‘ਕਰਾਮਾਤੀ’ ਗੁਰੂ ਨਾਨਕ

ਵਰਿਆਮ ਸਿੰਘ ਸੰਧੂ
ਗੁਰੂ ਪਾਤਸ਼ਾਹ ਨਾਲ ਜੁੜੀਆਂ ਅਨੇਕਾਂ ਕਰਾਮਾਤੀ ਸਾਖੀਆਂ ਅਸੀਂ-ਤੁਸੀਂ ਪੜ੍ਹਦੇ-ਸੁਣਦੇ ਆ ਰਹੇ ਹਾਂ। ਅਜਿਹੀਆਂ ਕਰਾਮਾਤਾਂ ਗੁਰੂ ਸਾਹਿਬ ਦੇ ਜੀਵਨ-ਦਰਸ਼ਨ ਦੇ ਉਲਟ ਹਨ। ਕਰਾਮਾਤ ਨੂੰ ਤਾਂ ਗੁਰੂ ਸਾਹਿਬ ‘ਕਹਿਰ’ ਸਮਝਦੇ ਸਨ। ਪਰ ਸਾਖੀਕਾਰਾਂ ਨੇ ਸਾਡੇ ਮਹਾਨ ਗੁਰੂ ਨੂੰ ‘ਜਾਦੂਗਰ’ ਬਣਾ ਧਰਿਆ ਹੈ। ਹੋਰ ਤਾਂ ਹੋਰ ਭਾਈ ਵੀਰ ਸਿੰਘ ਵਰਗੇ ਵਿਦਵਾਨਾਂ ਨੇ ਵੀ ਗੁਰੂ ਸਾਹਿਬਾਨ ਬਾਰੇ ਲਿਖੇ ‘ਚਮਤਕਾਰਾਂ’ ਵਿਚ ਉਨ੍ਹਾਂ ਨੂੰ ਕਰਾਮਾਤੀ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ।

ਸੌ ਵਾਰ ਬੋਲਿਆ ਝੂਠ ਆਖ਼ਰਕਾਰ ਲੋਕ ਸੱਚ ਹੀ ਮੰਨਣ ਲੱਗ ਪੈਂਦੇ ਹਨ। ਗੁਰੂ ਸਾਹਿਬ ਨਾਲ ਜੁੜੀਆਂ ਕਰਾਮਾਤੀ ਸਾਖੀਆਂ ਏਨੀ ਵਾਰ ਦੁਹਰਾਈਆਂ ਅਤੇ ਸੁਣਾਈਆਂ ਜਾ ਚੁੱਕੀਆਂ ਨੇ ਕਿ ਇਹ ਪੰਜਾਬੀ ਜਨ-ਮਾਨਸ ਦੀ ਸੋਚ ਦਾ ਹਿੱਸਾ ਬਣ ਗਈਆਂ ਹਨ। ਹੁਣ ਇਸ ਗੱਲ ਦੀ ਜ਼ਰੂਰਤ ਹੈ ਕਿ ਇਨ੍ਹਾਂ ਸਾਖੀਆਂ ਦੀ ਨਵੀਂ ਵਿਆਖਿਆ ਕੀਤੀ ਜਾਵੇ, ਜੋ ਅੰਧ-ਵਿਸ਼ਵਾਸ ਨੂੰ ਵਧਾਉਣ ਦੀ ਥਾਂ ਮਨਾਂ ਵਿਚ ਤਰਕ ਦਾ ਬੀਜ ਬੀਜੇ। ਜੋ ਵਿਆਖਿਆ ਪੜ੍ਹਨ-ਸੁਣਨ ਵਾਲੇ ਨੂੰ ਗੁਰੂ ਦੇ ਨੇੜੇ ਲੈ ਕੇ ਜਾਣ ਵਾਲੀ ਹੋਵੇ। ਉਸ ਦੀ ਸਿੱਖਿਆ ਤੋਂ ਦੂਰ ਕਰਨ ਵਾਲੀ ਨਾ ਹੋਵੇ!
ਆਪਾਂ ਇਨ੍ਹਾਂ ਕਰਾਮਾਤੀ ਸਾਖੀਆਂ ਨੂੰ ਤਰਕ ਦੀ ਕਸਵੱਟੀ ’ਤੇ ਪਰਖ਼ਣ ਦੀ ਕੋਸ਼ਿਸ਼ ਕਰਨੀ ਹੈ, ਪਰ, ਇਸਤੋਂ ਪਹਿਲਾਂ ‘ਕਰਾਮਾਤ’ ਦੀ ਪਰਿਭਾਸ਼ਾ ਸਮਝ ਲੈਣੀ ਚਾਹੀਦੀ ਹੈ।
ਕਰਮ ਅਰਬੀ ਬੋਲੀ ਦਾ ਸ਼ਬਦ ਹੈ। ਇਸ ਦੇ ਅਰਥ ਹਨ: ਬਖ਼ਸ਼ਿਸ਼, ਰਹਿਮ, ਕ੍ਰਿਪਾ, ਦਯਾ ਆਦਿ ਦੀ ਕ੍ਰਿਆ। ਇਸੇ ਧਾਤੂ ਤੋਂ ਕਈ ਲਫ਼ਜ਼ ਬਣੇ ਹਨ, ਜਿਵੇਂ: ਕਰਮਾਤ/ਕਿਰਮਾਤ (ਬਖ਼ਸ਼ਿਸ਼), ਕਰਾਮਾਤ (ਕਰਮਾਤ ਦਾ ਬਹੁਵਚਨ), ਕਰੀਮ (ਬਖ਼ਸ਼ਨਹਾਰ, ਦਯਾਲੂ, ਮਿਹਰਾਂ ਦਾ ਮਾਲਿਕ ਖ਼ੁਦਾ, ਅੱਲਾਹ, ਪਰਮਾਤਮਾ ਆਦਿ)।
ਇੰਝ ਕਰਮਾਤ ਦੇ ਅਰਥ ਬਣਦੇ ਹਨ: ਉਹ ਬਖ਼ਸ਼ਿਸ਼ ਜੋ ਕਰੀਮ (ਬਖ਼ਸ਼ਨਹਾਰ) ਦੇ ਕਰਮ (ਕਰਾਮਾਤ/ਬਖ਼ਸ਼ਿਸ਼) ਸਦਕਾ ਸਾਨੂੰ ਨਸੀਬ ਹੁੰਦੀ ਹੈ। ਕਰਾਮਾਤ, ਕਾਦਰ ਦੀ ਕੁਦਰਤ (ਗ਼ੈਬੀ ਤਾਕਤ) ਦਾ ਹੀ ਕਮਾਲ ਹੈ; ਹੋਰ ਕਿਸੇ ਦੇ ਵੀ ਵੱਸ ਦੀ ਖੇਡ ਨਹੀਂ। ਅਰਬੀ ਭਾਸ਼ਾ ਵਿਚ ਕਰਾਮਾਤ ਬਹੁਵਚਨ ਹੈ–ਕਰਾਮਤਾਂ। ਸੰਸਕ੍ਰਿਤ ਵਿਚ ਚਮਤਕਾਰ, ਅਰਬੀ ਵਿਚ ਕਰਾਮਤ ਜਾਂ ਮੋਅਜਿਜ਼ਾ ਤੇ ਅੰਗਰੇਜ਼ੀ ਵਿਚ ਮਿਰੇਕਲ ਦਾ ਸਾਂਝਾ ਅਰਥ ਅਚੰਭਾ ਜਾਂ ਕੌਤਕ ਹੈ। ਕਿਸੇ ਅਦਿੱਖ ਸ਼ਕਤੀ ਦਾ ਵਰਤਾਇਆ ਕੌਤਕ, ਜਿਹਦਾ ਕੋਈ ਪ੍ਰਾਕ੍ਰਿਤਕ ਜਾਂ ਵਿਗਿਆਨਕ ਤਰਕ ਨਹੀਂ।
‘ਗੁਰੁਸ਼ਬਦ ਰਤਨਾਕਰ ਮਹਾਨਕੋਸ਼’ ਵਿਚ ਕਰਾਮਾਤ ਦੀ ਵਿਆਖਿਆ ਇੰਝ ਵੀ ਕੀਤੀ ਗਈ ਹੈ: ਸਿੱਧੀ, ਅਚਰਜ ਪ੍ਰਕਾਸ਼, ਕਾਵਯ ਦਾ ਉਹ ਗੁਣ ਜੋ ਸ੍ਰੋਤੇ ਤੇ ਵਕਤੇ ਦਾ ਚਿਤ ਰੋਸ਼ਨ ਕਰੇ।
ਕਰਾਮਾਤ ਦੇ ਤੁੱਲ ਕਈ ਸ਼ਬਦ ਮਿਲ ਜਾਂਦੇ ਹਨ ਜਿਵੇਂ ਸਿੱਧੀ, ਅਲੌਕਿਕ ਘਟਨਾ, ਚੋਜ, ਚਮਤਕਾਰ, ਕ੍ਰਿਸ਼ਮਾ, ਕਮਾਲ, ਮੁਅਜੱਜ਼ਾ ਆਦਿ। ਭਾਰਤੀ ਸੰਸਕ੍ਰਿਤੀ ਵਿਚ ਸਿੱਧੀ ਅਤੇ ਚਮਤਕਾਰ ਸ਼ਬਦ ਵਧੇਰੇ ਪ੍ਰਚੱਲਿਤ ਹਨ। ਪ੍ਰਾਚੀਨ ਗ੍ਰੰਥਾਂ ਅਨੁਸਾਰ ਸਿੱਧੀਆਂ ਅਠਾਰਾਂ ਹਨ। ਕਿਹਾ ਜਾਂਦਾ ਹੈ ਕਿ ਇਹ ਸਿੱਧੀਆਂ ਕਈ ਪ੍ਰਕਾਰ ਦੀ ਕਰੜੀ ਸਾਧਨਾ ਸਦਕਾ ਪ੍ਰਾਪਤ ਹੁੰਦੀਆਂ ਹਨ। ਸਿੱਧੀਆਂ ਦੇ ਸੁਆਮੀ ਨੂੰ ਸਿੱਧ ਕਹਿੰਦੇ ਹਨ। ਸਿੱਧਾਂ ਦੀਆਂ ਸਿੱਧੀਆਂ ਨੂੰ ਹੀ ਕਰਾਮਾਤ ਦਾ ਨਾਂ ਦਿੱਤਾ ਜਾਂਦਾ ਹੈ।
ਸਾਰੇ ਧਰਮਾਂ ਦੇ ਮਹਾਂਪੁਰਖਾਂ ਦੇ ਜੀਵਨ ਨਾਲ ਹੀ ਅਜਿਹੀਆਂ ਚਮਤਕਾਰੀ ਮਿਥਿਹਾਸਕ ਕਹਾਣੀਆਂ ਜੁੜੀਆਂ ਮਿਲਦੀਆਂ ਹਨ। ਇਨ੍ਹਾਂ ਦਾ ਮਕਸਦ ‘ਆਪਣੇ ਮਹਾਂਪੁਰਖ਼ਾਂ’ ਨੂੰ ਵਡਿਆਉਣਾ ਹੈ। ਜੇ ‘ਹੋਰਨਾਂ ਦਾ’ ਮਹਾਂਪੁਰਖ਼ ਇਹ ਚਮਤਕਾਰ ਕਰ ਸਕਦਾ ਹੈ ਤਾਂ ‘ਸਾਡਾ’ ਕਿਉਂ ਨਹੀਂ ਕਰ ਸਕਦਾ! ਮੈਂ ਇੱਕ ਵਾਰ ਕਿਸੇ ਢਾਡੀ ਨੂੰ ਪੰਜਾਂ ਪਿਆਰਿਆਂ ਦੇ ਸੀਸ-ਭੇਟ ਕਰਨ ਦੀ ਸਾਖੀ ਵਿਚ ਗੁਰੂ ਸਾਹਿਬ ਵੱਲੋਂ ਪਹਿਲਾਂ ਸਿਰ ਕੱਟ ਕੇ ਮੁੜ ਜੋੜ ਦੇਣ ਨੂੰ ਠੀਕ ਸਾਬਤ ਕਰਨ ਲਈ ਉਦਾਹਰਣ ਦਿੰਦਿਆਂ ਸੁਣਿਆਂ, “ਜੇ ਭਗਵਾਨ ਸ਼ਿਵ ਆਪਣੇ ਪੁੱਤਰ ਗਣੇਸ਼ ਦਾ ਸਿਰ ਕੱਟ ਕੇ ਉਸ ਦੇ ਧੜ ’ਤੇ ਹਾਥੀ ਦਾ ਸਿਰ ਮੁੜ ਤੋਂ ਜੋੜ ਸਕਦਾ ਹੈ ਤਾਂ ਸਾਡਾ ਗੁਰੂ ਸਿੱਖਾਂ ਦੇ ਕੱਟੇ ਹੋਏ ਸੀਸ ਧੜਾਂ ’ਤੇ ਮੁੜ ਤੋਂ ਕਿਉਂ ਨਹੀਂ ਜੋੜ ਸਕਦਾ?”
