ਉਜੜ ਜਾਓ ਦਾ ਮਹਾਤਮ

ਡਾ ਗੁਰਬਖ਼ਸ਼ ਸਿੰਘ ਭੰਡਾਲ
ਉਜੜਨਾ ਕਹਿਰ ਵੀ ਅਤੇ ਕਰਾਮਾਤ ਵੀ। ਢਲਦੀ ਸ਼ਾਮ ਵੀ ਅਤੇ ਪ੍ਰਭਾਤ ਵੀ। ਹੋਣੀ ਵੀ ਅਤੇ ਸੁਗਾਤ ਵੀ। ਜੁਰਮ ਵੀ ਅਤੇ ਜ਼ਜ਼ਬਾਤ ਵੀ। ਹੰਝੂ ਅਤੇ ਹਾਲਾਤ ਵੀ। ਮਕਾਣ ਵੀ ਅਤੇ ਬਾਰਾਤ ਵੀ। ਛਿੰਨ-ਭੰਗਰਾ ਵੀ ਅਤੇ ਜਨਮ-ਜਾਤ ਵੀ।
ਉਜੜਨਾ, ਹਾਲਾਤ ਦਾ ਤਕਾਜ਼ਾ। ਸਬੰਧਾਂ ਦਾ ਬਿਫ਼ਰਨਾ। ਸਰੋਕਰਾਂ ਦਾ ਸੰਕੋਚਨਾ। ਰਿਸ਼ਤਿਆਂ ਦੀ ਕੁੜੱਤਣ। ਮਾਨਸਿਕ ਦਵੰਦ। ਆਰਥਿਕ ਮਜ਼ਬੂਰੀ। ਭਾਵਨਾਤਮਿਕ ਸੱਟ। ਆਪਣਿਆਂ ਦਾ ਫਰੇਬ। ਸਕਿਆਂ ਦਾ ਸ਼ੱਕ। ਕਬਰ ਹੋ ਜਾਣ ਦਾ ਭੈਅ ਅਤੇ ਸੁਪਨਿਆਂ ਦਾ ਮਾਤਮ ਆਦਿ `ਤੇ ਵੀ ਨਿਰਭਰ।

ਉਜੜਨਾ, ਔਖਾ, ਅਣਹੋਣੀ, ਅਸਹਿ, ਅਕਹਿ ਅਤੇ ਅਮਾਨਵੀ ਵਰਤਾਰਾ। ਔਕੜਾਂ ਭਰੀ ਵਾਟ ਅਤੇ ਅੰਤਰੀਵੀ ਦਰਦ।
ਉਜੜਨਾ, ਆਪਣਿਆਂ ਤੋਂ ਅਤੇ ਆਪਣੇ ਆਪ ਤੋਂ ਦੂਰੀ। ਘਰਾਂ ਤੇ ਖੇਤਾਂ ਤੋਂ ਫ਼ਾਸਲਾ। ਬਚਪਨੀ ਦਿਨਾਂ ਦੀ ਯਾਦਾਂ ਅਤੇ ਯਾਰਾਂ ਤੋਂ ਵਿਦਾਈ। ਪਿੰਡ ਦੀਆਂ ਗਲੀਆਂ ਤੇ ਸੱਥਾਂ ਤੋਂ ਵਿੱਥ। ਬਜ਼ੁਰਗਾਂ ਦੀਆਂ ਝਿੜਕਾਂ ਅਤੇ ਅਸੀਸਾਂ ਤੋਂ ਮਹਿਰੂਮਤਾ। ਪਿੰਡ ਦੀ ਮਿੱਟੀ ਦੀ ਮਹਿਕ ਤੋਂ ਵਿਦਾਇਗੀ।
ਉਜੜਨਾ, ਮਨੁੱਖੀ ਫ਼ਿਤਰਤ। ਇਸਨੂੰ ਸਕਾਰਤਮਿਕ ਜਾਂ ਨਕਾਤਰਮਿਕ ਰੂਪ ਵਿਚ ਲੈਣਾ, ਇਹ ਮਨੁੱਖੀ ਸੁਭਾਅ ‘ਤੇ ਨਿਰਭਰ। ਉਜੜਨ ਦੇ ਸਤਹੀ ਅਰਥ ਨਹੀਂ ਹੁੰਦੇ। ਇਸਨੂੰ ਸਮਝਣ ਲਈ ਸਾਨੂੰ ਇਸਦੀ ਅੰਤਰੀਵ ਅਰਥਾਂ ਤੀਕ ਉਤਰਨਾ ਅਤੇ ਇਸਦੀਆਂ ਤਹਿਆਂ ਨੂੰ ਫਰੋਲਣਾ ਪੈਣਾ।
