ਸਤਨਾਮ ਚਾਨਾ
ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦੀ ਸਭ ਤੋਂ ਵੱਡੀ ਮਹਾਨਤਾ ਸਾਂਝੀਵਾਲਤਾ, ਸਮਾਨਤਾ ਅਤੇ ਮਾਨਵਤਾ ਵੱਲ ਵੱਡੀ ਪੁਲਾਂਘ ਸੀ। ਸਰਹੰਦ ਫਤਹਿ ਦੁਨੀਆ ਦੀ ਪਹਿਲੀ ਸਫਲ ਕਰਾਂਤੀ ਸੀ ਜਿਸ ਵਿਚ ਰਾਜ ਭਾਗ ’ਤੇ ਕਬਜ਼ਾ ਕਰ ਲੈਣ ਉਪਰੰਤ ਪਹਿਲੇ ਐਲਾਨ ਨਾਲ ਹੀ ਜਗੀਰਦਾਰੀ ਦਾ ਖਾਤਮਾ ਕਰ ਦਿੱਤਾ ਗਿਆ ਸੀ। ਪੂਰੇ ਵਿਸ਼ਵ ਵਿਚ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਜ਼ਮੀਨਾਂ ਤੋਂ ਜਗੀਰਦਾਰੀ ਦਾ ਕਬਜ਼ਾ ਤੋੜ ਦਿੱਤਾ ਗਿਆ।
ਪੰਜਾਬ ਦੀ ਹੋਣੀ ਅਣਹੋਣੀ ਵਿਚ ਸਭ ਤੋਂ ਅਹਿਮ ਕੇਂਦਰੀ ਤਾਕਤ ਜ਼ਮੀਨ ਹੈ ਜਿਸ ਦੀ ਕੋਝੀ ਅਤੇ ਕਾਣੀ ਵੰਡ ਸਮਾਜ ਨੂੰ ਜਾਤਾਂ ਤੇ ਜਮਾਤਾਂ ਵਿਚ ਵੰਡਦੀ ਹੈ। ਇਸ ਬੁਨਿਆਦੀ ਨੁਕਤੇ ਕਰ ਕੇ ਹੀ ਇਸ ਜ਼ਮੀਨ ਵਿਚ ਟਕਰਾਅ ਇਤਿਹਾਸ ਦੇ ਹਰ ਪੰਨੇ ਉਪਰ ਉਭਰੇ ਪਏ ਹਨ। ਜਿਨ੍ਹਾਂ ਨੇ ਇਹ ਕਾਣੀ ਵੰਡ ਖਤਮ ਕਰਨ ਦਾ ਜੇਰਾ ਕੀਤਾ, ਉਹ ਸਦੀਆਂ ਤੋਂ ਇਤਿਹਾਸ ਦੇ ਪੰਨਿਆਂ ’ਤੇ ਸੰਘਰਸ਼ਾਂ ਨੂੰ ਰੋਸ਼ਨ ਕਰਦੇ ਹਨ, ਦੌਰ ਅਤੇ ਸਮਾਂ ਭਾਵੇਂ ਕੋਈ ਵੀ ਹੋਵੇ। ਇਨ੍ਹਾਂ ਦਾ ਸਿਲਸਿਲਾ ਲਗਾਤਾਰ ਹਰ ਸੰਘਰਸ਼ ਵਿਚ ਕਾਰਜਸ਼ੀਲ ਰਹਿੰਦਾ ਹੈ। ਇਤਿਹਾਸ ਦੀਆਂ ਰਮਜ਼ਾਂ ਨੂੰ ਜਾਨਣ ਸਮਝਣ ਵਾਲੇ ਇਸ ਦੀ ਸਿਰਜਣਾ ਲਈ ਲਗਾਤਾਰ ਇਤਿਹਾਸਕ ਪੰਨਿਆਂ ਰਾਹੀਂ ਜੂਝਦੇ ਰਹੇ ਜਿਹੜੇ ਅਜੋਕੇ ਸੰਘਰਸ਼ਾਂ ਲਈ ਵੀ ਸਮਝਦਾਰੀ ਮੁਹੱਈਆ ਕਰਦੇ ਹਨ ਅਤੇ ਦਿਸ਼ਾ ਦਿਖਾਉਂਦੇ ਹਨ ਕਿ ਕਿਸ ਤਰ੍ਹਾਂ ਵੱਖੋ-ਵੱਖਰੇ ਸਮਿਆਂ ਦੇ ਸੰਕਟਾਂ ਨਾਲ ਜੂਝਣਾ ਹੁੰਦਾ ਹੈ।
ਸਫਲ ਕਰਾਂਤੀ ਦਾ ਨਾਇਕ
ਤਿੰਨ ਸਦੀਆਂ ਦੇ ਆਸ-ਪਾਸ ਬੰਦਾ ਸਿੰਘ ਬਹਾਦਰ ਦਾ ਬਿੰਬ ਵਿਗਾੜ ਕੇ ਪੇਸ਼ ਕੀਤਾ ਜਾਂਦਾ ਰਿਹਾ; ਇੱਥੋਂ ਤੱਕ ਕਿ ਉਨ੍ਹਾਂ ਨੂੰ ‘ਖ਼ੂਨ ਦਾ ਪਿਆਸਾ ਰਾਖਸ਼` ਤੱਕ ਵੀ ਕਿਹਾ ਜਾਂਦਾ ਰਿਹਾ ਪਰ ਹੁਣ ਜਿਉਂ-ਜਿਉਂ ਨਵੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ, ਤਿਉਂ-ਤਿਉਂ ਉਨ੍ਹਾਂ ਦੀ ਮਹਾਨਤਾ ਦਾ ਅਹਿਸਾਸ ਵਧ ਰਿਹਾ ਹੈ। ਪਿਛਲੀ ਅੱਧੀ ਕੁ ਸਦੀ ਦੀਆਂ ਲੱਭਤਾਂ ਨੇ ਉਨ੍ਹਾਂ ਨੂੰ ਦੁਨੀਆ ਦੇ ਮਹਾਨ ਜੇਤੂ ਨਾਇਕਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਹੁਣ ਇਹ ਕਹਿਣ ਲਈ ਕਾਫੀ ਸਬੂਤ ਹਨ ਕਿ ਬੰਦਾ ਸਿੰਘ ਬਹਾਦਰ ਨਾਲ ਮਿੱਥ ਕੇ ਬੇਇਨਸਾਫੀ ਕੀਤੀ ਗਈ ਸੀ, ਅਣਜਾਣੇ ਵਿਚ ਨਹੀਂ ਹੋਈ ਸੀ। ਇਸ ਬੇਇਨਸਾਫੀ ਨੇ ਸਾਡੀਆਂ ਕਈ ਪੀੜ੍ਹੀਆਂ ਨੂੰ ਗੁਮਰਾਹ ਕੀਤਾ। ਵਿਗਿਆਨਕ ਦ੍ਰਿਸ਼ਟੀ ਨਾਲ ਪੜਤਾਲ ਕਰਨ ਵਾਲੇ ਆਧੁਨਿਕ ਖੋਜਕਾਰ ਬੇਬਾਕੀ ਨਾਲ ਕਹਿ ਰਹੇ ਹਨ ਕਿ ਅਠਾਰਵੀਂ ਅਤੇ ਉੱਨੀਵੀਂ ਸਦੀ ਦੇ ਇਤਿਹਾਸਕਾਰਾਂ ਨੇ ਵੱਖ-ਵੱਖ ਕਾਰਨਾਂ ਕਰ ਕੇ ਅਤੇ ਵਿਸ਼ੇਸ਼ ਹਿੱਤਾਂ ਦੀ ਪੂਰਤੀ ਲਈ ਜਾਣ ਬੁੱਝ ਕੇ ਤੱਥਾਂ ਨੂੰ ਤੋੜਿਆ-ਮਰੋੜਿਆ ਸੀ, ਉਹ ਇਤਿਹਾਸਕਾਰ ਭਾਵੇਂ ਮੁਸਲਮਾਨ ਸਨ, ਭਾਵੇਂ ਗੈਰ-ਮੁਸਲਮਾਨ। ਤੱਥਾਂ ’ਤੇ ਆਧਾਰਿਤ ਵਿਗਿਆਨਕ ਖੋਜ ਵੀ ਵਿਦੇਸ਼ੀ ਇਤਿਹਾਸਕਾਰਾਂ ਨੇ ਹੀ ਆਰੰਭ ਕੀਤੀ ਪ੍ਰਤੀਤ ਹੁੰਦੀ ਹੈ।
ਇੱਥੇ ਇੱਕ ਮਹੱਤਵਪੂਰਨ ਘਟਨਾ ਯਾਦ ਕਰ ਲਈਏ ਜਿਹੜੀ ਮਾਰਚ 1716 ਦੀ ਹੈ ਜਦੋਂ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਜੰਗੀ ਸਾਥੀਆਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਫੜ ਕੇ ਦਿੱਲੀ ਲਿਆਂਦਾ ਸੀ ਅਤੇ ਉਨ੍ਹਾਂ ਵਿਚੋਂ ਹਰ ਰੋਜ਼ ਇੱਕ ਸੌ ਨੂੰ ਲੋਕਾਂ ਦੀ ਭੀੜ ਸਾਹਮਣੇ ਸ਼ਹੀਦ ਕੀਤਾ ਜਾਂਦਾ ਸੀ। ਕਤਲਾਂ ਦਾ ਇਹ ਸੀਨ ਦੇਖਣ ਵਾਲਿਆਂ ਵਿਚ ਈਸਟ ਇੰਡੀਆ ਕੰਪਨੀ ਦੇ ਦੋ ਪ੍ਰਤੀਨਿਧ ਜੌਹਨ ਸਰਮਨ ਅਤੇ ਐਡਵਰਡ ਸਟੀਫਨ ਵੀ ਸਨ ਜਿਹੜੇ ਉਨ੍ਹਾਂ ਦਿਨਾਂ ਵਿਚ ਦਿੱਲੀ ਹੀ ਸਨ। ਉਨ੍ਹਾਂ ਬੰਗਾਲ ਵਿਚ ਸਥਿਤ ਵਿਲੀਅਮ ਫੋਰਟ ਦੇ ਪ੍ਰਧਾਨ ਰੌਬਰਟ ਹੱਜ ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ “… ਮਹਾਨ ਗੁਰੂ (ਬੰਦਾ ਸਿੰਘ) ਜਿਸ ਨੇ ਲਾਹੌਰ ਦੇ ਸੂਬੇ ਨੂੰ ਪਿਛਲੇ ਵੀਹ ਸਾਲਾਂ ਤੋਂ ਵਖਤ ਪਾਇਆ ਹੋਇਆ ਸੀ, ਨੂੰ ਸੂਬੇਦਾਰ ਅਬਦੁਲ ਸਮੱਦ ਖਾਨ, ਉਸ ਦੇ ਪਰਿਵਾਰ ਤੇ ਸ਼ਰਧਾਲੂਆਂ ਸਮੇਤ ਗ੍ਰਿਫਤਾਰ ਕਰ ਕੇ ਦਿੱਲੀ ਲਿਆਇਆ ਹੈ। ਉਸ ਨੂੰ ਅਤੇ ਬਚ ਗਏ ਹੋਏ ਉਸ ਦੇ ਸੱਤ ਸੌ ਅੱਸੀ ਸ਼ਰਧਾਲੂਆਂ ਨੂੰ ਬੇੜੀਆਂ ਵਿਚ ਜਕੜਿਆ ਹੋਇਆ ਸੀ ਜੋ ਕੁਝ ਦਿਨ ਪਹਿਲਾਂ ਦਿੱਲੀ ਵਿਚ ਪ੍ਰਵੇਸ਼ ਕੀਤੇ ਸਨ। ਉਨ੍ਹਾਂ ਨੂੰ ਊਠਾਂ ’ਤੇ ਬਿਠਾਇਆ ਹੋਇਆ ਸੀ ਅਤੇ ਜਿਹੜੇ ਤਲਵਾਰ ਦੀ ਭੇਂਟ ਚੜ੍ਹ ਗਏ ਸਨ, ਉਨ੍ਹਾਂ ਦੇ ਦੋ ਹਜ਼ਾਰ ਦੇ ਕਰੀਬ ਸਿਰ ਬਾਂਸਾਂ ’ਤੇ ਟੰਗੇ ਹੋਏ ਸਨ। ਉਸ (ਬੰਦਾ ਸਿੰਘ) ਨੂੰ ਬਾਦਸ਼ਾਹ ਅੱਗੇ ਪੇਸ਼ ਕਰਨ ਉਪਰੰਤ ਕੈਦਖਾਨੇ ਵਿਚ ਭੇਜ ਦਿੱਤਾ ਗਿਆ। ਉਸ ਅਤੇ ਉਸ ਦੇ ਕਰੀਬੀਆਂ ਦੀ ਮੌਤ ਨੂੰ ਅਜੇ ਅੱਗੇ ਪਾ ਦਿੱਤਾ ਗਿਆ ਹੈ ਕਿਉਂਕਿ ਉਹ ਉਸ ਦੇ ਰਾਜ ਵਿਚ ਕਈ ਥਾਵਾਂ ’ਤੇ ਦੱਬੇ ਖਜ਼ਾਨੇ ਬਾਰੇ ਜਾਨਣਾ ਚਾਹੁੰਦੇ ਹਨ। ਉਸ ਤੋਂ ਬਾਅਦ ਉਸ ਦਾ ਵੀ ਕਤਲ ਕਰ ਦਿੱਤਾ ਜਾਏਗਾ। ਬਾਕੀਆਂ ਦਾ ਸੌ-ਸੌ ਕਰ ਕੇ ਰੋਜ਼ਾਨਾ ਹੀ ਸਿਰ ਕਲਮ ਕੀਤਾ ਜਾਂਦਾ ਹੈ। ਇਹ ਕੋਈ ਘੱਟ ਮਹੱਤਵਪੂਰਨ ਨਹੀਂ ਕਿ ਉਨ੍ਹਾਂ ਵਿਚੋਂ ਹਰ ਕੋਈ ਸ਼ਾਂਤ ਚਿੱਤ ਹੋ ਕੇ ਆਪਣੀ ਹੋਣੀ ਦਾ ਸਾਹਮਣਾ ਕਰਦਾ ਹੈ ਪਰ ਕਿਸੇ ਨੇ ਵੀ ਆਪਣਾ ਧਰਮ ਨਹੀਂ ਤਿਆਗਿਆ ਜੋ ਕੋਈ ਨਵਾਂ ਧਰਮ ਹੈ।” (ਭਾਵੇਂ ਵੀਹ ਸਾਲਾਂ ਵਾਲੀ ਗੱਲ ਉਨ੍ਹਾਂ ਦੀ ਠੀਕ ਨਹੀਂ ਹੈ)। ਇਸ ਪੱਤਰ ਤੋਂ ਤਕਰੀਬਨ ਢਾਈ ਮਹੀਨੇ ਬਾਅਦ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਮਸੂਮ ਪੁੱਤਰ ਸਮੇਤ ਸਤਾਰਾਂ ਸਾਥੀ ਸਿੰਘਾਂ ਨੂੰ ਮਹਿਰੌਲੀ ਦੀ ਕਤਲਗਾਹ ਵਿਚ ਲਿਆ ਕੇ ਅਤਿਅੰਤ ਜ਼ਾਲਮਾਨਾ ਵਿਧੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਜੋ ਸਭਨਾਂ ਦੇ ਚੇਤੇ ਵਿਚ ਤਾਜ਼ਾ ਹੈ।
ਇਸ ਘਟਨਾ ਦੀ ਪ੍ਰੇਰਨਾ ਸਦਕਾ ਪੱਛਮੀ ਇਤਿਹਾਸਕਾਰਾਂ ਨੇ ਵੀ ਸਿੱਖ ਧਰਮ ਦੇ ਇਤਿਹਾਸ ਬਾਰੇ ਸੰਜੀਦਾ ਖੋਜ ਦੀ ਲੋੜ ਮਹਿਸੂਸ ਕੀਤੀ ਸੀ ਅਤੇ ਫਿਰ ਸਾਡੇ ਆਪਣੇ ਅਧੁਨਿਕ ਖੋਜਕਾਰਾਂ ਦੀਆਂ ਨਵੀਆਂ ਲੱਭਤਾਂ ਵੀ ਰਜਿਸਟਰ ਹੋਣ ਲੱਗ ਪਈਆਂ। ਇਹ ਸੱਚ ਹੈ ਕਿ ਜਿਹੜੀਆਂ ਕੌਮਾਂ ਨੂੰ ਅੱਗੇ ਵਧਣ ਅਤੇ ਸਫਲਤਾਵਾਂ ਹਾਸਲ ਕਰਨ ਵਿਚ ਦਿੱਕਤਾਂ ਆਉਂਦੀਆਂ ਹਨ, ਉਹ ਜਾਂ ਤਾਂ ਆਪਣੇ ਇਤਿਹਾਸ ਬਾਰੇ ਅਸਪੱਸ਼ਟ ਹੁੰਦੀਆਂ ਹਨ ਜਾਂ ਫਿਰ ਉਨ੍ਹਾਂ ਦੇ ਪੁਰਖਿਆਂ ਨੇ ਆਪਣਾ ਇਤਿਹਾਸ ਤੋੜ-ਮਰੋੜ ਕੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਸੌਂਪਿਆ ਹੁੰਦਾ ਹੈ। ਇਤਿਹਾਸ ਵਿਗਾੜਨਾ ਭਵਿੱਖ ਦੇ ਪੈਰਾਂ ’ਤੇ ਕੁਲਹਾੜੀ ਮਾਰਨ ਸਮਾਨ ਹੁੰਦਾ ਹੈ; ਫਿਰ ਵੀ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਹੈ ਕਿ ਇਤਿਹਾਸ ਨੂੰ ਸਿਰਫ ਕਾਗ਼ਜ਼ ਹੀ ਨਹੀਂ ਸੰਭਾਲਦੇ ਸਗੋਂ ਲੋਕ ਮਾਨਸਿਕਤਾ ਵੀ ਸੰਭਾਲ ਕੇ ਰੱਖਦੀ ਹੈ। ਲੋਕ ਮਾਨਸਿਕਤਾ ਦਾ ਸੰਭਾਲਿਆ ਇਤਿਹਾਸ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੋਂ ਅੱਗੇ ਸੌਂਪਿਆ ਜਾਂਦਾ ਰਹਿੰਦਾ ਹੈ। ਸਮਾਜੀ ਅਵਚੇਤਨ ਵਿਚ ਚੱਲ ਰਿਹਾ ਇਤਿਹਾਸ ਇੱਕ ਨਾ ਇੱਕ ਦਿਨ ਲਿਖਤ ਇਤਿਹਾਸ ਨੂੰ ਵੀ ਸੁਧਰ ਜਾਣ ਲਈ ਮਜਬੂਰ ਕਰ ਦਿੰਦਾ ਹੈ।
ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦੀ ਸਭ ਤੋਂ ਵੱਡੀ ਮਹਾਨਤਾ ਸਾਂਝੀਵਾਲਤਾ, ਸਮਾਨਤਾ ਅਤੇ ਮਾਨਵਤਾ ਵੱਲ ਵੱਡੀ ਪੁਲਾਂਘ ਸੀ। ਸਰਹੰਦ ਫਤਹਿ ਦੁਨੀਆ ਦੀ ਪਹਿਲੀ ਸਫਲ ਕਰਾਂਤੀ ਸੀ ਜਿਸ ਵਿਚ ਰਾਜ ਭਾਗ ’ਤੇ ਕਬਜ਼ਾ ਕਰ ਲੈਣ ਉਪਰੰਤ ਪਹਿਲੇ ਐਲਾਨ ਨਾਲ ਹੀ ਜਗੀਰਦਾਰੀ ਦਾ ਖਾਤਮਾ ਕਰ ਦਿੱਤਾ ਗਿਆ ਸੀ। ਪੂਰੇ ਵਿਸ਼ਵ ਵਿਚ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਜ਼ਮੀਨਾਂ ਤੋਂ ਜਗੀਰਦਾਰੀ ਦਾ ਕਬਜ਼ਾ ਤੋੜ ਦਿੱਤਾ ਗਿਆ। ਹਲ ਵਾਹਕ ਆਪਣੀ ਉਪਜ ਦੇ ਖ਼ੁਦ ਮਾਲਕ ਬਣ ਗਏ ਸਨ। ਉਸ ਸਮੇਂ ਵੀ ਅਤੇ ਉਸ ਤੋਂ ਅਨੇਕ ਸਦੀਆਂ ਪਹਿਲਾਂ ਵੀ ਸੰਸਾਰ ਵਿਚ ਅਨੇਕ ਕਿਸਾਨ ਲਹਿਰਾਂ ਉੱਠੀਆਂ ਸਨ, ਕੁਝ ਨਾ ਕੁਝ ਅੱਗੇ ਵੀ ਵਧੀਆਂ ਸਨ ਪਰ ਜਗੀਰਦਾਰੀ ਦਾ ਖਤਮਾ ਕਿਤੇ ਵੀ ਨਹੀਂ ਕੀਤਾ ਜਾ ਸਕਿਆ ਸੀ। ਜਗੀਰਦਾਰੀ ਉੱਤੇ ਮੁਕੰਮਲ ਫਤਹਿ ਚੱਪੜਚਿੜੀ ਦੇ ਮੈਦਾਨ ਵਿਚ ਹੀ ਹੋਈ ਸੀ; ਅਥਵਾ ਵਿਸ਼ਵ ਇਤਿਹਾਸ ਵਿਚ ਜਗੀਰਦਾਰੀ ਦੇ ਖਾਤਮੇ ਦਾ ਪਹਿਲਾ ਐਲਾਨ ਪੰਜਾਬ ਦੀ ਧਰਤੀ ’ਤੇ ਹੋਇਆ ਸੀ। ਇਸ ਨੂੰ ਅਸੀਂ ‘ਪੰਜਾਬ ਕਮਿਊਨ` ਕਹਾਂਗੇ। ਇਸ ਪਹਿਲੇ ਕਮਿਊਨ ਦੀ ਦੁਖਦੀ ਰਗ਼ ਇਹ ਹੈ ਕਿ ਇਸ ਨੂੰ ਕੁਚਲਣ ਲਈ ਉਨ੍ਹਾਂ ਲੋਕਾਂ ਨੇ ਵੀ ਅੱਗੇ ਹੋ ਕੇ ਹਿੱਸਾ ਪਾਇਆ ਸੀ ਜਿਹੜੇ ਸਾਂਝੀਵਾਲਤਾ ਨੂੰ ਪ੍ਰਣਾਏ ਹੋਣ ਦਾ ਦਮ ਭਰਦੇ ਸਨ ਪਰ ਇੱਛਾ ਸਾਮੰਤਸ਼ਾਹੀ ਵਾਲੀ ਪਾਲੀ ਫਿਰਦੇ ਸਨ। ਬਾਬਾ ਬੰਦਾ ਸਿੰਘ ਦੇ ਆਪਣੇ ਹੀ ਕੁਝ ਜਰਨੈਲਾਂ ਨੇ ਆਰਥਿਕ ਧਰੁਵੀਕਰਨ ਦੇ ਆਧਾਰ ’ਤੇ ਵਫਾਦਾਰੀਆਂ ਬਦਲ ਲਈਆਂ ਸਨ। ਇਹ ਕ੍ਰਿਸ਼ਮਾ ਨਿੱਜੀ ਜਾਇਦਾਦ ਦੀ ਲਾਲਸਾ ਦਾ ਸੀ।
ਸਦੀਆਂ ਤੋਂ ਚਲੀ ਆਉਂਦੀ ਵਿਵਸਥਾ ਮਰਦੇ-ਮਰਦੇ ਵੀ ਆਪਣਾ ਰੰਗ ਦਿਖਾਉਂਦੀ ਹੀ ਹੈ। ਕੁਝ ਇਤਿਹਾਸਕਾਰ ਦੱਸਦੇ ਹਨ ਕਿ ਇਸ ਖਿੱਤੇ ਦੇ ਸਾਰੇ ਧਰਮਾਂ ਨਾਲ ਸਬੰਧਿਤ ਜਗੀਰਦਾਰਾਂ ਨੇ ਕਲਾਨੌਰ ਵਿਚ ਇਕੱਠ ਕਰ ਕੇ ਕਸਮਾਂ ਖਾਧੀਆਂ ਸਨ ਕਿ ਉਹ ਉਨ੍ਹਾਂ ਦੀਆਂ ਜਗੀਰਦਾਰੀਆਂ ਨੂੰ ਖਤਮ ਕਰਨ ਵਾਲੇ ਬੰਦਾ ਸਿੰਘ ਬਹਾਦਰ ਨੂੰ ਖਤਮ ਕਰ ਕੇ ਹੀ ਦਮ ਲੈਣਗੇ। ਬਾਅਦ ਵਿਚ ਜਗੀਰਾਂ ਦੀ ਲਾਲਸਾ ਰੱਖਣ ਵਾਲੇ ਵੀ ਉਸ ਪਾਲੇ ਵਿਚ ਚਲੇ ਗਏ। ਦੂਜੇ ਪਾਸੇ, ਅਤਿਅੰਤ ਮਹੱਤਵਪੂਰਨ ਘਟਨਾ ਇਹ ਹੈ ਕਿ ਉਸੇ ਹੀ ਕਲਾਨੌਰ ਵਿਚ ਬਹੁਤ ਵੱਡਾ ਇਕੱਠ ਹੋਇਆ ਜਿਸ ਵਿਚ ਪੰਜ ਹਜ਼ਾਰ ਮੁਸਲਮਾਨ ਬਾਬਾ ਬੰਦਾ ਸਿੰਘ ਦੀ ਫੌਜ ਵਿਚ ਭਰਤੀ ਹੋ ਗਏ ਸਨ। ਉਹ ਮੁਸਲਮਾਨ ਘਾਲ ਖਾਣ ਵਾਲੇ ਕਿਰਤੀ ਸਨ। ਕਿਰਤ ਜਾਗੀਰ ਨਾਲ ਸਿੱਧਾ ਟਕਰਾ ਗਈ ਸੀ।
