ਸਿਮਰਨ ਸਿੰਘ ਸਹਿੰਬੀ ਨੇ ਆਪਣੇ ਪੱਤਰ ਰਾਹੀਂ ਦੋਵਾਂ ਧਿਰਾਂ ਦੀ ਆਲੋਚਨਾ ਕਰਦਿਆਂ ਮੱਧ ਦਾ ਰਸਤਾ ਅਖਤਿਆਰ ਕਰਨ ਦਾ ਸੁਝਾਓ ਦਿੱਤਾ ਹੈ। ਉਹ ਲਿਖਦੇ ਹਨ, “ਜਿਵੇਂ ਜਨ ਸਧਾਰਨ ਸਿੱਖਾਂ ਦੀ ਸਹੂਲਤ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਚੋਣਵੀਆਂ ਬਾਣੀਆਂ ਦੇ ਗੁਟਕੇ-ਪੋਥੀਆਂ ਛਪੀਆਂ ਹੋਈਆਂ ਹਨ, ਇਸੇ ਪੈਟਰਨ ‘ਤੇ ਜੇ ਦਸਮ ਗ੍ਰੰਥ ਵਿਚੋਂ ਜਾਪੁ ਸਾਹਿਬ, ਸਵੱਈਏ ਅਤੇ ਕੁਝ ਹੋਰ ਬਾਣੀਆਂ ਇਕੱਤਰ ਕਰ ਕੇ ਵੱਖਰੀ ਪੋਥੀ ਬਣਾ ਲਈ ਜਾਵੇ, ਬਾਕੀ ਦਾ ਗ੍ਰੰਥ ਸਾਹਿਤ ਵਜੋਂ ਲਾਇਬ੍ਰੇਰੀਆਂ ‘ਚ ਸੰਭਾਲਿਆ ਪਿਆ ਰਹੇ ਤਾਂ ਕਿਸੇ ਨੂੰ ਕੀ ਢਿੱਡ ਪੀੜ ਹੁੰਦੀ ਹੈ?”
ਇਸ ਸੁਝਾਓ ਦੇ ਦੋ ਹਿੱਸੇ ਹਨ, ਇਕ ਤਾ ਗੁਰੂ ਜੀ ਦੀਆਂ ਰਚਨਾਵਾਂ ਨੂੰ ਵੱਖ ਕਰਕੇ ਸਾਂਭਣਾ ਅਤੇ ਦੂਜਾ ਬਾਕੀ ਨੂੰ ਸਾਹਿਤ ਦੇ ਤੌਰ ‘ਤੇ ਲਾਇਬ੍ਰੇਰੀਆਂ ਵਿਚ ਸਾਂਭਣਾ। ਸੁਝਾਓ ਦੇ ਪਹਿਲੇ ਹਿੱਸੇ ‘ਤੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਦੂਜੇ ਹਿੱਸੇ ਬਾਰੇ ਬੇਨਤੀ ਹੈ ਕਿ ਬਾਕੀ ਬਚੇ ਦਾ ਕਰਤਾ ਕੌਣ ਹੋਵੇਗਾ? ਜੇ ਉਸ ਦਾ ਕਰਤਾ ਵੀ ਗੁਰੂ ਜੀ ਨੂੰ ਹੀ ਮੰਨਣਾ-ਦੱਸਣਾ ਹੈ ਤਾਂ ਵੱਖ ਕਰਨ ਦੀ ਕੀ ਲੋੜ ਹੈ? ਜੇ ਗੁਰੂ ਜੀ ਉਸ ਹਿੱਸੇ ਦੇ ਕਰਤਾ ਗੁਰੂ ਜੀ ਨਹੀਂ ਤਾਂ ਉਸ ਕੂੜ-ਕਬਾੜ ਨੂੰ ਸਾਂਭਣ ਦੀ ਕੀ ਲੋੜ ਹੈ?
—
ਅਮਰਜੀਤ ਸਿੰਘ ਖੋਸਾ, ਕੈਨੇਡਾ ਦੇ ਵਿਚਾਰ
ਅਮਰਜੀਤ ਸਿੰਘ ਖੋਸਾ ‘ਸਿੱਖ ਰਹਿਤ ਮਰਿਆਦਾ’ ਸਬੰਧੀ ਲਿਖਦੇ ਹਨ, “ਸਮੂਹ ਸਿੱਖ ਜਗਤ ਦਾ ਕੀਤਾ ਹੋਇਆ ਫੈਸਲਾ ਜੋ ਕਿ ‘ਸਿੱਖ ਰਹਿਤ ਮਰਿਆਦਾ’ ਦੇ ਰੂਪ ਵਿਚ ਉਪਲਬਧ ਹੈ, ਤਾਂ ਹੁਣ ਕਿਸ ਸਿੱਖ ਜਗਤ ਨੇ ਕੀ ਫੈਸਲਾ ਕਰਨਾ ਹੈ?” ਬੇਨਤੀ ਹੈ ਕਿ 1945 ‘ਚ ਪੰਥ ਦੇ ਵਿਦਵਾਨਾਂ ਵੱਲੋਂ ਕੀਤੇ ਗਏ ਫੈਸਲੇ ‘ਚ ਕਈ ਸੋਧਾਂ ਹੋ ਚੁਕੀਆਂ ਹਨ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਜੇ ਕੋਈ ਅਜਿਹੀ ਮਦ ਸਾਹਮਣੇ ਆਉਂਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪਰਖ ਕਸਵੱਟੀ ‘ਤੇ ਪੂਰੀ ਨਹੀਂ ਉਤਰਦੀ ਤਾਂ ਉਸ ‘ਚ ਸੋਧ ਕਿਉਂ ਨਹੀ ਹੋ ਸਕਦੀ?
