ਦਸਮ ਗ੍ਰੰਥ ਬਾਰੇ ਡਾæ ਗੁਰਨਾਮ ਕੌਰ ਦੇ ਵਿਚਾਰ

21 ਸਤੰਬਰ ਦੇ ਅੰਕ ਵਿਚ ਡਾæ ਗੁਰਨਾਮ ਕੌਰ ਦਾ ਲੇਖ ‘ਜੋਤ ਓਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ’ ਪੜਿਆ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ। ਕੋਈ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਸਰਵ ਉਚਤਾ ‘ਤੇ ਕਿੰਤੂ ਨਹੀਂ ਕਰਦਾ। ਅਸਲ ਮੁੱਦਾ ਤਾਂ ਦਸਮ ਬਾਣੀ ਵਿਰੁਧ ਝੂਠੇ ਪ੍ਰਚਾਰ ਦਾ ਹੈ। ਜਦੋਂ ਵੀ ਇਸ ਦਾ ਗੁਰਮਤਿ ਦੀ ਰੋਸ਼ਨੀ ਵਿਚ ਜਵਾਬ ਦਿੱਤਾ ਜਾਂਦਾ ਹੈ ਤਾਂ ਅਗਲੀ ਧਿਰ ਗਲ ਪਲਟਾ ਕੇ ਗੁਰੂ ਗ੍ਰੰਥ ਸਾਹਿਬ ਵਲ ਲੈ ਜਾਂਦੀ ਹੈ। ਮੈਂ ਗੁਰੂ ਗ੍ਰੰਥ ਸਾਹਿਬ ਦੀ ਸਰਬ ਉਚ ਪਦਵੀਂ ਬਾਰੇ ਡਾæ ਗੁਰਨਾਮ ਕੌਰ ਨਾਲ ਸਹਿਮਤ ਹਾਂ ਪਰ ਉਨ੍ਹਾਂ ਵੱਲੋਂ ਦਸਮ ਗ੍ਰੰਥ ਬਾਰੇ ਕੀਤੀਆਂ ‘ਬੇਬੁਨਿਆਦ ਟਿਪਣੀਆਂ’ ਨਾਲ ਗੁਰਮਤਿ ਅਤੇ ਇਤਿਹਾਸਕ ਪਿਛੋਕੜ ਦੀ ਰੋਸ਼ਨੀ ਵਿਚ ਸਹਿਮਤ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਮਾਰਥਕ ਹੈ, ਕਿਸੇ ਵੀ ਧਰਮ ਦਾ ਆਦਮੀ ਇਸ ਤੋਂ ਸੇਧ ਲੈ ਸਕਦਾ ਹੈ। ਇਸ ਦਾ ਨਿਚੋੜ ਪਰਮਾਤਮਾ ਦੀ ਭਗਤੀ ਜਾਂ ਨਾਮ ਸਿਮਰਨ ਹੈ।
ਗੁਰੂ ਗੋਬਿੰਦ ਸਿੰਘ ਦੀ ਦਸਮ ਗ੍ਰੰਥ ਵਿਚ ਬਾਣੀ ਪ੍ਰਮਾਰਥਕ ਹੋਣ ਦੇ ਨਾਲ ਸਿਰਜਣਹਾਰ ਦੀ ਸ਼੍ਰਿਸ਼ਟੀ ਦਾ ਇਤਿਹਾਸ ਦਸਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਆਏ ਹਵਾਲਿਆਂ ਦੀ ਵਿਆਖਿਆ ਕਰਦੀ ਹੈ। ਇਹ ਬਾਣੀ ਖਾਲਸੇ ਦੇ ਸੰਗਠਨ ਲਈ ਅਹਿਮ ਹੈ। ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਧਾਰਮਕ ਤੇ ਜਥੇਬੰਦਕ ਢਾਂਚਾ ਦੇਣ ਦੇ ਨਾਲ ਨਾਲ ਮਰਿਆਦਾ ਅਤੇ ਗੁਰੂ ਪੰਥ ਦਾ ਅਸੂਲ ਦਿੱਤਾ ਜਿਸ ਦੇ ਸਹਾਰੇ ਅਸੀਂ ਆਪਸੀ ਪਹਿਚਾਣ ਮਹਿਫੂਜ਼ ਰਖਣ ਵਿਚ ਅਜੇ ਤੱਕ ਸਫਲ ਹੋਏ ਹਾਂ।
ਸਾਡੇ ਕੁਝ ਵਿਦਵਾਨ ਜਿਨ੍ਹਾਂ ਨੇ ਦਸਮ ਗ੍ਰੰਥ ਪੜ੍ਹਿਆ ਹੀ ਨਹੀਂ ਪਰ ਆਏ ਦਿਨ ਇਸ ‘ਤੇ ਅਸਭਿਅਕ ਭਾਸ਼ਾ ਵਿਚ ਹਮਲਾ ਕਰਦੇ ਰਹਿੰਦੇ ਹਨ। ਦੁਨਿਆਵੀ ਵਿੱਦਿਆ ਹਾਸਲ ਕਰਕੇ ਗੁਰੂ ਸਾਹਿਬ ਦੀ ਪਵਿਤਰ ਰਚਨਾ ਤੇ ਕਿੰਤੂ ਕਰਦੇ ਹਨ।
ਅਸੀਂ ਡਾæ ਗੁਰਨਾਮ ਕੌਰ ਦੇ ਨੁਕਤੇ ਲੈ ਕੇ ਅਵਤਾਰਾਂ ਤੋਂ ਸ਼ੁਰੂਆਤ ਕਰਦੇ ਹਾਂ। ਇਹ ਕਹਿਣਾ ਗਲਤ ਹੈ ਕਿ ਗੁਰੂ ਗ੍ਰੰਥ ਸਾਹਿਬ ਅਵਤਾਰਾਂ ਦੀ ਹੋਂਦ ਤੋਂ ਮੁੱਨਕਰ ਹੈ। ਗੁਰੂ ਸਾਹਿਬ ਲਿਖਦੇ ਹਨ,
ਹੁਕਮਿ ਉਪਾਏ ਦਸ ਅਉਤਾਰਾ॥
ਦੇਵ ਦਾਨਵ ਅਗਣਤ ਅਪਾਰਾ॥
(ਅੰਗ 1937)
ਦਸਮ ਗ੍ਰੰਥ ਸਾਹਿਬ ਵਿਚ ਇਨ੍ਹਾਂ ਅਵਤਾਰਾਂ ਦਾ ਖੁਲ੍ਹ ਕੇ ਜ਼ਿਕਰ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਆਪਣੇ ਰਸਤੇ ਤੋਂ ਭੁੱਲੇ ਹੋਏ ਦੱਸਿਆ ਹੈ।
ਜੋ ਚਾਉਬੀਸ ਅਵਤਾਰ ਕਹਾਇ।
ਤਿਨ ਭੀ ਤੁਮ ਪ੍ਰਭ ਤਨਿਕ ਨਾ ਪਾਏ।
ਸਭ ਹੀ ਜਗ ਭਰਮੇ ਭਵ ਰਾਯੰ।
ਤਾ ਤੇ ਨਾਮ ਬਿਅੰਤ ਕਹਾਯੰ।
(ਚੌਬੀਸ ਅਵਤਾਰ, ਦਸਮ ਗ੍ਰੰਥ ਸਾਹਿਬ)
ਅਰਥਾਤ ਹਿੰਦੂ ਮੱਤ ਦੇ ‘ਚਾਉਬੀਸ ਅਵਤਾਰ’ ਪਰਮਾਤਮਾ ਨੂੰ ਨਹੀਂ ਪਾ ਸਕੇ। ਉਹ ਦੁਨਿਆਵੀ ਰਾਜੇ ਬਣ ਕੇ ਮੂਲ ਨੂੰ ਭੁੱਲ ਗਏ। ਇਸ ਕਰਕੇ ਉਨ੍ਹਾਂ ਨੂੰ ਬਿਅੰਤ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਨੇ ਇਨ੍ਹਾਂ ਅਵਤਾਰਾਂ ਨੂੰ ਦਸਮ ਗ੍ਰੰਥ ਸਾਹਿਬ ਵਿਚ ਆਮ ਇਨਸਾਨਾਂ ਦੀ ਕਤਾਰ ਵਿਚ ਖੜ੍ਹਾ ਕਰ ਦਿੱਤਾ। ਗੁਰੂ ਸਾਹਿਬ ਨੇ ਇਨ੍ਹਾਂ ਦੀ ਪਰਿਭਾਸ਼ਾ ਬਦਲ ਦਿੱਤੀ। ਗੁਰੂ ਸਾਹਿਬ ਲਿਖਦੇ ਹਨ,
ਸਾਧ ਪੁਰਖ ਜੋ ਕਰਮ ਕਮਾਵੈ॥
ਨਾਮ ਦੇਵਤਾ ਜਗਤ ਕਰਾਵੈ॥
(ਬਚਿੱਤਰ ਨਾਟਕ, ਦਸਮ ਗ੍ਰੰਥ)
ਅਰਥਾਤ ਆਪਣੇ ਚੰਗੇ ਕਰਮਾਂ ਨਾਲ ਇੱਕ ਮਨੁੱਖ ਦੇਵਤਾ ਜਾਣਿਆ ਜਾਂਦਾ ਹੈ।
ਜੇ ਡਾæ ਗੁਰਨਾਮ ਕੌਰ ਨੇ ਦਸਮ ਗ੍ਰੰਥ ਸਾਹਿਬ ਪੜ੍ਹਿਆ ਹੁੰਦਾ ਤਾਂ ਉਨ੍ਹਾਂ ਨੂੰ ਪਤਾ ਹੋਣਾ ਸੀ ਕਿ ਦਸਮ ਗ੍ਰੰਥ ਦਾ ਕ੍ਰਿਸ਼ਨ ਅਵਤਾਰ, ਪੁਰਾਣਾਂ ਦੇ ਕ੍ਰਿਸ਼ਨ ਅਵਤਾਰ ਤੋਂ ਬਿਲਕੁੱਲ ਵਖਰਾ ਹੈ। ਉਸ ਵਿਚ ਕ੍ਰਿਸ਼ਨ ਦੀ ਉਸਤਿਤ ਨਹੀਂ ਹੈ। ਬਲਕਿ ਗੁਰੂ ਸਾਹਿਬ ਕ੍ਰਿਸ਼ਨ ਨੂੰ ਆਪਣੇ ਰਚਿਤ ਨਾਇਕ ਖੜਗ ਸਿੰਘ ਨਾਲ ਯੁੱਧ ਦੇ ਮੈਦਾਨ ਵਿਚ ਉਤਾਰਦੇ ਹਨ। ਖੜਗ ਸਿੰਘ ਕ੍ਰਿਸ਼ਨ ਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲੈਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤੈਨੂੰ ਮਾਰ ਸਕਦਾ ਹਾਂ ਪਰ ਛਡ ਦਿੰਦਾ ਹਾਂ। ਅਗਰ ਤੂੰ ਮਰ ਗਿਆ ਤਾਂ ਖੜਗ ਸਿੰਘ ਨਾਲ ਕੌਣ ਲੜੇਗਾ। ਸੋ ਕ੍ਰਿਸ਼ਨ ਅਵਤਾਰ ਦਾ ਨਾਇਕ ਖੜਗ ਸਿੰਘ ਹੈ ਨਾ ਕਿ ਕ੍ਰਿਸ਼ਨ ਜੀ।
ਖੋਜਤ ਹੈ ਜਿਹ ਸਿੱਧ ਮਹਾ ਮੁਨ
ਬਿਆਸ ਪਰਾਸੁਰ ਭੇਦ ਨਾ ਚੀਨੋ।
ਸੋ ਖੜਗੇਸ਼ ਅਯੋਧਨ ਮੈ ਕਰ
ਮੋ ਹਿਤ ਕੇਸਨ ਤੇ ਮਹਿ ਲੀਨੋ।
(ਕ੍ਰਿਸ਼ਨ ਅਵਤਾਰ)
ਚਰਿਤਰੋਪਾਖਿਯਾਨ ਸਿੱਖਿਆ ਦਾਇਕ ਕਹਾਣੀਆਂ ਹਨ। ਹਰ ਚਰਿੱਤਰ ਦੇ ਅਖੀਰ ‘ਤੇ ਲਿਖਿਆ ਹੈ ਕਿ ਇਹ ਕਹਾਣੀ ਮੰਤਰੀ ਆਪਨੇ ਰਾਜੇ ਨੂੰ ਸੁਣਾ ਰਿਹਾ ਹੈ। ਇਨ੍ਹਾਂ ਚਰਿੱਤਰਾਂ ਵਿਚ ਆਦਮੀ ਅਤੇ ਔਰਤ-ਦੋਹਾਂ ਦੇ ਚਰਿੱਤਰ ਦਾ ਵਰਣਨ ਹੈ। ਇਨ੍ਹਾਂ ਚਰਿੱਤਰਾਂ ਰਾਹੀਂ ਗੁਰੂ ਸਾਹਿਬ ਨੇ ਸਮਾਜ ਦੀ ਅਸਲੀਅਤ ਵਰਣਨ ਕੀਤੀ ਹੈ ਅਤੇ ਉਸ ਦਾ ਕਰੂਪ ਚਿਹਰਾ ਨਕਾਬ ਲਾਹ ਕੇ ਪੇਸ਼ ਕੀਤਾ ਹੈ ਕਿ ਇਹੋ ਜਿਹੇ ਬਦ ਇਖਲਾਕ ਵਾਲੇ ਲੋਕ ਵੀ ਸਮਾਜ ਵਿਚ ਹਨ। ਸਮਾਜ ਦਾ ਕੋਈ ਹਿੱਸਾ ਲੈ ਲਉ ਉਸ ਵਿਚ ਇਹੋ ਜਿਹੇ ਲੋਕ ਮੌਜੂਦ ਹਨ। ਚਰਿਤਰੋਪਾਖਿਯਾਨ ਵਿਚ ਬਹਾਦਰ ਇਸਤਰੀ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਅਖੀਰਲੇ ਚਰਿੱਤਰ ਵਿਚ ਜਦੋਂ ਸਾਰੇ ਰਾਜੇ ਦੈਂਤਾ ਤੋਂ ਹਾਰ ਕੇ ਖਤਮ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਅੱਗ ਵਿਚੋਂ ਇਕ ਇਸਤਰੀ (ਬਾਲਾ) ਉਠਦੀ ਹੈ ਜੋ ਕਿ ਸ਼ਸਤਰਧਾਰੀ ਹੋ ਕਿ ਯੁੱਧ ਕਰਦੀ ਹੈ। ਅਕਾਲ ਪੁਰਖ ਉਸ ਦੀ ਮਦਦ ਲਈ ਆਪ ਯੁੱਧ ਵਿਚ ਹਿੱਸਾ ਲੈਂਦਾ ਹੈ,
ਮਚਯੋ ਲੋਹ ਗਾਢੋ ਉਠੀ ਅਗਨਿ ਜਵਾਲਾ
ਭਈ ਤੇਜ ਤੌਨੇ ਹੁਤੇ ਏਕ ਬਾਲਾ
(ਚਰਿਤਰੋਪਾਖਿਯਾਨ)
ਦਸਿਆ ਗਿਆ ਹੈ ਕਿ ਇਸਤਰੀ ਇਕ ਸਿਹਤਮੰਦ ਸਮਾਜ ਦਾ ਬਰਾਬਰ ਦਾ ਅੰਗ ਹੈ। ਇਸ ਤੋਂ ਬਗੈਰ ਸਿਹਤਮੰਦ ਸਮਾਜ ਸਿਰਜਿਆ ਨਹੀਂ ਜਾ ਸਕਦਾ। ਚਰਿਤਰੋਪਾਖਿਯਾਨ ਵਿਚ ਪ੍ਰਮਾਰਥਕ ਭਾਗ ਵੀ ਹੈ ਅਤੇ ਬ੍ਰਹਮਾ, ਵਿਸ਼ਨੂੰ, ਮਹੇਸ਼ ਡਰਪੋਕ ਦਸੇ ਗਏ ਹਨ,