ਹਜ਼ਰਤ ਈਸਾ, ਹਜ਼ਰਤ ਮੁਹੰਮਦ, ਜੋਗੀ/ਸਿੱਧ/ਨਾਥ, ਤੇ ਫ਼ਿਰ ਭਗਤੀ ਕਾਲ ਦੇ ਮਹਾਂਪੁਰਖਾਂ, ਵਿਸ਼ੇਸ਼ ਕਰਕੇ ਗੁਰੂ ਨਾਨਕ ਦੇਵ ਜੀ ਨਾਲ ਇਹ ਕਰਾਮਾਤਾਂ ਜੋੜੀਆਂ ਮਿਲਦੀਆਂ ਹਨ। ਇਨ੍ਹਾਂ ਕਰਾਮਾਤਾਂ ਦੀ ਸ਼ੁਰੂਆਤ ਮਿਥਿਹਾਸਕ ਦੇਵੀ-ਦੇਵਤਿਆਂ ਦੀਆਂ ਮਿਥਿਹਾਸਕ ਕਹਾਣੀਆਂ ਤੋਂ ਹੁੰਦੀ ਹੈ। ਇਸਦੀ ਇੱਕ ਉਦਾਹਰਣ ਵਿਸ਼ਨੂੰ ਦਾ ਸ਼ੇਸ਼ ਨਾਗ ਹੈ ਜੋ ਆਪਣੇ ਵੱਡੇ ਫ਼ੰਨ ਨਾਲ ਉਸ ਦੇ ਸਿਰ ਉਤੇ ਛਾਂ ਕਰਿਆ ਕਰਦਾ ਸੀ। ਸੱਪ ਵੱਲੋਂ ਮਹਾਂਪੁਰਖ਼ ਦੇ ਸਿਰ ’ਤੇ ਛਾਂ ਕਰਨ ਦੀ ਕਰਮਾਤ ਨੂੰ ਮਹਾਤਮਾ ਬੁੱਧ, ਹਜ਼ਰਤ ਮੁਹੰਮਦ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਵੀ ਜੋੜਿਆ ਜਾਂਦਾ ਹੈ।
ਜਨਮ ਸਾਖੀਆਂ ਤੇ ਸਿੱਖ-ਇਤਿਹਾਸ ਨਾਲ ਜੁੜੇ ‘ਸੂਰਜ ਪ੍ਰਕਾਸ਼’ ਵਰਗੇ ਗ੍ਰੰਥਾਂ ਵਿਚ ਅਜਿਹੀਆਂ ਬਹੁਤ ਸਾਰੀਆਂ ਕਰਾਮਾਤਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਵੀ ਜੋੜ ਦਿੱਤੀਆਂ ਗਈਆਂ। ਸੱਪ ਗੁਰੂ ਜੀ ਦੇ ਸਿਰ ’ਤੇ ਛਾਂ ਕਰਦਾ ਹੈ, ਗੁਰੂ ਜੀ ਦੀ ਨਜ਼ਰ ਨਾਲ ਕੌਡੇ ਰਾਖ਼ਸ਼ ਦਾ ਤੇਲ ਨਾਲ ਤਪਦਾ ਕੜਾਹਿਆ ਠੰਢਾ ਹੋ ਜਾਂਦਾ ਹੈ, ਕੌੜੇ ਰੀਠੇ ਮਿੱਠੇ ਹੋ ਜਾਂਦੇ ਨੇ, ਮਲਿਕ ਭਾਗੋ ਦੀਆਂ ਪੂਰੀਆਂ ਵਿਚੋਂ ਦੁੱਧ ਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿਚੋਂ ਦੁੱਧ ਚੋਣ ਲੱਗਦਾ ਹੈ, ਵਲ਼ੀ ਕੰਧਾਰੀ ਦਾ ਰੇੜ੍ਹਿਆ ਪਹਾੜ ਪੰਜੇ ਨਾਲ ਰੋਕਦਿਆਂ ਪਹਾੜ ਵਿਚ ਪੰਜਾ ਛਪ ਜਾਂਦਾ ਹੈ, ਜੇਲ੍ਹ ਵਿਚ ਬਾਬੇ ਨਾਨਕ ਦੀ ਚੱਕੀ ਆਪੇ ਚੱਲੀ ਜਾਂਦੀ ਹੈ। ਤੇ ਇੰਝ ਹੀ ਹੋਰ ਕਿੰਨਾ ਕੁੱਝ।
ਪਰ ਗੁਰਬਾਣੀ ਮੁਤਾਬਕ ਕਰਾਮਾਤ ਕੀ ਹੈ?
ਗੁਰੂ ਨਾਨਕ ਸਾਹਿਬ ਆਪ ਫੁਰਮਾਉਂਦੇ ਹਨ.
“ਸਿਧਿ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥” ਸਿਰੀਰਾਗੁ ਮ: ੧
ਭਾਵ: ਗੁਰੂ ਨਾਨਕ ਦੇਵ ਜੀ ਪ੍ਰਭੂ ਦੇ ਚਰਨਾਂ ਵਿਚ ਬੇਨਤੀ ਕਰਦੇ ਹਨ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਕਰਾਮਾਤੀ ਬਣਾਂ ਤੇ ਕਰਾਮਾਤੀ ਸ਼ਕਤੀਆਂ ਦੇ ਬਲ ਰਿੱਧੀਆਂ ਨੂੰ ਵੱਸ ਵਿਚ ਕਰਕੇ ਇਨ੍ਹਾਂ ਤੋਂ ਮਿਲੇ ਪਦਾਰਥਕ ਸੁੱਖਾਂ ਤੇ ਸੁਆਦਾਂ ਵਿਚ ਗ਼ਲਤਾਨ ਹੋ ਜਾਵਾਂ। (ਅਣਿਮਾ ਸਿੱਧੀ ਸਦਕਾ) ਮੈਂ ਕਦੇ ਲੁਪਤ ਹੋਵਾਂ ਅਤੇ ਕਦੇ ਪਰਤੱਖ। (ਮੇਰੇ ਇਸ ਕੌਤਕ ਨੂੰ ਦੇਖ ਕੇ) ਲੋਕ ਮੈਥੋਂ ਭੈ-ਭੀਤ ਹੋਣ ਤੇ ਮੇਰਾ ਸਤਿਕਾਰ ਕਰਨ। ਮੈਨੂੰ ਡਰ ਹੈ ਕਿ (ਕਰਾਮਾਤੀ ਸ਼ਕਤੀਆਂ ਦੁਆਰਾ ਮਿਲੇ ਮਾਇਕ ਸੁੱਖ ਅਤੇ ਹਉਮੈ ਕਾਰਣ) ਮੈਂ ਕਿਤੇ ਤੇਰਾ ਨਾਮ ਨਾ ਵਿਸਾਰ ਦਿਆਂ! ਅਤੇ ਤੇਰੇ ਨਾਮ-ਸਿਮਰਨ ਤੋਂ ਵਾਂਝਿਆਂ ਰਹਿ ਜਾਵਾਂ!
ਤੀਜੇ ਗੁਰੂ ਨਾਨਕ ਕਰਾਮਾਤ ਬਾਰੇ ਕੁੱਝ ਇੰਝ ਫੁਰਮਾਉਂਦੇ ਹਨ:
“ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧਿ ਧਿਗੁ ਕਰਮਾਤਿ॥
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥” ਸਲੋਕ ਮ: ੩
ਭਾਵ: ਨਾਮ-ਸਿਮਰਨ ਵਿਸਾਰ ਕੇ ਖਾਣ-ਹੰਡਾਣ ਦੀਆਂ ਸੰਸਾਰਕ ਖ਼ੁਸ਼ੀਆਂ ਨਿਰਾਰਥਕ ਹਨ; ਧਿੱਕਾਰ/ਫਿਟਕਾਰ ਹੈ ਸਿੱਧੀਆਂ ਤੇ ਕਰਾਮਾਤਾਂ ਨੂੰ (ਜਿਨ੍ਹਾਂ ਤੋਂ ਵਿਕਾਰੀ ਖ਼ੁਸ਼ੀਆਂ ਮਿਲਦੀਆਂ ਹਨ)। ਉਹੀ ਸੱਚੀ ਸਿੱਧੀ ਹੈ, ਉਹੀ ਕਮਾਲ ਕਰਾਮਾਤ ਹੈ ਜਿਹੜੀ ਬੇਪ੍ਰਵਾਹ ਕਾਦਿਰ ਵੱਲੋਂ ਕੁਦਰਤਨ ਬਖ਼ਸ਼ੀ ਜਾਂਦੀ ਹੈ। ਹੇ ਨਾਨਕ! ਗੁਰੂ ਦੀ ਸਿਖਿਆ ਸਦਕਾ ਹਰਿ-ਨਾਮ-ਸਿਮਰਨ ਮਨ ਵਿਚ ਵੱਸ ਜਾਂਦਾ ਹੈ; ਇਹੋ ਸੱਚੀ ਸਿੱਧੀ ਅਤੇ ਇਹੋ ਕਰਾਮਾਤ ਹੈ।
ਇਹ ਦੋ ਉਦਾਹਰਣਾਂ ਚੱਲਦੇ-ਚੱਲਦੇ ਆਪਣੀ ਗੱਲ ਨੂੰ ਪੁੱਸ਼ਟ ਕਰਨ ਲਈ ਦਿੱਤੀਆਂ ਹਨ, ਉਂਝ ਗੁਰਬਾਣੀ ਵਿਚ ਦਰਜਨਾਂ ਅਜਿਹੀਆਂ ਉਦਾਹਰਣਾਂ ਹਨ, ਜਿਹੜੀਆਂ ਕਰਾਮਾਤਾਂ ਦਾ ਖੰਡਨ ਕਰਦੀਆਂ ਹਨ। ਸੋਚਣ ਵਾਲੀ ਗੱਲ ਹੈ ਜਿਹੜਾ ਗੁਰੂ ਆਪ ਕਰਾਮਾਤਾਂ ਦੇ ਵਿਰੁੱਧ ਹੋਵੇ, ਉਨ੍ਹਾਂ ਨੂੰ ਫਿਟਕਾਰਦਾ ਹੋਵੇ, ਉਹ ਕਰਾਮਾਤਾਂ ਕਿਉਂ ਕਰੇਗਾ? ਮਨ, ਵਚਨ ਤੇ ਕਰਮ ਦਾ ਸੁਮੇਲ ਹੀ ਮਹਾਂਪੁਰਖ਼ਾਂ ਦਾ ਗੁਣ ਤੇ ਪਛਾਣ ਹੁੰਦਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਸਾਹਿਬ ਕਹਿਣ ਤਾਂ ਕੁੱਝ ਹੋਰ ਪਰ ਕਰਨ ਕੁੱਝ ਹੋਰ?
ਗੁਰੂ ਸਾਹਿਬ ਨਾਲ ਜੁੜੀਆਂ ਕਰਾਮਾਤਾਂ ਦੇ ਸੰਬੰਧ ਵਿਚ ਇੱਕ ਹੋਰ ਵੇਖਣ ਵਾਲੀ ਗੱਲ ਇਹ ਹੈ ਕਿ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਤਾਂ ਗੁਰੂ ਪਾਤਸ਼ਾਹ ਦੇ ਸਮਕਾਲੀ ਸਨ, ਉਨ੍ਹਾਂ ਨੇ ਗੁਰੂ ਜੀ ਵੱਲੋਂ ਵਰਤਾਈ ਕਿਸੇ ਕਰਾਮਾਤ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ। ਇੰਝ ਹੀ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਤੇ ਭਾਈ ਗੁਰਦਾਸ ਦੀ ਬਾਣੀ ਵਿਚ ਗੁਰੂ ਸਾਹਿਬ ਦੇ ਹਵਾਲੇ ਨਾਲ ਕਿਸੇ ਵੀ ਕਰਮਾਤ ਦਾ ਜ਼ਿਕਰ ਕੀਤਾ ਨਹੀਂ ਮਿਲਦਾ, ਜਦ ਕਿ, ਉਨ੍ਹਾਂ ਸਭਨਾਂ ਮਹਾਂਪੁਰਖਾਂ ਨੇ ਆਪਣੀ ਬਾਣੀ ਵਿਚ ਹਜ਼ਾਰਾਂ ਸਾਲ ਪੁਰਾਣੀਆਂ ਮਿੱਥ ਕਥਾਵਾਂ ਵਿਚ ਵਰਤੀਆਂ ਕਰਾਮਾਤਾਂ ਦਾ ਹਵਾਲਾ ਦਿੱਤਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਨੂੰ ਏਨਾ ਨੇੜੇ ਤੋਂ ਜਾਣਦੇ ਸਨ, ਉਨ੍ਹਾਂ ਨੂੰ ਗੁਰੂ ਸਾਹਿਬ ਵੱਲੋਂ ਕੀਤੀਆਂ ਕਰਾਮਾਤਾਂ ਦਾ ਗਿਆਨ ਨਾ ਹੋਵੇ? ਸੱਚੀ ਗੱਲ ਤਾਂ ਇਹ ਹੈ ਕਿ “ਰਿਧਿ ਸਿਧਿ ਅਵਰਾ ਸਾਦਿ॥” ਦਾ ਸੰਦੇਸ਼ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦਾ ਸੰਬੰਧ ਕਰਾਮਾਤਾਂ ਨਾਲ ਹੋ ਹੀ ਨਹੀਂ ਸਕਦਾ। ਅਸਲ ਵਿਚ ਕਰਾਮਾਤਾਂ ਕਿਸੇ ਮਹਾਂਪੁਰਖ਼ ਦੇ ਜੀਵਨ-ਕਾਲ ਤੋਂ ਬਾਅਦ ਹੀ ਉਸ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਰਹੀਆਂ ਨੇ। ਗੁਰੂ ਨਾਨਕ ਸਾਹਿਬ ਨਾਲ ਜੁੜੀਆਂ ਕਰਾਮਾਤਾਂ ਵੀ ਉਨ੍ਹਾਂ ਦੇ ਜੀਵਨ-ਕਾਲ ਤੋਂ ਬਹੁਤ ਸਾਲ ਬਾਅਦ, ਖ਼ਾਸ ਮਕਸਦ ਨੂੰ ਮੁੱਖ ਰੱਖ ਕੇ, ਸਿੱਖ-ਗ੍ਰੰਥਾਂ ਵਿਚ ਸ਼ਾਮਲ ਕੀਤੀਆਂ ਗਈਆਂ ਹਨ।
ਚਾਹੀਦਾ ਤਾਂ ਇਹ ਸੀ ਕਿ ਬਾਅਦ ਵਿਚ ਗੁਰ-ਇਤਿਹਾਸ ਲਿਖਣ ਵਾਲੇ ਲਿਖਾਰੀ ਇਸ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖ਼ ਕੇ ਲਿਖਦੇ। ਗੁਰਮਤਿ ਅਤੇ ਇਤਿਹਾਸਕ ਬਿਰਤਾਂਤ ਵਿਚ ਵਿਚਾਰਾਂ ਦਾ ਦੋ-ਫਾੜ ਨਾ ਹੁੰਦਾ। ਇੰਝ ਇਤਿਹਾਸ ਵਿਚ ਵੀ ਗੁਰੂਆਂ ਦਾ ਬਿਰਤਾਂਤ ਜਿਊਂਦਾ ਤੇ ਉੱਜਲ ਰਹਿੰਦਾ। ਪਰ ਇਨ੍ਹਾਂ ਤਥਾ-ਕਥਿਤ ਇਤਿਹਾਸਕਾਰਾਂ ਜਾਂ ਸਾਖੀਕਾਰਾਂ ਨੇ ਆਪਣੀ ਮਰਜ਼ੀ ਨਾਲ ਗੁਰਮਤਿ ਤੋਂ ਦੂਰ ਜਾ ਕੇ ਅਜਿਹਾ ਬਿਰਤਾਂਤ ਸਿਰਜਿਆ, ਜਿਸ ਦਾ ਗੁਰੂ ਸਾਹਿਬ ਵੱਲੋਂ ਪਰਚਾਰੀ ਸਿੱਖਿਆ ਨਾਲ ਦੂਰ ਦਾ ਵੀ ਵਾਸਤਾ ਨਹੀਂ। ਵਾਸਤਾ ਤਾਂ ਕੀ ਹੋਣਾ ਹੈ, ਸਗੋਂ, ਇਹ ਬਿਰਤਾਂਤ ਤਾਂ ਗੁਰ-ਸਿੱਖਿਆ ਦੇ ਮੂਲੋਂ ਹੀ ਪ੍ਰਤੀਕੂਲ ਹੈ ਅਤੇ ਉਸ ਸਿੱਖਿਆ ਨੂੰ ਦੂਸ਼ਿਤ ਕਰਨ ਵਾਲਾ ਹੈ।
ਅੱਜ ਇਨ੍ਹਾਂ ਕਰਾਮਾਤੀ ਸਾਖੀਆਂ ਦੀ ਮੰਨਣ-ਯੋਗ ਨਵੀਂ ਵਿਆਖਿਆ ਕਰਨ ਦੀ ਜ਼ਰੂਰਤ ਹੈ। ‘ਨਵੀਂ ਵਿਆਖਿਆ’ ਦੇ ਹਵਾਲੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ:
ਇੱਕ ਵਾਰ ਪੰਜਾਬੀ ਦੇ ਨਾਮਵਰ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਹੁਰਾਂ ਨਾਲ ਅਜਿਹੀਆਂ ਮਨ-ਘੜਤ ਸਾਖੀਆਂ ਬਾਰੇ ਗੱਲ ਚੱਲ ਰਹੀ ਸੀ ਤਾਂ ਉਨ੍ਹਾਂ ਨੇ ਬੜੀ ਖ਼ੂਬਸੂਰਤ ਦਲੀਲ ਦਿੱਤੀ। ਅਸੀਂ ਸਾਰੇ ਇੱਕ ਸਾਖੀ ਬਾਰੇ ਭਲੀ-ਭਾਂਤ ਜਾਣਦੇ ਹਾਂ। ਜਦ ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਉੱਤੇ ਬਾਬਰ ਦੇ ਹਮਲੇ ਨੂੰ ਲੈ ਕੇ ਬਾਬਰਵਾਣੀ ਲਿਖੀ ਤੇ ਉਚਾਰੀ ਸੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਬਾਕੀ ਕੈਦੀਆਂ ਨਾਲ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ। ਜੇਲ੍ਹ ਵਿਚ ਸਜ਼ਾ ਵਜੋਂ ਕੈਦੀਆਂ ਨੂੰ ਚੱਕੀਆਂ ਉੱਤੇ ਨਿਸਚਿਤ ਮਾਤਰਾ ਵਿਚ ਆਟਾ ਪੀਹਣਾ ਪੈਂਦਾ ਸੀ। ਸਾਖੀਕਾਰ ਆਖਦਾ ਹੈ ਕਿ ਜਦ ਜੇਲ੍ਹ ਵਿਚ ਬਾਕੀ ਕੈਦੀ ਆਪਣੀ ਚੱਕੀ ’ਤੇ ਆਟਾ ਪੀਹ ਰਹੇ ਹੁੰਦੇ ਸਨ ਤਾਂ ਉਸ ਵਕਤ ਗੁਰੂ ਸਾਹਿਬ ਦੀ ਚੱਕੀ, ਬਿਨਾਂ ਉਹਦੀ ਹੱਥੀ ਨੂੰ ਛੂਹਿਆਂ, ਆਪਣੇ ਆਪ ਚੱਲੀ ਜਾਂਦੀ ਤੇ ਆਟਾ ਪੀਸੀ ਜਾਂਦੀ ਸੀ। ਸਾਡੇ ਸਾਖੀਕਾਰ ਬੜਾ ਹੁੱਬ ਕੇ ਪ੍ਰਚਾਰਦੇ ਹਨ ਕਿ ਗੁਰੂ ਦੀਆਂ ਚੱਕੀਆਂ ਆਪੇ ਚੱਲਦੀਆਂ ਸਨ। ਪ੍ਰਿੰਸੀਪਲ ਸੁਜਾਨ ਸਿੰਘ ਨੇ ਕਿਹਾ ਕਿ ਇਸ ਸਾਖੀ ਦੀ ਇਹ ਮੰਨਣ-ਯੋਗ ਵਿਆਖਿਆ ਵੀ ਤਾਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀ ਵਿਆਖਿਆ ਕੁੱਝ ਇਸ ਪ੍ਰਕਾਰ ਸੀ:
ਗੁਰੂ ਨਾਨਕ ਸਾਹਿਬ ਨੇ ਜਿਵੇਂ ਬਾਬਰ ਦੇ ਜ਼ੁਲਮਾਂ ਦਾ ਬਿਆਨ ਕੀਤਾ ਅਤੇ ਗਾਇਆ, ਉਹ ਬਿਰਤਾਂਤ ਸ਼ਹਿਰ ਦੇ ਬੱਚੇ-ਬੱਚੇ ਦੀ ਜ਼ਬਾਨ ’ਤੇ ਆਣ ਪਹੁੰਚਾ ਸੀ। ਲੋਕਾਈ ਬਾਬਰ ਦੇ ਜ਼ੁਲਮਾਂ ਦੀ ਸਤਾਈ ਹੋਈ ਸੀ, ਪਰ ਕਿਸੇ ਵਿਚ ਜੁਰਅਤ ਨਹੀਂ ਸੀ ਕਿ ਇਨ੍ਹਾਂ ਜ਼ੁਲਮਾਂ ਦੇ ਖ਼ਿਲਾਫ਼ ਬੋਲਣਾ ਤਾਂ ਕੀ ਉੱਚੀ ਸਾਹ ਵੀ ਲੈ ਜਾਵੇ। ਉਨ੍ਹਾਂ ਦਾ ਅੰਦਰਲਾ ਤਾਂ ਰੰਜ, ਰੋਹ ਅਤੇ ਵਿਦਰੋਹ ਵਿਚ ਉੱਬਲ ਰਿਹਾ ਸੀ, ਪਰ ਉਨ੍ਹਾਂ ਦੇ ਬੁੱਲ੍ਹ ਸੀਤੇ ਹੋਏ ਸਨ। ਜਦ ਗੁਰੂ ਸਾਹਿਬ ਨੇ ਉੱਚੀ ਆਵਾਜ਼ ਵਿਚ ਬਾਬਰਵਾਣੀ ਦਾ ਗਾਇਨ ਕਰ ਕੇ ਬਾਬਰ ਦੇ ਜ਼ੁਲਮਾਂ ਦਾ, ਬੇਖ਼ੌਫ਼ ਹੋ ਕੇ, ਪਾਜ ਉਘਾੜਿਆ ਤਾਂ ਲੋਕਾਂ ਨੂੰ ਲੱਗਾ ਕਿ ਗੁਰੂ ਦੇ ਸ਼ਬਦਾਂ ਵਿਚ ਇਹ ਤਾਂ ਉਨ੍ਹਾਂ ਦੇ ਆਪਣੇ ਦਿਲ ਦੀ ਉਹ ਅੱਗ ਹੀ ਬਾਹਰ ਨਿਕਲੀ ਹੈ, ਜੋ ਉਹ ਦਿਲਾਂ ਵਿਚ ਦੱਬ ਕੇ ਬੈਠੇ ਹੋਏ ਸਨ ਤੇ ਅੰਦਰੇ-ਅੰਦਰ ਮੱਚੀ ਜਾਦੇ ਸਨ। ਜਿਉਂ-ਜਿਉਂ ਉਹ ਬਾਬੇ ਦੇ ਬੋਲ ਸੁਣਦੇ ਜਾਂਦੇ, ਉਨ੍ਹਾਂ ਅੰਦਰ ਮੱਚਦੀ ਅੱਗ ਉੱਤੇ ਪਾਣੀ ਦੇ ਛਿੱਟੇ ਵੱਜਦੇ ਜਾਂਦੇ। ਉਨ੍ਹਾਂ ਦੇ ਮਨਾਂ ਵਿਚ ਬਾਬਰ ਦੇ ਵਿਰੁੱਧ ਰੋਹ ਹੋਰ ਵੀ ਭੜਕਣ ਲੱਗਾ, ਉਨ੍ਹਾਂ ਵਿਚ ਜ਼ੁਲਮ ਵਿਰੁੱਧ ਚੇਤਨਾ ਵੀ ਜਾਗੀ, ਪਰ, ਨਾਲ ਦੇ ਨਾਲ ਉਨ੍ਹਾਂ ਦੇ ਮਨ ਨੂੰ ਠੰਢ ਵੀ ਪੈਂਦੀ ਜਾਂਦੀ। ਰੂਹ ਸ਼ਾਂਤ ਹੁੰਦੀ ਜਾਂਦੀ। ਕੋਈ ਤਾਂ ਹੈ ਸੀ ਅਜਿਹਾ ਮਰਦ ਅਗੰਮੜਾ, ਜੋ, ਉਨ੍ਹਾਂ ਦੇ ਦਿਲ ਦੀ ਦਾਸਤਾਨ ਜਾਣਦਾ ਸੀ ਤੇ ਜਾਬਰ ਨੂੰ ਸਿੱਧਾ ਮੁਖ਼ਾਤਬ ਹੋਣ ਦੀ ਹਿੰਮਤ ਰੱਖਦਾ ਸੀ। ਗੁਰੂ ਸਾਹਿਬ ਬੇਜ਼ੁਬਾਨਿਆਂ ਦੀ ਜ਼ਬਾਨ ਬਣ ਕੇ ਬਹੁੜੇ ਸਨ। ਉਨ੍ਹਾਂ ਨੂੰ ਲੱਗਣ ਲੱਗਾ, “ਇਹੋ ਹੀ ਤਾਂ ਹੈ ਬਾਬਾ, ਵੈਦ ਰੋਗੀਆਂ ਦਾ!” ਸਾਡੇ ਦੁੱਖਾਂ ਦਾ ਦਰਦੀ। ਸਾਡੀ ਦੇਹ-ਜਾਨ। ਜਦ ਗੁਰੂ ਸਾਹਿਬ ਨੂੰ ਵੀ ਉਨ੍ਹਾਂ ਨਾਲ ਫੜ ਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ ਤਾਂ ਉਹ ਗੁਰੂ ਸਾਹਿਬ ਨੂੰ ਆਪਣੇ ਨਜ਼ਦੀਕ ਵੇਖ ਕੇ ਧੰਨ ਹੋ ਗਏ। ਉਨ੍ਹਾਂ ਨੂੰ ਹੌਂਸਲਾ ਹੋਇਆ ਕਿ ਉਨ੍ਹਾਂ ਦੇ ਦਿਲਾਂ ਦੀਆਂ ਜਾਨਣ ਵਾਲਾ, ਉਨ੍ਹਾਂ ਲਈ ਬੋਲਣ ਅਤੇ ਲੜਨ ਵਾਲਾ ਉਨ੍ਹਾਂ ਨਾਲ ਕੈਦ ਹੋ ਕੇ ਉਨ੍ਹਾਂ ਵਾਂਗ ਹੀ ਚੱਕੀਆਂ ਚਲਾਉਣ ਦੀ ਸਜ਼ਾ ਭੁਗਤ ਰਿਹਾ ਹੈ ਤਾਂ ਗੁਰੂ ਸਾਹਿਬ ਨੂੰ ਚੱਕੀ ਚਲਾਉਂਦਿਆਂ ਵੇਖ ਕੇ ਉਹ ਹੱਥ ਬੰਨ੍ਹ ਕੇ ਉਨ੍ਹਾਂ ਅੱਗੇ ਖਲੋ ਗਏ ਹੋਣਗੇ, “ਸੱਚੇ ਪਾਤਸ਼ਾਹ! ਜਦ ਅਸੀਂ, ਤੁਹਾਡੇ ਸੇਵਕ, ਤੁਹਾਡੀ ਚੱਕੀ ਪੀਹਣ ਲਈ ਤਿਆਰ ਹਾਂ, ਤਾਂ ਤੁਸੀਂ ਚੱਕੀ ਕਿਉਂ ਪੀਸੋਗੇ? ਤੁਸੀਂ ਆਸਣ ’ਤੇ ਬੈਠੋ ਤੇ ਸਾਨੂੰ ਆਪਣੀ ਬਾਣੀ ਨਾਲ ਨਵਾਜ਼ੋ। ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰੋ। ਅਸੀਂ ਤੁਹਾਨੂੰ ਚੱਕੀ ਤਾਂ ਕਤੱਈ ਨਹੀਂ ਚਲਾਉਣ ਦੇਣੀ।” ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪਿਆਰ ਨਾਲ ਵਰਜਿਆ ਵੀ ਹੋਵੇਗਾ। ਚੱਕੀ ਆਪੇ ਹੀ ਪੀਹਣ ਲਈ ਕਿਹਾ ਵੀ ਹੋਵੇਗਾ। ਪਰ ਉਹ ਕਦ ਮੰਨਣ ਵਾਲੇ ਸਨ! ਉਨ੍ਹਾਂ ਦਾ ਗੁਰੂ, ਉਨ੍ਹਾਂ ਦਾ ਰਹਿਬਰ, ਉਨ੍ਹਾਂ ਦੇ ਹਾਜ਼ਰ ਹੁੰਦੇ-ਸੁੰਦੇ ਆਪ ਚੱਕੀ ਪੀਸੇ? ਹਰਗਿਜ਼ ਨਹੀਂ। ਤੇ ਇੰਝ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਪ੍ਰੇਮ ਅੱਗੇ ਝੁਕਣਾ ਪਿਆ ਹੋਵੇਗਾ। ਉਹ ਉਨ੍ਹਾਂ ਨੂੰ ਸ਼ਬਦ ਸੁਣਾਉਂਦੇ ਹੋਣਗੇ, ਬਾਣੀ ਗਾਉਂਦੇ ਹੋਣਗੇ ਤੇ ਉਨ੍ਹਾਂ ਦੀ ਚੱਕੀ ਉਨ੍ਹਾਂ ਦਾ ਕੋਈ ਹੋਰ ਸੰਗੀ-ਸਾਥੀ ਕੈਦੀ ਚਲਾ ਰਿਹਾ ਹੋਵੇਗਾ। ਇੰਝ ਗੁਰੂ ਸਾਹਿਬ ਦੀ ਚੱਕੀ ‘ਆਪਣੇ ਆਪ’ ਚੱਲਦੀ ਜਾਂਦੀ ਸੀ।
ਸੋ ਕਰਾਮਾਤੀ ਸਾਖੀਆਂ ਦੀ ਅਜਿਹੀ ਹੀ ਤਰਕ-ਸੰਗਤ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ। ਗੁਰੂ ਸਾਹਿਬ ਦੇ ਆਪਣੇ ਜੀਵਨ ਵਿਚੋਂ ਦੋ ਬੜੀਆਂ ਮਹੱਤਵਪੂਰਨ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਨੇ। ਜਦੋਂ ਗੁਰੂ ਜੀ ਹਰਿਦਵਾਰ ਗਏ ਤਾਂ ਵੇਖਿਆ ਕਿ ਲੋਕ ਗੰਗਾ ਵਿਚ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਨੂੰ ਪਾਣੀ ਦੇ ਰਹੇ ਹਨ। ਸਤਿਗੁਰੂ ਜੀ ਵੀ ਗੰਗਾ ਵਿਚ ਖਲੋ ਗਏ ਅਤੇ ਚੜ੍ਹਦੇ ਦੀ ਥਾਂ ਲਹਿੰਦੇ ਵਲ ਪਾਣੀ ਝਲੱਟਣ ਲੱਗ ਪਏ। ਇਹ ਵੇਖ ਕੇ ਲੋਕੀਂ ਇਕੱਠੇ ਹੋ ਗਏ ਅਤੇ ਪੁੱਛਣ ਲੱਗੇ, “ਤੁਸੀਂ ਇਹ ਕੀ ਉਲਟੀ ਰੀਤ ਕਰ ਰਹੇ ਹੋ?” ਗੁਰੂ ਸਾਹਿਬ ਜੀ ਨੇ ਉੱਤਰ ਦੇਣ ਦੀ ਥਾਂ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਦੱਸਣ ਦੀ ਖ਼ੇਚਲ ਕਰੋ ਕਿ ਤੁਸੀਂ ਕੀ ਕਰ ਰਹੇ ਹੋ?” ਲੋਕਾਂ ਜਵਾਬ ਦਿੱਤਾ, “ਅਸੀਂ ਸੂਰਜ ਦੇਵਤੇ ਦੇ ਰਾਹੀਂ ਆਪਣੇ ਪਿਤਰਾਂ ਨੂੰ ਜਲ ਪਹੁੰਚਾ ਰਹੇ ਹਾਂ।” ਇਹ ਸੁਣ ਕੇ ਸਤਿਗੁਰੂ ਜੀ ਪਹਿਲਾਂ ਵਾਂਗ ਮੁੜ ਲਹਿੰਦੇ ਵੱਲ ਪਾਣੀ ਝਲੱਟਣ ਲੱਗ ਪਏ ਅਤੇ ਆਖਿਆ, “ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ।” ਅਗਲੇ ਹੱਸ ਕੇ ਕਹਿੰਦੇ ਹਨ, “ਏਨੀ ਦੂਰ ਤੇਰੇ ਖ਼ੇਤਾਂ ਵਿਚ ਪਾਣੀ ਕਿਵੇਂ ਪਹੁੰਚ ਸਕਦਾ ਏ!” ਤਾਂ ਉਹ ਜਵਾਬ ਦਿੰਦੇ ਹਨ, “ਜੇ ਤੁਹਾਡਾ ਪਾਣੀ ਹਜ਼ਾਰਾਂ ਮੀਲ ਦੂਰ ਸੂਰਜ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਕੁੱਝ ਸੈਂਕੜੇ ਮੀਲ ਮੇਰੇ ਖ਼ੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ?” ਇਹ ਤਰਕ-ਸੰਗਤ ਜਵਾਬ ਸੁਣ ਕੇ ਅਗਲੇ ਲਾਜਵਾਬ ਹੋ ਜਾਂਦੇ ਹਨ।
ਉਨ੍ਹਾਂ ਕੋਈ ਕਰਾਮਾਤ ਨਹੀਂ ਕੀਤੀ। ਕੇਵਲ ਦ੍ਰਿਸ਼ਟਾਂਤ ਦੇ ਕੇ ਅਗਲਿਆਂ ਦੇ ਮਨਾਂ ਵਿਚ ਵਿਚਾਰ ਰੌਸ਼ਨ ਕਰ ਦਿੱਤਾ। ਵਹਿਮ-ਭਰਮ ਵੀ ਦੂਰ ਕਰ ਦਿੱਤਾ, ਗੱਲ ਵੀ ਸਮਝਾ ਦਿੱਤੀ।
ਇੰਝ ਹੀ ਮੱਕਾ ਫੇਰਨ ਵਾਲੀ ਸਾਖੀ ਬਾਰੇ ਕਿਹਾ ਜਾ ਸਕਦਾ ਹੈ।
ਸਾਖੀਕਾਰ ਕਹਿੰਦੇ ਨੇ ਕਿ ਜਦ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਕਿ ਉਹ ਮੱਕੇ ਵੱਲ ਲੱਤਾਂ ਪਸਾਰ ਨੇ ਕਿਉਂ ਸੁੱਤੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਜਿਧਰ ਮੱਕਾ ਨਹੀਂ, ਤੁਸੀਂ ਮੇਰੀਆਂ ਲੱਤਾਂ ਉਧਰ ਕਰ ਦਿਉ। ਜਦ ਉਨ੍ਹਾਂ ਦੀਆਂ ਲੱਤਾਂ ਨੂੰ ਦੂਜੀ ਦਿਸ਼ਾ ਵੱਲ ਘੁਮਾਇਆ ਗਿਆ ਤਾਂ ਨਾਲ ਦੇ ਨਾਲ ਮੱਕਾ ਵੀ ਉਸ ਪਾਸੇ ਵੱਲ ਫਿਰਨ ਲੱਗਾ। ਪਰ ਇਹਦੀ ਅਸਲ ਤੇ ਹੱਕੀ ਵਿਆਖਿਆ ਇਹ ਬਣਦੀ ਹੈ ਕਿ ਜਦ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਰੱਬ ਦੇ ਘਰ ਵੱਲ ਲੱਤਾਂ ਕਰ ਕੇ ਕਿਉਂ ਸੁੱਤੇ ਹਨ ਤਾਂ ਉਨ੍ਹਾਂ ਕਿਹਾ ਹੋਵੇਗਾ, “ਭਾਈ! ਜਿਧਰ ਰੱਬ ਦਾ ਘਰ ਨਹੀਂ, ਤੂੰ ਮੇਰੀਆਂ ਲੱਤਾਂ ਉਧਰ ਕਰ ਦੇ।” ਤਾਂ ਅਗਲਾ ਸੋਚੀਂ ਪੈ ਗਿਆ ਹੋਵੇਗਾ। ਉਹਨੂੰ ਖ਼ਿਆਲ ਆਇਆ ਹੋਵੇਗਾ ਕਿ ਕੀ ਰੱਬ ਕੇਵਲ ਇੱਕ ਪਾਸੇ ਹੀ ਹੈ। ਕੀ ਦੂਜਾ ਪਾਸਾ ਰੱਬ ਤੋਂ ਖਾਲੀ ਹੈ? ਨਹੀਂ, ਰੱਬ ਤਾਂ ਹਰ ਪਾਸੇ ਹੈ, ਹਰ ਦਿਸ਼ਾ ਵਿਚ ਹੈ। ਸਰਬ-ਵਿਆਪਕ ਹੈ। ਹੁਣ ਮੈਂ ਇਹਦੀਆਂ ਲੱਤਾਂ ਕਿਧਰ ਮੋੜਾਂ? ਗੱਲ ਉਹਦੇ ਖ਼ਾਨੇ ਵਿਚ ਪੈ ਗਈ ਹੋਵੇਗੀ। ਉਹਦਾ ਅੰਦਰ ਰੌਸ਼ਨ ਹੋ ਗਿਆ ਹੋਵੇਗਾ। ਉਹ ਢਹਿ ਕੇ ਚਰਨੀਂ ਪੈ ਗਿਆ ਹੋਵੇਗਾ। ਮੱਕਾ ਫੇਰਨ ਵਾਲੀ ਕਰਾਮਾਤੀ ਸਾਖੀ ਨਾਲੋਂ ਗੁਰੂ ਸਾਹਿਬ ਦਾ ਇਹ ਤਰਕ-ਸੰਗਤ ਰਵੱਈਆ ਉਨ੍ਹਾਂ ਦੀ ਵਿਚਾਰਧਾਰਾ ਦੇ ਨਜ਼ਦੀਕ ਹੈ।
ਉਂਝ ਏਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਾਡਾ ਭਾਈ ਵੀਰ ਸਿੰਘ ਵਰਗਾ ਵਿਦਵਾਨ ਆਪਣੀ ਲਿਖਤ ‘ਕਾਅਬੇ ਦੇ ਚਰਨਾਂ ਮਗਰ ਫਿਰਨ ਬਾਬਤ’ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਕਾਅਬੇ ਦੇ ਫੇਰਨ ਵਾਲੀ ਕਥਾ ਨੂੰ ਸੱਚ ਨਾ ਮੰਨਣ ਵਾਲੇ ਮੁਸਲਮਾਨਾਂ ਅਤੇ ਸਾਡੇ ਵਰਗੇ ਹੋਰਨਾਂ ਨੂੰ ਇਸਲਾਮੀ ਮਿਥ ਦੇ ਹਵਾਲੇ ਦੇ ਕੇ ‘ਕਾਅਬੇ ਦੇ ਅਨੇਕਾਂ ਵਾਰ ਫਿਰਨ’ ਨੂੰ ‘ਸੱਚ ਸਾਬਤ’ ਕਰਦਾ ਨਜ਼ਰ ਆਉਂਦਾ ਹੈ।
