(ਇੰਟਰਵਿਊ ਦੌਰਾਨ ਸਿੱਖ ਚਿੰਤਨ ਦੇ ਵਿਹੜੇ ਵਿਚੋਂ ਧੁੰਦ ਛਟੀ, ਨਵਾਂ ਚਾਨਣ ਪਸਰਿਆ)
ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ
ਸਿੱਖ ਵਿਦਵਾਨ ਸਰਦਾਰ ਅਜਮੇਰ ਸਿੰਘ ਵੱਲੋਂ ਹਾਲ ਵਿਚ ਹੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਭਰਾ ਸਰਦਾਰ ਅਮਰਜੀਤ ਸਿੰਘ ਖਾਲੜਾ ਵੱਲੋਂ ਕੀਤੀ ਗਈ ਲੰਮੀ ਇੰਟਰਵਿਊ ਇੱਕ ਤਰ੍ਹਾਂ ਨਾਲ ਖੁਸ਼ੀ ਅਤੇ ਹੈਰਾਨੀ ਦੇ ਅਹਿਸਾਸ ਦਾ ਮਿਲਾਪ ਹੈ।
ਪੁੱਛੇ ਗਏ ਪੁਖਤਾ ਅਤੇ ਜਾਨਦਾਰ ਸਵਾਲਾਂ ਦੇ ਜਵਾਬਾਂ ਵਿਚ ਬਹੁਤ ਕੁਝ ਨਵਾਂ ਨਰੋਆ ਹੈ ਜੋ ਸਿੱਖ ਲੀਡਰਸ਼ਿਪ ਦੇ ਹੀ ਇਰਦ-ਗਿਰਦ ਘੁੰਮਦਾ ਹੈ। 18ਵੀਂ ਸਦੀ ਦੇ ਸੰਘਰਸ਼ ਤੋਂ ਲੈ ਕੇ ਅੱਜ ਤੱਕ ਸਿੱਖ ਲੀਡਰਸ਼ਿਪ ਕਿਹੜੇ-ਕਿਹੜੇ ਪੜਾਵਾਂ ਵਿਚੋਂ ਲੰਘੀ, ਕਿੱਥੇ-ਕਿੱਥੇ ਉਹ ਡਗਮਗਾਉਂਦੀ ਤੇ ਤਿਲਕਦੀ ਰਹੀ, ਅੱਜ ਸਿੱਖ ਲੀਡਰਸ਼ਿਪ ਕਿੱਥੇ ਖੜੀ ਹੈ ਅਤੇ ਕਿਸ ਤਰ੍ਹਾਂ ਦਾ ਉਸਦਾ ਮਿਆਰ ਅਤੇ ਮੂੰਹ ਮੁਹਾਂਦਰਾ ਹੈ-ਇਕ ਘੰਟੇ ਤੋਂ ਉੱਪਰ ਚਲੀ ਇੰਟਰਵਿਊ ਇਨ੍ਹਾਂ ਮਹੱਤਵਪੂਰਨ ਸਵਾਲਾਂ ਦੇ ਇਹੋ ਜਿਹੇ ਢੁਕਵੇਂ ਜਵਾਬ ਹਨ ਜੋ ਤੁਹਾਨੂੰ ਜਾਣਕਾਰੀ ਨਾਲ ਵੀ ਲੈਸ ਕਰਦੇ ਹਨ, ਕਈ ਥਾਈਂ ਤੁਸੀਂ ਕੁਝ ਪਲਾਂ ਲਈ ਰੁਕ ਵੀ ਜਾਂਦੇ ਹੋ ਅਤੇ ਕੁਝ ਜਵਾਬ ਤੁਹਾਨੂੰ ਸੋਚਣ ਵਾਲੇ ਰਸਤਿਆਂ ਉੱਤੇ ਵੀ ਤੋਰ ਦਿੰਦੇ ਹਨ। ਕਰੀਬ ਅੱਧੀ ਦਰਜਨ ਕਿਤਾਬਾਂ ਦੇ ਇਸ ਲੇਖਕ ਨੇ ਸਿੱਖ ਕੌਮ ਦੀ ਅਤੇ ਇਸ ਦੀ ਲੀਡਰਸ਼ਿਪ ਦੇ ਰਾਜਨੀਤਕ ਮਨੋਵਿਗਿਆਨ ਦੀਆਂ ਵੱਖ-ਵੱਖ ਪਰਤਾਂ ਦਾ ਜਿਵੇਂ ਪੜਾਅਵਾਰ ਅਤੇ ਇਤਿਹਾਸ ਅਧਾਰਤ ਕਰਮਵਾਰ ਸੰਜੀਦਾ ਫੋਲਾ-ਫਰੋਲੀ ਕੀਤੀ ਹੈ, ਉਹ ਬਹੁਤ ਘੱਟ ਵਿਦਵਾਨਾਂ ਦੇ ਹਿੱਸੇ ਆਈ ਹੈ। ਸ. ਅਜਮੇਰ ਸਿੰਘ ਆਪਣੀ ਪਲੇਠੀ ਪੁਸਤਕ ਰਾਹੀਂ ਇਸ ਕਰਕੇ ਵੀ ਸਿੱਖ ਕੌਮ ਦੇ ਡੂੰਘੇ ਧਿਆਨ ਦਾ ਕੇਂਦਰ ਬਣ ਗਏ, ਕਿਉਂਕਿ ਉਨ੍ਹਾਂ ਦੀਆਂ ਲਿਖਤਾਂ ਵਿਚ ਭਾਸ਼ਾ, ਤੱਥ, ਦਲੀਲਾਂ, ਅਪੀਲਾਂ, ਜਜ਼ਬੇ ਅਤੇ ਇਨ੍ਹਾਂ ਜਜ਼ਬਿਆਂ ਦੀ ਖੂਬਸੂਰਤ ਪੇਸ਼ਕਾਰੀ ਦੇ ਸਾਰੇ ਤੱਤ ਪਿਘਲ ਕੇ ਗੰਭੀਰ ਪਾਠਕਾਂ ਤੋਂ ਲੈ ਕੇ ਸਧਾਰਨ ਪਾਠਕਾਂ ਅੰਦਰ ਵੀ ਰਚ-ਮਿਚ ਗਏ, ਘੁਲ-ਮਿਲ ਗਏ। ਮੈਂ ਇਹ ਹਕੀਕਤ ਵਧਾ ਚੜ੍ਹਾ ਕੇ ਨਹੀਂ ਦੱਸ ਰਿਹਾ ਕਿ ਇਨ੍ਹਾਂ ਪੁਸਤਕਾਂ ਰਾਹੀਂ ਖਾਲਸਾ ਪੰਥ ਦਾ ਰਾਜਨੀਤਕ-ਜਿਸਮ ਇੱਕ ਦਰਿਆ ਬਣ ਕੇ ਵਗਣ ਲੱਗਾ। ਇੱਕ ਵੀਰ ਨੇ ਇਨ੍ਹਾਂ ਕਿਤਾਬਾਂ ਦਾ ਬਹੁਤ ਸੋਹਣਾ ਵਿਸ਼ਲੇਸ਼ਣ ਕੀਤਾ ਸੀ ਕਿ ਇਨ੍ਹਾਂ ਕਿਤਾਬਾਂ ਰਾਹੀਂ ਅਸੀਂ ਪਰ੍ਹੇ ਵਿਚ ਦਲੀਲ ਨਾਲ ਗੱਲ ਕਰਨ ਅਤੇ ਖਲੋਣ ਦੇ ਲਾਇਕ ਹੋ ਗਏ।
ਇਨ੍ਹਾਂ ਕਿਤਾਬਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਵੀ ਸੀ ਕਿ ਅਜਮੇਰ ਸਿੰਘ ਦੀਆਂ ਲਿਖਤਾਂ ਪੜ੍ਹ ਕੇ ਨੌਜਵਾਨਾਂ ਅੰਦਰ ਆਜ਼ਾਦੀ ਦੀ ਤਾਂਘ ਨੂੰ ਵੱਡਾ ਬਲ ਮਿਲਿਆ ਸੀ। ਕੀ ਇਹ ਇੰਟਰਵਿਊ ਸ. ਅਜਮੇਰ ਸਿੰਘ ਦੀ ਸ਼ਖਸੀਅਤ ਵਿਚ ਇੱਕ ਨਵਾਂ ਪੈਰਾਡਾਈਮ ਸ਼ਿਫਟ ਹੈ? ਜਦੋਂ ਕੋਈ ਘਟਨਾ, ਵਰਤਾਰਾ ਜਾਂ ਹਾਲਾਤ ਇੱਕ ਨਵਾਂ ਅਤੇ ਇਨਕਲਾਬੀ ਮੋੜ ਕੱਟਦੇ ਹਨ ਜੋ ਪਹਿਲੀਆਂ ਘਟਨਾਵਾਂ ਦੇ ਵਿਸ਼ਲੇਸ਼ਣਾਂ ਨਾਲੋਂ ਵੱਖਰਾ, ਵਿਸ਼ੇਸ਼, ਮੌਲਿਕ ਅਤੇ ਮਹੱਤਵਪੂਰਨ ਹੁੰਦਾ ਹੈ ਤਾਂ ਉਸ ਤਬਦੀਲੀ ਨੂੰ ਪੈਰਾਡਾਈਮ ਸ਼ਿਫਟ ਕਹਿੰਦੇ ਹਨ। ਇਹ ਤਬਦੀਲੀ ਸਾਹਿਤ, ਸਮਾਜ ਵਿਗਿਆਨ ਤੋਂ ਇਲਾਵਾ ਮਨੁੱਖੀ ਮਨਾਂ ਵਿਚ ਵੀ ਆਉਂਦੀ ਹੈ। ਮਿਸਾਲ ਵਜੋਂ 13 ਅਪ੍ਰੈਲ 1978 ਵਾਲੇ ਦਿਨ ਜਦੋਂ ਅੰਮ੍ਰਿਤਸਰ ਵਿਚ ਨਿਰੰਕਾਰੀ ਸਮਾਗਮ ਵਿਰੁੱਧ ਰੋਸ ਪ੍ਰਗਟ ਕਰਨ ਦੀ ਘਟਨਾ ਸਮੇਂ ਅਖੰਡ ਕੀਰਤਨੀ ਜਥੇ ਅਤੇ ਦਮਦਮੀ ਟਕਸਾਲ ਦੇ 13 ਸਿੰਘ ਸ਼ਹੀਦ ਹੋਏ ਤਾਂ ਇਹ ਸਾਕਾ ਵੀ ਇੱਕ ਪੈਰਾਡਾਈਮ ਸ਼ਿਫਟ ਹੀ ਸੀ, ਜਿਸ ਵਿਚ ਸਿੱਖ ਕੌਮ ਦੀ ਹੋਂਦ ਅਤੇ ਹਸਤੀ ਦੇ ਸਵਾਲ ਸੈਂਟਰ ਸਟੇਜ ਉੱਤੇ ਆ ਗਏ।
ਇਸ ਇੰਟਰਵਿਊ ਦਾ ਤੱਤ ਸਰੂਪ ਇਸ ਲਈ ਵੀ ਪੈਰਾਡਾਈਮ ਸ਼ਿਫਟ ਹੈ, ਕਿਉਂਕਿ ਸ. ਅਜਮੇਰ ਸਿੰਘ ਲੰਮੇ ਰਾਜਨੀਤਕ ਸਫਰ ਦੇ ਤਜਰਬਿਆਂ ਅਤੇ ਅਨੁਭਵਾਂ ਵਿਚੋਂ ਲੰਘਦੇ ਹੋਏ ਹੁਣ ਉਨ੍ਹਾਂ ਦੇ ਆਪਣੇ ਸ਼ਬਦਾਂ ਮੁਤਾਬਕ ਉਹ ਇਸ ‘ਨਿਰਣੇ’ ਉੱਤੇ ਪਹੁੰਚੇ ਹਨ ਕਿ ਸਿੱਖ ਸਾਵਰਨ ਸਟੇਟ ਤੋਂ ਬਿਨਾਂ ਸਿੱਖਾਂ ਦਾ ਕੋਈ ਗੁਜ਼ਾਰਾ ਨਹੀਂ। ਇੱਕ ਅਜਿਹੇ ਵਿਦਵਾਨ ਵੱਲੋਂ ਜਿਸ ਨੂੰ ਸਿੱਖ ਇਤਿਹਾਸ, ਰਾਜਨੀਤੀ ਅਤੇ ਸਿੱਖ ਕਲਚਰ ਦੇ ਚੜ੍ਹਦੇ ਲਹਿੰਦੇ ਉਤਰਾਵਾਂ ਚੜ੍ਹਾਵਾਂ ਦੀ ਬਰੀਕ ਸਮਝ ਹੈ ਅਤੇ ਜਿਸ ਨੂੰ ਪੰਜਾਬ ਵਿਚ ਚੱਲੀ ਹਥਿਆਰਬੰਦ ਨਕਸਲੀ ਲਹਿਰ ਅਤੇ ਜੁਝਾਰੂ ਲਹਿਰ-ਦੋਵਾਂ ਵਿਚ ਹੀ ਆਪਣੀ ਸ਼ਮੂਲੀਅਤ ਦਾ ਵੀ ਇੱਕ ਅਮੀਰ ਤਜਰਬਾ ਹੈ ਅਤੇ ਜਿਸ ਨੂੰ ਇੱਥੋਂ ਦੀ ਬਹੁਗਿਣਤੀ ਦੀ ਲੀਡਰਸ਼ਿਪ ਦੀ ਚਾਣਕੀਆ ਰਾਜਨੀਤੀ ਦਾ ਵੀ ਗਿਆਨ ਹੈ, ਉਸ ਵੱਲੋਂ ਸਿੱਖ ਸਾਵਰਨ ਸਟੇਟ ਉੱਤੇ ਖਲੋਣਾ ਉਨ੍ਹਾਂ ਹਜ਼ਾਰਾਂ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਇਸ ਮੰਜ਼ਿਲ ਦੀ ਪ੍ਰਾਪਤੀ ਲਈ ਆਪਣਾ ਖੂਨ ਡੋਲਿਆ ਅਤੇ ਫਾਂਸੀਆਂ ਦੇ ਰੱਸੇ ਚੁੰਮੇ। ਉਨ੍ਹਾਂ ਵੱਲੋਂ ਪੁੱਟੀ ਇਸ ਨਵੀਂ ਪੁਲਾਂਘ ਦਾ ਸਵਾਗਤ ਕਰਨਾ ਬਣਦਾ ਹੈ।
ਪਰ ਕੀ ਸ. ਅਜਮੇਰ ਸਿੰਘ ਵੱਲੋਂ ਆਪਣੀ ਪਲੇਠੀ ਕਿਤਾਬ ਦੇ ਆਉਣ ਸਮੇਂ ਅਤੇ ਫਿਰ ਬਾਅਦ ਦੇ ਸਮੇਂ ਵਿਚ ਵੀ ਉਹ ਸਿੱਖ ਸਾਵਰਨ ਸਟੇਟ ਦੀ ਰੀਝ ਅਤੇ ਤਾਂਘ ਰੱਖਦੇ ਸਨ? ਇਸ ਔਖੇ ਅਤੇ ਗੁੰਝਲਦਾਰ ਸਵਾਲ ਦਾ ਠੀਕ ਜਵਾਬ ‘ਹਾਂ ਅਤੇ ਨਾ’ ਦੋਵਾਂ ਵਿਚ ਹੀ ਦਿੱਤਾ ਜਾ ਸਕਦਾ ਹੈ। ਦਿਲਚਸਪ ਸੱਚ ਇਹੋ ਜਾਪਦਾ ਹੈ ਕਿ ਉਨ੍ਹਾਂ ਦੀਆਂ ਕਿਤਾਬਾਂ, ਲੈਕਚਰ ਅਤੇ ਲਿਖਤਾਂ ਉਨ੍ਹਾਂ ਦੀ ਨਿੱਜੀ ਸ਼ਖ਼ਸੀਅਤ ਤੋਂ ਇੱਕ ਫਾਸਲੇ ਉੱਤੇ ਵੀ ਚਲਦੀਆਂ ਰਹੀਆਂ। ਕਦੇ ਕਦੇ ਇਨ੍ਹਾਂ ਦੋਵਾਂ ਦਾ ਮਿਲਾਪ ਵੀ ਹੁੰਦਾ ਸੀ ਅਤੇ ਕਦੇ ਕਦੇ ਇੰਝ ਵੀ ਲੱਗਦਾ ਕਿ ਇਹ ਲਿਖਤਾਂ ਅਤੇ ਸ਼ਖ਼ਸੀਅਤ ਜਿਵੇਂ ਨਦੀ ਦੇ ਦੋ ਕਿਨਾਰੇ ਹਨ, ਜੋ ਨਾਲ ਨਾਲ ਚਲਦੇ ਹੋਏ ਵੀ ਵੱਖਰੇ ਹਨ। ਲਿਖਤਾਂ ਦਾ ਮੂੰਹ ਤਾਂ ‘ਆਜ਼ਾਦੀ ਵਰਗੀ ਗੱਲ’ ਵੱਲ ਸੀ ਜਦਕਿ ਸ਼ਖ਼ਸੀਅਤ ਦੀ ਅੰਤਰੀਵ ਪਿਆਸ ਉਹ ਸ਼ਾਇਦ ‘ਕਿਤੋਂ ਹੋਰ’ ਲੱਭਦੇ ਫਿਰਦੇ ਸਨ।
ਸੱਤ-ਅੱਠ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਖਾਲਿਸਤਾਨ ਤੇ ਖਾਲਿਸਤਾਨੀਆਂ ਬਾਰੇ ਇਹੋ ਜੇਹੇ ਸ਼ਬਦ ਵਰਤੇ ਅਤੇ ਇਹੋ ਜਿਹੇ ਵਾਕਾਂ ਦਾ ਇਸਤੇਮਾਲ ਕੀਤਾ ਕਿ ਉਨ੍ਹਾਂ ਦੀ ਨਿਰਪੱਖ ਵਿਦਵਤਾ ਉੱਤੇ ਵੱਡੇ ਸਵਾਲੀਆ ਨਿਸ਼ਾਨ ਲੱਗ ਗਏ? ਸਾਨੂੰ ਜਾਪਿਆ ਜਿਵੇਂ ਉਨ੍ਹਾਂ ਨੇ ਇਸ ਭਰਮ ਨੂੰ ਜਵਾਨ ਕਰ ਲਿਆ ਹੈ ਕਿ ਜਿਵੇਂ ਉਨ੍ਹਾਂ ਦੀਆਂ ਕਿਤਾਬਾਂ ਹਰਮਨ ਪਿਆਰੀਆਂ ਹਨ, ਇਵੇਂ ਉਨ੍ਹਾਂ ਦੇ ਖਿਆਲ ਵੀ ਸਿੱਖ ਖੁਸ਼ੀ ਖੁਸ਼ੀ ਪ੍ਰਵਾਨ ਕਰ ਲੈਣਗੇ। ਪਰ ਇਤਿਹਾਸ ਦੀ ਤੋਰ ਅਤੇ ਰੰਗ-ਢੰਗ ਸਦਾ ਹੀ ਸਾਡੀਆਂ ਇੱਛਾਵਾਂ ਮੁਤਾਬਕ ਨਹੀਂ ਚਲਦੇ।