ਅਸੀਂ ਬੰਦਾ ਸਿੰਘ ਬਹਾਦਰ ਦੀ ਕਰਾਂਤੀ ਦੇ ਚਰਿੱਤਰ ਉੱਤੇ ਕੇਂਦਰਤ ਕਰਨ ਦੀ ਥਾਂ ਆਪਣੀ ਚਰਚਾ ਨੂੰ ਉਨ੍ਹਾਂ ਦੀ ਬਹਾਦਰੀ, ਜੰਗੀ ਕਲਾ, ਜਿੱਤਾਂ ਅਤੇ ਸ਼ਹੀਦੀ ਤੱਕ ਸੰਕੋਚ ਲੈਂਦੇ ਹਾਂ। ਉਨ੍ਹਾਂ ਦੇ ਫਲਸਫੇ ਅਤੇ ਨੀਤੀਆਂ ਨਾਲੋਂ ਘਟਨਾਵਾਂ ਦੀ ਨਿਸ਼ਾਨਦੇਹੀ ਨੂੰ ਵਧੇਰੇ ਵਜ਼ਨ ਦਿੰਦੇ ਹਾਂ। ਇੱਥੋਂ ਤੱਕ ਸੀਮਤ ਕਰ ਲੈਂਦੇ ਹਾਂ ਕਿ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਚੱਲੇ, ਸਿਹਰੀ ਖੇਡਾ ਤੋਂ ਜੇਤੂ ਮਾਰਚ ਕਰਦੇ ਹੋਏ ਸੋਨੀਪਤ, ਕੈਥਲ, ਸਮਾਣਾ, ਸਢੌਰਾ ਆਦਿ ਨੂੰ ਮਸਲ ਕੇ ਚੱਪੜਚਿੜੀ ਦੇ ਮੈਦਾਨ ਵਿਚ ਪਹੁੰਚੇ ਜਿੱਥੇ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਸਾਮਰਾਜ ਬੰਦਾ ਸਿੰਘ ਦੇ ਇਸ ਜੇਤੂ ਮਾਰਚ ਨੂੰ ਰੋਕ ਨਾ ਸਕਿਆ। (ਅਸੀਂ) ਗੁਰੂ ਸਾਹਿਬ ਦੇ ਫਲਸਫੇ ਨੂੰ ਅਮਲ ਵਿਚ ਲਿਆਉਣ ਦੇ ਕਦਮਾਂ ਵੱਲ ਲੋੜੀਂਦੀ ਤਵੱਜੋ ਨਹੀਂ ਦਿੰਦੇ ਜਿਸ ਦਾ ਵਿਸ਼ਵੀ ਮਹੱਤਵ ਹੈ; ਇਸ ਮਹੱਤਵ ਦੀ ਨੀਂਹ ਸਮਾਣੇ ਦੀ ਜਿੱਤ ਸਮੇਂ ਹੀ ਰੱਖ ਦਿੱਤੀ ਗਈ ਸੀ। ਬਾਬਾ ਬੰਦਾ ਸਿੰਘ ਨੇ ਖੁਦ ਆਪਣੀਆਂ ਜਿੱਤਾਂ ਨੂੰ ਜਿੱਤਾਂ ਦੇ ਰੂਪ ਵਿਚ ਨਹੀਂ ਸਗੋਂ ਸਿੱਖ ਫਲਸਫੇ ਦੀ ਜਿੱਤ ਦੇ ਰੂਪ ਵਿਚ ਉਭਾਰਿਆ ਸੀ। ਉਨ੍ਹਾਂ ਨੇ ਇਸ ਜਿੱਤ ਦੇ ਅਸਲ ਮਹੱਤਵ ਦਾ ਐਲਾਨ ਸਿੱਖ ਰਾਜ ਦੀ ਰਾਜਧਾਨੀ ਲੋਹਗੜ੍ਹ ਵਿਚ ਕੀਤਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਜਾਰੀ ਕੀਤਾ ਤੇ ਉਨ੍ਹਾਂ ਦੇ ਨਾਮ ਦੀ ਮੋਹਰ ਦਾ ਠੱਪਾ ਲਾਇਆ ਸੀ। ਬੰਦਾ ਸਿੰਘ ਨੇ ਐਲਾਨ ਕੀਤਾ ਸੀ ਕਿ ਇਹ ਰਾਜ ਗੁਰੂ ਨਾਨਕ ਦੇ ਫਲਸਫੇ, ਗੁਰੂ ਗੋਬਿੰਦ ਸਿੰਘ ਦੀ ਯੋਜਨਾ ਅਨੁਸਾਰ ਸਥਾਪਤ ਹੋਇਆ ਹੈ। ਇਸ ਦਾ ਅਰਥ ਹੈ ਕਿ ਜਿਹੜੀ ਜੰਗ ਚੱਪੜਚਿੜੀ ਦੇ ਮੈਦਾਨ ਵਿਚ ਜਿੱਤੀ ਗਈ ਸੀ, ਉਸ ਦਾ ਬਿਗੁਲ ਸਵਾ ਦੋ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵਜਾਇਆ ਸੀ ਅਤੇ ਉਨ੍ਹਾਂ ਦੇ ਫਲਸਫੇ ਨੂੰ ਲਾਗੂ ਕਰਨ ਦਾ ਮੈਨੀਫੈਸਟੋ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤਾ ਸੀ। ਦੁਨੀਆ ਭਰ ਦੇ ਵਿਦਵਾਨ ਇਸ ਨੂੰ ਇਸੇ ਤਰ੍ਹਾਂ ਸਮਝਦੇ ਹਨ। ਇੱਥੇ ਇਹ ਨੋਟ ਕਰਨਾ ਵੀ ਬਹੁਤ ਜ਼ਰੂਰੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਵਿਸ਼ਵ ਦਾ ਇੱਕੋ ਇਕ ਹਾਕਮ ਸੀ ਜਿਸ ਨੇ ਆਪਣੇ ਨਾਮ ਦਾ ਕੋਈ ਸਿੱਕਾ ਨਹੀਂ ਚਲਾਇਆ ਅਤੇ ਨਾ ਹੀ ਆਪਣੇ ਨਾਮ ਦੀ ਮੋਹਰ ਬਣਾਈ ਸੀ।
ਉੱਘੇ ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਰਾਜ ਦਾ ਬਾਨੀ ਦੱਸਦਿਆਂ ਹੋਇਆਂ ਕਹਿੰਦੇ ਹਨ ਕਿ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸੁਪਨਾ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਇੱਕ ਸਾਲ ਦੇ ਅੰਦਰ-ਅੰਦਰ ਪੂਰਾ ਕਰ ਦਿੱਤਾ ਸੀ। ਇਕ ਹੋਰ ਚੋਟੀ ਦਾ ਅੰਗਰੇਜ਼ ਇਤਿਹਾਸਕਾਰ ਜੇ.ਡੀ. ਕਨਿੰਘਮ ਲਿਖਦਾ ਹੈ ਕਿ ਸਿੱਖਾਂ ਦਾ ਆਖਰੀ ਗੁਰੂ ਆਪਣੇ ਉਦੇਸ਼ਾਂ ਨੂੰ ਪੂਰਾ ਹੁੰਦਾ ਦੇਖਣ ਲਈ ਜਿਊਂਦਾ ਨਾ ਰਹਿ ਸਕਿਆ ਪਰ ਉਸ ਗੁਰੂ ਨੇ ਦੱਬੇ ਕੁਚਲੇ ਲੋਕਾਂ ਦੀ ਸੁੱਤੀ ਹੋਈ ਸ਼ਕਤੀ ਨੂੰ ਜ਼ਬਰਦਸਤ ਤਰੀਕੇ ਨਾਲ ਜਾਗਰਤ ਕਰ ਦਿੱਤਾ ਸੀ ਆਦਿ। ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਸੁਪਨਾ ਜਾਬਰ ਜਗੀਰੂ ਵਿਵਸਥਾ ਤੇ ਉਸ ਦੀ ਸੱਤਾ ਦਾ ਖਾਤਮਾ ਕਰ ਕੇ ਸਾਂਝੀਵਾਲਤਾ ਤੇ ਮਾਨਵਤਾ ਵਾਲੀ ਬਦਲਵੀਂ ਵਿਵਸਥਾ ਸਥਾਪਤ ਕਰਨਾ ਸੀ ਜਿੱਥੇ ਕਾਣੀ ਵੰਡ ਨਾ ਰਹੇ।
ਇਸ ਨੂੰ ਕਈ ਵਿਦਵਾਨਾਂ ਨੇ ਧਰਮ ਦੀ ਰੱਖਿਆ ਲਈ ਸੰਘਰਸ਼ ਅਤੇ ਸ਼ਹਾਦਤ ਦਾ ਨਾਮ ਦਿੱਤਾ ਹੈ। ਇਨ੍ਹਾਂ ਉਦੇਸ਼ਾਂ ਦੇ ਨਿਖਰ ਜਾਣ ਨਾਲ ਅਸੀਂ ਧਰਮ ਦੀ ਪਰਿਭਾਸ਼ਾ ਬਾਰੇ ਬਹੁਤ ਸਾਰੇ ਭਰਮਾਂ ਤੋਂ ਮੁਕਤ ਹੋ ਜਾਂਦੇ ਹਾਂ। ਧਰਮ ਦੀ ਪਰਿਭਾਸ਼ਾ ਦਾ ਅਨਰਥ ਹੋਣ ਨਾਲ ਸੰਘਰਸ਼ ਅਤੇ ਸ਼ਹਾਦਤ ਦਾ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮਨੋਰਥ ਉੱਕਾ ਹੀ ਗਾਇਬ ਹੋ ਕੇ ਰਹਿ ਜਾਂਦਾ ਹੈ। ਸਿੱਖ ਧਰਮ ਨੇ ਸਾਂਝੀਵਾਲਤਾ ਨੂੰ ਆਪਣੇ ਏਜੰਡੇ ’ਤੇ ਰੱਖਿਆ ਸੀ ਜਿਹੜਾ ਪਹਿਲਾਂ ਕਿਸੇ ਵੀ ਧਰਮ ਦੇ ਏਜੰਡੇ ’ਤੇ ਨਹੀਂ ਰਿਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਦਿਸ਼ਾ ਵੱਲ ਲੰਬੀ ਛਲਾਂਗ ਲਾਈ ਸੀ। ਉਨ੍ਹਾਂ ਦਾ ਰਾਜ ਕੇਵਲ ਸਰਹੰਦ ਦੇ ਸੂਬੇ ਤੱਕ ਹੀ ਸੀਮਤ ਨਹੀਂ ਸੀ ਸਗੋਂ ਜਿਵੇਂ ਪ੍ਰਸਿੱਧ ਇਤਿਹਾਸਕਾਰ ਡਾ. ਸ਼ਵਿੰਦਰ ਸਿੰਘ ਲਿਖਦੇ ਹਨ, ਉਨ੍ਹਾਂ ਦਾ ਰਾਜ ਜਮਨਾ ਤੋਂ ਰਾਵੀ ਤੱਕ ਫੈਲਿਆ ਹੋਇਆ ਸੀ। ਉਹ ਲਿਖਦੇ ਹਨ ਕਿ ਪੰਜਾਬ ਆਜ਼ਾਦ ਕਿਸਾਨੀ ਦਾ ਠਾਠਾਂ ਮਾਰਦਾ ਹੋਇਆ ਸਮੁੰਦਰ ਬਣ ਗਿਆ ਸੀ। ਮੁਗਲ ਰਾਜ ਕੋਲ ਸਿਰਫ ਦੋ ਛੋਟੇ-ਛੋਟੇ ਟਾਪੂ ਰਹਿ ਗਏ ਸਨ- ਇੱਕ ਲਾਹੌਰ ਤੇ ਦੂਜਾ ਅਫਗਾਨ ਕਸਬਾ ਕਸੂਰ। ਜਮਨਾ ਤੋਂ ਲੈ ਕੇ ਰਾਵੀ ਤੱਕ ਜੇ ਕਿਸੇ ਸ਼ਖਸ ਦਾ ਬੋਲਬਾਲਾ ਸੀ ਤਾਂ ਉਹ ਸਿਰਫ ਬੰਦਾ ਸੀ ਅਤੇ ਜਿਸ ਸ਼ਕਤੀ ਦਾ ਸਤਿਕਾਰ ਸੀ, ਉਹ ਕੇਵਲ ਕਿਸਾਨਾਂ ਦੀ ਫੌਜ ਸੀ।
