ਗੁਜਰਾਤ ਦਾ ਮੁੱਖ ਮੰਤਰੀ ਨਰੇਂਦਰ ਮੋਦੀ ਅੱਜਕੱਲ੍ਹ ਪੂਰੀ ਰਫਤਾਰ ਨਾਲ ਰੈਲੀਆਂ ਨੂੰ ਸੰਬੋਧਨ ਕਰ ਰਿਹਾ ਹੈ। ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਭਾਵੇਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ ਪਰ ਉਸ ਦੀ ਗੁਫਤਾਰ (ਗੱਲਬਾਤ) ਵਿਚ ਭੋਰਾ ਜਿੰਨਾ ਵੀ ਸੁਹਜ ਅਤੇ ਸਬਰ ਨਹੀਂ ਆਇਆ ਹੈ। ਉਹ ਪਹਿਲਾਂ ਵਾਂਗ ਹੀ ਪਿੰਡ ਦੇ ਕਿਸੇ ਲੱਠਮਾਰ ਸਰਪੰਚ ਵਾਂਗ ਬਿਆਨ-ਦਰ-ਬਿਆਨ ਦਾਗ ਰਿਹਾ ਹਨ। ਦਾਗੀ ਕਾਨੂੰਨਸਾਜ਼ਾਂ ਬਾਰੇ ਕੇਂਦਰ ਸਰਕਾਰ ਦੇ ਆਰਡੀਨੈਂਸ ਬਾਰੇ ਰਾਹੁਲ ਗਾਂਧੀ ਦੇ ਬਿਆਨ ਉਤੇ ਪ੍ਰਤੀਕਰਮ ਕਰਦਿਆਂ ਉਸ ਨੇ ਸ਼ਾਇਸਤਗੀ ਛਡ ਕੇ ਇਥੋਂ ਤਕ ਕਹਿ ਦਿੱਤਾ ਕਿ ਰਾਹੁਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪੱਗ ਉਛਾਲੀ ਹੈ। ਮੋਦੀ ਇਹ ਗੱਲ ਉਕਾ ਹੀ ਭੁੱਲ ਗਿਆ ਕਿ ਉਹ ਆਪ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਠਿੱਬੀ ਲਾ ਕੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਿਆ ਹੈ, ਉਸ ਤੋਂ ਮੁਲਕ ਭਰ ਦੇ ਲੋਕਾਂ ਨੂੰ ਉਸ ਦੇ ਕਾਹਲੇਪਨ ਬਾਰੇ ਖਬਰ ਹੋ ਗਈ ਹੈ। ਮੋਦੀ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਨਾਮਜ਼ਦਗੀ ਇਸ ਕਰ ਕੇ ਹੋਈ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਮਾਂ ਪਾਰਟੀ ਆਰæਐਸ਼ਐਸ਼ ਨੂੰ ਇਹ ਜਾਪਦਾ ਹੈ ਕਿ ਅਡਵਾਨੀ ਦੀ ਥਾਂ ਮੋਦੀ, ਭਾਰਤ ਵਿਚ ਹਿੰਦੂਤਵ ਨੀਤੀਆਂ ਅਤੇ ਸਿਆਸਤ ਚਲਾਉਣ ਵਿਚ ਵੱਧ ਕਾਮਯਾਬ ਹੋ ਸਕਦਾ ਹੈ। ਆਰæਐਸ਼ਐਸ਼ ਨੇ ਤਾਂ ਇਸ ਅਹੁਦੇ ਲਈ ਮੋਦੀ ਦੇ ਨਾਂ ਦੀ ਮੁਹਾਰਨੀ ਉਦੋਂ ਹੀ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ ਜਦੋਂ ਉਸ ਨੇ ਸਾਲ 2002 ਵਿਚ 1000 ਤੋਂ ਵੀ ਵੱਧ ਮੁਸਲਮਾਨਾਂ ਦੇ ਖੂਨ ਦਾ ਤਿਲਕ ਆਪਣੇ ਮੱਥੇ ਉਤੇ ਲਾ ਲਿਆ ਸੀ। ਇਸੇ ਤਿਲਕ ਨੇ ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਨਾਮਜ਼ਦਗੀ ਤੱਕ ਅਪੜਾਇਆ ਅਤੇ ਇਸੇ ਖੂਨ ਨੇ ਹੀ ਉਸ ਦਾ ਰਾਸਤਾ ਵੀ ਡੱਕਿਆ। ਅਮਰੀਕਾ ਨੇ ਇਨ੍ਹਾਂ ਕਤਲਾਂ ਕਰ ਕੇ ਹੀ ਮੋਦੀ ਨੂੰ ਅਮਰੀਕਾ ਦੀ ਧਰਤੀ ਉਤੇ ਪੈਰ ਧਰਨ ਦੀ ਆਗਿਆ ਨਹੀਂ ਦਿੱਤੀ ਅਤੇ ਲੋਕਾਂ ਨੇ ਉਸ ਨੂੰ ਕੌਮੀ ਨੇਤਾ ਮੰਨਣ ਤੋਂ ਨਾਂਹ ਕਰ ਦਿੱਤੀ। ਇਸ ਖੂਨ ਦਾ ਦਾਗ ਧੋਣ ਲਈ ਹੁਣ ਉਹ ਹਰ ਸੰਭਵ ਯਤਨ ਕਰ ਰਿਹਾ ਹੈ ਪਰ ਉਸ ਦੀ ਪੇਸ਼ ਕੋਈ ਨਹੀਂ ਜਾ ਰਹੀ। ਹਰ ਸੰਜੀਦਾ ਸ਼ਖਸ ਉਸ ਦੀ ਨਫਰਤ ਨਾਲ ਭਰੀ ਸਿਆਸਤ ਉਤੇ ਸਵਾਲ ਖੜ੍ਹੇ ਕਰਦਾ ਹੈ। ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਧਰਮ ਦੇ ਆਧਾਰ ਉਤੇ ਲੋਕਾਂ ਨਾਲ ਵਧੀਕੀਆਂ ਤਾਂ ਹੋਈਆਂ ਪਰ ਮੁਲਕ ਭਰ ਦੇ ਲੋਕਾਂ ਨੇ ਅੱਜ ਤੱਕ ਕਿਸੇ ਇਕ ਧਰਮ ਦੀ ਹੈਂਕੜ ਨੂੰ ਬਰਦਾਸ਼ਤ ਨਹੀਂ ਕੀਤਾ ਹੈ। ਧਰਮ ਨੂੰ ਆਧਾਰ ਬਣਾ ਕੇ ਜਿਸ ਵੀ ਕਿਸੇ ਸ਼ਖਸ ਨੇ ਵੱਖ-ਵੱਖ ਭਾਈਚਾਰਿਆਂ ਵਿਚ ਨਫਰਤ ਦੇ ਬੀਜ ਬੀਜਣ ਦਾ ਯਤਨ ਕੀਤਾ ਹੈ, ਲੋਕਾਂ ਨੇ ਉਸ ਨੂੰ ਮੂਲੋਂ ਹੀ ਰੱਦ ਕੀਤਾ ਹੈ। ਆਮ ਲੋਕਾਈ ਨੇ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ‘ਏਕਸ ਕੇ ਹਮ ਬਾਰਿਕ’ ਦੇ ਸੁਨੇਹੇ ਨੂੰ ਸਾਕਾਰ ਕਰਨ ਦਾ ਸਦਾ ਟਿੱਲ ਲਾਇਆ ਹੈ ਅਤੇ ਧਰਮ ਦੀ ਸੁੱਚਮ ਨੂੰ ਬੁਲੰਦੀ ਉਤੇ ਰੱਖਿਆ ਹੈ। ਇਸੇ ਕਰ ਕੇ ਜਿਉਂ ਹੀ ਮੋਦੀ ਨੇ ਪੱਗ ਉਛਾਲਣ ਵਾਲਾ ਬਿਆਨ ਦਿੱਤਾ, ਲੋਕਾਂ ਨੇ ਇਸ ਖਿਲਾਫ ਮੋਰਚਾ ਮੱਲ ਲਿਆ।
ਉਂਜ ਮਸਲਾ ਮੋਦੀ ਜਾਂ ਡਾæ ਮਨਮੋਹਨ ਸਿੰਘ ਦਾ ਨਹੀਂ, ਪੱਗ/ਦਸਤਾਰ ਦਾ ਹੈ ਅਤੇ ਮੋਦੀ ਨੇ ਪੱਗ ਬਾਰੇ ਆਪਣਾ ਹੋਛਾ ਬਿਆਨ ਦਾਗ ਕੇ ਆਪਣੇ ਮਨ ਵਿਚ ਪਨਪ ਰਹੀ ਨਫਰਤ ਜੱਗ-ਜ਼ਾਹਿਰ ਕਰ ਦਿੱਤੀ ਹੈ। ਇੱਥੇ ਇਹ ਬਹਿਸ ਵੀ ਬਿਲਕੁੱਲ ਵੱਖਰੀ ਹੈ ਕਿ ਸਿੱਖ ਹੁੰਦਿਆਂ ਵੀ ਡਾਕਟਰ ਮਨਮੋਹਨ ਸਿੰਘ ਨੇ ਸਿੱਖਾਂ ਲਈ ਕੁਝ ਕੀਤਾ ਨਹੀਂ ਕੀਤਾ। ਇਕੱਲੇ ਸਿੱਖਾਂ ਲਈ ਹੀ ਕਿਉਂ, ਉਸ ਨੇ ਤਾਂ ਪੂਰੇ ਦਸ ਸਾਲ ਪ੍ਰਧਾਨ ਮੰਤਰੀ ਰਹਿਣ ਦੇ ਬਾਵਜੂਦ ਮੁਲਕ ਦੇ ਆਵਾਮ ਲਈ ਵੀ ਕੁਝ ਨਹੀਂ ਕੀਤਾ। ਉਹ ਸੰਸਾਰ ਭਰ ਵਿਚ ਅਰਥ-ਸ਼ਾਸਤਰੀ ਵਜੋਂ ਮਸ਼ਹੂਰ ਹਨ, ਪਰ ਉਹ ਮਹਿੰਗਾਈ ਦੀ ਮਾਰ ਦਾ ਕੋਈ ਵੀ ਤੋੜ ਨਹੀਂ ਲੱਭ ਸਕੇ ਅਤੇ ਉਨ੍ਹਾਂ ਦੀ ਆਰਥਕ ਮੁਹਾਰਤ ਆਵਾਮ ਦੇ ਕਿਸੇ ਕੰਮ ਨਹੀਂ ਆਈ। ਅੱਜ ਉਹ ਅਜਿਹੇ ਮੁਲਕ ਦੀ ਅਗਵਾਈ ਕਰ ਰਹੇ ਹਨ ਜਿਸ ਦੀਆਂ ਦੁਨੀਆਂ ਭਰ ਵਿਚ ਤਾਂ ਧੁੰਮਾਂ ਹਨ ਪਰ ਬਹੁਤੇ ਲੋਕ ਮੰਦੜੇ ਹਾਲੀਂ ਹਨ। ਮੁਲਕ ਤਰੱਕੀ ਕਰ ਰਿਹਾ ਹੈ ਪਰ ਲੋਕਾਂ ਦੇ ਗਲਾਂ ਵਿਚ ਸੰਕਟਾਂ ਦੇ ਫਾਹੇ ਹਨ। ਡਾæ ਮਨਮੋਹਨ ਸਿੰਘ ਦੇ ਜੋਟੀਦਾਰਾਂ ਨੇ ਗਿਣ-ਮਿਥ ਕੇ ਕੁਝ ਅਜਿਹੇ ਅੰਕੜੇ ਤਿਆਰ ਕਰਵਾ ਲਏ ਹਨ ਜਿਨ੍ਹਾਂ ਨਾਲ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਮੁਲਕ ਵਿਚ ਗਰੀਬਾਂ ਦੀ ਗਿਣਤੀ ਹੁਣ ਪਹਿਲਾਂ ਨਾਲੋਂ ਘਟ ਗਈ ਹੈ। ਡਾæ ਮਨਮੋਹਨ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਇਹੀ ਉਹ ਕਮਜ਼ੋਰੀਆਂ ਹਨ ਜਿਨ੍ਹਾਂ ਦਾ ਲਾਹਾ ਨਰੇਂਦਰ ਮੋਦੀ ਉਠਾਉਣ ਦਾ ਯਤਨ ਕਰ ਰਿਹਾ ਹੈ। ਨਾਲ ਹੀ ਉਸ ਦੇ ਸਿਰ ‘ਤੇ ਇਹ ਕਲਗੀ ਲਾਈ ਜਾ ਰਹੀ ਹੈ ਕਿ ਉਸ ਨੇ ਗੁਜਰਾਤ ਵਿਚ ਲਗਾਤਾਰ ਤਿੰਨ ਵਾਰ ਚੋਣਾਂ ਜਿੱਤੀਆਂ ਹਨ ਅਤੇ ਗੁਜਰਾਤ ਨੂੰ ਆਰਥਕ ਤਰੱਕੀ ਦੇ ਨਵੇਂ ਰਾਹ ਪਾਇਆ ਹੈ। ਹਕੀਕਤ ਇਹ ਹੈ ਕਿ ਗੁਜਰਾਤ ਵਿਚ ਮੋਦੀ ਨੂੰ ਟੱਕਰ ਦੇਣ ਵਾਲਾ ਕੋਈ ਨਹੀਂ ਹੈ। ਉਥੇ ਭਾਰਤੀ ਜਨਤਾ ਪਾਰਟੀ ਦੀਆਂ ਜਿੱਤਾਂ ਦਾ ਇਹੀ ਰਾਜ਼ ਹੈ ਪਰ ਜਦੋਂ ਕਿਤੇ ਗੱਲ ਤੁਰਦੀ ਹੈ ਤਾਂ ਅਜਿਹੇ ਤੱਥ ਬਹੁਤ ਪਿਛਾਂਹ ਚਲੇ ਜਾਂਦੇ ਹਨ। ਮੋਦੀ ਹੁਣ ਇਨ੍ਹਾਂ ਹਾਲਾਤ ਦਾ ਹੀ ਲਾਹਾ ਲੈ ਰਿਹਾ ਹੈ। ਰਾਹੁਲ ਗਾਂਧੀ ਦਾ ਆਰਡੀਨੈਂਸ ਬਾਰੇ ਬਿਆਨ ਭਾਵੇਂ ਸਿਆਸਤ ਵਿਚ ਉਸ ਤੋਂ ਵੱਡੀ ਛਾਲ ਮਰਵਾਉਣ ਦੇ ਮਨੋਰਥ ਨਾਲ ਦਿਵਾਇਆ ਗਿਆ ਜਾਪਦਾ ਹੈ, ਪਰ ਇਸ ਨਾਲ ਜੋ ਹਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਹੋਇਆ ਹੈ, ਉਸ ਨੇ ਸਰਕਾਰ ਨੂੰ ਚੌਫਾਲ ਲੰਮਿਆਂ ਪਾ ਦਿੱਤਾ ਹੈ। ਇਸ ਤਰ੍ਹਾਂ ਦੇ ਹਾਲਾਤ ਵਿਚ ਊਠ ਕਿਸ ਕਰਵਟ ਬੈਠੇਗਾ, ਇਹ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਸਪਸ਼ਟ ਹੋਣਾ ਹੈ, ਪਰ ਇਕ ਗੱਲ ਸਾਫ ਹੋ ਗਈ ਹੈ ਕਿ ਮੁਲਕ ਦੇ ਲੋਕ ਨਰੇਂਦਰ ਮੋਦੀ ਵਰਗੇ ਨਫਰਤ ਦੇ ਵਣਜਾਰਿਆਂ ਦੇ ਹੱਕ ਵਿਚ ਨਹੀਂ ਹਨ। ਫਿਲਹਾਲ ਮੀਡੀਆ ਵਿਚ ਮੋਦੀ ਵਰਗਿਆਂ ਦੀ ਚੜ੍ਹ ਇਸ ਕਰ ਕੇ ਮਚ ਰਹੀ ਹੈ ਕਿ ਡਾæ ਮਨਮੋਹਨ ਸਿੰਘ ਵਰਗੇ ਕਮਜ਼ੋਰ ਲੀਡਰ ਉਸ ਨੂੰ ਅਜਿਹਾ ਮੌਕਾ ਖੁਦ ਦੇ ਰਹੇ ਹਨ। ਆਸ ਕਰਨੀ ਚਾਹੀਦੀ ਹੈ ਕਿ ਮੁਲਕ ਦੀ ਵਾਗਡੋਰ ਡਾæ ਮਨਮੋਹਨ ਸਿੰਘ ਵਰਗੇ ਕਮਜ਼ੋਰ ਲੀਡਰ ਜਾਂ ਨਰੇਂਦਰ ਮੋਦੀ ਵਰਗੇ ਨਫਰਤ ਦੇ ਵਣਜਾਰੇ ਹੱਥ ਨਾ ਹੀ ਆਵੇ।
Leave a Reply