ਡਗਮਗ ਲੋਕ ਚਤੁਰ ਦਸ ਭਏ॥
ਅਸੁਰਨ ਸਾਥ ਸਕਲ ਭਰਿ ਗਏ॥
ਬ੍ਰਹਮਾ ਬਿਸਨ ਸਭੈ ਡਰਪਾਨੇ॥
ਮਹਾਂਕਾਲ ਦੀ ਸਰਿਨ ਸਿਧਾਨੇ॥
(ਚਰਿਤਰੋਪਾਖਿਯਾਨ)
ਤੁਸੀਂ ਹੀ ਬ੍ਰਹਮਾ ਬਿਸ਼ਨ ਬਨਾਯੋ॥
ਮਹਾਂ ਰੁਦ੍ਰ ਤੁਮ ਹੀ ਉਪਜਾਯੋ॥
ਭਾਵ ਹੇ ਵਾਹਿਗੁਰੂ ਤੁਸੀਂ ਹੀ ਬ੍ਰਹਮਾ, ਵਿਸ਼ਨੂੰ ਬਣਾਏ ਅਤੇ ਤੁਸੀਂ ਹੀ ਸ਼ਿਵ ਜੀ ਨੂੰ ਬਣਾਇਆ।
ਹੁਣ ਬੀੜਾਂ ਬਾਰੇ: ਦਸਮ ਗ੍ਰੰਥ ਦੀ ਪਹਿਲੀ ਬੀੜ ਅਨੰਦਪੁਰੀ ਬੀੜ ਹੈ ਜੋ ਗੁਰੂ ਸਾਹਿਬ ਵੇਲੇ ਹੋਂਦ ਵਿਚ ਆਈ। ਇਸ ਦਾ ਵਰਣਨ ਅਤੇ ਗੁਰੂ ਸਾਹਿਬ ਦੇ ਹੱਥ ਲਿਖਤ ਪੱਤਰੇ ਜੋ ਕਿ ਇਸ ਬੀੜ ਵਿਚ ਹਨ, ਪਿਆਰਾ ਸਿੰਘ ਪਦਮ ਦੀ ਕਿਤਾਬ ‘ਦਸਮ ਗ੍ਰੰਥ ਦਰਸਣ’ ਵਿਚ ਦਿੱਤਾ ਗਿਆ ਹੈ। ਇਹ ਬੀੜ ਤਕਰੀਬਨ 1696-98 ਦੀ ਹੈ। ਪਦਮ ਦੀ ਕਿਤਾਬ ਵਿਚ ਗੁਰੂ ਸਾਹਿਬ ਦੇ ਹੱਥ ਲਿਖਤ ਪੱਤਰੇ ਚਰਿਤਰੋਪਾਖਿਯਾਨ ਵਿਚੋਂ ਫੋਟੋਕਾਪੀ ਕਰਕੇ ਦਿੱਤੇ ਗਏ ਹਨ।
ਸ੍ਰੋਮਣੀ ਕਮੇਟੀ ਦੇ ਰੀਸਰਚ ਸਕਾਲਰ ਰਣਧੀਰ ਸਿੰਘ ਨੇ 1955 ਵਿਚ ਪਟਨਾ ਸਾਹਿਬ ਵਿਖੇ 1698 ਈ: ਦੀ ਬੀੜ ਪਟਨਾ ਦੇ ਦਰਸ਼ਨ ਕੀਤੇ ਹਨ। ਉਹ ਆਪਣੀ ਕਿਤਾਬ ਸ਼ਬਦ ਮੂਰਿਤ ਵਿਚ ਲਿਖਦੇ ਹਨ ਕਿ ਤੋਸ਼ੇਖਾਨੇ ਵਿਚ ਇਕ ਪੁਰਾਣੀ ਲਿਖਤੀ ਬੀੜ ਬਿਰਾਜ ਰਹੀ ਹੈ। ਉਸ ਦੇ ਸੰਪਾਦਕ ਨੂੰ ਸੰਮਤ 1755 ਬਿਕਰਮੀ ਦੇ ਲਿਖੇ ਕੁਝ ਸੈਂਚੇ ਮਿਲੇ ਜਾਪਦੇ ਹਨ ਜਿਨ੍ਹਾਂ ਵਿਚ ਕੁਝ ਪਤਰੇ ਤੇ ਛੰਦ ਸ਼੍ਰੀ ਹਜੂਰ ਦੇ ਨਿੱਜੀ ਹੱਥ ਨਾਲ ਲਿਖੇ ਹੋਏ ਹਨ। ਇਸ ਤੋਂ ਪਤਾ ਲਗਦਾ ਕਿ ਦਸਮ ਗ੍ਰੰਥ ਦੀ ਰਚਨਾ 1755 (14 ਜੂਨ 1698 ਈæ) ਵਿਚ ਮੁਕੰਮਲ ਹੋ ਚੁੱਕੀ ਸੀ।
