ ਉਸ ਮੁਸਲਮਾਨ ਔਰਤ ਦੀ ਗੱਲ ਵੀ ਦੱਸੀ ਜਿਹੜੀ ਸੰਨ ਸੰਤਾਲੀ ਵਿਚ ਏਥੇ ਰਹਿ ਗਈ ਸੀ| ਉਸਨੇ ਇੱਕ ਹਿੰਦੂ ਨਾਲ ਵਿਆਹ ਕੀਤਾ ਤਾਂ ਮੰਦਰ ਵੀ ਜਾਂਦੀ ਰਹੀ| ਉਸ ਹਿੰਦੂ ਦੀ ਮੌਤ ਹੋਈ ਤਾਂ ਉਸਨੂੰ ਪਿੰਡ ਦੇ ਧੜੱਲੇਦਾਰ ਤੇ ਦਯਾਵਾਨ ਵਿਅਕਤੀ ਗਿਆਨੀ ਕਰਤਾਰ ਸਿੰਘ ਨੇ ਆਪਣੇ ਘਰ ਵਸਾ ਲਿਆ| ਨਵੇਂ ਟਿਕਾਣੇ ਤੋਂ ਉਹ ਮੰਨ ਨਾਲ ਗੁਰਦੁਆਰੇ ਵੀ ਜਾਂਦੀ ਰਹੀ| ਏਥੋਂ ਤਕ ਕਿ ਉਸਨੂੰ ਪਿੰਡ ਵਾਲੇ ਗਿਆਨਣ ਕਹਿਣ ਲੱਗ ਪਏ| ਖੂਬੀ ਇਹ ਕਿ ਗਿਆਨੀ ਜੀ ਦੇ ਅਕਾਲ ਚਲਾਣੇ ਤੋਂ ਪਿਛੋਂ ਉਸਨੇ ਉਹ ਵਾਲਾ ਘਰ ਛੱਡ ਕੇ ਗੁਰਦੁਆਰੇ ਵਿਚ ਠਾਹਰ ਲੈ ਲਈ, ਜਿੱਥੇ ਉਸਨੇ ਆਪਣੇ ਜੀਵਨ ਦੇ ਅੰਤਲੇ ਸਾਲ ਬਤੀਤ ਕੀਤੇ ਤੇ ਸੁਆਸ ਤਿਆਗੇ|
ਦੂਜਾ ਪਿੰਡ ਭੜੀ, ਖੰਨਾ-ਖਮਾਣੋਂ ਸੜਕ ਉੱਤੇ ਪੈਂਦਾ ਹੈ ਤੇ ਮੇਰੇ ਬਚਪਨ ਸਮੇਂ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਦਾ ਹਿੱਸਾ ਸੀ| ਪੰਥ ਪ੍ਰਕਾਸ਼ ਦੇ ਰਚੇਤਾ ਭਾਈ ਰਤਨ ਸਿੰਘ ਭੰਗੂ ਵੀ ਭੜੀ ਦੇ ਜੰਮਪਲ ਸਨ| ਮੁਗਲਾਂ ਦੀ ਚੜ੍ਹਤ ਸਮੇਂ ਭਾਈ ਸਾਹਿਬ ਦੇ ਵਡਾਰੂ ਮਹਿਤਾਬ ਸਿੰਘ ਨੇ ਭਾਈ ਸੁੱਖਾ ਸਿੰਘ ਨਾਲ ਰਲ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਦਾ ਸਿਰ ਵੱਢਿਆ ਸੀ| ਇਹ ਪਿੰਡ ਕਈ ਮਹਾਰਥੀਆਂ ਦਾ ਜਨਮ ਦਾਤਾ ਹੈ| ਉਸ ਪਿੰਡ ਦੇ ਜੰਮਪਲ ਦਲਜੀਤ ਸਿੰਘ ਭੰਗੂ ਨੇ ਉਥੇ ਭਾਈ ਰਤਨ ਸਿੰਘ ਯਾਦਗਾਰੀ ਲਾਇਬਰੇਰੀ ਹੀ ਨਹੀਂ ਖੋਲ੍ਹੀ ਉਸ ਪਿੰਡ ਦੇ ਪੁਰਾਣੇ ਵਿਦਿਆਰਥੀਆਂ ਦੀ ਐਲੂਮੀਨਾਈ ਸੰਸਥਾ ਵੀ ਸਥਾਪਤ ਕੀਤੀ ਹੈ| ਇਸਦਾ ਲੋਗੋ ‘ਸ਼ੁੱਧ ਗਿਆਨ, ਸਹੀ ਸਮਝ, ਸੁੱਚਾ ਕਰਮ’ ਹੈ| ਦਲਜੀਤ ਸਿੰਘ ਸੇਵਾ ਮੁਕਤ ਪੀ ਸੀ ਐਸ ਅਫਸਰ ਹੈ ਤੇ ਮੇਰਾ ਮਿੱਤਰ ਵੀ| ਉਸਨੇ ਮੈਨੂੰ ਨਵ ਸਥਾਪਤ ਸੰਸਥਾ ਦਾ ਸਰਪ੍ਰਸਤ ਥਾਪ ਕੇ ਨਿਵਾਜਿਆ ਹੈ| ਮੈਂ ਆਪਣੇ ਬਚਪਨ ਸਮੇਂ ਭੜੀ ਵਾਲੇ ਹਾਇਰ ਸੈਕੰਡਰੀ ਸਕੂਲ ਵਿਚ ਪੜ੍ਹਦਾ ਸਾਂ ਤਾਂ ਇਸਦਾ ਦਰਜਾ ਪ੍ਰਾਇਮਰੀ ਤੱਕ ਸੀਮਤ ਸੀ ਤੇ ਸਕੂਲ ਦੀ ਕਮਾਂਡ ਇੱਕ ਮੌਲਵੀ ਕੋਲ ਸੀ| ਮੇਰੇ ਦਾਖਲੇ ਸਮੇਂ ਮੌਲਵੀ ਸਾਹਿਬ ਨੇ ਮੇਰੇ ਨਾਨਾ ਜੀ ਤੋਂ ਮੇਰੀ ਉਮਰ ਪੁੱਛੀ ਤਾਂ ਨਾਨੇ ਨੇ ਅੰਦਾਜ਼ਾ ਲਾ ਕੇ ਚਾਰ ਸਾਲ ਦੱਸੀ|
ਮੌਲਵੀ ਸਾਹਿਬ ਨੇ ਚਾਰ ਸਾਲ ਪਿੱਛੇ ਜਾ ਕੇ ਮੇਰਾ ਜਨਮ 27 ਫਰਵਰੀ 1935 ਦਾ ਲਿਖ ਦਿੱਤਾ; ਜਿਹੜਾ ਅੱਜ ਤੱਕ ਮੇਰੇ ਨਾਲ ਨਿਭ ਰਿਹਾ ਹੈ| ਮੇਰੇ ਬਾਪੂ ਜੀ ਦੇ ਦੱਸਣ ਅਨੁਸਾਰ ਮੇਰਾ ਜਨਮ 1934 ਵਿਚ ਹੋਇਆ ਸੀ; 9 ਚੇਤਰ ਭਾਵ 22 ਮਾਰਚ ਨੂੰ| ਭਾਵੇਂ ਮੈਂ ਸਰਕਾਰੀ ਨੌਕਰੀ ਆਪਣੀ ਸੇਵਾ ਮੁਕਤੀ ਤੋਂ ਨੌਂ ਸਾਲ ਪਹਿਲਾਂ ਛੱਡ ਦਿੱਤੀ ਸੀ ਪਰ ਮੈਂ ਆਪਣੇ ਜਾਣੂਆਂ ਨੂੰ ਸੇਵਾ ਮੁਕਤੀ ਸਮੇਂ ਚਾਰ-ਛੇ ਮਹੀਨੇ ਦੀ ਐਕਸਟੈਂਸ਼ਨ ਲਈ ਤਰਲੇ ਮਾਰਦੇ ਵੀ ਦੇਖਦਾ ਰਿਹਾ ਹਾਂ| ਇਹ ਵੇਖ ਕੇ ਹਾਸਾ ਆਉਂਦਾ ਤਾਂ ਸੋਚਦਾ ਕਿ ਮੇਰੇ ਨਾਨੇ ਨੇ ਮੈਨੂੰ 11 ਮਹੀਨੇ ਦੀ ਐਕਸਟੈਂਸ਼ਨ ਭੜੀ ਵਾਲੇ ਸਕੂਲ ਵਿਚ ਦਾਖਲ ਕਰਾਉਣ ਸਮੇਂ ਹੀ ਲੈ ਦਿੱਤੀ ਸੀ| 1940 ਵਿਚ|
