(ਪੰਜਾਬ ਅਤੇ ਯੂ.ਪੀ. ਦੇ ਤਰਾਈ ਏਰੀਏ ਅੰਦਰ ਓਨਾਂ ਦਿਨਾਂ ਵਿਚ)
ਜਗਰੂਪ ਸਿੰਘ ਸੇਖੋਂ
ਮੋਬਾ. 94170-75563
ਇਹ ਗੱਲ 32 ਕੁ ਸਾਲ ਪਹਿਲਾਂ ਜੂਨ 1991 ਦੀ ਹੈ ਜਦੋਂ ਮੈਨੂੰ ਉਸ ਸਮੇਂ ਦੀ ਇਕ ਅੱਤਵਾਦੀ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਇਕ ਧੜੇ ਦੇ ਕਮਾਂਡਰ ਦੀ ਸਾਡੇ ਪਰਿਵਾਰ ਪ੍ਰਤੀ ਪੈਦਾ ਹੋਈ ਖੁੰਦਕ ਤੇ ਗੁੱਸੇ ਨੂੰ ਸ਼ਾਂਤ ਕਰਨ ਵਾਸਤੇ ਉਸਦੇ ਪਿੰਡ ਕਾਲੇਕੇ ਵਿਚ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਪਿਆ। ਇਹ ਪਿੰਡ ਉਸ ਜਥੇਬੰਦੀ ਦੇ ਮੁਖੀ ਰਵਿੰਦਰਪਾਲ ਸਿੰਘ ਭੋਲਾ ਦਾ ਵੀ ਸੀ।
ਇਸ ਘਟਨਾ ਦਾ ਪਿਛੋਕੜ ਪੱਛਮੀ ਉਤਰ ਪ੍ਰਦੇਸ਼ ਦੇ ਤਰਾਈ ਏਰੀਏ ਵਿਚ ਪਿਛਲੀ ਸਦੀ ਦੇ 90ਵੇਂ ਦੇ ਸ਼ੁਰੂ ਵਿਚ ਬਹੁਤ ਵਧ ਗਈਆਂ ਅੱਤਵਾਦੀ ਘਟਨਾਵਾਂ ਨਾਲ ਹੈ। ਉਸ ਸਮੇਂ ਪੰਜਾਬ ਤੋਂ ਵੱਡੀ ਗਿਣਤੀ ਵਿਚ ਅੱਤਵਾਦੀ ਪੁਲਿਸ ਦੇ ਡਰ ਤੇ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਇਨ੍ਹਾਂ ਇਲਾਕਿਆਂ ਵਿਚ ਚਲੇ ਗਏ ਸਨ। ਜ਼ਿਕਰਯੋਗ ਹੈ ਕਿ ਤਰਾਈ ਏਰੀਆ ਵਿਚ ਵੱਡੀ ਗਿਣਤੀ ਚੰਗੇ ਖਾਂਦੇ-ਪੀਂਦੇ ਸਿੱਖ ਜ਼ਿਮੀਂਦਾਰਾਂ ਦੀ ਹੈ ਜੋ ਆਪਣੇ ਡੇਰਿਆਂ ’ਤੇ ਰਹਿੰਦੇ ਹਨ। ਪੰਜਾਬ ਤੋਂ ਗਏ ਕੁਝ ਮੁੰਡਿਆਂ ਦੀ ਇਨ੍ਹਾਂ ਪਰਿਵਾਰਾਂ ਨਾਲ ਰਿਸ਼ਤੇਦਾਰੀ ਜਾਂ ਜਾਣ-ਪਛਾਣ ਸੀ। ਪੰਜਾਬੋਂ ਗਏ ਮੁੰਡਿਆਂ ਨੇ ਉਥੇ ਵੀ ਪੰਜਾਬ ਵਾਲਾ ਮਾਹੌਲ ਪੈਦਾ ਕਰ ਦਿੱਤਾ ਤੇ ਉਥੋਂ ਦੇ ਕਾਫੀ ਮੁੰਡੇ ਇਨ੍ਹਾਂ ਨਾਲ ਰਲ ਗਏ ਤੇ ਮਾਰਨ-ਮਰਵਾਉਣ ਤੇ ਫਿਰੌਤੀਆਂ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਕਾਰਨ ਡੇਰਿਆਂ ‘ਤੇ ਰਹਿਣ ਵਾਲੇ ਲੋਕਾਂ ਲਈ ਬਹੁਤ ਵੱਡੀ ਮੁਸੀਬਤ ਬਣ ਗਈ ਤੇ ਉਨ੍ਹਾਂ ਵਿਚੋਂ ਕੁਝ ਆਪਣੀ ਜ਼ਮੀਨ ਵੇਚ ਕੇ ਲਾਗਲੇ ਕਸਬਿਆਂ ਵਿਚ ਚਲੇ ਗਏ। ਸਾਡੇ ਆਪਣੇ ਇਲਾਕੇ ਵਿਚ ਅੱਤਵਾਦੀ ਵਾਰਦਾਤਾਂ ਕਰਕੇ 5-6 ਲੋਕਾਂ ਦਾ ਕਤਲ ਹੋ ਗਿਆ ਜਿਸ ਨਾਲ ਹਾਲਾਤ ਹੋਰ ਖਰਾਬ ਹੋ ਗਏ। ਇਸ ਦੇ ਨਾਲ ਹੀ ਯੂਪੀ ਦੀ ਪੁਲੀਸ ਤੇ ਪ੍ਰੋਵਿਨਸੀਅਲ ਆਰਮਡ ਕਾਨਟਬਿਲਰੀ (ਪੀਏਸੀ) ਦੀ ਦਬਿਸ਼ ਵਧ ਗਈ ਤੇ ਉਨ੍ਹਾਂ ਨੇ ਉਥੇ ਰਹਿੰਦੇ ਲੋਕਾਂ ਨੂੰ ਬਹੁਤ ਤੰਗ ਤੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਅੱਤਵਾਦ ਦੀਆਂ ਵਧੀਆਂ ਹੋਈਆਂ ਘਟਨਾਵਾਂ ਕਰਕੇ ਸਾਡੇ ਇਲਾਕੇ ਦੇ 10-12 ਲੋਕਾਂ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਠਅਦਅ ਵਿਚ ਯੂਪੀ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕਰ ਦਿੱਤਾ। ਕਈ ਸਾਲ ਜੇਲ੍ਹ ਵਿਚ ਰਹਿ ਕੇ ਕੁਝ ਅੱਜ ਵੀ ਪੁਲੀਸ ਦੇ ਰਿਕਾਰਡ ਵਿਚ ਮੁਜਰਮ ਹਨ ਤੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਪਾਸਪੋਰਟ ਬਣਾਉਣ ਦੀ ਮਨਜ਼ੂਰੀ ਨਹੀਂ ਮਿਲ ਰਹੀ ਹੈ।
ਸਾਡੇ ਪਰਿਵਾਰ ਦੀ ਸਮੱਸਿਆ ਮਾਰਚ 1991 ਦੇ ਸ਼ੁਰੂ ਵਿਚ ਘਰ ਵਿਚ ਕਰਵਾਏ ਅਖੰਡਪਾਠ ਤੋਂ ਸ਼ੁਰੂ ਹੁੰਦੀ ਹੈ। ਪਾਠ ਕਰਨ ਵਾਲੇ ਪਾਠੀਆਂ ਵਿਚ ਇਕ ਸਾਡੇ ਫਾਰਮ ਤੋਂ ਉਤਰ ਵੱਲ ਸਥਿਤ ਪਹਾੜੀ ਸ਼ਹਿਰ ਕੋਟਦਵਾਰ (ਹੁਣ ਉਤਰਾਖੰਡ ਵਿਚ) ਦੇ ਗੁਰਦੁਆਰੇ ਦਾ ਨੌਜਵਾਨ ਸੀ। ਬਾਅਦ ਵਿਚ ਪਤਾ ਲੱਗਾ ਕਿ ਉਹ ਭਿੰਡਰਾਂਵਾਲੇ ਦੇ ਸਮੇਂ ਵਿਚ ਚਰਚਿਤ ਵਿਅਕਤੀ ਸੋਢੀ ਦਾ ਛੋਟਾ ਭਰਾ ਸੀ ਜਿਹੜਾ ਉਸਦੇ ਮਰਨ ਤੋਂ ਬਾਅਦ ਪੰਜਾਬ ਤੋਂ ਬਾਹਰ ਇਸ ਗੁਰਦੁਆਰੇ ਵਿਚ ਆ ਗਿਆ ਸੀ। ਉਸਦੇ ਪਾਸ ਪੰਜਾਬ ਤੋਂ ਆਉਂਦੇ ਮੁੰਡਿਆਂ ਦਾ ਆਉਣ-ਜਾਣ ਸੀ ਤੇ ਉਸਦਾ ਸਾਡੇ ਇਲਾਕੇ ਵਿਚ ਕਾਫੀ ਰੋਹਬ ਸੀ। ਉਸਦੀ ਵਜ੍ਹਾ ਕਰਕੇ ਹੀ ਸਾਡੇ ਇਲਾਕੇ ਦੇ ਪੰਜ-ਛੇ ਮੁੰਡੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋ ਗਏ ਜਿਨ੍ਹਾਂ ਵਿਚ ਕੁਝ ਨੂੰ ਪੁਲੀਸ ਨੇ ਮਾਰ ਦਿੱਤਾ ਤੇ ਬਾਕੀ ਲੰਮੀ ਜੇਲ੍ਹ ਕੱਟ ਕੇ ਘਰ ਪਰਤ ਆਏ।
ਅਖੰਡ ਪਾਠ ਦੀ ਸਮਾਪਤੀ ਤੋਂ ਚਾਰ-ਪੰਜ ਦਿਨ ਬਾਅਦ ਉਸ ਪਾਠੀ ਨੇ ਪੰਜਾਬ ਤੋਂ ਆਏ ਇਕ ਹਥਿਆਰਬੰਦ ਟੋਲੇ ਨੂੰ ਰਾਤ ਦੇ ਸਮੇਂ ਸਾਡੇ ਫਾਰਮ ‘ਤੇ ਭੇਜ ਦਿੱਤਾ। ਉਨ੍ਹਾਂ ਆਉਂਦੇ ਸਾਰ ਹੀ ਆਪਣਾ ਰੋਹਬ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਪੈਸਿਆਂ ਦੀ ਮੰਗ ਕੀਤੀ। ਇਹ ਸਿਲਸਿਲਾ ਚਾਰ-ਪੰਜ ਦਿਨ ਚਲਦਾ ਰਿਹਾ ਤੇ ਅਖੀਰ ਸਬਕ ਸਿਖਾਉਣ ਦੀ ਗੱਲ ਕਹਿ ਕੇ ਮਿੱਥੇ ਸਮੇਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਧਮਕੀ ਦਿੱਤੀ। ਹਾਲਾਤ ਵਿਗੜਦੇ ਦੇਖ ਕੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਨੇੜਲੇ ਸ਼ਹਿਰ ਨਜੀਬਾਬਾਦ ਪਰਵਾਸ ਕੀਤਾ ਪਰ ਸਾਡੇ ਮਾਤਾ ਜੀ ਫਾਰਮ ‘ਤੇ ਡਟੇ ਰਹੇ ਤੇ ਆਪਣੇ ਹੌਸਲੇ ਨਾਲ ਉਨ੍ਹਾਂ ਨਾਲ ਨਜਿੱਠਦੇ ਰਹੇ। ਕਿਸੇ ਨੇ ਇਸ ਸਾਰੇ ਮਾਮਲੇ ਦੀ ਇਤਲਾਹ ਪੁਲੀਸ ਨੂੰ ਦੇ ਦਿੱਤੀ ਪੁਲੀਸ ਡੇਰਿਆਂ ‘ਚ ਰਹਿੰਦੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਅੱਤਵਾਦੀਆਂ ਦੇ ਹਮਾਇਤੀ ਹੋਣ ਕਰਕੇ ਤਸ਼ੱਦਦ ਕਰਨ ਤੇ ਕੇਸਾਂ ਵਿਚ ਫਸਾਉਣ ਲਈ ਬਹੁਤ ਉਤਸੁਕ ਸੀ। ਸਾਡੇ ਪਰਿਵਾਰ ਦਾ ਬਚਾਅ ਮੇਰੇ ਛੋਟੇ ਭਰਾ ਦਾ ਸਾਡੀ ਤਹਿਸੀਲ ਦੀ ਬਾਰ ਕੌਸਲ ਦੇ ਸਕੱਤਰ ਚੁਣੇ ਜਾਣ ਕਰਕੇ ਹੋਇਆ। ਇਸ ਗੱਲ ਦਾ ਪਤਾ ਪੁਲੀਸ ਨੂੰ ਸੀ। ਦੂਸਰੇ ਪਾਸੇ ਹਾਲਾਤ ਦਿਨੋ-ਦਿਨ ਬਹੁਤ ਵਿਗੜ ਰਹੇ ਸਨ। ਹੁਣ ਉਨ੍ਹਾਂ ਨੇ ਪੁਲੀਸ ਦੇ ਆਉਣ ਦੀ ਜ਼ਿੰਮੇਵਾਰੀ ਵੀ ਸਾਡੇ ਸਿਰ ਮੜ ਦਿੱਤੀ ਸੀ। ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ। ਪੁਲੀਸ ਦਾ ਕੋਈ ਹੋਰ ਜ਼ੋਰ ਨਾ ਚਲਦਾ ਵੇਖ ਕੇ ਉਹ ਘਰ ਵਿਚ ਖੜ੍ਹੇ ਟਰੈਕਟਰਾਂ ਵਿਚੋਂ ਦੋ ਨਵੇਂ ਟਰੈਕਟਰ ਪੁਲੀਸ ਸਟੇਸ਼ਨ ਲੈ ਗਏ ਤੇ ਆਪਣੇ ਤਰੀਕੇ ਨਾਲ ਕਈ ਕਿਸਮ ਦਾ ਦਬਾਅ ਪਾਉਣ ਲੱਗੇ। ਅਜਿਹਾ ਵਰਤਾਰਾ ਉਨ੍ਹਾਂ ਨੇ ਉਥੇ ਵਸੇ ਬਹੁਤ ਸਾਰੇ ਪਰਿਵਾਰਾਂ ਨਾਲ ਕੀਤਾ ਸੀ। ਪਰ ਇਸ ਸਾਰੇ ਦੀ ਵਜ੍ਹਾ ਪੰਜਾਬ ਤੋਂ ਆਏ ਅੱਤਵਾਦੀਆਂ ਤੇ ਇਲਾਕੇ ਦੇ ਪੰਜ-ਛੇ ਮੁੰਡਿਆਂ ਦਾ ਉਨ੍ਹਾਂ ਨਾਲ ਮਿਲ ਕੇ ਕਤਲ, ਫਿਰੌਤੀਆਂ ਤੇ ਹੋਰ ਅੱਤਵਾਦੀਆਂ ਕਾਰਵਾਈਆਂ ਸਨ। ਪਰ ਸਾਡੇ ਸਮੇਤ ਸਭ ਪਰਿਵਾਰਾਂ ਨੂੰ ਪੁਲੀਸ ਤੋਂ ਜ਼ਿਆਦਾ ਡਰ ਅੱਤਵਾਦੀਆਂ ਦਾ ਸੀ ਜਿਹੜੇ ਕਿਸੇ ਵੇਲੇ ਵੀ ਕਿਸੇ ਦੀ ਜਾਨ ਲੈ ਸਕਦੇ ਸਨ।
ਸਾਡਾ ਪਰਿਵਾਰ ਪੁਲੀਸ ਤੇ ਅੱਤਵਾਦੀਆਂ ਦੀਆਂ ਧਮਕੀਆਂ ਤੇ ਕਾਰਵਾਈਆਂ ਕਰਕੇ ਕਾਫੀ ਮੁਸ਼ਕਿਲ ਵਿਚ ਸੀ। ਇਹ ਸਾਰੇ ਹਾਲਾਤ ਮੈਂ ਪੰਜਾਬ ਵਿਚ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਮੁੰਡਿਆਂ ਨਾਲ ਸਾਂਝੇ ਕੀਤੇ, ਜਿਨ੍ਹਾਂ ਦੀ ਇਸ ਲਹਿਰ ਵਿਚ ਸ਼ਾਮਲ ਕੁਝ ਮੁੰਡਿਆਂ ਨਾਲ ਵਾਕਫੀ ਤੇ ਨੇੜਤਾ ਸੀ। ਉਨ੍ਹਾਂ ਵਿਚੋਂ ਇਕ ਮੁੰਡਾ ਮੇਰੇ ਗੱਲ ਕਰਦੇ ਸਾਰ ਹੀ ਸਮਝ ਗਿਆ ਕਿ ਇਹ ਸਾਰੀ ਉਸ ਪਾਠੀ ਦੀ ਸਕੀਮ ਹੈ। ਟੈਲੀਫੋਨ ਨਾ ਹੋਣ ਕਰਕੇ ਕੋਈ ਵੀ ਲਿੰਕ ਲੱਭਣ ਵਾਸਤੇ ਸਾਰੀ ਭੱਜ-ਨੱਠ ਆਪ ਹੀ ਕਰਨੀ ਪੈਂਦੀ ਸੀ। ਉਨ੍ਹਾਂ ਨੇ ਆਪਣੇ ਸੂਤਰਾਂ ਰਾਹੀਂ ਉਸ ਪਾਠੀ ਨੂੰ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ ਕੀਤੀ ਜੋ ਸਿਰੇ ਨਾ ਚੜ੍ਹਿਆ। ਗੱਲ ਕਿਸੇ ਪਾਸੇ ਲਗਦੀ ਨਾ ਵੇਖ ਕੇ ਫੈਸਲਾ ਕੀਤਾ ਕਿ ਉਹ ਤਿੰਨੇ ਮੇਰੇ ਨਾਲ ਉਥੇ ਜਾ ਕੇ ਮਸਲੇ ਦਾ ਨਿਪਟਾਰਾ ਕਰਨਗੇ। ਉਨ੍ਹਾਂ ਦਿਨਾਂ ਵਿਚ ਯੂ.