ਜਦ ਕੋਈ ਇਕ ਥਾਂ ਤੋਂ ਉਜੜਦਾ ਤਾਂ ਉਹ ਦੂਸਰੀ ਥਾਂ ਤੇ ਵੱਸਦਾ। ਇਕ ਜਗਾ ਨੂੰ ਛੱਡਦਾ ਪਰ ਦੂਸਰੀ ਥਾਂ ਨੂੰ ਅਪਣਾਉਂਦਾ। ਸਿਰਫ਼ ਥਾਂ ਹੀ ਬਦਲਦੀ। ਆਖਰ ਤਾਂ ਮਨੁੱਖ ਨੇ ਧਰਤੀ ਤੇ ਹੀ ਰਹਿਣਾ। ਹੋ ਸਕਦਾ ਕਿ ਕਿਸੇ ਮਿੱਟੀ, ਸਥਾਨ ਜਾਂ ਸਮਾਜਿਕ ਦਾਇਰੇ ਦੀ ਤਾਸੀਰ ਉਸਦੇ ਰਾਸ ਨਾ ਆਵੇ ਤਾਂ ਉਹ ਇਕ ਥਾਂ ਤੋਂ ਦੂਸਰੇ ਕਿਨਾਰੇ ਨੂੰ ਤੁੱਰ ਪੈਂਦਾ।
ਕਈ ਵਾਰ ਤਾਂ ਉਜੜਨਾ ਜ਼ਰੂਰੀ ਹੁੰਦਾ ਹੈ ਨਵੇਂ ਸੁਪਨਿਆਂ ਦੀ ਪੂਰਤੀ, ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ਣ, ਨਵੀਆਂ ਮੰਜ਼ਲਾਂ ਦੀ ਭਾਲ ਕਰਨ ਜਾਂ ਨਵੀਆਂ ਰਾਹਾਂ ਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਉਕਰਨ ਲਈ।
ਉਜੜਨਾ, ਪੰਜਾਬੀਆਂ ਦੀ ਕਿਸਮਤ। ਕਦੇ ਪਾਕਿਸਤਾਨ ਤੋਂ ਉਜਾੜਾ, ਕਦੇ ਬਾਰ ਚੋਂ, ਕਦੇ ਆਪਣੇ ਹੀ ਘਰਾਂ `ਚੋਂ ਆਪਣੀ ਮਰਜ਼ੀ ਨਾਲ ਅਤੇ ਕਦੇ ਜ਼ਬਰਦਸਤੀ। ਪੰਜਾਬ ਤਾਂ ਹੁਣ ਵੀ ਉਜੜ ਰਿਹਾ ਭਾਵੇਂ ਬੇਰੁਜ਼ਗਾਰੀ ਦੀ ਮਜ਼ਬੂਰੀ ਹੋਵੇ, ਵਿਗੜੀ ਤੇ ਉਲਝੀ ਸਮਾਜਿਕ ਬਣਤਰ, ਰਾਜਸੀ ਅਤੇ ਸਰਕਾਰੀ ਤੰਤਰ ਵਿਚ ਪੈਦਾ ਹੋਇਆ ਵਿਗਾੜ ਅਤੇ ਜਾਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਚਿੰਤਾ ਹੋਵੇ। ਪਰ ਇਹੀ ਉਜੜਨਾ ਜਿਥੇ ਪੰਜਾਬ ਦੀ ਬਰਬਾਦੀ ਦਾ ਸਬੱਬ ਹੈ, ਉਥੇ ਪੰਜਾਬ ਤੋਂ ਬਾਹਰ ਜਾਣ ਵਾਲਿਆਂ ਲਈ ਨਵੇਂ ਮੌਕਿਆਂ ਦੀ ਪ੍ਰਾਪਤੀ, ਨਵੀਆਂ ਰਾਹਾਂ ਦੀ ਖੋਜ, ਨਵੀਆਂ ਉਪਲਬਧੀਆਂ ਦਾ ਦਰ ਖੁੱਲਣਾ, ਨਵੇਂ ਮੁਕਾਮ ਸਿਰਜਣ ਦੀ ਚਾਹਨਾ ਅਤੇ ਨਵੀਆਂ ਬੁਲੰਦੀਆਂ ਨਾਲ ਪੰਜਾਬੀਆਂ ਦੀ ਵਿਲੱਖਣਤਾ ਨੂੰ ਚਾਰ ਚੰਨ ਲਾਉਣ ਦਾ ਅਹਿਦ ਵੀ ਹੈ।
ਯਾਦ ਰਹੇ ਕਿ ਕਦੇ ਲੋਕ ਆਪ ਉਜੜਦੇ, ਪਰ ਕਦੇ ਉਜਾੜੇ ਜਾਂਦੇ। ਕਦੇ ਉਹ ਆਪਣਿਆਂ ਤੋਂ ਦੂਰ ਹੋ ਜਾਂਦੇ ਪਰ ਕਈ ਵਾਰ ਇਹੀ ਉਜਾੜਾ ਆਪਣਿਆਂ ਦੇ ਕਰੀਬ ਵੀ ਲਿਆਉਂਦਾ।
ਦਰਅਸਲ ਪਹਿਲੀ ਨਜ਼ਰੇ ਉਜੜਨਾ ਬਹੁਤ ਹੀ ਤਕਲੀਫ਼ ਦੇਹ। ਕਦੇ ਪਾਕਿਸਤਾਨ ਤੋਂ ਉਜੜ ਕੇ ਆਏ ਪੰਜਾਬੀਆਂ ਦੀ ਛੱਡ ਆਏ ਪਿੰਡ ਨੂੰ ਮਿਲਣ ਦੀ ਹਿਰਸ ਨੂੰ ਹੰਝੂਆਂ ਵਿਚ ਵਹਿੰਦੀ ਦੇਖਣਾ ਜਾਂ ਉਹ ਚਾਹੁੰਦਿਆਂ ਵੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ ਜਾਂ ਆਪਣੇ ਬਚਪਨ ਦੇ ਸਾਥੀਆਂ ਨੂੰ ਮਿਲਣ ਦੀ ਤਮੰਨਾ ਨੂੰ ਕਤਲ ਕਰਨ ਲਈ ਮਜ਼ਬੂਰ ਹੁੰਦੇ ਦੇਖਣਾ। ਉਨ੍ਹਾਂ ਦੇ ਮਨਾਂ ਦੀ ਕੀ ਹਾਲਾਤ ਹੁੰਦੀ ਹੋਵੇਗੀ ਜਦ ਉਹ ਲਾਹੌਰ ਜਾਂ ਕਸੂਰ ਦੀਆਂ ਗਲੀਆਂ ਨੂੰ ਗਾਹੁਣ ਦੀ ਲੋਚਾ ਨੂੰ ਹੱਥੀਂ ਦਫ਼ਨਾਉਂਦੇ ਹੋਣਗੇ। ਪੁਰਾਣੇ ਘਰ, ਖੇਤਾਂ ਤੇ ਖੂਹਾਂ ਦੀਆਂ ਯਾਦਾਂ ਤਾਂ ਬਹੁਤ ਹੀ ਸਤਾਉਂਦੀਆਂ ਹੋਣਗੀਆਂ। ਇਹ ਦਰਦ ਉਹੀ ਜਾਣ ਸਕਦੈ ਜਿਸਨੇ ਇਸ ਦਰਦ ਨੂੰ ਆਪਣੇ ਦਿਲ ਵਿਚ ਪਾਲਿਆ ਅਤੇ ਹੰਢਾਇਆ ਹੋਵੇ।
ਉਜੜਨਾ, ਸਿਰਫ਼ ਜਿਸਮਾਨੀ ਹੀ ਨਹੀਂ ਹੁੰਦਾ। ਮਾਨਸਿਕ, ਭਾਵਨਾਤਮਕ ਅਤੇ ਸੁਹਜਾਤਮਕ ਉਜੜਨਾ, ਰੂਹ ਵਿਚੋਂ ਕਦੇ ਵੀ ਮਨਫ਼ੀ ਨਹੀਂ ਹੁੰਦਾ। ਬਾਹਰਲਾ ਉਜਾੜਾ ਤਾਂ ਅਗਲੀ ਪੀੜ੍ਹੀ ਨੂੰ ਯਾਦ ਨਹੀਂ ਰਹਿਣਾ, ਕੁਝ ਸਮੇਂ ਬਾਅਦ ਭੁੱਲ ਵੀ ਜਾਵੇਗਾ ਪਰ ਅੰਦਰਲੀ ਚਸਕ ਦਾ ਬੰਦਾ ਕੀ ਕਰੇ।
ਇਕੱਲਾ ਬੰਦਾ ਹੀ ਨਹੀਂ ਉਜੜਦਾ, ਸਗੋਂ ਉਸਦਾ ਪਰਿਵਾਰ, ਸਮਾਜ ਅਤੇ ਉਸਦਾ ਸਮੁੱਚਾ ਦਾਇਰਾ ਹੀ ਉਜੜ ਜਾਂਦਾ। ਉਜੜਦੇ ਨੇ ਉਸਦੇ ਸੁਪਨੇ, ਸੰਵੇਦਨਾ, ਸੰਤੋਖ, ਸਬੰਧ, ਸਹਿਣਸ਼ੀਲਤਾ, ਸਾਧਨ ਅਤੇ ਕਈ ਵਾਰ ਸਮਰੱਥਾ ਵੀ।
ਉਜੜਨਾ, ਹਮੇਸ਼ਾ ਬਹੁਤ ਹੀ ਡੂੰਘੇ ਜਖ਼ਮ ਦਿੰਦਾ ਭਾਵੇਂ ਇਹ ਪਿੰਡੇ ਦੇ ਹੋਣ, ਦਿਲ ਦੇ, ਮਨਾਂ ਦੇ, ਰੂਹ ਦੇ ਅਤੇ ਕੁਝ ਅਣਦਿਸਦੇ ਜਖ਼ਮ ਵੀ ਹੁੰਦੇ ਜਿਹੜੇ ਬਾਹਰੋਂ ਤਾਂ ਭਰੇ ਲੱਗਦੇ, ਪਰ ਸਾਰੀ ਹਯਾਤੀ ਰਿੱਸਦੇ, ਚਸਕਦੇ ਪਰ ਕਦੇ ਨਾ ਭਰਦੇ।
ਉਜੜਿਆ ਹੋਇਆ ਬੰਦਾ ਨਾ ਮਰਦਾ, ਨਾ ਹੀ ਜਿਉਂਦਾ ਅਤੇ ਨਾ ਹੀ ਹੱਸਦਾ ਸਗੋਂ ਅੰਦਰ ਨੂੰ ਰੁਆਉਂਦਾ। ਉਸ ਕੋਲੋਂ ਗੁੰਮ ਜਾਂਦਾ ਜ਼ਿੰਦਗੀ ਦਾ ਜਸ਼ਨ ਅਤੇ ਸਿਰਫ਼ ਰਹਿ ਜਾਂਦਾ ਸਿੱਸਕੀਆਂ ਦਾ ਸਾਥ।
ਜੇ ਦੇਖਣੇ ਨੇ ਰੰਗ ਕਿਤੇ ਉਜੜੀਆਂ ਰੁੱਤਾਂ ਦੇ।