310 ਹੈਕਟੇਅਰ ਰਕਬੇ ਵਾਲਾ ਪਟਿਆਲੀ ਪਿੰਡ ਰੂਪਨਗਰ ਵਿਚ ਕਾਠਗੜ੍ਹ, ਨੇੜੇ ਪੈਂਦਾ ਹੈ| ਇਸਦੀ ਕੁੱਲ ਵਸੋਂ 993 ਹੈ ਤੇ ਇਸਨੂੰ ਰੂਪਨਗਰ ਰੇਲਵੇ ਸਟੇਸ਼ਨ ਲਗਦਾ ਹੈ| ਇਸਨੂੰ ਵੇਖਣ ਦਾ ਸਬੱਬ ਮੇਰੀ ਆਪਣੇ ਪਿੰਡ ਦੀ ਸੱਜਰੀ ਫੇਰੀ ਬਣੀ| ਡਰਾਈਵਰ ਤਰਲੋਚਨ ਸਿੰਘ ਮੈਨੂੰ ਮੇਰੇ ਪਿੰਡ ਲਿਜਾ ਰਿਹਾ ਸੀ ਤਾਂ ਉਸਨੇ ਇੱਕ ਥਾਂ ਗੱਡੀ ਹੌਲੀ ਕਰ ਲਈ| ਮੈਂ ਸੋਚਿਆ ਕਿ ਟਾਇਰ ਪੰਕਚਰ ਹੋ ਗਿਆ ਹੈ| ਕੀ ਵੇਖਦਾ ਹਾਂ ਕਿ ਸਾਡੇ ਖੱਬੇ ਹੱਥ ਇੱਕ ਲੰਗਰ ਲੱਗਿਆ ਹੋਇਆ ਹੈ| ਉਸ ਥਾਂ ਇਕ ਪੁਲੀਸ ਦੀ ਵੈਨ ਵੀ ਖੜ੍ਹੀ ਸੀ| ਸਾਰੇ ਚਾਹ ਪੀ ਕੇ ਤੇ ਆਪੋ ਆਪਣੇ ਸਬਜ਼ੀ ਪਰਸ਼ਾਦੇ ਲੈ ਕੇ ਆਪਣੀਆਂ ਗੱਡੀਆਂ ਵਿਚ ਜਾ ਕੇ ਛਕਦੇ ਸਨ|
ਤਰਲੋਚਨ ਸਿੰਘ ਨੇ ਮੇਰੇ ਤੇ ਮੇਰੀ ਪਤਨੀ ਲਈ ਚਾਹ ਲੈ ਆਂਦੀ ਤੇ ਆਪਣੀ ਪੀਤੀ| ਉਸਨੇ ਇਹ ਵੀ ਦਸਿਆ ਕਿ ਇਹ ਸੇਵਾ ਨਿਭਾਉਣ ਵਾਲਾ ਇਕ ਤਿਆਗੀ ਤਪੱਸਵੀ ਹੈ ਜਿਸਨੇ ਦੂਜੇ ਹੱਥ ਗੁਰਦੁਆਰਾ ਹੀ ਨਹੀਂ ਬਣਵਾਇਆ ਏਥੇ ਹਾਇਰ ਸੈਕੰਡਰੀ ਸਕੂਲ ਖੁਲ੍ਹਵਾਉਣ ਵਿਚ ਵੀ ਯੋਗਦਾਨ ਪਾਇਆ ਹੈ| ਲੰਗਰ ਤਾਂ ਕੇਵਲ ਰਾਹਗੀਰਾਂ ਲਈ ਹੈ। ਸਕੂਲ ਦੀ ਸਥਾਪਨਾ ਏਸ ਲਈ ਕਰਵਾਈ ਕਿ ਉਹ ਏਥੋਂ ਦੇ ਬੱਚੇ ਬੱਚੀਆਂ ਨੂੰ ਸਿੱਖਿਅਤ ਵੇਖਣਾ ਚਾਹੁੰਦਾ ਸੀ| ਇਨ੍ਹਾਂ ਪਿੰਡਾਂ ਵਿਚ ਵਧੇਰੇ ਕਰਕੇ ਸੈਣੀ ਤੇ ਗੁੱਜਰ ਰਹਿੰਦੇ ਹਨ ਜਿਨ੍ਹਾਂ ਦੇ ਘਰਾਂ ਵਿਚੋਂ ਬੱਚੇ, ਕੀ ਮੁੰਡੇ ਕੀ ਕੁੜੀਆਂ ਆਪਣੇ ਮਾਪਿਆਂ ਨਾਲ ਖੇਤੀਬਾੜੀ ਜਾਂ ਮਜ਼ਦੂਰੀ ਦੇ ਧੰਦੇ ਵਿਚ ਪੈ ਜਾਂਦੇ ਸਨ| ਉਸ ਭਗਤ ਨੂੰ ਇਹ ਪਰਵਾਨ ਨਹੀਂ ਸੀ| ਖਾਸ ਕਰਕੇ ਧੀ ਧਿਆਣੀਆਂ ਦਾ ਏਦਾਂ ਕਰਨਾ|
ਚੌਥਾ ਸੂਨੀ ਮੇਰਾ ਆਪਣਾ ਪਿੰਡ ਹੈ| ਬਾਬਾ ਕਰੋੜਾ ਸਿੰਘ ਦਾ ਵਸਾਇਆ ਹੋਇਆ| ਸਨ ਸੰਤਾਲੀ ਦੀ ਵੰਡ ਨੇ ਇਸ ਨੂੰ ਸੁਰਖੀਆਂ ਵਿਚ ਲੈ ਆਂਦਾ ਸੀ| ਹੋਇਆ ਇਹ ਕਿ ਇਲਾਕਾ ਵਾਸੀਆਂ ਦੀ ਮੰਗ ’ਤੇ ਇਸਨੇ ਆਪਣੇ ਪਿੰਡ ਦੇ ਮੁਸਲਮ ਅਰਾਈਆਂ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਲਿਆ ਅਤੇ ਮਰਦਾਂ ਦੇ ਸਿਰਾਂ ਉੱਤੇ ਪੀਲੇ ਪਟਕੇ ਤੇ ਔਰਤਾਂ ਨੂੰ ਪੀਲੀਆਂ ਚੁੰਨੀਆਂ ਨਾਲ ਸਜਾ ਦਿੱਤਾ| ਉਨ੍ਹਾਂ ਨੇ ਪਾਕਿਸਤਾਨ ਜਾਣਾ ਨਕਾਰ ਦਿੱਤਾ ਸੀ| ਤਿੰਨ ਦਿਨ ਪਿਛੋਂ ਅੰਮ੍ਰਿਤਪਾਨ ਦਾ ਹੋਕਾ ਦੇਣ ਵਾਲੇ ਹਜ਼ਾਰ-ਡੇਢ ਹਜ਼ਾਰ ਲੁਟੇਰੇ ਪੀਲੇ ਪਟਕੇ ਵਾਲੇ 23 ਅਘਰਾਈਆਂ ਦੇ ਕਤਲ ਪਿਛੋਂ ਉਨ੍ਹਾਂ ਦੇ ਘਰ-ਬਾਰ ਲੁੱਟ ਕੇ ਪੀਲੀ ਚੁੰਨ ਵਾਲੀਆਂ ਸੱਤ ਬੀਬੀਆਂ ਨੂੰ ਉਧਾਲ ਕੇ ਲੈ ਗਏ| ਉਨ੍ਹਾਂ ਵਿਚ ਦੋ ਬੀਬੀਆਂ ਉਧਾਲਕਾਂ ਨੂੰ ਝਕਾਨੀ ਦੇਣ ਪਿੱਛੋਂ ਰਾਤੋ ਰਾਤ ਤੁਰ ਕੇ ਮੇਰੇ ਤਾਏ ਸ਼ਿਵ ਸਿੰਘ ਸੂਬੇਦਾਰ ਦੀ ਸ਼ਰਨ ਪਰਤ ਆਈਆਂ| ਜਦੋਂ ਤਿੰਨ ਉਧਾਲਕ ਹਥਿਆਰਾਂ ਨਾਲ ਲੈ ਹੋ ਕੇ ਉਨ੍ਹਾਂ ਨੂੰ ਡੇਰੇ ਚੁੱਕਣ ਆਏ ਤਾਂ ਪਿੰਡ ਵਾਲਿਆਂ ਨੇ ਤਿੰਨੋਂ ਮਾਰ ਦਿੱਤੇ| ਉਹ ਸਿੱਖ ਸਨ ਪਰ ਪਿੰਡ ਵਾਲਿਆਂ ਨੂੰ ਏਸ ਗੱਲ ਦਾ ਗੁੱਸਾ ਸੀ ਕਿ ਉਨ੍ਹਾਂ ਕੋਲੋਂ ਅੰਮ੍ਰਿਤ ਛਕਵਾ ਕੇ ਪੀਲੇ ਪਟਕੇ ਤੇ ਪੀਲੀਆਂ ਚੁੰਨੀਆਂ ਉਨ੍ਹਾਂ ਨੂੰ ਮਾਰਨ ਤੇ ਉਧਾਲਣ ਲਈ ਏਸ ਲਈ ਸਜਵਾਈਆਂ ਗਈਆਂ ਸਨ ਕਿ ਮਾਰਨ ਤੇ ਉਧਾਲਣ ਲਈ ਪਹਿਚਾਣ ਹੋ ਸਕੇ| ਸਾਡੇ ਪਿੰਡ ਦੀ ਇਹ ਗੱਲ ਅੱਜ ਤੱਕ ਦੇਸ਼ਾਂ ਵਿਦੇਸ਼ਾਂ ਵਿਚ ਦੱਸੀ ਸੁਣੀ ਜਾਂਦੀ ਹੈ| ਮੇਰੀ ਆਪਣੇ ਪਿੰਡ ਦੀ ਸੱਜਰੀ ਫੇਰੀ ਦਾ ਕਾਰਨ ਤਾਂ ਘਰਾਂ ਵਿਚੋਂ ਮੇਰੇ ਚਾਚੇ ਬਲਬੀਰ ਸਿੰਘ ਦੀ ਮ੍ਰਿਤੂ ਬਣੀ ਜਿਹੜਾ ਉਮਰ ਵਿਚ ਮੇਰੇ ਨਾਲੋਂ ਸੱਤ ਸਾਲ ਛੋਟਾ ਸੀ| ਉਸ ਦੀਆਂ ਨੂੰਹਾਂ ਧੀਆਂ ਵਿਚੋਂ ਦੋ ਤਿੰਨ ਨੂੰ ਮੈਂ ਪਹਿਲੀ ਵਾਰ ਮਿਲਿਆ| ਕਾਰਨ ਕਿਉਂਕਿ ਮੈਂ ਤਾਂ ਸਾਰੀ ਉਮਰ ਦਿੱਲੀ ਦੱਖਣ ਜਾਂ ਚੰਡੀਗੜ੍ਹ ਬਿਤਾ ਦਿੱਤੀ ਸੀ| ਚੰਗਾ ਲੱਗਿਆ| ਇਹ ਸੋਚ ਕੇ ਹੋਰ ਵੀ ਚੰਗਾ ਕਿ ਮੇਰੀ ਉਮਰ ਮੈਨੂੰ ਇੱਕ ਵਾਰੀ ਫੇਰ ਏਥੇ ਆਉਣ ਦੀ ਆਗਿਆ ਦੇਵੇਗੀ ਜਾਂ ਨਹੀਂ|
ਚਾਰ ਦੇ ਚਾਰੇ ਪਿੰਡ ਜ਼ਿੰਦਾਬਾਦ!

ਅੰਤਿਕਾ
ਸੁਰਜੀਤ ਪਾਤਰ: ‘ਸੁਰਤਿ’ ਵਿਚੋਂ॥
ਇਹ ਪੰਜਾਬ ਕੋਈ
ਨਿਰਾ ਜੁਗਰਾਫੀਆ ਨਹੀਂ,
ਇਹ ਇੱਕ ਰੀਤ, ਇੱਕ ਗੀਤ,
ਇਤਿਹਾਸ ਵੀ ਹੈ|
ਗੁਰੂਆਂ, ਰਿਸ਼ੀਆਂ ਤੇ ਸੂਫੀਆਂ
ਸਿਰਜਿਆ ਏ,
ਇਹ ਇੱਕ ਫਲਸਫਾ, ਸੋਚ,
ਅਹਿਸਾਸ ਵੀ ਹੈ|
ਕਿੰਨੇ ਝੱਖੜ, ਤੂਫਾਨਾਂ ’ਚੋਂ ਲੰਘਿਆ ਏ,
ਇਹਦਾ ਮੁਖੜਾ ਕੁਝ ਕੁਝ ਉਦਾਸ ਵੀ ਹੈ|
ਮੁੜ ਕੇ ਸ਼ਾਨ ਇਸਦੀ ਸੂਰਜ ਵਾਂਗ ਚਮਕੂ,
ਮੇਰੀ ਆਸ ਵੀ ਹੈ, ਅਰਦਾਸ ਵੀ ਹੈ|