ਦਸਮ ਗ੍ਰੰਥ ਬਾਰੇ ਪ੍ਰਸ਼ਨਾਂ ਦੇ ਜੁਆਬ

ਪੰਜਾਬ ਟਾਈਮਜ਼ ਦੇ ਅੰਕ 39 ਵਿਚ ਸੁਖਦੇਵ ਸਿੰਘ ਨੇ ਮੇਰੇ ਪਾਸੋਂ ਦਸਮ ਗ੍ਰੰਥ ਬਾਰੇ ਕੁਝ ਸਵਾਲ ਪੁੱਛੇ ਹਨ, ਮੇਰੇ ਉਤਰ ਇਸ ਤਰ੍ਹਾਂ ਹਨ: ਸੁਖਦੇਵ ਸਿੰਘ ਦਾ ਪਹਿਲਾ ਸਵਾਲ ਚੌਪਈ ਸਾਹਿਬ ਦੇ ਮੁਕੰਮਲ ਹੋਣ ਵਾਲੇ ਦਿਨ ਬਾਰੇ ਹੈ। ਅਸੀਂ ਸਭ ਜਾਣਦੇ ਹਾਂ ਕਿ ਚੌਪਈ ਸਾਹਿਬ ਖਾਲਸੇ ਦੇ ਅੰਮ੍ਰਿਤ ਸੰਚਾਰ ਅਤੇ ਨਿਤਨੇਮ ਦੀ ਬਾਣੀ ਹੈ। ਇਹ ਚਰਿਤਰੋਪਾਖਿਆਨ ਦੇ ਅਖੀਰ ਵਿਚ ਦਰਜ ਹੈ। ਜਦੋਂ ਤੋਂ ਇਹ ਬਾਣੀ ਗੁਰੂ ਸਾਹਿਬ ਨੇ ਉਚਾਰੀ ਸਾਰਾ ਸਿੱਖ ਜਗਤ ਇਸ ਨੂੰ ਪੜ੍ਹਦਾ ਆ ਰਿਹਾ ਹੈ। ਇਸ ਦੇ ਮੁਕੰਮਲ ਹੋਣ ਦਾ ਦਿਨ ਐਤਵਾਰ, ਚੌਪਈ ਸਾਹਿਬ ਵਿਚ ਦਰਜ ਹੈ। ਰਹਿਤਨਾਮਿਆਂ ਵਿਚ ਇਸ ਦਿਨ ਦੀ ਤਸਦੀਕ ਹੁੰਦੀ ਹੈ।
ਸੁਖਦੇਵ ਸਿੰਘ ਦਾ ਇਸ ਦਿਨ ਨੂੰ ਮੰਗਲਵਾਰ ਲਿਖਣਾ ਇਕ ਭੁਲੇਖਾ ਪਾਊ ਬਿਆਨ ਹੈ। ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਉਹ ਰਹਿਤਨਾਮੇ ਪੜ੍ਹਨ ਤਾਂ ਕਿ ਉਨ੍ਹਾਂ ਦੀ ਸ਼ੰਕਾ ਨਵਿਰਤ ਹੋ ਸਕੇ। ਸੁਖਦੇਵ ਸਿੰਘ ਲਿਖਦੇ ਹਨ ਕਿ ਆਨੰਦਪੁਰੀ ਬੀੜ ਜੋ ਕਿ 1696 ਈæ ਦੀ ਹੈ, ਉਸ ਵਿਚ 1698 ਈæ ਦੀ ਬਾਣੀ ਕਿਸ ਤਰ੍ਹਾਂ ਆ ਗਈ?
ਜੁਆਬ ਹੈ, ਆਨੰਦਪੁਰੀ ਬੀੜ ਇਕ ਹੱਥ ਲਿਖਤ ਬੀੜ ਹੈ। ਉਸ ਉਪਰ ਸ਼ੁਰੂ ਕਰਨ ਦਾ ਸੰਮਤ 1753 (1696 ਈæ) ਹੈ। ਬੀੜ ਤਿਆਰ ਕਰਨ ਲਈ ਸਮਾਂ ਲੱਗਦਾ ਹੈ। ਖਰੜੇ ਇਕੱਠੇ ਕਰਨੇ, ਉਨ੍ਹਾਂ ਦਾ ਉਤਾਰਾ ਕਰਨਾ, ਪਰੂਫ ਰੀਡਿੰਗ, ਗਲਤੀਆਂ ਠੀਕ ਕਰਨਾ ਇਤਿਆਦ ਸਾਲਾਂ ਬੱਧੀ ਲੈ ਜਾਂਦੀਆਂ ਹਨ।