ਇਹ ਉਹ ਸਮਾਂ ਸੀ ਜਦੋਂ ਅਸੀਂ ਸਪਸ਼ਟ ਤੌਰ `ਤੇ ਸ. ਅਜਮੇਰ ਸਿੰਘ ਤੋਂ ਦੂਰੀਆਂ ਬਣਾ ਲਈਆਂ। ‘ਖਾਲਸਾ ਫਤਿਹਨਾਮਾ’ ਮੈਗਜ਼ੀਨ ਵਿਚ ਉਨ੍ਹਾਂ ਦੇ ਖ਼ਿਲਾਫ ਇਕ ਲੰਮਾ ਲੇਖ ਵੀ ਛਪਿਆ ਅਤੇ ਅਸੀਂ ਖਾਲਸਾ ਪੰਥ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ। ਪਰ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਸਨ ਕਿ ਉਨ੍ਹਾਂ ਦੀਆਂ ਲਿਖਤਾਂ ਦਾ ਆਭਾ ਮੰਡਲ, ਥਰਥਰਾਹਟ ਅਤੇ ਚਮਕ ਦਮਕ ‘ਸ਼ਰਧਾਲੂ ਪਾਠਕਾਂ’ ਵਿਚ ਇਸ ਕਦਰ ਵਸੀ ਹੋਈ ਸੀ ਕਿ ਉਸਾਰੂ ਆਲੋਚਨਾ ਲਈ ਕੋਈ ਥਾਂ ਹੀ ਨਾ ਬਚੀ। ਇਉਂ ਸੁਭਾਵਿਕ ਹੀ ਸਾਡੀ ਟਰੋਲਿੰਗ ਸ਼ੁਰੂ ਹੋ ਗਈ, ਜੋ ਕਈ ਮਹੀਨੇ ਤੱਕ ਚਲਦੀ ਰਹੀ। ਉਸ ਸਮੇਂ ਵਿਦੇਸ਼ ਵਿਚ ਰਹਿੰਦੇ ਦੋ ਵੱਡੇ ਵਿਦਵਾਨ ਪ੍ਰਭਸ਼ਰਨਬੀਰ ਸਿੰਘ ਅਤੇ ਪ੍ਰਭ ਸ਼ਰਨਦੀਪ ਸਿੰਘ ਅਤੇ ਇੱਥੇ ਪੰਜਾਬ ਵਿਚ ਮੈਂ ਅਤੇ ਪ੍ਰਭਜੋਤ ਸਿੰਘ ਨਵਾਂ ਸ਼ਹਿਰ ਹੀ ਸਵਾਲਾਂ ਦਾ ਜਵਾਬ ਦਿੰਦੇ ਰਹੇ। ਪ੍ਰਭਜੋਤ ਸਿੰਘ ਨੇ ਰਾਸ਼ਟਰਵਾਦ ਪ੍ਰਭੂ ਸੰਪੰਨ ਸਟੇਟ ਅਤੇ ਨੇਸ਼ਨ ਸਟੇਟ ਅਤੇ ਸਟੇਟ ਨੈਸ਼ਨਲ ਬਾਰੇ ਉਦੋਂ ਤੱਕ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ। ਪਰ ਪ੍ਰਭਜੋਤ ਸਿੰਘ ਹੁਣ ਪਿਛਲੇ ਛੇ ਸਾਲ ਤੋਂ ਬਿਮਾਰ ਚਲੇ ਆ ਰਹੇ ਹਨ।
ਇਕ ਉਦਾਸ ਸੱਚ ਇਹ ਵੀ ਸੀ ਕਿ ਸਿੱਖ ਸਾਵਰਨ ਸਟੇਟ ਲਈ ਜੂਝ ਰਹੀਆਂ ਜਥੇਬੰਦੀਆਂ ਨੇ ਵੀ ਸਾਡੇ ਹੱਕ ਵਿਚ ਸਿਧਾਂਤਕ ਹਾਅ ਦਾ ਨਾਅਰਾ ਨਹੀਂ ਸੀ ਮਾਰਿਆ ਅਤੇ ਇਹ ਕਹਿ ਕੇ ਸਾਰੀ ਗੱਲ ਦਾ ਭੋਗ ਪਾ ਦਿੱਤਾ ਕਿ ਇਹ ਤਾਂ ਬੁੱਧੀਜੀਵੀਆਂ ਦੀ ਆਪਸੀ ਲੜਾਈ ਹੀ ਹੈ। ਪਰ ਇਸ ਹਕੀਕਤ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਸ ਦੌਰ ਵਿਚ ਸਾਡੇ ਹੱਕ ਵਿਚ ਖੜੀ ਲੰਮੀ ਪਰ ਖਾਮੋਸ਼ ਕਤਾਰ ਸਾਨੂੰ ਨਜ਼ਰ ਆਉਂਦੀ ਸੀ ਅਤੇ ਉਹ ਕਦੇ-ਕਦੇ ਖੁੱਲ੍ਹ ਕੇ ਅਤੇ ਕਦੇ ‘ਦੋਵਾਂ ਪਾਸਿਆਂ’ ਦਾ ਸੰਤੁਲਨ ਤੇ ਮਾਣ ਰੱਖ ਕੇ ਸਾਡੇ ਹੱਕ ਵਿਚ ਪਰ ਸੰਭਲ ਸੰਭਲ ਕੇ ਬੋਲਦੇ ਰਹੇ।
ਖੈਰ, ਅਸੀਂ ਸ. ਅਜਮੇਰ ਸਿੰਘ ਦੀ ਇੰਟਰਵਿਊ ਬਾਰੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸਾਂ। ਜ਼ਿੰਦਗੀ ਦੇ ਸੰਘਰਸ਼ ਦਾ ਇਹ ਇੱਕ ਵੱਡਾ ਸੱਚ ਹੈ ਕਿ ਜੇ ਅਸੀਂ ਸੁਹਿਰਦ ਹਾਂ ਅਤੇ ਸਦਾ ਹੀ ਜ਼ਮੀਰ ਨੂੰ ਮੁਖਾਤਬ ਹਾਂ ਤਾਂ ਅਸੀਂ ‘ਸਾਹਿਬੁ ਮੇਰਾ ਨੀਤ ਨਵਾ’ ਦੇ ਪਾਵਨ ਸਿਧਾਂਤ ਮੁਤਾਬਕ ਬਦਲਦੇ ਵੀ ਹਾਂ ਅਤੇ ਹਾਲਾਤ ਅਤੇ ਖਾਸ ਕਰਕੇ ਵਰਤਮਾਨ ਹਾਲਤਾਂ ਦੀ ਰੌਸ਼ਨੀ ਵਿਚ ਹੁਣ ਜਦੋਂ ਦੇਸ਼ ਦੀ ਬਹੁ ਗਿਣਤੀ ਦੀ ਲੀਡਰਸ਼ਿਪ ਦਾ ਤਾਂਡਵ ਰੂਪ ਸਾਫ ਤੇ ਸਪਸ਼ਟ ਹੋ ਕੇ ਸਾਹਮਣੇ ਆ ਗਿਆ ਹੈ ਤਾਂ ਇਸ ਦਾ ਅਸਰ ਅਜਮੇਰ ਸਿੰਘ ਉੱਤੇ ਵੀ ਬਹੁਤ ਡੂੰਘਾ ਪਿਆ ਜਾਪਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਚਲੰਤ ਮਾਮਲਿਆਂ ਬਾਰੇ ਉਨ੍ਹਾਂ ਦੇ ਲੈਕਚਰਾਂ ਵਿਚ ਇਹ ਨਜ਼ਰ ਆਉਂਦਾ ਸੀ ਕਿ ਇੱਥੇ ਸਾਡੇ ਲਈ ਹੁਣ ਕੋਈ ਥਾਂ ਨਹੀਂ ਹੈ ਅਤੇ ‘ਕਿਹੜੀ ਥਾਂ’ ਸਾਡੇ ਲਈ ਜ਼ਰੂਰੀ ਹੈ, ਉਹ ਇਸ ਇੰਟਰਵਿਊ ਵਿਚ ਨਿਖਰ ਕੇ ਸਾਡੇ ਸਾਹਮਣੇ ਆਈ ਹੈ। ਇਸ ਲਈ ਉਹ ਮੁਬਾਰਕਬਾਦ ਦੇ ਹੱਕਦਾਰ ਹਨ।
ਅਜਮੇਰ ਸਿੰਘ ਨੇ ਸਿੱਖ ਲੀਡਰਸ਼ਿਪ ਨਾਲ ਜੁੜੀਆਂ ਹੋਰ ਕਈ ਸਿਆਣੀਆਂ ਗੱਲਾਂ ਵੀ ਕੀਤੀਆਂ ਹਨ ਜੋ ਅੱਗੋਂ ਹੋਰ ਕਈ ਸਾਰੇ ਮਜ਼ਮੂਨਾਂ ਨੂੰ ਜਨਮ ਦਿੰਦੀਆਂ ਹਨ। ਮਿਸਾਲ ਵਜੋਂ ਉਹ ਅੰਗਰੇਜ਼ੀ ਦੇ ਸ਼ਬਦ ‘ਔਰਗੈਨਿਕ ਗਰੋਥ’ ਬਾਰ ਬਾਰ ਵਰਤਦੇ ਹਨ, ਜਿਸ ਦਾ ਮਤਲਬ ਹੈ ਕਿ ਸਿੱਖ ਲੀਡਰਸ਼ਿਪ ਵਿਚ ਇੱਕ ਜਿਉਂਦਾ-ਜਾਗਦਾ, ਜਗਦਾ-ਮਘਦਾ ਅਤੇ ਧੜਕਦਾ ਵਿਕਾਸ ਤੇ ਵਿਗਾਸ ਲਗਾਤਾਰ ਹੁੰਦੇ ਰਹਿਣਾ ਚਾਹੀਦਾ ਹੈ। ਅਜਮੇਰ ਸਿੰਘ ਵਗਦੀ ਨਦੀ ਵਰਗੀ ਤਬਦੀਲੀ ਦੇ ਜਰਖੇਜ਼ ਵਿਗਾਸ ਦਾ ਝੰਡਾ ਬਰਦਾਰ ਹੈ।
ਪਰ ਇੱਕ ਹੋਰ ਸਵਾਲ ਵਿਚਾਰ ਦੀ ਮੰਗ ਕਰਦਾ ਹੈ। ਕੀ ਵਰਤਮਾਨ ਹਾਲਤਾਂ ਹੀ ਸਾਨੂੰ ‘ਪਾਤਸ਼ਾਹੀ ਦਾਅਵੇ’ ਦੇ ਸਿਧਾਂਤ ਵੱਲ ਲੈ ਕੇ ਜਾਂਦੀਆਂ ਹਨ? ਠੀਕ ਹੈ ਕਿ ਹਾਲਤਾਂ ਮੰਜ਼ਲ ਨੂੰ ਆਸਾਨ ਅਤੇ ਨੇੜੇ ਲਿਆਉਣ ਵਿਚ ਵੱਡਾ ਅਤੇ ਅਹਿਮ ਰੋਲ ਅਦਾ ਕਰਦੀਆਂ ਹਨ, ਪਰ ਇਹ ਬੁਨਿਆਦੀ ਸੱਚ ਨਹੀਂ ਹੈ। ਸਿੱਖ ਪੰਥ ਵਿਚ ਵਸੀ ਇਹੋ ਜਿਹੀ ਧਾਰਨਾ ਮਸਲੇ ਦੀ ਜੜ ਨੂੰ ਨਹੀਂ ਫੜਦੀ, ਸਿਰਫ ਰਾਜਨੀਤਕ ਦਰਖਤ ਦੇ ‘ਪੱਤਿਆਂ ਅਤੇ ਤਨਿਆਂ’ ਤਕ ਹੀ ਆਪਣੇ-ਆਪ ਨੂੰ ਸੀਮਤ ਰੱਖਦੀ ਹੈ ਅਤੇ ਉਥੋਂ ਤੱਕ ਹੀ ਘਟਨਾਵਾਂ ਦੀ ਵਿਆਖਿਆ ਕਰਦੀ ਹੈ। ਪਾਤਸ਼ਾਹੀ ਦਾਅਵੇ ਦੇ ਸਿਧਾਂਤਾਂ ਦੀ ਪਾਵਨ ਖੁਸ਼ਬੂ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਦੀ ਤਰਜ਼ੇ ਜ਼ਿੰਦਗੀ ਅਤੇ ਸਿੱਖ ਇਤਿਹਾਸ ਵਿਚ ਕਈ ਰੂਪਾਂ ਰੰਗਾਂ ਵਿਚ ਫੈਲੀ ਹੋਈ ਹੈ। ਵੈਸੇ ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਪਾਤਸ਼ਾਹ ਕਹਿ ਕੇ ਵੀ ਤਾਂ ਬੁਲਾਉਂਦੇ ਹਾਂ ਤਾਂ ਫਿਰ ਪਾਤਸ਼ਾਹੀ ਦਾਅਵੇ ਨੂੰ ਧਰਤੀ ਉੱਤੇ ਕਿਉਂ ਨਾ ਉਤਾਰਿਆ ਜਾਵੇ ਪਰ ਇਹ ਸੱਚ ਵੀ ਹੈ ਕਿ ਅਸੀਂ ਕਦੇ ਬੇਗਮਪੁਰਾ, ਕਦੇ ਨਿਹਚਲ ਰਾਜ, ਕਦੇ ਪੂਰਨ ਆਜ਼ਾਦੀ, ਕਦੇ ਖਾਲਸਾ ਰਾਜ, ਕਦੇ ਸਰਬੱਤ ਦੇ ਭਲੇ ਦਾ ਰਾਜ, ਕਦੇ ਹਲੀਮੀ ਰਾਜ ਵਰਗੇ ਵੱਡੇ ਵੱਡੇ ਸ਼ਬਦ ਵਰਤਦੇ ਤਾਂ ਹਾਂ, ਪਰ ਇਹ ਵੀ ਉਦਾਸ ਸੱਚ ਹੈ ਕਿ ਇਹ ਸਾਰੇ ਸ਼ਬਦਾਂ ਦੇ ਅਰਥਾਂ ਦੀ ਤਲਾਸ਼ ਅਸੀਂ ਬਹੁ-ਗਿਣਤੀ ਦੀ ਪੋਲੀਟੀਪੋਲਿਟੇ ਦੇ ਅਧੀਨ ਰੱਖ ਕੇ ਹੀ ਆਪਣੇ ਰਾਜ ਦੇ ਸੰਕਲਪ ਨੂੰ ਵੇਖਦੇ ਹਾਂ। ਮਾਨਸਿਕ ਭੰਬਲਭੂਸੇ ਦੀ ਇਸ ਤੋਂ ਵੱਧ ਹੋਰ ਮਿਸਾਲ ਕੀ ਦਿੱਤੀ ਜਾ ਸਕਦੀ ਹੈ।
ਪਰ ਅਜਮੇਰ ਸਿੰਘ ਚਾਹੁੰਦੇ ਹਨ ਕਿ ਸਿੱਖ ਲੀਡਰਸ਼ਿਪ ਵਿਚ ਜੇਕਰ ਨਿਤਨੇਮ ਦੀ ਬਰਕਤ ਸ਼ਾਮਿਲ ਨਹੀਂ, ਜੇਕਰ ਗੁਰੂ ਗ੍ਰੰਥ ਸਾਹਿਬ ਦੀ ਨੇੜਤਾ ਨਹੀਂ ਅਤੇ ਜੇਕਰ ਧਾਰਮਿਕ ਬਿਰਤੀ ਦੇ ਅਭਿਆਸ ਵਿਚ ਪੁਖਤਾ ਅਤੇ ਜਰਖੇਜ਼ ਤਤ ਨਹੀਂ ਪੈਦਾ ਹੋਏ ਤਾਂ ਸਾਡੀ ਰਾਜਨੀਤੀ ਉਹੋ ਜਿਹੀ ਹੀ ਹੋਵੇਗੀ ਜਿਹੋ ਜਿਹੀ ਬਾਦਲ-ਵਰਤਾਰੇ ਨਾਲ ਸਾਡੇ ਸਾਹਮਣੇ ਆਈ ਹੈ। ਇੱਥੇ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਕਥਨ ਸਾਨੂੰ ਸਿਰ ਤੋਂ ਪੈਰਾਂ ਤੱਕ ਝੰਜੋੜ ਦਿੰਦਾ ਹੈ ਕਿ ਜੇਕਰ ਵੱਡੇ ਤੜਕੇ ਤਿੰਨ ਵਜੇ ਖੂਹੀਆਂ ਉੱਤੇ ਡੋਲ ਨਹੀਂ ਖੜਕਦੇ ਤਾਂ ਸਮਝੋ ਸਾਡੀ ਮੰਜ਼ਿਲ ਅਜੇ ਦੂਰ ਹੈ ਅਤੇ ਹਨੇਰਿਆਂ ਦੇ ਦੌਰ ਗਾੜ੍ਹੇ ਹਨ। ਪ੍ਰਿੰਸੀਪਲ ਤੇਜਾ ਸਿੰਘ ਵਰਗੇ ਵਿਦਵਾਨ ਦਾ ਖਾਲਸਾ ਕਾਲਜ ਤੋਂ ਨੰਗੇ ਪੈਰੀਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਅਤੇ ਫਿਰ ਪਰਤ ਕੇ ਕਾਲਜ ਵਿਚ ਪੜ੍ਹਾਉਣਾ ਅੱਜ ਦੀ ਸਿੱਖ ਲੀਡਰਸ਼ਿਪ ਵਿਚ ਪਸ਼ਚਾਤਾਪ ਤੇ ਪ੍ਰੇਰਨਾ ਦਾ ਅਹਿਸਾਸ ਕਿਉਂ ਨਹੀਂ ਪੈਦਾ ਕਰਦਾ?
ਇੰਟਰਵਿਊ ਦੌਰਾਨ ਪੁੱਛੇ ਕਈ ਸਵਾਲਾਂ ਦੇ ਜਵਾਬਾਂ ਉੱਤੇ ਵਿਸ਼ੇਸ਼ ਗੌਰ ਕਰਨਾ ਬਣਦਾ ਹੈ, ਕਿਉਂਕਿ ਇਹ ਜਵਾਬ ਸਾਨੂੰ ਜਿੱਥੇ ਆਪਣੇ ਇਤਿਹਾਸ ਵੱਲ ਮੁੜਨ ਦੀ ਜਾਗ ਲਾਉਂਦੇ ਹਨ ਉੱਥੇ ਆਪਣੇ ਅੰਦਰ ਝਾਤ ਮਾਰਨ ਦਾ ਵੀ ਮੌਕਾ ਪ੍ਰਦਾਨ ਕਰਦੇ ਹਨ। ਇਨ੍ਹਾਂ ਜਵਾਬਾਂ ਨਾਲ ਤੁਹਾਡੀਆਂ-ਸਾਡੀਆਂ ਅਸਹਿਮਤੀਆਂ ਵੀ ਹੋ ਸਕਦੀਆਂ ਹਨ, ਪਰ ਇਸ ਦੇ ਬਾਵਜੂਦ ‘ਸੁਣਨ ਦੇ ਸਿਧਾਂਤ’ ਨੂੰ ਆਪਣੀ ਤਾਕਤ ਬਣਾ ਕੇ ਇਹ ਗੱਲਾਂ ਸੁਣਨ ਵਾਲੀਆਂ ਹਨ ਅਤੇ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ।
ਹਾਲ ਵਿਚ ਹੀ ਦੋ ਖਾੜਕੂ ਲਹਿਰਾਂ ਬਾਰੇ ਉਨ੍ਹਾਂ ਦੀ ਪੁਸਤਕ, ਉਨ੍ਹਾਂ ਦੀ ਰਾਜਨੀਤਕ ਸਵੈ-ਜੀਵਨੀ ਹੈ, ਜਿਸ ਵਿਚ ਪੰਜਾਬ ਦੀ ਜੁਝਾਰੂ ਬਿਰਤੀ ਅਤੇ ਜੁਝਾਰੂ ਜੀਵਨ ਸ਼ੈਲੀ ਦੇ ਅਣਗਿਣਤ ਰੰਗ ਹਨ ਅਤੇ ਇਹ ਰੰਗ ਪਲਟ ਕੇ 18ਵੀਂ ਸਦੀ ਦੇ ਸੰਘਰਸ਼ ਦੀਆਂ ਯਾਦਾਂ ਤਾਜ਼ਾ ਕਰਵਾ ਦਿੰਦੇ ਹਨ। ਅਜਮੇਰ ਸਿੰਘ ਨੇ ਜਿੱਥੇ ਖਾਲਿਸਤਾਨ ਲਈ ਲੜ ਰਹੀਆਂ ਜਥੇਬੰਦੀਆਂ ਅਤੇ ਸਾਬਕਾ ਜੁਝਾਰੂਆਂ ਦੇ ਸੰਘਰਸ਼ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ, ਉੱਥੇ ਉਨ੍ਹਾਂ ਪ੍ਰਤੀ ਸਤਿਕਾਰ ਕਾਇਮ ਰੱਖਦਿਆਂ ਆਲੋਚਨਾ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਉਨ੍ਹਾਂ ਦੀ ਇੰਟਰਵਿਊ ਅਤੇ ਸਵੈ-ਜੀਵਨੀ ਬਾਰੇ ਪੁਸਤਕ ਵਿਚ ਇੱਕ-ਦੂਜੀ ਤੋਂ ਦੂਰੀ ਬਣਾ ਕੇ ਰੱਖਣ ਵਾਲੀਆਂ ਅਤੇ ਇਕ ਦੂਜੇ ਦੇ ਵਿਰੁੱਧ ਵਿਚਰ ਰਹੀਆਂ ਸਿੱਖ ਪੰਥ ਦੀਆਂ ਤਮਾਮ ਵੰਨਗੀਆਂ ਨੂੰ ਇੱਕ ਥਾਂ ‘ਤੇ ਇਕੱਠਿਆਂ ਕਰਨ ਦੀ ਤਮੰਨਾ ਵੀ ਹੈ ਤਾਂ ਜੋ ਸੰਘਰਸ਼ ਦੇ ਅਗਲੇ ਸਫਰ ਲਈ ਸਿੱਖ ਪੰਥ ਨੂੰ ਤਿਆਰ ਕੀਤਾ ਜਾਵੇ। ਇਸ ਸਬੰਧ ਵਿਚ ਉਨ੍ਹਾਂ ਨੇ ਬੁੱਧੀਜੀਵੀਆਂ ਦੇ ਰੋਲ ਅਤੇ ਸੇਧ ਦੀ ਲੋੜ ਨੂੰ ਵਿਸ਼ੇਸ਼ ਥਾਂ ਦਿੱਤੀ ਹੈ, ਜਦਕਿ ਹਕੀਕਤ ਇਹ ਹੈ ਕਿ ਜੁਝਾਰੂ ਲਹਿਰ ਇਸ ਮਹੱਤਵਪੂਰਨ ਵਰਗ ਦੀ ਸ਼ਮੂਲੀਅਤ ਤੋਂ ਸੱਖਣੀ ਹੀ ਰਹੀ।
ਅਜਮੇਰ ਸਿੰਘ ਦੀ ਲਿਖਣ ਕਲਾ ਦਾ ਇਹ ਪੱਖ ਵੀ ਪ੍ਰੇਰਨਾ ਦਿੰਦਾ ਹੈ ਕਿ ਉਹ ਸਿੱਖ ਪੰਥ ਦੇ ਆਕਾਸ਼ ਉੱਤੇ ਉਭਰੇ ਹਰ ਸਿਤਾਰੇ ਨੂੰ ਦੂਰ ਤੱਕ ਵੇਖਣ-ਸਮਝਣ ਦੀ ਅਥਾਹ ਸਮਰੱਥਾ ਅਤੇ ਯੋਗਤਾ ਰੱਖਦੇ ਹਨ। ਉਨ੍ਹਾਂ ਦੀ ਇਸ ਸਮਝ ਵਿਚ ਵਿਚਾਰ ਅਤੇ ਜਜ਼ਬੇ ਦਾ ਇੱਕ ਉੱਚਾ ਸੁਮੇਲ ਵੀ ਹੁੰਦਾ ਹੈ ਅਤੇ ਮਹਿਜ਼ ਇੱਕ ਪਾਸੜ ਜਜ਼ਬਿਆਂ ਦਾ ਉਲਾਰਪਨ ਨਹੀਂ ਹੁੰਦਾ। ਇਸ ਸਬੰਧ ਵਿਚ ਉਹ ਦੀਪ ਸਿੱਧੂ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ‘ਅੰਦਰੋਂ ਬਾਹਰੋਂ’ ਵੇਖਣ ਵਿਚ ਪੂਰੇ ਕਾਮਯਾਬ ਹੋਏ। ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਅੰਦਰ ਸਿੱਖ ਪੰਥ ਅਤੇ ਦੁਨੀਆ ਨੂੰ ਵੇਖਣ ਦੀ ਹੈਰਾਨਜਨਕ ਕਾਬਲੀਅਤ ਸੀ। ਵੈਸੇ ਅਜਮੇਰ ਸਿੰਘ ਵੱਲੋਂ ਕਿਸੇ ਵਕੀਲ ਦਵਾਰਾ ਭਾਈ ਅੰਮ੍ਰਿਤ ਪਾਲ ਸਿੰਘ ਬਾਰੇ ਟਿੱਪਣੀ ਨੂੰ ਆਧਾਰ ਮੰਨ ਕੇ ਇਸ ਗੱਲ ਦੀ ਆਲੋਚਨਾ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਇਸ ਸਮੇਂ ਸਿੱਖ ਪੰਥ ਦਾ ਵਾਹਦ ਲੀਡਰ ਹੈ। ਅਸਲ ਵਿਚ ਇੱਕ ਐਸੇ ਵਕੀਲ ਬਾਰੇ ਕੀਤੀ ਇਹੋ ਜਿਹੀ ਟਿੱਪਣੀ ਦੇ ਕੋਈ ਵਿਸ਼ੇਸ਼ ਅਰਥ ਨਹੀਂ ਰਹਿ ਜਾਂਦੇ ਜਿਹੜਾ ਵਕੀਲ ਆਰ ਐਸ ਐਸ ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਰਿਹਾ ਹੋਵੇ। ਭਾਈ ਅੰਮ੍ਰਿਤ ਪਾਲ ਸਿੰਘ ਨੇ ਕਦੇ ਵੀ ਆਪਣੇ ਆਪ ਨੂੰ ਸਿੱਖ ਪੰਥ ਦਾ ਵਾਹਦ ਆਗੂ ਨਹੀਂ ਆਖਿਆ। ਕਈ ਵਾਰ ਜੇਲ੍ਹ ਵਿਚ ਕਈ ਤਰ੍ਹਾਂ ਦੀਆਂ ਸਖ਼ਤੀਆਂ ਅਤੇ ਮਾਹੌਲ ਬਾਰੇ ਅਧੂਰੀ ਜਾਣਕਾਰੀ ਮਿਲਦੀ ਹੈ। ਇਸ ਲਈ ਹੋ ਸਕਦੈ ਸਬੰਧਤ ਵਕੀਲ ਨੂੰ ਕੁਝ ਹੱਕ ਦੇ ਦਿੱਤੇ ਹੋਣ, ਪਰ ਇਹ ਹੱਕ ਕਦੇ ਵੀ ਉਸ ਨੂੰ ਨਹੀਂ ਸੀ ਦੇਣੇ ਚਾਹੀਦੇ। ਲੇਕਿਨ ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਦੀਪ ਸਿੱਧੂ ਵਾਂਗ ਉਹ ਸਿੱਖ ਪੰਥ ਦੀ ਜਵਾਨੀ ਦਾ ਨਾਇਕ ਤਾਂ ਬਣ ਹੀ ਗਿਆ ਹੈ। ਹਾਜ਼ਰ ਜਵਾਬੀ ਦੇ ਹੁਨਰ ਨੂੰ ਅੰਮ੍ਰਿਤਪਾਲ ਸਿੰਘ ਨੇ ਇੱਕ ਨਵੀਂ ਡਾਇਮੈਂਨਸ਼ਨ ਦਿੱਤੀ, ਇਕ ਨਵਾਂ ਨਾਟਕੀ ਮੋੜ ਦਿੱਤਾ। ਸਿੱਖੀ ਜੀਵਨ ਦੀ ਤਰਜ਼ੇ-ਜ਼ਿੰਦਗੀ ਉੱਤੇ ਅਧਾਰਤ ਇਸ ਬਾਕਮਾਲ ਕਲਾ ਨੂੰ ਪੰਜਾਬ ਵਿਚ ਕੋਈ ਵੀ ਸਮਝ ਨਹੀਂ ਸੀ ਸਕਿਆ ਅਤੇ ਨਾ ਹੀ ਕਿਸੇ ਦਾਨਿਸ਼ਵਰ ਅੰਦਰ ਇਸ ਮੌਲਿਕ ਹੁਨਰ ਦੀ ਵਿਆਖਿਆ ਲਈ ਕੋਈ ਜਾਗ ਲੱਗੀ। ਅੰਮ੍ਰਿਤਪਾਲ ਸਿੰਘ ਨੇ ਕਈ ਪਰਤਾਂ ਵਿਚ ਦੱਬੀ ਖਾਲਸਾਈ-ਜ਼ਮੀਰ ਨੂੰ ਉੱਪਰਲੀ ਸਤਹ ਉੱਤੇ ਲੈ ਆਂਦਾ ਅਤੇ ਬਿਪਰ-ਜ਼ਮੀਰ ਦੇ ਪੈਰੋਕਾਰਾਂ ਅੰਦਰ ਭੈਅ ਪੈਦਾ ਕਰ ਦਿੱਤਾ। ਇਸੇ ਜ਼ਮੀਰ ਨਾਲ ਜੁੜੇ ਪੈਰੋਕਾਰਾਂ ਦੇ ਫਰਮਾਨ ਨੇ ਉਸ ਨੂੰ ਅਤੇ ਸਾਥੀਆਂ ਨੂੰ ਦੂਰ ਦੁਰਾਡੇ ਜੇਲ੍ਹ ਵਿਚ ਸੁੱਟ ਦਿੱਤਾ। ਹੁਣ ਸਿੱਖਾਂ ਅੰਦਰ ਪਸ਼ਚਾਤਾਪ ਵੀ ਹੈ ਕਿ ਉਹ ਦੁਸ਼ਮਣਾਂ ਨਾਲ ਕਿਉਂ ਖਲੋਤੇ ਰਹੇ।
ਇਹ ਇੰਟਰਵਿਊ ਹਰ ਉਸ ਵਿਅਕਤੀ ਨੂੰ ਸੁਣਨੀ ਚਾਹੀਦੀ ਹੈ ਜਿਸ ਨੂੰ ਕਿਸੇ ਸੇਧ ਦੀ ਤਲਾਸ਼ ਹੈ ਕਿਉਂਕਿ ਇਹ ਇੰਟਰਵਿਊ ਸਿੱਖਾਂ ਦੀ ਦਾਸਤਾਨ ਨਾਲ ਜੁੜੀ ਹੋਈ ਹੈ। ਇੰਟਰਵਿਊ ਦੌਰਾਨ ਕੁਝ ਅਣਕਹੀਆਂ ਗੱਲਾਂ ਨੂੰ ਵੀ ਕਹੀਆਂ ਸਮਝ ਕੇ ਬੁਝਣਾ ਚਾਹੀਦਾ ਹੈ। ਕਦੇ ਕਦੇ ਕੁਝ ਗੱਲਾਂ ਕੰਨਾਂ ਤੋਂ ਬਿਨਾਂ ਵੀ ਸੁਣੀਆਂ ਅਤੇ ਸਮਝੀਆਂ ਜਾ ਸਕਦੀਆਂ ਹਨ।