ਪੀ. ਨੂੰ ਜਾਣ ਵਾਸਤੇ ਦੋ ਗੱਡੀਆਂ ਹਾਵੜਾ ਮੇਲ ਤੇ ਐਕਸਪ੍ਰੈਸ ਹੀ ਹੁੰਦੀਆਂ ਸਨ। ਰੇਲਵੇ ਸਟੇਸ਼ਨ ’ਤੇ ਭਾਰੀ ਨਿਗਰਾਨੀ ਵਿਚ ਅਸੀਂ ਅੰਮ੍ਰਿਤਸਰ ਸਟੇਸ਼ਨ ਤੋਂ ਸ਼ਾਮ ਦੇ ਛੇ ਵਜੇ ਵਾਲੀ ਹਾਵੜਾ ਗੱਡੀ ’ਤੇ ਬੈਠ ਕੇ ਸਵੇਰੇ 2.30 ਵਜੇ ਨਜੀਬਾਬਾਦ ਸਟੇਸ਼ਨ ਪਹੁੰਚ ਗਏ। ਪਹਿਲਾਂ ਮਿਥੇ ਪ੍ਰੋਗਰਾਮ ਮੁਤਾਬਕ ਅਸੀਂ ਜੀਪ ਤੇ ਸਵਾਰ ਹੋ ਕੇ 15 ਕਿਲੋਮੀਟਰ ਦੂਰ ਇਕ ਰਿਸ਼ਤੇਦਾਰ ਦੇ ਫਾਰਮ ਹਾਊਸ ‘ਤੇ ਪਹੁੰਚ ਗਏ। ਦੋ ਘੰਟੇ ਆਰਾਮ ਕਰਕੇ ਦੋ ਮੁੰਡੇ ਦਿਨ ਚੜ੍ਹਨ ਤੋਂ ਪਹਿਲਾਂ ਕੋਟਦਵਾਰ ਉਸ ਗ੍ਰੰਥੀ ਨੂੰ ਮਿਲਣ ਗਏ। ਇਹ ਦੂਰੀ ਇਸ ਫਾਰਮ ਤੋਂ 18-20 ਕਿਲੋਮੀਟਰ ਸੀ। ਇਨ੍ਹਾਂ ਦੋਹਾਂ ਵਿਚੋਂ ਇਕ ਦੀ ਗ੍ਰੰਥੀ ਨਾਲ ਪੁਰਾਣੀ ਜਾਣ-ਪਛਾਣ ਸੀ। ਉਨ੍ਹਾਂ ਨੂੰ ਦੇਖ ਕੇ ਪਾਠੀ ਘਬਰਾ ਗਿਆ ਤੇ ਉਸ ਨੂੰ ਸਾਰੀ ਗੱਲ ਸਮਝ ਆ ਗਈ। ਉਨ੍ਹਾਂ ਪਾਠੀ ਨੂੰ 12 ਵਜੇ ਤਕ ਦੱਸੇ ਹੋਏ ਫਾਰਮ ਹਾਊਸ ਆ ਕੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ। ਉਹ ਦੋਵੇਂ ਵਾਪਸ ਆ ਗਏ ਤੇ ਰੋਟੀ-ਪਾਣੀ ਛਕ ਕੇ ਉਸਦੀ ਉਡੀਕ ਕਰਨ ਲੱਗੇ। ਪਰ ਪਾਠੀ ਸ਼ਾਮ ਤਕ ਨਾ ਆਇਆ। ਸ਼ੱਕ ਪੈਣ ’ਤੇ ਉਨ੍ਹਾਂ ਫਿਰ ਉਸ ਗੁਰਦੁਆਰੇ ਗਏ ਤਾਂ ਇਕ ਬਜ਼ੁਰਗ ਨੇ ਦੱਸਿਆ, ਉਹ ਤਾਂ ਤੁਹਾਡੇ ਮਗਰੋਂ ਛੇਤੀ ਕਿਸੇ ਨੂੰ ਜ਼ਰੂਰੀ ਮਿਲਣ ਜਾਣ ਦਾ ਕਹਿ ਕੇ ਚਲਾ ਗਿਆ ਪਰ ਅਜੇ ਤਕ ਵਾਪਸ ਨਹੀਂ ਆਇਆ। ਅਗਲੇ ਦਿਨ ਪਤਾ ਚੱਲਿਆ ਕਿ ਕਿਸੇ ਜਾਣਕਾਰ ਮੁੰਡੇ ਦਾ ਮੋਟਰ ਸਾਈਕਲ ਲੈ ਕੇ ਮੁਕੇਰੀਆਂ (ਪੰਜਾਬ) ਚਲਾ ਗਿਆ ਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ।
ਇਸ ਘਟਨਾ ਦੀ ਖ਼ਬਰ ਉਸਦੇ ਹੋਰ ਸਾਥੀਆਂ ਨੂੰ ਲੱਗ ਗਈ ਤੇ ਉਸ ਇਲਾਕੇ ਦੇ 4-5 ਮੁੰਡੇ ਵੀ ਆਪਣੇ ਘਰੋਂ ਦੌੜ ਗਏ। ਸਾਡੇ ਇਲਾਕੇ ਵਿਚ ਖੁਸਰ-ਫੁਸਰ ਸ਼ੁਰੂ ਹੋ ਗਈ ਕਿ ਅਸਲੀ ਸਿੰਘ ਆਏ ਹਨ। ਪੂਰੀ ਤਸੱਲੀ ਕਰਨ ਤੋਂ ਬਾਅਦ ਉਹ ਉਨ੍ਹਾਂ ਘਰਾਂ ਵਿਚ ਗਏ ਜਿਨ੍ਹਾਂ ਦੇ ਮੁੰਡੇ ਸਾਡੇ ਲਈ ਸਮੱਸਿਆ ਪੈਦਾ ਕਰ ਰਹੇ ਸਨ। ਉਥੋਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਵਿਚੋਂ ਕੁਝ ਮੁੰਡੇ ਦੇਹਰਾਦੂਨ ਦੇ ਪਾਸ ਡੋਈਵਾਲਾ ਦੇ ਇਲਾਕੇ ਵਿਚ ਕਿਸੇ ਫਾਰਮ ‘ਤੇ ਰੁਕੇ ਹਨ। ਅਗਲੇ ਦਿਨ ਉਹ ਉਥੇ ਪਹੁੰਚ ਗਏ ਪਰ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਉਹ ਉਥੋਂ ਜਾ ਚੁੱਕੇ ਸਨ। ਅਗਲੇ ਦਿਨ ਉਨ੍ਹਾਂ ਪਰਿਵਾਰਾਂ ਦੇ ਪੁਰਸ਼ ਬੰਦਿਆਂ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਕਿ ਜੇ ਇਸ ਪਰਿਵਾਰ (ਸਾਡੇ ਮਾਮੇ ਦੇ ਟੱਬਰ) ਦਾ ਕੋਈ ਨੁਕਸਾਨ ਹੋਇਆ ਤਾਂ ਇਹ ਸਾਰਾ ਤੁਹਾਨੂੰ ਭਰਨਾ ਪਵੇਗਾ।