ਇਸੇ ਪ੍ਰਕਾਰ ਦਾ ਦਾਅਵਾ ਮੈਕਲਿਊਡ ਕਰਦਾ ਹੈ ਕਿ ਗੁਰੂ (ਗੋਬਿੰਦ ਸਿੰਘ) ਜੀ ਦੀ ਮੌਤ ਤੋਂ ਤੁਰੰਤ ਬਾਅਦ ਪੰਜਾਬ ਵਿਚ ਕਿਸਾਨੀ ਵਿਦਰੋਹ ਉੱਠਿਆ ਜਿਸ ਦੀ ਅਗਵਾਈ ਗੁਰੂ ਜੀ ਦੇ ਪੈਰੋਕਾਰ ਬੰਦਾ ਨੇ ਕੀਤੀ। ਇਸ ਵਿਦਰੋਹ ਦੌਰਾਨ ਇੱਕ ਸਮੇਂ ਤੇ ਸਾਰੇ ਪੰਜਾਬ ਵਿਚ ਮੁਗਲ ਹਕੂਮਤ ਦੀ ਚੌਧਰ ਖਤਮ ਹੋ ਗਈ ਸੀ। ਕਨਿੰਘਮ ਇਸ ਦੀ ਤਸਦੀਕ ਕਰਦਾ ਹੋਇਆ ਕਹਿੰਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਉੱਤਰ ਦੀਆਂ ਪਹਾੜੀਆਂ ਵਿਚ ਜੰਮੂ ਲਾਗੇ ਆਪਣੇ ਆਪ ਨੂੰ ਸਥਾਪਤ ਕਰ ਲਿਆ ਸੀ। ਉਸ ਸਮੇਂ ਪੰਜਾਬ ਦਾ ਵੱਡਾ ਹਿੱਸਾ ਉਸ ਨੂੰ ਲਗਾਨ ਭਰਦਾ ਸੀ। ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਸਿੱਖ ਸਲਤਨਤ ਉਸ ਸਮੇਂ ਦੀ ਅਟੱਲ ਹੋਣੀ ਸੀ ਜੋ ਸਿਰਲੱਥ ਸੰਘਰਸ਼ ਨਾਲ ਹੋਂਦ ਵਿਚ ਆਈ ਸੀ।
ਅਰਨਲਡ ਟੋਇੰਬੀ ਪੁੱਛਦਾ ਹੈ ਕਿ ਸਾਰੇ ਹਿੰਦੋਸਤਾਨ ਨੂੰ ਪ੍ਰਭਾਵ ਹੇਠ ਲੈਣ ਦੀਆਂ ਸੰਭਾਨਾਵਾਂ ਸਿੱਖਇਜ਼ਮ ਦੇ ਹੱਥੋਂ ਕਿਉਂ ਖੁੰਝ ਗਈਆਂ? ਉਸ ਦਾ ਮੰਨਣਾ ਹੈ ਕਿ ਜਿਵੇਂ ਚੀਨ ਵਿਚਲੇ ਮੁਸਲਮਾਨਾਂ ਉੱਪਰ ਕੀਤੇ, ਮੰਗੋਲਾਂ ਦੇ ਜ਼ੁਲਮਾਂ ਨੇ ਚੀਨ ਵਿਚ ਇਸਲਾਮ ਦੇ ਪੈਰ ਤਾਂ ਪੱਕੀ ਤਰ੍ਹਾਂ ਲੁਆ ਦਿੱਤੇ ਪਰ ਇਸਲਾਮ ਉਸ ਖਿੱਤੇ ਦੀ ਪ੍ਰਮੁੱਖ ਵਸੋਂ ਦਾ ਧਰਮ ਬਣ ਸਕਣ ਦਾ ਮੌਕਾ ਨਾ ਸੰਭਾਲ ਸਕਿਆ। ਉਸੇ ਤਰ੍ਹਾਂ ਭਾਰਤ ਵਿਚ ਸਿੱਖਇਜ਼ਮ ਨਾਲ ਵਾਪਰਿਆ ਜਿਹੜਾ ਹਿੰਦੂ ਯੂਨੀਵਰਸਲ ਧਰਮ ਵਿਚੋਂ ਉੱਠ ਕੇ ਮੁਗਲਾਂ ਦੇ ਅਤਿਆਚਾਰਾਂ ਦਾ ਸਾਹਮਣਾ ਕਰਦਾ ਹੋਇਆ ਜੁਝਾਰੂ ਰਾਜਨੀਤਕ ਸ਼ਕਤੀ ਵਜੋਂ ਉਭਰਿਆ ਸੀ। ਅਰਨਲਡ ਟੋਇੰਬੀ ਨੇ ਇਸ ਪ੍ਰਸ਼ਨ ਦਾ ਉੱਤਰ ਖੁਦ ਨਹੀਂ ਦਿੱਤਾ, ਸਾਡੇ ਲਈ ਛੱਡਿਆ ਹੈ। ਜਾਪਦਾ ਹੈ, ਸਿੱਖਇਜ਼ਮ ਦੇ ‘ਜਾਮ ਹੋਣ` ਦੇ ਕਾਰਨ ਸ਼ਾਇਦ ਉਸੇ ਹੀ ਸਰਦਖਾਨੇ ਵਿਚ ਪਏ ਹਨ ਜਿੱਥੇ ਬਾਬਾ ਬੰਦਾ ਸਿੰਘ ਵੱਲੋਂ ਅਰੰਭੇ ਸਾਂਝੀਵਾਲਤਾ ਸਥਾਪਤ ਕਰਨ ਦੇ ਕੰਮ ਬੰਦ ਕਰ ਦਿੱਤੇ ਗਏ ਸਨ। ਐੱਮ.ਐੱਸ. ਚਾਂਦਲਾ ਅਨੁਸਾਰ ਡਬਲਿਊ.ਐੱਚ. ਮੈਕਲਿਊਡ ਮਹਿਸੂਸ ਕਰਦਾ ਹੈ ਕਿ ਪੰਥ ਦੀ ਮੁੱਖ ਦਿਲਚਸਪੀ ਸੰਗਤ ਦੀ ਬਜਾਇ ਪਹਿਲਾਂ ਜੱਥਿਆਂ ਵਿਚ ਅਤੇ ਫੇਰ ਮਿਸਲਾਂ ਵਿਚ ਰਹੀ ਸੀ ਆਦਿ ਜਦੋਂ ਕਿ ਗੁਰੂ ਸਾਹਿਬ ਨੇ ਸੰਗਤ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਹੈ। ਮਾਨਵ ਕਲਿਆਣ ਲਈ ਕਿਰਤ ਕਮਾਈ ਕਰਨ ਵਾਲੇ ਸੰਘਰਸ਼ਸ਼ੀਲ ਲੋਕ ਹੀ ਸੰਗਤ ਹਨ ਜਿਨ੍ਹਾਂ ਵਿਚੋਂ ਮਲਕ ਭਾਗੋਆਂ ਅਤੇ ਬਲੀ ਕੰਧਾਰੀਆਂ ਨੂੰ ਬਾਹਰ ਰੱਖਿਆ ਹੋਇਆ ਹੈ। ਬਦਲੇ ਹੋਏ ਹਾਲਾਤ ਵਿਚ ਅਸੀਂ ਇਸ ਨੂੰ ਕਿਸ ਪ੍ਰਕਾਰ ਦੇਖਦੇ ਹਾਂ?
ਖੇਤੀ ਤੇ ਖੁਰਾਕ ਨੀਤੀ ਦਾ ਵਰਤਮਾਨ ਪ੍ਰਸੰਗ
ਲੱਗਦਾ ਹੈ, ਜਿਵੇਂ ਖੇਤਾਂ ਦੀ ਲੁੱਟ-ਖੋਹ ਦਾ ਦੌਰ ਚੱਲ ਰਿਹਾ ਹੈ। ਖੇਤ ਲੁੱਟ ਲਏ ਸੀ, ਖੇਤ ਲੁੱਟੀ ਜਾ ਰਹੇ ਹਨ, ਖੇਤ ਲੁੱਟਣ ਨੂੰ ਫਿਰਦੇ ਹਨ। ਚਾਰ-ਚੁਫੇਰੇ ਇਸੇ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਇਹ ਸਾਡੇ ਕੰਨ ਨਹੀਂ ਵੱਜ ਰਹੇ, ਆਵਾਜ਼ਾਂ ਅਸਲੀ ਹਨ। ਇਥੇ ਹੀ ਨਹੀਂ, ਸਾਰੀ ਦੁਨੀਆ ਵਿਚ ਹੀ। ਹੁਣ ਹੀ ਨਹੀਂ, ਕਾਫੀ ਸਮੇਂ ਤੋਂ ਕਿਸਾਨਾਂ ਦੇ ਉਜਾੜੇ ਦਾ ਅਮਲ ਚੱਲ ਰਿਹਾ ਹੈ। ਇਹ ਉਜਾੜਾ ਵੱਡੇ ਪੈਮਾਨੇ ’ਤੇ ਵੀ ਹੋ ਰਿਹਾ ਹੈ ਅਤੇ ਛੋਟੇ ਪੈਮਾਨੇ ’ਤੇ ਵੀ ਹੋ ਰਿਹਾ। ਸ਼ਹਿਰਾਂ ਵਿਚ ਲੋਕਾਂ ਦਾ ਜਮਘਟਾ ਹੋਈ ਜਾਂਦਾ ਹੈ ਜਿਨ੍ਹਾਂ ਦਾ ਢਿੱਡ ਭਰਨ ਲਈ ਖੁਰਾਕ ਖੇਤਾਂ ਵਿਚੋਂ ਜਾਂਦੀ ਹੈ। ਮੁਨਾਫਾਖੋਰ ਗਰੋਹ ਹਰ ਹਰਬਾ ਵਰਤ ਕੇ ਵਿਸ਼ਵ ਦੀ ਮੰਡੀ ਅਤੇ ਸਨਅਤੀ ਉਤਪਾਦਨ ਨੂੰ ਹੜੱਪ ਲੈਣ ਉਪਰੰਤ, ਆਖਰਕਾਰ ਇਸ ਨਤੀਜੇ ’ਤੇ ਪਹੁੰਚਾ ਹੈ ਕਿ ਉਨ੍ਹਾਂ ਦੀ ਬੇਲਗਾਮ ਹਵਸ ਵਾਸਤੇ ਅਸਲ ਮਹੱਤਵ ਜ਼ਮੀਨ ਅਤੇ ਖੁਰਾਕ ਦਾ ਹੈ। ਇਸੇ ਕਰ ਕੇ ਹੁਣ ਉਹ ਖੇਤ ਅਤੇ ਖੁਰਾਕ ਉੱਤੇ ਕਬਜ਼ੇ ਲਈ ਟੁੱਟ ਪਏ ਹਨ। ਹੁਣ ਤੱਕ ਉਹ ਕਦਮ-ਦਰ-ਕਦਮ ਪੈਰ ਜਮ੍ਹਾ ਕੇ ਚੱਲਦੇ ਰਹੇ ਹਨ। ਉਨ੍ਹਾਂ ਵਿਸ਼ਵੀ ਲੁਟੇਰਿਆਂ ਦਾ ਪਹਿਲਾ ਕਦਮ ਸੀ- ਵਿਸ਼ਵ ਦੀਆਂ ਸਰਕਾਰਾਂ ਨੂੰ ਨਕੇਲ ਪਾਉਣਾ।
ਇਹ ਕੰਮ ਉਨ੍ਹਾਂ ਨੇ ਆਪਣੀਆਂ ਵਿੱਤੀ ਸੰਸਥਾਵਾਂ ਰਾਹੀਂ ਵਿਸ਼ਵ ਦੀਆਂ ਸਰਕਾਰਾਂ ਨੂੰ ਕਰਜ਼ਿਆਂ ਦੇ ਜਾਲ ਵਿਚ ਫਸਾ ਕੇ ਸਫਲਤਾ ਨਾਲ ਕਰ ਲਿਆ। ਸਥਿਤੀ ਇਹ ਹੈ ਕਿ ਵਿਸ਼ਵ ਦੀ ਸ਼ਾਇਦ ਹੀ ਕੋਈ ਸਰਕਾਰ ਹੋਵੇ ਜਿਹੜੀ ਇਸ ਗਰੋਹ ਦੀ ਕਰਜ਼ਾਈ ਨਹੀਂ ਹੈ। ਉਨ੍ਹਾਂ ਨੇ ਸਾਰੇ ਦੇਸ਼ਾਂ ਦੀਆਂ ਆਰਥਿਕ ਵਿਵਸਥਾਵਾਂ ਅਤੇ ਸਮਾਜਿਕ ਢਾਂਚਿਆਂ ਨੂੰ ਆਪਣੇ ਪੈਟਰੋਲੀਅਮ ਦੇ ਗੁਲਾਮ ਬਣਾ ਲਿਆ ਹੈ। ਸਥਿਤੀ ਇਹ ਹੈ ਕਿ ਜੇਕਰ ਉਹ ਆਪਣੇ ਤੇਲ ਦੀ ਟੂਟੀ ਬੰਦ ਕਰ ਦੇਣ ਤਾਂ ਲੜਾਕੂ ਜਹਾਜ਼ਾਂ ਤੋਂ ਲੈ ਕੇ ਸਕੂਟਰੀਆਂ ਤੱਕ ਜਾਮ ਹੋ ਕੇ ਰਹਿ ਜਾਣਗੇ। ਹੁਣ ਉਨ੍ਹਾਂ ਨੇ ਵਿਸ਼ਵ ਦੀ ਜਨ ਸੰਖਿਆ ਨੂੰ ਮੁੱਠੀ ਵਿਚ ਕਰਨ ਦਾ ਕਦਮ ਉਠਾਇਆ ਹੈ। ਵਿਸ਼ਵ ਦੀ ਜਨ ਸੰਖਿਆ ਨੂੰ ਅਧੀਨ ਕਰਨ ਲਈ ਉਨ੍ਹਾਂ ਨੇ ਲੋਕਾਂ ਦਾ ਪੇਟ ਆਪਣੀ ਮੁੱਠੀ ਵਿਚ ਕਰਨਾ ਆਰੰਭ ਕਰ ਦਿੱਤਾ ਹੈ। ਉਹ ਹੁਣ ਖੇਤੀ ਅਤੇ ਖੁਰਾਕ ਦੀ ਅਜਾਰਾਦਾਰੀ ਸਥਾਪਤ ਕਰਨ ਵਿਚ ਲੱਗ ਗਏ ਹਨ। ਇਸ ਯੋਜਨਾ ਨੂੰ ਸਿਰੇ ਲਾਉਣ ਲਈ ਪਹਿਲਾਂ ਵਿਸ਼ਵੀ ਕਾਰਪੋਰੇਟਾਂ ਨੇ ਪ੍ਰਿਥਵੀ ਦੇ ਤਮਾਮ ਬੀਜ ਇਕੱਤਰ ਕਰ ਕੇ ਆਪਣੇ ਪੇਟੈਂਟ ਕਰ ਲਏ ਅਤੇ ਹੁਣ ਖੇਤਾਂ ਨੂੰ ਕਾਬੂ ਕਰਨ ਵੱਲ ਵਧ ਰਹੇ ਹਨ। ਅਨਾਜ ਸਮੇਤ ਅਨੇਕਾਂ ਖੁਰਾਕੀ ਵਸਤਾਂ ਵੱਸ ਵਿਚ ਕੀਤੀਆਂ ਜਾ ਰਹੀਆਂ ਹਨ ਅਤੇ ਦੁਨੀਆ ਵਿਚ ‘ਫੂਡ ਚੇਨਜ` ਦਾ ਜਾਲ ਵਿਛਾਇਆ ਜਾ ਰਿਹਾ ਹੈ। ਪੀਜੇ-ਬਰਗਰ, ਗਲੀ-ਮੁਹੱਲਿਆਂ ਤੱਕ ਪਹੁੰਚ ਗਏ ਹਨ। ਨਾਲ ਦੀ ਨਾਲ ਲੋਕਾਂ ਦੀ ਬੌਧਿਕ ਸ਼ਕਤੀ ਨਿੱਸਲ ਕਰ ਕੇ ਆਪਣੇ ਉੱਤੇ ਨਿਰਭਰ ਕਰੀ ਜਾ ਰਹੇ ਹਨ ਤਾਂ ਕਿ ਉਪਭੋਗਤਾਵਾਂ ਦੀ ਚੇਤਨਾ ਉਲ-ਜਲੂਲ ‘ਚ ਬਦਲ ਦਿੱਤੀ ਜਾਵੇ ਅਤੇ ਸਮੁੱਚੀ ਵਸੋਂ ਨੂੰ ਸਮਾਜੀ ਜੀਵਨ ਵਿਚੋਂ ਉਠਾ ਕੇ ਵੈਬ ਵਿਚ ਧਕੇਲ ਰਹੇ ਹਨ। ਮੁਨਾਫਾਖੋਰ ਸਮਝ ਗਏ ਹਨ ਕਿ ਮਨੁੱਖ ਦਾ ਜੀਵਨ ਖੁਰਾਕ ਅਤੇ ਖੇਤ ਕਾਰਨ ਹੀ ਹੋਂਦ ਵਿਚ ਹੈ। ਖੇਤ ਮਨੁੱਖ ਨੂੰ ਕੇਵਲ ਸਰੀਰਕ ਤੌਰ ’ਤੇ ਹੀ ਜਿਊਂਦਾ ਅਤੇ ਕਿਰਿਆਸ਼ੀਲ ਨਹੀਂ ਰੱਖ ਰਹੇ ਸਗੋਂ ਉਨ੍ਹਾਂ ਦੀਆਂ ਰੂਹਾਂ ਵੀ ਖੇਤ ਕਾਰਨ ਹੀ ਸਜ਼ਿੰਦ ਹਨ। ਇਸ ਕਰ ਕੇ ਮਨੁੱਖਾਂ ਦੇ ਸਰੀਰ ਅਤੇ ਰੂਹਾਂ ਨੂੰ ਅਧੀਨ ਕਰਨ ਲਈ ਵਿਸ਼ਵੀ ਕਾਰਪੋਰੇਟਾਂ ਨੇ ਖੇਤ ਤੇ ਖੁਰਾਕ ਨੂੰ ਅਧੀਨ ਕਰਨ ਦਾ ਏਜੰਡਾ ਬਣਾ ਲਿਆ ਹੈ ਅਤੇ ਇਸ ਦਿਸ਼ਾ ਵਿਚ ਤੇਜ਼ੀ ਨਾਲ ਤੁਰ ਪਏ ਹਨ।
ਖੇਤ ਅਤੇ ਖੁਰਾਕ ਦੇ ਮਹੱਤਵ ਨੂੰ ਸਮਝਣ ਵਾਲੇ ਵਿਸ਼ਵੀ ਕਾਰਪੋਰੇਟ ਪਹਿਲੇ ਬੰਦੇ ਨਹੀਂ ਹਨ। ਖੇਤ ਤੇ ਖ਼ੁਰਾਕ ਦਾ ਮਹੱਤਵ ਸਾਡੇ ਪੁਰਖਿਆਂ ਨੇ ਹਜ਼ਾਰਾਂ ਸਾਲ ਪਹਿਲਾਂ ਜਾਣ ਲਿਆ ਸੀ ਜਿਹੜੇ ਮਾਨਵਤਾ ਦੇ ਚਸ਼ਮੇ ਵਿਚੋਂ ਦੇਖਦੇ ਸਨ ਪਰ ਇਹ ਲੁੱਟ ਦੇ ਚਸ਼ਮੇ ਵਿਚੋਂ ਦੇਖਣ ਵਾਲੇ ਪਹਿਲੇ ਬੰਦੇ ਮੁਨਾਫਾਖ਼ੋਰ ਹਨ ਜਿਹੜੇ ਫੇਲਦੇ-ਫੈਲਦੇ ਵਿਸ਼ਵੀ ਕੱਦ ਕਰ ਗਏ ਹਨ। ਸਾਡੇ ਪੁਰਖਿਆਂ ਨੇ ਬਹੁਤ ਪਹਿਲਾਂ ਧਰਤੀ ਅਤੇ ਮਾਨਵ ਦੀ ਖੁਦਮੁਖਤਾਰੀ ਦੀ ਉੱਤਮਤਾ ਬਣਾਈ ਰੱਖਣ ਲਈ ਸੰਘਰਸ਼ ਜਾਰੀ ਰੱਖਿਆ ਸੀ। ਪ੍ਰਕਿਰਤੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨਾਲ ਉਹ ਪ੍ਰਤੀਬੱਧ ਰਹੇ ਸਨ। ਅਜੋਕੇ ਮੁਨਾਫਾਖੋਰਾਂ ਨੇ ਖੇਤ ਅਤੇ ਖੁਰਾਕ ਨੂੰ ਆਪਣੀ ਅਸੀਮ ਲਾਲਸਾ ਦਾ ਨਿਸ਼ਾਨਾ ਬਣਾ ਲਿਆ ਹੈ। ਮਨੁੱਖ ਦੀ ਲਾਲਸਾ ਭਾਵੇਂ ਧਰਤੀ ਤੇ ਉੱਤਰੀ ਕੋਈ ਨਵੀਂ ਚੀਜ਼ ਨਹੀਂ ਹੈ ਪਰ ਇਸ ਦੀ ਕੋਈ ਸੀਮਾ ਨਹੀਂ ਹੁੰਦੀ। ਇਸ ਦੀ ਜਾਣਕਾਰੀ ਮੁਨਾਫ਼ੇ ਤੋਂ ਹੀ ਪ੍ਰਾਪਤ ਹੁੰਦੀ ਹੈ। ਮੁਨਾਫੇ ਤੋਂ ਹੀ ਪਤਾ ਲੱਗਦਾ ਹੈ ਕਿ ਮਾਨਵਤਾ ਸਬਰ ਦਾ ਹੀ ਦੂਜਾ ਨਾਮ ਹੈ। ਸਬਰ ਦਾ ਜਦੋਂ ਬੰਨ੍ਹ ਟੁੱਟਦਾ ਹੈ ਤਾਂ ਮਨੁੱਖ ਅੰਦਰੋਂ ਇਨਸਾਨੀਅਤ ਬਾਹਰ ਵਹਿ ਜਾਂਦੀ ਹੈ ਅਤੇ ਹੈਵਾਨੀਅਤ ਉਸੇ ਰਸਤਿਓਂ ਅੰਦਰ ਪ੍ਰਵੇਸ਼ ਕਰ ਜਾਂਦੀ ਹੈ।
ਇਸ ਪ੍ਰਸੰਗ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਖੇਤ ਅਤੇ ਖ਼ੁਰਾਕ ਨੀਤੀ ’ਤੇ ਚਰਚਾ ਕਰਦੇ ਹਾਂ। ਖੇਤ ਤੇ ਖੁਰਾਕ ਲਈ ਉਨ੍ਹਾਂ ਦਾ ਸੰਘਰਸ਼ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਦਾ ਹੀ ਸਾਕਾਰ ਰੂਪ ਸੀ ਜੋ ਸਮਾਜ ਨੂੰ ਮਾਨਵਤਾ ਦੀਆਂ ਨੀਹਾਂ ’ਤੇ ਉਸਾਰਦਾ ਹੈ। ਮੁੱਢਲੀਆਂ ਇਤਿਹਾਸਕ ਲਿਖਤਾਂ ਉਨ੍ਹਾਂ ਦੇ ਸੰਘਰਸ਼ ਦੇ ਰਾਜਨੀਤਕ ਸੰਕਲਪ ਨੂੰ ਵਧੇਰੇ ਉਭਾਰਦੀਆਂ ਹਨ। ਇਨ੍ਹਾਂ ਲਿਖਤਾਂ ਦਾ ਲੋਕ ਮਾਨਸਿਕਤਾ ਉੱਤੇ ਅਤੇ ਬੁੱਧੀਜੀਵੀਆਂ ਦੇ ਦ੍ਰਿਸ਼ਟੀਕੋਣ ਉੱਤੇ ਚਿਰਜੀਵੀ ਛਾਪ ਛੱਡੀ ਸੀ। ਉਨ੍ਹਾਂ ਦੇ ਆਰਥਕ ਅਤੇ ਸਮਾਜਿਕ ਸ਼ਾਸਤਰ ਉੱਤੇ ਵਧੇਰੇ ਚਰਚਾ ਕੀਤੇ ਜਾਣ ਦੀ ਲੋੜ ਹੈ, ਵਿਸ਼ੇਸ਼ ਕਰ ਕੇ ਉਨ੍ਹਾਂ ਦੀ ਖੇਤੀ ਨੀਤੀ ਅਤੇ ਖੁਰਾਕ ਨੀਤੀ ਉੱਤੇ। ਇਸੇ ਤਰ੍ਹਾਂ ਪ੍ਰਦੂਸ਼ਣ ਦੇ ਆਲਮ ਵਿਚ ਇਹ ਜਾਨਣਾ ਵੀ ਵੱਡੇ ਮਹੱਤਵ ਵਾਲਾ ਹੈ ਕਿ ਜ਼ਮੀਨ ਅਤੇ ਮਨੁੱਖ ਦੇ ਕੁਦਰਤੀ ਰਿਸ਼ਤੇ ਨੂੰ ਪਾਕ-ਪਵਿੱਤਰ ਰੱਖਣ ਲਈ ਸੁਚੇਤ ਲੋਕ ਕਦੋਂ ਤੋਂ ਚਿੰਤਾ ਕਰ ਰਹੇ ਹਨ ਅਤੇ ਕਦੋਂ ਤੋਂ ਲੜਦੇ ਰਹੇ ਹਨ ਕਿ ਜ਼ਮੀਨ ਤੇ ਮਨੁੱਖ ਕਿਸੇ ਦੀ ਨਿੱਜੀ ਮਾਲਕੀ ਨਹੀਂ ਸਗੋਂ ਜ਼ਮੀਨ ਅਤੇ ਮਨੁੱਖ ਇੱਕ ਦੂਜੇ ਦੇ ਮਾਲਕ ਹਨ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਰਾਜ ਦੀ ਵਿਧੀਵਤ ਸਥਾਪਨਾ ਲਈ ਨਾ ਸਮਾਂ ਮਿਲਿਆ, ਨਾ ਸਥਿਰਤਾ। ਉਨ੍ਹਾਂ ਦੇ ਰਾਜ ਦਾ ਵਿਧਾਨ ਅਤੇ ਨੀਤੀਆਂ ਨੂੰ ਉਨ੍ਹਾਂ ਵੱਲੋਂ ਜਾਰੀ ਕੀਤੇ ਸਿੱਕਿਆਂ, ਮੋਹਰਾਂ ਅਤੇ ਹੁਕਮਾਂ ਰਾਹੀਂ ਹੀ ਜਾਣਿਆ ਜਾ ਹੈ। ਉਨ੍ਹਾਂ ਦਾ ਲਿਖਤੀ ਵਿਧਾਨ ਕੇਵਲ ਗੁਰਬਾਣੀ ਅਤੇ ਗੁਰੂ ਸਹਿਬਾਨ ਦੇ ਵਚਨ ਹੀ ਸਨ। ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਦੱਸਦੇ ਹਨ ਕਿ ਬੰਦਾ ਸਿੰਘ ਕੋਲ ਭਾਵੇਂ ਬਾਕਾਇਦਾ ਪ੍ਰਸ਼ਾਸਨ ਤਾਂ ਨਹੀਂ ਸੀ ਪਰ ਉਸ ਨੇ ਭਵਿੱਖੀ ਪੰਜਾਬ ਦੇ ਮਾਲੀਆ ਇਤਿਹਾਸ ਉੱਪਰ ਚਿਰਸਥਾਈ ਪ੍ਰਭਾਵ ਛੱਡਿਆ। ਜਗੀਰਦਾਰੀ ਪ੍ਰਬੰਧ ਦਾ ਖਾਤਮਾ ਕਰ ਦਿੱਤਾ ਗਿਆ ਸੀ ਜਿਸ ਨੂੰ ਪਹਿਲੀ ਸ਼ਕਲ ਵਿਚ ਮੁੜ ਕੇ ਬਹਾਲ ਕਰਨਾ ਸੰਭਵ ਨਾ ਰਿਹਾ। ਜਗੀਰਦਾਰ ਆਮ ਕਰ ਕੇ ਸਰਕਾਰੀ ਅਧਿਕਾਰੀ ਸਨ ਜਿਨ੍ਹਾਂ ਨੂੰ ਅਸਲ ਵਿਚ ਮਾਲੀਆ ਇਕੱਤਰ ਕਰਨ ’ਤੇ ਲਾਇਆ ਗਿਆ ਸੀ ਪਰ ਉਹ ਆਪਣੇ ਆਪ ਹੀ ਖੁੱਲ੍ਹ ਲੈ ਕੇ ਜ਼ਮੀਨਾਂ ਦੇ ਮਾਲਕ ਬਣ ਗਏ ਸਨ ਅਤੇ ਖੇਤੀ ਕਰਨ ਵਾਲੇ ਮੁਜ਼ਾਰਿਆਂ ਦੀ ਹਾਲਤ ਗੁਲਾਮਾਂ ਵਰਗੀ ਬਣਾ ਦਿੱਤੀ ਸੀ। ਬਾਦਸ਼ਾਹ ਨੇ ਵੀ ਉਨ੍ਹਾਂ ਨੂੰ ਮਨਮਾਨੀਆਂ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ ਕਿਉਂਕਿ ਉਹ ਸ਼ਾਹੀ ਖਜ਼ਾਨੇ ਦੀਆਂ ਲੋੜਾਂ ਪੂਰੀਆਂ ਕਰ ਰਹੇ ਸਨ। ਜਿਨ੍ਹਾਂ ਇਤਿਹਾਸਕਾਰਾਂ ਨੇ ਬੰਦਾ ਸਿੰਘ ਬਹਾਦਰ ਦੀ ਜ਼ਮੀਨੀ ਨੀਤੀ ਨੂੰ ਉਭਾਰਿਆ ਵੀ ਹੈ, ਉਨ੍ਹਾਂ ਨੇ ਇਸ ਦੀ ਵਿਆਖਿਆ ਇਕ ਫਿਕਰੇ ਵਿਚ ਇੰਝ ਕੀਤੀ ਹੈ ਕਿ ਬੰਦਾ ਸਿੰਘ ਬਹਾਦਰ ਨੇ ‘ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ`।
