ਲੋਕ ਸਭਾ ਚੋਣਾਂ: ਪੰਜਾਬ ਵਿਚ ਇਸ ਵਾਰ ਬਹੁਕੋਣੇ ਮੁਕਾਬਲੇ ਹੋਣ ਦੀ ਸੰਭਾਵਨਾ

ਚੰਡੀਗੜ੍ਹ: ਪੰਜਾਬ ਵਿਚ ਇਸ ਵਾਰ ਲੋਕ ਸਭਾ ਚੋਣਾਂ ਵਿਚ ਬਹੁਕੋਣੇ ਮੁਕਾਬਲੇ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਵਸੋਂ ਦਾ ਸਮਾਜਿਕ ਤੇ ਧਾਰਮਿਕ ਪ੍ਰਭਾਵ ਵੀ ਚੋਣ ਨਤੀਜੇ ਪ੍ਰਭਾਵਿਤ ਕਰੇਗਾ।

ਵਸੋਂ ਦੇ ਮੁਲਾਂਕਣ ‘ਚ ਸਾਹਮਣੇ ਆਇਆ ਹੈ ਕਿ ਤਿੰਨ ਲੋਕ ਸਭਾ ਹਲਕੇ ਅਜਿਹੇ ਹਨ ਜਿਥੇ ਸ਼ਹਿਰੀ ਵਸੋਂ 50 ਫ਼ੀਸਦੀ ਤੋਂ ਜ਼ਿਆਦਾ ਹੈ। ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਸ਼ਹਿਰੀ ਵਸੋਂ 60.2 ਫ਼ੀਸਦੀ ਹੈ, ਜਲੰਧਰ ਹਲਕੇ ‘ਚ 51.3 ਫ਼ੀਸਦੀ ਅਤੇ ਲੁਧਿਆਣਾ ‘ਚ ਸਭ ਤੋਂ ਜ਼ਿਆਦਾ 70.3 ਫ਼ੀਸਦੀ ਸ਼ਹਿਰੀ ਆਬਾਦੀ ਹੈ।
ਲੋਕ ਸਭਾ ਚੋਣਾਂ ‘ਚ ਪੇਂਡੂ ਵੋਟ ਬੈਂਕ ਸਿਆਸੀ ਖੇਡ ਨੂੰ ਹਲੂਣੇਗਾ। ਪੰਜਾਬ ‘ਚ ਲੋਕ ਸਭਾ ਹਲਕਾ ਖਡੂਰ ਸਾਹਿਬ ‘ਚ ਸਭ ਤੋਂ ਵੱਧ 81.3 ਫੀਸਦੀ ਪੇਂਡੂ ਵਸੋਂ ਹੈ ਜਦੋਂ ਕਿ 72.8 ਫ਼ੀਸਦ ਨਾਲ ਫਰੀਦਕੋਟ ਹਲਕਾ ਦੂਜੇ ਨੰਬਰ ‘ਤੇ ਅਤੇ 72.5 ਫ਼ੀਸਦ ਨਾਲ ਬਠਿੰਡਾ ਹਲਕਾ ਤੀਜੇ ਸਥਾਨ ‘ਤੇ ਹੈ। ਅਕਾਲੀ ਦਲ ਦੀ ਟੇਕ ਐਤਕੀਂ ਪੇਂਡੂ ਵੋਟ ਬੈਂਕ ‘ਤੇ ਹੈ ਜਦੋਂਕਿ ਆਮ ਆਦਮੀ ਪਾਰਟੀ ਦੀ ਆਸ ਵੀ ਦਿਹਾਤੀ ਵੋਟਾਂ ‘ਤੇ ਟਿਕੀ ਹੋਈ ਹੈ। ਭਾਜਪਾ ਨੂੰ ਸ਼ਹਿਰੀ ਵਸੋਂ ਵਾਲੇ ਖਿੱਤੇ ਵਿਚੋਂ ਹੀ ਉਮੀਦਾਂ ਹਨ। ਫਿਰੋਜ਼ਪੁਰ ਹਲਕੇ ‘ਚ 69.6 ਫ਼ੀਸਦੀ, ਗੁਰਦਾਸਪੁਰ ਵਿਚ 69.4, ਹੁਸ਼ਿਆਰਪੁਰ ਵਿਚ 77.2, ਸੰਗਰੂਰ ‘ਚ 67.7 ਅਤੇ ਆਨੰਦਪੁਰ ਸਾਹਿਬ ਹਲਕੇ ‘ਚ 67.9 ਫੀਸਦੀ ਪੇਂਡੂ ਵਸੋਂ ਹੈ। ਚਰਚਾ ਹੈ ਕਿ ਹਿੰਦੂ ਭਾਈਚਾਰੇ ਦੇ ਦਬਦਬੇ ਵਾਲੇ ਟਕਸਾਲੀ ਸ਼ਹਿਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਆਦਿ ਹਨ ਅਤੇ ਪਿੰਡਾਂ ਵਿਚੋਂ ਵੱਡੀ ਪੱਧਰ ‘ਤੇ ਸ਼ਹਿਰਾਂ ਵਿਚ ਪਿਛਲੇ ਦੋ ਦਹਾਕਿਆਂ ‘ਚ ਪਰਵਾਸ ਹੋਇਆ ਹੈ ਜਿਸ ਕਰਕੇ ਵੋਟ ਬੈਂਕ ਦੇ ਪੁਰਾਣੇ ਪ੍ਰਭਾਵਾਂ ‘ਚ ਕਾਫੀ ਰੱਦੋਬਦਲ ਹੋਈ ਹੈ। ਪੰਜਾਬ ਦੇ ਚਾਰ ਲੋਕ ਸਭਾ ਹਲਕੇ ਅਜਿਹੇ ਹਨ ਜਿਥੇ ਸਿੱਖ ਵਸੋਂ ਪੰਜਾਹ ਫ਼ੀਸਦੀ ਤੋਂ ਘੱਟ ਹੈ ਜਿਨ੍ਹਾਂ ਵਿਚ ਗੁਰਦਾਸਪੁਰ ਵਿਚ 43.64 ਫੀਸਦੀ, ਹੁਸ਼ਿਆਰਪੁਰ ਵਿਚ 39.84, ਜਲੰਧਰ ਵਿਚ 32.75 ਅਤੇ ਆਨੰਦਪੁਰ ਸਾਹਿਬ ਹਲਕੇ ਵਿਚ 42.55 ਫੀਸਦੀ ਸਿੱਖ ਵਸੋਂ ਹੈ। ਇਨ੍ਹਾਂ ਸੀਟਾਂ ‘ਤੇ ਹਿੰਦੂ ਵੋਟ ਬੈਂਕ ਪ੍ਰਭਾਵਸ਼ਾਲੀ ਹੈ। ਬੇਸ਼ੱਕ ਅੰਮ੍ਰਿਤਸਰ ਹਲਕੇ ‘ਚ ਪੇਂਡੂ ਵਸੋਂ ਘੱਟ ਹੈ ਪਰ ਇੱਥੇ 68.94 ਫ਼ੀਸਦੀ ਸਿੱਖ ਵਸੋਂ ਹੈ। ਇਸੇ ਤਰ੍ਹਾਂ ਲੁਧਿਆਣਾ ਲੋਕ ਸਭਾ ਹਲਕੇ ਵਿਚ ਪੇਂਡੂ ਵਸੋਂ ਤਾਂ ਘੱਟ ਹੈ ਪਰ ਇੱਥੇ ਸਿੱਖ ਵਸੋਂ 53.26 ਫ਼ੀਸਦੀ ਹੈ। ਖਡੂਰ ਸਾਹਿਬ ਹਲਕੇ ਵਿਚ ਸਿੱਖ ਵਸੋਂ 75.15 ਫ਼ੀਸਦ ਅਤੇ ਫਰੀਦਕੋਟ ਵਿਚ 77.66 ਫੀਸਦ ਹੈ। ਬਠਿੰਡਾ ਹਲਕੇ ਵਿਚ 73.17 ਫੀਸਦੀ ਸਿੱਖ ਅਬਾਦੀ ਹੈ।
