ਆਲਮੀ ਤਪਸ਼ ਅਤੇ ਮਨੁੱਖ ਦੇ ਭਵਿੱਖ ਦਾ ਸਵਾਲ

ਗੁਰਚਰਨ ਸਿੰਘ ਨੂਰਪੁਰ
ਫੋਨ: +91-98550-51099
ਜਿਸ ਆਕਾਸ਼ ਗੰਗਾ ਦੇ ਅਸੀਂ ਵਾਸੀ ਹਾਂ, ਇਸ ਦੇ ਕੁਲ ਨੌਂ ਗ੍ਰਹਿ ਹਨ। ਇਨ੍ਹਾਂ ਵਿਚੋਂ ਕੇਵਲ ਧਰਤੀ `ਤੇ ਹੀ ਜੀਵਨ ਹੈ। ਅਜਿਹਾ ਕਿਉਂ? ਇਸ ਦੇ ਕੁਝ ਖਾਸ ਕਾਰਨ ਹਨ। ਸਭ ਤੋਂ ਅਹਿਮ ਕਾਰਨ ਹੈ ਧਰਤੀ ਸੂਰਜ ਤੋਂ ਖਾਸ ਦੂਰੀ `ਤੇ ਸਥਿਤ ਹੈ। ਇਸ ਦੁਆਲੇ ਹਵਾਵਾਂ ਦਾ ਗਿਲਾਫ ਜਿਹਾ ਚੜ੍ਹਿਆ ਹੋਇਆ ਹੈ ਜਿਸ ਨੂੰ ਅਸੀਂ ਵਾਯੂ ਮੰਡਲ ਆਖਦੇ ਹਾਂ।

ਇਸ ਵਾਯੂ ਮੰਡਲ ਕਰ ਕੇ ਧਰਤੀ `ਤੇ ਨਿੱਘ ਬਣੀ ਰਹਿੰਦੀ ਹੈ ਜੋ ਜੀਵਨ ਲਈ ਸਾਜ਼ਗਾਰ ਹਾਲਾਤ ਪੈਦਾ ਕਰਦੀ ਹੈ। ਇਸ ਦੇ ਉਲਟ ਸੂਰਜ ਨੇੜਲੇ ਗ੍ਰਹਿ ਬੇਹੱਦ ਗਰਮ ਹਨ ਅਤੇ ਧਰਤੀ ਤੋਂ ਵੱਧ ਦੂਰੀ ਵਾਲੇ ਗ੍ਰਹਿ ਠੰਢੇ ਯਖ ਹਨ। ਖਾਸ ਤਾਪਮਾਨ ਸਦਕਾ ਹੀ ਧਰਤੀ `ਤੇ ਜੀਵਨ ਸੰਭਵ ਹੋਇਆ। ਇੱਥੇ ਜੀਵ, ਜੰਤੂ, ਪਸ਼ੂ, ਪੰਛੀ ਚਹਿਕਦੇ ਹਨ; ਬਨਸਪਤੀ ਉਗਦੀ ਹੈ।
ਵਾਯੂ ਮੰਡਲ ਤੋਂ ਭਾਵ ਹਵਾਵਾਂ ਦੇ ਅਜਿਹੇ ਮਿਸ਼ਰਨ ਤੋਂ ਹੈ ਜਿਸ ਵਿਚ ਵੱਖ-ਵੱਖ ਗੈਸਾਂ ਵੱਖ-ਵੱਖ ਮਿਕਦਾਰ ਵਿਚ ਮੌਜੂਦ ਹਨ। ਪੁਲਾੜ ਵਿਚ ਜਾ ਕੇ ਦੇਖਿਆਂ ਧਰਤੀ ਦੂਜੇ ਗ੍ਰਹਿਆਂ ਵਰਗੀ ਨਹੀਂ ਦਿਸਦੀ। ਇਹ ਦੁਧੀਆ ਬੱਦਲਾਂ ਵਿਚ ਲਿਪਟੀ ਦੂਜੇ ਗ੍ਰਹਿ ਤੋਂ ਵੱਧ ਖੂਬਸੂਰਤ ਨਜ਼ਰ ਆਉਂਦੀ ਹੈ। ਧਰਤੀ ਦੇ ਵਾਯੂ ਮੰਡਲ ਦੀ ਉਪਰਲੀ ਸਤਿਹ ਉੱਤੇ ਹਲਕੀਆਂ ਗੈਸਾਂ ਹਨ, ਇਨ੍ਹਾਂ ਵਿਚ ਹੀ ਓਜ਼ੋਨ ਦੀ ਪਰਤ ਹੈ ਜੋ ਸੂਰਜ ਦੀਆਂ ਅਲਟਰਾ-ਵਾਇਲਟ ਕਿਰਨਾਂ ਨੂੰ ਧਰਤੀ `ਤੇ ਆਉਣ ਤੋਂ ਰੋਕਦੀ ਹੈ। ਜਦੋਂ ਸੂਰਜੀ ਗਰਮੀ ਧਰਤੀ `ਤੇ ਪੈਂਦੀ ਹੈ ਤਾਂ ਇਸ ਗਰਮੀ ਦੀ ਕੁਝ ਮਾਤਰਾ ਧਰਤੀ ਆਪਣੇ ਅੰਦਰ ਸਮਾਉਂਦੀ ਹੈ, ਬਾਕੀ ਵਾਪਸ ਛੱਡ ਦਿੰਦੀ ਹੈ ਜਿਸ ਸਦਕਾ ਧਰਤੀ `ਤੇ ਤਾਪਮਾਨ ਸਾਵਾਂ ਬਣਿਆ ਰਹਿੰਦਾ ਹੈ ਪਰ ਜਦੋਂ ਧਰਤੀ `ਤੇ ਵੱਖ-ਵੱਖ ਤਰ੍ਹਾਂ ਦੇ ਸਰੋਤਾਂ ਨਾਲ ਪੈਦਾ ਹੋਏ ਪ੍ਰਦੂਸ਼ਣਾਂ ਨਾਲ ਕਾਰਬਨ ਡਾਇਆਕਸਾਈਡ, ਮੀਥੇਨ, ਕਲੋਰੋਫਲੋਰੋ ਕਾਰਬਨ ਅਤੇ ਕਾਰਬਨ ਮੋਨੋ ਆਕਸਾਈਡ ਵਰਗੀਆਂ ਗੈਸਾਂ ਦਾ ਵਾਧਾ ਧਰਤੀ ਦੀ ਗਰਮੀ ਨੂੰ ਵਾਪਸ ਨਹੀਂ ਜਾਣ ਦਿੰਦਾ। ਇਹ ਗੈਸਾਂ ਇਸ ਨੂੰ ਧਰਤੀ ਦੇ ਵਾਯੂ ਮੰਡਲ ਵਿਚ ਹੀ ਜਜ਼ਬ ਕਰ ਲੈਂਦੀਆਂ ਹਨ। ਇਸ ਨੂੰ ਗ੍ਰੀਨ ਹਾਊਸ ਪ੍ਰਭਾਵ ਕਿਹਾ ਜਾਂਦਾ; ਅਸੀਂ ਇਸ ਨੂੰ ਆਲਮੀ ਤਪਸ਼ ਵੀ ਆਖ ਲੈਂਦੇ ਹਾਂ।
ਗ੍ਰੀਨ ਹਾਊਸ ਗੈਸਾਂ ਦਾ ਵਧ ਰਿਹਾ ਪ੍ਰਭਾਵ ਜੀਵਨ ਲਈ ਖ਼ਤਰਾ ਬਣ ਰਿਹਾ ਹੈ। ਇਸ ਨਾਲ ਧਰਤੀ `ਤੇ ਜੀਵਨ ਲਈ ਕਈ ਤਰ੍ਹਾਂ ਦੇ ਸੰਕਟ ਪੈਦਾ ਹੋ ਰਹੇ ਹਨ। ਹੁਣ ਤੱਕ ਵਿਗਿਆਨੀ ਇਸ ਨੂੰ ਆਉਣ ਵਾਲੇ ਸਮੇਂ ਦਾ ਸੰਕਟ ਆਖਦੇ ਆਏ ਹਨ ਪਰ ਹੁਣ ਅਜਿਹਾ ਨਹੀਂ ਹੈ। ਹੁਣ ਹਾਲ ਇਹ ਹੈ ਕਿ ਮਨੁੱਖ ਜਾਤੀ ਸਮੇਤ ਦੂਜੀਆਂ ਜੀਵ ਜਾਤੀਆਂ ਸੰਕਟ ਦੇ ਮੁਹਾਣ `ਤੇ ਖੜ੍ਹੀਆਂ ਹਨ। ਹੁਣ ਤੱਕ 0.8 ਡਿਗਰੀ ਤਾਪਮਾਨ ਵਾਧਾ ਨੋਟ ਕੀਤਾ ਗਿਆ ਹੈ ਪਰ ਇਸ ਨਾਲ ਵੀ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ। ਮੌਸਮਾਂ ਵਿਚ ਅੱਥਰਾ ਵੇਗ ਆ ਗਿਆ ਹੈ। ਮੌਨਸੂਨੀ ਹਵਾਵਾਂ ਬੇਪ੍ਰਤੀਤੀਆਂ ਹੋ ਗਈਆਂ ਹਨ। ਕਿਤੇ ਹੱਦੋਂ ਵੱਧ ਵਰਖਾ ਹੋਣ ਲੱਗ ਪਈ ਹੈ, ਕਿਤੇ ਲੰਮਾ ਸੋਕਾ ਪੈਣ ਲੱਗਿਆ ਹੈ। ਜਿਹੜੇ ਇਲਾਕਿਆਂ ਵਿਚ ਝੜੀਆਂ ਲਗਦੀਆਂ ਸਨ, ਉੱਥੇ ਇੱਕੋ ਵਾਰੀ ਜ਼ਿਆਦਾ ਮੀਂਹ ਪੈਂਦਾ ਹੈ ਅਤੇ ਪਾਣੀ ਧਰਤੀ ਹੇਠ ਰਿਸਣ ਦੀ ਬਜਾਇ ਕੁਝ ਘੰਟਿਆਂ ਵਿਚ ਹੀ ਵਹਿ ਜਾਂਦਾ ਹੈ। ਗਰਮੀ ਦਾ ਮੌਸਮ ਲੰਮਾ ਹੋਣ ਲੱਗ ਪਿਆ ਹੈ। ਸਰਦੀ ਦਾ ਮੌਸਮ ਕੁਝ ਦਿਨਾਂ ਤੱਕ ਸੀਮਤ ਹੋ ਗਿਆ ਹੈ। ਅਗਾਂਹ ਇਸ ਦਾ ਬਹੁਤ ਮਾੜਾ ਅਸਰ ਦਿਸ ਰਿਹਾ ਹੈ, ਉਹ ਇਹ ਕਿ ਬਹੁਤ ਸਾਰੀਆਂ ਜੀਵ ਜਾਤੀਆਂ ਜੋ ਠੰਢੇ ਇਲਾਕਿਆਂ ਵਿਚ ਰਹਿੰਦੀਆਂ ਸੀ, ਨੂੰ ਆਪਣੇ ਟਿਕਾਣੇ ਬਦਲਣ ਦੀ ਲੋੜ ਪੈ ਰਹੀ ਹੈ। ਗਰਮ ਇਲਾਕਿਆਂ ਦੇ ਜੀਵ ਜੰਤੂ ਅਤੇ ਬਿਮਾਰੀ ਫੈਲਾਉਣ ਵਾਲੇ ਕੀਟ ਪਤੰਗੇ ਹੁਣ ਉਨ੍ਹਾਂ ਇਲਾਕਿਆਂ ਵਿਚ ਵੀ ਪ੍ਰਵੇਸ਼ ਕਰਨ ਲੱਗ ਪਏ ਹਨ ਜਿੱਥੇ ਪਹਿਲਾਂ ਇਨ੍ਹਾਂ ਦੀ ਅਣਹੋਂਦ ਸੀ। ਜੀਵਨ ਲਈ ਖਤਰਨਾਕ ਕੀਟਾਂ ਦੀਆਂ ਨਸਲਾਂ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸ ਦੇ ਫਲਸਰੂਪ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਮਨੁੱਖ ਦੀ ਤੰਦਰੁਸਤੀ `ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਕੇਵਲ ਮਨੁੱਖਾਂ ਅਤੇ ਹੋਰ ਜੀਵਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਹੀ ਨਹੀਂ ਵਧੀਆਂ, ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ। ਇਹ ਸਭ ਕੁਝ ਸੰਕੇਤ ਹੈ ਕਿ ਅਸੀਂ ਖ਼ਤਰਨਾਕ ਭਵਿੱਖ ਵੱਲ ਵਧ ਰਹੇ ਹਾਂ।