ਅਸੀਂ ਉਥੇ ਪੰਜ-ਛੇ ਦਿਨ ਰਹਿ ਕੇ ਵਾਪਸ ਆ ਗਏ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕੇ.ਐੱਲ.ਐੱਫ ਦੇ ਅੱਤਵਾਦੀਆਂ ਦਾ ਟੋਲਾ, ਜਿਹੜਾ ਫਿਰੌਤੀ ਤੇ ਹੋਰ ਕੰਮਾਂ ਵਿਚ ਲੱਗਾ ਸੀ, ਦੀ ਬਹੁਤ ਕਿਰਕਿਰੀ ਹੋਈ ਤੇ ਲੋਕਾਂ ਨੇ ਉਨ੍ਹਾਂ ਤੋਂ ਕਿਨਾਰਾ ਵੱਟਣਾ ਸ਼ੁਰੂ ਕਰ ਦਿੱਤਾ। ਇਹ ਗੱਲ ਇਸ ਗਰੁੱਪ ਨੇ ਪੰਜਾਬ ਵਿਚ ਆਪਣੇ ਕਮਾਂਡਰ ਸੁਰਜੀਤ ਸਿੰਘ ਕੋਲ ਪਹੁੰਚਾਈ ਕਿ ਸਾਨੂੰ ਹੁਣ ਲੋਕ ਘਰ ਨਹੀਂ ਵੜਨ ਦੇਂਦੇ। ਇਸ ਗੱਲ ‘ਤੇ ਉਹ ਬਹੁਤ ਦੁਖੀ ਹੋਇਆ ਤੇ ਉਸਨੇ ਬਦਲਾ ਲੈਣ ਦੀ ਧਾਰੀ ਤੇ ਪੰਜਾਬ ਵਿਚ ਆਪਣੀ ਜਥੇਬੰਦੀ ਦੇ ਮੁੰਡਿਆਂ ਨੂੰ ਸਾਡੇ ਜੱਦੀ ਪਿੰਡ ਵਡਾਲਾ ਕਲਾਂ ਜੋ ਬਾਬੇ ਬਕਾਲੇ ਪਾਸ ਹੈ, ਸਾਡੇ ਪਰਿਵਾਰ ਦੀ ਜਾਣਕਾਰੀ ਲੈਣ ਲਈ ਭੇਜਿਆ। ਉਨ੍ਹਾਂ ਦਿਨਾਂ ਵਿਚ ਪਰਿਵਾਰ ਦਾ ਕੋਈ ਵੀ ਜੀਅ ਉਥੇ ਨਹੀਂ ਸੀ। ਬਾਅਦ ਵਿਚ ਪਤਾ ਲੱਗਾ ਕਿ ਉਹ ਮੁੰਡੇ ਸਾਡੇ ਘਰ ਦੇ ਆਲੇ ਦੁਆਲੇ ਫਿਰ ਕੇ ਗਏ ਸੀ ਪਰ ਗੁਆਂਡੀਆਂ ਨੇ ਡਰਦੇ ਮਾਰੇ ਸਾਨੂੰ ਇਸ ਦੀ ਕੋਈ ਖਬਰ ਨਾ ਦਿੱਤੀ। ਕਮਾਂਡਰ ਬਹੁਤ ਗੁੱਸੇ ਵਿਚ ਆਇਆ ਤੇ ਉਸਨੇ ਇਹ ਗੱਲ ਆਪਣੇ ਨਜ਼ਦੀਕੀ ਸਾਥੀ ਪਿੰਡ ਦੇ ਮੁੰਡੇ ਨਾਲ ਸਾਂਝੀ ਕੀਤੀ ਤੇ ਕਿਹਾ ਹੁਣ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ। ਇਹ ਗੱਲ ਉਸ ਮੁੰਡੇ ਨੇ ਆਪਣੀ ਘਰ ਵਾਲੀ ਨੂੰ ਦੱਸੀ, ਜਿਹੜੀ ਸਾਡੇ ਪਿੰਡ ਤੋਂ ਉਸ ਨਾਲ ਵਿਆਹੀ ਹੋਈ ਸੀ। ਜਦੋਂ ਉਹ ਕਮਾਂਡਰ ਅਗਲੇ ਦਿਨ ਉਨ੍ਹਾਂ ਦੇ ਘਰ ਗਿਆ ਤਾਂ ਉਸ ਲੜਕੀ ਨੇ ਉਸ ਨੂੰ ਵਾਸਤਾ ਪਾਇਆ ਤੇ ਕਿਹਾ ਕਿ ਉਹ ਪਰਿਵਾਰ ਬਹੁਤ ਚੰਗਾ ਹੈ। ਅਸਲ ਵਿਚ ਉਸ ਲੜਕੀ ਦਾ ਪਿਤਾ ਮੇਰੇ ਪਿਤਾ ਜੀ ਨਾਲ ਪੰਜਵੀਂ ਜਮਾਤ ਤਕ ਪੜ੍ਹਿਆ ਹੋਇਆ ਸੀ। ਉਸਦਾ ਪਰਿਵਾਰ ਆਪਣੀ ਮੱਝ-ਗਾਂ ਵਾਸਤੇ ਪੱਠੇ ਸਾਡੇ ਖੇਤ ਵਿਚੋਂ ਲੈ ਜਾਇਆ ਕਰਦਾ ਸੀ। ਹਾਲਾਤ ਦੀ ਨਾਜ਼ੁਕਤਾ ਸਮਝਦੇ ਹੋਏ ਉਸ ਲੜਕੀ ਨੇ ਸਾਡੇ ਪਰਿਵਾਰ ਦੇ ਇਕ ਮੈਂਬਰ ਨੂੰ ਕਮਾਂਡਰ ਨਾਲ ਮਿਲਾਉਣ ਦੀ ਜ਼ਿੰਮੇਵਾਰੀ ਲਈ। ਆਪਣੇ ਪਿਤਾ ਜੀ ਦੀ ਮਦਦ ਨਾਲ ਸਾਡੇ ਗੁਆਂਢੀ ਦੇ ਮੁੰਡੇ ਨੂੰ ਮੇਰੇ ਨਾਲ ਸੰਪਰਕ ਕਰ ਕੇ ਉਸਦਾ ਸੁਨੇਹਾ ਪਹੁੰਚਾਉਣ ਲਈ ਕਿਹਾ। ਨਾਲ ਹੀ ਉਸ ਨੇ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਸੁਰਜੀਤ ਸਿੰਘ ਨੂੰ ਮਿਲ ਕੇ ਸਫਾਈ ਦਿੱਤੀ ਜਾਵੇ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਅਗਲੇ ਦਿਨ ਮੈਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਉਸਦੇ ਪਿੰਡ ਰਈਏ ਕੋਲ ਆ ਕੇ ਮਿਲਿਆ ਤੇ ਸਾਰੀ ਗੱਲਬਾਤ ਦੱਸੀ। ਉਹ ਲੜਕਾ ਵੀ ਸਾਡੇ ਨਾਲ ਯੂਪੀ ਵਿਚ ਸਾਡਾ ਮਸਲਾ ਹੱਲ ਕਰਨ ਵਾਸਤੇ ਸ਼ਾਮਲ ਸੀ। ਸਾਰੀ ਗੱਲ ਸੁਣਨ ਤੋਂ ਬਾਅਦ ਉਸ ਨੇ ਮੈਨੂੰ ਹੌਸਲਾ ਦਿੱਤਾ ਕਿ ਕੱਲ੍ਹ ਨੂੰ ਆਪਾਂ ਉਸਦੇ ਪਿੰਡ ਦੱਸੇ ਹੋਏ ਘਰ ਜਾ ਕੇ ਸਾਰੀ ਗੱਲ ਸਾਫ ਕਰ ਦੇਵਾਂਗੇ। ਇਸ ਤੋਂ ਬਾਅਦ ਮੈਂ ਵਾਪਸ ਅੰਮ੍ਰਿਤਸਰ ਆ ਗਿਆ।
ਅਗਲੀ ਸਵੇਰ ਮੈਂ ਅੰਮ੍ਰਿਤਸਰ ਤੋਂ ਸਕੂਟਰ ਰਾਹੀਂ ਰਈਏ ਪਹੁੰਚ ਗਿਆ। ਉਥੋਂ ਅਸੀਂ ਦੱਸੀ ਹੋਈ ਜਗ੍ਹਾ ਵੱਲ ਚੱਲ ਪਏ ਜਿਹੜੀ ਰਈਏ ਤੋਂ ਉਤਰ ਵਿਚ ਲਿੰਕ ਰੋਡ ਰਾਹੀਂ 6-7 ਕਿਲੋਮੀਟਰ ਸੀ। ਇਸ ਜਗ੍ਹਾ ਤੋਂ ਇਕ ਕਿਲੋਮੀਟਰ ਪਹਿਲਾਂ ਸੁਧਾਰ ਪਿੰਡ ਪੈਂਦਾ ਹੈ। ਉਥੇ ਪਹੁੰਚ ਕੇ ਮੇਰੇ ਸਾਥੀ ਨੇ ਅੱਗੇ ਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਤੂੰ ਸਕੂਟਰ ਏਥੇ ਛੱਡ ਕੇ ਉਸ ਨੂੰ ਮਿਲ ਆ। ਉਹ ਐਤਵਾਰ ਦੀ ਛੁੱਟੀ ਹੌਣ ਕਰਕੇ ਸਕੂਲ ਦੀ ਗਰਾਊਂਡ ਵਿਚ ਰੁਕ ਗਿਆ। ਪਿੰਡ ਦੇ ਲੋਕਾਂ ਮੁਤਾਬਕ ਸਕੂਲ ਵਿਚ ਇਕ ਹਫਤਾ ਪਹਿਲਾਂ ਪੁਲੀਸ ਨੇ ਦੋ ਨੌਜਵਾਨ ਮੁੰਡਿਆਂ ਦਾ ਫਰਜ਼ੀ ਮੁਕਾਬਲਾ ਬਣਾਇਆ ਸੀ। ਮੇਰੇ ਪਾਸ ਕੋਈ ਹੋਰ ਚਾਰਾ ਨਾ ਹੋਣ ਕਰਕੇ ਮੈਂ 10-15 ਮਿੰਟ ਚੱਲਣ ਤੋਂ ਬਾਅਦ ਇਕ ਕਿਲੋਮੀਟਰ ਤੋਂ ਘੱਟ ਪੈਂਡਾ ਤਹਿ ਕਰ ਕੇ ਦੱਸੀ ਹੋਈ ਜਗ੍ਹਾ ’ਤੇ ਪਹੁੰਚ ਗਿਆ। ਇਹ ਦੋ ਕਮਰਿਆਂ ਦਾ 4-5 ਮਰਲੇ ਦਾ ਦਾ ਘਰ ਸੀ ਤੇ ਗਲੀ ਵਾਲੇ ਪਾਸੇ ਉਸਦੇ ਮਾਲਕ ਦੀ ਇਕ ਪ੍ਰਚੂਨ ਦੀ ਦੁਕਾਨ ਸੀ। ਘਰ ਦੇ ਦਰਵਾਜ਼ੇ ਕੋਲ ਪਾਣੀ ਵਾਲਾ ਨਲਕਾ ਤੇ ਵਿਹੜੇ ਵਿਚ ਚੁੱਲ੍ਹਾ ਬਣਿਆ ਹੋਇਆ ਸੀ। ਮੈਂ ਗਲੀ ਵਾਲੇ ਪਾਸੇ ਤੋਂ ਦੁਕਾਨ ਵੱਲ ਚਲਾ ਗਿਆ ਜਿਥੇ ਸਾਡੇ ਪਿੰਡ ਦੀ ਲੜਕੀ ਦਾ ਘਰਵਾਲਾ ਮੇਰਾ ਇੰਤਜ਼ਾਰ ਕਰ ਰਿਹਾ ਸੀ। ਉਸਨੇ ਮੈਨੂੰ ਬੜੇ ਪਿਆਰ ਨਾਲ ਸਾਰੀ ਗੱਲ ਸਮਝਾ ਕੇ ਕਿਹਾ, ਹੋ ਸਕਦੈ ਉਹ ਤੇਰੇ ਨਾਲ ਬਹੁਤ ਬਦਤਮੀਜ਼ੀ ਨਾਲ ਪੇਸ਼ ਆਵੇ ਤੇ ਗਾਲ੍ਹਾਂ ਵੀ ਕੱਢ ਦੇਵੇ। ਪਰ ਉਹ ਆਪਣੇ ਆਪ ਥੋੜ੍ਹੇ ਚਿਰ ਬਾਅਦ ਠੰਡਾ ਹੋ ਜਾਵੇਗਾ ਕਿਉਂਕਿ ਉਸ ਨੂੰ ਯੂਪੀ ਵਿਚ ਗਏ ਹੋਏ ਮੁੰਡਿਆਂ ਦਾ ਪਤਾ ਹੈ, ਇਸ ਲਈ ਉਹ ਤੇਰਾ ਕੋਈ ਨੁਕਸਾਨ ਨਹੀਂ ਕਰੇਗਾ। ਮੈਂ ਬਿਨਾਂ ਕਿਸੇ ਭੈਅ ਦੇ ਸੁਰਜੀਤ ਸਿੰਘ ਨੂੰ ਮਿਲਣ ਲਈ ਉਸਦੀ ਦੱਸੀ ਥਾਂ ‘ਤੇ ਚਲਾ ਗਿਆ।
