ਪੰਜਾਬ ਦੇ ਦੁਖਾਂਤ ਤੋਂ ਅਕਾਲੀ ਅਤੇ ਕਾਂਗਰਸੀ ਹਾਕਮਾਂ ਨੇ ਕੋਈ ਸਬਕ ਨਾ ਸਿੱਖਿਆ!
ਜਗਰੂਪ ਸਿੰਘ ਸੇਖੋਂ
ਪਿਛਲੇ ਸਮੇਂ ਵਿਚ ਹੋਈਆਂ ਕੁਝ ਅਣਸੁਖਾਵੀਆਂ ਘਟਨਾਵਾਂ ਤੇ ਖ਼ਾਸ ਕਰਕੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਖਾਲਿਸਤਾਨ ਦੇ ਮੁੱਦੇ ’ਤੇ ਦੇਸ਼ ਦੁਨੀਆ ਵਿਚ ਇਕ ਨਵੀਂ ਬਹਿਸ ਸ਼ੁਰੂ ਹੋਈ। ਇਸ ਘਟਨਾ ਤੋਂ ਬਾਅਦ ਕੈਨੇਡਾ ਦੀ ਪਾਰਲੀਮੈਂਟ ਵਿਚ ਉਥੋਂ ਦੇ ਪ੍ਰਧਾਨ ਮੰਤਰੀ ਵਲੋਂ ਇਸ ਕਤਲ ਬਾਰੇ ਦਿੱਤੇ ਬਿਆਨ ਨੇ ਇਸ ਮਸਲੇ ਦੀ ਉਲਝਣ ਨੂੰ ਪਿਛਲੇ ਸਮੇਂ ਦੌਰਾਨ ਹੋਰ ਵੀ ਪੇਚੀਦਾ ਬਣਾਈ ਰੱਖਿਆ ਹੈ।
ਏਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਵਿਚ 1978 ਵਿਚ ਹੋਏ ਨਿਰੰਕਾਰੀ ਅਖੰਡ ਕੀਰਤਨੀ ਜਥੇ ਦੀ ਲੜਾਈ ਵਿਚ ਸ਼ੁਰੂ ਹੋਈ ਦਾਸਤਾਨ ਅੰਤ ਵਿਚ ਕਈ ਪੜਾਅ ਪਾਰ ਕਰਦੀ ਹੋਈ ਪੰਜਾਬ ਤੇ ਪੰਜਾਬ ਦੇ ਲੋਕਾਂ ਤੇ ਦੇਸ ਲਈ ਵੱਡੀ ਤਬਾਹੀ ਦਾ ਕਾਰਨ ਬਣੀ। ਇਸ ਤ੍ਰਾਸਦੀ ਵਿਚੋਂ ਪੰਜਾਬ ਵਿਚ 30,000 ਤੋਂ ਵੱਧ ਲੋਕਾਂ ਨੂੰ ਸਰਕਾਰੀ ਤੇ ਗ਼ੈਰ-ਸਰਕਾਰੀ ਅਤਿਵਾਦ ਹੱਥੋਂ ਜਾਨ ਗਵਾਉਣੀ ਪਈ। ਬਹੁਤ ਵੱਡੀ ਗਿਣਤੀ ਵਿਚ ਪਿੰਡਾਂ ਵਿਚੋਂ ਹਿਜਰਤ ਹੋਈ ਜਿਸ ਨੇ ਪੇਂਡੂ ਖੇਤਰ ਦੇ ਸਮਾਜਿਕ, ਰਾਜਨੀਤਕ, ਆਰਥਿਕ ਤੇ ਸਭਿਆਚਾਰਕ ਤਾਣੇ-ਬਾਣੇ ਦੀ ਤਹਿਸ-ਨਹਿਸ ਕਰ ਦਿੱਤੀ। ਸਭ ਤੋਂ ਵੱਧ ਪ੍ਰਭਾਵਿਤ ਵਿਦਿਆ, ਸਿਹਤ ਸਹੂਲਤਾਂ, ਪੰਚਾਇਤੀ ਰਾਜ ਤੇ ਹੋਰ ਉਹ ਸੰਸਥਾਵਾਂ ਹੋਈਆਂ ਜਿਹੜੀਆਂ ਹੱਸਦੇ-ਵਸਦੇ ਪੰਜਾਬ ਦੀਆਂ ਜੜ੍ਹਾਂ ਸਨ। ਪੰਦਰਾਂ ਸਾਲਾਂ ਦੀ ਤਬਾਹੀ ਤੋਂ ਬਾਅਦ ਪੰਜਾਬ ਵਿਚ ਆਮ ਹਾਲਾਤ ਪੈਦਾ ਹੋਏ। ਪਰ ਪਿਛਲੇ 30 ਸਾਲ ਤਕ ਰਾਜ ਕਰਨ ਵਾਲੀਆਂ ਦੋ ਧਿਰਾਂ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਦੀ ਤ੍ਰਾਸਦੀ ਨੂੰ ਖ਼ਤਮ ਕਰਨ ਤੇ ਅਤਿਵਾਦ ਤੇ ਉਸਦੇ ਬਾਅਦ ਪੈਦਾ ਹੋਈ ਢਾਂਚਾਗਤ ਸਮੱਸਿਆ ਵੱਲੋਂ ਨਾ ਕੇਵਲ ਮੂੰਹ ਮੋੜੀ ਰੱਖਿਆ, ਸਗੋਂ ਇਸ ਦੀਆਂ ਸਮੱਸਿਆਵਾਂ ਵਿਚ ਅਥਾਹ ਵਾਧਾ ਵੀ ਕੀਤਾ। ਇਸ ਦੇ ਨਤੀਜੇ ਵਜੋਂ ਪੰਜਾਬ ਬਰਬਾਦੀ ਦੀ ਕਗਾਰ ਵੱਲ ਧੱਕਿਆ ਗਿਆ ਤੇ ਹੌਲੀ ਹੌਲੀ ਲੋਕਾਂ ਦਾ ਆਪਣੇ ਆਪ ਤੋਂ ਵੀ ਵਿਸ਼ਵਾਸ ਉੱਠਣ ਲੱਗ ਪਿਆ। ਇਸ ਸਮੇਂ ਵਿਚ ਰਿਸ਼ਵਤਖੋਰੀ ਵਿਚ ਅਥਾਹ ਵਾਧਾ, ਰਾਜਨੀਤਕ ਲੀਡਰਾਂ ਦਾ ਗ਼ੈਰ-ਜ਼ਿੰਮੇਵਾਰ ਰਵੱਈਆ ਤੇ ਬਦਲਾਖੋਰੀ ਦੀ ਰਾਜਨੀਤੀ, ਨਸ਼ਿਆਂ ਦਾ ਵਧਦਾ ਜਾਲ ਤੇ ਧੰਦਾ, ਮਨੁੱਖੀ ਅਧਿਕਾਰਾਂ ਦਾ ਘਾਣ, ਸਰਕਾਰੀ ਤੰਤਰ ਦੀ ਰਾਜਸੀ ਮੁਫਾਦਾਂ ਵਾਸਤੇ ਵਰਤੋਂ, ਸਿੱਖਿਆ ਤੇ ਸਿਹਤ ਦੇ ਖੇਤਰ ਦੀ ਅਣਗਹਿਲੀ, ਕਿਸਾਨਾਂ ਤੇ ਮਜ਼ਦੂਰਾਂ ਦੀ ਦਿਨੋਂ-ਦਿਨ ਪਤਲੀ ਹੁੰਦੀ ਗਈ ਹਾਲਤ, ਬੇਰੁਜ਼ਗਾਰੀ, ਅਣਚਾਹਿਆ ਪਰਵਾਸ, ਗੈਂਗਵਾਰ ਦੀ ਉਤਪਤੀ ਤੇ ਇਸ ਨੂੰ ਰਾਜਸੀ ਸ਼ਹਿ ਆਦਿ ਨੇ ਪੰਜਾਬ ਤੇ ਪੰਜਾਬ ਦੇ ਲੋਕਾਂ ਅੱਗੇ ਵੱਡੇ ਸਵਾਲ ਖੜ੍ਹੇ ਕੀਤੇ। ਇਸ ਦੇ ਨਾਲ ਹੀ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਮੁਫਾਦਾਂ ਵਾਸਤੇ ਲੋਕਾਂ ਵਿਚ ਧਰਮ ਤੇ ਜਾਤ-ਪਾਤ ਦੇ ਆਧਾਰ `ਤੇ ਪਈਆਂ ਵੰਡਾਂ ਤੇ ਝਗੜਿਆਂ ਨੇ ਸਥਿਤੀ ਨੂੰ ਹੋਰ ਉਲਝਾ ਰੱਖਿਆ ਹੈ। ਕੁਲ ਮਿਲਾ ਕੇ ਇਨ੍ਹਾਂ ਸਾਰੇ ਕਾਰਨਾਂ ਕਰਕੇ ਪੰਜਾਬ ਇਕ ਵਾਰੀ ਫਿਰ ਚੁਰਾਹੇ ’ਤੇ ਖੜ੍ਹਾ ਹੈ ਜਿਸ ਦੇ ਅੱਗੇ ਪਿੱਛੇ ਡੂੰਘੇ ਖੱਡ ਹਨ। ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਹਿੰਮਤ ਕਰ ਕੇ 2022 ਵਿਚ ਇਨ੍ਹਾਂ ਮਸਲਿਆਂ ਦੇ ਢਾਂਚਾਗਤ ਹੱਲ ਕਰਵਾਉਣ ਲਈ ਵੱਡਾ ਹੰਭਲਾ ਮਾਰਿਆ ਸੀ ਪਰ ਲਗਦਾ ਹੈ ਉਨ੍ਹਾਂ ਨੂੰ ਸ਼ਾਇਦ ਇਸ ਤੋਂ ਵੀ ਨਿਰਾਸ਼ਾ ਦਾ ਮੂੰਹ ਦੇਖਣਾ ਪਵੇ।