ਇੰਝ ਹੀ ਮੋਦੀਖ਼ਾਨੇ ਵਾਲੀ ‘ਤੇਰਾ! ਤੇਰਾ!’ ਦੀ ਸਾਖੀ ਨੂੰ ਵੇਖਿਆ ਜਾ ਸਕਦਾ ਹੈ। ਸਾਖੀ ਮੁਤਾਬਕ ਗੁਰੂ ਜੀ ਜਦ ਗਾਹਕ ਨੂੰ ਅਨਾਜ ਦੇਣ ਲੱਗਦੇ ਤਾਂ ‘ਬਰਕਤ, ਦੋਆ, ਤੀਆ’ ਕਰਦਿਆਂ-ਕਰਦਿਆਂ ਜਦੋਂ ਗਿਣਤੀ ਤੇਰਵੀਂ ਧਾਰਨ ਤੱਕ ਪਹੁੰਚਦੀ ਤਾਂ ਉਹ ‘ਤੇਰਾ! ਤੇਰਾ!’ ਕਰਦੇ ਅਨਾਜ ਅਗਲੇ ਦੀ ਝੋਲੀ ਵਿਚ ਉਲੱਦੀ ਜਾਂਦੇ। ਅੱਗੋਂ ਗਿਣਤੀ ਹੀ ਨਾ ਕਰਦੇ। ਇਹ ਵੇਖ ਕੇ ਦੁਸ਼ਮਣਾਂ ਨੇ ਨਵਾਬ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਸਾਹਿਬ ਨੇ ਤਾਂ ‘ਤੇਰਾ!ਤੇਰਾ!’ ਕਰ ਕੇ ਸਾਰਾ ਮੋਦੀਖ਼ਾਨਾ ਹੀ ਲੁਟਾ ਛੱਡਿਆ ਏ। ਪਰ ਜਦ ਸ਼ਿਕਾਇਤ ਦੀ ਜਾਂਚ-ਪਰਖ਼ ਕੀਤੀ ਗਈ ਤਾਂ ਪਾਇਆ ਗਿਆ ਕਿ ਮੋਦੀਖ਼ਾਨੇ ਵਿਚੋਂ ਅਨਾਜ ਘਟਣ ਦੀ ਥਾਂ, ਸਗੋਂ, ਬਣਦੀ ਨਾਲੋਂ ਵਧੀਕ ਮਾਤਰਾ ਵਿਚ ਮਿਲਿਆ ਹੈ। ਇਸ ਬਿਰਤਾਂਤ ਨੂੰ ਸਾਖੀਕਾਰਾਂ ਨੇ ਗੁਰੂ ਜੀ ਦੇ ਕਰਾਮਾਤੀ ਆਪੇ ਨਾਲ ਜੋੜ ਧਰਿਆ।
ਹੁਣ ਆਉ! ਇਸ ਘਟਨਾ ਦੀ ਤਰਕ-ਸੰਗਤ ਵਿਆਖਿਆ ਕਰਦੇ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਸਰਕਾਰ ਵੱਲੋਂ ਆਮ ਜਨਤਾ ਨੂੰ ਦਿੱਤੀ ਜਾਣ ਵਾਲੀ ਸਹੂਲਤ ਜਾਂ ਰਾਸ਼ੀ ਉਪਰੋਂ ਹੇਠਾਂ ਨੂੰ ਜਾਂਦਿਆਂ ਦਰਜੇਬੰਦੀ ਦੇ ਹਿਸਾਬ ਨਾਲ ਅਧਿਕਾਰਿਆਂ ਤੇ ਮੁਲਾਜ਼ਮਾਂ ਵਿਚ ‘ਹਿੱਸਾ-ਪੱਤੀ’ ਬਣ ਕੇ ਵੰਡਦਿਆਂ-ਵੰਡਦਿਆਂ ਘਟਦੀ ਜਾਂਦੀ ਹੈ। ਇਸ ਪ੍ਰਸੰਗ ਵਿਚ ਇੱਕ ਲੋਕ ਕਥਾ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਕਿਹਾ ਜਾਦਾ ਹੈ ਕਿ ਕਿਸੇ ਸ਼ਹਿਰ ਵਿਚ ਕਾਲ਼ ਪੈਣ ਕਾਰਨ ਰਾਜੇ ਨੇ ਪ੍ਰਤੀ ਵਿਅਕਤੀ ਸੌ ਰੁਪਏ ਦੀ ਸਹਾਇਤਾ ਰਾਸ਼ੀ ਪਹੁੰਚਾਏ ਜਾਣ ਦਾ ਨਿਰਣਾ ਲਿਆ। ਪਰ ਹੋਇਆ ਇੰਝ ਕਿ ਵੱਡੇ ਵਜ਼ੀਰ ਨੇ ਇਸ ਵਿਚੋਂ ਅੱਧੀ ਰਾਸ਼ੀ ਆਪ ਵੱਢ ਲਈ ਤੇ ਬਾਕੀ ਹੇਠਲੇ ਅਧਿਕਾਰੀ ਵੱਲ ਤੋਰ ਦਿੱਤੀ। ਉਸਨੇ ਅੱਧੀ ਵਿਚੋਂ ਅੱਧੀ ਰਾਸ਼ੀ ਆਪਣੇ ਵਾਸਤੇ ਕੱਟ ਲਈ। ਇੰਝ ਰਾਸ਼ੀ ਕੋਤਵਾਲ, ਤਹਿਸੀਲਦਾਰ, ਪਟਵਾਰੀ ਵਿਚ ਵੰਡੀਦੀ, ਵੰਡੀਦੀ ਜਦ ਹੱਕਦਾਰ ਬੰਦੇ ਕੋਲ ਪਹੁੰਚੀ ਤਾਂ ਉਹ ਸੌ ਰੁਪਏ ਦੀ ਜਗ੍ਹਾ ਸਿਰਫ਼ ਇੱਕ ਅਠਿਆਨੀ ਰਹਿ ਗਈ। ਬੰਦਾ ਇਹ ਜਾਣ ਕੇ ਏਨਾ ਨਿਰਾਸ਼ ਤੇ ਦੁਖੀ ਹੋਇਆ ਕਿ ਜੇ ਮੇਰੇ ਬਣਦੇ ਹੱਕ ਸੌ ਰੁਪਏ ਵਿਚੋਂ ਮੈਨੂੰ ਕੇਵਲ ਅੱਠ ਆਨੇ ਹੀ ਮਿਲਣੇ ਹਨ ਤਾਂ ਅਜਿਹੇ ਅਨਆਇ ਨੂੰ ਬਰਦਾਸ਼ਤ ਕਰਨ ਨਾਲੋਂ ਤਾਂ ਮਰ ਜਾਣਾ ਹੀ ਬਿਹਤਰ ਹੈ। ਉਹਨੇ ਅੱਠਾਂ ਆਨਿਆਂ ਦਾ ਜ਼ਹਿਰ ਲੈ ਕੇ ਖਾ ਲਿਆ ਤੇ ਆਪਣੀ ਜਾਨ ਦੇ ਦਿੱਤੀ।
ਹੁਣ ਮੋਦੀ ਖ਼ਾਨੇ ਵਾਲੀ ਸਾਖੀ ਵੱਲ ਆਉਂਦੇ ਹਾਂ। ਜ਼ਾਹਿਰ ਹੈ, ਉਦੋਂ ਵੀ ਤਾਂ ਇਹੋ ਹੀ ਵਰਤਾਰਾ ਰਿਹਾ ਹੋਵੇਗਾ। ਜਨਤਾ ਨੂੰ ਮਿਲਣ ਵਾਲੇ ਅਨਾਜ ਨੂੰ ਅਧਿਕਾਰੀ ਦਰਜੇਬੰਦੀ ਦੇ ਹਿਸਾਬ ਨਾਲ ਵੰਡ ਕੇ ਖਾ ਲੈਂਦੇ ਹੋਣਗੇ ਤੇ ਆਮ ਜਨਤਾ ਤੱਕ ਪਹੁੰਚਦੇ-ਪਹੁੰਚਦੇ ‘ਠੁਣ ਠੁਣ ਗੁਪਾਲ’ ਵਾਲੀ ਹਾਲਤ ਹੀ ਬਣ ਜਾਦੀ ਹੋਵੇਗੀ। ਪਰ ਜਦ ਗੁਰੂ ਸਾਹਿਬ ਨੂੰ ਮੋਦੀਖ਼ਾਨੇ ਦਾ ਇੰਚਾਰਜ ਬਣਾਇਆ ਗਿਆ ਹੋਵੇਗਾ ਤਾਂ ਉਨ੍ਹਾਂ ਨੇ ਸਭ ਚੋਰ-ਮੋਰੀਆਂ ਬੰਦ ਕਰ ਦਿੱਤੀਆਂ ਹੋਣਗੀਆਂ। ਹੱਕਦਾਰਾਂ ਨੂੰ ਬਣਦੇ ਭਾਅ ’ਤੇ ਬਣਦੀ ਸਹਾਇਤਾ ਪੂਰੋ-ਪੂਰ ਮਿਲਣ ਲੱਗੀ ਤਾਂ ਆਮ ਲੋਕ ਹੈਰਾਨ ਤੇ ਖ਼ੁਸ਼ ਹੋਣ ਲੱਗੇ। ਜਦ ਛਟਾਂਕੀ ਦੀ ਥਾਂ ਕਿਸੇ ਨੂੰ ਸੇਰ ਪੱਕਾ ਅਨਾਜ ਮਿਲਣ ਲੱਗਾ ਤਾਂ ਉਨ੍ਹਾਂ ਨੇ ਹੈਰਾਨ ਹੋ ਕੇ ਗੁਰੂ ਜੀ ਨੂੰ ਇਸ ਬਖ਼ਸ਼ਿਸ਼ ਦਾ ਕਾਰਨ ਪੁੱਛਿਆ ਹੀ ਹੋਵੇਗਾ। ਗੁਰੂ ਸਾਹਿਬ ਨੇ ਸ਼ਾਂਤ-ਚਿੱਤ ਹੋ ਕੇ ਮੁਸਕਰਾ ਕੇ ਕਿਹਾ ਹੋਵੇਗਾ, “ਭਾਈ! ਇਸ ਵਿਚ ਮੇਰਾ ਕੋਈ ਕੌਤਕ ਨਹੀਂ। ਇਹ ਤਾਂ ਤੇਰਾ ਆਪਣਾ ਬਣਦਾ ਹਿੱਸਾ ਹੀ ਤੈਨੂੰ ਦਿੱਤਾ ਗਿਆ ਹੈ। ਹੈਰਾਨ ਨਾ ਹੋ! ਇਹ ਤੇਰਾ ਹੀ ਹਿੱਸਾ ਹੈ, ਤੇਰਾ ਹੀ ਹਿੱਸਾ ਹੈ।”
ਇੰਜ ਆਮ ਜਨਤਾ ਕਹਿਣ ਲੱਗ ਪਈ ਹੋਵੇਗੀ ਕਿ ਗੁਰੂ ਸਾਹਿਬ ‘ਤੇਰਾ ਹਿੱਸਾ’ ਕਹਿ ਕੇ ਬਖ਼ਸ਼ਿਸ਼ ਕਰੀ ਜਾਂਦੇ ਨੇ ਤਾਂ ‘ਤੇਰਾ! ਤੇਰਾ!’ ਵਾਲੀ ਸਾਖੀ ਪ੍ਰਚੱਲਿਤ ਹੋ ਗਈ ਹੋਵੇਗੀ। ਦੂਜੇ ਪਾਸੇ ਜਦ ਮੋਦੀਖ਼ਾਨੇ ਦੀ ਪੜਤਾਲ ਹੋਈ ਤਾਂ ਮੋਦੀਖ਼ਾਨੇ ਵਿਚ ਨਿਸਚਿਤ ਮਾਤਰਾ ਨਾਲੋਂ ਅਨਾਜ ਵੱਧ ਮਿਲਣਾ ਸੁਭਾਵਕ ਸੀ, ਕਿਉਂਕਿ, ਗੁਰੂ ਸਾਹਿਬ ਨੇ ਕਿਧਰੇ ਵੀ ਲੁੱਟ ਨਹੀਂ ਸੀ ਹੋਣ ਦਿੱਤੀ। ਚੋਰੀ ਕਰਨ ਦੀਆਂ ਸਭ ਝੀਤਾਂ ਬੰਦ ਕਰ ਦਿੱਤੀਆਂ ਸਨ। ਇੰਝ ਹਰਾਮ ਦੀਆਂ ਖਾਣ ਵਾਲੇ ਦੁਖੀ ਹੋਣੇ ਹੀ ਸਨ। ਉਨ੍ਹਾਂ ਨੇ ਸ਼ਿਕਾਇਤ ਕਰਨੀ ਹੀ ਸੀ। ਪਰ ਅਨਾਜ ਤਾਂ ਪੂਰਾ ਹੀ ਸੀ, ਸਗੋਂ ਉਸਤੋਂ ਵੀ ਵੱਧ।
ਇੰਝ ਹੀ ਵੇਈਂ ਵਿਚ ਚੁੱਭੀ ਮਾਰਨ ਤੇ ਤਿੰਨ ਦਿਨ ਅਲੋਪ ਰਹਿਣ ਦੀ ਥਾਂ ਅਸਲ ਵਿਚ ਗੱਲ ਇਹ ਹੋਵੇਗੀ ਕਿ ਉਹ ਵੇਈਂ ਪਾਰ ਕਰ ਕੇ ਜੰਗਲ ਦੇ ਇਲਾਕੇ ਵਿਚ ਜਾ ਕੇ ਅੰਤਰ-ਧਿਆਨ ਹੋਏ ਹੋਣਗੇ। ਉਹ ਕਈ ਚਿਰ ਤੋਂ ਮਨ-ਮੰਥਨ ਕਰ ਰਹੇ ਸਨ। ਇਨ੍ਹਾਂ ਦਿਨਾਂ ਵਿਚ ਉਨ੍ਹਾਂ ਨੇ ਹੋਰ ਵੀ ਇਕਾਗਰ ਚਿੱਤ ਹੋ ਕੇ ਸੋਚਿਆ ਹੋਵੇਗਾ ਕਿ ਸੰਸਾਰਕ ਦੁੱਖ-ਕਲੇਸ਼ ਨੂੰ ਦੂਰ ਕਰਨ ਦਾ ਕੀ ਦਾਰੂ ਹੋ ਸਕਦਾ ਹੈ! ਆਪਣੇ ਵਿਚਾਰਾਂ ਨੂੰ ਰਿੜਕ ਕੇ ਉਹ ਕਿਸੇ ਅੰਤਮ ਨਿਰਣੈ ’ਤੇ ਪਹੁੰਚਣਾ ਚਾਹੁੰਦੇ ਸਨ। ਏਸੇ ਕਰ ਕੇ ਅਸੀਂ ਕਿਤੇ ਪਹਿਲਾਂ ਲਿਖ ਆਏ ਹਾਂ ਕਿ ਉਨ੍ਹਾਂ ਨੇ ਇਹ ਤਿੰਨ ਦਿਨ ਆਪਣੇ ਅੰਤਰ-ਮਨ ਵਿਚ ਚੁੱਭੀ ਲਾਈ ਰੱਖੀ। ਆਖ਼ਰਕਾਰ ਉਹ ਕਿਸੇ ਨਿਰਣੈ ’ਤੇ ਪਹੁੰਚ ਹੀ ਗਏ। ਉਨ੍ਹਾਂ ਅੰਦਰ ਇੱਕ ਬੌਧਿਕ ਤੇ ਆਤਮਿਕ ਲਿਸ਼ਕੋਰ ਵੱਜੀ। ਉਨ੍ਹਾਂ ਦੀ ਦੁਬਿਧਾ ਦੂਰ ਹੋ ਗਈ। ਉਨ੍ਹਾਂ ਅੱਗੇ ਦੁਨੀਆਂ ਨੂੰ ਤਾਰਨ ਦਾ ਰਾਹ ਰੌਸ਼ਨ ਹੋ ਗਿਆ। ਜਿਵੇਂ ਕਿਹਾ ਜਾਂਦਾ ਹੈ ਕਿ ਗੌਤਮ ਬੁੱਧ ਨੂੰ ਗਯਾ ਦੇ ਦਰਖ਼ਤ ਹੇਠਾਂ ਗਿਆਨ ਹੋਇਆ ਸੀ ਤਾਂ ਇਸਦਾ ਮਤਲਬ ਇਹੋ ਹੀ ਹੈ ਕਿ ਗਯਾ ਦੇ ਬੋਧ-ਬਿਰਖ਼ ਹੇਠਾਂ ਅੰਤਰ-ਧਿਆਨ ਹੋ ਕੇ ਬੈਠੇ ਬੁੱਧ ਨੂੰ ਆਪਣੇ ਮਨ ਦਾ ਮੰਥਨ ਕਰਨ ਤੋਂ ਬਾਅਦ ਬੌਧਿਕ ਲਿਸ਼ਕੋਰ ਵੱਜੀ ਤੇ ਉਨ੍ਹਾਂ ਨੂੰ ਆਪਣਾ ਅਗਲਾ ਰਸਤਾ ਦਿਖਾਈ ਦੇਣ ਲੱਗਾ; ਜਿਸ ਰਸਤੇ ’ਤੇ ਉਹ ਲੋਕਾਈ ਨੂੰ ਤੋਰਨਾ ਚਾਹੁੰਦੇ ਸਨ।