ਉਹ ਮੈਨੂੰ ਘਰ ਅੰਦਰ ਲੈ ਗਿਆ। ਮੈਨੂੰ ਦੇਖ ਕੇ ਉਸਦੀ ਪਤਨੀ ਨੇ ਕਿਹਾ, “ਚੰਗਾ ਕੀਤਾ ਵੀਰ ਤੂੰ ਅੱਜ ਆ ਗਿਆਂ। ਇਹ ਬਹੁਤ ਗੁੱਸੇ ਵਿਚ ਕਹਿ ਰਿਹਾ ਸੀ ਕਿ ਅੱਜ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਕਰਾਂਗੇ। ਉਸਨੇ ਵੀ ਮੈਨੂੰ ਸ਼ਾਂਤ ਰਹਿ ਕੇ ਉਸ ਦੀਆਂ ਗੱਲਾਂ ਸੁਣਨ ਲਈ ਕਿਹਾ। ਸੁਰਜੀਤ ਸਿੰਘ ਜੂਨ ਦੇ ਮਹੀਨੇ ਵਿਚ ਮੰਜੇ ’ਤੇ ਪਤਲੀ ਜਿਹੀ ਚਾਦਰ ਮੂੰਹ ’ਤੇ ਲੈ ਕੇ ਪੱਖੇ ਥੱਲੇ ਲੰਮਾ ਪਿਆ ਹੋਇਆ ਸੀ। ਉਸ ਨੂੰ ਮੇਰੇ ਆਉਣ ਦੀ ਸੂਚਨਾ ਮਿਲ ਚੁੱਕੀ ਸੀ।
ਸਾਡੇ ਕਮਰੇ ਵਿਚ ਅੰਦਰ ਵੜਨ ‘ਤੇ ਉਹ ਜਾਣ-ਬੁੱਝ ਕੇ ਉਭੜਵਾਹੇ ਉਠਿਆ ਤੇ ਮੇਰੇ ਵੱਲ ਬੜੀਆਂ ਭੈੜੀਆਂ ਨਜ਼ਰਾਂ ਨਾਲ ਵੇਖਿਆ ਤੇ ਕਿਹਾ ਕਿ ਤੂੰ ਉਥੇ ਮੁੰਡੇ ਲੈ ਕੇ ਗਿਆ ਸੀ। ਮੈਂ ਮੂੰਹ ਹਿਲਾ ਕੇ ਹਾਂ ਕਿਹਾ। ਉਸ ਤੋਂ ਬਾਅਦ ਉਹ ਪੂਰੇ ਜ਼ੋਰ ਨਾਲ ਮੇਰੇ ਤੇ ਚੀਕਾਂ ਮਾਰ-ਮਾਰ ਕੇ ਰੋਹਬ ਪਾਉਣ ਲੱਗਾ ਅਤੇ ਕਾਫੀ ਵੱਧ ਘੱਟ ਬੋਲਿਆ। ਉਸਨੇ ਕਿਹਾ ਕਿ ਜੇ ਇਹ ਕੁੜੀ ਵਿਚ ਨਾ ਪੈਂਦੀ ਤਾਂ ਤੁਹਾਨੂੰ ਪੱਕਾ ਸਬਕ ਸਿਖਾਉਣਾ ਸੀ। 5-7 ਮਿੰਟ ਬਾਅਦ ਉਹ ਕੁਝ ਨਰਮ ਪਿਆ ਤੇ ਮੈਨੂੰ ਯੂਪੀ ਗਏ ਮੁੰਡਿਆਂ ਬਾਰੇ ਪੁੱਛਿਆ। ਅਸਲ ਵਿਚ ਉਹ ਉਨ੍ਹਾਂ ਨੂੰ ਜਾਣਦਾ ਸੀ। ਪਰ ਮੇਰੇ ਕੋਲੋ ਉਨ੍ਹਾਂ ਨਾਲ ਮੇਰਾ ਸਬੰਧ ਪੁੱਛਣਾ ਚਾਹੁੰਦਾ ਸੀ। ਉਸਨੇ ਕੋਟਦੁਆਰ ਵਾਲੇ ਪਾਠੀ ਦਾ ਵੀ ਉਥੋਂ ਚਲੇ ਜਾਣ ਲਈ ਸਾਨੂੰ ਦੋਸ਼ੀ ਠਹਿਰਾਇਆ ਤੇ ਨਾਲ ਹੀ ਉਸ ਦੀ ਜਥੇਬੰਦੀ ਦੇ ਮੈਂਬਰਾਂ ਦੇ ਪਰਿਵਾਰਾਂ ਨੂੰ ਦਿੱਤੀ ਹੋਈ ਚਿਤਾਵਨੀ ਬਾਰੇ ਵੀ ਮੇਰੇ ਨਾਲ ਗਏ ਹੋਏ ਮੁੰਡਿਆਂ ਨੂੰ ਬੁਰਾ ਭਲਾ ਕਿਹਾ। ਇਹ ਵਰਤਾਰਾ ਕੋਈ 40-50 ਮਿੰਟ ਤਕ ਚਲਿਆ ਹੋਵੇਗਾ। ਓਨੀ ਦੇਰ ਨੂੰ ਸਾਡੇ ਪਿੰਡ ਦੀ ਲੜਕੀ ਚਾਹ ਲੈ ਕੇ ਆ ਗਈ। ਉਹ ਲੜਕੀ ਵੀ ਸਾਡੇ ਕੋਲ ਬੈਠ ਗਈ ਤੇ ਅਸੀਂ ਤਿੰਨਾਂ ਨੇ ਚਾਹ ਪੀਤੀ। ਇਸ ਤੋਂ ਬਾਅਦ ਉਹ ਆਪਣੀ ਜਥੇਬੰਦੀ ਦੇ ਲੋਕਾਂ ਦੀ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹੀਦੀਆਂ ਤੇ ਸਰਕਾਰ ਖਿਲਾਫ਼ ਲੜ ਰਹੀ ਲੜਾਈ ਦੀਆਂ ਗੱਲਾਂ ਕਰਦਾ ਰਿਹਾ ਤੇ ਸਾਡੇ ਵਰਗੇ ਲੋਕਾਂ ਨੂੰ ਕੋਸਦਾ ਤੇ ਬੁਰਾ ਭਲਾ ਕਹਿੰਦਾ ਰਿਹਾ। ਬਾਅਦ ਵਿਚ ਭਾਵੇਂ ਉਸਦੀ ਬੋਲ ਬਾਣੀ ਕੁਝ ਨਰਮ ਹੋ ਗਈ ਸੀ ਪਰ ਉਹ ਬਹੁਤ ਤਲਖੀ ਵਿਚ ਸੀ। ਉਹ ਬਾਰ ਬਾਰ ਕਹਿ ਰਿਹਾ ਸੀ ਕਿ ਤੁਹਾਡੀ ਕਿਸਮਤ ਚੰਗੀ ਹੈ ਕਿ ਤੁਸੀਂ ਆਪਣੇ ਪਿੰਡ ਵਾਲੇ ਘਰ ਵਿਚ ਨਹੀਂ ਮਿਲੇ। ਸਾਡੇ ਮੁੰਡੇ ਤਾਂ ਦੋ ਤਿੰਨ ਵਾਰ ਸਬਕ ਸਿਖਾਉਣ ਵਾਸਤੇ ਗਏ ਸਨ। ਦੂਸਰਾ ਇਸ ਲੜਕੀ ਨੇ ਤੁਹਾਡੇ ਪਰਿਵਾਰ ਦਾ ਬਹੁਤ ਪੱਖ ਪੂਰਿਆ ਸੀ।