ਅਮਰਜੀਤ ਸਿੰਘ ਦਾ ਵਿਚਾਰ ਹੈ, “ਇਹ ਜ਼ਰੂਰ ਦੱਸੋ ਕਿ ਦਸਮ ਗ੍ਰੰਥ ਨੂੰ ਸਿਰ ‘ਤੇ ਕੌਣ ਚੜ੍ਹਾ ਰਿਹਾ ਹੈ? ਕਿਸੇ ਇਕ ਡੁਰਲੀ ਜਥੇ ਦੀ ਗਲਤੀ ਦੇ ਇਵਜ਼ਾਨੇ ਨੂੰ ਸਾਰੇ ਸਿੱਖ ਜਗਤ, ਸਿੱਖ ਫਿਲਾਸਫੀ, ਸਿੱਖੀ ਸਰੋਤ, ਸਿੱਖੀ ਸੋਚ ‘ਤੇ ਲਾਦੂ ਕਰਕੇ ਇਕਪਾਸੜ ਵਢਾਂਗਾ ਕਰਨਾ ਸ਼ੋਭਦਾ ਨਹੀਂ।” ਬੇਨਤੀ ਹੈ ਕਿ ‘ਦਸਮੇਸ਼ ਬਾਣੀ ਤਰਕ ਮੋਚਨ’ ਅਤੇ ‘ਦਸ਼ਮੇਸ਼ ਕ੍ਰਿਤ ਪ੍ਰਮਾਣਿਕਤਾ’ ਦਾ ਲਿਖਾਰੀ ਦਸਮ ਗ੍ਰੰਥ ਤੇ ਸੈਮੀਨਾਰ ਕਰਨ-ਕਰਵਾਉਣ ਵਾਲਿਆਂ ਨੂੰ ‘ਡੁਰਲੀ ਜਥਾ’ ਲਿਖ ਰਿਹਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇ ਦਸਮ ਗ੍ਰੰਥ ਤੇ ਸੈਮੀਨਾਰ ਕਰਨ-ਕਰਵਾਉਣ ਵਾਲੇ ‘ਡੁਰਲੀ ਜਥਾ’ ਹੈ ਤਾਂ ਦੋ ਕਿਤਾਬਾਂ ਦਾ ਲੇਖਕ ਇਸ ‘ਡੁਰਲੀ ਜਥੇ’ ਦਾ ਹੀ ਅੰਗ ਕਿਵੇਂ ਨਹੀ ਹੈ? ਪਾਠਕਾਂ ਦੀ ਜਾਣਕਾਰੀ ਲਈ ਦੱਸਣਾ ਜਰੂਰੀ ਹੈ ਕਿ ਇਨ੍ਹਾਂ ਵੱਲੋਂ ਆਖੇ ਗਏ ਡੁਰਲੀ ਜਥੇ ਦੇ ਇਕ ਮੈਂਬਰ ਦਾ ਲਿਖਿਆ ਪ੍ਰਸ਼ੰਸਾ ਪੱਤਰ (ਦੋ ਸ਼ਬਦ) ਇਨ੍ਹਾਂ ਦੀ ਇਕ ਕਿਤਾਬ ‘ਚ ਦਰਜ ਹੈ। ਖੋਸਾ ਜੀ, ਆਪਣੀਆਂ ਕਿਤਾਬਾਂ ਵਾਪਸ ਲੈਣ ਦਾ ਐਲਾਨ ਕਰਨਗੇ ਜਾਂ ਡੁਰਲੀ ਜਥੇ ਦਾ ਅੰਗ ਬਣੇ ਰਹਿਣਾ ਹੀ ਪਸੰਦ ਕਰਨਗੇ?
ਮੈਨੂੰ ਪੂਰੀ ਆਸ ਹੈ ਕਿ ਉਹ ਆਪਣੇ ਲਿਖੇ, “ਇਹ ਸਾਡੀ-ਤੁਹਾਡੀ ਕੁੱਕੜ ਖੇਹ ਉਡਾਉਣੀ ਵੀ ਸਿੱਖੀ ਨੂੰ ਟੋਟੇ ਕਰਨ ਦੀ ਨੀਤੀ ਦਾ ਹੀ ਪੱਖ ਪੂਰਦੀ ਹੈ” ਉਤੇ ਅਮਲ ਕਰਦੇ ਹੋਏ ਆਪਣੀ ਲਿਖਤ ‘ਦਸਮੇਸ਼ ਬਾਣੀ ਤਰਕ ਮੋਚਨ’ ਅਤੇ ‘ਦਸ਼ਮੇਸ਼ ਕਿਰਤ ਪ੍ਰਮਾਣਿਕਤਾ’ ਜਿਨ੍ਹਾਂ ਰਾਹੀਂ ਉਨ੍ਹਾਂ ਖੁਦ ਵੀ ਕੁੱਕੜ ਖੇਹ ਉਡਾਈ ਹੈ, ਨੂੰ ਵਾਪਸ ਲੈਣ ਦਾ ਐਲਾਨ ਕਰਕੇ ਸਿੱਖੀ ਨੂੰ ਇੱਕ ਰੱਖਣ ‘ਚ ਅਹਿਮ ਰੋਲ ਨਿਭਾਉਣਗੇ।
-ਸੁਖਦੇਵ ਸਿੰਘ
ਫੋਨ: 209-321-1791
Leave a Reply