ਕਰਤਾਰ ਸਿੰਘ ਫਿਰ ਬਣਿਆ ਵਰਲਡ ਚੈਂਪੀਅਨ

ਪਿੰ੍ਰæ ਸਰਵਣ ਸਿੰਘ
ਪਹਿਲਵਾਨ ਕਰਤਾਰ ਸਿੰਘ ਨੇ ਬੋਸਨੀਆ ਦੇ ਸ਼ਹਿਰ ਸਰੀਜੋਵਾ ਵਿਚ ਹੋਈ ਕੁਸ਼ਤੀ ਦੀ ਵਿਸ਼ਵ ਵੈਟਰਨ ਚੈਂਪੀਅਨਸ਼ਿਪ 17ਵੀਂ ਵਾਰ ਜਿੱਤ ਲਈ ਹੈ। ਇਹ 17ਵਾਂ ਗੋਲਡ ਮੈਡਲ ਉਸ ਦਾ 7 ਅਕਤੂਬਰ ਨੂੰ 60ਵਾਂ ਜਨਮ ਦਿਨ ਮਨਾਏ ਜਾਣ ਦਾ ਭਾਰਤੀ ਕੁਸ਼ਤੀ ਨੂੰ ਤੋਹਫਾ ਹੈ। ਉਸ ਨੇ 55 ਤੋਂ 60 ਸਾਲ ਦੀ ਉਮਰ ਦੇ 97 ਕਿੱਲੋ ਵਜ਼ਨ ਵਰਗ ਵਿਚ ਭਾਗ ਲਿਆ। ਪੰਜਾਬ ਦੇ ਮਾਣ ਕਰਤਾਰ ਸਿੰਘ ਨੇ ਕੁਆਟਰ ਫਾਈਨਲ ਵਿਚ ਤੁਰਕੀ ਦੇ ਦੋਜਾਨ ਰਮਾਦਾਨ, ਸੈਮੀ ਫਾਈਨਲ ਵਿਚ ਦੱਖਣੀ ਅਫਰੀਕਾ ਦੇ ਵੇਰਮਾਕ ਪੀਟਰਜ਼ ਤੇ ਫਾਈਨਲ ਵਿਚ ਫਰਾਂਸ ਦੇ ਕੋਹੇਨ ਜੀਨ ਜੀਨੋਨ ਨੂੰ ਹਰਾਇਆ। 17ਵਾਂ ਗੋਲਡ ਮੈਡਲ ਜਿੱਤਣਾ ਕੁਸ਼ਤੀ ਦਾ ਅਜਿਹਾ ਰਿਕਾਰਡ ਹੈ ਜਿਸ ਦਾ ਇੰਦਰਾਜ ਰਿਕਾਰਡਾਂ ਦੀਆਂ ਕਿਤਾਬਾਂ ‘ਚ ਚੜ੍ਹੇਗਾ। ਉਸ ਨੇ ਤਿੰਨ ਓਲੰਪਿਕ ਖੇਡਾਂ, ਤਿੰਨ ਏਸ਼ਿਆਈ ਖੇਡਾਂ, ਤਿੰਨ ਕਾਮਨਵੈਲਥ ਖੇਡਾਂ, ਤਿੰਨ ਏਸ਼ਿਆਈ ਚੈਂਪੀਅਨਸ਼ਿਪਾਂ ਤੇ ਅਠਾਰਾਂ ਵਿਸ਼ਵ ਵੈਟਰਨ ਚੈਂਪੀਅਨਸ਼ਿਪਾਂ ਵਿਚ ਭਾਗ ਲਿਆ ਹੈ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ‘ਚੋਂ ਸੋਨੇ, ਚਾਂਦੀ ਤੇ ਤਾਂਬੇ ਦੇ 28 ਤਮਗੇ ਜਿੱਤੇ ਹਨ। ਉਸ ਨੇ ਪੰਜਾਬ ਕੇਸਰੀ ਤੋਂ ਲੈ ਕੇ ਭਾਰਤ ਕੁਮਾਰ, ਭਾਰਤ ਕੇਸਰੀ, ਮਹਾਪੌਰ ਕੇਸਰੀ, ਭਾਰਤ ਮੱਲ ਸਮਰਾਟ, ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਤਕ ਸਾਰੇ ਖਿਤਾਬ ਹਾਸਲ ਕੀਤੇ ਹਨ।
ਉਹ ਸਕੂਲਾਂ ਕਾਲਜਾਂ ਤੋਂ ਲੈ ਕੇ ਏਸ਼ੀਆ ਤੇ ਕਾਮਨਵੈਲਥ ਖੇਡਾਂ ਅਤੇ ਵਿਸ਼ਵ ਵੈਟਰਨ ਕੁਸ਼ਤੀ ਮੁਕਾਬਲਿਆਂ ਤਕ ਦੀਆਂ ਅਨੇਕਾਂ ਗੁਰਜਾਂ ਸਾਂਭੀ ਬੈਠਾ ਹੈ। ਬੈਠਾ ਕਿਥੇ! ਪੰਜਾਬ ਪੁਲਿਸ ਦਾ ਆਈæ ਜੀæ ਬਣ ਕੇ ਵੀ ਰੋਜ਼ਾਨਾ ਜ਼ੋਰ ਕਰਦਾ ਹੈ ਤੇ 60ਵੇਂ ਸਾਲ ਵਿਚ ਵੀ 40-45 ਸਾਲਾਂ ਦਾ ਜੁਆਨ ਲੱਗਦਾ ਹੈ। ਬਹੁਤੇ ਖਿਡਾਰੀ ਤਾਂ ਹਵਾਲਦਾਰ ਜਾਂ ਠਾਣੇਦਾਰ ਦੀ ਨੌਕਰੀ ਲੈਣ ਸਾਰ ਹੀ ਆਪਣੀ ਖੇਡ ਨੂੰ ਅਲਵਿਦਾ ਕਹਿ ਦਿੰਦੇ ਹਨ!
ਕਰਤਾਰ ਸਿੰਘ ਦਾ ਜਨਮ ਮਾਝੇ ਦੇ ਮਸ਼ਹੂਰ ਪਿੰਡ ਸੁਰ ਸਿੰਘ ਵਿਚ 7 ਅਕਤੂਬਰ 1953 ਨੂੰ ਸਾਧਾਰਨ ਕਿਸਾਨ ਕਰਨੈਲ ਸਿੰਘ ਢਿੱਲੋਂ ਦੇ ਘਰ ਹੋਇਆ ਸੀ। ਉਹਦਾ ਆਲਾ ਦੁਆਲਾ ਪਹਿਲਵਾਨੀ ਵਾਲਾ ਹੋਣ ਕਾਰਨ ਉਹ ਬਚਪਨ ਵਿਚ ਹੀ ਘੁਲਣ ਲੱਗ ਪਿਆ ਸੀ। ਉਹਦੀਆਂ ਕੁਸ਼ਤੀਆਂ ਦਾ ਦੌਰ 1968 ਤੋਂ ਸ਼ੁਰੂ ਹੋਇਆ ਤੇ ਫਿਰ ਦਹਾਕਿਆਂ ਤਕ ਚੱਲਿਆ। ਪਹਿਲਾਂ ਪਹਿਲ ਉਹ ਪਿੰਡਾਂ ਦੀਆਂ ਛਿੰਝਾਂ ਵਿਚ ਘੁਲਿਆ। 1970-71 ਵਿਚ ਉਹ ਆਲ ਇੰਡੀਆ ਸਕੂਲਾਂ ਦਾ ਨੈਸ਼ਨਲ ਚੈਂਪੀਅਨ ਬਣਿਆ। ਫਿਰ ਯੂਨੀਵਰਸਿਟੀ ਤੇ ਇੰਟਰਵਰਸਟੀ ਜਿੱਤਿਆ ਤੇ 1974 ਵਿਚ ਮਾਸਕੋ ਦੇ ਵਿਸ਼ਵ ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ਵਿਚ ਭਾਗ ਲਿਆ। 1978 ਵਿਚ ਏਸ਼ਿਆਈ ਤੇ ਕਾਮਨਵੈਲਥ ਖੇਡਾਂ ‘ਚੋਂ ਮੈਡਲ ਜਿਤੇ।