ਇਹੋ ਹੀ ਸੀ ‘ਗਿਆਨ ਹੋਣ’ ਦੀ ਪ੍ਰਕਿਰਿਆ ਦਾ ਰਹੱਸ। ਗੁਰੂ ਸਾਹਿਬ ਨੇ ਵੀ ਤਿੰਨ ਦਿਨ ਦੇ ਚਿੰਤਨ-ਮਨਨ ਬਾਅਦ ਆਪਣਾ ਅਗਲਾ ਰਾਹ ਲੱਭ ਲਿਆ, ਜਿਸ ਉੱਤੇ ਉਨ੍ਹਾਂ ਨੇ ਲੋਕਾਈ ਨੂੰ ਤੋਰਨ ਦਾ ਅਜ਼ਮ ਕਰਨਾ ਸੀ। ਵਾਪਸ ਪਰਤ ਕੇ ਉਨ੍ਹਾਂ ਨੇ ‘ਨਾ ਹਮ ਹਿੰਦੂ ਨਾ ਮੁਸਲਮਾਨ’ ਦਾ ਨਾਅਰਾ ਲਾਇਆ ਤੇ ਕੁੱਝ ਦਿਨਾਂ ਬਾਅਦ ਹੀ ਮਰਦਾਨੇ ਨੂੰ ਨਾਲ ਲੈ ਕੇ ਜਗ ਤਾਰਨ ਲਈ ਉਸ ਰਸਤੇ ’ਤੇ ਤੁਰ ਪਏ ਜਿਹੜਾ ਰਸਤਾ ਉਨ੍ਹਾਂ ਨੂੰ ਡੂੰਘੇ ਚਿੰਤਨ-ਮਨਨ ਤੋਂ ਬਾਅਦ ਪ੍ਰਾਪਤ ਹੋਇਆ ਸੀ। ਵੇਈਂ ਵਿਚ ਚੁੱਭੀ ਮਾਰਨ ਤੋਂ ਬਾਅਦ ਅਗਲੀ ਦਰਗਾਹ ਵਿਚੋਂ ਹੋ ਕੇ ਵਾਪਸ ਪਰਤਣ ਦੀ ਸਾਖੀ ਦਾ ਮਤਲਬ ਵੀ ਇਹੋ ਸੀ ਕਿ ਅਸਲ ‘ਦਰਗਾਹੀ ਰਾਹ’ ਇਨਸਾਨੀ ਬਰਾਬਰੀ ਵੱਲ ਤੁਰਨ ਦਾ ਰਾਹ ਹੈ।
ਮਨੁੱਖਤਾ ਨੂੰ ਇਹ ਰਾਹ ਵਿਖਾਉਣ ਲਈ ਤਲਵੰਡੀ ਜਾਂ ਸੁਲਤਾਨਪੁਰ ਤੱਕ ਹੀ ਸੀਮਤ ਨਹੀਂ ਸੀ ਰਿਹਾ ਜਾ ਸਕਦਾ। ਇਸ ਲਈ ਲੰਮੇ ਤੇ ਬਿਖੜੇ ਪੈਂਡਿਆਂ ’ਤੇ ਤੁਰਨਾ ਪੈਣਾ ਸੀ। ਤੇ ਉਹ ਤੁਰੇ। ਚਹੁੰ ਦਿਸ਼ਾਵਾ ਵਿਚ ਗਏ। ਸ਼ਾਇਦ ਇਨ੍ਹਾਂ ਦਿਨਾਂ ਵਿਚ ਹੀ ਗੁਰੂ ਜੀ ਨੂੰ ਭਾਈ ਗੁਰਦਾਸ ਦੇ ਕਹਿਣ ਮੁਤਾਬਕ, “ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਮੀ ਦਿਸ ਆਈ।” ਤੇ ਉਨ੍ਹਾਂ ਸੋਚਿਆ ਕਿ ਜੇ ਸਾਰੀ ਧਰਤੀ ਬਲ਼ਦੀ ਪਈ ਹੈ ਤਾਂ ਉਸ ’ਤੇ ਠੰਢ ਵਰਤਾਉਣ ਲਈ, ਉਨ੍ਹਾਂ ਥਾਵਾਂ ’ਤੇ ਜਾਣਾ ਵੀ ਲਾਜ਼ਮੀ ਹੈ। ਸੜਦੇ-ਬਲਦੇ ਲੋਕਾਂ ਨੂੰ ਹਿੱਕ ਨਾਲ ਲਾ ਕੇ ਉਨ੍ਹਾਂ ਦੇ ਸੜਦੇ ਮਨਾਂ ਨੂੰ ਸ਼ਾਂਤ ਕਰਨਾ ਪੈਣਾ ਹੈ।
ਉਨ੍ਹਾਂ ਜਾਣ ਲਿਆ ਸੀ ਕਿ ਇਸ ਰਾਹ ’ਤੇ ਤੁਰਨਾ ਸੌਖਾ ਨਹੀਂ। ਇਸ ਲਈ ਯਾਰ ਦੀ ਗਲੀ ਵਿਚ ਸੀਸ ਤਲ਼ੀ ’ਤੇ ਧਰ ਕੇ ਤੁਰਨਾ ਪੈਣਾ ਹੈ। ਕੇਵਲ ਮੋਦੀ-ਖ਼ਾਨੇ ਦੀ ਲੁੱਟ ਨੂੰ ਦੂਰ ਕਰਨ ਨਾਲ ਹੀ ਲੁੱਟ ਦੀ ਕਹਾਣੀ ਖ਼ਤਮ ਨਹੀਂ ਹੋਣ ਲੱਗੀ। ਲੁੱਟ ਤਾਂ ਸਾਰੇ ਸੰਸਾਰ ਵਿਚ ਹੋ ਰਹੀ ਹੈ। ਇਸ ਰਾਹ ’ਤੇ ਤੁਰਦਿਆਂ ਕਿੰਨੇ ਮਲਿਕ-ਭਾਗੋਆਂ, ਕੌਡੇ ਰਾਖ਼ਸ਼ਾਂ, ਵਲੀ ਕੰਧਾਰੀਆਂ, ਸੱਜਣ ਠੱਗਾਂ ਤੇ ਭੂਮੀਏ ਡਾਕੂ ਵਰਗਿਆਂ ਦਾ ਸਾਹਮਣਾ ਕਰਨਾ ਪੈਣਾ ਹੈ। ਇਨ੍ਹਾਂ ਦੇ ਸਿਰ ’ਤੇ ਬੈਠੇ ਬਾਬਰਾਂ ਦਾ ਵੀ ਪਾਜ ਖੋਲ੍ਹਣ ਦੀ ਲੋੜ ਹੈ। ਜਾਤ-ਪਾਤ, ਊਚ-ਨੀਚ ਦੀ ਖਾਈਆਂ ਖੱਡੀਆਂ ਵਿਚ ਮਨੁੱਖਤਾ ਰੁਲ਼ ਰਹੀ ਹੈ। ਆਰਥਿਕ ਤੇ ਸਮਾਜਿਕ ਨਾ-ਬਰਾਬਰੀ ਵਾਲੇ ਸਮਾਜ ਵਿਚ ਤਕੜਾ ਮਾੜੇ ਨੂੰ ਖਾਈ ਜਾ ਰਿਹਾ ਹੈ। ਰਾਜੇ ਸ਼ੀਂਹ ਤੇ ਅਹਿਲਕਾਰ ਲੋਕਾਈ ਨੂੰ ਪਾੜ ਖਾਣ ਵਾਲ ਕੁੱਤੇ ਬਣ ਗਏ ਹਨ। ਧਰਮ ਖੰਭ ਲਾ ਕੇ ਉੱਡ ਗਿਆ ਹੈ। ਇਹ ਇਕਹਿਰੀ ਨਹੀਂ, ਬਹੁੱਪੱਖੀ ਲੜਾਈ ਹੈ। ਉਨ੍ਹਾਂ ਨੂੰ ਇਹ ਲੜਾਈ ਲੜਨੀ ਹੀ ਪੈਣੀ ਸੀ।
ਸਾਡੀ ਨਵੀਂ ਪੀੜ੍ਹੀ ਨੂੰ ਜਦੋਂ ਇਸਤਰ੍ਹਾਂ ਦੀਆਂ ਕਰਾਮਾਤੀ ਸਾਖੀਆਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਤੁਰਤ ਆਖਦੇ ਹਨ, “ਇੰਝ ਕਿਵੇਂ ਹੋ ਸਕਦਾ ਏ?” ਸੋ ਸਾਨੂੰ ਕਰਾਮਾਤੀ ਸਾਖੀਆਂ ਦੀ ਅਜਿਹੀ ਹੀ ਤਰਕ-ਸੰਗਤ ਵਿਆਖਿਆ ਕਰਨੀ ਹੋਵੇਗੀ, ਜਿਹੜੀ ਮੰਨਣ-ਯੋਗ ਹੋਵੇ।
ਕੁੱਝ ਸਾਖ਼ੀਆਂ ਬਾਰੇ ਤਾਂ ਵਿਗਿਆਨਕ ਸ੍ਰੋਤ ਵੀ ਮਿਲ ਜਾਂਦੇ ਨੇ। ਮਸਲਨ: ਕੌੜੇ ਰੇਠੇ ਮਿੱਠੇ ਕਰਨ ਵਾਲੀ ਸਾਖੀ ਵਿਚ ਕਿਹਾ ਗਿਆ ਹੈ ਕਿ ਜਦ ਜੰਗਲ ਵਿਚ ਜਾਂਦਿਆਂ ਮਰਦਾਨੇ ਨੂੰ ਭੁੱਖ ਲੱਗੀ ਤਾਂ ਗੁਰੂ ਜੀ ਨੇ ਉਹਨੂੰ ਰੀਠੇ ਦੇ ਦਰਖ਼ਤ ਨਾਲੋਂ ਰੀਠੇ ਤੋੜ ਕੇ ਖਾਣ ਲਈ ਕਿਹਾ। ਇਹ ਤਾਂ ਸੱਚ ਹੈ ਕਿ ਜਦੋਂ ਦੋਵੇਂ ਸਾਥੀ ਬਸਤੀਆਂ ਤੋਂ ਦੂਰ ਜੰਗਲ-ਬੇਲਿਆਂ ਵਿਚੋਂ ਗੁਜ਼ਰਦੇ ਹੋਣਗੇ ਤਾਂ ਜੰਗਲ ਵਿਚੋਂ ਹੀ ਕੋਈ ਫ਼ਲ ਜਾਂ ਹੋਰ ਕੰਦ-ਮੂਲ ਖਾ ਕੇ ਭੁੱਖ ਨੂੰ ਤ੍ਰਿਪਤ ਕਰਦੇ ਹੋਣਗੇ। ਆਮ ਤੌਰ ’ਤੇ ਰੀਠੇ ਕੌੜੇ ਹੀ ਹੁੰਦੇ ਨੇ। ਸਾਖੀ ਮੁਤਾਬਕ ਜਦ ਮਰਦਾਨਾ ਰੀਠੇ ਤੋੜ ਕੇ ਖਾਣ ਲੱਗਾ ਤਾਂ ਉਨ੍ਹਾਂ ਦਾ ਸਵਾਦ ਮਿੱਠਾ ਸੀ। ਸਾਖੀਆਂ ਵਿਚ ਮੰਨਿਆਂ ਇਹ ਗਿਆ ਕਿ ਗੁਰੂ ਜੀ ਨੇ ਕਰਾਮਾਤ ਨਾਲ ਕੌੜੇ ਰੀਠੇ ਮਿੱਠੇ ਕਰ ਦਿੱਤੇ ਸਨ। ਪਰ ਹਕੀਕਤ ਇਹ ਹੈ ਕਿ ਉਸ ਇਲਾਕੇ ਵਿਚ ਅੱਜ ਵੀ ਕੁੱਝ ਦਰਖ਼ਤ ਅਜਿਹੇ ਹਨ ਜਿਨ੍ਹਾਂ ਨੂੰ ਮਿੱਠੇ ਰੇਠੇ ਲੱਗਦੇ ਨੇ। ਇਹ ਕਿਸੇ ਕਰਾਮਾਤ ਕਰ ਕੇ ਨਹੀਂ, ਜ਼ਮੀਨ ਦੀ ਤਾਸੀਰ ਕਰ ਕੇ ਸੀ। ਅੱਜ ਵੀ ਕੁੱਝ ਜ਼ਿਮੀਦਾਰ ਉਸ ਇਲਾਕੇ ਵਿਚ ਮਿੱਠੇ ਰੇਠੇ ਬੀਜਦੇ ਨੇ, ਜਿਨ੍ਹਾਂ ਕੋਲੋਂ ਗੁਰਦੁਆਰਾ ਕਮੇਟੀ ਰੇਠੇ ਖ਼ਰੀਦ ਲੈਂਦੀ ਹੈ। ਗੁਰਦਵਾਰੇ ਵਿਚ ਆਉਣ ਵਾਲੇ ਯਾਤਰੀਆਂ ਨੂੰ ਇਨ੍ਹਾਂ ਹੀ ਮਿੱਠੇ ਰੀਠਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਡਾ ਹਰਜਿੰਦਰ ਸਿੰਘ ਦਿਲਗੀਰ ਮੁਤਾਬਕ ਹੁਣ ਤਾਂ ਗੁਰਦਵਾਰਾ ਕਮੇਟੀ ਨੇ ਖ਼ੁਦ ਰੀਠਿਆਂ ਦਾ ਬਾਗ਼ ਵੀ ਲਾਇਆ ਹੈ, ਜਿਸ ਵਿਚ ਮਿੱਠੇ ਰੀਠੇ ਉਗਾਉਣ ਤੇ ਪਾਲਣ ਦਾ ਯਤਨ ਕੀਤਾ ਜਾ ਰਿਹਾ ਹੈ।
ਇੰਝ ਹੀ ਦਿਲਗੀਰ ਹੁਰੀਂ ਪੰਜਾ ਸਾਹਿਬ ਦੀ ਸਾਖੀ ਬਾਰੇ ਲਿਖਦੇ ਹਨ:
‘ਇਕ ਸਾਖੀ ਮੁਤਾਬਿਕ ਹਸਨ ਅਬਦਾਲ ਦੇ ਬਾਹਰ ਇੱਕ ਪਹਾੜ ’ਤੇ ਇੱਕ ਮੁਸਲਮਾਨ ਫ਼ਕੀਰ ਕੰਧਾਰੀ ਰਹਿੰਦਾ ਸੀ। ਅਜਿਹਾ ਜਾਪਦਾ ਹੈ ਕਿ ਉਹ ਕੱਟੜ ਮੁਸਲਮਾਨ ਸੀ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਉਸ ਨੂੰ ਵੀ ਮਿਲਣ ਗਏ। ਕੰਧਾਰੀ ਨੇ ਗੁਰੂ ਸਾਹਿਬ ਤੇ ਭਾਈ ਮਰਦਾਨਾ ਦਾ ਆਉਣਾ ਪਸੰਦ ਨਾ ਕੀਤਾ। ਹੋਰ ਤਾਂ ਹੋਰ ਉਸ ਨੇ ਭਾਈ ਮਰਦਾਨਾ ਨੂੰ ਪਾਣੀ ਵੀ ਪੀਣ ਨਾ ਦਿਤਾ। ਗੁਰੂ ਸਾਹਿਬ ਤੇ ਭਾਈ ਮਰਦਾਨਾ ਪਹਾੜ ਤੋਂ ਉਤਰ ਕੇ ਹੇਠਾਂ ਉਸ ਜਗ੍ਹਾ ‘ਤੇ ਆ ਬੈਠੇ ਜਿੱਥੇ ਹੁਣ ਪਾਣੀ ਦਾ ਚਸ਼ਮਾ ਹੈ। ਇੱਕ ਰਿਵਾਇਤ ਮੁਤਾਬਿਕ ਇਹ ਚਸ਼ਮਾ ਗੁਰੂ ਨਾਨਕ ਸਾਹਿਬ ਨੇ ਪਰਗਟ ਕੀਤਾ ਸੀ। ਭਾਈ ਮਰਦਾਨਾ ਨੇ ਜਲ ਛਕਿਆ। ਗੁਰੂ ਸਾਹਿਬ ਨੇ ਉੱਥੇ ਬੈਠ ਕੇ ਕੀਰਤਨ ਸ਼ੁਰੂ ਕਰ ਦਿਤਾ। ਕੀਰਤਨ ਸੁਣਨ ਵਾਸਤੇ ਸਾਰੇ ਮੁਕਾਮੀ ਲੋਕ ਇਕਠੇ ਹੋ ਗਏ। ਸਾੜੇ ਵਿਚ ਆ ਕੇ ਕੰਧਾਰੀ ਨੇ ਪਹਾੜ ਤੋਂ ਇੱਕ ਵੱਡਾ ਸਾਰਾ ਪੱਥਰ ਗੁਰੂ ਸਾਹਿਬ ਵਲ ਰੇੜਿਆ। ਉਹ ਪੱਥਰ ਰਿੜ੍ਹਦਾ-ਰਿੜ੍ਹਦਾ ਉਸ ਜਗ੍ਹਾ ਦੇ ਨੇੜੇ ਪਹੁੰਚ ਗਿਆ ਜਿੱਥੇ ਗੁਰੂ ਸਾਹਿਬ ਬੈਠੇ ਸਨ। ਗੁਰੂ ਸਾਹਿਬ ਨੇ ਉਸ ਪੱਥਰ ਨੂੰ ਹੱਥ ਨਾਲ ਰੋਕ ਲਿਆ।’