ਤਾਂ ਸੁਣੀ ਦੁੱਖੜੇ ਮੁੱਖ ਤੇ ਉਕਰੀਆਂ ਚੁੱਪਾਂ ਦੇ।
ਖੋੜਾਂ `ਚ ਪੰਛੀ ਤਾਂ ਅਕਸਰ ਚਹਿਕਦੇ ਹੀ ਹੁੰਦੇ,
ਕਦੇ ਨੇੜੇ ਹੋ ਕੇ ਵੀ ਸੁਣੇ ਆ ਦੁੱਖ ਰੁੱਖਾਂ ਦੇ।
ਜਦ ਕੋਈ ਬੱਦਲੀ ਅੰਬਰ ਤੇ ਅਚਨਚੇਤੀ ਛਾ ਜਾਏ,
ਤਾਂ ਦੇਖਣਾ ਕਦੇ ਕਿਵੇਂ ਰੰਗ ਉਡ ਜਾਂਦੇ ਧੁੱਪਾਂ ਦੇ।
ਤੈਨੂੰ ਦਿੱਸਦਾ ਕਿ ਉਹ ਸਾਰੀ ਉਮਰ ਸਫ਼ਰ ਤੇ ਰਿਹਾ
ਕਦੇ ਕੋਲ ਹੋ ਕੇ ਦੇਖਿਆ ਨਾ ਕੀ ਹਾਲ ਹੋਏ ਖੁੱਚਾਂ ਦੇ।
ਉਹ ਤਾਂ ਡਕਾਰ ਮਾਰ ਕੇ ਨਹੀਂ ਕਿਸੇ ਨੂੰ ਪਛਾਣਦੇ
ਕੌਣ ਪੀੜ ਸਮਝੇ ਕੱਟੇ ਦਸੌਂਧੇ ਤੇ ਕੱਟੀਆਂ ਭੁੱਖਾਂ ਦੇ।
ਯਾਦ ਰਹੇ ਕਿ ਉਜੜਨਾ ਹਮੇਸ਼ਾ ਸੋਗ ਹੀ ਨਹੀਂ ਸਗੋਂ ਕਈ ਵਾਰ ਵਰਦਾਨ ਵੀ ਹੁੰਦਾ। ਜਦ ਕੋਈ ਉਜੜਦਾ ਤਾਂ ਉਸਨੂੰ ਆਪਣੀ ਸਮਰੱਥਾ ਦੀ ਪਛਾਣ ਹੁੰਦੀ। ਖੁLਦ ਤੇ ਭਰੋਸਾ ਕਰਨ ਦਾ ਵੱਲ ਆਉਂਦਾ। ਨਵੇਂ ਰੂਪ ਵਿਚ ਖ਼ੁਦ ਦੀ ਪੁਨਰ-ਸਿਰਜਣਾ ਕਰਦਾ ਅਤੇ ਇਕ ਨਵੇਂ ਮਨੁੱਖ ਦੇ ਰੂਪ ਵਿਚ ਪ੍ਰਗਟ ਹੁੰਦਾ। ਉਸ ਲਈ ਨਵੇਂ ਹਾਲਾਤਾਂ ਅਤੇ ਚੁਣੌਤੀਆਂ ਵਿਚੋਂ ਉਭਰਨਾ, ਜੀਵਨ-ਮਰਨ ਦਾ ਸਵਾਲ ਬਣ ਜਾਂਦਾ। ਉਹ ਅਣਮਿਥੀਆਂ ਮੰਜਲ਼ਾਂ ਦੀ ਪ੍ਰਾਪਤੀ ਕਰਨ ਲਈ, ਅਣਦਿਸਦੇ ਸੰਸਾਰ ਦੇ ਦੀਦਾਰੇ ਕਰਦਿਆਂ, ਨਵੀਆਂ ਥਾਵਾਂ ਤੇ ਕੁਝ ਨਿਵੇਕਲਾ ਅਤੇ ਨਰੋਇਆ ਕਰਨ ਦੇ ਚਾਅ ਨਾਲ ਭਰਪੂਰ ਹੁੰਦਾ। ਇਹ ਚਾਅ ਫਿਰ ਵੱਖਰੀ ਪਛਾਣ ਦਾ ਪੈਮਾਨਾ ਨਿਰਧਾਰਤ ਕਰਦਾ।