ਸਿਆਸੀ ਧਿਰਾਂ ਵੱਲੋਂ ਲੋਕ ਸਭਾ ਹਲਕੇ ਦੇ ਵੋਟ ਬੈਂਕ ਦੇ ਧਾਰਮਿਕ ਆਧਾਰ ਨੂੰ ਦੇਖਦਿਆਂ ਅਤੇ ਇਸ ਤਰ੍ਹਾਂ ਜਾਤੀ ਸਮੀਕਰਨ ਨੂੰ ਧਿਆਨ ਵਿਚ ਰੱਖ ਕੇ ਉਮੀਦਵਾਰ ਐਲਾਨੇ ਜਾਂਦੇ ਹਨ। ਪੰਜਾਬ ਵਿਚ ਚਾਰ ਲੋਕ ਸਭਾ ਹਲਕਿਆਂ ਵਿਚ ਮੁਸਲਿਮ ਵਸੋਂ ਵੀ ਅਹਿਮ ਥਾਂ ਰੱਖ ਰਹੀ ਹੈ। ਸੰਗਰੂਰ ਲੋਕ ਸਭਾ ਹਲਕੇ ‘ਚ ਸਭ ਤੋਂ ਜ਼ਿਆਦਾ 7.95 ਫ਼ੀਸਦ ਮੁਸਲਿਮ ਵਸੋਂ ਹੈ ਜਦੋਂਕਿ ਫ਼ਤਹਿਗੜ੍ਹ ਸਾਹਿਬ ਵਿੱਚ 3.38, ਲੁਧਿਆਣਾ ਵਿਚ 2.22 ਅਤੇ ਪਟਿਆਲਾ ਵਿਚ 2.21 ਫੀਸਦ ਹੈ। ਬਾਕੀ ਹਲਕਿਆਂ ਵਿਚ ਦੋ ਫ਼ੀਸਦ ਤੋਂ ਘੱਟ ਹੀ ਮੁਸਲਿਮ ਵਸੋਂ ਹੈ। ਇਵੇਂ ਹੀ ਈਸਾਈ ਵਸੋਂ ਵੀ ਸਭ ਤੋਂ ਵੱਧ ਗੁਰਦਾਸਪੁਰ ਹਲਕੇ ਵਿਚ 7.68 ਫੀਸਦੀ ਹੈ ਜਦੋਂਕਿ ਹੁਸ਼ਿਆਰਪੁਰ ਵਿਚ 1.64, ਅੰਮ੍ਰਿਤਸਰ ਵਿਚ 2.18 ਅਤੇ ਜਲੰਧਰ ਵਿਚ 1.20 ਫੀਸਦ ਹੈ। ਨੌਂ ਲੋਕ ਸਭਾ ਹਲਕਿਆਂ ਵਿਚ ਈਸਾਈ ਵਸੋਂ ਇਕ ਫ਼ੀਸਦ ਤੋਂ ਵੀ ਘੱਟ ਹੈ। ਦੇਖਿਆ ਜਾਵੇ ਤਾਂ ਸਿਆਸੀ ਧਿਰਾਂ ਵੱਲੋਂ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਚੋਣਾਂ ਦੌਰਾਨ ਭਾਸ਼ਣ ਵੀ ਵੱਖ-ਵੱਖ ਧਿਰਾਂ ‘ਤੇ ਫੋਕਸ ਹੁੰਦੇ ਹਨ। ਦਲਿਤ ਵਸੋਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਫਿਰੋਜ਼ਪੁਰ ‘ਚ 43.1 ਫ਼ੀਸਦ, ਜਲੰਧਰ ਵਿਚ 39.9, ਫਰੀਦਕੋਟ ‘ਚ 37 ਅਤੇ ਖਡੂਰ ਸਾਹਿਬ ਵਿਚ 35.3 ਫੀਸਦ ਹੈ।