‘ਇਸ ਘਟਨਾ ਨੂੰ ਯਾਦਗਾਰੀ ਬਣਾਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਪੱਥਰ ਤੇ ਪੰਜਾ ਉਕਰਵਾ ਕੇ, ਉਸ ਨੂੰ ਚਸ਼ਮੇ ਦੇ ਨੇੜੇ ਰਖ ਦਿਤਾ ਤੇ ਉੱਥੇ ਇੱਕ ਗੁਰਦੁਆਰਾ ਬਣਾ ਦਿਤਾ। ਮਗਰੋਂ ਇਸ ਨੂੰ ਉੱਥੋਂ ਚੁਕ ਕੇ ਚਸ਼ਮੇ ਵਿਚ ਜੜ ਦਿਤਾ ਗਿਆ। ਸੰਨ 1835 ਵਿਚ ਜਰਮਨ ਦਾ ਇੱਕ ਯਾਤਰੀ ਬੈਰਨ ਚਾਰਲਸ ਹਿਊਗਲ ਇਸ ਜਗ੍ਹਾ ਤੋਂ ਲੰਘਿਆ ਸੀ। 27 ਦਸੰਬਰ 1835 ਤਕ ਇਹ ਪੱਥਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਜਗ੍ਹਾ ਦੇ ਨੇੜੇ ਪਿਆ ਸੀ (ਇਸ ਦਾ ਜ਼ਿਕਰ ਹਿਊਗਲ ਨੇ ਆਪਣੀ ਕਿਤਾਬ ਠਰਅਵੲਲਸ ਨਿ ਖਅਸਹਮਰਿ ਅਨਦ ਫੁਨਜਅਬ ਵਿਚ ਕੀਤਾ ਹੈ)। ਹਸਨ ਅਬਦਾਲ ਵਾਲਾ ਚਸ਼ਮਾ ਕਈ ਹਜ਼ਾਰ ਸਾਲ ਪੁਰਾਣਾ ਹੈ। ਇੱਥੇ ਬੋਧੀਆਂ ਦਾ ਇੱਕ ਮਸ਼ਹੂਰ ਸੈਂਟਰ ਸੀ। ਅਜਿਹਾ ਜਾਪਦਾ ਹੈ ਕਿ ਗੁਰੂ ਨਾਨਕ ਸਾਹਿਬ ਆਪਣੇ ਮਿਸ਼ਨਰੀ ਦੌਰੇ ਵੇਲੇ ਇੱਥੇ ਆਏ ਸਨ ਅਤੇ ਉਨ੍ਹਾਂ ਨੇ ਮੁਸਲਮਾਨਾਂ ਤੋਂ ਇਲਾਵਾ ਬੋਧੀਆਂ ਅਤੇ ਆਮ ਲੋਕਾਂ ਨਾਲ ਵੀ ਧਰਮ ਚਰਚਾ ਕੀਤੀ ਸੀ। ਸਾਰਿਆਂ ਨੇ ਗੁਰੂ ਸਾਹਿਬ ਦੀ ਅਜ਼ਮਤ ਅੱਗੇ ਸਿਰ ਝੁਕਾਇਆ ਸੀ। ਉਦੋਂ ਵਲੀ ਕੰਧਾਰੀ, ਜੋ ਇੱਕ ਕਟੜ ਸ਼ੀਆ ਮੁਸਲਮਾਨ ਸੀ, ਨੇੜੇ ਦੀ ਪਹਾੜੀ ਉੱਪਰ ਰਹਿੰਦਾ ਸੀ। ਉਸ ਨੂੰ ਲੋਕਾਂ ਵੱਲੋਂ ਗੁਰੂ ਨਾਨਕ ਸਾਹਿਬ ਦੀਆਂ ਸਿਫ਼ਤਾਂ ਪਸੰਦ ਨਾ ਆਈਆਂ ਤੇ ਉਸ ਨੇ ਉੱਪਰੋਂ ਇੱਕ ਵੱਡਾ ਸਾਰਾ ਪੱਥਰ ਗੁਰੂ ਸਾਹਿਬ ਦੇ ਬੈਠਣ ਦੀ ਜਗ੍ਹਾ ਵਲ ਰੇੜ੍ਹਿਆ। ਜਦੋਂ ਉਹ ਪੱਥਰ ਗੁਰੂ ਸਾਹਿਬ ਦੇ ਨੇੜੇ ਆਇਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਹੱਥ ਨਾਲ ਰੋਕ ਲਿਆ। ਮਗਰੋਂ ਰਿਵਾਇਤ ਦਾ ਰੂਪ ਬਦਲਦਾ ਗਿਆ ਤੇ ਗੁਰੂ ਨਾਨਕ ਸਾਹਿਬ ਦੀ ਹਸਨ ਅਬਦਾਲ ਦੀ ਫੇਰੀ ਨੂੰ ਯਾਦਗਾਰੀ ਬਣਾਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਇਥੇ ਗੁਰਦੁਆਰਾ ਬਣਾ ਦਿਤਾ ਅਤੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਇੱਕ ਪੱਥਰ ’ਤੇ ਪੰਜਾ ਵੀ ਉਕਰਵਾ ਦਿਤਾ। ਬਾਅਦ ਵਿਚ ਇਸ ਪੱਥਰ ਨੂੰ ਚਸ਼ਮੇ ਦੇ ਨਾਲ ਚਿਣਾਈ ਕਰ ਕੇ ਪੱਕਾ ਕਰ ਦਿਤਾ ਗਿਆ। ਅਜ ਉਹ ਪੱਥਰ ਗੁਰਦੁਆਰੇ ਦੀ ਹਦੂਦ ’ਚ ਵਗਣ ਵਾਲੇ ਚਸ਼ਮੇ ਦਾ ਇੱਕ ਹਿੱਸਾ ਹੀ ਨਜ਼ਰ ਆਉਂਦਾ ਹੈ।
ਸੱਚੇ ਸੌਦੇ ਜਾਂ ਖ਼ਰੇ ਸੌਦੇ ਦੀ ਸਾਖੀ ਵਿਚ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਵੀਹ ਰੁਪਏ ਦੇ ਕੇ ਉਨ੍ਹਾਂ ਨੂੰ ਨਵੀਂ ਦੁਕਾਨ ਖੋਲ੍ਹਣ ਵਾਸਤੇ ਰਸਦ ਲੈਣ ਲਈ ਨੇੜੇ ਪੈਂਦੀ ਮੰਡੀ ਚੂਹੜਕਾਣਾ ਭੇਜਦੇ ਹਨ। ਰਾਹ ਵਿਚ ਉਨ੍ਹਾਂ ਨੂੰ ਭੁੱਖੇ ਸਾਧੂ ਮਿਲ ਗਏ। ਗੁਰੂ ਸਾਹਿਬ ’ਤੇ ਬਾਲਾ ਚੂਹੜਕਾਣੇ ਗਏ ਅਤੇ ਉਥੋਂ ਰਸਦ ਖ਼ਰੀਦ ਕੇ ਲੈ ਆਏ। ਫੇਰ ਉਸ ਰਸਦ ਦਾ ਭੋਜਨ ਤਿਆਰ ਕਰਵਾ ਕੇ ਭੁੱਖੇ ਸਾਧੂਆਂ ਨੂੰ ਖਵਾ ਦਿੱਤਾ। ਸ਼ਾਮ ਨੂੰ ਘਰ ਪਰਤੇ ਤਾਂ ਪਿਤਾ ਜੀ ਸਾਰਾ ਘਟਨਾ-ਕ੍ਰਮ ਜਾਣ ਕੇ ਬਹੁਤ ਦੁਖੀ ਹੋਏ।
ਇਸ ਸਾਖੀ ਦਾ ਜ਼ਿਕਰ ਕੇਵਲ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਇਲਾਵਾ ਹੋਰ ਕਿਸੇ ਵੀ ਜਨਮ ਸਾਖੀ ਵਿਚ ਨਹੀਂ ਮਿਲਦਾ। ਇਹ ਜਨਮ ਸਾਖੀ ਗੁਰੂ ਅਰਜਨ ਸਾਹਿਬ ਤੋਂ ਪਿਛਲੇਰੇ ਸਮੇਂ ਵਿਚ ਬਿਧੀ ਚੰਦ ਹਿੰਦਾਲੀਏ ਨੇ ਲਿਖਾਈ ਸੀ। ਅਸਲ ਵਿਚ ਇਹ ਲੋਕ ਜ਼ਿੰਮੇਵਾਰੀਆਂ ਤੋਂ ਭਗੌੜੇ ਸਨ। ਇਨ੍ਹਾਂ ਦਾ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਕੋਈ ਸਜਿੰਦ ਰਿਸ਼ਤਾ ਨਹੀਂ ਸੀ। ਵਿਦਵਾਨ ਤਾਂ ਇਹ ਵੀ ਕਹਿੰਦੇ ਹਨ ਕਿ ‘ਭਾਈ ਬਾਲਾ’ ਨਾਂ ਦਾ ਕੋਈ ਵਿਅਕਤੀ ਹੋਇਆ ਹੀ ਨਹੀਂ। ਹਿੰਦਾਲੀਆਂ ਨੇ ਇਸ ‘ਫ਼ਰਜ਼ੀ ਨਾਂ’ ਹੇਠਾਂ ‘ਜਨਮ-ਸਾਖੀ’ ਲਿਖਵਾ ਕੇ ਗੁਰੂ ਦੀ ਵਿਚਾਰਧਾਰਾ ਵਿਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਜਦ ਇਹ ਜਨਮ-ਸਾਖੀ ਲਿਖੀ ਗਈ, ਉਸ ਵੇਲੇ ਤੱਕ ਪੰਜ ਗੁਰੂ ਸਾਹਿਬਾਨ ਦੀ ਜਥੇਬੰਦਕ ਕੋਸ਼ਿਸ਼ ਸਦਕਾ, ਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਉਪਰੰਤ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਪੰਜਾਬ ਵਿਚ ਪ੍ਰਚੱਲਿਤ ਤੇ ਮਾਨਨੀਯ ਹੋ ਚੁੱਕੀ ਸੀ। ਬਾਣੀ ਵਿਚ ਤਾਂ ਥਾਂ-ਥਾਂ ’ਤੇ ਜੀਵਨ ਤੋਂ ਭਗੌੜੇ ਅਜਿਹੇ ਵਿਹਲੜ ਲਾਣੇ ਦੀ ਜੀਵਨ-ਪੱਧਤੀ ਨੂੰ ਰੱਦ ਕੀਤਾ ਗਿਆ ਹੈ:
ਗਿਆਨ ਵਿਹੂਣਾ ਗਾਵੈ ਗੀਤ.. ਭੁਖੇ ਮੁਲਾਂ ਘਰੇ ਮਸੀਤਿ..
ਮਖਟੂ ਹੋਇ ਕੈ ਕੰਨ ਪੜਾਏ.. ਫਕਰੁ ਕਰੇ ਹੋਰੁ ਜਾਤਿ ਗਵਾਏ..
ਗੁਰੁ ਪੀਰੁ ਸਦਾਏ ਮੰਗਣ ਜਾਇ.. ਤਾ ਕੈ ਮੂਲਿ ਨ ਲਗੀਐ ਪਾਇ..
ਘਾਲਿ ਖਾਇ ਕਿਛੁ ਹਥਹੁ ਦੇਇ.. ਨਾਨਕ ਰਾਹੁ ਪਛਾਣਹਿ ਸੇਇ.. ੧..
ਸਲੋਕ ਮ: ੧ ਪੰਨਾ 1245
ਕਿਰਤ ਤੋਂ ਭਗੌੜੇ ਇਨ੍ਹਾਂ ਲੋਕਾਂ ਦਾ ਗੁਰੂ ਸਾਹਿਬ ਦੇ ਨਾਂ ਨਾਲ ਅਜਿਹੀਆਂ ਸਾਖੀਆਂ ਜੋੜਨ ਦਾ ਮਤਲਬ ਸਾਫ਼ ਸੀ ਕਿ ਜੇ ਗੁਰੂ ਨਾਨਕ ਸਾਹਿਬ ਭੁੱਖੇ ਸਾਧੂਆਂ ਨੂੰ ਭੋਜਨ ਖਵਾ ਸਕਦੇ ਹਨ, ਤਾਂ, ਹੁਣ ਵੀ ਉਹ ਵਿਹਲੜ ਲਾਣਾ ਬਿਨਾਂ ਕਿਰਤ ਕੀਤਿਆਂ ਭੋਲੇ ਲੋਕਾਂ ਦੀ ਕਿਰਤ ਕਮਾਈ ਦੇ ਸਿਰ ’ਤੇ ਐਸ਼ ਕਰ ਸਕਦਾ ਹੈ!