ਉਨ੍ਹਾਂ ਇਤਿਹਾਸਕਾਰਾਂ ਦਾ ਇਹ ਫਿਕਰਾ-ਨਿਚੋੜ ਉਸ ਸਿਧਾਂਤ ਦੇ ਅਨੁਕੂਲ ਨਹੀਂ ਬੈਠਦਾ ਜਿਸ ਉੱਪਰ ਬਾਬਾ ਬੰਦਾ ਸਿੰਘ ਅਮਲ ਕਰ ਰਹੇ ਸਨ ਅਤੇ ਜਿਸ ਪ੍ਰਕਾਰ ਦੇ ਹੁਕਮ ਉਨ੍ਹਾਂ ਨੇ ਸਮਾਣੇ ਦੀ ਜਿੱਤ ਉਪਰੰਤ ਅਤੇ ਜਿਸ ਤਰ੍ਹਾਂ ਦੇ ਹੁਕਮ ਸਰਹਿੰਦ ਦੀ ਫਤਹਿ ਤੋਂ ਤੁਰੰਤ ਬਾਅਦ ਜਾਰੀ ਕੀਤੇ ਸਨ। ਬਹੁਤ ਹੀ ਚਰਚਿਤ ਘਟਨਾ ਦੇ ਹਵਾਲੇ ਨਾਲ ਪ੍ਰਸਿੱਧ ਖੋਜਕਾਰ ਮੱਲ ਸਿੰਘ ਨੇ ਲਿਖਿਆ ਹੈ ਕਿ ਸਢੌਰਾ ਦੇ ਗੁਆਂਢ ਤੋਂ ਹਲਵਾਹਕ (ਮੁਜ਼ਾਰੇ) ਬਾਬਾ ਬੰਦਾ ਸਿੰਘ ਪਾਸ ਵੱਡੇ ਜ਼ਿਮੀਦਾਰਾਂ ਦੇ ਖਿਲਾਫ ਸ਼ਿਕਾਇਤ ਲੈ ਕੇ ਆਏ। ਬਾਬਾ ਜੀ ਨੇ ਬਾਜ ਸਿੰਘ ਨੂੰ ਆਖਿਆ ਕਿ ਉਨ੍ਹਾਂ ਉੱਪਰ ਗੋਲੀ ਚਲਾ ਦਿੱਤੀ ਜਾਵੇ। ਬਾਜ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੱਸਿਆ ਕਿ ਇਹ ਹਲਵਾਹਕ ਫਰਿਆਦ ਲੈ ਕੇ ਆਏ ਹਨ, ਜ਼ਿਮੀਦਾਰਾਂ ਤੋਂ ਦੁਖੀ ਹਨ, ਇਨ੍ਹਾਂ ਨਾਲ ਚੰਗਾ ਵਰਤਾਓ ਕਰਨਾ ਬਣਦਾ ਹੈ। ਬਾਬਾ ਜੀ ਨੇ ਪੁੱਛਿਆ ਕਿ ਇਹ ਮੁਜ਼ਾਰੇ ਹਜ਼ਾਰਾਂ ਦੀ ਗਿਣਤੀ ਵਿਚ ਹਨ, ਫਿਰ ਵੀ ਮੁੱਠੀ ਭਰ ਜ਼ਿਮੀਦਾਰਾਂ ਨੂੰ ਜ਼ੁਲਮ ਕਰਨ ਦੀ ਆਗਿਆ ਕਿਉਂ ਦਿੰਦੇ ਹਨ? ਫਿਰ ਬਾਬਾ ਜੀ ਨੇ (ਹਲਵਾਹਕਾਂ ਨੂੰ) ਆਖਿਆ ਕਿ ਜਾਓ ਤੇ ਵੱਡੇ ਜ਼ਿਮੀਦਾਰਾਂ ਨੂੰ ਸੋਧ ਦਿਓ। ਸਿੰਘ ਤੁਹਾਡੇ ਨਾਲ ਜਾਣਗੇ। ਜ਼ਮੀਨਾਂ ਸਾਂਭ ਲਈਆਂ ਜਾਣ ਅਤੇ (ਹੇਠ ਲਿਖੇ) ਹੁਕਮ ਲਾਗੂ ਕੀਤੇ ਜਾਣ।
1) ਹਰ ਇੱਕ ਪਿੰਡ `ਚ ਜ਼ਮੀਨ ਦੀ ਮਾਲਕੀ ਨਿੱਜੀ ਨਾ ਹੋ ਕੇ ਸਾਰੀ ਜ਼ਮੀਨ ਸਾਰੇ ਪਿੰਡ ਦੀ ਸਾਂਝੀ ਮਲਕੀਅਤ ਹੋਵੇਗੀ।
2) ਹਰ ਪਿੰਡ ਦੀ ਸੰਗਤ (ਲੋਕ) ਗੁਰੂ ਜੀ ਦੀ ਸਿੱਖਿਆ ਅਨੁਸਾਰ ‘ਕਿਰਤ ਕਰੋ, ਵੰਡ ਛਕੋ` ਦੇ ਰਾਹ ’ਤੇ ਤੁਰੇ।
3) ਪਿੰਡ ਪੱਧਰ `ਤੇ ਹਰ ਰੋਜ਼ ਸਾਂਝੇ ਲੰਗਰ ਚਲਾਏ ਜਾਣ ਤੇ ਕੋਈ ਵੀ ਪ੍ਰਾਣੀ ਭੁੱਖਾ ਨਾ ਸੌਂਵੇ।
4) ਹਰ ਪਿੰਡ ਦੀ ਸੰਗਤ ਦੇ ਹਰ ਮੈਂਬਰ ਦੇ ਨਿੱਜੀ ਤੇ ਸਮਾਜਿਕ ਕਾਰਜ ਗੁਰੂ ਘਰਾਂ (ਧਰਮਸਾਲਾ) ਦੇ ਪ੍ਰਬੰਧ ਵਿਚੋਂ ਹੀ ਪੂਰੇ ਕਰਨੇ ਹੋਣਗੇ।
ਲੇਖਕ ਮੱਲ ਸਿੰਘ ਇਸ ਬਾਰੇ ਅੱਗੇ ਦੱਸਦਾ ਹੈ ਕਿ ਇਹ ਹੁਕਮ ਦੇਸ ਪੰਜਾਬ ਵਿਚ ਲਾਗੂ ਹੋ ਗਿਆ ਸੀ।
ਇਸ ਐਲਾਨ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਖੇਤੀ ਅਤੇ ਖੁਰਾਕ ਨੀਤੀ ਦੀ ਸਰਲ ਵਿਆਖਿਆ ਹੋ ਜਾਂਦੀ ਹੈ। ਲੇਖਕ ਦੱਸਦਾ ਹੈ ਕਿ ਬਾਬਾ ਬੰਦਾ ਸਿੰਘ ਨੇ ਐਲਾਨ ਕਰਵਾ ਦਿੱਤਾ ਕਿ ਕੁਦਰਤ ਦੀ ਬਖਸ਼ੀ ਹੋਈ ਜ਼ਮੀਨ ਅਕਾਲ ਪੁਰਖ ਦੀ ਸਾਜੀ ਹੋਈ ਲੋਕਾਈ ਲਈ ਹੈ, ਸੰਗਤ ਲਈ ਹੈ, ਗੁਰੂ ਕੇ ਖਾਲਸੇ ਲਈ ਹੈ। ਅੱਤ ਦੀ ਕਾਣੀ ਵੰਡ ਤੇ ਤਫਰਕੇ ਦਾ ਭੋਗ ਪਾ ਦਿੱਤਾ ਗਿਆ ਹੈ। ਸਭ ਆਪਸ ’ਚ ਮਿਲ ਕੇ ਪਿਆਰ ਨਾਲ ਰਹਿਣ। ਧਰਤੀ ਕੁਝ ਵਿਸ਼ੇਸ਼ ਮਨੁੱਖਾਂ ਲਈ ਨਹੀਂ ਹੈ ਆਦਿ। ਸੰਤ ਕਬੀਰ ਜੀ ਨੇ ਇਨ੍ਹਾਂ ਕਥਿਤ ਵਿਸ਼ੇਸ਼ ਮਨੁੱਖਾਂ ਜਿਹੜੇ ਸਾਧਨ ਹੜੱਪ ਕਰ ਕੇ ਬੈਠੇ ਹਨ, ਨੂੰ ਤਸਕਰ ਕਿਹਾ ਹੈ ਜੋ ਧਰਤੀ ਉੱਤੇ ਭਾਰ ਹਨ। ਕਬੀਰ ਜੀ ਨੇ ਇਹ ਹੁਕਮ ਵੀ ਕੀਤਾ ਹੋਇਆ ਹੈ ਕਿ ਧਰਤੀ ਉੱਤੋਂ ਇਨ੍ਹਾਂ ਤਸਕਰਾਂ ਦਾ ਭਾਰ ਲਾਹ ਦੇਣਾ ਚਾਹੀਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸੰਤ ਕਬੀਰ ਦੇ ਹੁਕਮ ਲਾਗੂ ਕਰ ਦਿੱਤੇ ਸਨ। ਲਾਗੂ ਕਰਨ ਵਾਲੇ ਉਨ੍ਹਾਂ ਦੇ ਸੈਨਿਕ ਕਿਰਤ ਕਮਾਈ ਕਰਨ ਵਾਲੇ ਲੋਕ ਸਨ ਜਿਨ੍ਹਾਂ ਨੂੰ ਕਥਿਤ ਤੌਰ ’ਤੇ ਨੀਚ ਜਾਤੀਆਂ ਸਮਝਿਆ ਜਾਂਦਾ ਸੀ ਜਿਨ੍ਹਾਂ ਨੇ ਉਪਰੋਕਤ ਉਦੇਸ਼ ਲਾਗੂ ਕਰਨ ਲਈ ਭਿਅੰਕਰ ਜੰਗਾਂ ਲੜੀਆਂ ਸਨ ਤੇ ਸ਼ਹੀਦ ਹੋਏ ਸਨ।
ਫਿਰ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਸੰਕਲਪ ਕਿਵੇਂ ਅਤੇ ਕਦੋਂ ਪੈਦਾ ਹੋਇਆ? ਇਸ ਵਿਸ਼ੇ ਵਿਚ ਜਾਣ ਤੋਂ ਪਹਿਲਾਂ ਇਹ ਦੱਸ ਦੇਈਏ ਕਿ ਜਗੀਰਦਾਰੀ ਦੇ ਖਾਤਮੇ ਲਈ ਬੰਦਾ ਸਿੰਘ ਬਹਾਦਰ ਵੱਲੋਂ ਕੀਤੇ ਗਏ ਹਮਲੇ ਨੂੰ ਪਛਾੜਨ ਅਤੇ ਬੰਦਾ ਸਿੰਘ ਨੂੰ ਕੁਚਲਣ ਲਈ ਜਿਹੜੇ ਜਗੀਰਦਾਰ ਟੋਲੇ ਨੇ ਕਸਮਾਂ ਖਾਧੀਆਂ ਸਨ ਅਤੇ ਮੁਗਲਾਂ ਨਾਲ ਰਲ ਕੇ ਮਰਨ-ਮਾਰਨ ਦੀ ਜੰਗ ਲੜਨ ਲਈ ਇੱਕਜੁੱਟ ਹੋਏ ਸਨ, ਉਹ ਸਾਰੇ ਹੀ ਧਰਮਾਂ ਅਤੇ ਜਾਤਾਂ ਦੇ ਜਗੀਰਦਾਰ ਸਨ, ਅਹਿਲਕਾਰ ਸਨ, ਰਜਵਾੜੇ ਸਨ। ਇਸ ਲੁਟੇਰੇ ਗਰੋਹ ਦਾ ਇਲਾਕਾ ਰਾਜਸਥਾਨ ਤੋਂ ਲੈ ਕੇ ਜੰਮੂ ਕਸ਼ਮੀਰ ਅਤੇ ਪਹਾੜੀ ਰਿਆਸਤਾਂ ਤੱਕ ਫੈਲਿਆ ਹੋਇਆ ਸੀ। ਇਨ੍ਹਾਂ ਦੀ ਗਿਣਤੀ 45 ਤੋਂ ਉੱਪਰ ਬਣਦੀ ਹੈ; ਅਥਵਾ, ਬੰਦਾ ਸਿੰਘ ਬਹਾਦਰ ਦਾ ਇਨਕਲਾਬ ਜਗੀਰਦਾਰੀ ਨੂੰ ਕਾਇਮ ਰੱਖਣ ਵਾਲੀਆਂ ਅਤੇ ਜਗੀਰਦਾਰੀ ਨੂੰ ਖਤਮ ਕਰਨ ਵਾਲੀਆਂ ਦੋ ਵਿਰੋਧੀ ਸ਼ਕਤੀਆਂ ਵਿਚਕਾਰ ਸਿੱਧੀ ਜੰਗ ਸੀ। ਇੱਕ ਪਾਸੇ ਹਾਕਮ, ਜਗੀਰਦਾਰ ਤੇ ਅਹਿਲਕਾਰ ਸਨ; ਦੂਜੇ ਪਾਸੇ ਹਲਵਾਹਕ, ਕਿਰਤੀ ਤੇ ਦਸਤਕਾਰ ਸਨ ਜਿਨ੍ਹਾਂ ਨੂੰ ਭਾਰਤੀ ਸਮਾਜਿਕ ਮਿਆਰਾਂ ਅਨੁਸਾਰ ਨੀਚ ਜਾਤੀਆਂ ਜਾਂ ਸ਼ੂਦਰ ਕਿਹਾ ਜਾਂਦਾ ਸੀ। ਇੱਥੇ ਹੀ ਬੱਸ ਨਹੀਂ, ਮੁਗ਼ਲ ਹਕੂਮਤ ਜਗੀਰਦਾਰਾਂ ਦੀਆਂ ਜਗੀਰਦਾਰੀਆਂ ਸੁਰੱਖਿਅਤ ਰੱਖਣ ਦੇ ਵਾਅਦਿਆਂ ਨਾਲ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ, ਵਧੇਰੇ ਤੋਂ ਵਧੇਰੇ ਲਾਲਚ ਦੇ ਕੇ ਬੰਦਾ ਸਿੰਘ ਬਹਾਦਰ ਵਿਰੁੱਧ ਜੰਗ ਵਿਚ ਝੋਕਦੀ ਸੀ। ਇਸ ਦਾ ਅਰਥ ਹੈ- ਮੁਜ਼ਾਰੇ, ਕਿਰਤੀ, ਦਸਤਕਾਰ ਆਦਿ ਪੰਜਾਹ ਤੋਂ ਵਧੇਰੇ ਹਾਕਮਾਂ ਦੇ ਮੋਰਚੇ ਵਿਰੁੱਧ ਇੱਕਜੁੱਟ ਹੋ ਕੇ ਲੜੇ ਸਨ ਅਤੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਸੀ। ਇਹ ਜਗੀਰਦਾਰੀ ਵਿਰੁੱਧ ਜਨਤਕ ਉਭਾਰ ਸੀ ਜਿਸ ਨੇ ਇੱਕ ਵਾਰ ਤਾਂ ਜਗੀਰਦਾਰਾਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਸੀ। ਹੁਣ ਮੁਗਲ ਸਲਤਨਤ ਦੀ ਸਭ ਤੋਂ ਵੱਡੀ ਚਿੰਤਾ ਇਹ ਬਣ ਗਈ ਸੀ ਕਿ ਉਹ ਇਸ ਜਨਤਕ ਉਭਾਰ ਅਤੇ ਜਨਤਕ ਇੱਕਜੁੱਟਤਾ ਨੂੰ ਜਲਦੀ ਤੋਂ ਜਲਦੀ ਭੰਗ ਕਿਵੇਂ ਕਰੇ। ਸਲਤਨਤ ਆਪਣੇ ਇਨ੍ਹਾਂ ਯਤਨਾਂ ਨੂੰ ਸਫਲ ਕਰਨ ਲਈ ਸਾਜ਼ਿਸ਼ ਘੜਨ ਵਿਚ ਸਫਲ ਹੋਈ।
ਆਖਰਕਾਰ ਬਾਬਾ ਬੰਦਾ ਸਿੰਘ ਦੇ ਪੰਥ ਵਿਚ ਦੁਫੇੜ ਪਾ ਦਿੱਤੀ ਗਈ। ਮੱਲ ਸਿੰਘ ਦੱਸਦੇ ਹਨ ਕਿ ਤੱਤ ਖਾਲਸੇ ਦੇ ਮੁਖੀ ਬਾਬਾ ਬਿਨੋਦ ਸਿੰਘ ਤੇ ਕਾਹਨ ਸਿੰਘ (ਜੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਪੰਥ ਦੇ ਸਭ ਤੋਂ ਵੱਡੇ ਜਰਨੈਲ ਮੰਨੇ ਗਏ ਸਨ) ਦੇ ਮੁਗਲ ਸਰਕਾਰ ਨਾਲ ਹੋਏ ਸਮਝੌਤੇ ਦੇ ਸਿੱਟੇ ਵਜੋਂ ਜ਼ਮੀਨ ਹਲਵਾਹਕਾਂ (ਮੁਜ਼ਾਰਿਆਂ) ਦੀ ਸਾਂਝੀ ਮਾਲਕੀ ਦੀ ਥਾਂ ਸਰਕਾਰ ਨੇ ਇਹ ਐਲਾਨ ਕੀਤੇ ਸਨ:
ੳ) ਵਪਾਰ ਕਰਨ ਵਾਲੇ ਵਪਾਰ ਕਰਨ।
ਅ) ਖੇਤੀ (ਵਾਹੀ-ਜੋਤੀ) ਕਰਨ ਵਾਲੇ ਖੇਤੀ ਕਰਨ।
ੲ) ਨੌਕਰੀ ਕਰਨ ਵਾਲੇ ਨੌਕਰੀ ਕਰਨ।
ਸ) ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਬਾਬਾ ਬਿਨੋਦ ਸਿੰਘ ਦੇ ਧੜੇ ਤੱਤ ਖਾਲਸੇ ਪਾਸ ਹੋਵੇਗਾ।
ਲੇਖਕ ਦੱਸਦਾ ਹੈ ਕਿ ਸਮਝੌਤਾ ਕਰਨ ਸਮੇਂ ਤੱਤ ਖਾਲਸਾ ਦੇ ਮੁਖੀ ਬਾਬਾ ਬਿਨੋਦ ਸਿੰਘ ਨਾਲ ਮੁਜ਼ਾਰੇ ਕਿਸਾਨਾਂ ਦਾ ਕੋਈ ਨੁਮਾਇੰਦਾ ਮੌਜੂਦ ਨਹੀਂ ਸੀ। ਬਾਬਾ ਬਿਨੋਦ ਸਿੰਘ ਨੂੰ ਪਤਾ ਸੀ ਕਿ ਹਲਵਾਹਕਾਂ ਵਿਚ ਫੁੱਟ ਪਾ ਕੇ ਹੀ ਉਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲੋਂ ਤੋੜਿਆ ਜਾ ਸਕਦਾ ਹੈ। ਅਜਿਹਾ ਹੀ ਹੋਇਆ।… … ਬਾਬਾ ਬੰਦਾ ਸਿੰਘ ਦੀ ਨੀਤੀ ਕਿ ‘ਜ਼ਮੀਨ ਸਾਰੇ ਭਾਈਚਾਰੇ ਦੀ ਸਾਂਝੀ ਮਲਕੀਅਤ ਹੈ` ਦੇ ਉਲਟ ਮੁਜ਼ਾਰੇ ਕਿਸਾਨਾਂ ਨੂੰ ਜ਼ਮੀਨਾਂ ਦੀ ਨਿੱਜੀ ਮਾਲਕੀ ਦੇਣ ਦਾ ਫੈਸਲਾ, ਮੁਗਲ ਸਰਕਾਰ ਨੂੰ, ਬੰਦਾ ਸਿੰਘ ਦੀ ਜੰਗ ਦੇ ਦਬਾਅ ਹੇਠ ਕਰਨਾ ਪਿਆ ਸੀ। ਇਸ ਨਾਲ ਜ਼ਮੀਨ ਉੱਤੇ ਪਿੰਡ ਦੇ ਸਮੁੱਚੇ ਭਾਈਚਾਰੇ ਦੇ ‘ਸਾਂਝੇ ਹੱਕ` ਦਾ ਭੋਗ ਪੈ ਗਿਆ। ਜ਼ਮੀਨ ਹਲਵਾਹਕਾਂ ਦੀ ਨਿੱਜੀ ਮਲਕੀਅਤ ਬਣ ਗਈ ਜੋ ਪਹਿਲਾਂ ਸਿਰਫ ਮੁਜ਼ਾਰੇ ਹੀ ਸਨ। ਗਿਆਨੀ ਗਿਆਨ ਸਿੰਘ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੇ ਕਿ ‘ਬੁੱਢੇ-ਬੁੱਢੇ ਸਿੰਘ ਤਾਂ ਜਗੀਰਾਂ ਛਕੋ ਤੇ ਜਵਾਨ-ਜਵਾਨ ਨੌਕਰੀ ਕਰ ਲਓ` ਆਦਿ। ਦੂਜੇ ਪਾਸੇ ਡਾ. ਗੰਡਾ ਸਿੰਘ ‘ਜ਼ਮੀਨ ਹਲਵਾਹਕ ਦੀ’ ਨੂੰ ਬਾਬਾ ਬੰਦਾ ਸਿੰਘ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਿਚੋਂ ਇੱਕ ਮੰਨਦਾ ਹੈ। ਉਹ ਕਹਿੰਦਾ ਹੈ ਕਿ ਇਨ੍ਹਾਂ ਲੀਹਾਂ `ਤੇ ਚੱਲਦਿਆਂ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਧਾੜਵੀਆਂ (ਗੁੰਡਿਆਂ) ਨੂੰ ਨੱਥ ਪਾਈ ਜੋ ਪਿੰਡਾਂ ਦੇ ਲੋਕਾਂ ਨੂੰ ਲੁੱਟਦੇ ਸਨ। ਇਸ ਤੋਂ ਪਿੱਛੋਂ ਹਲਵਾਹਕਾਂ ਨੂੰ ਜ਼ਿਮੀਦਾਰਾਂ ਤੋਂ ਨਿਜਾਤ ਦੁਆਈ ਜੋ ਫਸਲ ਦਾ ਲੇਖਾ-ਜੋਖਾ ਲਵਾ ਕੇ ਮੁਜ਼ਾਰਿਆਂ ਪਾਸੋਂ ਜਿਣਸਾਂ ਦਾ ਅੱਧਾ ਹਿੱਸਾ ਵੰਡਾ ਕੇ ਲੁੱਟ ਦੇ ਰੂਪ `ਚ ਲਿਜਾਇਆ ਕਰਦੇ ਸਨ। ਬੰਦਾ ਸਿੰਘ ਨੇ ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਪਰ ਮੱਲ ਸਿੰਘ ਅਨੁਸਾਰ, ਬੰਦਾ ਸਿੰਘ ਬਹਾਦਰ ਦੀ ਜ਼ਮੀਨੀ ਨੀਤੀ ਪਿੰਡ ਦੀ ਸਰਬ ਸਾਂਝੀ ਮਾਲਕੀ ਵਾਲੀ ਸੀ।