ਇਹ ਲੇਖ ਪੰਜਾਬ ਵਿਚ ਚੱਲੀ ਖਾਲਿਸਤਾਨੀ ਲਹਿਰ (1978-92) ਵਿਚ ਇਕ ਬਹੁਤ ਵੱਡੀ ਅਤਿਵਾਦੀ ਜਥੇਬੰਦੀ ਖਾਲਿਸਤਾਨ ਕਮਾਂਡੋ ਫੋਰਸ (ਜ਼ਫਰਵਾਲ) ਨਾਲ 19 ਜਨਵਰੀ 2017 ਵਿਚ ਹੋਈ ਵਿਸਥਾਰਪੂਰਵਕ ਇੰਟਰਵਿਊ ’ਤੇ ਆਧਾਰਤ ਹੈ। ਇਸ ਵਿਚ ਮੇਰੇ ਨਾਲ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਦੇ ‘ਠੲਰਰੋਰ ਨਿ ਟਹੲ ਮਨਿਦ ੋਾ ਗੋਦ: ਠਹੲ ਘਲੋਬਅਲ ਰਸਿੲ ੋਾ ਰੲਲਗਿiੋੁਸ ਵiੋਲੲਨਚੲ ਅਤੇ ਹੋਰ ਕਈ ਚਰਚਿਤ ਕਿਤਾਬਾਂ ਦੇ ਲੇਖਕ ਪ੍ਰੋਫੈਸਰ ਮਾਰਕ ਯੁਰਜਨਮੇਅਰ ਸਨ। ਇਹ ਇੰਟਰਵਿਊ ਵੱਸਣ ਸਿੰਘ ਜ਼ਫਰਵਾਲ ਦੇ ਆਪਣੇ ਖੇਤਾਂ ਵਿਚ ਬਣੇ ਹੋਏ ਇਕ ਘਰ ਵਿਚ ਕੀਤੀ ਗਈ। ਇਸ ਦਾ ਮੁੱਖ ਕਾਰਨ ਉਸ ਸਮੇਂ ਵਾਪਰਨ ਵਾਲੀਆਂ ਘਟਨਾਵਾਂ ਤੇ ਉਨ੍ਹਾਂ ਨਾਲ ਸੰਬੰਧਤ ਵੇਰਵੇ ਦਾ ਪਤਾ ਕਰਨਾ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਨਾਲ ਸੰਬੰਧਤ ਖਾਲਿਸਤਾਨ ਦੀ ਲਹਿਰ ਬਾਰੇ ਸੈਂਕੜੇ ਕਿਤਾਬਾਂ ਤੇ ਹਜ਼ਾਰਾਂ ਆਰਟੀਕਲ ਲਿਖੇ ਗਏ। ਇਨ੍ਹਾਂ ਵਿਚ ਖਾਲਿਸਤਾਨ ਲਹਿਰ ਦੇ ਪੈਦਾ ਹੋਣ ਦੇ ਬਹੁਤ ਸਾਰੇ ਕਾਰਨ ਦੱਸੇ ਗਏ ਹਨ ਪਰ ਇਹ ਲਹਿਰ ਇਕਦਮ ਕਿਵੇਂ ਖ਼ਤਮ ਹੋ ਗਈ, ਇਸ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਸਾਡਾ ਮਕਸਦ ਉਸ ਲਹਿਰ ਵਿਚ ਵੱਡਾ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਲੈਣਾ ਸੀ।
ਵੱਸਣ ਸਿੰਘ ਜ਼ਫਰਵਾਲ, ਗੁਰਦਾਸਪੁਰ ਨੇੜਲੇ ਪਿੰਡ ਜ਼ਫਰਵਾਲ ਦੇ ਇਕ ਸਾਧਾਰਨ ਕਿਸਾਨ ਪਰਿਵਾਰ ਨਾਲ ਸੰਬੰਧਤ ਹੈ। ਉਸ ਦੀਆਂ ਦੋ ਭੈਣਾਂ ਤੇ ਤਿੰਨ ਭਰਾ ਹਨ ਤੇ ਉਨ੍ਹਾਂ ਦੀ ਕੁਲ ਜ਼ਮੀਨ 10-12 ਏਕੜ ਹੈ। ਉਹ ਅੱਠ ਜਮਾਤ ਤਕ ਪੜ੍ਹਿਆ ਹੋਇਆ ਹੈ। ਉਸ ਦੇ ਪਰਿਵਾਰ ਦਾ ਪਿਛੋਕੜ ਅਕਾਲੀ ਹੈ। ਉਸ ਦੇ ਦਾਦੇ ਨੇ ਪੰਜਾਬੀ ਸੂਬਾ ਲਹਿਰ ਵਿਚ ਹਿੱਸਾ ਲਿਆ ਤੇ ਪਿਤਾ ਨੇ ਅਕਾਲੀ ਦਲ ਵੱਲੋਂ ਸਤਲੁਜ-ਯਮਨਾ ਲਿੰਕ ਲਹਿਰ ਦੀ ਉਸਾਰੀ ਦੇ ਖ਼ਿਲਾਫ਼ ਕਪੂਰੀ ਮੋਰਚੇ ਵਿਚ ਹਿੱਸਾ ਲਿਆ। ਪੰਦਰਾਂ ਸਾਲ ਦੀ ਉਮਰ ਵਿਚ ਉਹ ਆਪਣੇ ਪਿੰਡ ਦੇ ਨੇੜਲੇ ਕਸਬੇ ਧਾਰੀਵਾਲ ਵਿਚ ਅੰਗਰੇਜ਼ੀ ਸਾਮਰਾਜ ਦੇ ਸਮੇਂ ਵਿਚ ਬਣੀ ਹੋਈ ਕੱਪੜੇ ਦੀ ਮਿੱਲ ਵਿਚ ਸੁਰੱਖਿਆ ਗਾਰਡ ਦੀ ਨੌਕਰੀ ’ਤੇ ਲੱਗ ਗਿਆ। ਉਸ ਨੇ ਉਥੇ ਤਕਰੀਬਨ 10 ਸਾਲ ਨੌਕਰੀ ਕੀਤੀ। ਉਸ ਮਿੱਲ ਵਿਚ ਮਜ਼ਦੂਰਾਂ ਦੇ ਨੇਤਾ ਕਾਮਰੇਡ ਰਾਜਕੁਮਾਰ ਦੇ ਦੋ ਵਾਰੀ 1977 ਤੇ 1980 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਧਾਰੀਵਾਲ ਤੋਂ ਵਿਧਾਇਕ ਚੁਣੇ ਜਾਣ ਕਰਕੇ ਉਸ ਵਿਚ ਵੀ ਰਾਜਨੀਤਕ ਖ਼ਾਹਿਸ਼ ਪੈਦਾ ਹੋਈ। ਇਸੇ ਖ਼ਾਹਿਸ਼ ਦੀ ਪੂਰਤੀ ਲਈ ਉਹ ਇਕ ਵਾਰ ਇਸ ਮਿੱਲ ਵਿਚ ਕੰਮ ਕਰਦੇ 6000 ਵਰਕਰਾਂ ਦੀ ਜਥੇਬੰਦੀ ਦਾ ਉਪ-ਪ੍ਰਧਾਨ ਚੁਣਿਆ ਗਿਆ। ਪਰ ਛੇਤੀ ਹੀ ਹਾਲਾਤ ਬਦਲ ਗਏ ਤੇ ਉਹ ਨੌਕਰੀ ਛੱਡ ਕੇ ਉਸ ਸਮੇਂ ਪੰਜਾਬ ਵਿਚ ਚੱਲ ਰਹੀ ਲਹਿਰ ਦਾ ਹਿੱਸਾ ਬਣ ਗਿਆ।
1984 ਵਿਚ ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ। ਇਨ੍ਹਾਂ ਹਾਲਾਤਾਂ ਵਿਚ ਹੀ ਵੱਸਣ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਪਰ ਉਹ ਪੁਲਿਸ ਵਾਲਿਆਂ ਨੂੰ ਰਿਸ਼ਵਤ ਦੇ ਕੇ ਬਾਹਰ ਆ ਗਿਆ। ਥੋੜ੍ਹੇ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਪੁਲਿਸ ਉਸ ਨੂੰ ਦੁਬਾਰਾ ਫੜਨਾ ਚਾਹੁੰਦੀ ਹੈ ਇਸ ਲਈ ਉਹ ਘਰ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਪੁਲਿਸ ਉਸਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿਚ ਔਰਤਾਂ ਵੀ ਸਨ, ਨੂੰ ਫੜ ਕੇ ਲੈ ਗਈ। ਉਸ ਉਪਰ ਅੱਗਜ਼ਨੀ ਤੇ ਬੱਸਾਂ ਸਾੜਨ ਦਾ ਦੋਸ਼ ਲਗਾਇਆ ਗਿਆ ਸੀ। ਉਸਦੇ ਪਿਤਾ `ਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ। ਪੰਜ ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ 1989 ਵਿਚ ਹਾਈਕੋਰਟ ਦੇ ਆਦੇਸ਼ ਨਾਲ ਉਸਦੀ ਰਿਹਾਈ ਹੋਈ। ਪੁਲਿਸ ਦੁਆਰਾ ਪਰਿਵਾਰ ’ਤੇ ਕਾਫ਼ੀ ਤਸ਼ੱਦਦ ਕੀਤਾ ਗਿਆ। ਉਸਦੇ ਮੁਤਾਬਕ ਉਹ ਉਸ ਸਮੇਂ ਤਕ ਕਿਸੇ ਵੀ ਅਤਿਵਾਦੀ ਸਰਗਰਮੀ ਵਿਚ ਸ਼ਾਮਲ ਨਹੀਂ ਸੀ। ਇਹ ਪੁਲਿਸ ਦਾ ਜੁLਲਮ ਹੀ ਸੀ ਕਿ ਉਸ ਨੂੰ ਘਰ-ਬਾਰ ਛੱਡਣਾ ਪਿਆ ਤੇ ਬਾਅਦ ਵਿਚ ਖਾਲਿਸਤਾਨੀ ਲਹਿਰ ਦਾ ਹਿੱਸਾ ਬਣਨਾ ਪਿਆ। ਉਸ ਮੁਤਾਬਕ 25 ਸਾਲ ਦੀ ਉਮਰ ਤਕ ਉਹ ਗੁਰਦਾਸਪੁਰ ਸ਼ਹਿਰ ਕੇਵਲ ਦੋ ਵਾਰੀ ਹੀ ਗਿਆ ਸੀ। ਉਹ ਇਸ ਸਮੇਂ ਤਕ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਨਹੀਂ ਮਿਲਿਆ ਸੀ ਤੇ ਨਾ ਹੀ ਉਸਦਾ ਪੈਰੋਕਾਰ ਸੀ।
ਘਰ ਛੱਡਣ ਵੇਲੇ ਉਸਦੀ ਉਮਰ 25 ਸਾਲ ਦੀ ਸੀ। ਇਸ ਸਮੇਂ ਦੌਰਾਨ ਉਸ ਦੀ ਮੁਲਾਕਾਤ ਹੋਰ ਮੁੰਡਿਆਂ ਤੋਂ ਇਲਾਵਾ ਤਰਸੇਮ ਸਿੰਘ ਕੋਹਾੜ, ਜੋ ਬਾਅਦ ਵਿਚ ਖਾਲਿਸਤਾਨ ਲਿਬਰੇਸ਼ਨ ਆਰਮੀ ਦਾ ਮੁਖੀ ਬਣਿਆ ਨਾਲ ਹੋਈ। ਉਨ੍ਹਾਂ ਦਿਨਾਂ ਵਿਚ ਉਹ ਦੋਵੇਂ ਸਾਈਕਲ ’ਤੇ ਪਿੰਡੋਂ-ਪਿੰਡ ਆਪਣੀ ਜਾਨ ਬਚਾਉਣ ਲਈ ਜਾਂਦੇ ਤੇ ਘਰੋਂ ਭੱਜੇ ਹੋਏ ਮੁੰਡਿਆਂ ਨੂੰ ਜਥੇਬੰਦਕ ਕਰ ਕੇ ਸਰਕਾਰ ਵੱਲੋਂ ਪੰਜਾਬ ਵਿਚ ਕੀਤੀਆਂ ਵਧੀਕੀਆਂ ਦਾ ਬਦਲਾ ਲੈਣ ਲਈ ਉਨ੍ਹਾਂ ਖਾਲਿਸਤਾਨੀ ਲਿਬਰੇਸ਼ਨ ਆਰਮੀ ਬਣਾਈ। ਇਸ ਸਮੇਂ ਵਿਚ ਹੀ ਉਹ ਦਮਦਮੀ ਟਕਸਾਲ ਦੇ ਨੇਤਾ ਭਾਈ ਮੋਹਕਮ ਸਿੰਘ ਅਤੇ ਸੰਤਾਂ ਦੇ ਸਲਾਹਕਾਰ ਅਤੇ ਉਨ੍ਹਾਂ ਤੋਂ ਪਿੱਛੋਂ ਪਹਿਲੀ ਪੰਥਕ ਕਮੇਟੀ ਦੇ ਸੂਤਰਧਾਰ, ਪੱਤਰਕਾਰ ਦਲਬੀਰ ਸਿੰਘ ਦੇ ਸੰਪਰਕ ਵਿਚ ਆਇਆ। ਇਸ ਤੋਂ ਬਾਅਦ ਸਾਂਝੀ ਰਣਨੀਤੀ ਤਹਿਤ ਉਸਨੇ ਦਲਬੀਰ ਸਿੰਘ ਨਾਲ ਮਿਲ ਕੇ ਨਵੰਬਰ 1985 ਵਿਚ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਵਿਚ ਇਕ ਵੱਡਾ ਪੰਥਕ ਸੰਮੇਲਨ ਕੀਤਾ। ਇਸ ਸੰਮੇਲਨ ਵਿਚ ਫ਼ੌਜ ਦੀ ਦਰਬਾਰ ਸਾਹਿਬ ਵਿਚ ਹੋਈ ਕਾਰਵਾਈ ਵਿਚ ਤੇ ਉਸ ਤੋਂ ਪਹਿਲਾਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸੰਮੇਲਨ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਲੋਕਾਂ ਦੇ ਭਾਰੀ ਸਮਰਥਨ ਤੋਂ ਬਾਅਦ 26 ਜਨਵਰੀ 1986 ਨੂੰ ਅਕਾਲ ਤਖ਼ਤ ’ਤੇ ਹੋਏ ਸਰਬਤ ਖਾਲਸਾ ਵਿਚ ਵੀ ਉਸਨੇ ਵੱਡਾ ਰੋਲ ਅਦਾ ਕੀਤਾ। ਸਰਬਤ ਖ਼ਾਲਸਾ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਕੰਪਲੈਕਸ ਵਿਚ ਹੀ ਰਹਿਣ ਲੱਗ ਪਿਆ। ਇਸ ਦਾ ਮੁੱਖ ਕਾਰਨ ਉਸ ਸਮੇਂ ਦੇ ਅਕਾਲ ਤਖ਼ਤ ਦੇ ਜਥੇਦਾਰ ਦੇ ਦਮਦਮੀ ਟਕਸਾਲ ਦੇ ਲੋਕਾਂ ਨਾਲ ਨੇੜਲੇ ਸੰਬੰਧ ਸਨ। ਇਸੇ ਹੀ ਸਮੇਂ ਵਿਚ ਡਾ. ਸੋਹਨ ਸਿੰਘ ਵੱਲੋਂ ਪੰਥਕ ਕਮੇਟੀ ਬਣਾਈ ਗਈ, ਜਿਸ ਵਿਚ ਵੱਸਣ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ। ਏਸੇ ਕਮੇਟੀ ਨੇ ਹੀ ਸਭ ਤੋਂ ਪਹਿਲਾਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਸਥਾਪਤੀ ਦਾ ਐਲਾਨ ਕੀਤਾ ਸੀ। ਉਸਦੇ ਮੁਤਾਬਕ ਉਹ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨ ਇਸ ਮਤੇ ਦੇ ਖ਼ਿਲਾਫ਼ ਸਨ। ਉਹ ਚਾਹੁੰਦੇ ਸਨ ਕਿ ਸਿੱਖਾਂ ਵਿਚ ਜਾ ਕੇ ਇਕ ਰਾਏ ਤਿਆਰ ਕੀਤੀ ਜਾਵੇ ਤੇ ਫਿਰ ਇਸ ਦਾ ਐਲਾਨ ਕੀਤਾ ਜਾਵੇ। ਪਰ ਉਨ੍ਹਾਂ ਦੇ ਕਹਿਣ ਅੁਨਸਾਰ ਡਾਕਟਰ ਸੋਹਨ ਸਿੰਘ ਕਿਸੇ ਵੱਡੇ ਦਬਾਅ ਹੇਠ ਸੀ। ਉਸਦੇ ਕਹਿਣ ਮੁਤਾਬਕ ਇਸ ਸਮੇਂ ਤਕ ਪੰਥਕ ਕਮੇਟੀ ਵਿਚ ਧੜੇਬੰਦੀ ਤੇ ਸਰਕਾਰੀ ਏਜੰਸੀਆਂ ਦਾ ਦਖਲ ਵਧ ਗਿਆ ਸੀ। ਇਸ ਸਮੇਂ ਵਿਚ ਉਹ ਜਥੇਬੰਦੀ ਤੋਂ ਵੱਖ ਹੋ ਗਿਆ ਤੇ ਨਵੀਂ ਜਥੇਬੰਦੀ ‘ਖਾਲਿਸਤਾਨ ਕਮਾਂਡੋ ਫੋਰਸ’, ਜਿਸ ਦੇ ਪਹਿਲੇ ਮੁਖੀ ਮਨਬੀਰ ਸਿੰਘ ਚਹੇੜੂ ਸਨ, ਵਿਚ ਸ਼ਾਮਲ ਹੋ ਗਿਆ। ਥੋੜ੍ਹੀ ਦੇਰ ਬਾਅਦ ਇਹ ਜਥੇਬੰਦੀ ਕਈ ਹਿੱਸਿਆਂ ਵਿਚ ਵੰਡੀ ਗਈ ਤੇ ਉਸਦੇ ਇਕ ਹਿੱਸੇ ਦਾ ਮੁਖੀ ਵੱਸਣ ਸਿੰਘ ਜ਼ਫਰਵਾਲ ਬਣਿਆ। ਇਸ ਜਥੇਬੰਦੀ ਵਿਚ ਸੈਂਕੜੇ ਮੁੰਡੇ ਸ਼ਾਮਲ ਹੋਏ ਤੇ ਇਹ ਉਸ ਸਮੇਂ ਬਹੁਤ ਹੀ ਖ਼ਤਰਨਾਕ ਅਤਿਵਾਦੀ ਜਥੇਬੰਦੀ ਵਜੋਂ ਉਭਰੀ। 1986 ਤੋਂ ਬਾਅਦ ਤੇ ਖ਼ਾਸ ਕਰਕੇ 1987 ਵਿਚ ਖਾਲਿਸਤਾਨੀ ਜਥੇਬੰਦੀਆਂ ਦੁਆਰਾ ‘ਸਮਾਜ ਸੁਧਾਰ ਲਹਿਰ’ ਜ਼ਬਰਦਸਤੀ ਲਾਗੂ ਕਰਨ ਦੇ ਨਾਂ ’ਤੇ ਆਮ ਲੋਕਾਂ ਨਾਲ ਬਹੁਤ ਵਧੀਕੀ ਹੋਈ। ਇਸ ਦੇ ਨਾਲ ਪੰਜਾਬ ਵਿਚ ਅਕਾਲੀ ਸਰਕਾਰ ਨੂੰ ਬਰਤਰਫ਼ ਕਰ ਦਿੱਤਾ ਤੇ ਪੰਜਾਬ ਫਿਰ ਇਕ ਵਾਰੀ ਹਨੇਰ ਕੋਠੜੀ ਵੱਲ ਧੱਕ ਦਿੱਤਾ। 1987-1992 ਦੇ ਸਮੇਂ ਪੰਜਾਬ ਦੇ ਲੋਕ ਸਰਕਾਰੀ ਤੇ ਗ਼ੈਰ-ਸਰਕਾਰੀ ਦਹਿਸ਼ਤਵਾਦ ਦੇ ਸ਼ਿਕਾਰ ਹੋਏ। ਉਨ੍ਹਾਂ ’ਤੇ ਹੋਏ ਜੁLਲਮਾਂ ਦੇ ਕਾਰਨ ਹੀ ਪੰਜਾਬ ਵਿਚ ਖਾਲਿਸਤਾਨ ਲਹਿਰ ਦੀਆਂ ਜੜ੍ਹਾਂ ਹਿੱਲੀਆਂ।