ਠੀਕ ਇਹੋ ਸੰਮਤ ਭਾਈ ਕੇਸਰ ਸਿੰਘ ਛਿਬਰ ਨੇ ਆਪਣੀ ਪੁਸਤਕ ਬੰਸਾਵਲੀਨਾਮਾ ਵਿਚ ਇਉਂ ਲਿਖਿਆ ਹੈ,
‘ਛੋਟਾ ਗ੍ਰੰਥ ਜੀ’ ਜਨਮੇ ਸਾਹਿਬ
ਦਸਮੇ ਪਾਤਸ਼ਾਹ ਦੇ ਧਾਮ।
ਸੰਮਤ ਸਤਾਰਾਂ ਸੈ ਪਚਵੰਜਾ
ਬਹੁਤ ਖਿਛਾਵੇ ਲਿਖਾਰੇ ਨਾਮ।’
ਚਰਿੱਤਰੋਪਾਖਿਯਾਨ ਦੇ ਚਰਿੱਤਰ 109 ਵਿਚ ਦੋਨੋਂ ਨਾਮ-ਰਾਮ ਅਤੇ ਸ਼ਿਆਮ ਆਏ ਹਨ। ਇਹ ਇੱਕ ਵਿਅਕਤੀ ਸੀ ਅਤੇ ਗੁਰੂ ਜੀ ਦੇ ਇਹ ਉਪਨਾਮ ਸਨ। ਕ੍ਰਿਸ਼ਨ ਅਵਤਾਰ ਵਿਚ ਇਕ ਸ਼ਬਦ ਹੈ ਜੋ ਹੇਠ ਲਿਖਿਆ ਗਿਆ ਹੈ ਉਸ ਵਿਚ ਸਯਾਮ ਦਾ ਨਾਮ ਆਉਂਦਾ ਹੈ।
ਸਵੈਯਾ॥
ਹੇ ਰਵਿ ਹੇ ਸਸਿ ਹੇ ਕਰੁਨਾਨਿਧ
ਮੇਰੀ ਅਬੈ ਬਿਨਤੀ ਸੁਨਿ ਲੀਜੈ॥
ਅਉਰ ਨ ਮਾਂਗਤ ਹੁA ਤੁਮ ਤੇ ਕਛੁ
ਚਾਹਤ ਹਉ ਚਿਤ ਮੈ ਸੋਈ ਕੀਜੈ॥
ਸੱਤ੍ਰਨ ਸਿਉ ਅਤਿ ਹੀ ਰਨ ਭੀਤਰ
ਜੂਝ ਮਰੋ ਕਹਿ ਸਾਚ ਪਤੀਜੈ॥
ਸੰਤ ਸਹਾਇ ਸਦਾ ਜਗ ਮਾਇ
ਕ੍ਰਿਪਾ ਕਰਿ ਸਯਾਮ ਇਹੈ ਬਰੁ ਦੀਜੇ॥
(ਕ੍ਰਿਸ਼ਨ ਅਵਤਾਰ, ਦਸਮ ਗ੍ਰੰਥ ਸਾਹਿਬ)
ਉਪਰ ਅਖਰੀਲੀ ਲਾਈਨ ਵਿਚ ਕਵੀ ਸਯਾਮ ਦਾ ਨਾਮ ਆਉਂਦਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਵਿਸ਼ਵਾਸ ਬਾਰੇ ਝਲਕ ਹੈ ਇਹ ਸ਼ਬਦ ਆਮ ਕਰਕੇ ਰਾਗੀ ਸਿੰਘ ਹਰਿਮੰਦਰ ਸਾਹਿਬ ਤੋਂ ਪੜ੍ਹਦੇ ਹਨ ਅਤੇ ਸਿੱਖਾਂ ਨੂੰ ਬੁਨਿਆਦੀ ਮਨੁੱਖੀ ਹੱਕਾਂ ਲਈ ਜੂਝ ਮਰਨ ਦਾ ਸੰਦੇਸ਼ ਹੈ।
-ਇੰਦਰ ਸਿੰਘ ਕੈਲੀਫੋਰਨੀਆ
ਫੋਨ: 916-804-0811

Be the first to comment

Leave a Reply

Your email address will not be published.