ਉਜੜਨਾ, ਨਵੇਂ ਦਾਇਰਿਆਂ, ਦਿਸਹੱਦਿਆਂ, ਦ੍ਰਿਸ਼ਟੀਕੋਣ ਅਤੇ ਦਰਵਾਜਿਆਂ ਤੇ ਦਿੱਤੀ ਹੋਈ ਦਸਤਕ। ਇਸਨੇ ਨਵੀਂ ਦਿੱਬ-ਦ੍ਰਿਸ਼ਟੀ ਰਾਹੀਂ ਨਵੇਂ ਦਿੱਸਹੱਦਿਆਂ ਨੂੰ ਆਪਣੇ ਨਾਵੇਂ ਕਰਨਾ ਹੁੰਦਾ। ਪਾਕਿਸਤਾਨ ਤੋਂ ਉਜੜ ਕੇ ਆਏ ਪੰਜਾਬੀਆਂ ਦੀਆਂ ਮਾਰੀਆਂ ਮੱਲਾਂ ਇਸਦੀ ਗਵਾਹ ਹਨ ਕਿ ਕਿਵੇਂ ਉਜੜ ਕੇ ਫਿਰ ਨਵਾਂ ਸੰਸਾਰ ਵਸਾਇਆ ਜਾ ਸਕਦਾ। ਅਕਸਰ ਹੀ ਅਸੀਂ ਛੋਟੇ ਹੁੰਦੇ ਦੇਖਦੇ ਸਾਂ ਕਿ ਹੜਾਂ ਕਾਰਨ ਕੱਚੇ ਘਰ ਅਤੇ ਫਸਲਾਂ ਤਬਾਹ ਹੋ ਜਾਣੀਆਂ ਪਰ ਸਾਡੇ ਬਜ਼ੁਰਗਾਂ ਉਜੜਨ ਤੋਂ ਬਾਅਦ ਨਵੇਂ ਵਸੇਬੇ ਲਈ ਦੇਰ ਨਹੀਂ ਸੀ ਲਾਉਂਦੇ।
ਕਮਰੇ ਵਿਚ ਬੰਦ ਮਹਿਕ ਹਮੇਸ਼ਾ ਹੁੱਸੜ ਜਾਂਦੀ। ਇਸ ਲਈ ਇਸਦਾ ਬਾਹਰ ਨਿਕਲਣਾ ਅਤੇ ਫ਼ਿਜ਼ਾ ਨੂੰ ਸੁਗੰਧਤ ਕਰਨਾ ਜ਼ਰੂਰੀ ਹੁੰਦਾ। ਇਸ ਨਾਲ ਮਹਿਕੀ ਫ਼ਿਜ਼ਾ ਵਿਚ ਮਹਿਕ ਵੀ ਜਿਊਣ-ਜੋਗੀ ਹੋ ਜਾਂਦੀ।
ਉਜੜੀਂ ਜ਼ਰੂਰ ਪਰ ਇਹ ਉਜੜਨਾ ਤੁਹਾਡੇ ਅਤੇ ਨਵੇਂ ਵਸੇਬੇ ਲਈ ਰਹਿਮਤ ਹੋਵੇ। ਕਦੇ ਵੀ ਉਜੜਨਾ ਕਿਆਮਤ ਨਾ ਹੋਵੇ ਕਿਉਂਕਿ ਕਿਆਮਤ ਨੂੰ ਕਹਿਰ ਬਣਦਿਆਂ ਬਹੁਤੀ ਦੇਰ ਨਹੀਂ ਲੱਗਦੀ।
ਬਹੁਤ ਘੱਟ ਲੋਕ ਆਪ ਉਜੜਦੇ। ਜ਼ਿਆਦਾਤਰ ਉਜਾੜੇ ਜਾਂਦੇ। ਉਜੜਨਾ ਜਦ ਮਜ਼ਬੂਰੀ ਬਣ ਜਾਵੇ ਤਾਂ ਬੰਦਾ ਕੀ ਕਰੇ? ਕੀ ਜਿਉਂਦੇ ਜੀਅ ਮਰੇ? ਜਾਂ ਜਿਉਣ ਦਾ ਕੋਈ ਹੋਰ ਆਹਰ ਕਰੇ? ਆਪਣੇ ਹੱਥੀ ਆਪਣੀ ਰੂਹ ਦਾ ਕਤਲ ਕਰੇ? ਜਾਂ ਮਰੀ ਜ਼ਮੀਰ ਨੂੰ ਸਮੇਂ ਦਾ ਹਾਣੀ ਕਰੇ? ਸਜ਼ਾ-ਜਾਫ਼ਤਾ ਹੋ ਕੇ ਆਖਰੀ ਸਾਹ ਦੀ ਉਡੀਕ ਕਰੇ? ਜਾਂ ਖੁੱਲੀ ਹਵਾ ਵਿਚ ਸਾਹ ਲੈਣ ਲਈ ਹਰ ਉਦਮ ਕਰੇ? ਸਾਹਾਂ ਦੀ ਧੂਣੀ `ਚ ਧੁੱਖ ਧੁੱਖ ਕੇ ਮਰੇ ਜਾਂ ਬਾਕੀ ਬਚੇ ਸਾਹਾਂ ਵਿਚ ਮਹਿਕ ਭਰੇ।
ਕਈ ਵਾਰ ਉਜੜਨਾ ਸਵੈ ਵੀ ਹੁੰਦਾ। ਯੋਗੀ, ਸਾਧੂ, ਸੰਨਿਆਸੀ ਅਤੇ ਫ਼ਕੀਰ ਸਵੈ ਦੀ ਖੋਜ ਲਈ ਸਮਾਜਿਕ ਚਾਰ-ਦੀਵਾਰੀ ਨੂੰ ਅਲਵਿਦਾ ਕਹਿ ਦਿੰਦੇ। ਪਰ ਉਹੀ ਰਮਤੇ ਯੋਗੀ ਅੰਮ੍ਰਿਤ ਵੇਲੇ ਗਲੀਆਂ ਵਿਚ ਘੁੰਮਦੇ। ਰੱਬ ਦੀ ਬੰਦਗੀ ਕਰਦੇ। ਘਰਾਂ ਦੀ ਸੁੱਖ ਮੰਗਦੇ। ਫ਼ਿਜ਼ਾ ਵਿਚ ਅਸੀਸਾਂ ਤੇ ਦੁਆਵਾਂ ਦਾ ਹੋਕਰਾ ਲਾਉਂਦੇ ਅਤੇ ਪਿੰਡ ਨੂੰ ਭਾਗ ਲਾਉਂਦੇ।
ਯਾਦ ਤਾਂ ਹੋਣਾ ਹੀ ਚਾਹੀਦਾ ਕਿ
ਉਜੜੇ ਖੂਹਾਂ ਦੇ ਖ਼ਾਰੇ ਪਾਣੀ,
ਨਾ ਕੋਈ ਰਾਹੀ ਤੇ ਨਾ ਕੁਹਾਰ।
ਉਜੜ ਗਿਆਂ ਦੇ ਪੱਲੇ ਰਹਿ ਜੇ,
ਹਾਉਕੇ, ਹੰਝੂ, ਖਜ਼ਲ਼-ਖੁਆਰ।
ਉਜੜੇ ਖੇਤੋਂ ਪਾਸਾ ਵੱਟਦੀ,
ਫਸਲ ਤੇ ਖੇਤ-ਬਹਾਰ।
ਉਜੜੇ ਪਿੰਡ `ਚ ਨਹੀਂ ਥਿਆਉਂਦੇ,
ਬਚਪਨ ਦੇ ਬੇਲੀ-ਯਾਰ।
ਉਜੜੇ ਬਾਗੀਂ ਕਿੰਝ ਬੈਠੇਗੀ,
ਆ ਪੰਛੀਆਂ ਦੀ ਡਾਰ।
ਉਜੜੇ ਵਿਹੜੀਂ ਕਦੇ ਨਾ ਪੈਂਦੀ,
ਗਿੱਧਿਆਂ ਦੀ ਧਮਕਾਰ।
ਉਜੜ ਜਾਵੇ ਜਾਂ ਚਾਅ ਦੀ ਨਗਰੀ,
ਤਾਂ ਅੱਥਰੂ ਬਣਦੇ ਯਾਰ।
ਉਜੜ ਗਈ ਤਹਿਰੀਕ ਦਾ ਰਹਿ’ਜੇ
ਵਰਕਿਆਂ ਵਿਚ ਦੀਦਾਰ।