ਉਹਦਾ ਕੱਦ ਪੰਜ ਫੁਟ ਦਸ ਇੰਚ ਹੈ ਤੇ ਵਜ਼ਨ ਨੱਬੇ ਕਿੱਲੋ ਤੋਂ ਸੌ ਕਿੱਲੋ ਦੇ ਵਿਚ ਵਿਚਾਲੇ ਰੱਖਦਾ ਹੈ। ਛਾਤੀ ਦਾ ਘੇਰਾ ਅਠਤਾਲੀ ਇੰਚ ਹੈ ਤੇ ਜੁੱਸਾ ਪੂਰਾ ਗੱਠਿਆ ਹੋਇਐ। ਸੋਹਣਾ ਸੁਨੱਖਾ ਯੂਸਫ ਵਰਗਾ ਹੈ ਜਿਸ ਕਰਕੇ ਦਰਸ਼æਕ ਉਹਦੇ ਦਰਸ਼ਨਾਂ ਨੂੰ ਤਾਂਘਦੇ ਰਹਿੰਦੇ ਹਨ। ਉਹਦੇ ਜੀਵਨ ‘ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਕ ਸਾਧਾਰਨ ਪਰਿਵਾਰ ਦਾ ਆਮ ਜਿਹਾ ਬੱਚਾ ਆਪਣੀ ਮਿਹਨਤ ਦੇ ਬਲਬੂਤੇ ਕੁਛ ਦਾ ਕੁਛ ਕਰ ਸਕਦਾ ਹੈ। ਉਹ ਨਿੱਕਾ ਹੁੰਦਾ ਹੀ ਘੁਲਣ ਲੱਗ ਪਿਆ ਸੀ। ਉਸ ਦੇ ਤਾਏ ਦਾ ਲੜਕਾ ਜੋਗਿੰਦਰ ਸਿੰਘ ਪਹਿਲਵਾਨੀ ਦਾ ਸ਼ੌਕੀਨ ਸੀ। ਉੁਹਦੇ ਨਾਲ ਕਰਤਾਰ ਦਾ ਵੱਡਾ ਭਾਈ ਅਮਰ ਸਿੰਘ ਬਾਹਰਲੀ ਹਵੇਲੀ ਵਿਚ ਅਖਾੜਾ ਪੁਟ ਕੇ ਜੋæਰ ਕਰਿਆ ਕਰਦਾ ਸੀ। ਉਨ੍ਹਾਂ ਦੀ ਰੀਸੇ ਛੋਟੇ ਭਾਈ ਗੁਰਚਰਨ ਤੇ ਕਰਤਾਰ ਵੀ ਇਕ ਦੂਜੇ ਨਾਲ ਖਹਿਣ ਲੱਗ ਪਏ ਤੇ ਪਹਿਲਵਾਨੀ ਦੇ ਰਾਹ ਪੈ ਗਏ।
1986 ਵਿਚ ਸਿਓਲ ਦੀਆਂ ਏਸ਼ਿਆਈ ਖੇਡਾਂ ‘ਚੋਂ ਸੋਨ-ਤਮਗਾ ਜਿਤਣ ਵਾਲਾ ਉਹ ਇਕੱਲਾ ਭਾਰਤੀ ਮਰਦ ਸੀ। ਜਦੋਂ ਉਹ ਏਸ਼ੀਆ ਦਾ ਚੈਂਪੀਅਨ ਬਣ ਕੇ ਚੰਡੀਗੜ੍ਹ ਮੁੜਿਆ ਤਾਂ ਪੰਜਾਬ ਦੀ ਕੈਬਨਿਟ ਨੇ ਉਹਦਾ ਖੜ੍ਹੇ ਹੋ ਕੇ ਸਵਾਗਤ ਕੀਤਾ। ਪੰਜਾਬ ਸਰਕਾਰ ਨੇ ਉਹਨੂੰ ਕਾਰ ਭੇਟ ਕੀਤੀ। ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਲੁਧਿਆਣੇ ਉਹਨੂੰ ਕਾਰ ਦੀਆਂ ਚਾਬੀਆਂ ਸੌਂਪੀਆਂ ਤਾਂ ਦਰਸ਼ਕਾਂ ਦੀ ਮੰਗ ਉਤੇ ਕਰਤਾਰ ਸਿੰਘ ਨੇ ਕਾਰ ‘ਤੇ ਚੜ੍ਹ ਕੇ ਗੁਰੂ ਨਾਨਕ ਸਟੇਡੀਅਮ ਦਾ ਚੱਕਰ ਲਾਇਆ। ਉਹਦੇ ਕੋਚ ਨੂੰ ਮੋਟਰ ਸਾਈਕਲ ਮਿਲਿਆ ਸੀ। ਅਨਾਊਂਸਰ ਨੇ ਕਿਹਾ, “ਮਿੱਤਰਾ, ਤੂੰ ਵੀ ਲਾ ਲੈ ਆਪਦਾ ਬੰਬੂਕਾਟ ਕਾਰ ਦੇ ਮਗਰ!”
1978 ‘ਚ ਉਹ ਬੀæ ਐਸ਼ ਐਫ਼ ਵਿਚ ਭਰਤੀ ਹੋਇਆ। ਪਹਿਲਾਂ ਉਸ ਨੇ ਪਹਿਲਵਾਨ ਦਾਰਾ ਸਿੰਘ ਨੂੰ ਉਸਤਾਦ ਧਾਰਿਆ ਜਿਸ ਨੇ ਉਸ ਨੂੰ ਗੁਰੂ ਹਨੂਮਾਨ ਦੇ ਲੜ ਲਾ ਦਿੱਤਾ। ਗੁਰੂ ਹਨੂਮਾਨ ਦੇ ਅਖਾੜੇ ਵਿਚ ਉਸ ਨੇ ਕਈ ਸਾਲ ਮਿਹਨਤ ਕੀਤੀ। ਉਥੇ ਮੈਂ ਉਹਨੂੰ ਪਹਿਲੀ ਵਾਰ ਮਿਲਿਆ ਸਾਂ। ਅਖਾੜੇ ਦਾ ਤੰਗ ਜਿਹਾ ਹਾਤਾ ਭਲਵਾਨਾਂ ਨਾਲ ਭਰਿਆ ਪਿਆ ਸੀ। ਅਲੂੰਏਂ ਪੱਠੇ ਸ਼ਰਦਾਈਆਂ ਰਗੜ ਰਹੇ ਸਨ ਤੇ ਕਈ ਰੱਸਿਆਂ ਨਾਲ ਝੂਟ ਰਹੇ ਸਨ। ਕਿਧਰੇ ਡੰਡ ਬੈਠਕਾਂ ਲੱਗ ਰਹੀਆਂ ਸਨ ਤੇ ਕਿਧਰੇ ਮੱਲਾਂ ਦੇ ਜੋੜ ਅਖਾੜੇ ਦੀ ਮਿੱਟੀ ਵਿਚ ਮਿੱਟੀ ਹੋਏ ਪਏ ਸਨ। ਗੁਰੂ ਹਨੂਮਾਨ ਦੀ ਉਹ ਅਨੋਖੀ ਟਕਸਾਲ ਸੀ ਜਿਥੇ ਹੱਡ ਮਾਸ ਦੇ ਜੁੱਸੇ ਫੌਲਾਦੀ ਬਣਾਏ ਜਾ ਰਹੇ ਸਨ। ਅੰਦਰ ਗੱਦੇ ਉਤੇ ਪ੍ਰੈਕਟਿਸ ਕਰਨ ਤੋਂ ਵਿਹਲਾ ਹੋ ਕੇ ਕਰਤਾਰ ਸਿੰਘ ਮਿਲਿਆ ਤਾਂ ਉਹਦਾ ਗੋਰਾ ਬਦਨ ਪਸੀਨੇ ਵਿਚ ਤਰ ਸੀ ਤੇ ਭਖਿਆ ਹੋਇਆ ਸੂਹੀ ਭਾਅ ਮਾਰ ਰਿਹਾ ਸੀ। ਉਦਣ ਸਾਰਾ ਦਿਨ ਮੈਂ ਕਰਤਾਰ ਕੋਲ ਈ ਰਿਹਾ।
ਉਹਦਾ ਬਚਪਨ ਆਮ ਕਿਸਾਨ ਮੁੰਡਿਆਂ ਵਾਂਗ ਸਕੂਲੇ ਜਾਂਦਿਆਂ ਤੇ ਡੰਗਰ ਚਾਰਦਿਆਂ ਲੰਘਿਆ ਸੀ। ਉਹਦੇ ਅੰਦਰ ਛੁਪੇ ਬੈਠੇ ਰੁਸਤਮ ਦਾ ਉਦੋਂ ਕਿਸੇ ਨੂੰ ਖਾਬ ਖਿਆਲ ਵੀ ਨਹੀਂ ਸੀ। ਕਰਤਾਰ ਸਿੰਘ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖਲਾ ਲੈ ਲਿਆ। ਫਿਰ ਪੜ੍ਹਾਈ ਵਿਚੇ ਛੱਡ ਕੇ ਉਹ ਕੁਲਵਕਤੀ ਪਹਿਲਵਾਨ ਬਣ ਗਿਆ ਤੇ ਪਹਿਲਵਾਨੀ ਦੇ ਸਿਰ ‘ਤੇ ਨੌਕਰੀ ਲੈਣ ਪਿਛੋਂ ਤਰੱਕੀਆਂ ਕਰਦਾ ਪੰਜਾਬ ਪੁਲਿਸ ਦਾ ਆਈæ ਜੀæ ਬਣਿਆ। ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਵੀ ਰਿਹਾ। ਨੌਕਰੀ ‘ਚ ਏਨੀ ਤਰੱਕੀ ਸ਼ਾਇਦ ਹੀ ਕਿਸੇ ਖਿਡਾਰੀ ਨੇ ਕੀਤੀ ਹੋਵੇ। ਉਹ ਪੰਜਾਬ ਕੁਸ਼ਤੀ ਸੰਘ ਦਾ ਪ੍ਰਧਾਨ ਤੇ ਭਾਰਤੀ ਕੁਸ਼ਤੀ ਸੰਘ ਦਾ ਜਨਰਲ ਸਕੱਤਰ ਵੀ ਰਿਹਾ। ਉਸ ਨੇ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਕੁਸ਼ਤੀ ਦੇ ਅੰਤਰਰਾਸ਼ਟਰੀ ਦੰਗਲ ਕਰਵਾਏ। ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਅਤੇ ਭਾਰਤ ਸਰਕਾਰ ਨੇ ਪਦਮਸ੍ਰੀ ਤੇ ਅਰਜਨਾ ਅਵਾਰਡ ਨਾਲ ਸਨਮਾਨਿਆ।
ਕਰਤਾਰ ਹੋਰੀਂ ਪੰਜ ਭਰਾ ਹਨ। ਤਿੰਨ ਭਰਾਵਾਂ ਨੇ ਕੁਸ਼ਤੀ ਨੂੰ ਪੇਸ਼ੇ ਵਜੋਂ ਅਪਨਾਇਆ। ਗੁਰਚਰਨ ਸਿੰਘ ਕੁਸ਼ਤੀ ਦਾ ਕੋਚ ਹੈ ਤੇ ਸਰਵਣ ਸਿੰਘ ਕੁਸ਼ਤੀ ਦਾ ਨੈਸ਼ਨਲ ਚੈਂਪੀਅਨ। ਉਨ੍ਹਾਂ ਦਾ ਭਤੀਜਾ ਰਣਧੀਰ ਸਿੰਘ ਧੀਰਾ ਕੁਸ਼ਤੀ ਦਾ ਜੂਨੀਅਰ ਵਰਲਡ ਚੈਂਪੀਅਨ ਤੇ ਅਰਜਨਾ ਅਵਾਰਡੀ ਹੈ। ਕਰਤਾਰ ਸਿੰਘ ਦਾ ਵਿਆਹ 1985 ਵਿਚ ਬੀਬੀ ਗੁਰਿੰਦਰ ਕੌਰ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਇਕ ਬੇਟਾ ਤੇ ਦੋ ਬੇਟੀਆਂ ਹਨ। ਉਨ੍ਹਾਂ ਦਾ ਪੱਕਾ ਟਿਕਾਣਾ ਜਲੰਧਰ ਹੈ।
