ਕਾਂਗਰਸ ਮੈਨੀਫੈਸਟੋ, ਆਪ ਤੇ ਕੱਚਾਥੀਵੂ ਟਾਪੂ

ਗੁਲਜ਼ਾਰ ਸਿੰਘ ਸੰਧੂ
ਜਿਉਂ ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ| ਦੇਸ਼ ਦੀ ਵਰਤਮਾਨ ਸਰਕਾਰ ਦੇ ਪੈਰ ਉਖੜਦੇ ਜਾਪ ਰਹੇ ਹਨ| ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਮੁਸਲਿਮ ਲੀਗ ਦਾ ਅਕਸ ਦਿਖਾਈ ਦੇਣਾ, ਨਵੀਂ ਦਿੱਲੀ ਦੇ ਕਾਇਮ ਮੁਕਾਮ ਮੁੱਖ ਮੰਤਰੀ ਨੂੰ ਸਲਾਖਾਂ ਪਿੱਛੇ ਹੋੜਨਾ ਤੇ ਇਕ ਨਿਕਚੂ ਜਿਹੇ ਟਾਪੂ ਕੱਚਾਥੀਵੂ ਦਾ ਦੇਸ਼ ਦੀ ਸੁਰੱਖiਆ ਲਈ ਖਤਰਨਾਕ ਦਿਖਾਈ ਦੇਣਾ ਇਸਦੀ ਪੁਸ਼ਟੀ ਕਰਦੇ ਹਨ|

ਕਾਂਗਰਸ ਦੇ ਚੋਣ ਮਨੋਰਥ ਪੱਤਰ ਵਾਲਾ ਮੁੱਦਾ ਤਾਂ ਚੋਣ ਕਮਿਸ਼ਨ ਤੱਕ ਪਹੁੰਚ ਚੁੱਕਾ ਹੈ| ਇਸਨੇ ਸ਼ਾਂਤ ਸੁਭਾਅ ਕਾਂਗਰਸ ਪ੍ਰਧਾਨ ਮਲਿਕਾਰੰਜਨ ਖੜਗੇ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦੇ ਪੁਰਖਿਆਂ ਨੇ ਸੁਤੰਤਰਤਾ ਸੰਗਰਾਮ ਸਮੇਂ ਅੰਗਰੇਜ਼ਾਂ ਤੇ ਮੁਸਲਿਮ ਲੀਗ ਦੀ ਹਮਾਇਤ ਕੀਤੀ ਸੀ| ਇਹ ਵੀ ਕਿ 1942 ਵਿਚ ਉਨ੍ਹਾਂ ਨੇ ਮਹਾਤਮਾ ਗਾਂਧੀ ਤੇ ਮੌਲਾਨਾ ਆਜ਼ਾਦ ਦੀ ਅਗਵਾਈ ਵਾਲੇ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕੀਤਾ ਸੀ ਤੇ ਇਸ ਤੋਂ ਪਹਿਲਾਂ 1940 ਵਿਚ ਮੁਸਲਿਮ ਲੀਗ ਨਾਲ ਮਿਲ ਕੇ ਬੰਗਾਲ, ਸਿੰਧ ਤੇ ਐਨ ਡੀ ਐਫ ਪੀ ਵਿਚ ਸਰਕਾਰ ਵੀ ਬਣਾ ਚੁੱਕੇ ਸਨ| ਵਰਤਮਾਨ ਸਰਕਾਰ ਉੱਤੇ ਆਰ ਐਸ ਐਸ ਦੀ ਛਾਪ ਨੂੰ ਹੋਰ ਉਜਾਗਰ ਕਰਦਿਆਂ ਸ੍ਰੀ ਖੜਗੇ ਨੇ ਇਹ ਵੀ ਕਿਹਾ ਕਿ ਕਾਂਗਰਸ ਨਿਆਇ ਪੱਤਰ ਨੇ ਆਰ ਐਸ ਐਸ ਨੂੰ ਉਨ੍ਹਾਂ ਦੇ ਪੁਰਖਿਆਂ ਦੀ ਮੁਸਲਿਮ ਲੀਗ ਨਾਲੋਂ ਭਾਈਵਾਲੀ ਮਿੱਤਰਤਾ ਚੇਤੇ ਕਰਵਾ ਦਿੱਤੀ ਹੈ|
ਨਵੀਂ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਰੱਖੋ ਜਾਣ ਉੱਤੇ ਦਿੱਲੀ ਹਾਈਕੋਰਟ ਦੀ ਟਿੱਪਣੀ ਵੀ ਮੋਦੀ ਸਰਕਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ| ਮੋਦੀ ਵਲੋਂ ਭੁੱਲੇ ਵਿਸਰੇ ਟਾਪੂ ਕੱਚਾਥੀਵੂ ਦਾ ਮੁੱਦਾ ਉਠਾਉਣਾ ਤਾਂ ਨਿਰਾ ਹਾਸੋਹੀਣਾ ਹੈ| ਉਸਨੂੰ ਇਹ ਵੀ ਨਹੀਂ ਪਤਾ ਕਿ ਸ੍ਰੀਲੰਕਾ ਨਾਲ ਸਾਡੇ ਰਾਜਨੀਤਕ ਸਬੰਧ ਅਗਸਤ 1983 ਤੋਂ ਬਿਨਾਂ ਸਦਾ ਹੀ ਸੁਖਾਵੇਂ ਰਹੇ ਹਨ ਕਿ ਕਿਸੇ ਸਮੇਂ ਜੈਪ੍ਰਕਾਸ਼ ਨਾਰਾਇਣ ਦੇ ਪ੍ਰਭਾਵ ਥੱਲੇ ਆਏ ਅਜੋਕੇ ਲੀਡਰਾਂ ਦੇ ਪੁਰਖੇ ਸ੍ਰੀਲੰਕਨ ਨੇਤਾ ਫਿਲਿਪ ਗੁਨਾਵਾਰ ਦੇਨਾ ਨੂੰ ਅੰਗਰੇਜ਼ਾਂ ਨੇ ਭਾਰਤ ਦਾ ਹਮਦਰਦ ਹੋਣ ਕਾਰਨ ਮੁੰਬਈ ਦੀ ਜੇਲ੍ਹ ਵਿਚ ਬੰਦ ਕਰ ਛਡਿਆ ਸੀ| ਇਹ ਗੱਲ ਸੱਚ ਹੈ ਕਿ 1983 ਵਿਚ ਸ੍ਰੀਲੰਕਨ ਨੇ ਆਪਣੇ ਦੇਸ਼ ਵਿਚ ਵਸਦੇ ਤਾਮਿਲਾਂ ਦੀਆਂ ਦੁਕਾਨਾ ਲੁੱਟ ਕੇ ਉਨ੍ਹਾਂ ਨੂੰ ਅੱਗ ਨਾਲ ਫੂਕ ਛੱਡਿਆ ਸੀ| ਉਨ੍ਹਾਂ ਦਿਨ ਵਿਚ ਮੈਂ ਇਕ ਕਾਨਫਰੰਸ ਵਿਚ ਹਿੱਸਾ ਲੈਣ ਉਥੇ ਗਿਆ ਹੋਇਆ ਸੀ| ਮੈਂ ਝਾੜਫੂਕ ਦਾ ਸ਼ਿਕਾਰ ਹੋਈ ਤਾਮਿਲ ਜਾਇਦਾਦ ਹੀ ਨਹੀਂ ਤੱਕੀ ਹਵਾਈ ਅੱਡੇ ਉਤੇ ਉਨ੍ਹਾਂ ਨੂੰ ਭਾਰਤ ਆਉਣ ਲਈ ਸੀਟਾਂ ਵਾਸਤੇ ਤਰਲੇ ਲੈਂਦੇ ਵੀ ਤੱਕਿਆ ਹੈ|
ਮੈਂ ਆਪਣੇ ਜੀਵਨ ਵਿਚ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਕਈ ਵਾਰ ਤੱਕ ਚੁੱਕਿਆ ਹਾਂ| ਸਨ ਸੰਤਾਲੀ ਵਿਚ ਸੀਮਾ ਦੇ ਇਸ ਪਾਸੇ ਮੁਸਲਮਾਨਾਂ ਦੀ ਵੱਢ ਟੁੱਕ ਅਤੇ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਪਿਛੋਂ ਦੇਸ਼ ਭਰ ਦੇ ਸਿਖਰ ਉੱਤੇ ਆਈ ਆਫਤ ਸਮੇਤ| ਪੰਜਾਬੀ ਸੂਬੇ ਦੀ ਮੰਗ ਸਮੇਂ ਹਰਿਆਣਾ ਤੇ ਪੰਜਾਬ ਵਿਚਲਾ ਰਾਜਨੀਤਕ ਤਣਾਓ ਵੀ ਕਈ ਜਾਨਾਂ ਦਾ ਖੌਅ ਬਣਿਆ| ਮੈਂ ਇਹ ਸਭ ਕੁੱਝ ਅੱਖੀਂ ਤੱਕਿਆ ਹੈ ਤੇ ਇਸ ਬਾਰੇ ਲਿਖਿਆ ਸਾਹਿਤ ਵੀ ਪੜ੍ਹਿਆ ਹੈ| ਪੁੱਛਦੇ ਹੋ ਤਾਂ ਮੈਂ ਇਹ ਵੀ ਤੱਕਿਆ ਹੈ ਕਿ ਕਿਸੇ ਵੇਲੇ ਇੱਕ ਦੂਜੇ ਦੇ ਦੁਸ਼ਮਣ ਬਣੇ ਇਹ ਲੋਕੀਂ ਇੱਕ ਦੂਜੇ ਨੂੰ ਮੁੜ ਜੱਫੀਆਂ ਪਾਉਂਦੇ ਹਨ| ਸੱਚੀ ਗੱਲ ਤਾਂ ਇਹ ਹੈ ਕਿ ਆਦਮੀ ਦਾ ਇਹ ਪੁੱਤ ਬਹੁਤ ਚੰਗੇ ਕੰਮ ਵੀ ਕਰਦਾ ਹੈ ਪਰ ਮਾੜੇ ਕੰਮਾਂ ਤੋਂ ਵੀ ਬਾਜ਼ ਨਹੀਂ ਆਉਂਦਾ|
ਮੈਂ 1998 ਦੀ ਆਪਣੀ ਪਾਕਿਸਤਾਨ ਫੇਰੀ ਸਮੇਂ ਉਥੋਂ ਦੇ ਵਸਨੀਕਾਂ ਤੋਂ ਲੱਖ-ਲੱਖ ਸਲਾਮਾਂ ਕਬੂਲ ਕਰ ਕੇ ਉਨ੍ਹਾਂ ਦੀ ਪ੍ਰਾਹੁਣਚਾਰੀ ਵੀ ਮਾਣ ਚੁੱਕਿਆ ਹਾਂ| 20-25 ਬੁਰਕੇ ਵਾਲੀਆਂ ਪਾਕਿਸਤਾਨਣਾਂ ਦੀ ਬੇਨਤੀ ਉਤੇ ਉਨ੍ਹਾਂ ਵਿਚ ਖਲੋਅ ਕੇ ਖਿਚਵਾਈ ਫੋਟੋ ਸਮੇਤ|
ਮੋਦੀ ਸਰਕਾਰ ਦਾ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਮੁਸਲਿਮ ਲੀਗੀ ਕਹਿਣਾ, ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਡਕਣਾ ਤੇ ਇੰਦਰਾਂ ਗਾਂਧੀ ਵਲੋਂ ਕੱਚਾਥੀਵੂ ਟਾਪੂ ਸ੍ਰੀਲੰਕਾ ਦਾ ਹਿੱਸਾ ਬਣਾਏ ਜਾਣ ਨੂੰ ਦੇਸ਼ ਲਈ ਖਤਰਾ ਦੱਸਣਾ ਆਗਾਮੀ ਚੋਣਾਂ ਤੋਂ ਬੌਖਲਾਏ ਹੋਣ ਦਾ ਚਿੰਨ੍ਹ ਹੈ| ਨਤੀਜਾ ਕੀ ਨਿਕਲਦਾ ਹੈ ਸਮੇਂ ਨੇ ਦੱਸਣਾ ਹੈ| ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਨਵੇਂ ਫੈਲੋ
ਬੀਤੇ ਹਫਤੇ ਨਵੀਂ ਦਿੱਲੀ ਵਿਖੇ ਹੋਈ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿਚ ਡਾ. ਰਵੇਲ ਸਿੰਘ, ਕਨਵੀਨਰ ਪੰਜਾਬੀ ਬੋਰਡ, ਸਾਹਿਤ ਅਕਾਡਮੀ ਨਵੀਂ ਦਿੱਲੀ ਤੋਂ ਭਾਪਾ ਪ੍ਰੀਤਮ ਸਿੰਘ ਮੈਮੋਰੀਅਲ ਲੈਕਚਰ ਕਰਵਾਉਣ ਸਮੇਤ ਪੰਜਾਬੀ ਦੇ ਤਿੰਨ ਲੇਖਕਾਂ ਨੂੰ ਫੈਲੋਸ਼ਿਪ ਦੇਣ ਦਾ ਫੈਸਲਾ ਲਿਆ ਗਿਆ ਹੈ| ਉਹ ਹਨ ਕੇਵਲ ਧਾਲੀਵਾਲ, ਕਾਨਾ ਸਿੰਘ ਤੇ ਪ੍ਰੇਮ ਪ੍ਰਕਾਸ਼। ਕੇਵਲ ਧਾਲੀਵਾਲ ਜਾਣਿਆ ਪਹਿਚਾਣਿਆ ਨਾਟਕਕਾਰ ਹੈ, ਜਿਸ ਨੇ ਸਨ ਸੰਤਾਲੀ ਬਾਰੇ ਕਈ ਨਾਟਕ ਲਿਖੇ ਹਨ| ਰੰਗ-ਮੰਚ ਦੀ ਸਰਦਾਰੀ ਸਦਕਾ ਉਹ ਪੰਜਾਬ ਸੰਗੀਤ ਨਾਟਕ ਅਕਾਡਮੀ ਚੰਡੀਗੜ੍ਹ ਦਾ ਪ੍ਰਧਾਨ ਹੈ|
ਪ੍ਰੇਮ ਪ੍ਰਕਾਸ਼ ਨੇ ਕਈ ਸਾਲ ਉਰਦੂ ਅਖਬਾਰ ‘ਹਿੰਦ ਸਮਾਚਾਰ ਵਿਚ ਕੰਮ ਕਰਨ ਉਪਰੰਤ ‘ਲਕੀਰ’ ਨਾਂ ਦਾ ਪੰਜਾਬੀ ਰਸਾਲਾ ਕੱਢਿਆ ਜਿਹੜਾ ਬੜਾ ਮਕਬੂਲ ਹੋਇਆ| ਉਹਦੇ ਨਾਲ ਗੱਲਬਾਤ ਕਰਨ ਦਾ ਬੜਾ ਮਜ਼ਾ ਆਉਂਦੈ| ਇਹ ਜ਼ਰੂਰੀ ਨਹੀਂ ਕਿ ਉਹ ਜੋ ਵੀ ਬੋਲੇ ਸੋਲਾਂ ਆਨੇ ਸੱਚ ਹੋਵੇ| ਉਂਝ ਉਸ ਦੀ ਪ੍ਰਮੁੱਖ ਪਹਿਚਾਣ ਕਹਾਣੀਕਾਰ ਵਜੋਂ ਹੈ|
ਕਾਨਾ ਸਿੰਘ ਪਾਕਿਸਤਾਨ ਵਿਚ ਰਹਿ ਗਏ ਗੁਜਰਖਾਨੇ ਦੀ ਜੰਮਪਲ ਹੈ| ਉਹ ਕਵਿਤਾ ਲਿਖਦੀ ਹੈ, ਯਾਦਾਂ ਦੇ ਚਿੱਤਰ ਵੀ ਤੇ ਬਾਲ ਕਹਾਣੀਆਂ ਵੀ| ਉਸਦੀ ਵਡਿਆਈ ਵੀ ਉਸਦੇ ਕੱਦ ਵਿਚ ਨਹੀਂ, ਅਸਰ ਰਸੂਖ ਵਿਚ ਹੈ| ਹੁਣੇ ਹੁਣੇ ਉਸਨੂੰ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਗੁਜਰਾਂਵਾਲਾ ਕੈਂਪਸ, ਲੁਧਿਆਣਾ ਨੇ ਇਕ ਵੱਡੀ ਕਾਨਫਰੰਸ ਵਿਚ 21,000 ਰੁਪਏ ਦੀ ਥੈਲੀ ਦੇ ਕੇ ਨਿਵਾਜਿਆ ਹੈ|
ਨਿੱਕ ਸੁੱਕ ਵਲੋਂ ਤਿੰਨਾਂ ਨੂੰ ਵਧਾਈਆਂ|
ਅੰਤਿਕਾ
—ਤਜੱਮਲ ਕਲੀਮ (ਪਾਕਿਸਤਾਨ)—
ਪਹਿਲਾਂ ਸਾਰੇ ਵਿਹਲੇ ਬੈਠੇ ਹੁੰਦੇ ਸੀ
ਉਸਦੇ ਰੂਪ ਨੇ ਸ਼ਹਿਰ ਨੂੰ ਆਹਰੇ ਲਾ ਦਿੱਤਾ
ਦਿਲ ਕਰਦਾ ਏ ਸਦਕੇ ਜਾਵਾਂ ਪੋਤੇ ਦੇ
ਮੇਰੇ ਪਿਛਲੇ ਪਹਿਰ ਨੂੰ ਆਹਰੇ ਲਾ ਦਿੱਤਾ
ਯਾਰ ਕਲੀਮ ਪਾਣੀ ਰੁਕਿਆ ਹੋਇਆ ਸੀ
ਉਹਦੇ ਪੈਰਾਂ ਨਹਿਰ ਨੂੰ ਆਹਰੇ ਲਾ ਦਿੱਤਾ।