ਇਸ ਦੇ ਨਾਲ ਹੀ ਅਤਿਵਾਦੀ ਜਥੇਬੰਦੀਆਂ ਦੀ ਆਪਣੀ ਧੜੇਬੰਦੀ ਤੇ ਇਕ ਦੂਜੇ ਨੂੰ ਨੀਵਾਂ ਵਿਖਾਉਣ ਦਾ ਵਰਤਾਰਾ ਭਾਰੂ ਹੋ ਚੁੱਕਾ ਸੀ। ਇਨ੍ਹਾਂ ਹਾਲਾਤਾਂ ਵਿਚ ਆਪਣੀ ਸੁਰੱਖਿਆ ਨੂੰ ਸਾਹਮਣੇ ਰੱਖ ਕੇ ਜ਼ਫਰਵਾਲ ਨੇ ਪਾਕਿਸਤਾਨ ਚਲੇ ਜਾਣ ਦੀ ਸਕੀਮ ਬਣਾਈ। ਉਸਦੇ ਮੁਤਾਬਕ ਦੂਸਰੀਆਂ ਜਥੇਬੰਦੀਆਂ ਦੇ ਨਾਲ-ਨਾਲ ਸਰਕਾਰੀ ਏਜੰਸੀਆਂ ਤੋਂ ਵੀ ਖ਼ਤਰਾ ਪੈਦਾ ਹੋ ਗਿਆ ਸੀ। ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਸਾਹਮਣੇ ਰੱਖਦੇ ਹੋਏ ਉਹ 27-28 ਅਗਸਤ 1987 ਦੀ ਰਾਤ ਨੂੰ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਪਾਕਿਸਤਾਨ ਦੀ ਖੁLਫੀਆ ਏਜੰਸੀ ਇੰਟਰ ਸਰਵਿਸਜ਼ ਇੰਟੈਲੀਜੈਂਸ ਦੀ ਮਦਦ ਨਾਲ ਲਾਹੌਰ ਪਹੁੰਚ ਗਿਆ। ਉਸਦੇ ਮੁਤਾਬਕ ਉਥੇ ਜਾਣ ਤੋਂ ਪਹਿਲਾਂ ਉਸ ਦੀ ਪਾਕਿਸਤਾਨ ਵਿਚ ਕਿਸੇ ਨਾਲ ਕੋਈ ਜਾਣ-ਪਛਾਣ ਨਹੀਂ ਸੀ। ਉਹ 1987 ਤੋਂ 1995 ਤਕ ਪਾਕਿਸਤਾਨ ਵਿਚ ਲਾਹੌਰ ਸ਼ਹਿਰ ਤੋਂ ਬਾਹਰ ੀSੀ ਦੀ ਨਿਗਰਾਨੀ ਵਿਚ ਇਕ ਘਰ ਵਿਚ ਰਿਹਾ।
ਏਥੇ ਇਹ ਦੱਸਣਾ ਬਣਦਾ ਹੈ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਪਾਕਿਸਤਾਨ ਨੇ ਖਾਲਿਸਤਾਨੀ ਜਥੇਬੰਦੀਆਂ ਵਾਸਤੇ ਹਥਿਆਰਾਂ ਦੀ ਸਪਲਾਈ ਤੇ ਘਰੋਂ ਦੌੜ ਕੇ ਗਏ ਮੁੰਡਿਆਂ ਦੀ ਸਿਖਲਾਈ ਲਈ ਕਈ ਕੈਂਪ ਸਥਾਪਤ ਕੀਤੇ ਸਨ। ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੀ 553 ਕਿਲੋਮੀਟਰ ਦੀ ਹੱਦ ’ਤੇ ਉਸ ਸਮੇਂ ਕੰਡਿਆਲੀ ਤਾਰ ਨਹੀਂ ਲੱਗੀ ਹੋਈ ਸੀ। ਉਸ ਸਮੇਂ ਤਕ ਉਸਦੀ ਜਥੇਬੰਦੀ ਪੰਜਾਬ ਵਿਚ ਤਕਰੀਬਨ 12-13 ਹੋਰ ਜਥੇਬੰਦੀਆਂ ਵਿਚ ਸਭ ਤੋਂ ਖ਼ਤਰਨਾਕ ਜਥੇਬੰਦੀ ਬਣ ਗਈ ਸੀ।
ਉਸਦੇ ਕਹਿਣ ਮੁਤਾਬਕ ਪਾਕਿਸਤਾਨ ਪਹੁੰਚਣ ਤੋਂ ਬਾਅਦ ਉਹ ਆਪਣੀ ਜਥੇਬੰਦੀ ਦੀਆਂ ਕਾਰਵਾਈਆਂ ਤੋਂ ਬਿਲਕੁਲ ਅਣਜਾਣ ਹੋ ਗਿਆ। ਸ਼ੁਰੂ ਵਿਚ ਉਹ ਜ਼ਿਆਦਾ ਸਮਾਂ ਪਾਕਿਸਤਾਨ ਖੁLਫੀਆ ਏਜੰਸੀ ਦੀ ਨਿਗਰਾਨੀ ਵਿਚ ਘਰ ਵਿਚ ਹੀ ਬਤੀਤ ਕਰਦਾ ਸੀ। ਪਰ ਹੌਲੀ ਹੌਲੀ ਉਹ ਉਨ੍ਹਾਂ ਦੀ ਨਿਗਰਾਨੀ ਹੇਠ ਲਾਹੌਰ ਤੇ ਹੋਰ ਥਾਵਾਂ ’ਤੇ ਸਥਿਤ ਧਾਰਮਿਕ ਅਸਥਾਨਾਂ ’ਤੇ ਪੰਜਾਬ ਤੋਂ ਆਏ ਸ਼ਰਧਾਲੂਆਂ ਨੂੰ ਮਿਲ ਕੇ ਜਾਣਕਾਰੀ ਪ੍ਰਾਪਤ ਕਰਦਾ ਸੀ। ਇਹ ਸਾਰਾ ਕੁਝ ਖ਼ੁਫੀਆ ਤੰਤਰ ਦੀ ਨਿਗਰਾਨੀ ਹੇਠ ਹੀ ਹੁੰਦਾ ਸੀ। ਇਸ ਤੋਂ ਇਲਾਵਾ ਉਸ ਨੂੰ ਅੱਠ ਦਿਨ ਪੁਰਾਣੇ ਭਾਰਤੀ ਪੰਜਾਬ ਤੋਂ ਛਪਦੇ ਅਖ਼ਬਾਰ ਪੜ੍ਹਨ ਲਈ ਦਿੱਤੇ ਜਾਂਦੇ ਸਨ। ਉਹ ਥੋੜ੍ਹੇ ਸਮੇਂ ਵਿਚ ਹੀ ਅਜਿਹੇ ਹਾਲਾਤ ਵਿਚ ਰਹਿਣ ਤੋਂ ਤੰਗ ਆ ਚੁੱਕਾ ਸੀ। ਇਸ ਦੇ ਨਾਲ ਹੀ ਪੰਜਾਬ ਵਿਚ ਲੋਕਾਂ ਦੀ ਖਾਲਿਸਤਾਨੀ ਜਥੇਬੰਦੀਆਂ ਤੇ ਸਰਕਾਰੀ ਦਹਿਸ਼ਤਵਾਦ ਨਾਲ ਹੋ ਰਹੀ ਤਬਾਹੀ ਵੀ ਉਸ ਨੂੰ ਝੰਜੋੜ ਰਹੀ ਸੀ। ਪਰ ਉਹ ਇਸ ਹਾਲਾਤ ਵਿਚ ਬਿਲਕੁਲ ਅਸਹਾਇ ਮਹਿਸੂਸ ਕਰ ਰਿਹਾ ਸੀ। ਥੋੜ੍ਹੇ ਸਮੇਂ ਬਾਅਦ ਪੰਜਾਬ ਤੋਂ ਆਉਂਦੇ ਮੁੰਡਿਆਂ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ। ਇਨ੍ਹਾਂ ਵਿਚੋਂ ਜ਼ਿਆਦਾ ਉਥੋਂ ਡਰ ਕੇ ਘਰੋਂ ਭੱਜੇ ਹੋਏ ਸਨ ਤੇ ਇਥੇ ਖੁLਫੀਆ ਏਜੰਸੀ ਦੀ ਨਿਗਰਾਨੀ ਵਿਚ ਰੱਖੇ ਜਾਂਦੇ ਸਨ। ਉਨ੍ਹਾਂ ਤੋਂ ਵੀ ਪੰਜਾਬ ਦੇ ਹਾਲਾਤ ਦੀਆਂ ਖ਼ਬਰਾਂ ਸੁਣ ਕੇ ਬਹੁਤ ਤਕਲੀਫ਼ ਹੁੰਦੀ ਸੀ। ਮੁੰਡਿਆਂ ਦਾ ਉਸ ਨੂੰ ਲਗਾਤਾਰ ਮਿਲਣ ਦਾ ਦੌਰ ਤਕਰੀਬਨ 1990 ਤਕ ਰਿਹਾ। ਇਸ ਪਿੱਛੋਂ ਸਰਹੱਦ ’ਤੇ ਕੰਡਿਆਲੀ ਤਾਰ ਲੱਗਣ ਕਰਕੇ ਪਾਕਿਸਤਾਨ ਵਿਚ ਚਲਾਏ ਜਾਂਦੇ ਸਿਖਲਾਈ ਕੈਂਪਾਂ ’ਤੇ ਵੀ ਰੋਕ ਲੱਗਣੀ ਸ਼ੁਰੂ ਹੋ ਗਈ। ਮੁੰਡਿਆਂ ਦਾ ਬਾਰਡਰ ਤੋਂ ਏਧਰ-ਓਧਰ ਜਾਣਾ ਬਹੁਤ ਮੁਸ਼ਕਲ ਤੇ ਜੋਖ਼ਮ ਭਰਿਆ ਹੋ ਗਿਆ। ਇਸ ਦੇ ਨਾਲ ਹੀ ਪੰਜਾਬ ਵਿਚ ਪੁਲਿਸ ਤੇ ਨੀਮ ਫ਼ੌਜੀ ਦਸਤੇ ਦੀ ਕਾਰਵਾਈ ਬਹੁਤ ਤੇਜ਼ ਹੋ ਗਈ। ਇਸ ਕਰਕੇ ਪੰਜਾਬ ਵਿਚ ਪਿੰਡਾਂ ’ਚ ਰਹਿਣ ਵਾਲੇ ਲੋਕ ਦੋਨਾਂ ਪਾਸਿਆਂ ਦੇ ਅਤਿਵਾਦ ਦਾ ਸ਼ਿਕਾਰ ਬਣ ਗਏ ਤੇ ਖਾਲਿਸਤਾਨ ਦੇ ਨਾਂ ’ਤੇ ਲੜੀ ਜਾਂਦੀ ਲਹਿਰ ਪ੍ਰਤੀ ਉਨ੍ਹਾਂ ਦੀ ਨਫ਼ਰਤ ਵਧ ਗਈ। ਇਨ੍ਹਾਂ ਹਾਲਾਤਾਂ ਵਿਚ ਪਾਕਿਸਤਾਨ ਦੀ ਦਿਲਚਸਪੀ ਪੰਜਾਬ ਵਿਚ ਘਟ ਗਈ। ਇਸੇ ਸਮੇਂ ਵਿਚ ਭਾਰਤ ਦੇ ਸੂਬੇ ਕਸ਼ਮੀਰ ਵਿਚ ਅਤਿਵਾਦੀ ਕਾਰਵਾਈਆਂ ਸ਼ੁਰੂ ਹੋ ਗਈਆਂ ਤੇ ਪਾਕਿਸਤਾਨ ਦੀਆਂ ਖੁLਫ਼ੀਆ ਏਜੰਸੀਆਂ ਤੇ ਹੋਰ ਤਾਣੇ ਬਾਣੇ ਨੇ ਆਪਣਾ ਜ਼ਿਆਦਾ ਧਿਆਨ ਕਸ਼ਮੀਰ ਵਾਲੇ ਪਾਸੇ ਲਗਾ ਦਿੱਤਾ। ਏਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਕਦੇ ਵੀ ਆਜ਼ਾਦ ਖਾਲਿਸਤਾਨ ਦੇ ਹੱਕ ਵਿਚ ਨਹੀਂ ਹੋ ਸਕਦਾ। ਉਸਦਾ ਮੁੱਖ ਕਾਰਨ ਹਿੰਦੋਸਤਾਨੀ ਫ਼ੌਜਾਂ ਨੂੰ ਪੰਜਾਬ ਵਿਚ ਉਲਝਾ ਕੇ ਕਸ਼ਮੀਰ ਵਿਚ ਅਤਿਵਾਦੀ ਸਰਗਰਮੀਆਂ ਨੂੰ ਤੇਜ਼ ਕਰਨਾ ਸੀ। ਇਸ ਦੇ ਨਾਲ ਹੀ ਉਸ ਪ੍ਰਤੀ ਪਾਕਿਸਤਾਨੀ ਏਜੰਸੀ ਦਾ ਵਰਤਾਰਾ ਵੀ ਬਦਲ ਗਿਆ। ਇਸ ਬਦਲੇ ਵਰਤਾਰੇ ਤੋਂ ਬਾਅਦ ਉਸਦਾ ਇਸ ਲਹਿਰ ਵਿਚੋਂ ਮਨ ਉਚਾਟ ਹੋ ਗਿਆ।
1992 ਵਿਚ ਪੰਜਾਬ ਵਿਚ ਚੋਣਾਂ ਤੋਂ ਬਾਅਦ ਪੰਜਾਬ ਦੇ ਹਾਲਾਤ ਬਹੁਤ ਨਾਟਕੀ ਢੰਗ ਨਾਲ ਬਦਲਣ ਲੱਗੇ ਤੇ ਵੇਖਦਿਆਂ ਵੇਖਦਿਆਂ ਹੀ ਲਹਿਰ ਅਲੋਪ ਹੋ ਗਈ। ਇਸ ਸਮੇਂ ਵਿਚ ਰਾਜਨੀਤਕ ਸਾਸ਼ਨ ਨੇ ਪੁਲਿਸ ਤੇ ਨੀਮ ਫ਼ੌਜੀ ਬਲਾਂ ਨੂੰ ਇਸ ਲਹਿਰ ਦਾ ਖਾਤਮਾ ਕਰਨ ਵਾਸਤੇ ਕਿਸੇ ਵੀ ਹੱਦ ਤਕ ਜਾਣ ਦੀ ਇਜਾਜ਼ਤ ਦਿੱਤੀ। ਭਾਵੇਂ ਸਰਕਾਰੀ ਅਤਿਵਾਦ ਰਾਹੀਂ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ’ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਪਰ ਖਾਲਿਸਤਾਨੀ ਲਹਿਰ ਦੇ ਸਤਾਏ ਹੋਏ ਲੋਕਾਂ ਨੇ ਇਹ ਸਾਰਾ ਵਰਤਾਰਾ ਝੱਲਿਆ। 1992 ਤੋਂ 1995 ਦਾ ਸਮਾਂ ਉਸਨੇ ਬਹੁਤ ਮਾਯੂਸੀ ਤੇ ਉਦਾਸੀ ਵਿਚ ਬਤੀਤ ਕੀਤਾ। ਉਹ ਆਪਣੇ ਆਪ ਨੂੰ ਬਹੁਤ ਅਸਹਿਜ ਮਹਿਸੂਸ ਕਰ ਰਿਹਾ ਸੀ। ਇਸੇ ਸਮੇਂ ਵਿਚ ਉਸਨੇ ਪਾਕਿਸਤਾਨ ਛੱਡ ਕੇ ਕਿਸੇ ਪੱਛਮੀ ਦੇਸ਼ ਵਿਚ ਚਲੇ ਜਾਣ ਦਾ ਫ਼ੈਸਲਾ ਕੀਤਾ। ਉਸ ਨੂੰ ਲੱਗਦਾ ਸੀ ਕਿ ਸ਼ਾਇਦ ਪੱਛਮੀ ਦੇਸ਼ਾਂ ਵਿਚ ਖਾਲਿਸਤਾਨੀ ਲਹਿਰ ਨੂੰ ਕਾਫ਼ੀ ਹਮਾਇਤ ਹੋਵੇਗੀ ਤੇ ਉਹ ਉਸ ਲਹਿਰ ਨੂੰ ਹੋਰ ਤਗੜਾ ਕਰਨ ਵਿਚ ਮਦਦ ਕਰੇਗਾ। ਏਥੇ ਦੱਸਣਾ ਬਣਦਾ ਹੈ ਕਿ ਉਸ ਸਮੇਂ ਤੱਕ ਪੰਜਾਬ ਤੋਂ ਕਾਫੀ ਜ਼ਿਆਦਾ ਮੁੰਡੇ ਵੱਖ-ਵੱਖ ਤਰੀਕਿਆਂ ਰਾਹੀਂ ਯੂਰਪ ਦੇ ਦੇਸ਼ਾਂ ਤੇ ਅਮਰੀਕਾ, ਕੈਨੇਡਾ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੇ ਰਾਜਸੀ ਸ਼ਰਨ ਪ੍ਰਾਪਤ ਕੀਤੀ।
ਉਸ ਦੇ 1995 ਵਿਚ ਪਾਕਿਸਤਾਨ ਤੋਂ ਬਾਹਰ ਜਾਣ ਲਈ ਜ਼ਰੂਰੀ ਕਾਗ਼ਜ਼ਾਤ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਨੇ ਤਿਆਰ ਕੀਤੇ ਸਨ। ਇਨ੍ਹਾਂ ਵਿਚ ਇਕ ਕੈਨੇਡੀਅਨ ਪਾਸਪੋਰਟ ਸੀ। ਸਭ ਤੋਂ ਪਹਿਲਾਂ ਉਸ ਨੂੰ ਲਾਹੌਰ ਤੋਂ ਕਰਾਚੀ ਤੱਕ ਜਹਾਜ਼ ਰਾਹੀਂ ਪਹੁੰਚਾਇਆ ਗਿਆ। ਇਸ ਤੋਂ ਬਾਅਦ ਉਹ ਕਰਾਚੀ ਤੋਂ ਪਾਕਿਸਤਾਨ ਏਅਰ ਲਾਈਨਜ਼ ਦੇ ਜਹਾਜ਼ ਰਾਹੀਂ ਪਹਿਲਾਂ ਹੀ ਤੈਅ ਕੀਤੀ ਜਗ੍ਹਾ ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਕ ਪਹੁੰਚ ਗਿਆ। ਇਕ ਗਿਣੀ-ਮਿਣੀ ਸਕੀਮ, ਜਿਹੜੀ ਉਨ੍ਹਾਂ ਦਿਨਾਂ ਵਿਚ ਕਾਫੀ ਪ੍ਰਚਲਿਤ ਸੀ, ਤਹਿਤ ਉਸਨੇ ਉਥੇ ਹਵਾਈ ਜਹਾਜ਼ ਤੋਂ ਉਤਰਦੇ ਸਮੇਂ ਆਪਣਾ ਪਾਸਪੋਰਟ ਤੇ ਸੰਬੰਧਤ ਕਾਗ਼ਜ਼ ਪਾੜ ਦਿੱਤੇ ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ। ਇਸ ਦੇ ਨਾਲ ਹੀ ਉਸ ਨੇ ਆਪਣੀ ਬੋਲੀ ਵਿਚ ਭਾਰਤ ਵਿਚ ਸਿੱਖਾਂ ਨਾਲ ਹੁੰਦੇ ਜ਼ੁਲਮ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਜ਼ਿਕਰ ਕੀਤਾ। ਹਵਾਈ ਅੱਡੇ ’ਤੇ ਤਾਇਨਾਤ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਥੇ ਹੀ ਇਕ ਕਮਰੇ ਵਿਚ ਲਿਜਾ ਕੇ ਬੰਦ ਕਰ ਦਿੱਤਾ। ਉਸ ਸਮੇਂ ਕੋਈ ਵੀ ਅਧਿਕਾਰੀ ਉਸਦੀ ਭਾਸ਼ਾ ਨੂੰ ਨਹੀਂ ਸਮਝ ਰਿਹਾ ਸੀ। ਇਸ ਲਈ ਅਗਲੇ ਦਿਨ ਪੁਲਿਸ ਨੇ ਇਕ ਦੋ-ਭਾਸ਼ੀਆ ਵਿਅਕਤੀ ਦਾ ਬੰਦੋਬਸਤ ਕੀਤਾ ਜਿਹੜਾ ਪੰਜਾਬੀ ਤੇ ਉਥੋਂ ਦੀ ਸਥਾਨਕ ਭਾਸ਼ਾ ਸਮਝ ਸਕਦਾ ਸੀ। ਉਸ ਦੀ ਗਾਥਾ ਸੁਣਨ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਆਰਜ਼ੀ ਤੌਰ ’ਤੇ ਉਥੇ ਰੁਕਣ ਦੀ ਇਜਾਜ਼ਤ ਦੇ ਦਿੱਤੀ। ਇਸ ਤੋਂ ਬਾਅਦ ਉਸ ਨੂੰ ਰੇਲਗੱਡੀ ਰਾਹੀਂ ਜ਼ਿਊਰਿਕ ਸ਼ਹਿਰ ਵਿਚ ਲਿਜਾਇਆ ਗਿਆ ਤੇ ਉਥੇ ਪਹਿਲਾਂ ਹੀ ਬਣੇ ਇਕ ਸ਼ਰਨਾਰਥੀ ਕੈਂਪ ਵਿਚ ਡੱਕ ਦਿੱਤਾ ਗਿਆ। ਇਸ ਕੈਂਪ ਵਿਚ ਸੌਣ ਲਈ ਵੱਖਰਾ ਕਮਰਾ ਤੇ ਰਹਿਣ ਦਾ ਪੂਰਾ ਬੰਦੋਬਸਤ ਸੀ। ਇਸ ਤੋਂ ਬਾਅਦ ਉਸ ਦੇਸ਼ ਵਿਚ ਇਸ ਲਹਿਰ ਨਾਲ ਜੁੜੇ ਲੋਕਾਂ ਨੂੰ ਪਤਾ ਲੱਗਾ ਤੇ ਉਨ੍ਹਾਂ ਨੂੰ ਮਿਲਣ ਲਈ ਆਉਣ ਲੱਗ ਪਏ। ਇਸ ਦਾ ਮੁੱਖ ਕਾਰਨ ਇਹ ਸੀ ਕਿ ਜ਼ਫਰਵਾਲ ਉਸ ਸਮੇਂ ਤਕ ਖਾਲਿਸਤਾਨੀ ਲਹਿਰ ਦਾ ਵੱਡਾ ਲੀਡਰ ਬਣ ਚੁੱਕਾ ਸੀ ਤੇ ਉਸਦੇ ਨਾਂ ਨਾਲ ਚਲਦੀ ਅਤਿਵਾਦੀ ਜਥੇਬੰਦੀ ਦੀ ਪੰਜਾਬ ਤੇ ਪੰਜਾਬ ਤੋਂ ਬਾਹਰ ਵਸਦੇ ਲੋਕਾਂ ਵਿਚ ਬਹੁਤ ਦਹਿਸ਼ਤ ਸੀ।
ਇਸ ਜਗ੍ਹਾ ਵਿਚ ਉਸ ਉਪਰ ਪਾਕਿਸਤਾਨ ਦੇ ਉਲਟ ਬਾਹਰ ਜਾਣ ਦੀ ਕੋਈ ਪਾਬੰਦੀ ਨਹੀਂ ਸੀ ਤੇ ਨਾ ਹੀ ਵਾਰ-ਵਾਰ ਪੁਲਿਸ ਨੂੰ ਸੂਚਿਤ ਕਰਨਾ ਪੈਂਦਾ ਸੀ। ਉਸਦੀ ਯਾਦ ਮੁਤਾਬਕ ਇਨ੍ਹਾਂ ਛੇ ਸਾਲਾਂ (1995-2001) ਵਿਚ ਉਸ ਸ਼ਹਿਰ ਦਾ ਪੁਲਿਸ ਮੁਖੀ ਕੇਵਲ ਇਕ ਵਾਰ ਹੀ ਮਿਲਣ ਲਈ ਆਇਆ ਸੀ। ਉਸਦੀ ਅਨਪੜ੍ਹਤਾ ਉਸਦੇ ਘਰੋਂ ਬਾਹਰ ਨਿਕਲਣ ਤੇ ਆਮ ਲੋਕਾਂ ਨਾਲ ਮਿਲਣ ਦੇ ਰਸਤੇ ਵਿਚ ਵੱਡੀ ਰੁਕਾਵਟ ਸੀ। ਉਸ ਨੂੰ ਆਪਣੇ ਵਿਚਾਰ ਪ੍ਰਗਟ ਕਰਨ ’ਤੇ ਕੋਈ ਪਾਬੰਦੀ ਨਹੀਂ ਸੀ। ਉਸਨੇ ਕਈ ਵਾਰੀ ਆਪਣੇ ਨਾਲ 7-8 ਲੋਕ ਲੈ ਕੇ ਹੇਗ ਵਿਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਦੇ ਦਫਤਰ ਅੱਗੇ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਮੁਜ਼ਾਹਰੇ ਕੀਤੇ ਪਰ ਇਨ੍ਹਾਂ ਦਾ ਓਥੇ ਕੋਈ ਅਸਰ ਦਿਖਾਈ ਨਹੀਂ ਦੇਂਦਾ ਸੀ। ਫਿਰ ਹੌਲੀ-ਹੌਲੀ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਉਹ ਹਾਰੀ ਹੋਈ ਲੜਾਈ ਲੜ ਰਿਹਾ ਹੈ। ਇਸ ਦੇ ਨਾਲ ਹੀ ਲੰਮਾ ਸਮਾਂ ਘਰ ਪਰਿਵਾਰ ਤੋਂ ਦੂਰ ਰਹਿਣ ਦਾ ਦੁੱਖ ਵੀ ਉਸਦੇ ਮਨ ’ਤੇ ਬੋਝ ਬਣਦਾ ਜਾ ਰਿਹਾ ਸੀ। ਉਸਦੇ ਮੁਤਾਬਕ 1987 ਵਿਚ ਦੇਸ਼ ਛੱਡਣ ਤੋਂ ਬਾਅਦ ਉਸਦੀ ਕਦੇ ਵੀ ਆਪਣੇ ਪਰਿਵਾਰ ਜਾਂ ਨਜ਼ਦੀਕੀਆਂ ਨਾਲ ਕੋਈ ਰਾਬਤਾ ਜਾਂ ਗੱਲਬਾਤ ਨਹੀਂ ਹੋਈ। ਉਹ ਆਪਣੀ ਜ਼ਿੰਦਗੀ ਬਹੁਤ ਸ਼ਾਨਦਾਰ ਤਰੀਕੇ ਨਾਲ ਜੀਅ ਰਿਹਾ ਸੀ। ਉਸ ਨੂੰ ਰਾਜਨੀਤਕ ਸ਼ਰਨਾਰਥੀ ਦੇ ਤੌਰ ’ਤੇ ਚੰਗਾ ਗੁਜ਼ਾਰਾ ਭੱਤਾ ਮਿਲਦਾ ਸੀ ਤੇ ਕਿਸੇ ਕਿਸਮ ਦੀ ਕੋਈ ਰੋਕ-ਟੋਕ ਨਹੀਂ ਸੀ। ਪਰ ਉਸ ਨੂੰ ਪਰਿਵਾਰ ਤੇ ਕੌਮ ਦੀ ਚਿੰਤਾ ਸਤਾ ਰਹੀ ਸੀ। ਉਹ ਪੰਜਾਬ ਵਾਪਸ ਆ ਕੇ ਲਹਿਰ ਨੂੰ ਦੁਬਾਰਾ ਉਸਾਰਨ ਬਾਰੇ ਸੋਚ ਰਿਹਾ ਸੀ। ਇਸ ਕਰਕੇ ਉਸਨੇ ਆਪਣੇ ਆਪ ਹੀ ਜਨਵਰੀ 2001 ਵਿਚ ਵਾਪਸ ਪੰਜਾਬ ਆਉਣ ਦਾ ਫ਼ੈਸਲਾ ਕਰ ਲਿਆ।
ਉਸਨੇ ਵਾਪਸ ਆਉਣ ਵਾਸਤੇ ਲੋੜੀਂਦੇ ਕਾਗ਼ਜ਼ ਪੱਤਰ ਤਿਆਰ ਕੀਤੇ। ਇਸ ਕੰਮ ਵਿਚ ਉਸਦੇ ਨੇੜਲੇ ਸਹਿਯੋਗੀਆਂ ਨੇ ਇਟਲੀ ਵਿਚ ਰਹਿ ਰਹੇ ਇਕ ਭਾਰਤੀ ਦੇ ਮਿਆਦ ਪੁਗਾ ਚੁੱਕੇ ਪਾਸਪੋਰਟ ਦਾ ਬੰਦੋਬਸਤ ਕੀਤਾ। ਉਸ ਉਪਰ ਜ਼ਫਰਵਾਲ ਦੀ ਫੋਟੋ ਲਗਾ ਕੇ ਪਾਸਪੋਰਟ ਦੇ ਗੁੰਮ ਹੋਣ ਦੀ ਪੁਲਿਸ ਰਿਪੋਰਟ ਲਿਖਵਾ ਦਿੱਤੀ। ਇਸ ਰਿਪੋਰਟ ਦੇ ਆਧਾਰ ’ਤੇ ਉਸਦੇ ਭਾਰਤ ਵਾਪਸ ਆਉਣ ਦੇ ਕਾਗ਼ਜ਼ਾਤ ਤਿਆਰ ਕੀਤੇ ਤੇ ਉਹ ਇਕ ਪਾਸੇ ਦੀ ਟਿਕਟ ਖਰੀਦ ਕੇ ਜਨਵਰੀ 2001 ਦੇ ਅਖੀਰਲੇ ਹਫ਼ਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚ ਗਿਆ। ਉਸਦੇ ਦੱਸਣ ਮੁਤਾਬਕ ਹਵਾਈ ਅੱਡੇ ’ਤੇ ਉਹ ਬਿਨਾਂ ਕਿਸੇ ਰੋਕ-ਟੋਕ ਦੇ ਇਮੀਗ੍ਰੇਸ਼ਨ ਤੇ ਸੁਰੱਖਿਆ ਦਸਤਿਆਂ ਦੀ ਮੌਜੂਦਗੀ ਵਿਚ ਹਵਾਈ ਅੱਡੇ ਤੋਂ ਬਾਹਰ ਆ ਗਿਆ। ਉਸਨੇ ਆਪਣੇ ਆਉਣ ਦੀ ਖ਼ਬਰ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਸੀ। ਏਥੇ ਪਹੁੰਚ ਕੇ ਸਭ ਤੋਂ ਪਹਿਲਾਂ ਉਹ ਆਪਣੇ ਪੁਰਾਣੇ ਦੋਸਤ ਨੂੰ ਮਿਲਿਆ। ਪੰਜਾਬ ਵਿਚ ਬਦਲੇ ਹੋਏ ਹਾਲਾਤ ਉਸ ਵਾਸਤੇ ਬਹੁਤ ਹੈਰਾਨ ਕਰਨ ਵਾਲੀ ਗੱਲ ਸੀ। ਇਹ ਸੋਚ ਕੇ ਉਸਨੇ ਬਹੁਤ ਦੁੱਖ ਮਹਿਸੂਸ ਕੀਤਾ ਕਿ ਜਿਸ ਕਾਰਜ ਵਾਸਤੇ ਉਸਨੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦਾਅ ’ਤੇ ਲਾਈ ਸੀ ਤੇ ਸੈਂਕੜੇ ਮੁਸੀਬਤਾਂ ਝੱਲੀਆਂ ਸਨ, ਪੰਜਾਬ ਦੇ ਲੋਕ ਕਿਵੇਂ ਇਹ ਸਭ ਕੁਝ ਭੁਲਾ ਬੈਠੇ ਹਨ।
ਪੰਜਾਬ ਆਉਣ ਤੋਂ ਬਾਅਦ ਉਹ ਬੜੀ ਆਸਾਨੀ ਨਾਲ ਇਧਰ ਉਧਰ ਘੁੰਮਦਾ ਰਿਹਾ। ਸਵਿਟਜ਼ਰਲੈਂਡ ਦੀ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਖ਼ਬਰ ਉਸਦੇ ਉਥੋਂ ਜਾਣ ਤੋਂ ਦੋ ਹਫ਼ਤੇ ਬਾਅਦ ਪਤਾ ਲੱਗਦੀ ਹੈ। ਉਸਦੇ ਕਹੇ ਮੁਤਾਬਕ ਹੋ ਸਕਦਾ ਕਿ ਉਸਨੇ ਇਹ ਖ਼ਬਰ ਭਾਰਤੀ ਖੁLਫੀਆ ਤੰਤਰ ਨੂੰ ਦੇ ਦਿੱਤੀ ਹੋਵੇਗੀ। ਇਸ ਤੋਂ ਬਾਅਦ ਭਾਰਤੀ ਏਜੰਸੀਆਂ ਤੇ ਪੁਲਿਸ ਕਾਫ਼ੀ ਚੌਕਸ ਹੋ ਗਈ ਤੇ ਉਸ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਏਸੇ ਹੀ ਕੜੀ ਵਿਚ ਤਕਰੀਬਨ ਦੋ ਮਹੀਨੇ ਬਾਅਦ ਅਪਰੈਲ ਦੇ ਸ਼ੁਰੂ ਵਿਚ ਉਸ ਨੂੰ ਅੰਮ੍ਰਿਤਸਰ ਬੱਸ ਸਟੈਂਡ ਦੇ ਬਾਹਰ ਬਣੇ ਢਾਬੇ ਤੋਂ ਸ਼ਾਮ ਨੂੰ ਖਾਣਾ ਖਾਂਦੇ ਸਮੇਂ ਬੜੇ ਨਾਟਕੀ ਢੰਗ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਉਸਨੇ ਅੰਮ੍ਰਿਤਸਰ ਆ ਕੇ ਇਕ ਫਰਜ਼ੀ ਦਸਤਾਵੇਜ਼ ਨਾਲ ਮੋਬਾਈਲ ਫੋਨ ਦਾ ਕੁਨੈਕਸ਼ਨ ਲਿਆ ਸੀ। ਇਹ ਗੱਲ ਪੁਲਿਸ ਦੇ ਧਿਆਨ ਵਿਚ ਆ ਗਈ ਸੀ ਤੇ ਇਸੇ ਆਧਾਰ ’ਤੇ ਉਸ ਉਪਰ ਨਿਗਰਾਨੀ ਰੱਖੀ ਗਈ। ਫੜੇ ਜਾਣ ਤੋਂ ਬਾਅਦ ਪੁਲਿਸ ਉਸ ਨੂੰ ਬੀ-ਡਿਵੀਜ਼ਨ ਠਾਣੇ ਵਿਚ ਲੈ ਗਈ ਤੇ ਅਗਲੇ ਦਿਨ ਅਦਾਲਤ ਵਿਚ ਪੇਸ਼ ਕਰਕੇ 14 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਿਹੜਾ ਬਾਅਦ ਵਿਚ ਫਿਰ 14 ਦਿਨਾਂ ਲਈ ਵਧਾ ਦਿੱਤਾ। ਉਸ ਸਮੇਂ ਉਸ ਨੂੰ 11 ਸੰਗੀਨ ਕੇਸਾਂ ਵਿਚ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿਚ ਕਤਲ, ਅਗਵਾਕਾਰੀ, ਲੁੱਟ-ਖਸੁੱਟ, ਦੇਸ਼ ਦੇ ਖਿਲਾਫ਼ ਬਗ਼ਾਵਤ ਆਦਿ ਧਾਰਾਵਾਂ ਲਾਈਆਂ ਗਈਆਂ ਸਨ। ਇਸ ਸਮੇਂ ਦੌਰਾਨ ਉਸ ਨੂੰ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿਚ ਲਿਜਾ ਕੇ ਹਰ ਤਰੀਕੇ ਨਾਲ ਪੁੱਛ ਪੜਤਾਲ ਕੀਤੀ ਤੇ ਬਾਅਦ ਵਿਚ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿਚੋਂ ਉਹ ਦੋ ਸਾਲ ਬਾਅਦ ਜ਼ਮਾਨਤ ’ਤੇ ਬਾਹਰ ਆਉਂਦਾ ਹੈ। ਸਾਡੀ ਮੁਲਾਕਾਤ ਹੋਣ ਤਕ ਉਸਦੇ ਕਹੇ ਮੁਤਾਬਕ ਉਹ ਸਾਰੇ ਕੇਸਾਂ ਵਿਚੋਂ ਬਾਇੱਜ਼ਤ ਬਰੀ ਹੋ ਗਿਆ। ਇਸ ਤੋਂ ਬਾਅਦ ਉਸ ਦੀਆਂ ਸਰਗਰਮੀਆਂ ਧਾਰਮਿਕ ਤੇ ਸਮਾਜਿਕ ਮੁੱਦਿਆਂ ’ਤੇ ਹੀ ਕੇਂਦ੍ਰਿਤ ਰਹੀਆਂ ਹਨ। ਪਿਛਲੇ ਸਾਲਾਂ ਵਿਚ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਵਿਚ ਬਣੀ ਜਥੇਬੰਦੀ ਤੇ ਬਾਅਦ ਵਿਚ ਹੋਏ ਸਰਬੱਤ ਖਾਲਸੇ ਦਾ ਉਹ ਹਿੱਸਾ ਰਹੇ ਹਨ। ਇਨ੍ਹਾਂ ਸਰਗਰਮੀਆਂ ਕਰਕੇ ਉਨ੍ਹਾਂ ਦੀ ਪੁਲਿਸ ਵੱਲੋਂ ਕਈ ਵਾਰ ਪੁੱਛਗਿੱਛ ਤੇ ਛੋਟੇ ਮੋਟੇ ਕੇਸ ਪਾ ਦਿੱਤੇ ਜਾਂਦੇ ਹਨ।
