ਭਾਜਪਾ ਦੇ ‘ਮਿਸ਼ਨ ਪੰਜਾਬ` ਤੋਂ ਹੱਥ ਖੜ੍ਹੇ

ਚੋਣ ਪ੍ਰਚਾਰ ਲਈ ਪਿੰਡਾਂ ਵਿਚ ਵੜਨਾ ਔਖਾ ਹੋਇਆ
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ ‘ਮਿਸ਼ਨ ਪੰਜਾਬ` ਦਾ ਚਾਅ ਮੱਠਾ ਪੈਂਦਾ ਨਜ਼ਰ ਆ ਰਿਹਾ ਹੈ। ਪੰਜਾਬੀਆਂ ਨੇ ਭਾਜਪਾ ਉਮੀਦਵਾਰਾਂ ਲਈ ਬੂਹੇ ਬੰਦ ਕਰ ਲਏ ਹਨ ਅਤੇ ਭਗਵਾ ਧਿਰ ਦੇ ਆਗੂਆਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾ ਰਿਹਾ ਹੈ।

ਪਿੰਡਾਂ ਦੇ ਬਾਹਰ ਵੱਡੇ-ਵੱਡੇ ਫਲੈਕਸ ਲਾਏ ਗਏ ਹਨ ਜਿਨ੍ਹਾਂ ਉਤੇ ਸਾਫ ਲਿਖਿਆ ਹੈ ਕਿ ਭਾਜਪਾ ਵਾਲੇ ਇਥੋਂ ਦੂਰ ਹੀ ਰਹਿਣ। ਚੋਣ ਪ੍ਰਚਾਰ ਵਿਚ ਨਿੱਤਰੇ ਭਾਜਪਾ ਉਮੀਦਵਾਰਾਂ ਦਾ ਸੜਕਾਂ ਉਤੇ ਵੀ ਕਾਲੀਆਂ ਝੰਡੀਆਂ ਨਾਲ ਵੀ ਵਿਰੋਧ ਹੋ ਰਿਹਾ ਹੈ। ਭਗਵਾ ਧਿਰ ਦਾ ਇਹੀ ਹਸ਼ਰ ਗੁਆਂਢੀ ਸੂਬੇ ਹਰਿਆਣਾ ਵਿਚ ਹੋ ਰਿਹਾ ਹੈ। ਇਥੇ ਸੱਤਾਧਾਰੀ ਹੋਣ ਦੇ ਬਾਵਜੂਦ ਭਾਜਪਾ ਆਪਣੇ ਖਿਲਾਫ ਉਠੀ ਲੋਕ ਲਹਿਰ ਨੂੰ ਦਬਾਉਣ ਵਿਚ ਸਫਲ ਹੁੰਦੀ ਨਜ਼ਰ ਨਹੀਂ ਆ ਰਹੀ ਹੈ।
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਚੋਣਾਂ ਵਿਚ ਭਾਜਪਾ ਦੇ ਵਿਰੋਧ ਵਾਲਾ ਪ੍ਰੋਗਰਾਮ ਪੂਰੇ ਮੁਲਕ ਵਿਚ ਲਾਗੂ ਕੀਤਾ ਜਾਵੇਗਾ ਜਿਸ ਤਹਿਤ ਵੋਟ ਮੰਗਣ ਆਉਣ ‘ਤੇ ਭਾਜਪਾ ਆਗੂਆਂ ਤੋਂ ਕਿਸਾਨ ਸਵਾਲ ਪੁੱਛਣਗੇ ਕਿ ਐਮ.ਐਸ.ਪੀ. ਦੀ ਗਾਰੰਟੀ ਦੀ ਮੰਗ ਪੂਰੀ ਕਿਉਂ ਨਹੀਂ ਕੀਤੀ, ਕਰਜ਼ਾ ਮੁਆਫ਼ ਕਿਉਂ ਨਹੀਂ ਕੀਤਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਜਦਕਿ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਚੋਣਾਂ ਵਿਚ ਇਨ੍ਹਾਂ ਸੂਬਿਆਂ (ਪੰਜਾਬ-ਹਰਿਆਣਾ) ਵਿਚ ਭਾਜਪਾ ਦਾ ਵਿਰੋਧ ਹੋਣਾ ਤੈਅ ਸੀ ਪਰ ਅਜਿਹਾ ਇਸ ਹੱਦ ਤੱਕ ਹੋਵੇਗਾ ਕਿ ਆਗੂਆਂ ਨੂੰ ਪਿੰਡਾਂ ਦੇ ਨੇੜੇ ਨਹੀਂ ਆਉਣ ਦਿੱਤਾ ਜਾਵੇਗਾ, ਦੀ ਸ਼ਾਇਦ ਕਦੇ ਉਮੀਦ ਨਹੀਂ ਕੀਤੀ ਗਈ ਸੀ। ਭਾਜਪਾ ਨੇ ‘ਮਿਸ਼ਨ ਪੰਜਾਬ` ਤਹਿਤ ਖਾਸ ਰਣਨੀਤੀ ਘੜੀ ਸੀ। ਇਸ ਰਣਨੀਤੀ ਦੇ ਮੱਦੇਨਜ਼ਰ ਭਗਵਾ ਧਿਰ ਨੇ ਰਵਾਇਤੀ ਧਿਰਾਂ (ਕਾਂਗਰਸ-ਅਕਾਲੀ ਦਲ) ਦੇ ਵੱਡੇ ਆਗੂਆਂ ਨੂੰ ਦਲ ਬਦਲੀ ਤਹਿਤ ਆਪਣੇ ਨਾਲ ਰਲਾਉਣ ਦਾ ਪੱਤਾ ਖੇਡਿਆ ਸੀ। ਭਾਜਪਾ ਇਸ ਵਿਚ ਸਫਲ ਵੀ ਹੋਈ ਅਤੇ ਕਾਂਗਰਸ ਅਤੇ ਆਪ ਦੇ ਮੌਜੂਦਾ ਸੰਸਦ ਮੈਂਬਰਾਂ ਸਣੇ ਕਈ ਵੱਡੇ ਆਗੂਆਂ ਨੂੰ ਆਪਣੇ ਪਾਲੇ ਵਿਚ ਕਰ ਕੇ ਉਮੀਦਵਾਰ ਐਲਾਨ ਦਿੱਤਾ। ਹੁਣ ਇਹ ਆਗੂ ਵੀ ਮਹਿਸੂਸ ਕਰ ਰਹੇ ਹਨ ਕਿ ਉਹ ‘ਕਿਥੇ ਫਸ ਗਏ`।
ਕਿਸਾਨ ਜਥੇਬੰਦੀਆਂ ਨੇ ਬਕਾਇਦਾ ਐਲਾਨ ਕੀਤਾ ਹੈ ਕਿ ਪਿੰਡਾਂ ਵਿਚ ਚੋਣ ਪ੍ਰਚਾਰ ਲਈ ਆਉਣ ਵਾਲੇ ਭਾਜਪਾ ਆਗੂਆਂ ਨੂੰ ਘੇਰ ਕੇ ਸਵਾਲ ਕੀਤੇ ਜਾਣਗੇ। ਇਨ੍ਹਾਂ ਮੰਗਾਂ ਸਬੰਧੀ ਫਲੈਕਸ ਬੋਰਡ ਤਿਆਰ ਕਰਵਾਏ ਗਏ ਹਨ ਜੋ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿਚ ਲਾਏ ਜਾਣਗੇ। ਉਧਰ, ਸੰਯੁਕਤ ਕਿਸਾਨ ਮੋਰਚੇ ਵੱਲੋਂ ਚੋਣਾਂ ਦੌਰਾਨ ਭਾਜਪਾ ਦੇ ਵਿਰੋਧ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ 21 ਮਈ ਨੂੰ ਜਗਰਾਉਂ ਵਿਚ ਭਾਜਪਾ ਵਿਰੋਧੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਉਤੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ਲਈ ਅਤੇ ਉਨ੍ਹਾਂ ਨੂੰ ਹਰਾਉਣ ਲਈ ਪ੍ਰਸ਼ਨਾਵਲੀ ਤਿਆਰ ਕਰ ਕੇ ਛਾਪੀ ਜਾਵੇਗੀ ਜਿਸ ਦਾ ਪੰਜਾਬ ਭਰ ਵਿਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਵੇਗਾ।
ਭਾਜਪਾ ਲਈ ਇਕ ਹੋਰ ਮੁਸੀਬਤ ਇਹ ਹੈ ਕਿ ਹੋਰਨਾਂ ਪਾਰਟੀਆਂ ਵਿਚੋਂ ਲਿਆਂਦੇ ਆਗੂਆਂ ਦਾ ਅੰਦਰੂਨੀ ਵਿਰੋਧ ਲਗਾਤਾਰ ਵਧ ਰਿਹਾ ਹੈ। ਕਾਂਗਰਸ ਵਿਚੋਂ ਲਿਆਂਦੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਜਲੰਧਰ ਵਿਚ ਆਪ ਤੋਂ ਆਏ ਸੁਸ਼ੀਲ ਰਿੰਕੂ ਖਿਲਾਫ ਬਾਗੀ ਸੁਰਾਂ ਤਿੱਖੀਆਂ ਹੋ ਗਈਆਂ ਹਨ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ, ਫਰੀਦਕੋਟ ਤੋਂ ਹੰਸ ਰਾਜ ਹੰਸ, ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਜਲੰਧਰ ਤੋਂ ਸੁਸ਼ੀਲ ਰਿੰਕੂ ਨੇ ਫਿਲਹਾਲ ਆਪਣੀ ਪ੍ਰਚਾਰ ਸਰਗਰਮੀਆਂ ਮੱਠੀਆਂ ਕਰ ਦਿੱਤੀਆਂ ਹਨ। ਇਹ ਆਗੂ ਆਪਣੇ ਹਲਕੇ ਵਿਚ ਵੀ ਨਿਕਲਣ ਤੋਂ ਟਲ ਰਹੇ ਹਨ; ਖਾਸ ਕਰ ਕੇ ਪੇਂਡੂ ਖੇਤਰਾਂ ਤੋਂ ਦੂਰ ਹੀ ਰਹਿ ਰਹੇ ਹਨ। ਹਾਲਾਤ ਇਹ ਹਨ ਕਿ ਭਾਜਪਾ ਆਗੂਆਂ ਦੀ ਸੁਰੱਖਿਆ ਲਈ ਵਾਧੂ ਫੋਰਸ ਤਾਇਨਾਤ ਕਰਨਾ ਪੈ ਰਹੀ ਹੈ। ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦੇਣਗੇ। ਕਿਸਾਨਾਂ ਦੀਆਂ ਸ਼ਹੀਦੀਆਂ ਇਨ੍ਹਾਂ ਭਾਜਪਾ ਆਗੂਆਂ ਕਰ ਕੇ ਹੋਈਆਂ ਹਨ ਅਤੇ ਇਹ ਸ਼ਹਾਦਤਾਂ ਕਦੇ ਭੁਲਾਈਆਂ ਨਹੀਂ ਜਾਣਗੀਆਂ ਜਿਸ ਤਰ੍ਹਾਂ ਬਾਰਡਰਾਂ ‘ਤੇ ਕਿਸਾਨਾਂ ਨੂੰ ਗੋਲੀਆਂ ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਦਿੱਲੀ ਜਾਣ ਤੋਂ ਰੋਕਿਆ ਸੀ, ਉਸੇ ਤਰ੍ਹਾਂ ਇਨ੍ਹਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾਵੇਗਾ।
ਅਕਾਲੀ ਦਲ ਵੱਲੋਂ ਗੱਠਜੋੜ ਤੋੜਨ ਤੋਂ ਬਾਅਦ ਭਾਜਪਾ ਪਹਿਲੀ ਵਾਰ ਪੰਜਾਬ ਵਿਚ ਆਪਣੇ ਦਮ ਉਤੇ ਲੋਕ ਸਭਾ ਚੋਣਾਂ ਲੜ ਰਹੀ ਹੈ। ਦੋਵਾਂ ਧਿਰਾਂ ਨੇ ਹਾਲਾਂਕਿ ਮੁੜ ਇਕੱਠੇ ਹੋਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਸਫਲ ਨਾ ਹੋ ਸਕੀਆਂ। ਇਸ ਪਿੱਛੇ ਵੀ ਪੰਜਾਬੀਆਂ ਖਾਸ ਕਰ ਕੇ ਕਿਸਾਨਾਂ ਦਾ ਰੋਹ ਹੀ ਮੁੱਖ ਕਾਰਨ ਬਣਿਆ। ਅਕਾਲੀ ਦਲ ਨੂੰ ਭਾਜਪਾ ਦੀ ਇਸ ਹੋਣੀ ਦੀ ਪਹਿਲਾਂ ਹੀ ਸੂਹ ਮਿਲ ਗਈ ਸੀ, ਜਦਕਿ ਭਗਵਾ ਧਿਰ ਨੂੰ ਭਰੋਸਾ ਸੀ ਕਿ ਹੋਰਾਂ ਪਾਰਟੀਆਂ ਵਿਚੋਂ ਚੰਗੇ ਆਧਾਰ ਵਾਲੇ ਆਗੂਆਂ ਨੂੰ ਆਪਣੇ ਨਾਲ ਰਲਾ ਅਤੇ ਚੋਣ ਮੈਦਾਨ ਵਿਚ ਉਤਾਰ ਕੇ ਉਹ ਲੋਕ ਰੋਹ ਨੂੰ ਠੱਲ੍ਹ ਲਵੇਗੀ ਪਰ ਮੌਜੂਦਾ ਬਣੇ ਹਾਲਾਤ ਸਾਫ ਦੱਸ ਰਹੇ ਹਨ ਕਿ ਭਾਜਪਾ ਭੁਲੇਖੇ ਵਿਚ ਸੀ। ਜਾਣਕਾਰੀ ਮਿਲੀ ਹੈ ਕਿ ਭਾਜਪਾ ਉਮੀਦਵਾਰਾਂ ਵੱਲੋਂ ਹਾਈਕਮਾਨ ਤੱਕ ਆਪਣੇ ਸੁਨੇਹੇ ਪਹੁੰਚਾਏ ਜਾ ਰਹੇ ਹਨ ਅਤੇ ਪੰਜਾਬ ਵਿਚ ਹੋ ਰਹੇ ਹਸ਼ਰ ਦਾ ਕੋਈ ਹੱਲ ਕੱਢਣ ਲਈ ਬੇਨਤੀ ਕੀਤੀ ਜਾ ਰਹੀ ਹੈ। ਭਾਜਪਾ ਦੇ ਟਕਸਾਲੀ ਆਗੂਆਂ ਨੇ ਲੋਕਾਂ ਵਿਚ ਵਿਚਰਨ ਤੋਂ ਇਕਦਮ ਪਾਸਾ ਵੱਟ ਲਿਆ ਹੈ ਅਤੇ ਹੋਰ ਪਾਰਟੀਆਂ ਵਿਚੋਂ ਆਏ ਆਗੂਆਂ ਨੂੰ ਅੱਗੇ ਕੀਤਾ ਹੋਇਆ ਹੈ। ਇਹ ਜਾਣਕਾਰੀ ਵੀ ਮਿਲੀ ਹੈ ਕਿ ਭਾਜਪਾ ਵਿਚ ਜਾਣ ਦੀ ਤਿਆਰੀ ਕਰੀ ਬੈਠੇ ਰਵਾਇਤੀ ਧਿਰਾਂ ਦੇ ਵੱਡੀ ਗਿਣਤੀ ਆਗੂਆਂ ਨੇ ਫਿਲਹਾਲ ਆਪਣਾ ਮਨ ਬਦਲ ਲਿਆ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਦੀ ‘ਦਲ ਬਦਲਾਊ` ਮੁਹਿੰਮ ਠੱਪ ਪਈ ਹੋਈ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਵੀ ਫਿਲਹਾਲ ਪੰਜਾਬ ਵੱਲ ਗੇੜਾ ਮਾਰਨ ਤੋਂ ਟਾਲ਼ਾ ਵੱਟ ਲਿਆ ਹੈ। ਜੇ ਕੋਈ ਆਗੂ ਆਉਂਦਾ ਵੀ ਹੈ ਤਾਂ ਚੰਡੀਗੜ੍ਹ ਮੀਟਿੰਗ ਕਰ ਕੇ ਬਾਹਰੋ-ਬਾਹਰ ਨਿਕਲਣ ਵਿਚ ਹੀ ਆਪਣੀ ਭਲਾਈ ਸਮਝ ਰਿਹਾ ਹੈ। ਕਿਸਾਨ ਜਥੇਬੰਦੀਆਂ ਭਾਜਪਾ ਖਿਲਾਫ ਇਹ ਰਣਨੀਤੀ ਪੂਰੇ ਮੁਲਕ ਵਿਚ ਲਾਗੂ ਕਰਨ ਦੀ ਤਿਆਰੀ ਕਰ ਰਹੀਆਂ ਹਨ, ਜੇਕਰ ਅਜਿਹਾ ਹੁੰਦਾ ਹੈ ਤਾਂ ਭਗਵਾ ਧਿਰ ਲਈ ਹਾਲਾਤ ਔਖੇ ਹੋ ਸਕਦੇ ਹਨ।
ਮੁਲਕ ਭਰ ਵਿਚ ਹੋਵੇਗਾ ਵਿਰੋਧ: ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਆਗੂਆਂ ਕੋਲ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਸਮਰੱਥਾ ਨਹੀਂ ਹੈ ਅਤੇ ਕਿਸਾਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ। ਇਸ ਲਈ ਭਾਜਪਾ ਸਰਕਾਰ ਵੱਲੋਂ ਤਾਨਾਸ਼ਾਹੀ ਕਰਦਿਆਂ ਹਰਿਆਣਾ ਵਿਚ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤੇ ਪ੍ਰੋਗਰਾਮ ਨੂੰ ਪੂਰੇ ਭਾਰਤ ਵਿਚ ਲਾਗੂ ਕੀਤਾ ਜਾਵੇਗਾ।