ਖੇਤੀ ਅਤੇ ਖੁਰਾਕ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਹਨ ਕਿ ‘ਕੁਦਰਤ ਨੇ ਹਰ ਪ੍ਰਾਣੀ ਲਈ ਪਹਿਲਾਂ ਧਰਤੀ ਸਾਜੀ, ਫਿਰ ਇਨਸਾਨ ਪੈਦਾ ਹੋਇਆ। ਧਰਤੀ ਅਤੇ ਪ੍ਰਾਣੀ ਉਸ ਦੀ ਹੀ ਦੇਣ ਹਨ। ਇਸ ਲਈ ਜ਼ਮੀਨ ਦਾ ਸਾਂਝਾ ਹੱਕ ਹਰ ਇਨਸਾਨ ਲਈ ਹੈ`। ਉਨ੍ਹਾਂ ਆਪਣਾ ਇਹ ਫਲਸਫਾ ਆਪਣੇ ਰਾਜ ਵਿਚ ਲਾਗੂ ਕਰ ਦਿੱਤਾ ਸੀ ਜੋ ਭਾਵੇਂ ਜਲਦੀ ਹੀ ਢਹਿ-ਢੇਰੀ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਹੁਕਮ ਜ਼ਿਆਦਾ ਦੇਰ ਲਾਗੂ ਨਹੀਂ ਰਹਿ ਸਕੇ ਸਨ ਪਰ ਸਾਂਝੀਵਾਲਤਾ ਦੇ ਮਾਨਸਿਕ ਪ੍ਰਭਾਵ ਸਦੀਵੀ ਹੋ ਨਿਬੜੇ। ਜਿੱਥੋਂ ਤੱਕ ਖੁਰਾਕ ਨੀਤੀ ਦਾ ਸਬੰਧ ਹੈ, ਉਸ ਬਾਰੇ ਬੰਦਾ ਸਿੰਘ ਬਹਾਦਰ ਦਾ ਫਲਸਫਾ ਹਰ ਪ੍ਰਾਣੀ ਨੂੰ ਢਿੱਡ ਭਰਨ ਦਾ ਅਧਿਕਾਰ ਹੀ ਨਹੀਂ ਦਿੰਦਾ ਸਗੋਂ ਖੁਰਾਕ ਮੁਹੱਈਆ ਕਰਨਾ ਯਕੀਨੀ ਬਣਾਉਂਦਾ ਹੈ ਜਿਸ ਕਰ ਕੇ ਜੋ ‘ਗੁਰੂ ਕਾ ਲੰਗਰ` ਪਹਿਲਾਂ ਚੱਲਦਾ ਸੀ, ਉਸ ਦਾ ਘੇਰਾ ਪਿੰਡ ਪੱਧਰ ਤੱਕ ਵਧਾ ਦਿੱਤਾ ਗਿਆ ਸੀ ਤਾਂ ਕਿ ਹਰ ਕੋਈ ਸੇਵਾ ਕਰੇ, ਕਿਰਤ ਕਰੇ ਅਤੇ ਸਾਂਝੇ ਲੰਗਰ ਵਿਚੋਂ ਪ੍ਰਸ਼ਾਦਾ ਛਕੇ। ਮੱਲ ਸਿੰਘ ਅਨੁਸਾਰ, ਬਾਬਾ ਬੰਦਾ ਸਿੰਘ ਦੇ ਰਾਜ ਵਿਚ ਇਹ ਵਰਤਾਰਾ ਆਮ ਹੋ ਗਿਆ ਸੀ।
ਜ਼ਮੀਨ ਉੱਪਰ ਕੁਝ ਵਿਸ਼ੇਸ਼ ਜਾਂ ਮੁੱਠੀ ਭਰ ਲੋਕਾਂ ਦਾ ਕਬਜ਼ਾ ਨਾ ਹੋਵੇ, ਇਸ ਬਾਰੇ ਮਨੁੱਖ ਕਿੰਨੀ ਕੁ ਦੇਰ ਤੋਂ ਲੜਦ ਰਿਹਾ ਹੈ, ਇਸ ਦਾ ਅੰਦਾਜ਼ਾ ਲਾਉਣਾ ਸੰਭਵ ਨਹੀਂ ਪਰ ਪੁਰਾਣੇ ਸਮਿਆਂ ਤੋਂ ਦੁਨੀਆ ਦੇ ਕਈ ਭਾਗਾਂ ਵਿਚ ਇਸ ਸੰਘਰਸ਼ ਦੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ। ਉਂਝ, ਖੇਤ ਅਤੇ ਖੁਰਾਕ ਦਾ ਮਹੱਤਵ ਮਨੁੱਖ ਦੀ ਚੇਤਨਾ ਵਿਚ ਕਦੋਂ ਬੈਠਣਾ ਆਰੰਭ ਹੋਇਆ, ਇਹ ਵੀ ਖੋਜਣ ਯੋਗ ਵਿਸ਼ਾ ਹੈ ਅਤੇ ਇਹ ਵਿਸ਼ਾ ਵੀ ਸੋਚਣ ਤੇ ਸੂਤਣ ਯੋਗ ਹੈ ਕਿ ਅਜੋਕੇ ਮੁਨਾਫਾਖੋਰਾਂ ਨੂੰ ਖੇਤ ਅਤੇ ਖੁਰਾਕ ਉੱਪਰ ਕਬਜ਼ਾ ਕਰਨ ਤੋਂ ਕਿਵੇਂ ਰੋਕਿਆ ਜਾਵੇ। ਖੇਤ ਤੇ ਖੁਰਾਕ ਸਾਂਝੀਵਾਲਤਾ ਦੇ ਹਿੱਸੇ ਆਉਂਦੇ ਹਨ।
ਖੇਤ ਤੇ ਖ਼ੁਰਾਕ ਹੀ ਨਹੀਂ ਸਗੋਂ ਮਨੁੱਖਾਂ ਨੂੰ ਵੀ ਕਿਸੇ ਦੀ ਨਿੱਜੀ ਮਾਲਕੀ ਵਿਚ ਸ਼ਾਮਿਲ ਕਰ ਕੇ ਉੱਚਾ ਅਤੇ ਨੀਵਾਂ ਕਰ ਦਿੱਤਾ ਗਿਆ ਹੈ। ਵਿਤਕਰੇ ਦੀ ਵਿਚਾਰਧਾਰਾ ਆਰਥਿਕ ਨਾ-ਬਰਾਬਰੀ ਨੂੰ ਵਾਜਬ ਠਹਿਰਾਉਂਦੀ ਹੈ ਜਿਸ ਦਾ ਅਰਥ ਹੈ ਊਚ-ਨੀਚ ਨੂੰ ਸਹੀ ਠਹਿਰਾਉਣਾ। ਜਿੱਥੋਂ ਤੱਕ ਕਥਿਤ ਨੀਚ ਜਾਤੀਆਂ ਪ੍ਰਤੀ ਬੰਦਾ ਸਿੰਘ ਬਹਾਦਰ ਦੀਆਂ ਨੀਤੀਆਂ ਦਾ ਪ੍ਰਸ਼ਨ ਹੈ, ਉਸ ਬਾਰੇ ਡਾ. ਸੁਖਦਿਆਲ ਸਿੰਘ ਦਾ ਮੰਨਣਾ ਹੈ ਕਿ ਨੀਚ ਲੋਕਾਂ ਦੀ ਬਾਂਹ ਖੁੱਲ੍ਹੇ ਅਤੇ ਐਲਾਨੀਆ ਰੂਪ ਵਿਚ ਪਹਿਲੀ ਵਾਰ ਸਿੱਖ ਧਰਮ ਨੇ ਫੜੀ, ਬੰਦਾ ਸਿੰਘ ਬਹਾਦਰ ਨੇ ਗਰੀਬ ਅਤੇ ਨੀਚ ਲੋਕਾਂ ਨੂੰ ਪਿੰਡਾਂ ਦੇ ਚੌਧਰੀ ਅਤੇ ਰਾਜ-ਭਾਗ ਦੇ ਮਾਲਕ ਬਣਾਇਆ ਸੀ। ਮੁਹੰਮਦ ਕਾਸਿਮ ਦੇ ਹਵਾਲੇ ਨਾਲ ਡਾ. ਸੁਖਦਿਆਲ ਸਿੰਘ ਦੱਸਦੇ ਹਨ ਕਿ ਐਸੇ ਲੋਕਾਂ ਦੇ ਸਮੂਹ ਬੰਦਾ ਸਿੰਘ ਵੱਲ ਉਮੜ ਪਏ ਸਨ ਜਿਨ੍ਹਾਂ ਪਾਸ ਨਾ ਖਾਣ ਲਈ ਰੋਟੀ ਸੀ ਅਤੇ ਨਾ ਹੀ ਪਹਿਨਣ ਲਈ ਕੱਪੜਾ ਸੀ। ਉਹ ਬੰਦਾ ਸਿੰਘ ਪਾਸ ਪਹੁੰਚ ਕੇ ਹਥਿਆਰ ਅਤੇ ਘੋੜਾ ਪ੍ਰਾਪਤ ਕਰਦੇ ਸਨ। ਇਸੇ ਤਰ੍ਹਾਂ ਹਾਦੀ ਕਾਮਵਰ ਖਾਨ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਫਾਈ ਕਰਨ ਵਾਲੇ, ਮਜ਼ਦੂਰੀ ਕਰਨ ਵਾਲੇ ਅਤੇ ਵਣਜਾਰਿਆਂ ਦੀ ਪੂਰੀ ਦੀ ਪੂਰੀ ਕੌਮ ਤੇ ਹੋਰ ਘਟੀਆ ਅਤੇ ਨੀਚ ਸਮਝੀਆਂ ਜਾਂਦੀਆਂ ਜਾਤਾਂ ਦੇ ਲੋਕ ਬਹੁਤ ਭਾਰੀ ਗਿਣਤੀ ਵਿਚ ਉਸ (ਬੰਦਾ ਸਿੰਘ) ਦੇ ਦੁਆਲੇ ਇਕੱਤਰ ਹੋਏ ਅਤੇ ਉਸ ਦੇ ਸਿਪਾਹੀ ਬਣ ਗਏ।
ਇੱਥੇ ਸਭ ਤੋਂ ਮਹੱਤਵਪੂਰਨ ਅਤੇ ਢੁੱਕਵੀਂ ਟੂਕ ਵਿਲੀਅਮ ਇਰਵਿਨ ਦੀ ਹੈ ਜਿਸ ਨੇ ਲਿਖਿਆ ਹੈ ਕਿ ‘ਭਾਰਤੀ ਸਮਾਜ ਵਿਚ ਜੋ ਵੀ ਨੀਚ ਤੋਂ ਨੀਚ ਜਾਤੀ ਦਾ ਚਮਿਆਰ ਜਾਂ ਭੰਗੀ ਹੁੰਦਾ ਸੀ, ਆਪਣੇ ਘਰੋਂ ਚੱਲ ਕੇ ਜਦੋਂ ਬਾਗੀ ਗੁਰੂ (ਬੰਦਾ ਸਿੰਘ) ਪਾਸ ਪਹੁੰਚਦਾ ਸੀ ਤਾਂ ਉਹ ਥੋੜ੍ਹੇ ਹੀ ਸਮੇਂ ਵਿਚ ਆਪਣੇ ਪਿੰਡ ਦਾ ਹਾਕਮ ਬਣਨ ਦੇ ਹੁਕਮ ਆਪਣੇ ਹੱਥ ਵਿਚ ਲੈ ਕੇ ਹੀ ਵਾਪਸ ਮੁੜਦਾ ਸੀ। ਇਸ ਤਰ੍ਹਾਂ ਦੇ ਹੁਕਮਾਂ ਨਾਲ ਲੈਸ ਹੋਇਆ ਉਹ ਕਥਿਤ ਨੀਚ ਭੰਗੀ ਵੀ ਜਦ ਆਪਣੇ ਪਿੰਡ ਪਹੁੰਚਦਾ ਸੀ ਤਾਂ ਉਸੇ ਪਿੰਡ ਦੇ ਜੱਦੀ ਤੇ ਅਖੌਤੀ ਉੱਚੀ ਕੁਲ ਵਾਲੇ ਚੌਧਰੀ ਉਸ ਪਿੰਡ ਦੀਆਂ ਬਰੂਹਾਂ `ਤੇ ਉਸ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਹੁੰਦੇ ਸਨ ਅਤੇ ਉਹ ਉੱਚੀ ਕੁਲ ਦੇ ਲੋਕ ਉਸ ਨੀਚ ਆਦਮੀ ਨੂੰ ਜਲੂਸ ਦੀ ਸ਼ਕਲ ਵਿਚ ਪਿੰਡ ਲੈ ਕੇ ਆਉਂਦੇ ਸਨ। ਪਿੰਡ ਪਹੁੰਚ ਕੇ ਉਹ ਉਸ ਨਵੇਂ ਬਣੇ ਹਾਕਮ ਦੇ ਸਾਹਮਣੇ ਹੱਥ ਬੰਨ੍ਹ ਕੇ ਖੜ੍ਹੇ ਉਸ ਦੇ ਨਵੇਂ ਹੁਕਮ ਨੂੰ ਉਡੀਕਦੇ ਰਹਿੰਦੇ ਸਨ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਕਥਿਤ ਨੀਚ ਜਾਤਾਂ ਤੇ ਦੱਬੇ-ਕੁਚਲੇ ਵਰਗਾਂ ਨੂੰ ਫੌਜ ਵਿਚ ਨੌਕਰੀਆਂ ਦੇ ਕੇ ਨਾ ਕੇਵਲ ਉਨ੍ਹਾਂ ਦਾ ਜੀਵਨ ਮਿਆਰ ਹੀ ਉੱਪਰ ਚੁੱਕਿਆ ਸੀ ਸਗੋਂ ਸਮਾਜਿਕ ਕ੍ਰਾਂਤੀ ਦਾ ਬੀਜ ਵੀ ਬੀਜਿਆ ਸੀ। ਇਹ ਅਜਿਹੀ ਕ੍ਰਾਂਤੀ ਸੀ ਜਿਸ ਨੇ ਵਰਣ ਵਿਵਸਥਾ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ। ਸਥਾਪਤੀ ਪੱਖੀ ਸ਼ਕਤੀਆਂ ਲਈ ਇਹ ਸਭ ਅਸਹਿ ਸੀ ਜਿਸ ਕਾਰਨ ਉਹ ਬਾਬਾ ਬੰਦਾ ਸਿੰਘ ਬਹਾਦਰ ਅਤੇ ‘ਬੰਦਾਵਾਦ` ਨੂੰ ਹਮੇਸ਼ਾ ਲਈ ਕੁਚਲ ਦੇਣ ਵਾਸਤੇ ਇੱਕਜੁੱਟ ਹੋ ਗਈਆਂ ਸਨ।