ਉਹ ਮਿੱਟੀ ਦੇ ਅਖਾੜੇ ਤੇ ਗੱਦੇ ਦੀਆਂ ਕੁਸ਼ਤੀਆਂ ਦਾ ਮਾਹਿਰ ਹੈ। ਉਸ ਨੇ ਪਿੰਡਾਂ ਦੀਆਂ ਛਿੰਝਾਂ ਦੇ ਅਖਾੜਿਆਂ ਤੋਂ ਕੁਸ਼ਤੀ ਮੁਕਾਬਲੇ ਸ਼ੁਰੂ ਕੀਤੇ ਸਨ ਤੇ ਰਵਾਇਤੀ ਦਾਅ ਢਾਕ ਮਾਰਨਾ, ਹਫਤਾ ਚਾੜ੍ਹਨਾ, ਧੋਬੀ ਪਾਟ, ਨਕਾਲ, ਬਗਲ ਡੁੱਬ, ਗਾਧਾਲੋਟ, ਪੁਠੀ ਸਿਧੀ ਸਾਲਤੋ ਤੇ ਮੋੜਾ ਮਾਰਨ ਦੀ ਮੁਹਾਰਤ ਹਾਸਲ ਕੀਤੀ ਸੀ। ਬਾਅਦ ਵਿਚ ਉਸ ਨੇ ਗੱਦੇ ਦੇ ਦਾਅ ਭਾਰਨਦਾਜ, ਪੱਟ ਖਿਚਣਾ, ਫਿਤਲੇ ਤੇ ਟੰਗੀ ਆਦਿ ਵੀ ਸਿੱਖੇ ਤੇ ਰਵਾਂ ਕੀਤੇ।
ਕਰਤਾਰ ਨੇ 1973 ਤੋਂ 2013 ਤਕ ਕੁਲ ਦੁਨੀਆਂ ਗਾਹੀ ਹੈ ਤੇ ਸੈਂਕੜੇ ਕੁਸ਼ਤੀਆਂ ਲੜੀਆਂ ਹਨ। ਕਿਸੇ ਪਹਿਲਵਾਨ ਵੱਲੋਂ ਏਨਾ ਲੰਮਾ ਸਮਾਂ ਸਰਗਰਮ ਪਹਿਲਵਾਨ ਰਹਿਣ ਦਾ ਇਹ ਅਨੋਖਾ ਰਿਕਾਰਡ ਹੈ। ਉਹਦੇ ਗਰਾਂਈਂ ਤੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਉਹਦੀ ਜੀਵਨੀ ਲਿਖੀ ਹੈ-ਕੁਸ਼ਤੀ ਦਾ ਧਰੂ ਤਾਰਾ। ਉਹਨੂੰ ਪੜ੍ਹਨ ਨਾਲ ਪਹਿਲਵਾਨ ਦੇ ਪਿਛੋਕੜ, ਪਰਿਵਾਰ, ਜੁੱਸੇ ਤੇ ਮਨ ਦੀਆਂ ਅਨੇਕਾਂ ਪਰਤਾਂ ਦੇ ਦਰਸ਼ਨ ਹੁੰਦੇ ਹਨ। ਉਹ ਪੰਜਾਬੀਆਂ ਦਾ ਮਾਣ ਹੈ ਤੇ ਭਾਰਤ ਦੀ ਸ਼ਾਨ।

Be the first to comment

Leave a Reply

Your email address will not be published.