‘ਦਰੀਆਂ ਵਾਲੀ ਪੇਟੀ’ ਦਾ ਤਾਣਾ-ਪੇਟਾ

ਨਵਤੇਜ ਭਾਰਤੀ
ਦਰੀ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ। ਸਭ ਤੋਂ ਵੱਡੀ ਗੱਲ, ਇਸ ਦਾ ਪਹਿਲਾ ਅਤੇ ਅਹਿਮ ਸਬੰਧ ਔਰਤ ਤੇ ਉਸ ਅੰਦਰਲੀ ਕਲਾ ਪ੍ਰਤਿਭਾ ਨਾਲ ਹੈ। ‘ਦਰੀਆਂ ਵਾਲੀ ਪੇਟੀ’ ਵਿਚ ਡਾ. ਜਗਦੀਸ਼ ਕੌਰ ਨੇ ਦਰੀ ਨੂੰ ਕਿਰਤ ਅਤੇ ਕਲਾ ਦੇ ਰੂਪ ਵਿਚ ਸੰਭਾਲਣ ਦਾ ਯਤਨ ਕੀਤਾ ਹੈ। ਜ਼ਮਾਨੇ ਦੀ ਤੋਰ ਨਾਲ ਅੱਜ ਭਾਵੇਂ ਦਰੀਆਂ ਦਾ ਉਹ ਮੁਕਾਮ ਨਹੀਂ ਰਿਹਾ ਪਰ ਕੋਈ ਵੇਲਾ ਸੀ ਜਦੋਂ ਪੰਜਾਬੀ ਪ੍ਰਾਹੁਣਚਾਰੀ ਵਿਚ ਦਰੀ ਦਾ ਖਾਸ ਮਹੱਤਵ ਰਿਹਾ ਹੈ। ਇਸ ਅਹਿਮ ਕਿਤਾਬ ‘ਦੀਆਂ ਵਾਲੀ ਪੇਟੀ’ ਬਾਰੇ ਬਹੁਤ ਖੂਬਸੂਰਤ ਗੱਲਾਂ ਕੈਨੇਡਾ ਵੱਸਦੇ ਸ਼ਾਇਰ ਨਵਤੇਜ ਭਾਰਤੀ ਨੇ ਆਪਣੇ ਇਸ ਲੇਖ ਵਿਚ ਕੀਤੀਆਂ ਹਨ।

‘ਦਰੀਆਂ ਵਾਲੀ ਪੇਟੀ’ ਪੁਸਤਕ ਨੂੰ ‘ਜੀ ਆਇਆਂ’ ਆਖਦਾ ਹਾਂ ਅਤੇ ਜਗਦੀਸ਼ ਕੌਰ ਨੂੰ ਵਧਾਈ ਦਿੰਦਾ ਹਾਂ। ਨਿੱਕਾ ਹੁੰਦਾ ਦਰੀ ਬੁਣਦੀ ਭੈਣ ਨਾਲ ਮੈਂ ਵੀ ਇਕ-ਅੱਧੀ ਬੂਟੀ ਪਾ ਦਿੰਦਾ ਸੀ। ਇਹ ਬੂਟੀ ਮੈਂ ਜਗਦੀਸ਼ ਦੇ ਨਾਂ ਕਰਦਾ ਹਾਂ। ਮੇਰੇ ਹੱਥਾਂ ਵਿਚ ਇਹੀ ਫੁੱਲ ਹੈ। ਇਹਨੂੰ ਅਰਪਣ ਕਰਦਿਆਂ ਮੇਰੇ ਹੱਥ ਖਾਲੀ ਨਹੀਂ ਹੋਏ, ਸੁਗੰਧ ਨਾਲ ਭਰ ਗਏ ਹਨ ਜਿਵੇਂ ‘ਦਰੀਆਂ ਵਾਲੀ ਪੇਟੀ’ ਦਰੀਆਂ ਦੀਆਂ ਤਸਵੀਰਾਂ ਨਾਲ ਭਰ ਗਈ ਹੈ। ਇਹ ਪੇਟੀ ਕੌਫੀ ਮੇਜ਼ ਉੱਤੇ ਰੱਖਣ ਲਈ ਬਣੀ ਹੈ, ਇਉਂ ਹੀ ਭਰੀ ਜਾਣੀ ਸੀ। ਪਿੰਡਾਂ ਦੇ ਨਵੇਂ ਘਰਾਂ ਵਿਚ ਦਰੀਆਂ ਵਾਲੀ ਪੇਟੀ ਤੇ ਫੁਲਕਾਰੀਆਂ ਵਾਲੇ ਸੰਦੂਕ ਵਾਸਤੇ ਥਾਂ ਨਹੀਂ ਰਹੀ। ਘਰਾਂ ਵਿਚ ਸ਼ਹਿਰ ਦਾਖ਼ਲ ਹੋ ਗਿਆ ਹੈ, ਪਿੰਡ ਪੇਟੀ ਚੁਕ ਕੇ ਨਿੱਕਲ ਗਿਆ ਹੈ। ਕਿੱਥੇ ਗਿਆ ਹੈ? ਪਤਾ ਨਹੀਂ ਪਰ ਜਿੰਨਾ ਕੁ ਦਰੀਆਂ ਵਿਚ ਸੀ, ਉਹ ਕੂੜੇ ਦੇ ਢੋਲਾਂ ਵਿਚ ਤੇ ਗਿੱਲੇ ਪੈਰਾਂ ਹੇਠ ਆ ਗਿਆ ਹੈ। ਜਗਦੀਸ਼ ਕੌਰ ਆਪ ਸ਼ਹਿਰ ਆ ਗਈ ਹੈ, ਜਿੰਨੀ ਕੁ ਆ ਸਕਦੀ ਸੀ। ਇਹ ਪੋਥੀ ਉਹਦੇ ਆਪਣੇ ਉਜੜਨ ਦੀ ਵੀ ਕਥਾ ਹੈ। ਇਹਦੀਆਂ ਮੂਰਤਾਂ ਦੇਖਣ ਨਾਲੋਂ ਪੜ੍ਹਨ ਵਾਲੀਆਂ ਹਨ।
ਇਹ ਉਜਾੜਾ ਭਾਵੇਂ 47 ਜਿੰਨਾ ਹੌਲਨਾਕ ਨਹੀਂ ਪਰ ਗੰਭੀਰ ਉਸ ਤੋਂ ਵਧੇਰੇ ਹੈ। ਥਾਂ ਤੋਂ ਉਜੜੇ ਲਈ ਕਿਤੇ ਹੋਰ ਥਾਂ ਹੁੰਦੀ ਹੈ, ਸੰਸਕ੍ਰਿਤਕ ਵਿਸਿਮਰਤੀ ਲਈ ਨਹੀਂ। ਜੋ ਮੈਨੂੰ ਭੁੱਲ ਗਿਆ ਹੈ, ਕਿਸੇ ਹੋਰ ਨੂੰ ਯਾਦ ਆਉਣਾ ਸੰਭਵ ਨਹੀਂ। ਸਿਮਰਤੀ ਦੀ ਟ੍ਰਾਂਸਪਲਾਂਟੇਸ਼ਨ ਹੋਣੀ ਸੰਭਵ ਹੈ, ਵਿਸਮਿਰਤੀ ਦੀ ਨਹੀਂ। 47 ਤੋਂ ਪਿੱਛੋਂ ਖੇਤਾਂ ਵਿਚ ਮੋਰ ਫੇਰ ਕੂਕਣ ਲੱਗ ਪਏ ਸਨ ਤੇ ਚਰਖੇ ਘੁੰਮਣ। ਟੁੱਟੇ ਧਾਗਿਆਂ ਨੂੰ ਗੰਢ ਲੱਗ ਗਿਆ ਸੀ। ਉਹੋ ਜਿਹਾ ਗੰਢ ਹੁਣ ਸੰਭਵ ਨਹੀਂ ਲਗਦਾ। ਇਹ ਉਜਾੜਾ ਭੂਗੋਲਿਕ ਨਹੀਂ, ਸੰਸਕ੍ਰਿਤਕ ਵਿਸਿਮਰਤੀ ਦਾ ਹੈ। ਦਰੀਆਂ ਵਾਲੀ ਪੇਟੀ ਤੇ ਫੁਲਕਾਰੀ ਵਾਲੇ ਸੰਦੂਕ ਟੁੱਟ ਗਏ ਹਨ, ਚਰਖਾ ਘੁਕਣੋਂ ਹਟ ਗਿਆ ਹੈ ਅਤੇ ਮੋਰ ਤੇ ਹਿਰਨ ਲੋਪ ਹੋ ਗਏ ਹਨ। ਲੰਮੀਆਂ ਹੇਕਾਂ ਦੇ ਗੀਤ ਗਾਉਣ ਵਾਲੇ ਸੰਘ ਸੁੱਕ ਗਏ ਹਨ ਤੇ ਗੀਤ ਦਰੀਆਂ ਵਾਂਙੂੰ ਪੁਸਤਕਾਂ ਵਿਚ ਬੰਦ ਹੋ ਗਏ ਹਨ। ਮਨੁੱਖ ਆਪ ਅੱਧਾ ਕੁ ਮਸ਼ੀਨ ਬਣ ਗਿਆ ਹੈ, ਬਾਕੀ ਰੋਬਾਟ ਬਣ ਰਿਹਾ ਹੈ। ਚੂੰਢੀ ਵੱਢੇ ਤੋਂ ਉਹਨੂੰ ਪੀੜ ਨਹੀਂ ਹੁੰਦੀ। ਉਦਾਸ ਹੋਣ ‘ਤੇ ਅੱਥਰੂ ਨਹੀਂ ਆਉਂਦੇ; ਤੇ ਉਹ ਉਵੇਂ ਬੋਲਣਾ ਭੁੱਲ ਗਿਆ ਹੈ ਜਿਵੇਂ ਉਹਦੀਆਂ ਨਾਨੀਆਂ ਦਾਦੀਆਂ ਬੋਲਦੀਆਂ ਹੁੰਦੀਆਂ ਸਨ। ਜਗਦੀਸ਼ ਕੌਰ ਨੇ ਵਿਸਿਮਰਤੀ ਦੀ ਇਸ ਅਨੇਰੀ ਵਿਚ ਉੱਡੇ ਜਾਂਦੇ ਕੁਝ ਪੱਤਿਆਂ ਨੂੰ ਦਰੀਆਂ ਵਾਲੀ ਪੇਟੀ ਵਿਚ ਸਾਂਭਿਆ ਹੈ ਤੇ ਪੰਜਾਬੀ ਇਸਤਰੀ ਦੀ ਦਰੀ ਬੁਣਨ ਦੀ ਕਲਾ ਨੂੰ ਸਲਾਮ ਆਖੀ ਹੈ, ਭਾਵੇਂ ਇਸ ਦੇ ਵਿਦਾ ਹੋਣ ਵੇਲੇ ਹੀ ਆਖੀ ਹੈ। ਆਪਣੇ ਆਪ ਨੂੰ ਵੀ ਆਖੀ ਹੈ ਜਿੰਨੀ ਕੁ ਉਹ ਦਰੀ ਵਿਚ ਸੀ। ਜਦੋਂ ਵੀ ਕੋਈ ਇਸ ਪੇਟੀ ਵਾਲੀ ਪੁਸਤਕ ਨੂੰ ਖੋਲ੍ਹੇਗਾ, ਹੈਰਾਨ ਹੋਵੇਗਾ ਕਿ ਪੰਜਾਬ ਦੀ ਔਰਤ ਦੁੱਖਾਂ ਵਿਚ ਪਿਸਦੀ ਹੋਈ ਵੀ ਜਿਊਣ ਨੂੰ ਰੰਗਾਂ ਵਿਚ ਦੇਖਦੀ ਰਹੀ ਹੈ।
‘ਦਰੀਆਂ ਵਾਲੀ ਪੇਟੀ’ ਵਿਚ ਜਗਦੀਸ਼ ਨੇ ਗਿੱਲੇ ਪੈਰਾਂ ਹੇਠ ਆਈਆਂ ਅਤੇ ਕੂੜੇ ਦੇ ਢੋਲਾਂ ਵਿਚ ਸੁੱਟੀਆਂ ਗਈਆਂ ਦਰੀਆਂ ਦੀਆਂ ਤਸਵੀਰਾਂ ਨਹੀਂ ਦਿੱਤੀਆਂ। ਦਰੀ ਦੀ ਰਾਜਨੀਤੀ ਕਰਨ ਤੋਂ ਸੰਕੋਚ ਕੀਤਾ ਹੈ। ਉਹੀ ਮੂਰਤਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਦੇਖਦਿਆਂ ਕਿਸੇ ਚਿਹਰੇ ‘ਤੇ ਰੌਣਕ ਆ ਜਾਵੇ ਤੇ ਨਿੱਤ ਦੀ ਭੱਜ-ਦੌੜ ਤੋਂ ਸਾਹ ਆ ਜਾਵੇ। ਹੱਸਣ ਨੂੰ ਤੇ ਬੇਥਵੀਆਂ ਮਾਰਨ ਨੂੰ ਜੀਅ ਕਰੇ। ਕੌਫੀ ਦੀ ਘੁੱਟ ਭਰਦਾ ਇਸ ਪੁਸਤਕ ਦੇ ਪੰਨੇ ਫਰੋਲਦਾ ਉਹ ਉਥੇ ਪਹੁੰਚ ਜਾਵੇ ਜਿੱਥੇ ਖਰਗੋਸ਼ ਕੰਨ ਚੁੱਕੀ ਦੌੜਦਾ ਹੈ, ਮੋਰ ਪੈਲ ਪਾਉਂਦਾ ਹੈ ਤੇ ਪਾਲੀ ਕੁੜੀ ਖੂਹ ਤੋਂ ਘੜਾ ਭਰਦੀ ਹੈ। ਜੇ ਇਹ ਹੋ ਜਾਵੇ, ਦਰੀਆਂ ਵਾਲੀ ਪੇਟੀ ਦਾ ਕੰਮ ਹੋ ਗਿਆ। ਇਹ ਪੁਸਤਕ ਏਸ ਪਾਠਕ ਲਈ ਬਣਾਈ ਗਈ ਸੀ; ਤੇ ਸ਼ਾਇਦ ਉਸ ਲਈ ਵੀ ਜਿਹੜਾ ਇਸ ਦੇ ਪੰਨੇ ਊਈਂ ਪਰਤਦਾ ਹੈ, ਬਿਨਾਂ ਕਿਸੇ ਉਦੇਸ਼ ਜਾਂ ਅਰਥ ਤੋਂ; ਬਿਨਾਂ ਕਿਸੇ ਗਉਂ ਜਾਂ ਭਾਲ ਤੋਂ। ਪੰਨੇ ਪਰਤਦਿਆਂ ਊਈਂ ਖੜਕਾ ਸੁਣਨ ਜਾਂ ਕੋਈ ਮੂਰਤ ਦੇਖਣ ਲਈ। ਮੰਡੀ ਵਿਚ ਊਈਂ ਹੋਣਾ ਉਸ ਮੰਡੀ ਨੂੰ ਵੰਗਾਰਨਾ ਹੈ ਜੀਹਨੇ ਦਰੀਆਂ ਕੂੜੇ ਦੇ ਢੋਲਾਂ ਵਿਚ ਸੁੱਟੀਆਂ ਹਨ।
ਤੇ ਦਰੀਆਂ ਵਾਲੀ ਪੇਟੀ ਮੇਰੇ ਆਪਣੇ ਲਈ ਵੀ ਹੈ। ਇਹ ਮੇਰੀ ਸਿਮਰਤੀ ਦਾ ਬੂਹਾ ਖੋਲ੍ਹਦੀ ਹੈ। ਕੈਨੇਡਾ ਤੋਂ ਆਪਣੇ ਪਿੰਡ ਰੋਡੇ ਪਹੁੰਚ ਜਾਂਦਾ ਹਾਂ। ਉਮਰ ਦਾ ਬੋਦਾ ਹੋਇਆ ਚੋਲਾ ਲਹਿ ਜਾਂਦਾ ਹੈ। ਦਰੀ ‘ਤੇ ਬੂਟੀਆਂ ਪਾਉਂਦੀ ਭੈਣ ਨੂੰ ਦੇਖ ਰਿਹਾ ਹਾਂ। ਖਰਗੋਸ਼ ਦੌੜ ਰਿਹਾ ਹੈ, ਮੋਰ ਪੈਲ ਪਾਉਂਦਾ ਤੇ ਬੂਟੇ ਉੱਗ ਰਹੇ ਹਨ। ਮੇਰੀਆਂ ਅੱਖਾਂ ਚੌੜੀਆਂ, ਮੂੰਹ ਖੁੱਲ੍ਹਾ ਰਹਿ ਜਾਂਦਾ ਹੈ। ਨਿੱਕੇ ਹੱਥਾਂ ਵਿਚ ਪੰਜਾ ਫੜ ਕੇ ਮੈਂ ਵੀ ਮੋਰ ਤੋਤੇ ਪਾਉਣ ਲੱਗ ਜਾਂਦਾ ਹਾਂ। ਸਭ ਕੁਝ ਜਿਵੇਂ ਕਿਸੇ ਜਾਦੂ ਵਿਚ ਹੁੰਦਾ ਹੈ। ਕਦੇ-ਕਦੇ ਕਵਿਤਾ ਬਣਾਉਣ ਵੇਲੇ ਵੀ ਇਹੀ ਕੁਝ ਹੁੰਦਾ ਹੈ। ਦਰੀ ਬੁਣਨ ਵਿਚ ਔਰਤ ਸ਼ਾਇਦ ਕਵਿਤਾ ਹੀ ਲਿਖਦੀ ਹੈ। ਸਦੀਆਂ ਤੋਂ ਲਿਖ ਰਹੀ ਹੈ। ਇਹਦੇ ਤਾਣੇ-ਪੇਟੇ ਵਿਚ ਉਹ ਆਪਣੇ ਆਪ ਨੂੰ ਹੀ ਨਹੀਂ, ਮਨੁੱਖ ਪਰਜਾਤੀ ਨੂੰ ਉਣ ਰਹੀ ਹੈ। ਦਰੀ ਮੈਨੂੰ ਪਰਦੇਸੀ ਨਹੀਂ ਹੋਣ ਦਿੰਦੀ। ਕਿਸੇ ਥਾਂ ਵੀ ਹੋਵਾਂ, ਮੇਰੇ ਪੈਰਾਂ ਹੇਠ ਵਿਛੀ ਰਹਿੰਦੀ ਹੈ। ਮੇਰੀ ਸੁਰਤ ਵਿਚ ਲਟਕਦੀ ਰਹਿੰਦੀ ਹੈ।
ਦਰੀ ਇਸ ਸ੍ਰਿਸ਼ਟੀ ਦਾ ਵਿਰਾਟ ਰੂਪਕ (ਮੈਟਾਫਰ) ਹੈ। ਸਾਡੀ ਮਿੱਥ ਵਿਚ ਪ੍ਰਕਿਰਤੀ ਮੰਜਾ ਹੈ ਜਿਸ ਵਿਚ ਪੁਰਸ਼ ਲੇਟਿਆ ਹੋਇਆ ਹੈ। ਇਸਤਰੀ ਦਰੀ ਨਾਲ ਇਸ ਮੰਜੇ (ਪ੍ਰਕਿਰਤੀ) ਨੂੰ ਸਜਾਉਂਦੀ ਤੇ ਰਹਿਣ ਜੋਗ ਕਰਦੀ ਹੈ। ਨਾਨਕ ਜੀ ਇਸ ਮੈਟਾਫਰ ਨੂੰ ਵੱਡਾ ਕਰਦੇ ਹਨ: ਇਸਤਰੀ ਬ੍ਰਹਮਾ, ਵਿਸ਼ਣੂ ਤੇ ਸ਼ਿਵ ਨੂੰ ਜਨਮ ਦੇਣ ਵਾਲੀ ‘ਏਕਾ ਮਾਈ’ ਹੈ। ‘ਦਰੀ’ ਬੁਣਨ ਵਿਚ ਉਹ ਮਨੁੱਖੀ ਸੰਸਾਰ ਨੂੰ ਜਨਮਦੀ, ਪਾਲਦੀ, ਸ਼ਿੰਗਾਰਦੀ ਤੇ ਸਜਾਉਂਦੀ ਰਹਿੰਦੀ ਹੈ। ਕੰਧੋਲੀ ’ਤੇ ਪੋਚਾ ਫੇਰਦੀ ਉਹ ਮੋਰ ਘੁੱਗੀਆਂ ਬਣਾ ਦਿੰਦੀ ਹੈ, ਕੰਧ ਲਿੱਪਦੀ ਪੰਜੇ ਦਾ ਨਿਸ਼ਾਨ ਛਾਪ ਦਿੰਦੀ ਹੈ ਤੇ ਬੱਚੇ ਦਾ ਜੂੜਾ ਕਰਦੀ ਵਿਚ ਲੋਗੜੀ ਦਾ ਫੁੱਲ ਟੰਗ ਦਿੰਦੀ ਹੈ। ਉਹਦਾ ਚਰਖਾ ਘੁੰਮਦਾ ਤੇ ਹੱਥਾ ਚਲਦਾ ਰਹਿੰਦਾ ਹੈ। ਇਸ ਸਿਰਜਣਾ ਵਿਚ ਦਰੀ ਦਾਜ ਦੀ ਵਸਤ ਹੀ ਨਹੀਂ ਰਹਿੰਦੀ; ਉਸ ਦੀ ਹਾਨਣ ਬਣ ਜਾਂਦੀ ਹੈ। ਆਪਣੇ ਹੱਥਾਂ ਨਾਲ ਸਿਰਜੀ ਸਹੇਲੀ। ਦੁਖ-ਸੁਖ ਸੁਣਨ ਵਾਲੀ। ਮਾਰਾਂ ਦੀ ਝੰਬੀ ਨੂੰ ਜਿਊਣ ਜੋਗੀ ਰੱਖਣ ਵਾਲੀ। ਪੁਸਤਕ ਵਿਚ ਬਲਬੀਰ ਕੌਰ ਆਖਦੀ ਹੈ, “ਦਰੀ ਬੁਣਦੀ, ਮਨ ਦੀ ਖ਼ਾਲੀ ਥਾਂ ਭਰਦੀ, ਮਨ ਖਿੜਦਾ, ਦਰੀ ਲਹਿੰਦੀ ਮੈਂ ਉੱਡੀ ਫਿਰਦੀ।” ਦਰੀ ਬੁਣਨ ਵਾਲੀ ਇਕ ਹੋਰ ਆਖਦੀ ਹੈ, “ਦਰੀ ਬੁਣਦਿਆਂ ਮੈਂ ਗਾਉਂਦੀ, ਦਰੀ ਸੁਣਦੀ।”
ਦਰੀ ਪਿੰਡ ਦਾ ਹੀ ਨਹੀਂ, ਸਾਡੇ ਪਰਿਆਵਰਣ (ਵਾਤਾਵਰਣ, ਇਕਾਲੋਜੀ) ਦਾ ਵੀ ਤਾਣਾ-ਪੇਟਾ ਸੀ। ਪਿੰਡ ਦੇ ਬਿਰਖ ਬੂਟੇ, ਝਿੜੀਆਂ ਜੰਗਲ ਸਾਡੇ ਫੇਫੜੇ, ਪਵਨ ਗੁਰੂ, ਪਾਣੀ ਪਿਤਾ ਤੇ ਧਰਤੀ ਮਾਂ ਸੀ। ਇਨ੍ਹਾਂ ਦੀ ਪੂਜਾ ਅੰਧ-ਵਿਸ਼ਵਾਸ ਨਹੀਂ ਸੀ, ਸਾਨੂੰ ਜਿਊਂਦਾ ਰੱਖਣ ਲਈ ਇਨ੍ਹਾਂ ਦਾ ਧੰਨਵਾਦ ਸੀ। ਦਰੀ ਵੀ ਇਸ ਧੰਨਵਾਦ ਦੀ ਭਾਸ਼ਾ ਸੀ। ਪਿੰਡ ਇਸ ਭਾਸ਼ਾ ਵਿਚ ਸਾਹ ਲੈਂਦਾ ਸੀ ਤੇ ਭਾਸ਼ਾ ਪਿੰਡ ਵਿਚ। ਹੁਣ ਉਸ ਪਿੰਡ ਪਰਤਣ ਦਾ ਰਾਹ ਨਹੀਂ ਰਿਹਾ। ਮਸ਼ੀਨ ਨੇ ਸਾਡੀਆਂ ਬਾਹਾਂ ਤੋਂ ਦਰੀਆਂ ਬੁਣਨ ਵਾਲੇ ਹੱਥ ਲਾਹ ਲਏ ਹਨ। ਦਰੀ ਬੁਣਨ ਵੇਲੇ ਮਸ਼ੀਨ ਗਾਉਂਦੀ ਨਹੀਂ, ਨਾ ਦਰੀ ਉਸ ਦਾ ਗੀਤ ਸੁਣਦੀ ਹੈ। ਮਸ਼ੀਨ ਮਨੁੱਖ ਦੇ ਹਰ ਕਰਮ ਵਿਚੋਂ ਮਨੁੱਖ ਨੂੰ ਕੱਢ ਰਹੀ ਹੈ। ਕੂੜੇ ਦੇ ਢੋਲ ਵਿਚ ਇਕੱਲੀ ਦਰੀ ਹੀ ਨਹੀਂ, ਇਸ ਨੂੰ ਬੁਣਨ ਵਾਲੀ ਵੀ ਨਕਾਰੀ ਜਾ ਰਹੀ ਹੈ। ਕੌਫੀ ਪੀਂਦਾ ਇਸ ਪੁਸਤਕ ਦੀਆਂ ਤਸਵੀਰਾਂ ਦੇਖਣ ਵਾਲਾ ਵੀ। ਦਰੀਆਂ ਵਾਲੀ ਪੇਟੀ ਵਿਚ ਜਗਦੀਸ਼ ਕੌਰ ਇਹ ਗੱਲ ਬਿਨਾਂ ਕਹਿਣ ਤੋਂ ਕਹਿ ਰਹੀ ਹੈ, ਇਕਾਲੋਜੀ ਦੇ ਆ ਰਹੇ ਘੱਲੂਘਾਰੇ ਦੀ ਖ਼ਬਰ ਦਰੀ ਦੀ ਚੁੱਪ ਭਾਸ਼ਾ ਵਿਚ।
ਦਰੀ ਦੀ ਸਾਂਝੀ ਸਿਮਰਤੀ ਨੂੰ ਸਾਂਭਣਾ ਇਕੱਲੇ ਦੁਕੱਲੇ ਦਾ ਕੰਮ ਨਹੀਂ, ਕਿਸੇ ਸੰਸਥਾ ਦਾ ਹੈ। ਅਸੀਂ ਆਪਣੇ ਪਿੱਛੇ ਵੱਲ ਦੂਰ ਤੱਕ ਨਹੀਂ ਝਾਕਦੇ। 47 ਦਾ ਸਦਮਾ ਵੀ ਉਨ੍ਹਾਂ ਨੂੰ ਹੀ ਯਾਦ ਹੈ ਜੋ ਵੱਢੇ-ਟੁੱਕੇ ਗਏ ਸਨ। ਅਸੀਂ ਵੀ ਭੁੱਲ ਜਾਵਾਂਗੇ- ਸਾਡੀਆਂ ਪੜਦਾਦੀਆਂ, ਪੜਨਾਨੀਆਂ ਕਿਵੇਂ ਬੋਲਦੀਆਂ ਤੇ ਸੁਫਨੇ ਲੈਂਦੀਆਂ ਸਨ। ਸਾਂਝੀ ਸਿਮਰਤੀ ਬਿਨਾਂ ਅਸੀਂ ਇਕੱਲੇ ਹੋ ਜਾਵਾਂਗੇ। ਇਕੱਲ ਦੇ ਵਿਰੁੱਧ ਇਹੀ ਸਾਡਾ ਆਖ਼ਰੀ ਦਾਅ ਹੈ। ਸਿਮਰਤੀ ਨੂੰ ਸਾਂਭਣਾ ਇਹਨੂੰ ਜਿਊਂਦੀ ਰੱਖਣਾ ਹੈ। ਕਈ ਦੇਸ ਇਹ ਕੁਝ ਕਰ ਰਹੇ ਹਨ, ਅਮਰੀਕਾ ਵਰਗਾ ਦੇਸ ਵੀ ਜਿਸ ਦੇ ਮਹਾਂ ਨਗਰਾਂ ਵਿਚ ਅਨੇਕਾਂ ਲੋਕ ਆਪਣੇ ਗੁਆਂਢੀ ਨੂੰ ਬਿਨਾਂ ਜਾਣਿਆਂ ਬੀਤ ਜਾਂਦੇ ਹਨ। ਇਕ ਉਦਾਹਰਨ ਕੈਂਟਕੀ ਪ੍ਰਾਂਤ ਦੇ ਪਜੂਕਾ (ਫਅਦੁਚਅਹ, ਖੲਨਟੁਚਕੇ) ਨਗਰ ਦੀ ਹੈ। ਇਸ ਦੇ ਰਜ਼ਾਈ ਕਲਾ ਘਰ (ਥੁਲਿਟ ੁੰਸੲੁਮ) ਵਿਚ ਹਰ ਵਰ੍ਹੇ 40 ਹਜ਼ਾਰ ਦਰਸ਼ਕ ਰਜ਼ਾਈ ਕਲਾ ਦੇ ਨਮੂਨੇ ਦੇਖਣ ਆਉਂਦੇ ਹਨ। ਅਜੇ ਲੋਕ ਇਕ ਦੂਜੇ ਨੂੰ ਦੇਖ ਕੇ ਮੁਸਕਰਾਉਣਾ ਨਹੀਂ ਭੁੱਲੇ। ਕਲਾ ਦੀ ਕਿਰਤ ਉਨ੍ਹਾਂ ਨੂੰ ਹੋਰ ਨੇੜੇ ਕਰ ਦਿੰਦੀ ਹੈ।
ਇਹ ਕਲਾ ਪੰਜਾਬ ਵਿਚ ਵੀ ਵਰਤ ਸਕਦੀ ਹੈ। ਕੂੜੇ ਦੇ ਢੋਲ ਵਿਚ ਪਈ ਦਰੀ ਨੂੰ ਵੀ ਸੁਫਨਾ ਆ ਸਕਦਾ ਹੈ ਕਿ ਉਹ ਕੇਵਲ ਵਿਛਾਉਣਾ ਨਹੀਂ, ਕਲਾ ਕ੍ਰਿਤੀ ਵੀ ਹੈ, ਕਲਾ ਭਵਨ ਵਿਚ ਸਾਂਭਣ ਤੇ ਦੇਖਣ ਵਾਲੀ। ਇਹ ਪੁਸਤਕ ਦਰੀ ਦਾ ਕਲਾ ਭਵਨ ਉਸਾਰਨ ਦੀ ਵਕਾਲਤ ਨਹੀਂ ਕਰਦੀ ਪਰ ਸੰਕੇਤ ਕਰਦੀ ਹੈ ਕਿ ਜੇ ਦਰੀਆਂ ਲਈ ਕਲਾ ਭਵਨ ਨਹੀਂ ਤਾਂ ਕੂੜੇ ਦਾ ਢੋਲ ਹੈ। ਕੂੜੇ ਦੇ ਢੋਲ ਵਿਚ ਦਰੀ ਨਾਲ ਹੋਰ ਕੀ ਜਾਵੇਗਾ, ਇਹਦਾ ਅਨੁਮਾਨ ਲਾਉਣਾ ਸੌਖਾ ਨਹੀਂ। ਸੰਭਵ ਹੈ, ਇਹ ਪੁਸਤਕ ਦੇਖਦਿਆਂ-ਦੇਖਦਿਆਂ ਪੰਨੇ ਤੋਂ ਮੂਰਤ ਲੋਪ ਹੋ ਜਾਵੇ ਤੇ ਪਿੱਛੇ ਉਕਤ ਪ੍ਰਸ਼ਨ ਰਹਿ ਜਾਵੇ। ਪਿਆਲੇ ਵਿਚਲੀ ਕੌਫੀ ਠੰਢੀ ਹੋ ਜਾਵੇ।