ਮੈਂ ਤਕਰੀਬਨ ਦੋ ਘੰਟੇ ਰਿਹਾ। ਇਸ ਸਮੇਂ ਦੌਰਾਨ ਮੇਰੇ ਮਨ ਵਿਚ ਕਿਸੇ ਵੇਲੇ ਵੀ ਉਥੇ ਪੁਲਿਸ ਦੇ ਆ ਜਾਣ ਦਾ ਡਰ ਆਉਂਦਾ ਰਿਹਾ, ਕਿਉਂਕਿ ਉਹ ਗੱਲਾਂ ਹੀ ਅਜੇਹੀਆਂ ਕਰ ਰਿਹਾ ਸੀ। ਗੱਲਬਾਤ ਮੁਕਾਉਣ ਤੋਂ ਬਾਅਦ ਮੈਂ ਜਦੋਂ ਘਰੋਂ ਬਾਹਰ ਗਲੀ ਵਿਚ ਆਇਆ ਤੇ ਉਸਨੇ ਮੈਨੂੰ ਆਵਾਜ਼ ਮਾਰ ਕੇ ਬੁਲਾ ਲਿਆ। ਜਿਸ ਡਬਲਬੈੱਡ ਤੇ ਉਹ ਲੰਮਾ ਪਿਆ ਸੀ, ਉਸਦਾ ਬੋਕਸ ਚੁੱਕਣ ਲਈ ਕਿਹਾ ਤੇ ਦੂਸਰਾ ਉਸਨੇ ਆਪ ਉਠਾਇਆ। ਬਕਸਿਆਂ ਵਿਚ ਕਾਫੀ ਹਥਿਆਰ ਤੇ ਗੋਲਾ ਬਾਰੂਦ ਸੀ। ਉਨ੍ਹਾਂ ਵੱਲ ਇਸ਼ਾਰਾ ਕਰਦੇ ਕਹਿੰਦਾ ਕਿ ਮੈਂ ਤੈਨੂੰ ਇਹ ਦੇਖਣ ਲਈ ਬੁਲਾਇਆ ਹੈ ਕਿ ਕਿਵੇਂ ਅਸੀਂ ਮੌਤ ਨੂੰ ਸਿਰ ’ਤੇ ਚੁੱਕੀ ਫਿਰਦੇ ਹਾਂ। ਮੈਂ ਉਸਦੀ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ। ਉਸਨੇ ਮੈਨੂੰ ਬੋਕਸ ਬੰਦ ਕਰਨ ਲਈ ਕਿਹਾ ਤੇ ਮੈਂ ਬਾਹਰ ਵਿਹੜੇ ਵਿਚ ਆ ਗਿਆ। ਥੋੜ੍ਹੀ ਦੇਰ ਰੁਕਣ ਤੋਂ ਬਾਅਦ ਮੈਂ ਸੁਧਾਰ ਪਿੰਡ ਦੇ ਸਕੂਲ ਵੱਲ ਚੱਲ ਪਿਆ ਜਿਥੇ ਮੇਰਾ ਰਿਸ਼ਤੇਦਾਰ ਇੰਤਜ਼ਾਰ ਕਰ ਰਿਹਾ ਸੀ। ਉਹ ਬਹੁਤ ਘਬਰਾਇਆ ਹੋਇਆ ਸੀ ਤੇ ਉਸਦੇ ਕਹੇ ਮੁਤਾਬਕ ਉਸਦੇ ਮਨ ਵਿਚ ਕਈ ਕਿਸਮ ਦੇ ਬੁਰੇ ਖਿਆਲ ਆ ਰਹੇ ਸਨ। ਫਿਰ ਅਸੀਂ ਦੋਵੇਂ ਸਕੂਟਰ ਲੈ ਕੇ ਰਈਏ ਪਹੁੰਚੇ ਜਿਥੋਂ ਉਹ ਆਪਣੇ ਪਿੰਡ ਚਲਾ ਗਿਆ ਤੇ ਮੈਂ ਅੰਮ੍ਰਿਤਸਰ ਪਹੁੰਚ ਗਿਆ। ਇਸ ਤੋਂ ਬਾਅਦ ਸਾਡਾ ਫਾਰਮ ਵਾਲਾ ਮਸਲਾ ਸ਼ਾਂਤ ਹੋ ਗਿਆ।
ਇਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਪੁਲੀਸ ਤੇ ਨੀਮ ਫੌਜੀ ਦਲਾਂ ਦਾ ਕਾਫੀ ਦਬਾਅ ਵਧ ਗਿਆ ਸੀ। 1992 ਦੀਆਂ ਚੋਣਾਂ ਤੋਂ ਬਾਅਦ ਨਵੀਂ ਬਣੀ ਬੇਅੰਤ ਸਿੰਘ ਦੀ ਸਰਕਾਰ ਨੇ ਥੋੜ੍ਹੇ ਸਮੇਂ ਵਿਚ ਹੀ ਰਾਜ ਦੀ ਤਾਕਤ ਤੇ ਲੋਕਾਂ ਦੇ ਸਮਰਥਨ ਨਾਲ ਅੱਤਵਾਦ ਦਾ ਲੱਕ ਤੋੜ ਦਿੱਤਾ। ਉਨ੍ਹਾਂ ਦਿਨਾਂ ਵਿਚ ਬਹੁਤ ਸਾਰੇ ਮੁੰਡਿਆਂ ਨੇ ਪੁਲੀਸ ਅੱਗੇ ਸਮਰਪਣ ਕੀਤਾ, ਜਿਨ੍ਹਾਂ ਵਿਚ ਇਹ ਕਮਾਂਡਰ ਵੀ ਸੀ। ਸਾਡੇ ਇਲਾਕੇ ਦੇ ਜਾਣਕਾਰ ਦੱਸਦੇ ਹਨ ਕਿ ਕੇ.ਐੱਲ.ਐੱਫ ਦੇ ਚੀਫ਼ ਦੀ ਮੌਤ ਤੋਂ ਬਾਅਦ ਇਹ ਪੰਜਾਬ ਪੁਲੀਸ ਦਾ ਸੂਹੀਆ ਬਣ ਗਿਆ ਸੀ। ਉਸ ਨੂੰ ਆਖਰੀ ਵਾਰ ਪਿੰਡ ਦੇ ਲੋਕਾਂ ਨੇ 1993 ਦੇ ਹੋਲੇ-ਮਹੱਲੇ ’ਤੇ ਆਨੰਦਪੁਰ ਵਿਚ ਇਕ ਕਾਲੇ ਸ਼ੀਸ਼ਿਆਂ ਵਾਲੀ ਜਿਪਸੀ ਵਿਚ ਬੈਠੇ ਦੇਖਿਆ ਸੀ। ਉਸ ਤੋਂ ਬਾਅਦ ਅੱਜ ਤਕ ਕਿਸੇ ਨੂੰ ਵੀ ਉਸਦੀ ਕੋਈ ਖ਼ਬਰ ਨਹੀਂ ਹੈ।
ਸਾਬਕਾ ਅਧਿਆਪਕ, ਰਾਜਨੀਤੀ ਸ਼ਾਸਤਰ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