ਇਸ ਸਾਰੀ ਲਹਿਰ ਤੇ ਆਪਣੇ ਤਜਬਰੇ ਸਾਂਝੇ ਕਰਦੇ ਹੋਏ ਉਹ ਕਹਿੰਦਾ ਹੈ ਕਿ “ਸਾਕਾ ਨੀਲਾ ਤਾਰਾ” ਦਾ ਦੁਖਾਂਤ ਤੇ ਉਸ ਤੋਂ ਬਾਅਦ ਪੁਲਿਸ ਦਾ ਉਨ੍ਹਾਂ ਨੂੰ ਘਰੋਂ ਚੁੱਕਣਾ, ਪੁਲਿਸ ਤੇ ਨੀਮ ਫ਼ੌਜੀ ਦਲਾਂ ਵੱਲੋਂ ਬੇਕਸੂਰ ਲੋਕਾਂ ’ਤੇ ਤਸ਼ੱਦਦ ਤੇ ਦਮਦਮੀ ਟਕਸਾਲ ਵੱਲ ਝੁਕਾਅ ਕਰਕੇ ਉਹ ਇਸ ਲਹਿਰ ਵਿਚ ਸ਼ਾਮਲ ਹੋਇਆ ਸੀ। ਇਹ ਉਹ ਸਮਾਂ ਸੀ ਜਦੋਂ ਵੱਡੀ ਗਿਣਤੀ ਨੌਜਵਾਨ ਮੁੰਡੇ ਆਪਣੇ ਆਪ ਮੈਦਾਨ ਵਿਚ ਆ ਗਏ ਸਨ ਤੇ ਲਹਿਰ ਨੂੰ ਆਮ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਸੀ। ਸ਼ੁਰੂ ਸ਼ੁਰੂ ਵਿਚ ਜ਼ਿਆਦਾਤਰ ਹਥਿਆਰ ਪੁਲਿਸ ਦੇ ਹੋਮਗਾਰਡਾਂ ਦੇ ਜਵਾਨਾਂ ਤੋਂ ਖੋਹੇ ਜਾਂਦੇ ਸਨ ਪਰ ਬਾਅਦ ਵਿਚ ਪਾਕਿਸਤਾਨ ਵਾਲੇ ਪਾਸੇ ਤੋਂ ਹਥਿਆਰਾਂ ਦੀ ਸਪਲਾਈ ਸ਼ੁਰੂ ਹੋ ਗਈ ਸੀ। ਇਸ ਦੇ ਨਾਲ ਹੀ ਕੁਝ ਪੁਲਿਸ ਵਾਲੇ ਨੌਕਰੀ ਛੱਡ ਕੇ ਲਹਿਰ ਵਿਚ ਸ਼ਾਮਲ ਹੋਏ। ਇਸ ਤੋਂ ਇਲਾਵਾ ਕੁਝ ਆਮ ਲੋਕਾਂ ਦੇ ਲਾਇਸੰਸੀ ਹਥਿਆਰ ਵੀ ਖੋਹੇ ਗਏ। ਪਹਿਲਾਂ ਪਹਿਲ ਹਥਿਆਰ ਪ੍ਰਾਪਤ ਕਰਨ ਵਿਚ ਮੁਸ਼ਕਲ ਹੁੰਦੀ ਸੀ ਪਰ ਬਾਅਦ ਵਿਚ ਕੋਈ ਸਮੱਸਿਆ ਨਹੀਂ ਆਈ।
ਜਦੋਂ ਉਸ ਨੂੰ ਲਹਿਰ ਦੇ ਪਤਨ ਬਾਰੇ ਪੁੱਛਿਆ ਗਿਆ ਤਾਂ ਉਸਨੇ ਇਸ ਦੇ ਬਹੁਤ ਸਾਰੇ ਕਾਰਨ ਦੱਸੇ। ਸਭ ਤੋਂ ਵੱਡਾ ਕਾਰਨ ਜਥੇਬੰਦੀਆਂ ਦੀ ਆਪਸੀ ਖਹਿਬਾਜ਼ੀ ਤੇ ਰੰਜਿਸ਼ ਸੀ। ਇਸ ਦੇ ਨਾਲ ਹੀ ਜਥੇਬੰਦੀਆਂ ਵਿਚ ਮਾੜੇ ਅਨਸਰਾਂ ਨਾਲ ਸਰਕਾਰੀ ਏਜੰਸੀਆਂ ਦੇ ਲੋਕ ਵੜ ਗਏ। 1987 ਤੋਂ ਬਾਅਦ ਲੋਕਾਂ `ਤੇ ਜ਼ਬਰਦਸਤੀ ਸਮਾਜ ਸੁਧਾਰ ਲਾਗੂ ਕਰਨ ਤੋਂ ਬਾਅਦ ਅਤਿਵਾਦੀ ਜਥੇਬੰਦੀਆਂ ਦੀ ਗਿਣਤੀ ਬਹੁਤ ਵਧ ਗਈ ਤੇ ਇਸ ਦੇ ਨਾਲ ਹੀ ਇਨ੍ਹਾਂ ਜਥੇਬੰਦੀਆਂ ਵਿਚ ਧੜੇਬੰਦੀ। ਇਹ ਉਹ ਸਮਾਂ ਸੀ ਜਦੋਂ ਕਿਸੇ ਵੀ ਜਥੇਬੰਦੀ ਦੇ ਮੁਖੀ ਜਾਂ ਅਹੁਦੇਦਾਰ ਦਾ ਥੱਲੇ ਕੰਮ ਕਰਦੇ ਮੁੰਡਿਆਂ ’ਤੇ ਕੋਈ ਕੰਟਰੋਲ ਨਹੀਂ ਸੀ। ਅਜਿਹੀ ਸਥਿਤੀ ਵਿਚ ਸਾਰਾ ਵਰਤਾਰਾ ਲੋਕ ਵਿਰੋਧੀ ਹੋ ਗਿਆ ਤੇ ਜ਼ਿਆਦਾਤਰ ਆਮ ਲੋਕ ਇਸ ਦੇ ਬੁਰੀ ਤਰ੍ਹਾਂ ਸ਼ਿਕਾਰ ਹੋਏ ਤੇ ਉਨ੍ਹਾਂ ਦੀ ਲਹਿਰ ਪ੍ਰਤੀ ਹਮਦਰਦੀ ਦੀ ਬਜਾਏ ਨਫ਼ਰਤ ਸ਼ੁਰੂ ਹੋ ਗਈ।
ਆਪਣੀ ਜਥੇਬੰਦੀ ਦੁਆਰਾ ਕੀਤੇ ਕੰਮਾਂ ਬਾਰੇ ਉਹ ਕਹਿੰਦਾ ਹੈ ਕਿ ਉਨ੍ਹਾਂ ਨੇ ਕਿਸੇ ਬੇਕਸੂਰ ਦਾ ਕਤਲ ਨਹੀਂ ਕੀਤਾ ਤੇ ਸਰਕਾਰੀ ਅਤੇ ਲੋਕਾਂ ’ਤੇ ਜ਼ੁਲਮ ਕਰਨ ਵਾਲਿਆਂ ਨੂੰ ਸਬਕ ਸਿਖਾਇਆ। ਉਹ ਇਹ ਵੀ ਮੰਨਦਾ ਹੈ ਕਿ ਬਾਅਦ ਵਿਚ ਹਾਲਾਤ ਅਜਿਹੇ ਬਣ ਗਏ ਸਨ ਜਦੋਂ ਕੋਈ ਵੀ ਕਿਸੇ ਦੇ ਕਾਬੂ ਹੇਠ ਨਹੀਂ ਸੀ। ਜਿੰਨਾ ਚਿਰ ਉਹ ਪੰਜਾਬ ਵਿਚ ਰਿਹਾ, ਉਸਨੇ ਮਾੜਾ ਕੰਮ ਕਰਨ ਵਾਲੇ ਅਨਸਰਾਂ ਨੂੰ ਜਥੇਬੰਦੀ ਵਿਚ ਬੇਦਖਲ ਕੀਤਾ ਤੇ ਉਨ੍ਹਾਂ ਨੇ ਅਜਿਹਾ ਨਾ ਕਰਨ ਵਾਸਤੇ ਚੇਤਾਵਨੀ ਦਿੱਤੀ। ਪਰ ਬਾਅਦ ਵਿਚ ਲਹਿਰ ਤੇ ਜਥੇਬੰਦੀ ਵਿਚ ਬਹੁਤ ਸਾਰੇ ਲੋਟੂ ਤੇ ਮਾੜੇ ਕਿਰਦਾਰ ਵਾਲੇ ਬੰਦੇ ਵੜ ਗਏ, ਜਿਨ੍ਹਾਂ ਦੇ ਕਾਰਨਾਮਿਆਂ ਕਰਕੇ ਲਹਿਰ ਬਦਨਾਮ ਤੇ ਬਹੁਤ ਜਲਦੀ ਅਲੋਪ ਹੋਈ।
ਉਸਦੀ ਸਭ ਤੋਂ ਵੱਡੀ ਨਿਰਾਸ਼ਾ ਉਸਦੇ ਵਾਪਸ ਆਉਣ ਤੇ ਲਹਿਰ ਦੇ ਸਮੇਂ ਦੇ ਕੁਝ ਨਜ਼ਦੀਕੀ ਤੇ ਜਾਣਕਾਰ ਲੋਕਾਂ ਦਾ ਪੂਰੀ ਤਰ੍ਹਾਂ ਮੂੰਹ ਮੋੜ ਲੈਣਾ ਸੀ। ਉਸ ਨੂੰ ਇਸ ਗੱਲ ਦਾ ਵੀ ਪਛਤਾਵਾ ਸੀ ਕਿ ਪੰਜਾਬ ਵਿਚ ਜੋ ਕੁਝ ਹੋਇਆ ਜਾਂ ਕੀਤਾ, ਬਹੁਤ ਮਾੜਾ ਸੀ। ਇਸ ਦੇ ਨਾਲ ਹੀ ਉਸ ਨੂੰ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਖਾਲਿਸਤਾਨ ਲਹਿਰ ਉੱਠਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ ਹੈ। ਉਸ ਦੇ ਸਮੇਂ ਹੀ ਪਾਕਿਸਤਾਨ ਵਿਚ ਸਮਾਂ ਗੁਜ਼ਾਰ ਕੇ ਵਾਪਸ ਪੰਜਾਬ ਪਰਤੇ। ਗੁਰਦਾਸਪੁਰ ਜ਼ਿਲ੍ਹੇ ਦੇ ਹੀ ਨਰਾਇਣ ਸਿੰਘ ਚੌੜਾ ਤੇ ਕੁਝ ਹੋਰ ਖਾੜਕੂ ਜਰਨੈਲਾਂ ਦੀ ਅਜੋਕੀ ਰਾਜਨੀਤੀ ਬਾਰੇ ਪੁੱਛੇ ਜਾਣ `ਤੇ ਉਸ ਨੇ ਕਿਹਾ ਕਿ ਚੁੱਪ ਹੀ ਭਲੀ ਹੈ। ਉਸ ਨੇ ਉਨ੍ਹਾਂ ਬਾਰੇ ਕੁਝ ਵੀ ਅੱਛਾ ਬੁਰਾ ਕਹਿਣ ਤੋਂ ਨਾਂਹ ਕਰ ਦਿੱਤੀ। ਜੌਇਸ ਪੈਟੀਗਰਿਊਜਿਸ ਨੇ ਕਿ ਪੰਜਾਬ ਦੀ ਖਾੜਕੂ ਲਹਿਰ ਬਾਰੇ ਚਰਚਿਤ ਪੁਸਤਕ ਜਿਸ ਦਾ ਜ਼ਿਆਦਾ ਬਿਰਤਾਂਤ ਵੱਸਣ ਸਿੰਘ ਜ਼ਫਰਵਾਲ ਦੇ ਸੰਗਠਨ ਕੇਸੀਐਫ (ਜ਼ਫਰਵਾਲ) ਨਾਲ ਸਬੰਧਤ ਖਾੜਕੂਆਂ ਦੀਆਂ ਕਹਾਣੀਆਂ `ਤੇ ਹੀ ਉਸਰਿਆ ਹੋਇਆ ਹੈ,ਬਾਰੇ ਵੀ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ।
*ਸਾਬਕਾ ਅਧਿਆਪਕ, ਰਾਜਨੀਤੀ ਸ਼ਾਸਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮੋਬਾਇਲ ਨੰਬਰ-94170-75563.