1696 ਈæ ਤੱਕ ਦਸਮ ਗ੍ਰੰਥ ਸਾਹਿਬ ਦੀਆਂ ਬਾਣੀਆਂ, ਸਿਵਾਏ ਰਾਮਾ ਅਵਤਾਰ ਤੋਂ, ਲਿਖੀਆਂ ਜਾ ਚੁੱਕੀਆਂ ਸਨ। ਜਦੋਂ ਰਾਮਾ ਅਵਤਾਰ 1698 ਈæ ਵਿਚ ਮੁਕੰਮਲ ਹੋਈ, ਤਾਂ ਆਨੰਦਪੁਰੀ ਬੀੜ ਵਿਚ ਦਰਜ ਕਰ ਦਿੱਤੀ ਗਈ। ਇਸ ਵਿਚ ਹੈਰਾਨੀ ਜਾਂ ਸ਼ੱਕ ਵਾਲੀ ਕੋਈ ਗੱਲ ਨਹੀਂ ਹੈ।
ਗੁਰੂ ਸਾਹਿਬ ਉਪਰ ਆਪਣੀ ਮਨੁੱਖੀ ਬੁੱਧੀ ਮੁਤਾਬਿਕ ਲਿਖਣ ਦਾ ਤਰੀਕਾ ਠੋਸਣਾ ਸਰਾਸਰ ਗਲਤ ਹੈ। ਇਕ ਸ਼ਰਧਾ ਰਹਿਤ ਮਨੁੱਖ ਹੀ ਗੁਰੂ ਸਾਹਿਬ ਨੂੰ ਇਹੋ ਜਿਹੇ ਸਵਾਲ ਕਰ ਸਕਦਾ ਹੈ। ਸਾਡੇ ਗੁਰੂ ਨਿਮਰਤਾ ਦੇ ਪੁੰਜ ਸਨ।
ਚਰਿਤਰੋਪਾਖਿਆਨ ਸਿੱਖਿਆਦਾਇਕ ਕਹਾਣੀਆਂ ਹਨ। ਕਹਾਣੀ ਵਿਚ ਲਿਖਾਰੀ ਸਿੱਖਿਆ ਦੇਣ ਲਈ ਪਾਤਰ ਘੜਦਾ ਹੈ ਅਤੇ ਕਾਲਪਨਿਕ ਨਾਂਵਾਂ ਦੀ ਵਰਤੋਂ ਕਰਦਾ ਹੈ। ਕਹਾਣੀ ਨੂੰ ਇਤਿਹਾਸ ਨਹੀਂ ਸਮਝਣਾ ਚਾਹੀਦਾ। ਸੁਖਦੇਵ ਸਿੰਘ ਆਪ ਲਿਖਦੇ ਹਨ ਕਿ ਨੂਪ ਕੁਇਰ ਵਾਲੇ ਚਰਿਤਰਾਂ ਵਿਚ ਅੱਛੀ ਸਿੱਖਿਆ ਦਿੱਤੀ ਗਈ ਹੈ ਅਤੇ ਪਰ ਨਾਰੀ ਦੇ ਸੰਗ ਤੋਂ ਰੋਕਿਆ ਗਿਆ ਹੈ।
ਗੁਰੂ ਸਾਹਿਬ ਦਾ ਨੂਪ ਕੁਇਰ ਨੂੰ ਜਗੀਰ ਦੇਣਾ ਵੀ ਸੰਸਾਰੀ ਜੀਵਾਂ ਲਈ ਸਿੱਖਿਆ ਹੈ। ਦੱਸਿਆ ਗਿਆ ਹੈ ਕਿ ਔਰਤ ਦਾ ਇਖਲਾਕ ਠੀਕ ਕਰਨ ਲਈ ਉਸ ਵਿਚ ਸਵੈਮਾਣ ਬਹਾਲ ਕਰਨਾ ਜ਼ਰੂਰੀ ਹੈ ਤਾਂ ਕਿ ਉਹ ਸਮਾਜ ਦਾ ਨਰੋਆ ਅੰਗ ਬਣ ਸਕੇ ਅਤੇ ਫਿਰ ਬਦਇਖਲਾਕੀ ਵਾਲੀ ਜ਼ਿੰਦਗੀ ਵੱਲ ਪ੍ਰੇਰਿਤ ਨਾ ਹੋਵੇ।
-ਇੰਦਰ ਸਿੰਘ, ਕੈਲੀਫੋਰਨੀਆ

Be the first to comment

Leave a Reply

Your email address will not be published.