ਉਜੜੇ ਲੋਕਾਂ ਦੀ ਝੋਲੀ ਹੁੰਦਾ,
ਸਦੀਆਂ ਦਾ ਤ੍ਰਿਸਕਾਰ।
ਉਜੜੇ ਸ਼ਬਦ ਨਹੀਂ ਬਣਾਉਂਦੇ,
ਅਰਥਾਂ ਨੂੰ ਸ਼ਾਹ-ਅਸਵਾਰ
ਪਰ
ਉਜੜ ਕੇ ਜਿਹੜੇ ਵੱਸਦੇ,
ਸਮੇਂ ਦੇ ਅਲੰਬਰਦਾਰ।
ਅੰਬਰ ਦੀ ਜੂਹ ਦੇ ਬਣਦੇ,
ਤਾਰੇ ਕਈ ਹਜਾਰ।
ਕਾਲੇ ਵਖਤਾਂ `ਚ ਕਰਦੇ,
ਚਾਨਣ ਦਾ ਵਿਸਥਾਰ।
ਉਹ ਵਕਤ ਦੇ ਵਰਕੀਂ ਉਗਦੇ
ਬਣ ਦੀਵਿਆਂ ਦੀ ਡਾਰ
ਤਾਂ ਹੀ ਬਾਬੇ ‘ਉਜੜ ਜਾਓ’ ਦਾ
ਵਰਤਿਆ ਸੀ ਅਲੰਕਾਰ।
ਅਕਸਰ ਹੀ ਅਸੀਂ ਕਥਾ ਸੁਣਦੇ ਹਾਂ ਕਿ ਬਾਬੇ ਨਾਨਕ ਨੇ ਇਕ ਪਿੰਡ ਦੇ ਮਾੜੇ ਲੋਕਾਂ ਨੂੰ ਕਿਹਾ ਕਿ ਵੱਸਦੇ ਰਹੋ ਜਦ ਕਿ ਦੂਸਰੇ ਪਿੰਡ ਦੇ ਭਲੇ ਲੋਕਾਂ ਨੂੰ ਉਜੜਨ ਦਾ ਵਰਦਾਨ ਦਿਤਾ। ਇਸਦੀ ਵਾਕਈ ਅਰਥਾਂ ਦੀ ਬਜਾਏ ਇਸਦੇ ਅੰਤਰੀਵ ਨੂੰ ਸਮਝਣ ਦੀ ਲੋੜ ਹੈ। ਬਾਬਾ ਜੀ ਚਾਹੁੰਦੇ ਸਨ ਕਿ ਮਾੜੇ ਲੋਕ ਪਿੰਡ ਵੀ ਹੀ ਵੱਸਦੇ ਰਹਿਣ ਤਾਂ ਕਿ ਇਨ੍ਹਾਂ ਦੀ ਬੁਰਿਆਈ ਹੋਰਨਾਂ ਨੂੰ ਆਪਣੀ ਲਪੇਟ ਵਿਚ ਨਾ ਲਵੇ ਜਦ ਕਿ ਨੇਕ ਪਿੰਡ ਵਾਸੀਆਂ ਦਾ ਉਜੜਨਾ ਇਸ ਲਈ ਜ਼ਰੂਰੀ ਸੀ ਤਾਂ ਕਿ ਉਹ ਨੇਕੀ ਦੀ ਮਹਿਕ ਨੂੰ ਆਲੇ-ਦੁਆਲੇ ਵਿਚ ਫੈਲਾਉਣ ਅਤੇ ਲੋਕਾਈ ਨੂੰ ਜੀਵਨ ਦੀਆਂ ਸੁੱਚੀਆਂ ਕਦਰਾਂ-ਕੀਮਤਾਂ ਦੇ ਲੜ ਲਾਉਣਾ। ਦਰਅਸਲ ਚੰਗੇ ਲੋਕਾਂ ਦਾ ਉਜੜਨਾ ਜ਼ਰੂਰੀ ਹੁੰਦਾ। ਸ਼ਾਇਦ ਇਸ ਲਈ ਪੰਜਾਬੀਆਂ ਨੂੰ ਉਜੜਨ ਦੀ ਗੁੱੜਤੀ ਜਨਮ-ਜਾਤ ਤੋਂ ਹੀ ਮਿਲ ਜਾਂਦੀ ਹੈ।