ਵਧ ਰਹੇ ਮਸ਼ੀਨੀਕਰਨ ਦੇ ਦੌਰ ਵਿਚ ਕੁਦਰਤੀ ਸੋਮਿਆਂ ਦੀ ਤਬਾਹੀ ਹੋ ਰਹੀ ਹੈ। ਪਹਾੜ ਪੱਧਰੇ ਕਰ ਕੇ ਮਕਾਨਾਂ ਦੀ ਉਸਾਰੀ ਹੋ ਰਹੀ ਹੈ। ਜੰਗਲੀ ਇਲਾਕਿਆਂ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਬਲਕਿ ਇਹ ਜੰਗਲ ਤੇਜ਼ੀ ਨਾਲ ਕੱਟੇ ਜਾ ਰਹੇ ਹਨ। ਦਰਿਆਵਾਂ ਨਦੀਆਂ ਵਿਚੋਂ ਰੇਤ ਕੱਢਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਧਰਤੀ ਹੇਠਲੇ ਖਣਿਜਾਂ ਦਾ ਵੀ ਇਹੀ ਹਾਲ ਹੈ। ਇਹ ਸਭ ਕੁਝ ਧਰਤੀ `ਤੇ ਸਦੀਆਂ ਤੋਂ ਬਣੇ ਕੁਦਰਤੀ ਵਾਤਾਵਰਨ ਨੂੰ ਤਬਾਹ ਕਰ ਰਿਹਾ ਹੈ ਅਤੇ ਤਪਸ਼ ਨੂੰ ਹੋਰ ਵਧਾ ਰਿਹਾ ਹੈ। ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਇਸ ਨੂੰ ਵਿਕਾਸ ਦੱਸ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਕੁਦਰਤੀ ਸੋਮਿਆਂ ਦੀ ਤਬਾਹੀ ਵਿਕਾਸ ਨਹੀਂ ਹੁੰਦੀ, ਇਹ ਖ਼ਤਰਨਾਕ ਵਿਨਾਸ਼ ਵੱਲ ਵਧਣ ਦੀ ਸ਼ੁਰੂਆਤ ਹੈ। ਹੁਣ ਮਨੁੱਖ ਆਪਣੀਆਂ ਲੋੜਾਂ ਲਈ ਨਹੀਂ, ਮੁਨਾਫਿਆਂ ਅਤੇ ਲਾਲਚਾਂ ਲਈ ਜਿਊਣ ਲੱਗ ਪਿਆ ਹੈ। ਮਨੁੱਖ ਜਾਤੀ ਨੂੰ ਓਨੀਆਂ ਵਸਤਾਂ ਦੀ ਜ਼ਰੂਰਤ ਨਹੀਂ ਜਿੰਨੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਦੂਜੀ ਗੱਲ, ਇਸ ਵਿਚ ਅਸਾਵਾਂਪਣ ਵੀ ਹੈ। ਧਨਾਢ ਕਾਰਪੋਰੇਸ਼ਨਾਂ ਹਰ ਪੱਖੋਂ ਮਨੁੱਖ ਤੋਂ ਮੁਨਾਫਿਆਂ ਦੀ ਆਸ ਲਾਈ ਬੈਠੀਆਂ ਹਨ। ਮਨੁੱਖ ਦੀ ਹਰ ਲੋੜ ਅਤੇ ਮਜਬੂਰੀ ਤੋਂ ਕਮਾਈਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਾਰੂਥਲ ਦਾ ਵਿਸਥਾਰ ਹੋ ਰਿਹਾ ਹੈ। ਪੰਜਾਬ ਵਿਚ ਲਗਭਗ 25 ਸੈਂਟੀਮੀਟਰ ਪਾਣੀ ਹਰ ਸਾਲ ਹੋਰ ਡੂੰਘਾ ਚਲਾ ਜਾਂਦਾ ਹੈ। ਵੱਧ ਤੋਂ ਵੱਧ ਰੁੱਖ ਲਗਾ ਕੇ, ਰੁੱਖਾਂ ਦੀ ਕਟਾਈ ਰੋਕ ਕੇ ਅਤੇ ਪਾਣੀ ਰੀਚਾਰਜ ਕਰ ਕੇ ਇਸ ਦਾ ਹੱਲ ਕੱਢਿਆ ਜਾ ਸਕਦਾ ਹੈ ਪਰ ਇਸ ਲਈ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਹਨ? ਕੁਝ ਵੀ ਨਹੀਂਂ! ਨਾ ਹੀ ਲੋਕ ਇਸ ਬਾਰੇ ਫ਼ਿਕਰਮੰਦ ਹਨ। ਅਸੀਂ ਜਿਹੜੀ ਜੀਵਨ ਸ਼ੈਲੀ ਅਪਣਾ ਲਈ ਹੈ, ਉਹ ਇੱਕ ਤਰ੍ਹਾਂ ਉਸੇ ਟਾਹਣ ਨੂੰ ਵੱਢਣ ਵਾਂਗ ਹੈ ਜਿਸ `ਤੇ ਅਸੀਂ ਬੈਠੇ ਹਾਂ। ਅਸੀਂ ਰੋਗ ਦੀ ਜੜ੍ਹ ਲੱਭ ਕੇ ਉਸ ਦਾ ਇਲਾਜ ਕਰਨ ਦੀ ਬਜਾਇ ਰੋਗ ਦੇ ਲੱਛਣ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਹਾਂ। ਅਜਿਹਾ ਕਰ ਕੇ ਅਸੀਂ ਭਰਮ ਪਾਲ ਰਹੇ ਹਾਂ ਕਿ ਅਸੀਂ ਤੰਦਰੁਸਤ ਹੋ ਜਾਵਾਂਗੇ। ਇਹ ਹਕੀਕਤ ਤੋਂ ਅੱਖਾਂ ਮੀਟਣ ਵਾਂਗ ਹੈ। ਮਿਸਾਲ ਵਜੋਂ ਪਾਣੀ ਦੀ ਗ਼ਲਤ ਵਰਤੋਂ ਅਤੇ ਪ੍ਰਦੂਸ਼ਣ ਦੇ ਵਾਧੇ ਕਾਰਨ ਪਾਣੀ ਹੁਣ ਸਾਫ਼ ਨਹੀਂ ਰਿਹਾ। ਅਸੀਂ ਜ਼ਹਿਰਾਂ ਵਾਲਾ ਪਾਣੀ ਫਿਲਟਰਾਂ ਨਾਲ ਸਾਫ਼ ਕਰ ਕੇ ਪੀ ਰਹੇ ਪਰ ਅਸੀਂ ਇਹ ਕਦੀ ਨਹੀਂ ਵਿਚਾਰਿਆ ਕਿ ਇਹ ਪਾਣੀ ਪਲੀਤ ਕਿਵੇਂ ਅਤੇ ਕਿਉਂ ਹੋ ਗਿਆ? ਇਸ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਸਾਨੂੰ ਕੁਝ ਕਰਨ ਦੀ ਲੋੜ ਸੀ ਪਰ ਇਸ ਦੇ ਉਲਟ ਜਦੋਂ ਅਸੀਂ ਪਾਣੀ ਨੂੰ ਸਾਫ਼ ਕਰ ਕੇ ਪੀਣ ਲਈ ਮਜਬੂਰ ਹੁੰਦੇ ਹਾਂ ਤਾਂ ਇਸ ਦਾ ਅਰਥ ਬੜਾ ਖ਼ਤਰਨਾਕ ਹੈ। ਪਾਣੀ ਸਾਫ਼ ਕਰਨ ਦਾ ਅਰਥ ਹੈ, ਹੋਰ ਵੱਧ ਮਾਤਰਾ ਵਿਚ ਪਾਣੀ ਅਤੇ ਊਰਜਾ ਦੀ ਬਰਬਾਦੀ। ਇਸੇ ਤਰ੍ਹਾਂ ਅਸੀਂ ਹਵਾ ਨਾਲ ਕਰਾਂਗੇ। ਹਵਾ ਨੂੰ ਗੰਦਾ ਕਰਨ ਵਾਲੇ ਸਰੋਤਾਂ ਨੂੰ ਰੋਕਣ ਦੀ ਬਜਾਇ ਕਮਰਿਆਂ ਵਿਚ ਹਵਾ ਸਾਫ ਕਰਨ ਵਾਲੇ ਯੰਤਰ ਸਾਨੂੰ ਵੇਚੇ ਜਾਣਗੇ ਜਿਨ੍ਹਾਂ ਨੂੰ ਚਲਾਉਣ ਲਈ ਹੋਰ ਊਰਜਾ ਖਪਤ ਹੋਵੇਗੀ ਅਤੇ ਪ੍ਰਦੂਸ਼ਣ ਵਧੇਗਾ। ਇਵੇਂ ਹੀ ਅਸੀਂ ਜ਼ਹਿਰੀਲੇ ਰਸਾਇਣਾਂ ਨਾਲ ਮਿੱਟੀ ਦੀ ਸਿਹਤ ਗੁਆ ਲਈ ਹੈ। ਬੇਲੋੜੀਆਂ ਵਸਤਾਂ ਦੀ ਹਵਸ ਵਿਚ ਬੇਲੋੜੇ ਕਾਰਖਾਨੇ ਫੈਕਟਰੀਆਂ ਵਾਧੂ ਵਸਤਾਂ ਪੈਦਾ ਕਰ ਕੇ ਵਾਤਾਵਾਰਨ ਦਾ ਘਾਣ ਕਰ ਰਹੇ ਹਨ। ਇਨ੍ਹਾਂ ਤੋਂ ਪੈਦਾ ਹੋਏ ਵਿਗਾੜਾਂ ਨੂੰ ਸਮਝਣ ਦੀ ਬਜਾਇ ਅਸੀਂ ਹੋਰ ਵਿਗਾੜ ਪੈਦਾ ਕਰਨ ਵਾਲੀਆਂ ਵਸਤਾਂ ਵਰਤੋਂ ਵਿਚ ਲਿਆ ਕੇ ਖ਼ੁਦ ਨੂੰ ਠੀਕ ਰੱਖਣ ਦੇ ਭੁਲੇਖੇ ਸਿਰਜ ਰਹੇ ਹਾਂ।
ਮਨੁੱਖ ਦੀ ਵੱਡੀ ਤਰਾਸਦੀ ਇਹ ਹੈ ਕਿ ਅਸੀਂ ਆਪਣੇ ਵਿਸ਼ਵਾਸਾਂ, ਧਰਮਾਂ ਆਦਿ ਖ਼ਾਤਰ ਮਰਨ ਲਈ ਤਾਂ ਇਕੱਠੇ ਹੋ ਸਕਦੇ ਹਾਂ ਪਰ ਜਿਊਣ (ਸਿਹਤ) ਲਈ ਇੱਕ ਮਤ ਨਹੀਂ ਹੋ ਰਹੇ; ਇੱਥੋਂ ਤੱਕ ਕਿ ਆਲਮੀ ਤਪਸ਼ ਬਾਰੇ ਕੁਝ ਦੇਸ਼ਾਂ ਦੀ ਸੁਰ ਵੱਖਰੀ ਹੁੰਦੀ ਹੈ। ਵਿਕਸਤ ਦੇਸ਼ ਸਭ ਤੋਂ ਵੱਧ ਪ੍ਰਦੂਸ਼ਣ ਪੈਦਾ ਕਰ ਰਹੇ ਹਨ; ਇਸ ਦਾ ਖਮਿਆਜ਼ਾ ਗਰੀਬ ਦੇਸ਼ਾਂ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਅੱਜ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਨਿੱਕੀ ਜਿਹੀ ਚੀਜ਼ ਦੀ ਖਰੀਦ ਨਾਲ ਵੀ ਵਾਤਾਵਰਨ ਦਾ ਕੁਝ ਹਿੱਸਾ ਬਰਬਾਦ ਹੁੰਦਾ ਹੈ, ਇਸ ਲਈ ਸਾਨੂੰ ਵਸਤਾਂ ਦੀ ਰੀਸਾਈਕਲਿੰਗ ਵੱਲ ਧਿਆਨ ਦੇਣ ਦੀ ਲੋੜ ਹੈ। ਵਾਧੂ ਬੇਲੋੜੀਆਂ ਵਸਤਾਂ ਦੀ ਥਾਂ ਕੁਦਰਤੀ ਵਿਹਾਰ ਅਪਣਾਉਣ ਦੀ ਲੋੜ ਹੈ। ਦੁਨੀਆ ਭਰ ਦੀਆਂ ਸਰਕਾਰਾਂ ਸੂਰਜੀ ਊਰਜਾ ਲਈ ਵੱਡੇ ਪ੍ਰੋਗਰਾਮ ਬਣਾਉਣ। ਹਵਾ ਤੋਂ ਊਰਜਾ ਹਾਸਲ ਕੀਤੀ ਜਾਵੇ। ਮਾਰੂਥਲਾਂ ਵਿਚ ਸਿਲੀਕੋਨ ਸੀਟਾਂ ਤੋਂ ਬਿਜਲੀ ਬਣਾ ਕੇ ਊਰਜਾ ਲੋੜਾਂ ਪੂਰੀਆਂ ਕੀਤੀਆਂ ਜਾਣ।
ਅਸੀਂ ਆਪਣੇ ਘਰ ਨੂੰ ਤਾਂ ਘਰ ਸਮਝ ਲਿਆ ਪਰ ਹੁਣ ਲੋੜ ਹੈ- ਦੁਨੀਆ ਦਾ ਹਰ ਮਨੁੱਖ ਇਸ ਧਰਤੀ ਨੂੰ ਆਪਣਾ ਘਰ ਸਮਝੇ। ਇਸ ਸੰਕਲਪ ਨੂੰ ਅੱਗੇ ਵਧਾਉਣਾ ਪਵੇਗਾ। ਮਨੁੱਖਤਾ ਬਚਾਉਣ ਲਈ ਨਹੀਂ ਬਲਕਿ ਕੁਦਰਤ ਦੇ ਪਸਾਰੇ ਵਿਚ ਸਾਡੇ ਆਲੇ-ਦੁਆਲੇ ਰਹਿੰਦੇ ਹੋਰ ਜੀਵਾਂ ਨੂੰ ਵੀ ਇਸ ਧਰਤੀ `ਤੇ ਰਹਿਣ ਦਾ ਪੂਰਾ ਹੱਕ ਹੈ। ਦੁਨੀਆ ਭਰ ਦੇ ਮਹਾਨ ਪੁਰਸ਼, ਦਾਰਸ਼ਨਿਕ, ਵਿਦਵਾਨ, ਲੇਖਕ ਇਸੇ ਦੁਨੀਆ ਨੂੰ ਹੋਰ ਚੰਗਾ ਬਣਾਉਣ ਲਈ ਯਤਨਸ਼ੀਲ ਰਹੇ ਹਨ। ਹੁਣ ਵਕਤ ਆ ਗਿਆ ਹੈ ਕਿ ਅਸੀਂ ਆਪਣੇ ਆਪ ਨੂੰ ਇਸ ਧਰਤੀ ਨੂੰ ਚੰਗਾ ਬਣਾਉਣ ਲਈ ਯਤਨਸ਼ੀਲ ਹੋਈਏ।