ਇਹ ਸਾਖੀ ਜਿੱਥੇ ਸਿਧਾਂਤਕ ਪੱਖੋਂ ਗੁਰਮਤਿ-ਸਿਧਾਂਤ ਨਾਲ ਮੇਲ ਨਹੀਂ ਖਾਂਦੀ, ਓਥੇ ਵਿਹਾਰਕ ਪੱਖੋਂ ਵੀ ਇਹ ਸੰਭਵ ਨਹੀਂ। ਵੀਹ ਰੁਪਏ ਉਸ ਵੇਲੇ ਬਹੁਤ ਵੱਡੀ ਧਨ-ਰਾਸ਼ੀ ਸੀ, ਘੱਟੋ-ਘੱਟ ਏਨੀ ਕੁ ਤਾਂ ਸੀ ਹੀ, ਕਿ, ਉਸ ਨਾਲ ਕਰਿਆਨੇ ਦੀ ਇੱਕ ਦੁਕਾਨ ਚਲਾਏ ਜਾ ਸਕਣ ਜੋਗੀ ਰਸਦ ਆ ਸਕੇ। ਉਸ ਵੇਲੇ ਬਹਿਲੋਲੀ ਸਿੱਕਾ ਚੱਲਦਾ ਸੀ ਤੇ ਇੱਕ ਸਿੱਕੇ ਵਿਚ ਚਾਲੀ ਪੈਸੇ ਹੁੰਦੇ ਸਨ। ਇੱਕ ਪੈਸੇ ਦਾ ਪੰਜ ਮਣ ਅਨਾਜ ਆਉਂਦਾ ਸੀ। ਹੁਣ ਤੁਸੀਂ ਆਪ ਹੀ ਅਨੁਮਾਨ ਲਾਉ ਕਿ ਵੀਹ ਰੁਪਏ ਵਿਚ ਕਿੰਨੇ ਮਣ ਅਨਾਜ ਆਵੇਗਾ! ਇਹ ਕਿਵੇਂ ਵੀ ਸੰਭਵ ਨਹੀਂ ਕਿ ਦੋ ਜਣੇ ਚੂਹੜਕਾਣੇ ਜਾ ਕੇ ਏਨੀ ਰਸਦ ਖ਼ਰੀਦ ਕੇ ਲੈ ਆਉਣ ਤੇ ਮਣਾਂ ਮੂੰਹੀ ਅਨਾਜ ਦਾ ਭੋਜਨ ਤਿਆਰ ਕਰ/ਕਰਵਾ ਕੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸ਼ਾਮ ਤੱਕ ਘਰ ਪਰਤ ਕੇ ਪਿਤਾ ਦੀਆਂ ਝਿੜਕਾਂ ਵੀ ਖਾ ਲੈਣ।
ਜਿੱਥੋਂ ਤੱਕ ਲੰਗਰ ਪ੍ਰਥਾ ਦਾ ਸੰਬੰਧ ਹੈ, ਉਸ ਬਾਰੇ ਅਰਜ਼ ਹੈ ਕਿ ਗੁਰੂ ਸਾਹਿਬ ਹਮੇਸ਼ਾਂ ਹੋਰ ਮੱਤਾਂ-ਮਤਾਤਰਾਂ ਦੇ ਵਿਦਵਾਨਾਂ ਨਾਲ ਵਿਚਾਰ-ਚਰਚਾ ਕਰਦੇ ਰਹਿੰਦੇ ਸਨ। ਭਾਵੇਂ ਉਹ ਤਲਵੰਡੀ ਹੁੰਦੇ ਜਾਂ ਸੁਲਤਾਨਪੁਰ, ਉਨ੍ਹਾਂ ਕੋਲ ਵਿਦਵਾਨ ਵੀ ਆਉਂਦੇ ਤੇ ਉਨ੍ਹਾਂ ਵਿਚਕਾਰ ਹੁੰਦੀ ਚਰਚਾ ਨੂੰ ਸੁਣਨ ਆਮ ਲੋਕ ਵੀ ਆਉਂਦੇ। ਹੁਣ ਆਪਣੇ ਕੋਲ ਆਏ ਇਨ੍ਹਾਂ ਲੋਕਾਂ/ਮਹਿਮਾਨਾਂ ਨੂੰ ਗੁਰੂ ਸਾਹਿਬ ਆਪਣੇ ਦਵਾਰੇ ਤੋਂ ਭੁੱਖਾ ਤਾਂ ਜਾਣ ਨਹੀਂ ਦਿੰਦੇ ਹੋਣਗੇ। ਉਨ੍ਹਾਂ ਲਈ ਜ਼ਰੂਰ ਲੰਗਰ ਦੀ ਵਿਵਸਥਾ ਹੁੰਦੀ ਹੋਵੇਗੀ। ਤੇ ਜਦ ਉਹ ਕਰਤਾਰਪੁਰ ਵਿਚ ਖੇਤੀ ਕਰਨ ਜਾ ਲੱਗੇ ਸਨ ਤਾਂ ਨਿਸਚੈ ਹੀ ਉਨ੍ਹਾਂ ਕੋਲ ਸੰਗਤਾਂ ਦੀ ਆਮਦ-ਰਫ਼ਤ ਵਧ ਗਈ ਹੋਵੇਗੀ। ਦੂਰ-ਦੂਰ ਤੋਂ ਆਏ ਲੋਕ ਓਥੇ ਰਾਤਾਂ ਨੂੰ ਵੀ ਠਹਿਰਦੇ ਹੋਣਗੇ। ਜ਼ਾਹਿਰ ਹੈ ਕਿ ਆਈਆਂ ਸੰਗਤਾਂ ਲਈ ਅਟੁੱਟ ਲੰਗਰ ਦਾ ਚੱਲਣਾ ਲਾਜ਼ਮੀ ਹੋ ਗਿਆ ਹੋਵੇਗਾ। ਅਗਲੇ ਗੁਰੂ ਸਾਹਿਬ ਨੇ ਏਸੇ ਪ੍ਰਥਾ ਨੂੰ ਜਾਰੀ ਰੱਖਿਆ ਤੇ ਅੱਜ ‘ਗੁਰੂ ਕਾ ਲੰਗਰ’ ਸੰਸਾਰ ਪੱਧਰ ’ਤੇ ਅਨੋਖੀ-ਇਕੱਲੀ ਤੇ ਅਨੂਠੀ ਪਛਾਣ ਬਣਾ ਚੁੱਕਿਆ ਹੈ।
1-ਘਾਲਿ ਖਾਇ ਕਿਛੁ ਹਥਹੁ ਦੇਇ.. ਨਾਨਕ ਰਾਹੁ ਪਛਾਣਹਿ ਸੇਇ..
2-ਆਪਣ ਹਥੀ ਆਪਣਾ ਆਪੇ ਕਾਜ ਸਵਾਰੀਐ
3- ਵਿਚਿ ਦੁਨੀਆ ਸੇਵ ਕਮਾਈਐ
ਇਨ੍ਹਾਂ ਤੁਕਾਂ ਦੇ ਅਰਥ ਏਸੇ ਪ੍ਰਸੰਗ ਵਿਚ ਹੀ ਸਮਝ ਆ ਸਕਦੇ ਹਨ। ਹਰ ਸਿੱਖ ਨੂੰ ਆਪਣੀ ਧਰਮ ਦੀ ਕਿਰਤ ਵਿਚੋਂ ਦਸਵੰਧ ਕੱਢਣ ਅਤੇ ਉਸ ਨੂੰ ਗੁਰੂ ਦੇ ਨਾਂ ’ਤੇ ਲੋਕ-ਭਲਾਈ ਲਈ ਵਰਤਣ ਦਾ ਸਿਧਾਂਤ ਗੁਰੂ ਪਾਤਸ਼ਾਹ ਦੀ ਹੀ ਬਖ਼ਸ਼ਿਸ਼ ਹੈ।
ਸਾਡਾ ਮਕਸਦ ਸਾਰੀਆਂ ਕਰਾਮਾਤੀ ਸਾਖੀਆਂ ਦਾ ਵਿਸ਼ਲੇਸ਼ਣ ਜਾਂ ਵਿਵੇਚਨ ਕਰਨਾ ਨਹੀਂ, ਤੇ, ਨਾ ਹੀ ਸਾਡੇ ਕੋਲ ਥਾਂ ਦੀ ਏਨੀ ਗੁੰਜਾਇਸ਼ ਹੈ ਕਿ ਅਸੀਂ ਇਸ ਬਾਰੇ ਪੂਰੇ ਵਿਸਥਾਰ ਵਿਚ ਜਾ ਸਕੀਏ। ਸਾਡਾ ਮਕਸਦ ਤਾਂ ਕੇਵਲ ਏਨਾ ਕੁ ਹੈ ਕਿ ਇਨ੍ਹਾਂ ਕਰਾਮਾਤੀ ਸਾਖੀਆਂ ਦੀ ਸੰਘਣੀ ਧੁੰਦ ਵਿਚ ਆਪਣੇ ਗੁਰੂ ਦੀ ਚਾਨਣੀ ਸਿੱਖਿਆ ਨੂੰ ਲੁਕਣ ਨਾ ਦਈਏ। ਅੱਜ ਜ਼ਰੂਰਤ ਹੈ ਕਿ ਕਰਾਮਾਤਾਂ ਵਿਚ ਪੇਸ਼ ਗੁਰੂ ਸਾਹਿਬ ਦੇ ਅਲੌਕਿਕ ਆਪੇ ਨੂੰ ਉਨ੍ਹਾਂ ਦੇ ਜੀਵਨ ਦੇ ਸੰਭਾਵੀ ਪੱਖਾਂ ਨਾਲ ਜੋੜ ਕੇ ਵੇਖਿਆ, ਜਾਣਿਆ ਤੇ ਸਮਝਿਆ ਜਾਵੇ। ਉਨ੍ਹਾਂ ਦਾ ਜੀਵਨ-ਅਨੁਭਵ ਕੋਈ ਘੱਟ ‘ਕਰਾਮਾਤੀ’ ਨਹੀਂ।
ਉਂਝ ਜੇ ਕਰਾਮਾਤ ਨੂੰ ਕਾਵਿ ਦਾ ਉਹ ਗੁਣ ਮੰਨ ਲਈਏ ਜੋ ਕਰਾਮਾਤ ਨੂੰ ਪਰਿਭਾਸ਼ਿਤ ਕਰਦਿਆਂ ਭਾਈ ਕਾਹਨ ਸਿੰਘ ਨਾਭਾ ਨੇ ਬਿਆਨ ਕੀਤਾ ਹੈ। ਉਨ੍ਹਾਂ ਮੁਤਾਬਕ ਕਰਾਮਾਤ ਸ੍ਰੋਤੇ ਤੇ ਵਕਤੇ ਦਾ ਚਿੱਤ ਰੋਸ਼ਨ ਕਰ ਦਿੰਦੀ ਹੈ। ਤਾਂ ਫਿਰ ਨਿਸਚੈ ਨਾਲ ਕਿਹਾ ਜਾ ਸਕਦਾ ਹੈ ਕਿ ਸਭ ਤੋਂ ਵੱਡੀ ਕਰਾਮਾਤ ਤਾਂ ਗੁਰੂ ਸਾਹਿਬ ਦੀ ਰਚੀ ਉਹ ਬਾਣੀ ਹੀ ਹੈ, ਜੋ ਵਕਤੇ ਤੇ ਸ੍ਰੋਤੇ ਦਾ ਚਿੱਤ ਰੋਸ਼ਨ ਕਰਨ ਦੀ ਤਾਕਤ ਰੱਖਦੀ ਹੈ। ਇਸੇ ਬਾਣੀ ਦਾ ਪਾਠ ਕਰਦਿਆਂ ਸੀਸ ’ਤੇ ਆਰਾ ਚੱਲਦਿਆਂ, ਉੱਬਲਦੀਆਂ ਦੇਗਾਂ ਵਿਚ ਉਬਾਲ਼ੇ ਖਾਂਦਿਆਂ, ਬੰਦ-ਬੰਦ ਕਟਵਾਉਂਦਿਆਂ, ਚਰਖੜੀਆਂ ’ਤੇ ਚੜ੍ਹਦਿਆਂ, ਖੋਪਰ ਲਹਾਉਂਦਿਆਂ, ਸ਼ੂਕਦੀਆਂ ਗੱਡੀਆਂ ਅੱਗੇ ਲੇਟ ਕੇ ਵੀ ਜੇ ਉਨ੍ਹਾਂ ਨੇ ‘ਸੀ’ ਤੱਕ ਨਾ ਕੀਤੀ, ਤਾਂ, ਇਹ ਉਨ੍ਹਾਂ ਗੁਰਸਿੱਖਾਂ ਦੇ ਮਨ ਵਿਚ ਵੱਸਦੇ ਗੁਰ-ਸ਼ਬਦ ਦੀ ਕਰਾਮਾਤ ਹੀ ਤਾਂ ਸੀ। ਇਸ ਤੋਂ ਵੱਧ ਹੋਰ ਕਿਹੜੀ ਕਰਾਮਾਤ ਹੋ ਸਕਦੀ ਹੈ!
ਸ਼ੁਰੂ ਵਿਚ ਜ਼ਿਕਰ ਕੀਤਾ ਸੀ ਕਿ ‘ਜਾਦੂਗਰੀ ਕਰਾਮਾਤ’ ਨੂੰ ਤਾਂ ਗੁਰਮਤਿ ਵਿਚ ‘ਕਹਿਰ’ ਮੰਨਿਆਂ ਗਿਆ ਹੈ। ਸਾਡੇ ਸਾਖ਼ੀਕਾਰਾਂ ਨੇ ਗੁਰੂ ਸਾਹਿਬ ਨਾਲ ਅਜਿਹੀਆਂ ਕਰਾਮਾਤਾਂ ਜੋੜ ਕੇ ਸਿੱਖ-ਮਾਨਸ ਨਾਲ ਕਹਿਰ ਹੀ ਤਾਂ ਕੀਤਾ ਹੈ!